ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 20-21 ਜੂਨ ਨੂੰ ਪੱਛਮ ਬੰਗਾਲ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ 20 ਜੂਨ ਨੂੰ ਹੁਗਲੀ ਵਿੱਚ ਪੱਛਮ ਬੰਗਾਲ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ

ਪ੍ਰਧਾਨ ਮੰਤਰੀ ਰੇਲਵੇ, ਖੇਤੀਬਾੜੀ, ਪੇਂਡੂ ਵਿਕਾਸ, ਮੱਛੀ ਪਾਲਣ ਅਤੇ ਪਸ਼ੂ ਪਾਲਣ ਖੇਤਰਾਂ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ, ਸਮਰਪਣ ਅਤੇ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਪੱਛਮ ਬੰਗਾਲ ਵਿੱਚ ਕਈ ਮਹੱਤਵਪੂਰਨ ਕੇਂਦਰੀ ਖੇਤੀਬਾੜੀ ਯੋਜਨਾਵਾਂ ਦੀ ਸ਼ੁਰੂਆਤ ਕਰਨਗੇ

ਇਨ੍ਹਾਂ ਯੋਜਨਾਵਾਂ ਵਿੱਚ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ, ਐਗ੍ਰੀ ਸਟੈਕ, ਕੁਦਰਤੀ ਖੇਤੀ ’ਤੇ ਰਾਸ਼ਟਰੀ ਮਿਸ਼ਨ ਅਤੇ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਸ਼ਾਮਲ ਹਨ

ਪ੍ਰਧਾਨ ਮੰਤਰੀ 18,880 ਕਰੋੜ ਰੁਪਏ ਦੀ 23ਵੀਂ ਪ੍ਰਧਾਨ ਮੰਤਰੀ-ਕਿਸਾਨ ਕਿਸ਼ਤ ਜਾਰੀ ਕਰਨਗੇ, ਜਿਸ ਨਾਲ ਦੇਸ਼ ਭਰ ਦੇ 9.44 ਕਰੋੜ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਵੇਗਾ

ਪ੍ਰਧਾਨ ਮੰਤਰੀ ਕੋਲਕਾਤਾ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ ’ਤੇ ਸਵਦੇਸ਼ੀ ਤੌਰ ’ਤੇ ਡਿਜਾਈਨ ਅਤੇ ਬਣੇ ਤਿੰਨ ਜਲ ਸੈਨਾ ਜਹਾਜ਼ਾਂ-ਆਈਐੱਨਐੱਸ ਦੂਨਾਗਿਰੀ, ਆਈਐੱਨਐੱਸ ਸੰਸ਼ੋਧਕ ਅਤੇ ਆਈਐੱਨਐੱਸ ਅਗ੍ਰਯ ਦੀ ਸ਼ੁਰੂਆਤ ਕਰਨਗੇ

ਇਨ੍ਹਾਂ ਜਹਾਜ਼ਾਂ ਦਾ ਨਿਰਮਾਣ ਭਾਰਤੀ ਉਦਯੋਗ ਦੀ ਵਿਆਪਕ ਭਾਗੀਦਾਰੀ ਨਾਲ ਕੀਤਾ ਗਿਆ ਹੈ, ਜਿਸ ਵਿੱਚ 200 ਤੋਂ ਵੱਧ ਲਘੂ ਅਤੇ ਮੱਧਮ ਉੱਦਮ (ਐੱਮਐੱਸਐੱਮਈ) ਸ਼ਾਮਲ ਹਨ

ਪ੍ਰਧਾਨ ਮੰਤਰੀ 21 ਜੂਨ ਨੂੰ ਕੋਲਕਾਤਾ ਵਿੱਚ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੀ ਅਗਵਾਈ ਕਰਨਗੇ

ਯੋਗ ਦਿਵਸ 2026 ਦਾ ਵਿਸ਼ਾ: "ਤੰਦਰੁਸਤ ਬੁਢਾਪੇ ਲਈ ਯੋਗ"

Posted On: 19 JUN 2026 11:54AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20-21 ਜੂਨ, 2026 ਨੂੰ ਪੱਛਮ ਬੰਗਾਲ ਦਾ ਦੌਰਾ ਕਰਨਗੇ। 20 ਜੂਨ ਨੂੰ ਦੁਪਹਿਰ ਲਗਭਗ 3:45 ਵਜੇ, ਪ੍ਰਧਾਨ ਮੰਤਰੀ ਹੁਗਲੀ ਜ਼ਿਲ੍ਹੇ ਦੇ ਤਾਰਕੇਸ਼ਵਰ ਵਿੱਚ ਪੱਛਮ ਬੰਗਾਲ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਉਹ ਪੱਛਮ ਬੰਗਾਲ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਣਗੇ। ਉਹ ਇਸ ਮੌਕੇ ਸਭਾ ਨੂੰ ਸੰਬੋਧਨ ਵੀ ਕਰਨਗੇ।

21 ਜੂਨ ਨੂੰ ਸਵੇਰੇ ਲਗਭਗ 6:30 ਵਜੇ ਪ੍ਰਧਾਨ ਮੰਤਰੀ ਕੋਲਕਾਤਾ ਵਿੱਚ ਆਯੋਜਿਤ ਹੋਣ ਵਾਲੇ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਉਹ ਇਸ ਮੌਕੇ ਸਭਾ ਨੂੰ ਸੰਬੋਧਨ ਕਰਨਗੇ।

ਇਸ ਤੋਂ ਬਾਅਦ, ਸਵੇਰੇ ਲਗਭਗ 9:15 ਵਜੇ, ਪ੍ਰਧਾਨ ਮੰਤਰੀ ਕੋਲਕਾਤਾ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ ’ਤੇ ਸਵਦੇਸ਼ੀ ਤੌਰ ’ਤੇ ਡਿਜਾਈਨ ਅਤੇ ਬਣੇ ਤਿੰਨ ਜਲ ਸੈਨਾ ਜਹਾਜ਼ਾਂ-ਆਈਐੱਨਐੱਸ ਦੂਨਾਗਿਰੀ, ਆਈਐੱਨਐੱਸ ਸੰਸ਼ੋਧਕ ਅਤੇ ਆਈਐੱਨਐੱਸ ਅਗ੍ਰਯ ਦੀ ਸ਼ੁਰੂਆਤ ਕਰਨਗੇ। ਉਹ ਇਸ ਮੌਕੇ ਸਭਾ ਨੂੰ ਸੰਬੋਧਨ ਵੀ ਕਰਨਗੇ।

ਹੁਗਲੀ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਪੱਛਮ ਬੰਗਾਲ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਰਾਜ ਪੱਧਰੀ ਸਮਾਰੋਹ ਹੁਗਲੀ ਦੇ ਤਾਰਕੇਸ਼ਵਰ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ, ਜੋ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨਾਲ ਜੁੜਿਆ ਇੱਕ ਇਤਿਹਾਸਕ ਮਹੱਤਵ ਦਾ ਸਥਾਨ ਹੈ।

ਇਸ ਸਾਲ ਦੇ ਪੱਛਮ ਬੰਗਾਲ ਦਿਵਸ ਦਾ ਵਿਸ਼ਾ: "ਪੱਛਮ ਬੰਗਾਲ: ਵਿਰਾਸਤ, ਸਦਭਾਵਨਾ ਅਤੇ ਵਿਕਾਸ," ਰਾਜ ਦੀ ਸੱਭਿਆਚਾਰਕ ਖੁਸ਼ਹਾਲੀ, ਸਮਾਜਿਕ ਏਕਤਾ ਅਤੇ ਵਿਕਾਸਵਾਦੀ ਇੱਛਾਵਾਂ ਨੂੰ ਦਰਸਾਉਂਦਾ ਹੈ।

ਇਸ ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਣਗੇ। ਰੇਲਵੇ, ਖੇਤੀਬਾੜੀ, ਪੇਂਡੂ ਵਿਕਾਸ, ਮੱਛੀ ਪਾਲਣ ਅਤੇ ਪਸ਼ੂ ਪਾਲਣ ਵਰਗੇ ਖੇਤਰਾਂ ਵਿੱਚ ਫੈਲੀਆਂ ਇਹ ਪਹਿਲਕਦਮੀਆਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੀਆਂ, ਆਜੀਵਿਕਾ ਵਿੱਚ ਸੁਧਾਰ ਲਿਆਉਣਗੀਆਂ, ਕਿਸਾਨਾਂ ਦੀ ਭਲਾਈ ਨੂੰ ਵਧਾਉਣਗੀਆਂ ਅਤੇ ਪੂਰੇ ਰਾਜ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਗਤੀ ਪ੍ਰਦਾਨ ਕਰਨਗੀਆਂ।

ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੀ 23ਵੀਂ ਕਿਸ਼ਤ ਜਾਰੀ ਕਰਨਗੇ। ਇਸ ਕਿਸ਼ਤ ਦੇ ਤਹਿਤ, ਦੇਸ਼ ਭਰ ਦੇ 9.44 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 18,880 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟ੍ਰਾਂਸਫਰ ਕੀਤੀ ਜਾਵੇਗੀ।

ਇਕੱਲੇ ਪੱਛਮ ਬੰਗਾਲ ਵਿੱਚ ਹੀ 45 ਲੱਖ ਤੋਂ ਵੱਧ ਲਾਭਪਾਤਰੀਆਂ ਦੇ ਖਾਤਿਆਂ ਵਿੱਚ 900 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਮ੍ਹਾਂ ਕੀਤੀ ਜਾਵੇਗੀ, ਜਿਸ ਨਾਲ ਰਾਜ ਵਿੱਚ ਇਸ ਯੋਜਨਾ ਦੇ ਤਹਿਤ ਕੁੱਲ ਵੰਡੀ ਗਈ ਰਾਸ਼ੀ 15,000 ਕਰੋੜ ਰੁਪਏ ਤੋਂ ਵੱਧ ਹੋ ਜਾਵੇਗੀ। 2019 ਵਿੱਚ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਦੇਸ਼ ਭਰ ਵਿੱਚ ਕੁੱਲ ਵੰਡੀ ਗਈ ਰਾਸ਼ੀ 4.46 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ ਹੈ।

ਪ੍ਰਧਾਨ ਮੰਤਰੀ ਪੱਛਮ ਬੰਗਾਲ ਵਿੱਚ ਕਈ ਮਹੱਤਵਪੂਰਨ ਕੇਂਦਰੀ ਖੇਤੀਬਾੜੀ ਯੋਜਨਾਵਾਂ ਦੀ ਸ਼ੁਰੂਆਤ ਕਰਨਗੇ। ਇਨ੍ਹਾਂ ਯੋਜਨਾਵਾਂ ਵਿੱਚ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ, ਡਿਜੀਟਲ ਖੇਤੀਬਾੜੀ ਮਿਸ਼ਨ ਦੇ ਤਹਿਤ ਐਗ੍ਰੀ ਸਟੈਕ, ਕੁਦਰਤੀ ਖੇਤੀ ’ਤੇ ਰਾਸ਼ਟਰੀ ਮਿਸ਼ਨ ਅਤੇ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਸ਼ਾਮਲ ਹਨ।

ਪ੍ਰਧਾਨ ਮੰਤਰੀ ਪੱਛਮ ਬੰਗਾਲ ਵਿੱਚ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਦੀ ਸ਼ੁਰੂਆਤ ਕਰਨਗੇ, ਜਿਸ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਫ਼ਸਲ ਬੀਮਾ ਯੋਜਨਾ ਦਾ ਲਾਭ ਰਾਜ ਦੇ ਕਿਸਾਨਾਂ ਤੱਕ ਪਹੁੰਚੇਗਾ। 2026-27 ਦੌਰਾਨ, ਇਸ ਪਹਿਲਕਦਮੀ ਦਾ ਉਦੇਸ਼ ਪੱਛਮ ਬੰਗਾਲ ਰਾਜ ਵਿੱਚ ਲਗਭਗ 14 ਲੱਖ ਹੈਕਟੇਅਰ ਖੇਤੀਬਾੜੀ ਯੋਗ ਜ਼ਮੀਨ ’ਤੇ ਲਗਭਗ 50 ਲੱਖ ਕਿਸਾਨਾਂ ਨੂੰ ਬੀਮਾ ਕਵਰੇਜ ਪ੍ਰਦਾਨ ਕਰਨਾ ਹੈ, ਜਿਸ ਨਾਲ ਲਗਭਗ 28,140 ਕਰੋੜ ਰੁਪਏ ਦੇ ਅਨੁਮਾਨਿਤ ਬੀਮਾ ਕੀਤੇ ਮੁੱਲ ਦੀਆਂ ਫ਼ਸਲਾਂ ਦੀ ਸੁਰੱਖਿਆ ਹੋ ਸਕੇਗੀ ਅਤੇ ਕਿਸਾਨਾਂ ਨੂੰ ਢੁਕਵੀਂ ਪ੍ਰੀਮੀਅਮ ਸਬਸਿਡੀ ਦੇ ਮਾਧਿਅਮ ਰਾਹੀਂ ਸਹਾਇਤਾ ਪ੍ਰਦਾਨ ਕੀਤੀ ਜਾ ਸਕੇਗੀ।

 

ਡਿਜੀਟਲ ਖੇਤੀਬਾੜੀ ਮਿਸ਼ਨ ਦੇ ਤਹਿਤ, ਪ੍ਰਧਾਨ ਮੰਤਰੀ ਪੱਛਮ ਬੰਗਾਲ ਵਿੱਚ ਐਗ੍ਰੀਸਟੈਕ ਦੀ ਸ਼ੁਰੂਆਤ ਕਰਨਗੇ। ਇਸ ਦੇ ਤਹਿਤ ਖਾਦ ਵੰਡ, ਕਿਸਾਨ ਕ੍ਰੈਡਿਟ ਕਾਰਡ, ਸਿੱਧਾ ਲਾਭ ਟ੍ਰਾਂਸਫਰ (ਡੀਬੀਟੀ) ਅਤੇ ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਦੇ ਤਹਿਤ ਖ਼ਰੀਦ ਵਰਗੀਆਂ ਪ੍ਰਮਾਣਿਤ ਖੇਤੀਬਾੜੀ ਸਬੰਧੀ ਸੇਵਾਵਾਂ ਲਈ ਇੱਕ ਏਕੀਕ੍ਰਿਤ ਡਿਜੀਟਲ ਪਲੇਟਫਾਰਮ ਉਪਲਬਧ ਹੋਵੇਗਾ। ਇਹ ਪਹਿਲਕਦਮੀ ਖੇਤੀਬਾੜੀ ਖੇਤਰ ਵਿੱਚ ਡਿਜੀਟਲ ਸ਼ਾਸਨ ਨੂੰ ਮਜ਼ਬੂਤ ਕਰੇਗੀ ਅਤੇ ਕਿਸਾਨ-ਕੇਂਦ੍ਰਿਤ ਸੇਵਾਵਾਂ ਦੀ ਕੁਸ਼ਲ ਵੰਡ ਨੂੰ ਸੁਗਮ ਬਣਾਏਗੀ।

ਪ੍ਰਧਾਨ ਮੰਤਰੀ ਪੱਛਮ ਬੰਗਾਲ ਵਿੱਚ ਟਿਕਾਊ, ਰਸਾਇਣ-ਮੁਕਤ ਖੇਤੀ ਨੂੰ ਹੁਲਾਰਾ ਦੇਣ ਲਈ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਦੀ ਸ਼ੁਰੂਆਤ ਕਰਨਗੇ, ਜੋ ਕਿ ਰਵਾਇਤੀ ਭਾਰਤੀ ਪੱਧਤੀਆਂ ’ਤੇ ਅਧਾਰਿਤ ਹੈ। ਸਾਲ 2026-27 ਲਈ ਪ੍ਰਵਾਨਿਤ ਸਾਲਾਨਾ ਕਾਰਜ ਯੋਜਨਾ ਦੇ ਤਹਿਤ, ਰਾਜ 17,300 ਹੈਕਟੇਅਰ ਵਿੱਚ ਫੈਲੇ 346 ਕੁਦਰਤੀ ਖੇਤੀ ਕਲੱਸਟਰ ਸਥਾਪਿਤ ਕਰੇਗਾ, ਨਾਲ ਹੀ ਬਾਇਓ-ਇਨਪੁਟ ਸਰੋਤ ਕੇਂਦਰ ਬਣਾਏਗਾ ਅਤੇ ਵਾਤਾਵਰਣ ਦੇ ਅਨੁਕੂਲ ਖੇਤੀ ਪੱਧਤੀਆਂ ਨੂੰ ਉਤਸ਼ਾਹਿਤ ਕਰਨ ਲਈ ਕ੍ਰਿਸ਼ੀ ਸਖੀਆਂ ਨੂੰ ਸਰਗਰਮ ਕਰੇਗਾ।

ਏਕੀਕ੍ਰਿਤ ਖੇਤੀਬਾੜੀ ਵਿਕਾਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪ੍ਰਧਾਨ ਮੰਤਰੀ ਪੱਛਮ ਬੰਗਾਲ ਵਿੱਚ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ (ਪੀਐੱਮਡੀਡੀਕੇਵਾਈ) ਦਾ ਲਾਗੂਕਰਨ ਵੀ ਸ਼ੁਰੂ ਕਰਨਗੇ। ਇਹ ਯੋਜਨਾ ਪੁਰੂਲੀਆ, ਦਾਰਜੀਲਿੰਗ, ਅਲੀਪੁਰਦੁਆਰ ਅਤੇ ਝਾੜਗ੍ਰਾਮ ਜ਼ਿਲ੍ਹਿਆਂ ਨੂੰ ਕਵਰ ਕਰੇਗੀ ਅਤੇ ਖੇਤੀਬਾੜੀ ਉਤਪਾਦਕਤਾ ਵਿੱਚ ਸੁਧਾਰ, ਫ਼ਸਲੀ ਵਿਭਿੰਨਤਾ ਅਤੇ ਟਿਕਾਊ ਖੇਤੀ ਨੂੰ ਹੁਲਾਰਾ ਦੇਣ, ਫ਼ਸਲ ਦੀ ਵਾਢੀ ਤੋਂ ਬਾਅਦ ਦੇ ਬੁਨਿਆਦੀ ਢਾਂਚੇ ਅਤੇ ਸਿੰਚਾਈ ਸਹੂਲਤਾਂ ਨੂੰ ਮਜ਼ਬੂਤ ਕਰਨ, ਸੰਸਥਾਗਤ ਕਰਜ਼ੇ ਤੱਕ ਪਹੁੰਚ ਵਧਾਉਣ ਅਤੇ ਸਮੁੱਚੇ ਪੇਂਡੂ ਵਿਕਾਸ ਲਈ ਕਈ ਕੇਂਦਰੀ ਅਤੇ ਰਾਜ ਯੋਜਨਾਵਾਂ ਦੇ ਤਾਲਮੇਲ ਨੂੰ ਯਕੀਨੀ ਬਣਾਉਣ ’ਤੇ ਕੇਂਦ੍ਰਿਤ ਹੋਵੇਗੀ।

ਪ੍ਰਧਾਨ ਮੰਤਰੀ ਦੱਖਣੀ 24 ਪਰਗਨਾ ਦੇ ਫ੍ਰੇਜ਼ਰਗੰਜ ਵਿੱਚ ਆਧੁਨਿਕ ਅਤੇ ਸਮਰੱਥਾ-ਵਿਸਤਾਰਿਤ ਮੱਛੀ ਪਾਲਣ ਬੰਦਰਗਾਹ ਅਤੇ ਬੀਰਭੂਮ ਦੇ ਸੈਂਥੀਆ ਵਿੱਚ ਨਵੇਂ ਬਣੇ ਆਧੁਨਿਕ ਮੱਛੀ ਬਾਜ਼ਾਰ ਦਾ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਮੱਛੀ ਪਾਲਣ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਮਿਲੇਗੀ, ਫ਼ਸਲ ਦੀ ਵਾਢੀ ਤੋਂ ਬਾਅਦ ਦੇ ਪ੍ਰਬੰਧਨ ਵਿੱਚ ਸੁਧਾਰ ਹੋਵੇਗਾ ਅਤੇ ਮੱਛੀ ਉਤਪਾਦਕਾਂ ਅਤੇ ਵਪਾਰੀਆਂ ਨੂੰ ਬਿਹਤਰ ਮੰਡੀਕਰਨ ਸਹੂਲਤਾਂ ਮਿਲਣਗੀਆਂ।

ਪ੍ਰਧਾਨ ਮੰਤਰੀ ਨਾਦੀਆ ਜ਼ਿਲ੍ਹੇ ਦੇ ਹਰਿੰਗਹਾਟਾ ਵਿੱਚ ਬੱਕਰੀਆਂ ਲਈ ਸਥਾਪਿਤ ਰੀਜਨਲ ਸੀਮਨ ਪ੍ਰੋਡਕਸ਼ਨ ਲੈਬਾਰਟਰੀ ਅਤੇ ਸੀਮਨ ਬੈਂਕ ਦਾ ਵੀ ਉਦਘਾਟਨ ਕਰਨਗੇ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਰਾਸ਼ਟਰੀ ਪਸ਼ੂ ਧਨ ਮਿਸ਼ਨ ਦੇ ਤਹਿਤ ਸਥਾਪਿਤ, ਇਹ ਪੂਰਬੀ ਭਾਰਤ ਦੀ ਆਪਣੇ ਆਪ ਵਿੱਚ ਪਹਿਲੀ ਅਜਿਹੀ ਸਹੂਲਤ ਹੈ ਅਤੇ ਵਿਗਿਆਨਕ ਪਸ਼ੂ ਧਨ ਪ੍ਰਜਨਨ, ਜੈਨੇਟਿਕ ਸੁਧਾਰ ਅਤੇ ਉਤਪਾਦਕਤਾ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗੀ।

 

ਪ੍ਰਧਾਨ ਮੰਤਰੀ ਲਗਭਗ 590 ਕਰੋੜ ਰੁਪਏ ਦੇ ਮਹੱਤਵਪੂਰਨ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਇਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਹਾਵੜਾ ਜ਼ਿਲ੍ਹੇ ਵਿੱਚ ਸੰਕਰਾਈਲ-ਸੰਤਰਾਗਾਛੀ ਲਿੰਕ ਲਾਈਨ ਪ੍ਰੋਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਪੂਰਬੀ ਭਾਰਤ ਦੇ ਸਭ ਤੋਂ ਵਿਅਸਤ ਰੇਲ ਕੌਰੀਡੋਰਾਂ ਵਿੱਚੋਂ ਇੱਕ ’ਤੇ ਭੀੜ ਨੂੰ ਘੱਟ ਕਰਨ, ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਯਾਤਰੀ ਤੇ ਮਾਲ ਗੱਡੀਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। 

ਪ੍ਰਧਾਨ ਮੰਤਰੀ ਹਾਵੜਾ ਵਿੱਚ 300 ਬੈੱਡਾਂ ਵਾਲੇ ਨਵੇਂ ਡਿਵੀਜ਼ਨਲ ਰੇਲਵੇ ਹਸਪਤਾਲ ਦਾ ਨੀਂਹ ਪੱਥਰ ਰੱਖਣਗੇ। ਆਧੁਨਿਕ ਸਿਹਤ ਸਹੂਲਤਾਂ, ਉੱਨਤ ਜਾਂਚ ਸਹੂਲਤਾਂ, ਮਾਹਰ ਡਾਕਟਰੀ ਸੇਵਾਵਾਂ ਅਤੇ ਐਮਰਜੈਂਸੀ ਦੇਖਭਾਲ ਦੀਆਂ ਸਹੂਲਤਾਂ ਨਾਲ ਲੈਸ ਇਹ ਹਸਪਤਾਲ ਰੇਲਵੇ ਲਾਭਪਾਤਰੀਆਂ ਅਤੇ ਖੇਤਰ ਦੇ ਲੋਕਾਂ ਲਈ ਸਿਹਤ ਸੇਵਾਵਾਂ ਨੂੰ ਮਹੱਤਵਪੂਰਨ ਤੌਰ ’ਤੇ ਮਜ਼ਬੂਤ ਕਰੇਗਾ।

ਪ੍ਰਧਾਨ ਮੰਤਰੀ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਵਿੱਚ ਹੌਰ ਅਤੇ ਰਾਧਾਮੋਹਨਪੁਰ ਵਿਚਕਾਰ ਬਣਨ ਵਾਲੇ ਓਵਰਬ੍ਰਿਜ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਜੈਕਟ ਰੇਲ ਅਤੇ ਸੜਕ ਦੋਵਾਂ ਉਪਭੋਗਤਾਵਾਂ ਦੀ ਸੁਰੱਖਿਆ ਨੂੰ ਵਧਾਏਗਾ ਅਤੇ ਆਵਾਜਾਈ ਦੀ ਸੁਚਾਰੂ ਅਤੇ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਏਗਾ।

ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ-III) ਦੇ ਤਹਿਤ ਵਿਕਸਿਤ ਕੀਤੇ ਗਏ 49 ਸੜਕ ਬੁਨਿਆਦੀ ਢਾਂਚੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪੱਛਮ ਬੰਗਾਲ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਫੈਲੇ 315 ਕਿਲੋਮੀਟਰ ਤੋਂ ਵੱਧ ਦੀ ਕੁੱਲ ਲੰਬਾਈ ਵਾਲੇ ਇਹ ਪ੍ਰੋਜੈਕਟ ਪੇਂਡੂ ਸੰਪਰਕ ਨੂੰ ਬਿਹਤਰ ਬਣਾਉਣਗੇ, ਮੰਡੀਆਂ, ਵਿਦਿਅਕ ਸੰਸਥਾਵਾਂ ਅਤੇ ਸਿਹਤ ਸਹੂਲਤਾਂ ਤੱਕ ਪਹੁੰਚ ਨੂੰ ਸੁਗਮ ਬਣਾਉਣਗੇ ਅਤੇ ਸੰਤੁਲਿਤ ਖੇਤਰੀ ਵਿਕਾਸ ਵਿੱਚ ਯੋਗਦਾਨ ਪਾਉਣਗੇ।

ਇਹ ਪ੍ਰੋਜੈਕਟ ਸਮੂਹਿਕ ਤੌਰ ’ਤੇ ਪੱਛਮ ਬੰਗਾਲ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਕਿਸਾਨਾਂ ਨੂੰ ਸਮਰੱਥ ਬਣਾਉਣ, ਆਜੀਵਿਕਾ ਵਿੱਚ ਸੁਧਾਰ ਲਿਆਉਣ ਅਤੇ ਨਵੇਂ ਆਰਥਿਕ ਮੌਕੇ ਪੈਦਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹਨ। ਇਹ ਪਹਿਲਕਦਮੀਆਂ ਸਮਾਵੇਸ਼ੀ ਵਿਕਾਸ, ਆਧੁਨਿਕ ਬੁਨਿਆਦੀ ਢਾਂਚੇ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇ ਕੇ ਇੱਕ ਵਿਕਸਿਤ ਪੱਛਮ ਬੰਗਾਲ ਅਤੇ ਵਿਕਸਿਤ ਭਾਰਤ ਦੀ ਪਰਿਕਲਪਨਾ ਵਿੱਚ ਮਹੱਤਵਪੂਰਨ ਯੋਗਦਾਨ ਦੇਣਗੀਆਂ।

 

ਕੋਲਕਾਤਾ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੋਲਕਾਤਾ ਦੇ ਰੈੱਡ ਰੋਡ ਤੋਂ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਰਾਸ਼ਟਰੀ ਆਯੋਜਨ ਦੀ ਅਗਵਾਈ ਕਰਨਗੇ। ਪ੍ਰਧਾਨ ਮੰਤਰੀ ਸਭਾ ਨੂੰ ਸੰਬੋਧਨ ਕਰਨਗੇ ਅਤੇ ਹਜ਼ਾਰਾਂ ਯੋਗ ਅਭਿਆਸੀਆਂ ਨਾਲ ਕੌਮਨ ਯੋਗ ਪ੍ਰੋਟੋਕੋਲ ਸੈਸ਼ਨ ਵਿੱਚ ਹਿੱਸਾ ਲੈਣਗੇ।

ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਵਿਸ਼ਾ, "ਤੰਦਰੁਸਤ ਬੁਢਾਪੇ ਲਈ ਯੋਗ", ਸਰੀਰਕ ਸਿਹਤ, ਮਾਨਸਿਕ ਤੰਦਰੁਸਤੀ, ਭਾਵਨਾਤਮਕ ਦ੍ਰਿੜ੍ਹਤਾ ਅਤੇ ਸਰਗਰਮ ਬੁਢਾਪੇ ਨੂੰ ਹੁਲਾਰਾ ਦੇਣ ਵਿੱਚ ਯੋਗ ਦੀ ਭੂਮਿਕਾ ’ਤੇ ਚਾਨਣਾ ਪਾਉਂਦਾ ਹੈ, ਜਿਸ ਨਾਲ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ। ਇਹ ਵਿਸ਼ਾ ਖ਼ਾਸ ਤੌਰ ’ਤੇ ਜੀਵਨ ਸੰਭਾਵਨਾ ਵਿੱਚ ਵਾਧੇ ਅਤੇ ਤੰਦਰੁਸਤ, ਸਰਗਰਮ ਅਤੇ ਮਾਣਮੱਤੇ ਬੁਢਾਪੇ ’ਤੇ ਵਧਦੇ ਜ਼ੋਰ ਦੇ ਇਸ ਦੌਰ ਵਿੱਚ ਪ੍ਰਸੰਗਿਕ ਹੈ। ਸਾਲ 2015 ਵਿੱਚ ਇਸ ਦੀ ਸਥਾਪਨਾ ਤੋਂ ਬਾਅਦ, ਜਦੋਂ ਸੰਯੁਕਤ ਰਾਸ਼ਟਰ ਮਹਾਸਭਾ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦੇ ਭਾਰਤ ਦੇ ਪ੍ਰਸਤਾਵ ਨੂੰ ਅਪਣਾਇਆ ਸੀ, ਤਦ ਤੋਂ ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ, ਚੰਡੀਗੜ੍ਹ, ਲਖਨਊ, ਮੈਸੂਰ, ਨਿਊਯਾਰਕ (ਸੰਯੁਕਤ ਰਾਸ਼ਟਰ ਮੁੱਖ ਦਫ਼ਤਰ), ਸ੍ਰੀਨਗਰ ਅਤੇ ਵਿਸ਼ਾਖਾਪਟਨਮ ਸਮੇਤ ਵੱਖ-ਵੱਖ ਸਥਾਨਾਂ ਤੋਂ ਸਮਾਰੋਹਾਂ ਦੀ ਅਗਵਾਈ ਕੀਤੀ ਹੈ।

ਯੋਗ ਦਿਵਸ ਸਮਾਰੋਹ ਵਿਸ਼ਵ ਭਰ ਵਿੱਚ ਲਗਭਗ 2,500 ਸਥਾਨਾਂ ’ਤੇ ਆਯੋਜਿਤ ਕੀਤੇ ਜਾ ਰਹੇ ਹਨ, ਜਿਸ ਵਿੱਚ 210 ਤੋਂ ਵੱਧ ਭਾਰਤੀ ਮਿਸ਼ਨ ਅਤੇ ਦੂਤਾਵਾਸਾਂ ਦੀ ਭਾਗੀਦਾਰੀ ਹੈ, ਜੋ ਸਿਹਤ, ਸਦਭਾਵਨਾ ਅਤੇ ਸਮੂਹਿਕ ਭਲਾਈ ਲਈ ਇੱਕ ਵਿਸ਼ਵਵਿਆਪੀ ਅੰਦੋਲਨ ਦੇ ਰੂਪ ਵਿੱਚ ਯੋਗ ਦੇ ਰੁਤਬੇ ਦੀ ਪੁਸ਼ਟੀ ਕਰਦਾ ਹੈ।

ਪ੍ਰਧਾਨ ਮੰਤਰੀ ਸਵਦੇਸ਼ੀ ਤੌਰ ’ਤੇ ਡਿਜਾਈਨ ਅਤੇ ਬਣੇ ਤਿੰਨ ਜਲ ਸੈਨਾ ਜਹਾਜ਼ਾਂ-ਉੱਨਤ ਸਟੀਲਥ ਫ੍ਰਿਗੇਟ ਆਈਐੱਨਐੱਸ ਦੂਨਾਗਿਰੀ, ਸਰਵੇਖਣ ਜਹਾਜ਼ (ਵੱਡਾ) ਆਈਐੱਨਐੱਸ ਸੰਸ਼ੋਧਕ ਅਤੇ ਪਣਡੁੱਬੀ-ਵਿਰੋਧੀ ਉਥਲੇ ਪਾਣੀ ਦੇ ਜਹਾਜ਼ ਆਈਐੱਨਐੱਸ ਅਗ੍ਰਯ ਦੀ ਸ਼ੁਰੂਆਤ ਵੀ ਕਰਨਗੇ।

 

ਇਨ੍ਹਾਂ ਦੇ ਜੁੜਨ ਨਾਲ ਦੇਸ਼ ਦੀਆਂ ਸੰਚਾਲਨ ਸਮਰੱਥਾਵਾਂ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ, ਸਮੁੰਦਰੀ ਖੇਤਰ ਬਾਰੇ ਜਾਗਰੂਕਤਾ ਵਧੇਗੀ ਅਤੇ ਭੂ-ਰਾਜਨੀਤਿਕ ਖ਼ਤਰਿਆਂ ਵਿਰੁੱਧ ਸਾਡੇ ਤੱਟਵਰਤੀ ਜਲ ਖੇਤਰ ਦੀ ਸੁਰੱਖਿਆ ਮਜ਼ਬੂਤ ਹੋਵੇਗੀ।

ਇਨ੍ਹਾਂ ਤਿੰਨਾਂ ਜਹਾਜ਼ਾਂ ਨੂੰ ਭਾਰਤੀ ਜਲ ਸੈਨਾ ਦੇ ਯੁੱਧਪੋਤ ਡਿਜਾਈਨ ਬਿਊਰੋ ਵੱਲੋਂ ਡਿਜਾਈਨ ਕੀਤਾ ਗਿਆ ਸੀ ਅਤੇ ਇਨ੍ਹਾਂ ਦਾ ਨਿਰਮਾਣ ਕੋਲਕਾਤਾ ਵਿੱਚ ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ (ਜੀਆਰਐੱਸਈ) ਵੱਲੋਂ ਕੀਤਾ ਗਿਆ ਸੀ, ਜਿਸ ਵਿੱਚ 200 ਤੋਂ ਵੱਧ ਲਘੂ ਅਤੇ ਮੱਧਮ ਉੱਦਮਾਂ ਸਮੇਤ ਭਾਰਤੀ ਉਦਯੋਗ ਦੀ ਵਿਆਪਕ ਭਾਗੀਦਾਰੀ ਸੀ। 75 ਪ੍ਰਤੀਸ਼ਤ ਤੋਂ ਵੱਧ ਸਵਦੇਸ਼ੀ ਸਮੱਗਰੀ ਨਾਲ ਬਣੇ ਇਹ ਜਹਾਜ਼ ਆਤਮਨਿਰਭਰਤਾ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਪ੍ਰਮਾਣ ਵੀ ਹਨ।

 

***************

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2275202) ਵਿਜ਼ੀਟਰ ਕਾਊਂਟਰ : 59