ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ

प्रविष्टि तिथि: 09 JUL 2026 11:33AM by PIB Chandigarh

ਯੂਅਰ ਐਕਸੀਲੈਂਸੀ, ਪ੍ਰਧਾਨ ਮੰਤਰੀ ਐਲਬਾਨੀਜ਼,

ਦੋਵਾਂ ਦੇਸ਼ਾਂ ਦੇ ਵਫ਼ਦ,

ਮੀਡੀਆ ਦੇ ਸਾਥੀਓ,

ਨਮਸਕਾਰ!

ਮੈਲਬਰਨ ਵਿੱਚ ਮੇਰੇ ਅਤੇ ਮੇਰੇ ਵਫ਼ਦ ਦੇ ਸ਼ਾਨਦਾਰ ਸਵਾਗਤ ਅਤੇ ਪ੍ਰਾਹੁਣਾਚਾਰੀ ਲਈ ਮੈਂ ਆਪਣੇ ਮਿੱਤਰ ਪ੍ਰਧਾਨ ਮੰਤਰੀ ਐਲਬਾਨੀਜ਼ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਉਨ੍ਹਾਂ ਦੀਆਂ ਵਿਅਕਤੀਗਤ ਕੋਸ਼ਿਸ਼ਾਂ ਅਤੇ ਉਨ੍ਹਾਂ ਦੀ ਵਚਨਬੱਧਤਾ ਨੇ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਨਵੀਂ ਉਚਾਈ ਅਤੇ ਵਿਸਥਾਰ ਦਿੱਤਾ ਹੈ। ਉਨ੍ਹਾਂ ਦੇ ਇਸ ਵਡਮੁੱਲੇ ਯੋਗਦਾਨ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

ਸਾਥੀਓ,

ਭਾਰਤ ਅਤੇ ਆਸਟ੍ਰੇਲੀਆ

ਦੋ ਜੀਵੰਤ ਲੋਕਤੰਤਰ (ਵਾਇਬ੍ਰੈਂਟ ਡੈਮੋਕ੍ਰੇਸੀਜ਼) ਹਨ,

ਦੋ ਬਹੁ-ਸੱਭਿਆਚਾਰਕ ਸਮਾਜ ਹਨ,

ਅਤੇ ਦੋ ਅਹਿਮ ਸਮੁੰਦਰੀ ਤਾਕਤਾਂ ਹਨ।

ਸਾਡੀਆਂ ਇਹ ਸਮਾਨਤਾਵਾਂ, ਅਤੇ ਸਾਡਾ ਸਾਂਝਾ ਆਲਮੀ ਨਜ਼ਰੀਆ, ਸਾਨੂੰ ਡੂੰਘੇ ਆਪਸੀ ਵਿਸ਼ਵਾਸ ਨਾਲ ਲਗਾਤਾਰ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ। ਸਾਡੀ ਵਿਆਪਕ ਰਣਨੀਤਕ ਭਾਈਵਾਲੀ ਨੇ ਪਿਛਲੇ ਕੁਝ ਸਾਲਾਂ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ। ਅਤੇ ਅੱਜ ਤੀਜੇ ਸਾਲਾਨਾ ਸਿਖਰ ਸੰਮੇਲਨ ਨਾਲ ਸਾਡੇ ਸਹਿਯੋਗ ਵਿੱਚ ਕਈ ਨਵੇਂ ਪਹਿਲੂ ਜੁੜੇ ਹਨ।

2022 ਵਿੱਚ ਕੀਤੇ ਗਏ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਨਾਲ ਸਾਡੇ ਵਪਾਰ ਅਤੇ ਨਿਵੇਸ਼ ਦਾ ਦਾਇਰਾ ਲਗਾਤਾਰ ਵਧਿਆ ਹੈ। ਹੁਣ ਅਸੀਂ ਕੰਪ੍ਰੀਹੈਂਸਿਵ ਇਕਨੌਮਿਕ ਕੋਆਪ੍ਰੇਸ਼ਨ ਐਗਰੀਮੈਂਟ ਭਾਵ ਸੀਕਾ ’ਤੇ ਤੇਜ਼ੀ ਨਾਲ ਕੰਮ ਕਰਨ ਦਾ ਫੈਸਲਾ ਕੀਤਾ ਹੈ, ਜੋ ਦੋਵਾਂ ਦੇਸ਼ਾਂ ਲਈ ਸੰਤੁਲਿਤ, ਉਤਸ਼ਾਹੀ ਅਤੇ ਲਾਹੇਵੰਦ ਹੋਵੇਗਾ। ਅਸੀਂ ਦੁਵੱਲੀ ਨਿਵੇਸ਼ ਸੰਧੀ ’ਤੇ ਵੀ ਤੇਜ਼ੀ ਨਾਲ ਅੱਗੇ ਵਧਾਂਗੇ।

ਸਾਡੀ ਰੀਨਿਊਏਬਲ ਐਨਰਜੀ ਪਾਰਟਨਰਸ਼ਿਪ, ਸਵੱਛ ਊਰਜਾ ਅਤੇ ਜਲਵਾਯੂ ਕਾਰਵਾਈ (ਕਲਾਈਮੇਟ ਐਕਸ਼ਨ) ਦੇ ਖੇਤਰ ਵਿੱਚ ਸਾਡੀਆਂ ਕੋਸ਼ਿਸ਼ਾਂ ਨੂੰ ਅਮਲੀ ਜਾਮਾ ਪਹਿਨਾ ਰਹੀ ਹੈ। ਇਸ ਤਹਿਤ ਅਸੀਂ ਨਿਵੇਸ਼, ਤਕਨਾਲੋਜੀ ਟਰਾਂਸਫਰ ਅਤੇ ਉਦਯੋਗਾਂ ਵਿਚਕਾਰ ਆਪਸੀ ਸਹਿਯੋਗ ’ਤੇ ਖਾਸ ਜ਼ੋਰ ਦੇ ਰਹੇ ਹਾਂ।

‘ਪੀਐੱਮ ਸੂਰਯ ਘਰ ਯੋਜਨਾ’ ਨੂੰ ਸਹਿਯੋਗ ਦੇਣ ਲਈ ਅਸੀਂ ਮਿਲ ਕੇ ਗੁਜਰਾਤ ਵਿੱਚ ਰੂਫਟੌਪ ਸੋਲਰ ਟ੍ਰੇਨਿੰਗ ਅਕੈਡਮੀ ਬਣਾਈ ਹੈ। ਇਹ ਅਕੈਡਮੀ ਕਈ ਔਰਤਾਂ ਅਤੇ ਨੌਜਵਾਨਾਂ ਦੀ ਸਮਰੱਥਾ ਨਿਰਮਾਣ ਵਿੱਚ ਯੋਗਦਾਨ ਪਾਵੇਗੀ।

ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਅੱਜ ਅਸੀਂ ਅਹਿਮ ਸਮਝੌਤਾ ਕੀਤਾ ਹੈ। ਇਸ ਨਾਲ ਆਸਟ੍ਰੇਲੀਆ ਤੋਂ ਭਾਰਤ ਨੂੰ ਯੂਰੇਨੀਅਮ ਸਪਲਾਈ ਦਾ ਰਸਤਾ ਖੁੱਲ੍ਹੇਗਾ ਅਤੇ ਸਾਡੇ ਸਵੱਛ ਊਰਜਾ ਦੇ ਟੀਚਿਆਂ ਨੂੰ ਨਵੀਂ ਤਾਕਤ ਮਿਲੇਗੀ।

ਅਹਿਮ ਖਣਿਜਾਂ ਵਿੱਚ ਸਾਡਾ ਸਹਿਯੋਗ ਸਾਡੀ ਰਣਨੀਤਕ ਸੁਰੱਖਿਆ ਅਤੇ ਸਵੱਛ ਊਰਜਾ ਤਬਦੀਲੀ ਲਈ ਅਹਿਮ ਹੈ। ਇਸੇ ਸੋਚ ਨਾਲ ਅੱਜ ਅਸੀਂ ਸਾਈਬਰ, ਕ੍ਰਿਟੀਕਲ ਤਕਨਾਲੋਜੀਆਂ ਅਤੇ ਸਪਲਾਈ ਚੇਨਜ਼ ’ਤੇ ਆਸਟ੍ਰੇਲੀਆ-ਭਾਰਤ ਭਾਈਵਾਲੀ, ਭਾਵ ਏਆਈ-ਪੈਕਟਸ ਦੀ ਪਹਿਲ ਕੀਤੀ ਹੈ। ਅਸੀਂ ਮਿਲ ਕੇ ਅਹਿਮ ਖਣਿਜਾਂ ਦੇ ਲਾਂਘੇ ’ਤੇ ਵੀ ਕੰਮ ਕਰਾਂਗੇ।

ਸਾਥੀਓ,

ਇੰਡੋ-ਪੈਸੀਫਿਕ ਸਿਰਫ਼ ਦੋ ਮਹਾਸਾਗਰਾਂ ਦਾ ਸੰਗਮ ਨਹੀਂ ਹੈ। ਇਹ ਭਾਰਤ ਅਤੇ ਆਸਟ੍ਰੇਲੀਆ ਵਰਗੇ ਸਮਾਨ ਵਿਚਾਰਧਾਰਾ ਵਾਲੇ ਲੋਕਤੰਤਰਾਂ ਦੀਆਂ ਸਾਂਝੀਆਂ ਇੱਛਾਵਾਂ ਦਾ ਵੀ ਪ੍ਰਤੀਕ ਹੈ।

ਰੱਖਿਆ ਅਤੇ ਸੁਰੱਖਿਆ ਵਿੱਚ ਸਹਿਯੋਗ ਵਧਾਉਣ ਲਈ ਅੱਜ ਅਸੀਂ ਅਹਿਮ ਸਾਂਝਾ ਐਲਾਨਨਾਮਾ ਜਾਰੀ ਕੀਤਾ ਹੈ। ਭਾਰਤ-ਆਸਟ੍ਰੇਲੀਆ ਡਿਫੈਂਸ ਇਨੋਵੇਸ਼ਨ ਕੋਰੀਡੋਰ ਨਾਲ ਅਸੀਂ ਡਿਫੈਂਸ ਸਟਾਰਟਅੱਪਸ ਅਤੇ ਉਦਯੋਗਾਂ ਨੂੰ ਜੋੜਨ ’ਤੇ ਕੰਮ ਕਰਾਂਗੇ।

ਸਾਡੇ ਸਮੁੰਦਰੀ ਸੁਰੱਖਿਆ ਸਹਿਯੋਗ ਰੋਡਮੈਪ ਨਾਲ ਇੰਡੋ-ਪੈਸੀਫਿਕ ਵਿੱਚ ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਨੂੰ ਨਵੀਂ ਤਾਕਤ ਮਿਲੇਗੀ। ਅਸੀਂ ਜਹਾਜ਼ ਬਣਾਉਣ, ਜਹਾਜ਼ਾਂ ਦੀ ਮੁਰੰਮਤ ਅਤੇ ਰੱਖ-ਰਖਾਅ ਵਿੱਚ ਵੀ ਮਿਲ ਕੇ ਅੱਗੇ ਵਧਾਂਗੇ।

ਸਾਥੀਓ,

ਅੱਜ ਅਸੀਂ ਕਈ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ।

ਭਾਰਤ ਅਤੇ ਆਸਟ੍ਰੇਲੀਆ ਮੰਨਦੇ ਹਨ ਕਿ ਅੱਤਵਾਦ ਸਿਰਫ਼ ਕਿਸੇ ਇੱਕ ਦੇਸ਼ ਲਈ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਗੰਭੀਰ ਚੁਣੌਤੀ ਹੈ। ਇਸ ਲਈ ਅੱਤਵਾਦ ਖਿਲਾਫ਼ ਸਾਡੀ ਲੜਾਈ ਵੀ ਸਾਂਝੀ ਹੈ, ਸਾਡਾ ਸੰਕਲਪ ਵੀ ਅਟੁੱਟ ਹੈ, ਅਤੇ ਸਾਡਾ ਸਹਿਯੋਗ ਵੀ ਲਗਾਤਾਰ ਮਜ਼ਬੂਤ ਹੋ ਰਿਹਾ ਹੈ।

ਸਾਡਾ ਇਹ ਵੀ ਮੰਨਣਾ ਹੈ ਕਿ ਦੁਨੀਆ ਦੇ ਕਈ ਹਿੱਸਿਆਂ ਵਿੱਚ ਚੱਲ ਰਹੇ ਤਣਾਅ ਅਤੇ ਜੰਗਾਂ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਸੰਭਵ ਹੈ। ਪੂਰੇ ਇੰਡੋ-ਪੈਸੀਫਿਕ ਖੇਤਰ ਵਿੱਚ ਅਸੀਂ ਮਿਲ ਕੇ ਸ਼ਾਂਤੀ, ਸਥਿਰਤਾ, ਆਵਾਜਾਈ ਦੀ ਆਜ਼ਾਦੀ ਅਤੇ ਨਿਯਮਾਂ ’ਤੇ ਆਧਾਰਿਤ ਵਿਵਸਥਾ ਨੂੰ ਹੋਰ ਮਜ਼ਬੂਤ ਕਰਾਂਗੇ।

ਸਾਥੀਓ,

ਸਾਡੇ ਸਬੰਧਾਂ ਦੀ ਸਭ ਤੋਂ ਖਾਸ ਤਾਕਤ ਲੋਕਾਂ ਦਾ ਲੋਕਾਂ ਨਾਲ ਸੰਪਰਕ ਹੈ। ਭਾਰਤੀ ਮੂਲ ਦੇ ਲੋਕ ਆਸਟ੍ਰੇਲੀਆ ਦੇ ਆਰਥਿਕ ਅਤੇ ਸਮਾਜਿਕ ਜੀਵਨ ਵਿੱਚ ਸਕਾਰਾਤਮਕ ਯੋਗਦਾਨ ਪਾ ਰਹੇ ਹਨ।

ਆਸਟ੍ਰੇਲੀਆ ਭਾਰਤੀ ਵਿਦਿਆਰਥੀਆਂ ਲਈ ਪਸੰਦੀਦਾ ਮੰਜ਼ਿਲ ਰਿਹਾ ਹੈ। ਭਾਰਤ ਵਿੱਚ ਆਸਟ੍ਰੇਲਿਆਈ ਯੂਨੀਵਰਸਿਟੀਆਂ ਦੇ ਕੈਂਪਸ ਖੁੱਲ੍ਹਣ ਨਾਲ ਸਾਡੀ ਗਿਆਨ ਭਾਈਵਾਲੀ ਵਿੱਚ ਨਵਾਂ ਅਧਿਆਇ ਜੁੜਿਆ ਹੈ। ਅਸੀਂ ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਸੈਲਾਨੀਆਂ ਵਿਚਕਾਰ ਆਵਾਜਾਈ ਵਧਾਉਣ ਲਈ ਕੋਸ਼ਿਸ਼ਾਂ ਕਰਦੇ ਰਹਾਂਗੇ।

ਸਾਥੀਓ,

ਅੱਜ ਜਦੋਂ ਅਸੀਂ ਦੁਨੀਆ ਦੀ ਖੇਡ ਰਾਜਧਾਨੀ, ਮੈਲਬਰਨ ਵਿੱਚ ਹਾਂ, ਤਾਂ ਖੇਡਾਂ ਦੀ ਗੱਲ ਨਾ ਕਰਨਾ ਉਸੇ ਤਰ੍ਹਾਂ ਹੋਵੇਗਾ, ਜਿਵੇਂ ਕ੍ਰਿਕਟ ਵਿੱਚ ਟਾਸ ਤੋਂ ਬਾਅਦ ਮੈਚ ਹੀ ਸ਼ੁਰੂ ਨਾ ਕਰਨਾ!

ਕ੍ਰਿਕਟ, ਭਾਰਤ ਅਤੇ ਆਸਟ੍ਰੇਲੀਆ ਦੇ ਰਿਸ਼ਤਿਆਂ ਦੀ ਆਪਣੀ ਕੂਟਨੀਤਕ ਭਾਸ਼ਾ ਹੈ। ਇਸ ਲਈ ਸਾਡੀਆਂ ਮੀਟਿੰਗਾਂ ਵੀ ਕ੍ਰਿਕਟ ਵਰਗੀਆਂ ਲੱਗਦੀਆਂ ਹਨ:

ਏਜੰਡਾ - ਵਨ-ਡੇਅ ਵਾਂਗ ਕੇਂਦ੍ਰਿਤ (ਫੋਕਸਡ),

ਫੈਸਲੇ - ਟੀ20 ਜਿੰਨੇ ਤੇਜ਼,

ਅਤੇ ਭਾਈਵਾਲੀ - ਟੈਸਟ ਮੈਚ ਜਿੰਨੀ ਲੰਬੀ ਅਤੇ ਡੂੰਘੀ।

ਆਉਣ ਵਾਲੇ ਸਾਲਾਂ ਵਿੱਚ ਦੋਵਾਂ ਦੇਸ਼ਾਂ ਵਿੱਚ ਓਲੰਪਿਕਸ ਅਤੇ ਰਾਸ਼ਟਰਮੰਡਲ ਖੇਡਾਂ ਵਰਗੇ ਵੱਡੇ ਖੇਡ ਮੁਕਾਬਲੇ ਕਰਵਾਏ ਜਾਣਗੇ। ਇਸ ਨਾਲ ਸਾਡਾ ਖੇਡ ਸਹਿਯੋਗ ਤਾਂ ਵਧੇਗਾ ਹੀ, ਖੇਡ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੀਆਂ ਵੀ ਕਈ ਸੰਭਾਵਨਾਵਾਂ ਬਣਨਗੀਆਂ।

ਸਾਥੀਓ,

ਅੱਜ ਦੀ ਸਾਡੀ ਚਰਚਾ ਦਾ ਭਾਵ ਸਪੱਸ਼ਟ ਰਿਹਾ ਹੈ: ਭਾਰਤ ਅਤੇ ਆਸਟ੍ਰੇਲੀਆ ਦੀ ਭਾਈਵਾਲੀ ਸਿਰਫ਼ ਵਰਤਮਾਨ ਦੀ ਨਹੀਂ, ਭਵਿੱਖ ਦੀ ਭਾਈਵਾਲੀ ਵੀ ਹੈ। ਅਸੀਂ ਆਪਣੇ ਸਾਂਝੇ ਵਿਜ਼ਨ ’ਤੇ ਮਿਲ ਕੇ ਅੱਗੇ ਵਧਦੇ ਰਹਾਂਗੇ।

ਪ੍ਰਧਾਨ ਮੰਤਰੀ ਐਲਬਾਨੀਜ਼,

ਤੁਹਾਡੀ ਦੋਸਤੀ, ਤੁਹਾਡੀ ਵਚਨਬੱਧਤਾ ਅਤੇ ਅੱਜ ਦੀ ਸਾਰਥਕ ਚਰਚਾ ਲਈ ਮੈਂ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਰਦਾ ਹਾਂ।

ਮੈਨੂੰ ਅਤੇ 140 ਕਰੋੜ ਭਾਰਤਵਾਸੀਆਂ ਨੂੰ ਜਲਦ ਤੋਂ ਜਲਦ ਭਾਰਤ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਿਆਂ ਖ਼ੁਸ਼ੀ ਹੋਵੇਗੀ।

ਬਹੁਤ-ਬਹੁਤ ਧੰਨਵਾਦ।

 

***************

ਐੱਮਜੇਪੀਐੱਸ/ਐੱਸਐੱਸ/ਐੱਸਟੀ


(रिलीज़ आईडी: 2283142) आगंतुक पटल : 7
इस विज्ञप्ति को इन भाषाओं में पढ़ें: English , Urdu , हिन्दी , Assamese , Bengali , Bengali-TR , Manipuri , Gujarati , Odia , Telugu , Kannada , Malayalam