ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਫ਼ਰਾਂਸ ਦੇ ਐਵੀਅਨ ਵਿੱਚ ਆਯੋਜਿਤ ਜੀ-7 ਸਿਖ਼ਰ ਸੰਮੇਲਨ ਵਿੱਚ “ਨਵੀਆਂ ਭਾਗੀਦਾਰੀਆਂ ਦਾ ਨਿਰਮਾਣ ਅਤੇ ਅੰਤਰਰਾਸ਼ਟਰੀ ਇੱਕਜੁੱਟਤਾ ਦੀ ਮੁੜ ਸਥਾਪਨਾ” ਵਿਸ਼ੇ 'ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

Posted On: 16 JUN 2026 10:12PM by PIB Chandigarh

ਰਾਸ਼ਟਰਪਤੀ ਮੈਕਰੌਂ,

ਮਹਾਮਹਿਮ,

ਨਮਸਕਾਰ!

ਜੀ-7 ਸਿਖ਼ਰ ਸੰਮੇਲਨ ਵਿੱਚ ਸਾਡੇ ਨਿੱਘੇ ਸਵਾਗਤ ਲਈ ਮੈਂ ਰਾਸ਼ਟਰਪਤੀ ਮੈਕਰੌਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਦੋਸਤੋ,

ਅੱਜ ਦਾ ਵਿਸ਼ਵ ਪਹਿਲਾਂ ਨਾਲੋਂ ਕਿਤੇ ਵੱਧ ਆਪਸ ਵਿੱਚ ਜੁੜਿਆ ਹੋਇਆ ਅਤੇ ਇੱਕ-ਦੂਜੇ 'ਤੇ ਨਿਰਭਰ ਹੈ। ਕਿਸੇ ਵੀ ਦੇਸ਼ ਦੀ ਊਰਜਾ ਸੁਰੱਖਿਆ, ਖੁਰਾਕ ਸੁਰੱਖਿਆ, ਸਿਹਤ ਸੁਰੱਖਿਆ, ਸਾਈਬਰ ਸੁਰੱਖਿਆ ਅਤੇ ਆਰਥਿਕ ਖ਼ੁਸ਼ਹਾਲੀ ਸਿਰਫ਼ ਉਸ ਦੀਆਂ ਸਰਹੱਦਾਂ ਦੇ ਅੰਦਰ ਹੀ ਤੈਅ ਨਹੀਂ ਹੁੰਦੀ। ਗਤੀਸ਼ੀਲਤਾ, ਅੰਕੜੇ, ਪੂੰਜੀ ਅਤੇ ਤਕਨਾਲੋਜੀ ਸਾਨੂੰ ਆਪਸ ਵਿੱਚ ਜੋੜਦੇ ਹਨ।

ਅਜਿਹੇ ਸਮੇਂ ਵਿੱਚ ਭਾਗੀਦਾਰੀਆਂ ਦਾ ਮਹੱਤਵ ਸੁਭਾਵਕ ਤੌਰ 'ਤੇ ਵਧ ਜਾਂਦਾ ਹੈ। ਪਰ ਭਾਗੀਦਾਰੀਆਂ ਓਦੋਂ ਹੀ ਸਫ਼ਲ ਹੁੰਦੀਆਂ ਹਨ, ਜਦੋਂ ਉਨ੍ਹਾਂ ਦੇ ਕੇਂਦਰ ਵਿੱਚ ਭਰੋਸਾ ਹੋਵੇ। ਅੱਜ ਸਭ ਤੋਂ ਮਹੱਤਵਪੂਰਨ ਰਣਨੀਤਕ ਅਸਾਸੇ ਕੋਈ ਖਣਿਜ, ਤਕਨਾਲੋਜੀ ਜਾਂ ਬਾਜ਼ਾਰ ਨਹੀਂ, ਸਗੋਂ ਆਪਸੀ ਭਰੋਸਾ ਹੈ।

ਭਰੋਸਾ ਕਿ ਤਕਨਾਲੋਜੀ ਅਤੇ ਸਪਲਾਈ ਲੜੀਆਂ ਨੂੰ ਹਥਿਆਰ ਵਜੋਂ ਨਹੀਂ, ਸਗੋਂ ਆਲਮੀ ਭਲਾਈ ਲਈ ਵਰਤਿਆ ਜਾਵੇਗਾ। ਭਰੋਸਾ ਕਿ ਵਿਕਾਸ ਦੇ ਮੌਕੇ ਕੁਝ ਦੇਸ਼ਾਂ ਤੱਕ ਸੀਮਤ ਨਹੀਂ ਰਹਿਣਗੇ। ਭਰੋਸਾ ਕਿ ਵਿਸ਼ਵ ਪੱਧਰੀ ਸੰਸਥਾਵਾਂ ਸਾਰੇ ਦੇਸ਼ਾਂ ਦੀਆਂ ਆਸਾਂ ਨੂੰ ਪੂਰਾ ਕਰਨ ਦੇ ਯੋਗ ਹੋਣਗੀਆਂ।

ਦੋਸਤੋ,

ਪਿਛਲੀ ਸਦੀ ਵਿੱਚ ਮਨੁੱਖਤਾ ਨੂੰ ਦੋ ਵਿਸ਼ਵ ਯੁੱਧਾਂ ਵਿੱਚੋਂ ਲੰਘਣਾ ਪਿਆ। ਅਨੇਕਾਂ ਕੁਰਬਾਨੀਆਂ ਤੋਂ ਬਾਅਦ ਆਲਮੀ ਭਾਈਚਾਰੇ ਨੇ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਵੱਲ ਵਧਣ ਲਈ ਪ੍ਰਬੰਧ ਵਿਕਸਤ ਕੀਤੇ। ਇਨ੍ਹਾਂ ਪ੍ਰਬੰਧਾਂ ਦਾ ਮੂਲ ਵੀ ਭਰੋਸਾ ਹੀ ਸੀ।

ਪਰ ਅਨੇਕਾਂ ਦਹਾਕਿਆਂ ਅਤੇ ਅਨੇਕਾਂ ਪੀੜ੍ਹੀਆਂ ਦੇ ਯੋਗਦਾਨ ਨਾਲ ਬਣੇ ਇਸ ਭਰੋਸੇ ਨੂੰ ਅੱਜ ਝਟਕਾ ਲੱਗ ਰਿਹਾ ਹੈ। ਕੋਵਿਡ ਨੇ ਸਾਨੂੰ ਸ਼ੀਸ਼ਾ ਦਿਖਾਇਆ ਕਿ ਭਰੋਸੇ ਅਤੇ ਇਕਜੁੱਟਤਾ ਦੇ ਦਾਅਵੇ ਕਿੰਨੇ ਖੋਖਲੇ ਸਨ।

ਅੱਜ ਦੁਨੀਆ ਸਰੋਤਾਂ ਦੀ ਘਾਟ ਨਾਲ ਨਹੀਂ, ਸਗੋਂ ਭਰੋਸੇ ਦੀ ਘਾਟ ਨਾਲ ਜੂਝ ਰਹੀ ਹੈ। ਅਤੇ ਸਾਡੀਆਂ ਭਾਗੀਦਾਰੀਆਂ ਦਾ ਭਵਿੱਖ ਇਸ ਭਰੋਸੇ ਦੇ ਨਿਰਮਾਣ 'ਤੇ ਨਿਰਭਰ ਕਰਦਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਕਿਹਾ ਸੀ: “ਭਰੋਸਾ ਕਰੋ, ਪਰ ਪੜਤਾਲ ਵੀ ਕਰੋ।” ਇਹ ਅੱਜ ਦੇ ਸਮੇਂ ਵਿੱਚ ਵੀ ਓਨਾ ਹੀ ਪ੍ਰਸੰਗਕ ਹੈ। ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡਾ ਫ਼ਰਜ਼ ਹੈ ਕਿ ਅਸੀਂ ਨਵੇਂ ਯੁੱਗ ਦੇ ਅਨੁਕੂਲ ਭਰੋਸੇਯੋਗ ਨਿਯਮ-ਆਧਾਰਤ ਵਿਵਸਥਾ ਦਾ ਨਿਰਮਾਣ ਕਰੀਏ।

ਦੋਸਤੋ,

ਭਾਰਤ ਨੇ ਸਦਾ ਹੀ ਵਿਸ਼ਵ ਨੂੰ ਇੱਕ ਪਰਿਵਾਰ ਵਜੋਂ ਦੇਖਿਆ ਹੈ। ਸਾਡੇ ਸਾਰੇ ਯਤਨ “ਸਰਵਜਨ ਹਿਤਾਏ, ਸਰਵਜਨ ਸੁਖਾਏ” ਭਾਵ ਸਾਰਿਆਂ ਦੀ ਭਲਾਈ ਅਤੇ ਸਾਰਿਆਂ ਦੀ ਖੁਸ਼ੀ ਦੇ ਮੂਲ ਸਿਧਾਂਤ 'ਤੇ ਆਧਾਰਤ ਰਹੇ ਹਨ।

ਭਾਰਤ ਦਾ ਤਜਰਬਾ ਦਰਸਾਉਂਦਾ ਹੈ ਕਿ ਵਿਕਾਸ ਸਭ ਤੋਂ ਵੱਧ ਪ੍ਰਭਾਵਸ਼ਾਲੀ ਓਦੋਂ ਹੁੰਦਾ ਹੈ ਜਦੋਂ ਉਹ ਲੋਕਾਂ ਦੀਆਂ ਆਸਾਂ ਨਾਲ ਜੁੜਿਆ ਹੋਵੇ। ਇਹੀ ਸਿਧਾਂਤ ਸਾਡੀਆਂ ਅੰਤਰਰਾਸ਼ਟਰੀ ਭਾਗੀਦਾਰੀਆਂ ਦਾ ਵੀ ਮੂਲ ਹੈ। ਇਸੇ ਸੋਚ ਨਾਲ ਭਾਰਤ ਨੇ ਅੰਤਰਰਾਸ਼ਟਰੀ ਸੌਰ ਗਠਜੋੜ, ਆਫ਼ਤ-ਰੋਧੀ ਬੁਨਿਆਦੀ ਢਾਂਚੇ ਲਈ ਗਠਜੋੜ, ਵਿਸ਼ਵ ਜੈਵ-ਈਂਧਨ ਗਠਜੋੜ, ਮਿਸ਼ਨ ਲਾਈਫ਼ ਅਤੇ “ਏਕ ਪੇੜ ਮਾਂ ਕੇ ਨਾਮ” ਵਰਗੀਆਂ ਵਿਸ਼ਵ ਪੱਧਰੀ ਪਹਿਲਕਦਮੀਆਂ ਨੂੰ ਅੱਗੇ ਵਧਾਇਆ ਹੈ।

ਸੰਕਟ ਦੇ ਸਮੇਂ ਭਾਰਤ ਨੇ ਸਭ ਤੋਂ ਪਹਿਲਾਂ ਮਦਦ ਪਹੁੰਚਾਉਣ ਵਾਲੇ ਦੇਸ਼ ਵਜੋਂ ਸਾਰੇ ਦੇਸ਼ਾਂ ਦੀ ਸਹਾਇਤਾ ਕਰਨਾ ਆਪਣਾ ਫ਼ਰਜ਼ ਸਮਝਿਆ ਹੈ। ਕੋਵਿਡ ਮਹਾਮਾਰੀ ਦੌਰਾਨ ਭਾਰਤ ਨੇ ਡੇਢ ਸੌ ਤੋਂ ਵੱਧ ਦੇਸ਼ਾਂ ਨੂੰ ਦਵਾਈਆਂ ਅਤੇ ਵੈਕਸੀਨ ਉਪਲਬਧ ਕਰਵਾਏ।

ਸ਼੍ਰੀਲੰਕਾ ਵਿੱਚ ਚੱਕਰਵਾਤ ਹੋਵੇ, ਅਫ਼ਗਾਨਿਸਤਾਨ ਵਿੱਚ ਭੂਚਾਲ ਹੋਵੇ, ਮੋਜ਼ਾਮਬੀਕ ਵਿੱਚ ਹੜ੍ਹ ਹੋਣ ਜਾਂ ਕਿਊਬਾ ਅਤੇ ਜਮੈਕਾ ਵਿੱਚ ਤੂਫ਼ਾਨ, ਭਾਰਤ ਨੇ ਸਦਾ “ਮਨੁੱਖਤਾ ਸਭ ਤੋਂ ਪਹਿਲਾਂ” ਦੇ ਸਿਧਾਂਤ 'ਤੇ ਕੰਮ ਕੀਤਾ ਹੈ। ਸਾਡੀਆਂ ਵਿਕਾਸ ਭਾਗੀਦਾਰੀਆਂ ਵੀ ਇਸੇ ਭਾਵਨਾ ਨੂੰ ਦਰਸਾਉਂਦੀਆਂ ਹਨ। ਸਾਡੇ ਯਤਨ ਭਾਗੀਦਾਰ ਦੇਸ਼ਾਂ ਵਿੱਚ ਸਮਰੱਥਾ ਨਿਰਮਾਣ ਅਤੇ ਹੁਨਰ ਵਿਕਾਸ 'ਤੇ ਕੇਂਦਰਿਤ ਰਹੇ ਹਨ।

ਭਾਰਤ ਦਾ ਮੰਨਣਾ ਹੈ ਕਿ ਭਾਗੀਦਾਰੀ ਦੀ ਅਸਲ ਕਸੌਟੀ ਇਹ ਨਹੀਂ ਕਿ ਅਸੀਂ ਦੂਜਿਆਂ ਲਈ ਕੀ ਸਿਰਜਦੇ ਹਾਂ, ਸਗੋਂ ਇਹ ਹੈ ਕਿ ਅਸੀਂ ਉਨ੍ਹਾਂ ਨੂੰ ਖੁਦ ਲਈ ਕੀ ਸਿਰਜਣ ਦੇ ਯੋਗ ਬਣਾਉਂਦੇ ਹਾਂ।

ਦੋਸਤੋ,

ਅੱਜ ਗਲੋਬਲ ਸਾਊਥ ਨੂੰ ਆਲਮੀ ਭਾਈਚਾਰੇ ਤੋਂ ਬਹੁਤ ਉਮੀਦਾਂ ਹਨ। ਪਰ ਉਨ੍ਹਾਂ ਦੀ ਉਮੀਦ ਸਹਾਰੇ ਦੀ ਨਹੀਂ, ਸਾਥ ਦੀ ਹੈ। ਉਹ ਆਲਮੀ ਵਿਕਾਸ ਦੇ ਲਾਭਪਾਤਰੀ ਨਹੀਂ, ਸਗੋਂ ਉਸ ਦੇ ਭਾਗੀਦਾਰ ਬਣਨਾ ਚਾਹੁੰਦੇ ਹਨ।

ਸਾਨੂੰ ਦਾਨੀ–ਪ੍ਰਾਪਤਕਰਤਾ ਦੀ ਸੋਚ ਤੋਂ ਅੱਗੇ ਵਧ ਕੇ ਬਰਾਬਰ ਦੇ ਭਾਗੀਦਾਰਾਂ ਵਜੋਂ ਕੰਮ ਕਰਨਾ ਹੋਵੇਗਾ। ਉਨ੍ਹਾਂ ਦੇ ਕੋਲ-ਕੋਲ ਨਹੀਂ, ਸਗੋਂ ਨਾਲ-ਨਾਲ ਚੱਲਣਾ ਹੋਵੇਗਾ। ਭਾਗੀਦਾਰੀ ਨੂੰ ਨਿਰਭਰਤਾ ਦੀ ਬਜਾਏ ਸਨਮਾਨ ਨਾਲ ਜੋੜਨਾ ਹੋਵੇਗਾ। ਇਨ੍ਹਾਂ ਯਤਨਾਂ ਨਾਲ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਟਿਕਾਊ ਵਿਕਾਸ ਦੀ ਮਜ਼ਬੂਤ ਨੀਂਹ ਰੱਖ ਸਕਾਂਗੇ।

ਦੋਸਤੋ,

ਅੰਤਰਰਾਸ਼ਟਰੀ ਭਾਗੀਦਾਰੀਆਂ ਅਤੇ ਵਿਸ਼ਵ ਪੱਧਰੀ ਇਕਜੁੱਟਤਾ ਓਦੋਂ ਹੀ ਸਾਰਥਕ ਬਣ ਸਕਦੀ ਹੈ, ਜਦੋਂ ਅਸੀਂ ਸਾਂਝੀਆਂ ਚੁਣੌਤੀਆਂ ਦਾ ਮਿਲ ਕੇ ਹੱਲ ਕਰੀਏ। ਭਾਰਤ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਤਣਾਅ ਅਤੇ ਯੁੱਧਾਂ ਦਾ ਸਥਾਈ ਹੱਲ ਸੰਵਾਦ, ਕੂਟਨੀਤੀ ਅਤੇ ਅੰਤਰਰਾਸ਼ਟਰੀ ਸਹਿਯੋਗ ਦੇ ਰਾਹੀਂ ਹੀ ਸੰਭਵ ਹੈ।

ਅਸੀਂ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਯਤਨਾਂ ਵਿੱਚ ਹੋਈ ਤਰੱਕੀ ਦਾ ਸਵਾਗਤ ਕਰਦੇ ਹਾਂ। ਇਸ ਸੰਘਰਸ਼ ਕਾਰਨ ਪੱਛਮੀ ਏਸ਼ੀਆ ਵਿੱਚ ਸਾਡੇ ਮਿੱਤਰ ਦੇਸ਼ਾਂ ਨੂੰ ਜਾਨ-ਮਾਲ ਦਾ ਨੁਕਸਾਨ ਝੱਲਣਾ ਪਿਆ ਹੈ। ਹੋਰਮੁਜ਼ ਲਾਂਘੇ ਵਿੱਚ ਸਮੁੰਦਰੀ ਵਪਾਰ ਵਿੱਚ ਆਈ ਰੁਕਾਵਟ ਕਾਰਨ ਪੂਰੇ ਵਿਸ਼ਵ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਿਆ। ਭਾਰਤ ਦੇ ਕਈ ਨਾਗਰਿਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਆਲਮੀ ਸਮੁੰਦਰੀ ਵਪਾਰ ਰਾਹੀਂ ਸਾਰੇ ਦੇਸ਼ਾਂ ਨੂੰ ਆਪਸ ਵਿੱਚ ਜੋੜਨ ਵਾਲੇ ਸਮੁੰਦਰੀ ਮਲਾਹਾਂ ਦੀ ਸੁਰੱਖਿਆ ਸਾਡਾ ਫ਼ਰਜ਼ ਹੈ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਮੁੰਦਰੀ ਮਾਰਗ ਸੁਰੱਖਿਅਤ ਰਹਿਣ ਅਤੇ ਮਲਾਹ ਬਿਨਾਂ ਡਰ ਦੇ ਆਪਣਾ ਕੰਮ ਕਰ ਸਕਣ।

ਦੋਸਤੋ,

ਭਾਰਤ ਇਨ੍ਹਾਂ ਵਿਸ਼ਿਆਂ 'ਤੇ ਸਾਰੇ ਭਾਗੀਦਾਰਾਂ ਨਾਲ ਮਿਲ ਕੇ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਬਹੁਤ-ਬਹੁਤ ਧੰਨਵਾਦ।

**** 

ਐਮਜੇਪੀਐਸ/ਐਸਐਸ/ਐਸਟੀ


(Release ID: 2274440) ਵਿਜ਼ੀਟਰ ਕਾਊਂਟਰ : 49