ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਜਯੰਤੀ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

प्रविष्टि तिथि: 06 JUL 2026 8:43PM by PIB Chandigarh

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅਮਿਤ ਭਾਈ ਸ਼ਾਹ, ਗਜੇਂਦਰ ਸਿੰਘ ਸ਼ੇਖਾਵਤ, ਪੱਛਮੀ ਬੰਗਾਲ ਦੇ ਊਰਜਾਵਾਨ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ, ਭਾਜਪਾ ਦੇ ਸੀਨੀਅਰ ਮੈਂਬਰ, ਸਾਡੇ ਵਰਗੇ ਲੱਖਾਂ ਵਰਕਰਾਂ ਦੀ ਪ੍ਰੇਰਣਾ, ਸ੍ਰੀਮਾਨ ਮਾਖਨਲਾਲ ਜੀ, ਭਾਜਪਾ ਸੂਬਾ ਪ੍ਰਧਾਨ ਸ੍ਰੀ ਸ਼ੌਮਿਕ ਭੱਟਾਚਾਰਯ, ਹਾਜ਼ਰ ਲੋਕ-ਪ੍ਰਤੀਨਿਧੀ, ਹੋਰ ਮਹਾਨ ਹਸਤੀਆਂ, ਦੇਵੀਓ ਅਤੇ ਸੱਜਣੋ!

ਤੁਹਾਨੂੰ ਸਾਰਿਆਂ ਨੂੰ ਮੇਰਾ ਨਮਸਕਾਰ!

ਮੈਂ ਆਪਣੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਕਰਕੇ, ਇਸ ਸਮੇਂ ਪ੍ਰਵਾਸ 'ਤੇ ਹਾਂ। ਪਰ ਤਕਨਾਲੋਜੀ ਦੀ ਮਦਦ ਨਾਲ ਇਸ ਇਤਿਹਾਸਕ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਜੁੜ ਰਿਹਾ ਹਾਂ।

ਸਾਥੀਓ,

ਅੱਜ ਦੇਸ਼ ਦੀ ਧਰਤੀ ਪੱਛਮੀ ਬੰਗਾਲ ਦੀ ਧਰਤੀ, ਆਪਣੇ ਇੱਕ ਮਹਾਨ ਸਪੂਤ, ਇੱਕ ਮਹਾਨ ਦੇਸ਼ਭਗਤ, ਭਾਰਤ ਦੀ ਅਖੰਡਤਾ ਲਈ ਸਮਰਪਿਤ ਇੱਕ ਦੂਰ-ਦਰਸ਼ੀ ਨੂੰ ਸ਼ਰਧਾਪੂਰਵਕ ਯਾਦ ਕਰ ਰਹੀ ਹੈ। ਅੱਜ ਅਸੀਂ ਉਸ ਵਿਚਾਰ ਬੀਜ ਦਾ ਗੁਣਗਾਨ ਕਰ ਰਹੇ ਹਾਂ, ਜੋ ਮੌਜੂਦਾ ਸਮੇਂ ਵਿੱਚ ਚਾਰੇ ਪਾਸੇ ਵਧ-ਫੁੱਲ ਰਿਹਾ ਹੈ। ਜੋ ਆਧੁਨਿਕ ਭਾਰਤ ਨੂੰ ਦਿਸ਼ਾ ਦੇਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ।

ਸਾਥੀਓ,

ਜਿੱਥੇ ਧਰਤੀ ਨਾਲ ਜੁੜੀ ਹੋਈ ਵਿਚਾਰਕ ਸ਼ਕਤੀ ਹੋਵੇ, ਨਾਲ ਹੀ ਇਰਾਦੇ ਮਜ਼ਬੂਤ ਹੋਣ ਅਤੇ ਨੀਅਤ ਸਾਫ਼ ਹੋਵੇ ਅਤੇ ਜਦੋਂ ਨਵੇਂ ਸੰਕਲਪ ਨਾਲ ਸੰਪੂਰਨ ਸਮਰਪਣ ਹੋਵੇ ਅਤੇ ਇਹ ਸਾਰੀਆਂ ਕੜੀਆਂ ਜਦੋਂ ਆਪਸ ਵਿੱਚ ਜੁੜ ਜਾਂਦੀਆਂ ਹਨ, ਤਾਂ ਸੰਕਲਪ ਦੀ ਸਿੱਧੀ ਹੋ ਕੇ ਹੀ ਰਹਿੰਦੀ ਹੈ। ਅਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਅਜਿਹਾ ਹੀ ਜੀਵਨ ਜੀਅ ਕੇ ਦਿਖਾਇਆ ਹੈ। ਮੈਂ ਡਾ. ਮੁਖਰਜੀ ਦੀ 125ਵੀਂ ਜਨਮ ਜਯੰਤੀ ਦੇ ਮੌਕੇ ਉਨ੍ਹਾਂ ਨੂੰ ਨਮਨ ਕਰਦਾ ਹਾਂ, ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ।

ਸਾਥੀਓ,

ਅੱਜ ਦਾ ਇਹ ਪ੍ਰੋਗਰਾਮ ਇਸ ਗੱਲ ਦਾ ਵੀ ਗਵਾਹ ਹੈ ਕਿ ਜਦੋਂ 'ਰਾਸ਼ਟਰ ਸਰਵਪ੍ਰਥਮ' ਦੇ ਸੰਕਲਪ ਵਾਲੀ ਸਰਕਾਰ ਹੁੰਦੀ ਹੈ, ਤਾਂ ਰਾਸ਼ਟਰ ਨਾਇਕਾਂ ਨੂੰ ਸਨਮਾਨ ਵੀ ਮਿਲਦਾ ਹੈ ਅਤੇ ਉਨ੍ਹਾਂ ਦੀ ਸੋਚ 'ਤੇ ਚੱਲਣ ਦਾ ਵੀ ਯਤਨ ਹੁੰਦਾ ਹੈ। ਡਾ. ਮੁਖਰਜੀ ਦੀ 125ਵੀਂ ਜਨਮ ਜਯੰਤੀ ਨੂੰ ਸਾਡੀ ਸਰਕਾਰ ਦੋ ਸਾਲਾ ਰਾਸ਼ਟਰੀ ਉਤਸਵ ਦੇ ਰੂਪ ਵਿੱਚ ਮਨਾ ਰਹੀ ਹੈ। ਇਹ ਪਿਛਲੇ ਸਾਲ 6 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ ਅਗਲੇ ਸਾਲ 6 ਜੁਲਾਈ ਤੱਕ ਚੱਲੇਗਾ। ਅਤੇ ਹੁਣ ਤਾਂ ਬੰਗਾਲ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਇਸ ਰਾਸ਼ਟਰੀ ਸਨਮਾਨ ਨੂੰ, ਇੱਕ ਪ੍ਰੇਰਣਾ ਪੁਰਸ਼ ਨੂੰ ਯਾਦ ਕਰਨ ਵਿੱਚ ਬੰਗਾਲ ਨੇ ਆਪਣੇ ਆਪ ਵਿੱਚ ਰੌਣਕ ਹੋਰ ਵਧਾ ਦਿੱਤੀ ਹੈ। ਕੁਝ ਦਿਨ ਪਹਿਲਾਂ ਹੀ 20 ਜੂਨ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਪੱਛਮੀ ਬੰਗ ਦਿਵਸ ਦਾ ਆਯੋਜਨ ਕੀਤਾ ਗਿਆ ਸੀ। ਇਹ ਬੰਗਾਲ ਦੀ ਧਰਤੀ, ਬੰਗਾਲ ਦੀ ਵਿਰਾਸਤ ਨੂੰ ਪ੍ਰਣਾਮ ਸੀ। ਅੱਜ ਦਾ ਇਹ ਪ੍ਰੋਗਰਾਮ ਆਪਣੀ ਵਿਰਾਸਤ ਪ੍ਰਤੀ ਉਸੇ ਸਨਮਾਨ ਦਾ ਹਿੱਸਾ ਹੈ। ਮੈਂ ਪੱਛਮੀ ਬੰਗਾਲ ਸਰਕਾਰ ਨੂੰ ਇੰਨੇ ਸ਼ਾਨਦਾਰ ਪ੍ਰੋਗਰਾਮ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਡਾ. ਮੁਖਰਜੀ ਦਾ ਜੀਵਨ, ਇੱਕ ਵਿਚਾਰ ਤੋਂ ਜਨ-ਅੰਦੋਲਨ ਤੱਕ ਦੇ ਸਿੱਟੇ ਦਾ ਪ੍ਰੇਰਕ ਹੈ। ਉਨ੍ਹਾਂ ਨੇ ਭਾਰਤ ਵਿੱਚ ਇੱਕ ਵਿਚਾਰਧਾਰਕ ਅੰਦੋਲਨ ਨੂੰ ਜਨਮ ਦਿੱਤਾ। ਤੁਸੀਂ ਦੇਖੋ, ਜਿਸ ਸਮੇਂ ਭਾਰਤੀ ਜਨਸੰਘ ਦੀ ਸਥਾਪਨਾ ਹੋਈ ਸੀ, ਉਸ ਸਮੇਂ ਹਰ ਪਾਸੇ ਕਾਂਗਰਸ ਦਾ ਹੀ ਬੋਲਬਾਲਾ ਸੀ, ਕਾਂਗਰਸ ਦਾ ਹੀ ਦਬਦਬਾ ਦਿਖਾਈ ਦਿੰਦਾ ਸੀ। ਅਜਿਹੇ ਦੌਰ ਵਿੱਚ, ਜਦੋਂ ਵੱਖਰੇ ਵਿਚਾਰ ਲਈ ਕੋਈ ਥਾਂ ਹੀ ਨਹੀਂ ਸੀ, ਪੈਰ ਰੱਖਣ ਲਈ ਵੀ ਥਾਂ ਮਿਲਣਾ ਬਹੁਤ ਔਖਾ ਸੀ, ਉਸ ਸਮੇਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਉਨ੍ਹਾਂ ਸਾਰੀਆਂ ਸਥਿਤੀਆਂ ਨੂੰ ਚੁਣੌਤੀ ਦਿੰਦੇ ਹੋਏ ਇੱਕ ਨਵੇਂ ਵਿਚਾਰ ਦੀ ਹਿੰਮਤ ਦਿਖਾਈ। ਇਹ ਸਿਰਫ਼ ਇੱਕ ਸੰਗਠਨ ਬਣਾਉਣ ਦਾ ਫ਼ੈਸਲਾ ਨਹੀਂ ਸੀ, ਇੱਕ ਰਾਜਨੀਤਿਕ ਪਾਰਟੀ ਨੂੰ ਜਨਮ ਦੇਣ ਦਾ ਕੰਮ ਨਹੀਂ ਸੀ। ਇਹ ਲੋਕਤੰਤਰ ਵਿੱਚ ਵਿਚਾਰਧਾਰਕ ਵਿਭਿੰਨਤਾ, ਰਾਸ਼ਟਰੀ ਚਿੰਤਨ ਅਤੇ ਲੋਕ ਭਾਗੀਦਾਰੀ 'ਤੇ ਉਨ੍ਹਾਂ ਦੇ ਅਟੁੱਟ ਵਿਸ਼ਵਾਸ ਦਾ ਪ੍ਰਗਟਾਵਾ ਸੀ। ਇਸੇ ਵਿਸ਼ਵਾਸ ਤੋਂ ਭਾਰਤੀ ਜਨਸੰਘ ਦਾ ਜਨਮ ਹੋਇਆ। ਅਤੇ ਸਾਥੀਓ, ਕੋਈ ਵੀ ਵਿਚਾਰ ਸਿਰਫ਼ ਸਥਾਪਨਾ ਨਾਲ ਅਮਰ ਨਹੀਂ ਹੁੰਦਾ। ਵਿਚਾਰ ਓਦੋਂ ਅਮਰ ਹੁੰਦਾ ਹੈ, ਜਦੋਂ ਪੀੜ੍ਹੀਆਂ ਉਸ ਨੂੰ ਆਪਣੇ ਜੀਵਨ ਨਾਲ ਸਿੰਝਦੀਆਂ ਹਨ। ਭਾਰਤੀ ਜਨਸੰਘ ਦੇ ਉਸ ਛੋਟੇ ਜਿਹੇ ਦੀਵੇ ਨੂੰ ਜਗਦਾ ਰੱਖਣ ਲਈ ਲੱਖਾਂ ਵਰਕਰਾਂ ਨੇ ਆਪਣਾ ਜੀਵਨ ਖਪਾ ਦਿੱਤਾ। ਪਲ-ਪਲ, ਤਿਲ-ਤਿਲ, ਲੱਖਾਂ ਵਰਕਰਾਂ ਦੇ ਤਪ, ਤਿਆਗ ਅਤੇ ਸਮਰਪਣ ਨੇ ਉਸ ਦੀਵੇ ਦੀ ਲੋਅ ਨੂੰ ਕਦੇ ਬੁਝਣ ਨਹੀਂ ਦਿੱਤਾ। ਅੱਜ ਉਹ ਦੀਵਾ ਆਪਣੇ ਮੂਲ ਸਰੂਪ ਵਿੱਚ ਭਾਵੇਂ ਨਜ਼ਰ ਨਾ ਆਉਂਦਾ ਹੋਵੇ, ਭਾਰਤੀ ਜਨਸੰਘ ਅੱਜ ਉਸੇ ਰੂਪ ਵਿੱਚ ਭਾਵੇਂ ਨਾ ਹੋਵੇ, ਪਰ ਉਸ ਦੀਵੇ ਦਾ ਜੋ ਪ੍ਰਕਾਸ਼-ਪੁੰਜ ਸੀ, ਉਹ ਅੱਜ ਕਰੋੜਾਂ ਦੇਸ਼ਵਾਸੀਆਂ ਦੇ ਵਿਸ਼ਵਾਸ ਦਾ ਚਾਨਣ ਬਣ ਕੇ ਫੈਲ ਰਿਹਾ ਹੈ। ਉਸੇ ਪ੍ਰਕਾਸ਼ ਦਾ ਵਿਸਥਾਰ ਅੱਜ ਪੂਰੇ ਦੇਸ਼ ਵਿੱਚ ਖਿੜੇ ਹੋਏ ਕਰੋੜਾਂ ਕਮਲਾਂ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਜੋ ਕਦੇ ਭਾਰਤੀ ਜਨਸੰਘ ਸੀ, ਉਹੀ ਅੱਜ ਭਾਰਤੀ ਜਨਤਾ ਪਾਰਟੀ ਦੇ ਰੂਪ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਸ਼ਕਤੀ ਬਣ ਕੇ ਲੋਕ ਸੇਵਾ ਕਰ ਰਹੀ ਹੈ।

ਸਾਥੀਓ,

ਅਕਸਰ ਅਸੀਂ ਦੇਖਦੇ ਹਾਂ ਕਿ ਸਮੇਂ ਦੇ ਨਾਲ ਕੁਝ ਵਿਚਾਰਾਂ ਦਾ ਆਕਰਸ਼ਣ ਫਿੱਕਾ ਪੈਂਦਾ ਜਾਂਦਾ ਹੈ। ਪਰ ਤੁਸੀਂ ਸੋਚੋ, ਇਹ ਕਿੰਨਾ ਸ਼ਕਤੀਸ਼ਾਲੀ ਵਿਚਾਰ-ਬੀਜ ਡਾ. ਮੁਖਰਜੀ ਨੇ ਬੀਜਿਆ ਸੀ ਕਿ ਅੱਜ ਇੰਨੇ ਸਾਲਾਂ ਬਾਅਦ ਵੀ ਉਸ ਦਾ ਏਨੀ ਤੇਜ਼ੀ ਨਾਲ ਵਿਸਥਾਰ ਹੋ ਰਿਹਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਦੋਂ ਆਉਣ ਵਾਲੀਆਂ ਪੀੜ੍ਹੀਆਂ ਭਾਰਤੀ ਜਨਤਾ ਪਾਰਟੀ ਦੀ ਇਸ ਯਾਤਰਾ ਦਾ ਇਤਿਹਾਸ ਲਿਖਣਗੀਆਂ, ਇਸ ਦਾ ਅਧਿਐਨ ਕਰਨਗੀਆਂ, ਓਦੋਂ ਉਹ ਨਿਸ਼ਚਿਤ ਤੌਰ 'ਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਵਿਚਾਰਾਂ, ਉਨ੍ਹਾਂ ਦੀ ਹਿੰਮਤ ਅਤੇ ਉਨ੍ਹਾਂ ਦੀ ਦੂਰ-ਦ੍ਰਿਸ਼ਟੀ ਦਾ ਜ਼ਿਕਰ ਕਰਨਗੀਆਂ। ਅਤੇ ਮੈਂ ਫਿਰ ਕਹਾਂਗਾ, ਬੰਗਾਲ ਲਈ ਤਾਂ ਇਹ ਦੁੱਗਣੀ ਖ਼ੁਸ਼ੀ ਦੀ ਗੱਲ ਹੈ। ਇੱਕ ਤਾਂ ਡਾ. ਮੁਖਰਜੀ ਦੀ 125ਵੀਂ ਜਨਮ ਜਯੰਤੀ ਅਤੇ ਦੂਜਾ, ਬੰਗਾਲ ਵਿੱਚ ਇਹ ਆਯੋਜਨ, ਉਨ੍ਹਾਂ ਦੇ ਵਿਚਾਰ-ਪੁੰਜ ਤੋਂ ਨਿਕਲੀ ਭਾਜਪਾ ਸਰਕਾਰ ਵਿੱਚ ਇਹ ਸ਼ਾਨਦਾਰ ਉਤਸਵ ਹੋ ਰਿਹਾ ਹੈ। ਪੱਛਮੀ ਬੰਗਾਲ ਦੀ ਜਨਤਾ ਵੱਲੋਂ ਆਪਣੇ ਮਹਾਨ ਸਪੂਤ ਨੂੰ ਇਹ ਬਹੁਤ ਹੀ ਆਤਮਿਕ ਸ਼ਰਧਾਂਜਲੀ ਹੈ।

ਸਾਥੀਓ,

ਸੰਸਦ ਵਿੱਚ ਆਪਣੇ ਇੱਕ ਭਾਸ਼ਣ ਦੌਰਾਨ ਡਾ. ਮੁਖਰਜੀ ਨੇ ਕਿਹਾ ਸੀ ਅਤੇ ਡਾ. ਮੁਖਰਜੀ ਦਾ ਇਹ ਵਾਕ ਅੱਜ ਵੀ ਸਾਨੂੰ ਪ੍ਰੇਰਣਾ ਦਿੰਦਾ ਹੈ। ਡਾ. ਮੁਖਰਜੀ ਨੇ ਸੰਸਦ ਵਿੱਚ ਕਿਹਾ ਸੀ— "ਰਾਸ਼ਟਰੀ ਏਕਤਾ ਦੀ ਧਰਤੀ 'ਤੇ ਹੀ ਸੁਨਹਿਰੇ ਭਵਿੱਖ ਦੀ ਨੀਂਹ ਰੱਖੀ ਜਾ ਸਕਦੀ ਹੈ।" ਅਤੇ ਦੇਖੋ, ਅੱਜ ਦੇਸ਼ ਮਾਣ ਨਾਲ ਕਹਿ ਸਕਦਾ ਹੈ ਕਿ ਡਾ. ਮੁਖਰਜੀ ਨੇ ਆਪਣੇ ਆਖ਼ਰੀ ਸਾਹ ਤੱਕ ਇਸੇ ਵਿਸ਼ਵਾਸ ਨੂੰ ਜੀਵਿਆ, ਉਨ੍ਹਾਂ ਨੇ ਇਸ ਨੂੰ ਆਪਣੇ ਜੀਵਨ ਵਿੱਚ ਧਾਰਿਆ। 1947 ਵਿੱਚ ਜਦੋਂ ਦੇਸ਼ ਦੀ ਵੰਡ ਹੋਈ, ਲਗਭਗ ਸਭ ਕੁਝ ਤੈਅ ਹੋ ਚੁੱਕਾ ਸੀ, ਉਦੋਂ ਇੱਕ ਹੋਰ ਸੰਕਟ ਸਾਹਮਣੇ ਸੀ। ਪੂਰੇ ਦੇ ਪੂਰੇ ਬੰਗਾਲ ਨੂੰ ਹੀ ਭਾਰਤ ਤੋਂ ਵੱਖ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ। ਉਸ ਸਮੇਂ ਡਾ. ਮੁਖਰਜੀ ਇਨ੍ਹਾਂ ਸਾਜ਼ਿਸ਼ਾਂ ਦੇ ਸਾਹਮਣੇ ਚੱਟਾਨ ਬਣ ਕੇ ਖੜ੍ਹੇ ਹੋ ਗਏ। ਉਨ੍ਹਾਂ ਨੇ ਜਨਮਤ ਤਿਆਰ ਕੀਤਾ, ਰਾਜਨੀਤਿਕ ਸੰਘਰਸ਼ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਪੱਛਮੀ ਬੰਗਾਲ ਭਾਰਤ ਦਾ ਅਭਿੰਨ ਹਿੱਸਾ ਬਣਿਆ ਰਹੇ। ਉਸ ਵੇਲੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜ਼ੋਰਦਾਰ ਨਾਅਰਾ ਦਿੱਤਾ। ਉਨ੍ਹਾਂ ਦੇ ਸ਼ਬਦ ਸਨ— "ਕਾਂਗਰਸ ਦੇਸ਼ ਭਾਗ ਕੋਰੇਛੇ, ਆਮੀ ਪਾਕਿਸਤਾਨ ਕੇ ਭਾਗ ਕੋਰੇਛੀ।" ਭਾਵ "ਕਾਂਗਰਸ ਨੇ ਦੇਸ਼ ਦੀ ਵੰਡ ਕੀਤੀ ਅਤੇ ਮੈਂ ਪਾਕਿਸਤਾਨ ਦੀ ਹੀ ਵੰਡ ਕਰ ਦਿੱਤੀ।"

ਸਾਥੀਓ,

ਇਹ ਜੋ ਨਾਅਰਾ ਹੈ, ਇਸ ਦੀ ਜੋ ਤਾਕਤ ਹੈ, ਇਸ ਵਿੱਚ ਜਿਸ ਵੱਡੀ ਰਾਜਨੀਤਿਕ ਇੱਛਾ-ਸ਼ਕਤੀ ਦੇ ਦਰਸ਼ਨ ਹੁੰਦੇ ਹਨ, ਉਸ ਦਾ ਅਹਿਸਾਸ ਸਾਨੂੰ ਉਦੋਂ ਵੀ ਹੁੰਦਾ ਹੈ, ਜਦੋਂ ਅਸੀਂ ਅੱਜ ਦੀਆਂ ਸਥਿਤੀ ਨੂੰ ਦੇਖਦੇ ਹਾਂ।

ਸਾਥੀਓ,

ਡਾ. ਮੁਖਰਜੀ ਇੱਕ ਭਾਰਤ, ਸ਼੍ਰੇਸ਼ਠ ਭਾਰਤ ਲਈ ਪੂਰੀ ਤਰ੍ਹਾਂ ਸਮਰਪਿਤ ਸਨ। ਇਸ ਲਈ ਜਦੋਂ ਦੇਸ਼ ਵਿੱਚ ਦੋ ਵਿਧਾਨ, ਦੋ ਪ੍ਰਧਾਨ, ਦੋ ਨਿਸ਼ਾਨ ਦੀ ਗੱਲ ਹੋਈ, ਤਾਂ ਡਾ. ਮੁਖਰਜੀ ਨੇ ਇਸ ਦਾ ਵੀ ਡਟ ਕੇ ਵਿਰੋਧ ਕੀਤਾ। ਉਨ੍ਹਾਂ ਨੇ ਦੇਸ਼ ਨੂੰ ਮੰਤਰ ਦਿੱਤਾ— "ਏਕ ਦੇਸ਼ੇ ਦੁਈ ਬਿਧਾਨ, ਦੁਈ ਪ੍ਰੋਧਾਨ ਏਬੋਂਗ ਦੁਈ ਨਿਸ਼ਾਨ, ਆਮਰਾ ਕੋਖੋਨੋ ਮੇਨੇ ਨੇਬੋ ਨਾ।" ਭਾਵ "ਇੱਕ ਦੇਸ਼ ਵਿੱਚ ਦੋ ਵਿਧਾਨ, ਦੋ ਪ੍ਰਧਾਨ ਅਤੇ ਦੋ ਨਿਸ਼ਾਨ— ਨਹੀਂ ਚੱਲਣਗੇ, ਨਹੀਂ ਚੱਲਣਗੇ।" ਇਹ ਕੇਵਲ ਇੱਕ ਨਾਅਰਾ ਨਹੀਂ ਸੀ। ਇਹ ਬਰਾਬਰ ਅਧਿਕਾਰ, ਬਰਾਬਰ ਸੰਵਿਧਾਨ ਅਤੇ ਬਰਾਬਰ ਰਾਸ਼ਟਰੀ ਚੇਤਨਾ ਦਾ ਸੱਦਾ ਸੀ। ਉਨ੍ਹਾਂ ਨੇ ਆਪਣੇ ਸਿਧਾਂਤਾਂ ਲਈ ਸੰਘਰਸ਼ ਕੀਤਾ, ਜੇਲ੍ਹ ਗਏ ਅਤੇ ਅੰਤ ਵਿੱਚ ਕਸ਼ਮੀਰ ਲਈ ਆਪਣਾ ਸਰਬਉੱਚ ਬਲੀਦਾਨ ਦਿੱਤਾ। ਅੱਜ ਸਾਡੀ ਸਰਕਾਰ ਨੂੰ ਇਸ ਗੱਲ ਦਾ ਮਾਣ ਹੈ ਕਿ ਧਾਰਾ 370 ਦੀ ਕੰਧ ਢਾਹ ਕੇ ਅਸੀਂ ਡਾ. ਮੁਖਰਜੀ ਦਾ ਸੁਪਨਾ ਪੂਰਾ ਕੀਤਾ ਹੈ।

ਸਾਥੀਓ,

ਅੱਜ ਜਦੋਂ ਅਸੀਂ ਇੱਕ ਭਾਰਤ, ਸਰਬੋਤਮ ਭਾਰਤ ਦੀ ਗੱਲ ਕਰਦੇ ਹਾਂ, ਤਾਂ ਇਹ ਉਸੇ ਰਾਸ਼ਟਰੀ ਸੋਚ ਦਾ ਵਿਸਥਾਰ ਹੈ, ਜਿਸ ਨੂੰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਆਪਣੇ ਜੀਵਨ ਨਾਲ ਪਰਿਭਾਸ਼ਿਤ ਕੀਤਾ। ਅਜਿਹਾ ਭਾਰਤ— ਜਿੱਥੇ ਉੱਤਰ ਅਤੇ ਦੱਖਣ ਵਿਚਕਾਰ ਕੋਈ ਦੂਰੀ ਨਾ ਹੋਵੇ, ਜਿੱਥੇ ਪੂਰਬ ਅਤੇ ਪੱਛਮ ਬਰਾਬਰ ਮੌਕਿਆਂ ਦੇ ਭਾਗੀਦਾਰ ਹੋਣ, ਜਿੱਥੇ ਹਰ ਰਾਜ ਆਪਣੀ ਵਿਲੱਖਣ ਪਛਾਣ ਨਾਲ ਭਾਰਤ ਦੀ ਸਾਂਝੀ ਤਾਕਤ ਬਣੇ। ਜਿੱਥੇ ਹਰ ਨਾਗਰਿਕ ਇੱਕੋ ਸੰਵਿਧਾਨ, ਇੱਕੋ ਰਾਸ਼ਟਰੀ ਭਾਵਨਾ ਅਤੇ ਇੱਕੋ ਭਵਿੱਖ ਦੇ ਸੰਕਲਪ ਨਾਲ ਜੁੜਿਆ ਹੋਵੇ। ਮੈਨੂੰ ਖ਼ੁਸ਼ੀ ਹੈ ਕਿ ਡਾ. ਮੁਖਰਜੀ ਦੀ ਪ੍ਰੇਰਣਾ ਨਾਲ ਅੱਜ ਭਾਰਤ ਦਾ ਸੰਵਿਧਾਨ ਪੂਰੇ ਦੇਸ਼ ਵਿੱਚ ਮਾਣ ਅਤੇ ਸ਼ਾਨ ਨਾਲ ਲਾਗੂ ਹੈ ਅਤੇ ਕਰੋੜਾਂ ਦੇਸ਼ਵਾਸੀਆਂ ਨੂੰ ਪ੍ਰੇਰਣਾ ਦੇ ਰਿਹਾ ਹੈ।

ਸਾਥੀਓ,

ਡਾ. ਮੁਖਰਜੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਕਿ ਸੰਸਥਾਵਾਂ ਦੇ ਨਿਰਮਾਣ ਵਿੱਚ ਹੀ ਰਾਸ਼ਟਰ ਨਿਰਮਾਣ ਦਾ ਤੱਤ ਲੁਕਿਆ ਹੋਇਆ ਹੈ। ਕੇਵਲ 33 ਸਾਲ ਦੀ ਉਮਰ ਵਿੱਚ ਡਾ. ਮੁਖਰਜੀ ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਨੌਜਵਾਨ ਕੁਲਪਤੀ ਬਣੇ। ਪਰ ਉਨ੍ਹਾਂ ਨੇ ਉਸ ਅਹੁਦੇ ਨੂੰ ਸਿਰਫ਼ ਪ੍ਰਸ਼ਾਸਨਿਕ ਜ਼ੁੰਮੇਵਾਰੀ ਨਹੀਂ ਮੰਨਿਆ। ਉਨ੍ਹਾਂ ਨੇ ਯੂਨੀਵਰਸਿਟੀ ਨੂੰ ਭਾਰਤ ਦੇ ਭਵਿੱਖ ਦਾ ਨਿਰਮਾਣ ਕਰਨ ਵਾਲੀ ਸੰਸਥਾ ਵਜੋਂ ਦੇਖਿਆ। ਉਨ੍ਹਾਂ ਨੇ ਸਿੱਖਿਆ ਨੂੰ ਗੁਲਾਮੀ ਦੀ ਸੋਚ ਦੇ ਦਾਇਰੇ ਤੋਂ ਬਾਹਰ ਕੱਢਣ ਦਾ ਯਤਨ ਕੀਤਾ। ਉਨ੍ਹਾਂ ਨੇ ਕਿਹਾ— "ਬੋਂਗੋ-ਜਾਤਿਰ ਆਤੋਸ਼ੋਮਮਾਨ ਪੁਨੋਰ-ਉਧਾਰ, ਏਬੋਂਗ ਮਾਤ੍ਰਿ-ਭਾਸ਼ਾਰ ਮਾਧਯੋਮੇ ਸ਼ਿੱਖਾਰ ਪ੍ਰੋਸ਼ਾਰ, ਏਈ ਆਮਾਦੇਰ ਪ੍ਰੋਧਾਨ ਲੋਕਖੋ ਹੋਵਾ ਉਚਿਤ!" ਭਾਵ "ਬੰਗਾਲ ਦੇ ਲੋਕਾਂ ਦਾ ਆਤਮ-ਸਨਮਾਨ ਵਾਪਸ ਲਿਆਉਣਾ ਅਤੇ ਮਾਤ ਭਾਸ਼ਾ ਵਿੱਚ ਸਿੱਖਿਆ ਦਾ ਪ੍ਰਸਾਰ ਕਰਨਾ ਹੀ ਸਾਡਾ ਪਹਿਲਾ ਮਨੋਰਥ ਹੋਣਾ ਚਾਹੀਦਾ ਹੈ।" ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜੇਕਰ ਭਾਰਤ ਨੇ ਆਤਮਵਿਸ਼ਵਾਸੀ ਰਾਸ਼ਟਰ ਬਣਨਾ ਹੈ, ਤਾਂ ਉਸ ਦੀ ਸਿੱਖਿਆ ਵੀ ਭਾਰਤੀ ਆਤਮਾ ਨਾਲ ਜੁੜੀ ਹੋਣੀ ਚਾਹੀਦੀ ਹੈ। ਇਸੇ ਸੋਚ ਨਾਲ ਉਨ੍ਹਾਂ ਨੇ ਭਾਰਤੀ ਭਾਸ਼ਾਵਾਂ ਨੂੰ ਸਨਮਾਨ ਦਿੱਤਾ। ਅੱਜ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਸਥਾਨਕ ਭਾਸ਼ਾ ਵਿੱਚ ਪੜ੍ਹਾਈ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜੋ ਸੁਪਨਾ ਡਾ. ਮੁਖਰਜੀ ਨੇ ਦੇਖਿਆ ਸੀ, ਉਹ ਸਾਡੀ ਸਰਕਾਰ ਨੇ ਪੂਰਾ ਕੀਤਾ ਹੈ।

ਸਾਥੀਓ,

ਆਜ਼ਾਦ ਭਾਰਤ ਦੇ ਪਹਿਲੇ ਉਦਯੋਗ ਮੰਤਰੀ ਵਜੋਂ ਉਨ੍ਹਾਂ ਨੇ ਉਦਯੋਗਿਕ ਵਿਕਾਸ ਦਾ ਵਿਸ਼ਾਲ ਦ੍ਰਿਸ਼ਟੀਕੋਣ ਪੇਸ਼ ਕੀਤਾ ਸੀ। ਉਨ੍ਹਾਂ ਨੇ ਅਜਿਹੀਆਂ ਰਾਸ਼ਟਰੀ ਸੰਸਥਾਵਾਂ ਦੀ ਨੀਂਹ ਰੱਖੀ, ਜੋ ਆਉਣ ਵਾਲੇ ਦਹਾਕਿਆਂ ਤੱਕ ਭਾਰਤ ਦੀ ਆਰਥਿਕ ਤਾਕਤ ਬਣੀਆਂ। ਚਿੱਤਰੰਜਨ ਲੋਕੋਮੋਟਿਵ ਵਰਕਸ ਨੇ ਭਾਰਤ ਦੀ ਰੇਲ ਵਿਵਸਥਾ ਨੂੰ ਨਵੀਂ ਗਤੀ ਦਿੱਤੀ। ਸਿੰਦਰੀ ਫਰਟੀਲਾਈਜ਼ਰ ਪਲਾਂਟ ਨੇ ਖੇਤੀਬਾੜੀ ਦੀ ਆਤਮ-ਨਿਰਭਰਤਾ ਵੱਲ ਵੱਡਾ ਕਦਮ ਵਧਾਇਆ। ਦਾਮੋਦਰ ਵੈਲੀ ਕਾਰਪੋਰੇਸ਼ਨ ਨੇ ਊਰਜਾ ਅਤੇ ਸਿੰਚਾਈ ਦਾ ਨਵਾਂ ਅਧਿਆਇ ਲਿਖਿਆ। ਇੰਡਸਟਰੀਅਲ ਫਾਇਨਾਂਸ ਕਾਰਪੋਰੇਸ਼ਨ ਆਫ ਇੰਡੀਆ (ਆਈਐੱਫਸੀਆਈ) ਨੇ ਭਾਰਤੀ ਉਦਯੋਗਾਂ ਨੂੰ ਵਿੱਤੀ ਬੁਨਿਆਦ ਪ੍ਰਦਾਨ ਕੀਤੀ।

ਸਾਥੀਓ,

ਉਨ੍ਹਾਂ ਲਈ ਉਦਯੋਗ ਅਤੇ ਫੈਕਟਰੀਆਂ ਕੇਵਲ ਕੁਝ ਵਰਕਸ਼ਾਪਾਂ ਨਹੀਂ ਸਨ। ਯੂਨੀਵਰਸਿਟੀਆਂ ਕੇਵਲ ਡਿਗਰੀਆਂ ਦੇਣ ਵਾਲੀਆਂ ਸੰਸਥਾਵਾਂ ਨਹੀਂ ਸਨ। ਖੋਜ ਸੰਸਥਾਵਾਂ ਕੇਵਲ ਵਿਗਿਆਨਕ ਪ੍ਰਯੋਗਾਂ ਦੀਆਂ ਥਾਵਾਂ ਨਹੀਂ ਸਨ। ਉਨ੍ਹਾਂ ਲਈ ਇਹ ਸਾਰੀਆਂ ਰਾਸ਼ਟਰ ਨਿਰਮਾਣ ਦਾ ਸਾਧਨਾ ਕੇਂਦਰ ਸਨ। ਡਾ. ਮੁਖਰਜੀ ਅਜਿਹੀਆਂ ਸੰਸਥਾਵਾਂ ਦੇ ਹਮਾਇਤੀ ਸਨ ਜੋ ਪ੍ਰਤਿਭਾ ਨੂੰ ਮੌਕੇ ਦੇਣ। ਅਜਿਹੀ ਸਿੱਖਿਆ ਜੋ ਨਵੀਨਤਾ ਨੂੰ ਪ੍ਰੋਤਸਾਹਨ ਦੇਵੇ। ਅਜਿਹੇ ਉਦਯੋਗ ਜੋ ਆਤਮ-ਨਿਰਭਰਤਾ ਦੀ ਬੁਨਿਆਦ ਬਣਨ। ਅਤੇ ਅਜਿਹੀ ਵਿਵਸਥਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਰ ਵਧੇਰੇ ਸਮਰੱਥ ਭਾਰਤ ਸੌਂਪ ਸਕੇ। ਇਹੀ ਭਾਵਨਾ ਅੱਜ ਵਿਕਸਤ ਭਾਰਤ ਦੀ ਵੀ ਪ੍ਰੇਰਣਾ ਹੈ।

ਸਾਥੀਓ,

ਅੱਜ ਦੇ ਇਸ ਮੌਕੇ 'ਤੇ ਮੈਂ ਬੰਗਾਲ ਦੇ ਅਤੇ ਪੂਰੇ ਦੇਸ਼ ਦੇ ਆਪਣੇ ਨੌਜਵਾਨ ਸਾਥੀਆਂ ਨੂੰ ਕਹਾਂਗਾ ਕਿ ਡਾ. ਮੁਖਰਜੀ ਨੇ ਇੱਕ ਭਾਰਤ ਲਈ ਆਪਣਾ ਜੀਵਨ ਸਮਰਪਿਤ ਕੀਤਾ। ਅਸੀਂ ਸਾਰਿਆਂ ਨੇ ਸਰਬੋਤਮ ਭਾਰਤ ਲਈ ਜੀਣਾ ਹੈ। ਅਸੀਂ ਮਿਲ ਕੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨਾ ਹੈ। ਅਸੀਂ ਦੇਸ਼ ਨੂੰ ਆਤਮ-ਨਿਰਭਰ ਬਣਾਉਣਾ ਹੈ। ਇਸੇ ਸੱਦੇ ਨਾਲ ਇੱਕ ਵਾਰ ਫਿਰ ਮੈਂ ਡਾ. ਮੁਖਰਜੀ ਨੂੰ ਨਮਨ ਕਰਦਾ ਹਾਂ। ਮੈਂ ਉਨ੍ਹਾਂ ਦੇ ਹੀ ਸ਼ਬਦਾਂ ਨਾਲ ਆਪਣੀ ਗੱਲ ਸਮਾਪਤ ਕਰਾਂਗਾ। ਇਹ ਡਾ. ਮੁਖਰਜੀ ਦੇ ਸ਼ਬਦ ਹਨ; ਇਹ ਉਨ੍ਹਾਂ ਦੇ ਪ੍ਰਗਟਾਵੇ ਦਾ ਢੰਗ ਹੈ— "ਜੇ ਕਾਜ ਏਈ ਹਾਤੇ ਨਾਓ ਨਾ ਕੇਨੋ, ਤਾ ਅਤਿਓਂਤੋ ਗੁਰੁੱਤੋ ਸ਼ਹੋਕਾਰੇ ਕੋਰਤੇ ਹੋਬੇ।" ਭਾਵ, ਜੋ ਵੀ ਕੰਮ ਸ਼ੁਰੂ ਕਰੋ, ਉਸ ਨੂੰ ਪੂਰੀ ਗੰਭੀਰਤਾ ਨਾਲ ਕਰੋ, ਤਨ-ਮਨ ਨਾਲ ਕਰੋ, ਪੂਰੀ ਨਿਸ਼ਠਾ ਨਾਲ ਕਰੋ, ਕੋਈ ਵੀ ਕੰਮ ਅਧੂਰਾ ਨਾ ਛੱਡੋ, ਉਸ ਨੂੰ ਜ਼ਰੂਰ ਪੂਰਾ ਕਰੋ। ਡਾ. ਮੁਖਰਜੀ ਦੇ ਸ਼ਬਦਾਂ ਵਿੱਚ ਵਗਦੀ ਇਸੇ ਭਾਵਨਾ ਨਾਲ, ਉਨ੍ਹਾਂ ਦੇ ਇਨ੍ਹਾਂ ਹੀ ਸ਼ਬਦਾਂ ਦੇ ਨਾਲ, ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!

ਬਹੁਤ-ਬਹੁਤ ਧੰਨਵਾਦ!

************

ਐਮਜੇਪੀਐਸ/ਵੀਜੇ/ਐਸਟੀ


(रिलीज़ आईडी: 2282466) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Assamese , Bengali , Manipuri , Gujarati , Odia , Telugu , Kannada , Malayalam