ਪ੍ਰਧਾਨ ਮੰਤਰੀ ਦਫਤਰ
ਉੜੀਸਾ ਸਰਕਾਰ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
20 JUN 2026 5:01PM by PIB Chandigarh
ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ, ਰਾਜਪਾਲ ਸ਼੍ਰੀ ਹਰੀ ਬਾਬੂ ਜੀ, ਹਰਮਨ-ਪਿਆਰੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ ਜੀ, ਉੱਪ ਮੁੱਖ ਮੰਤਰੀ ਸ਼੍ਰੀ ਕਨਕ ਵਰਧਨ ਸਿੰਘ ਦੇਵ ਜੀ, ਸ਼੍ਰੀਮਤੀ ਪ੍ਰਭਾਵਤੀ ਪਰਿਦਾ ਜੀ, ਉੜੀਸਾ ਦੇ ਮੰਤਰੀ ਸ਼੍ਰੀ ਗਣੇਸ਼ ਸਿੰਘ ਖੁੰਟੀਆ ਜੀ, ਸ਼੍ਰੀ ਕ੍ਰਿਸ਼ਨਾ ਚੰਦਰ ਮਹਾਪਾਤ੍ਰਾ ਜੀ, ਸੰਸਦ ਮੈਂਬਰ ਸ਼੍ਰੀ ਨਬਾ ਚਰਨ ਮਾਝੀ ਜੀ, ਸ਼੍ਰੀ ਮਨਮੋਹਨ ਸਮਲ ਜੀ, ਸ਼੍ਰੀ ਬੈਜਯੰਤ ਪਾਂਡਾ ਜੀ, ਹੋਰ ਸਾਰੇ ਮਾਣਯੋਗ ਮਹਿਮਾਨ, ਭਰਾਵੋ ਅਤੇ ਭੈਣੋ।
ਅੱਜ-ਕੱਲ੍ਹ ਸਾਡਾ ਉੜੀਸਾ ਜਸ਼ਨਾਂ ਦੀ ਖ਼ੁਸ਼ੀ ਵਿੱਚ ਡੁੱਬਿਆ ਹੋਇਆ ਹੈ। ਪਿਛਲੇ ਹਫ਼ਤੇ ਹੀ ਰਾਜਾ ਉਤਸਵ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਮਹਾਪ੍ਰਭੂ ਜਗਨਨਾਥ ਜੀ ਦੀ ਰੱਥ ਯਾਤਰਾ ਦੀਆਂ ਤਿਆਰੀਆਂ ਵੀ ਪੂਰੇ ਜੋਸ਼ ਨਾਲ ਚੱਲ ਰਹੀਆਂ ਹਨ। ਮਯੂਰਭੰਜ ਦੀ ਬਾਰੀਪਦਾ ਰੱਥ ਯਾਤਰਾ ਨੂੰ ਲੈ ਕੇ ਵੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ।
ਅਤੇ ਇਸ ਸਭ ਦਰਮਿਆਨ ਲੋਕਤੰਤਰ ਅਤੇ ਵਿਕਾਸ ਦਾ ਤਿਉਹਾਰ ਵੀ ਮਨਾਇਆ ਜਾ ਰਿਹਾ ਹੈ। ਉੜੀਸਾ ਵਿੱਚ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੋ ਸਾਲ ਪੂਰੇ ਕਰ ਲਏ ਹਨ। ਇਸ ਮੌਕੇ 'ਤੇ ਤੁਹਾਡੇ ਸਾਰਿਆਂ ਦੇ ਵਿੱਚ ਆਉਣ ਦਾ ਮੌਕਾ, ਮਯੂਰਭੰਜ ਆਉਣ ਦਾ ਸੁਭਾਗ ਅਤੇ ਏਨੀ ਵੱਡੀ ਗਿਣਤੀ ਵਿੱਚ ਤੁਹਾਡੀ ਮੌਜੂਦਗੀ ਇਸ ਸਮਾਗਮ ਨੂੰ ਮੇਰੇ ਲਈ ਬਹੁਤ ਹੀ ਵਿਸ਼ੇਸ਼ ਬਣਾਉਂਦੀ ਹੈ।
ਤੁਹਾਡਾ ਪਿਆਰ ਮੈਨੂੰ ਵਾਰ-ਵਾਰ ਇੱਥੇ ਖਿੱਚ ਲਿਆਉਂਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਨਾਲ ਹੀ ਡਬਲ ਇੰਜਣ ਸਰਕਾਰ ਹੇਠ ਵਿਕਾਸ ਦੀ ਯਾਤਰਾ ਲਈ ਉੜੀਸਾ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੰਦਾ ਹਾਂ।
ਇਸ ਮੌਕੇ 'ਤੇ ਮੈਂ ਪੰਡਿਤ ਰਘੁਨਾਥ ਮੁਰਮੂ ਜੀ, ਡਾ. ਦਮਯੰਤੀ ਬੇਸਰਾ ਜੀ ਅਤੇ ਸ਼੍ਰੀ ਚਰਨ ਹੇਮਬਰੋਮ ਜੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦਾ ਹਾਂ। ਰਘੁਨਾਥ ਮੁਰਮੂ ਜੀ ਨੇ ਸੰਥਾਲੀ ਭਾਸ਼ਾ ਲਈ ਓਲ ਚਿਕੀ ਲਿਪੀ ਦੀ ਰਚਨਾ ਕੀਤੀ ਸੀ। ਸਾਡੀ ਸਰਕਾਰ ਨੇ ਭਾਰਤ ਦਾ ਸੰਵਿਧਾਨ ਸੰਥਾਲੀ ਭਾਸ਼ਾ ਵਿੱਚ ਵੀ ਪੇਸ਼ ਕੀਤਾ ਹੈ। ਉੜੀਸਾ ਦੇ ਪੁੱਤਰਾਂ ਅਤੇ ਧੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਪਿਛਲੇ ਦੋ ਸਾਲਾਂ ਦੌਰਾਨ ਉੜੀਸਾ ਸਰਕਾਰ ਵੀ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ।
ਸਾਥੀਓ,
ਅੱਜ ਦਾ ਇਹ ਮੌਕਾ ਇੱਕ ਹੋਰ ਕਾਰਨ ਕਰਕੇ ਵੀ ਵਿਸ਼ੇਸ਼ ਹੈ, ਕਿਉਂਕਿ ਸਾਡੇ ਵਿਚਕਾਰ ਅੱਜ ਮਾਣਯੋਗ ਰਾਸ਼ਟਰਪਤੀ ਜੀ ਮੌਜੂਦ ਹਨ, ਜੋ ਉੜੀਸਾ ਦੀ ਧੀ ਹਨ ਅਤੇ ਮਯੂਰਭੰਜ ਦੀ ਮਿੱਟੀ ਵਿੱਚ ਪਲ਼ੇ ਅਤੇ ਵੱਡੇ ਹੋਏ ਹਨ। ਅੱਜ ਉਨ੍ਹਾਂ ਦਾ ਜਨਮ ਦਿਨ ਵੀ ਹੈ।
ਮੈਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਨੂੰ ਜਨਮ ਦਿਨ ਦੀਆਂ ਤਹਿ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਉਨ੍ਹਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਪ੍ਰਭੂ ਜਗਨਨਾਥ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ। ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਉੜੀਸਾ ਦੀ ਧੀ ਦੇਸ਼ ਦੇ ਇੰਨੇ ਉੱਚੇ ਅਹੁਦੇ ਤੱਕ ਪਹੁੰਚੀ ਹੈ ਅਤੇ ਸਾਨੂੰ ਮਾਰਗ ਦਰਸ਼ਨ ਦੇ ਰਹੀ ਹੈ।
ਰਾਸ਼ਟਰਪਤੀ ਜੀ ਦੀ ਸ਼ਖ਼ਸੀਅਤ, ਉਨ੍ਹਾਂ ਦਾ ਉਦਾਰ ਅਤੇ ਦਿਆਲੂ ਸੁਭਾਅ ਅਤੇ ਰਾਸ਼ਟਰ ਅਤੇ ਸਮਾਜ ਦੀ ਸੇਵਾ ਲਈ ਉਨ੍ਹਾਂ ਦਾ ਅਟੱਲ ਸਮਰਪਣ ਨਾ ਸਿਰਫ਼ ਮਯੂਰਭੰਜ ਬਲਕਿ ਪੂਰੇ ਉੜੀਸਾ ਦੀ ਪਛਾਣ ਨੂੰ ਹੋਰ ਬੁਲੰਦ ਕਰਦਾ ਹੈ। ਇਸ ਮੌਕੇ 'ਤੇ ਮੈਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੰਦਾ ਹਾਂ।
ਸਾਥੀਓ,
ਜਦੋਂ ਇਸ ਪ੍ਰੋਗਰਾਮ ਦੀ ਯੋਜਨਾ ਬਣਾਈ ਗਈ ਸੀ ਤਾਂ ਇਸ ਦਾ ਮੁੱਢਲਾ ਕਾਰਨ ਪ੍ਰਬੰਧਕੀ ਸੀ। ਇੱਥੇ ਮੇਰੇ ਦੌਰੇ ਬਾਰੇ ਕਾਫ਼ੀ ਸਮੇਂ ਤੋਂ ਚਰਚਾ ਚੱਲ ਰਹੀ ਸੀ, ਪਰ ਸਮਾਂ-ਸਾਰਣੀਆਂ ਕਦੇ ਮੇਲ ਨਹੀਂ ਖਾ ਸਕੀਆਂ। ਜਦੋਂ 21 ਜੂਨ ਨੂੰ ਕੋਲਕਾਤਾ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰੋਗਰਾਮ ਤੈਅ ਹੋਇਆ, ਤਾਂ ਮੈਂ ਸੋਚਿਆ ਕਿ ਕਿਉਂ ਨਾ ਸਵੇਰੇ ਮਯੂਰਭੰਜ ਆਵਾਂ ਅਤੇ ਸ਼ਾਮ ਨੂੰ ਕੋਲਕਾਤਾ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਵਾਂ। ਇਸ ਤਰ੍ਹਾਂ 20 ਜੂਨ ਦੀ ਤਾਰੀਖ ਤੈਅ ਹੋਈ।
ਪਰ ਕੁਝ ਗੱਲਾਂ ਰੱਬੀ ਮਿਹਰ ਨਾਲ ਹੀ ਹੁੰਦੀਆਂ ਹਨ। ਇਸ ਲਈ ਅੱਜ ਇੱਕ ਸੁਹਾਵਾ ਸੰਯੋਗ ਬਣ ਗਿਆ ਕਿ ਇਹ ਰਾਸ਼ਟਰਪਤੀ ਜੀ ਦਾ ਜਨਮ ਦਿਨ ਵੀ ਹੈ ਅਤੇ ਮੈਨੂੰ ਉਨ੍ਹਾਂ ਦੇ ਪਿੰਡ ਆ ਕੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਸ਼ੁਭਕਾਮਨਾਵਾਂ ਦੇਣ ਦਾ ਮੌਕਾ ਮਿਲਿਆ।
ਸਾਥੀਓ,
ਅੱਜ ਮੈਂ ਰਾਸ਼ਟਰਪਤੀ ਜੀ ਨਾਲ ਪਹਾੜਪੁਰ ਵੀ ਗਿਆ। ਮੈਂ ਉਸ ਸਕੂਲ ਦਾ ਦੌਰਾ ਕੀਤਾ ਜੋ ਉਨ੍ਹਾਂ ਨੇ ਇਸ ਖੇਤਰ ਦੇ ਬੱਚਿਆਂ ਲਈ ਬਣਵਾਇਆ ਹੈ। ਮੈਨੂੰ ਉੱਥੇ ਬੱਚਿਆਂ ਨਾਲ ਕੁਝ ਯਾਦਗਾਰ ਪਲ ਬਿਤਾਉਣ ਦਾ ਮੌਕਾ ਮਿਲਿਆ।
ਮੈਂ ਬੱਚਿਆਂ ਦੇ ਚਿਹਰਿਆਂ 'ਤੇ ਚਮਕ ਅਤੇ ਰਾਸ਼ਟਰਪਤੀ ਜੀ ਦੇ ਸਨੇਹ ਅਤੇ ਪਿਆਰ ਨੂੰ ਦੇਖ ਰਿਹਾ ਸੀ। ਉੱਥੇ ਮੈਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਕਿਸੇ ਬੱਚੇ ਨੂੰ ਲੱਗਦਾ ਹੋਵੇ ਕਿ ਰਾਸ਼ਟਰਪਤੀ ਆਏ ਹਨ। ਹਰ ਬੱਚੇ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਉਸ ਦੀ ਮਾਂ ਆਈ ਹੈ।
ਉਹ ਬੱਚੇ ਸੱਚਮੁੱਚ ਖ਼ੁਸ਼ਕਿਸਮਤ ਹਨ। ਇਸ ਖੇਤਰ ਦੇ ਗ਼ਰੀਬ, ਵਾਂਝੇ ਅਤੇ ਆਦਿਵਾਸੀ ਬੱਚਿਆਂ ਨੂੰ ਪ੍ਰੇਰਣਾ ਮਿਲ ਰਹੀ ਹੈ ਅਤੇ ਉਹ ਦੇਸ਼ ਲਈ ਕੁਝ ਵੱਡਾ ਕਰਨ ਦਾ ਆਤਮ-ਵਿਸ਼ਵਾਸ ਪ੍ਰਾਪਤ ਕਰ ਰਹੇ ਹਨ।
ਮੈਂ ਰਾਸ਼ਟਰਪਤੀ ਜੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਅੱਜ ਇਹ ਤਜਰਬਾ ਹਾਸਲ ਕਰਨ ਦਾ ਮੌਕਾ ਦਿੱਤਾ। ਇੱਕ ਤਰ੍ਹਾਂ ਨਾਲ ਅੱਜ ਦਾ ਦਿਨ ਮੇਰੇ ਲਈ ਸਿੱਖਣ ਦਾ ਦਿਨ ਬਣ ਗਿਆ, ਸਿੱਖਿਆ ਦਾ ਦਿਨ ਬਣ ਗਿਆ।
ਸਾਥੀਓ,
ਮੈਂ ਤੁਹਾਨੂੰ ਸਰਕਾਰ ਦਾ ਇਹ ਫ਼ੈਸਲਾ ਵੀ ਦੱਸਣਾ ਚਾਹੁੰਦਾ ਹਾਂ ਕਿ ਪਹਾੜਪੁਰ ਪਿੰਡ ਨੂੰ ਹੁਣ ਤੇਜ਼ੀ ਨਾਲ ਸੂਰਜਗ੍ਰਾਮ, ਅਰਥਾਤ ਇੱਕ ਸੌਰ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ। ਭਾਵ ਇੱਥੇ ਹਰ ਘਰ ਵਿੱਚ ਸੌਰ ਬਿਜਲੀ ਦਾ ਉਤਪਾਦਨ ਯਕੀਨੀ ਬਣਾਇਆ ਜਾਵੇਗਾ। ਅਤੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਇਹ ਓਹੀ ਉੜੀਸਾ ਹੈ, ਜਿੱਥੇ ਕੋਣਾਰਕ ਦਾ ਸੂਰਜ ਮੰਦਰ ਆਪਣੀ ਵਿਲੱਖਣ ਪਛਾਣ ਰੱਖਦਾ ਹੈ, ਉਸੇ ਤਰ੍ਹਾਂ ਪਹਾੜਪੁਰ ਵੀ ਸੂਰਜਗ੍ਰਾਮ ਵਜੋਂ ਪਛਾਣ ਬਣਾਵੇਗਾ। ਪੂਰੇ ਪਿੰਡ ਨੂੰ ਇੱਕ ਸੌਰ ਪਿੰਡ ਵਜੋਂ ਪਛਾਣ ਮਿਲੇ, ਇਸ ਦਿਸ਼ਾ ਵਿੱਚ ਤੁਰੰਤ ਕੰਮ ਸ਼ੁਰੂ ਹੋਵੇ, ਇਹ ਮੇਰਾ ਯਤਨ ਰਹੇਗਾ। ਇਸ ਅਭਿਆਨ ਨਾਲ ਪਹਾੜਪੁਰ ਦੇ ਲੋਕਾਂ ਨੂੰ ਮੁਫ਼ਤ ਸੌਰ ਬਿਜਲੀ ਵੀ ਮਿਲੇਗੀ ਅਤੇ ਜੋ ਵਾਧੂ ਬਿਜਲੀ ਹੋਵੇਗੀ, ਉਹ ਉਨ੍ਹਾਂ ਦੀ ਆਮਦਨ ਵੀ ਵਧਾਏਗੀ।
ਸਾਥੀਓ,
ਉੜੀਸਾ ਵਿੱਚ ਡਬਲ ਇੰਜਣ ਸਰਕਾਰ ਦੇ ਇਹ ਦੋ ਸਾਲ ਕਈ ਮਾਅਨਿਆਂ ਵਿੱਚ ਇਤਿਹਾਸਕ ਰਹੇ ਹਨ। ਮੁੱਖ ਮੰਤਰੀ ਮੋਹਨ ਚਰਨ ਮਾਝੀ ਜੀ ਦੀ ਅਗਵਾਈ ਵਿੱਚ ਅੱਜ ਉੜੀਸਾ ਤੇਜ਼ੀ ਨਾਲ ਵਿਕਾਸ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ। ਅੱਜ ਇੱਥੇ ਗ਼ਰੀਬ ਭਲਾਈ ਯੋਜਨਾਵਾਂ ਰਾਹੀਂ ਆਮ ਲੋਕਾਂ ਦਾ ਜੀਵਨ ਬਦਲ ਰਿਹਾ ਹੈ। ਉੜੀਸਾ ਵਿੱਚ ਆਰਥਿਕ ਗਤੀਵਿਧੀਆਂ, ਨਿਵੇਸ਼ ਅਤੇ ਉਦਯੋਗਾਂ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਸਪੱਸ਼ਟ ਤੌਰ 'ਤੇ ਨਜ਼ਰ ਆ ਰਹੀ ਹੈ। ਇੱਥੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਤੇਜ਼ੀ ਨਾਲ ਕੰਮ ਹੋ ਰਿਹਾ ਹੈ।
ਸਾਥੀਓ,
ਕੇਂਦਰ ਸਰਕਾਰ ਦਾ ਵਿਜ਼ਨ ਹੈ—ਪੂਰਬੀ ਭਾਰਤ ਦੇ ਵਿਕਾਸ ਰਾਹੀਂ ਭਾਰਤ ਦਾ ਵਿਕਾਸ। ਇਸ ਲਈ ਅਸੀਂ ‘ਪੂਰਵੋਦਯ’ ਨੀਤੀ 'ਤੇ ਕੰਮ ਕਰ ਰਹੇ ਹਾਂ। ਜਿਸ ਪੂਰਬੀ ਭਾਰਤ ਨੂੰ ਕਾਂਗਰਸ ਦੇ ਸਮੇਂ ਪਿਛੜੇਪਣ ਦਾ ਪ੍ਰਤੀਕ ਬਣਾ ਦਿੱਤਾ ਗਿਆ ਸੀ, ਅੱਜ ਉਹ ਤਰੱਕੀ ਦਾ ਦਾਖਲਾ ਦਰਵਾਜ਼ਾ ਬਣ ਰਿਹਾ ਹੈ। ਅੱਜ ਉੜੀਸਾ ਖੁਦ ਇਸ ਬਦਲਾਅ ਦਾ ਗਵਾਹ ਬਣ ਰਿਹਾ ਹੈ।
ਸਾਥੀਓ,
ਉੜੀਸਾ ਕੋਲ ਸਮੁੰਦਰ ਹੈ, ਖਣਿਜ ਸੰਪਤੀ ਹੈ, ਖੇਤੀਬਾੜੀ ਦੀ ਤਾਕਤ ਹੈ ਅਤੇ ਸਭ ਤੋਂ ਵੱਡੀ ਤਾਕਤ ਇੱਥੋਂ ਦੀ ਨੌਜਵਾਨ ਪ੍ਰਤਿਭਾ ਹੈ। ਇਸ ਸਮਰੱਥਾ ਦੀ ਪੂਰੀ ਵਰਤੋਂ ਕਰਨ ਲਈ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ। ਇਸੇ ਲਈ ਅੱਜ ਉੜੀਸਾ ਵਿੱਚ ਰੇਲਵੇ ਬੁਨਿਆਦੀ ਢਾਂਚੇ ਵਿੱਚ ਰਿਕਾਰਡ ਨਿਵੇਸ਼ ਹੋ ਰਿਹਾ ਹੈ। ਨਵੀਆਂ ਸੜਕਾਂ ਅਤੇ ਆਰਥਿਕ ਕੌਰੀਡੋਰ ਬਣ ਰਹੇ ਹਨ। ਬੰਦਰਗਾਹਾਂ ਦਾ ਵਿਸਥਾਰ ਹੋ ਰਿਹਾ ਹੈ। ਊਰਜਾ, ਸੈਮੀਕੰਡਕਟਰ, ਹਰਿਤ ਊਰਜਾ ਅਤੇ ਆਧੁਨਿਕ ਉਦਯੋਗਾਂ ਵਿੱਚ ਨਿਵੇਸ਼ ਆ ਰਿਹਾ ਹੈ। ਅੱਜ ਵੀ ਇੱਥੇ ਉੜੀਸਾ ਦੇ ਵਿਕਾਸ ਨਾਲ ਜੁੜੀਆਂ ਕਈ ਮਹੱਤਵਪੂਰਨ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਪ੍ਰੋਜੈਕਟਾਂ 'ਤੇ ਲਗਭਗ 47 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਬਿਜਲੀ, ਸੜਕ, ਰੇਲਵੇ, ਸਿਹਤ ਅਤੇ ਸਿੱਖਿਆ ਨਾਲ ਸਬੰਧਤ ਇਨ੍ਹਾਂ ਯੋਜਨਾਵਾਂ ਨਾਲ ਤੁਹਾਨੂੰ ਬਹੁਤ ਸਹੂਲਤ ਮਿਲੇਗੀ। ਮੈਂ ਇਨ੍ਹਾਂ ਯੋਜਨਾਵਾਂ ਲਈ ਉੜੀਸਾ ਦੇ ਲੋਕਾਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ।
ਸਾਥੀਓ,
ਸਾਡੀ ਸਰਕਾਰ ਉੜੀਸਾ ਦੇ ਸਰੋਤਾਂ ਨੂੰ ਉੜੀਸਾ ਦੀਆਂ ਸੰਭਾਵਨਾਵਾਂ ਵਿੱਚ ਬਦਲ ਰਹੀ ਹੈ। ਉੜੀਸਾ ਵਿੱਚ ਵੱਡੇ ਨਿਵੇਸ਼ ਆਉਣ ਅਤੇ ਨਵੇਂ ਉਦਯੋਗ ਸਥਾਪਤ ਹੋਣ, ਇਸ ਲਈ 'ਉਤਕਰਸ਼ ਉੜੀਸਾ' ਵਰਗੇ ਅਭਿਆਨ ਚਲਾਏ ਜਾ ਰਹੇ ਹਨ। ਇਸ ਤਹਿਤ ਹੁਣ ਤੱਕ ਲਗਭਗ 20 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲ ਚੁੱਕੇ ਹਨ। ਸਾਢੇ 3 ਲੱਖ ਕਰੋੜ ਰੁਪਏ ਤੋਂ ਵੱਧ ਦੀਆਂ ਕਈ ਮੈਗਾ ਯੋਜਨਾਵਾਂ 'ਤੇ ਵੀ ਕੰਮ ਚੱਲ ਰਿਹਾ ਹੈ। ਉਦਯੋਗਾਂ ਲਈ ਅਨੁਕੂਲ ਮਾਹੌਲ ਬਣਾਉਣ ਵਾਸਤੇ ਉੜੀਸਾ ਦੇ ਸਰਬਪੱਖੀ ਵਿਕਾਸ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਬਿਜਲੀ ਖੇਤਰ ਵਿੱਚ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਰਿਹਾ ਹੈ। ਸਮ੍ਰਿੱਧ ਸ਼ਹਿਰ ਯੋਜਨਾ ਤਹਿਤ ਸ਼ਹਿਰੀ ਵਿਕਾਸ ਨੂੰ ਤੇਜ਼ੀ ਦਿੱਤੀ ਜਾ ਰਹੀ ਹੈ। ਆਉਣ ਵਾਲੇ ਸਾਲਾਂ ਵਿੱਚ ਇਨ੍ਹਾਂ ਯਤਨਾਂ ਦੇ ਨਤੀਜੇ ਸਾਡੇ ਸਾਹਮਣੇ ਹੋਣਗੇ।
ਸਾਥੀਓ,
ਡਬਲ ਇੰਜਣ ਸਰਕਾਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਖੁਦ ਲੋਕਾਂ ਤੱਕ ਪਹੁੰਚਦੀ ਹੈ। ਸਾਡਾ ਯਤਨ ਹੈ ਕਿ ਆਮ ਨਾਗਰਿਕ ਨੂੰ ਆਪਣੀ ਸਮੱਸਿਆ ਦੇ ਹੱਲ ਲਈ ਬੇਲੋੜੇ ਚੱਕਰ ਨਾ ਲਗਾਉਣੇ ਪੈਣ। ਇਨ੍ਹਾਂ ਯਤਨਾਂ ਦਾ ਨਤੀਜਾ ਹੈ ਕਿ ਅੱਜ ਨੌਜਵਾਨਾਂ, ਮਹਿਲਾਵਾਂ, ਕਿਸਾਨਾਂ ਅਤੇ ਆਮ ਲੋਕਾਂ ਦੀਆਂ ਉਮੀਦਾਂ ਪੂਰੀਆਂ ਹੋ ਰਹੀਆਂ ਹਨ। ਤੁਸੀਂ ਦੇਖੋ, ਝੋਨੇ ਦੀ ਖਰੀਦ ਲਈ ਕਿਸਾਨਾਂ ਨੂੰ 3,100 ਰੁਪਏ ਪ੍ਰਤੀ ਕੁਇੰਟਲ ਦੇਣ ਦਾ ਫ਼ੈਸਲਾ ਲਿਆ ਗਿਆ। ਸੁਭਦਰਾ ਯੋਜਨਾ ਰਾਹੀਂ ਇੱਕ ਕਰੋੜ ਤੋਂ ਵੱਧ ਮਾਵਾਂ ਅਤੇ ਭੈਣਾਂ ਤੱਕ ਆਰਥਿਕ ਸਹਾਇਤਾ ਪਹੁੰਚਾਈ ਗਈ। ਆਯੁਸ਼ਮਾਨ ਭਾਰਤ ਲਾਗੂ ਕਰਕੇ ਉੜੀਸਾ ਦੇ ਪਰਿਵਾਰਾਂ ਲਈ ਦੇਸ਼ ਭਰ ਦੇ ਹਸਪਤਾਲਾਂ ਵਿੱਚ ਇਲਾਜ ਦਾ ਰਾਹ ਖੋਲ੍ਹਿਆ ਗਿਆ। ਆਦਿਵਾਸੀ ਵਿਦਿਆਰਥੀਆਂ ਦੀ ਪੜ੍ਹਾਈ ਵਿਚਕਾਰ ਨਾ ਰੁਕੇ, ਇਸ ਲਈ ਮਾਧੋ ਸਿੰਘ ਹਾਥ-ਖਰਚਾ ਯੋਜਨਾ ਸ਼ੁਰੂ ਕੀਤੀ ਗਈ। ਮਹਾਪ੍ਰਭੂ ਸ਼੍ਰੀ ਜਗਨਨਾਥ ਜੀ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਸ਼੍ਰੀ ਮੰਦਰ ਦੇ ਸਾਰੇ ਚਾਰ ਦਰਵਾਜ਼ੇ ਮੁੜ ਖੋਲ੍ਹ ਦਿੱਤੇ ਗਏ। ਡਬਲ ਇੰਜਣ ਸਰਕਾਰ ਦੀ ਤਾਕਤ ਨਾਲ ਅੱਜ ਹਰ ਪਾਸੇ ਵਿਕਾਸ ਯਕੀਨੀ ਬਣ ਰਿਹਾ ਹੈ।
ਸਾਥੀਓ,
ਬੀਤੇ ਦਿਨਾਂ ਦੌਰਾਨ ਇੱਥੇ ਸਫ਼ਾਈ ਨੂੰ ਲੈ ਕੇ ਜੋ ਵਿਸ਼ੇਸ਼ ਅਭਿਆਨ ਚਲਾਇਆ ਗਿਆ, ਉਸ ਬਾਰੇ ਵੀ ਮੈਨੂੰ ਜਾਣਕਾਰੀ ਮਿਲੀ ਹੈ। ਮੈਂ ਸੋਸ਼ਲ ਮੀਡੀਆ 'ਤੇ ਵੀ ਦੇਖ ਰਿਹਾ ਸੀ ਕਿ ਸਫ਼ਾਈ ਅਭਿਆਨ ਦੀ ਚਰਚਾ ਹਰ ਪਾਸੇ ਹੋ ਰਹੀ ਹੈ। “ਸਫ਼ਾਈ ਨਾਲ ਸਵਾਗਤ” ਦੀ ਇਸ ਪਹਿਲ ਲਈ ਮੈਂ ਉੜੀਸਾ ਦੇ ਨਾਗਰਿਕਾਂ, ਸਰਕਾਰ ਅਤੇ ਮੁੱਖ ਮੰਤਰੀ ਜੀ ਦੀ ਬਹੁਤ ਹੀ ਪ੍ਰਸ਼ੰਸਾ ਕਰਦਾ ਹਾਂ, ਸੰਤੋਖ ਪ੍ਰਗਟ ਕਰਦਾ ਹਾਂ।
ਸਾਥੀਓ,
ਸਫ਼ਾਈ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਹੋਣੀ ਚਾਹੀਦੀ ਹੈ, ਹਰ ਰੋਜ਼ ਦੀ ਆਦਤ ਹੋਣੀ ਚਾਹੀਦੀ ਹੈ। ਮੈਂ ਸਫ਼ਾਈ ਅਭਿਆਨ ਨਾਲ ਜੁੜੇ ਸਾਰੇ ਲੋਕਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ।
ਸਾਥੀਓ,
ਮੈਂ ਆਪਣੇ ਜੀਵਨ ਦਾ ਇੱਕ ਮਹੱਤਵਪੂਰਨ ਸਮਾਂ ਜਨਜਾਤੀ ਖੇਤਰਾਂ ਵਿੱਚ ਇੱਕ ਸਵੈ-ਸੇਵਕ ਵਜੋਂ ਕੰਮ ਕਰਦਿਆਂ ਬਿਤਾਇਆ ਹੈ। ਮਾਣਯੋਗ ਰਾਸ਼ਟਰਪਤੀ ਜੀ ਨੇ ਵੀ ਸਾਲਾਂ ਤੱਕ ਅਜਿਹੇ ਖੇਤਰਾਂ ਵਿੱਚ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਤੁਸੀਂ ਅਤੇ ਅਸੀਂ ਜਾਣਦੇ ਹਾਂ ਕਿ ਜਨਜਾਤੀ ਖੇਤਰਾਂ ਵਿੱਚ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਆਸਾਨੀ ਨਾਲ ਨਹੀਂ ਪਹੁੰਚਦੀਆਂ ਸਨ। ਇਸ ਲਈ ਸਾਡੀ ਸਰਕਾਰ ਨੇ ਜਨਜਾਤੀ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਅਸੀਂ ਅਜਿਹੇ ਖੇਤਰਾਂ ਨੂੰ ਸਹੂਲਤਾਂ ਨਾਲ ਜੋੜਨ ਲਈ ‘ਧਰਤੀ ਆਬਾ ਜਨਜਾਤੀ ਗ੍ਰਾਮ ਉਤਕਰਸ਼ ਅਭਿਆਨ’ ਸ਼ੁਰੂ ਕੀਤਾ ਹੈ। ਇਸ ਤਹਿਤ ਸਿਹਤ, ਸਿੱਖਿਆ, ਸੜਕਾਂ ਅਤੇ ਰਿਹਾਇਸ਼ ਨਾਲ ਸਬੰਧਤ ਵਿਭਾਗ ਮਿਲ ਕੇ ਸਰਬਪੱਖੀ ਵਿਕਾਸ ਲਈ ਕੰਮ ਕਰ ਰਹੇ ਹਨ, ਤਾਂ ਜੋ ਉੱਥੇ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਹੋ ਸਕਣ। ਇਸੇ ਤਰ੍ਹਾਂ ਪੀਐੱਮ ਜਨਮਨ ਅਭਿਆਨ ਰਾਸ਼ਟਰਪਤੀ ਜੀ ਨਾਲ ਹੋਈਆਂ ਚਰਚਾਵਾਂ ਅਤੇ ਉਨ੍ਹਾਂ ਦੇ ਮਾਰਗ-ਦਰਸ਼ਨ ਦਾ ਨਤੀਜਾ ਹੈ। ਇਹ ਵਿਸ਼ੇਸ਼ ਤੌਰ 'ਤੇ ਉਨ੍ਹਾਂ ਜਨਜਾਤੀ ਸਮੂਹਾਂ ਲਈ ਹੈ ਜੋ ਸਭ ਤੋਂ ਵੱਧ ਪਿੱਛੇ ਰਹਿ ਗਏ ਹਨ। ਹੁਣ ਸਰਕਾਰ ਖੁਦ ਉਨ੍ਹਾਂ ਦੇ ਪਿੰਡਾਂ ਅਤੇ ਘਰਾਂ ਤੱਕ ਪਹੁੰਚ ਰਹੀ ਹੈ।
ਸਾਥੀਓ,
ਆਦਿਵਾਸੀ ਸਮਾਜ ਦੀ ਉੱਨਤੀ ਲਈ ਅਸੀਂ ਆਦਿਵਾਸੀ ਨੌਜਵਾਨਾਂ ਨੂੰ ਸਿੱਖਿਆ ਅਤੇ ਰੋਜ਼ਗਾਰ ਦੇ ਮੌਕਿਆਂ ਨਾਲ ਜੋੜ ਰਹੇ ਹਾਂ। ਇਨ੍ਹਾਂ ਬੱਚਿਆਂ ਨੂੰ ਬਿਹਤਰ ਸਿੱਖਿਆ ਮਿਲੇ, ਇਸ ਲਈ ਦੇਸ਼ ਵਿੱਚ ਲਗਭਗ 500 ਏਕਲਵਯਾ ਮਾਡਲ ਸਕੂਲ ਖੋਲ੍ਹੇ ਗਏ ਹਨ। ਲਗਭਗ 750 ਏਕਲਵਯਾ ਸਕੂਲ ਮਨਜ਼ੂਰ ਕੀਤੇ ਗਏ ਹਨ। ਪ੍ਰੀ-ਮੈਟ੍ਰਿਕ ਅਤੇ ਪੋਸਟ-ਮੈਟ੍ਰਿਕ ਪੱਧਰ 'ਤੇ ਡੇਢ ਕਰੋੜ ਤੋਂ ਵੱਧ ਆਦਿਵਾਸੀ ਬੱਚਿਆਂ ਨੂੰ ਸੈਂਕੜਿਆਂ ਕਰੋੜ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ ਹੈ।
ਮੈਨੂੰ ਇਹ ਦੱਸਦੇ ਹੋਏ ਵੀ ਖ਼ੁਸ਼ੀ ਹੋ ਰਹੀ ਹੈ ਕਿ ਮਯੂਰਭੰਜ ਵਿੱਚ ਇੱਕ ਹੋਰ ਨਵੋਦਿਆ ਵਿਦਿਆਲਿਆ ਬਣਾਉਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।
ਸਾਥੀਓ,
ਦੂਰ-ਦੁਰਾਡੇ ਖੇਤਰਾਂ ਵਿੱਚ ਰਹਿਣ ਕਾਰਨ ਜਨਜਾਤੀ ਸਮਾਜ ਨੂੰ ਸਿਹਤ ਸਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸਿਕਲ ਸੈੱਲ ਅਨੀਮੀਆ ਵਰਗੀਆਂ ਬਿਮਾਰੀਆਂ ਇੱਕ ਵੱਡੀ ਚੁਣੌਤੀ ਰਹੀਆਂ ਹਨ। ਅਸੀਂ ਇਨ੍ਹਾਂ ਦੇ ਖ਼ਿਲਾਫ਼ ਦੇਸ਼ ਭਰ ਵਿੱਚ ਅਭਿਆਨ ਚਲਾਇਆ, 4 ਕਰੋੜ ਤੋਂ ਵੱਧ ਹੈਲਥ ਕਾਰਡ ਵੰਡੇ ਅਤੇ ਮੁਫ਼ਤ ਇਲਾਜ ਲਈ ਕਰੋੜਾਂ ਆਦਿਵਾਸੀ ਲਾਭਪਾਤਰੀਆਂ ਨੂੰ ਆਯੁਸ਼ਮਾਨ ਕਾਰਡ ਦਿੱਤੇ। ਜਲ ਜੀਵਨ ਮਿਸ਼ਨ ਤਹਿਤ ਘਰ-ਘਰ ਸਾਫ਼ ਪਾਣੀ ਪਹੁੰਚਾਇਆ ਜਾ ਰਿਹਾ ਹੈ। ਅੱਜ ਇਨ੍ਹਾਂ ਯਤਨਾਂ ਦੇ ਨਤੀਜੇ ਨਜ਼ਰ ਆ ਰਹੇ ਹਨ। ਆਦਿਵਾਸੀ ਸਮਾਜ ਦਹਾਕਿਆਂ ਪੁਰਾਣੀਆਂ ਮੁਸ਼ਕਲਾਂ ਤੋਂ ਬਾਹਰ ਨਿਕਲ ਰਿਹਾ ਹੈ ਅਤੇ ਵਿਕਾਸ ਦੀ ਮੁੱਖ ਧਾਰਾ ਦਾ ਹਿੱਸਾ ਬਣ ਰਿਹਾ ਹੈ।
ਸਾਥੀਓ,
ਆਉਣ ਵਾਲੇ ਸਮੇਂ ਵਿੱਚ ਸਾਡੇ ਸਾਹਮਣੇ ਦੋ ਮਹੱਤਵਪੂਰਨ ਮੀਲ ਪੱਥਰ ਹਨ। 2036 ਵਿੱਚ ਉੜੀਸਾ ਦੇ ਗਠਨ ਦੇ 100 ਸਾਲ ਪੂਰੇ ਹੋਣਗੇ ਅਤੇ 2047 ਵਿੱਚ ਭਾਰਤ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ। ਇਸਦਾ ਭਾਵ ਹੈ ਕਿ ਉੜੀਸਾ ਅਤੇ ਦੇਸ਼ ਦਾ ਟੀਚਾ ਇੱਕੋ ਦਿਸ਼ਾ ਵਿੱਚ ਹੈ। ਉੜੀਸਾ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ ਤਾਂ ਭਾਰਤ ਮਜ਼ਬੂਤ ਹੋਵੇਗਾ। ਮੈਨੂੰ ਉੜੀਸਾ ਦੀ ਸਮਰੱਥਾ 'ਤੇ ਪੂਰਾ ਭਰੋਸਾ ਹੈ। ਅਸੀਂ ਮਿਲ ਕੇ ਉੜੀਸਾ ਨੂੰ ਵਿਕਾਸ ਦੀਆਂ ਉੱਚਾਈਆਂ ਤੱਕ ਪਹੁੰਚਾਉਣਾ ਹੈ।
ਸਾਥੀਓ,
ਕੱਲ੍ਹ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵੀ ਮਨਾਇਆ ਜਾਣਾ ਹੈ। ਗਿਆਨ ਅਤੇ ਯੋਗ ਦੀ ਧਰਤੀ ਉੜੀਸਾ ਵਿੱਚ ਯੋਗ ਇੱਥੋਂ ਦੇ ਸੰਸਕਾਰਾਂ ਦਾ ਹਿੱਸਾ ਰਿਹਾ ਹੈ। ਮੈਂ ਉੜੀਸਾ ਦੀ ਧਰਤੀ ਤੋਂ ਪੂਰੇ ਦੇਸ਼ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਯੋਗ ਦਿਵਸ ਵਿੱਚ ਹਿੱਸਾ ਲੈਣ।
ਮੈਂ ਇੱਕ ਵਾਰ ਫਿਰ ਤੁਹਾਨੂੰ ਅੱਜ ਦੇ ਇਸ ਮੌਕੇ ਅਤੇ ਵਿਕਾਸ ਯੋਜਨਾਵਾਂ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਮਾਣਯੋਗ ਰਾਸ਼ਟਰਪਤੀ ਜੀ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ ਕਿ ਮੈਨੂੰ ਉਨ੍ਹਾਂ ਨਾਲ ਉਨ੍ਹਾਂ ਦੀ ਕਰਮ-ਭੂਮੀ ਦੇਖਣ ਦਾ ਮੌਕਾ ਮਿਲਿਆ। ਇੱਕ ਵਾਰ ਫਿਰ ਉਨ੍ਹਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ।
ਬਹੁਤ-ਬਹੁਤ ਧੰਨਵਾਦ।
ਜੈ ਜਗਨਨਾਥ।
ਜੈ ਜਗਨਨਾਥ।
ਜੈ ਜਗਨਨਾਥ।
**********
ਐਮਜੇਪੀਐਸ/ਐਸਐਸ/ਵੀਜੇ
(रिलीज़ आईडी: 2276580)
आगंतुक पटल : 3