ਰੇਲ ਮੰਤਰਾਲਾ
azadi ka amrit mahotsav

ਕਾਜ਼ੀਪੇਟ ਰੇਲ ਮੈਨੁਫੈਕਚਰਿੰਗ ਇਕਾਈ ਮੁਕੰਮਲ ਹੋਣ ਦੇ ਨੇੜੇ ਹੈ ਜੋ ਇੰਟਰਸਿਟੀ ਰੇਲਗੱਡੀਆਂ ਦਾ ਨਿਰਮਾਣ ਸ਼ੁਰੂ ਕਰੇਗੀ: ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ

Posted On: 28 MAY 2026 3:59PM by PIB Chandigarh

ਭਾਰਤੀ ਰੇਲਵੇ ਦੀ ਕਾਜ਼ੀਪੇਟ ਰੇਲ ਮੈਨੁਫੈਕਚਰਿੰਗ ਇਕਾਈ ਮੁਕੰਮਲ ਹੋਣ ਦੇ ਨੇੜੇ ਹੈ। ਇਹ ਬਹੁ-ਮੰਤਵੀ ਰੇਲਵੇ ਰੋਲਿੰਗ ਸਟਾਕ ਮੈਨੁਫੈਕਚਰਿੰਗ ਇਕਾਈ ਹੈ। ਸ਼ੁਰੂਆਤ ਵਿੱਚ, ਕਾਜ਼ੀਪੇਟ ਅਗਲੇ 5 ਸਾਲਾਂ ਵਿੱਚ 200 ਇੰਟਰਸਿਟੀ ਰੇਲਗੱਡੀਆਂ ਦਾ ਨਿਰਮਾਣ ਕਰੇਗਾ। ਕੇਂਦਰੀ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਣਵ ਅਤੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਵਿੱਚ ਕਾਜ਼ੀਪੇਟ ਰੇਲ ਮੈਨੁਫੈਕਚਰਿੰਗ ਇਕਾਈ ਨੂੰ ਚਾਲੂ ਕਰਨ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ।

ਇਨ੍ਹਾਂ ਰੇਲਗੱਡੀਆਂ ਨੂੰ ਪੂਰੇ ਦੇਸ਼ ਵਿੱਚ ਘੱਟ ਦੂਰੀ ਦੀ ਯਾਤਰਾ ਲਈ ਤਾਇਨਾਤ ਕੀਤਾ ਜਾਵੇਗਾ। ਇਨ੍ਹਾਂ ਦੇ ਸਟਾਪ ਵਾਰ-ਵਾਰ ਹੋਣਗੇ। ਇਹ ਰੇਲਗੱਡੀਆਂ ਆਮ ਤੌਰ 'ਤੇ ਲਗਭਗ 300 ਕਿੱਲੋਮੀਟਰ ਦੀ ਦੂਰੀ ਤੈਅ ਕਰਨਗੀਆਂ। ਹਰੇਕ ਯਾਤਰਾ ਵਿੱਚ ਕਈ ਸਟਾਪ ਹੋਣਗੇ, ਤਾਂ ਕਿ ਨਾਗਰਿਕ ਕਸਬਿਆਂ ਅਤੇ ਸ਼ਹਿਰਾਂ ਵਿਚਕਾਰ ਆਸਾਨੀ ਨਾਲ ਸਫ਼ਰ ਕਰ ਸਕਣ। ਭਾਵੇਂ ਉਹ ਨੇੜਲੇ ਕਸਬਿਆਂ ਵਿੱਚ ਉੱਚ ਸਿੱਖਿਆ ਲਈ ਆਉਣ ਜਾਣ ਵਾਲੇ ਵਿਦਿਆਰਥੀ ਹੋਣ ਜਾਂ ਆਪਣੀ ਸਿਹਤ ਜਾਂ ਕੰਮ ਦੀਆਂ ਜ਼ਰੂਰਤਾਂ ਲਈ ਯਾਤਰਾ ਕਰਨ ਵਾਲੇ ਆਮ ਲੋਕ ਹੋਣ, ਇਹ ਰੇਲਗੱਡੀਆਂ ਉਨ੍ਹਾਂ ਸਾਰਿਆਂ ਦੀ ਸਹੂਲਤ ਵਧਾਉਣਗੀਆਂ।

ਇਹ ਰੇਲਗੱਡੀਆਂ ਲੋਕਾਂ ਨੂੰ ਇੰਟਰਸਿਟੀ ਯਾਤਰਾ ਲਈ ਇੱਕ ਨਵਾਂ ਅਤੇ ਕਿਫਾਇਤੀ ਵਿਕਲਪ ਪ੍ਰਦਾਨ ਕਰਨਗੀਆਂ। ਇਹ ਇੰਟਰਸਿਟੀ ਰੇਲਗੱਡੀਆਂ ਸ਼ਟਲ ਸੇਵਾਵਾਂ ਵਾਂਗ ਹੋਣਗੀਆਂ, ਜੋ ਦੇਸ਼ ਭਰ ਦੇ ਨੇੜਲੇ ਕਸਬਿਆਂ ਨੂੰ ਅੱਪਸ ਵਿੱਚ ਜੋੜਨਗੀਆਂ। ਇਨ੍ਹਾਂ ਰੇਲਗੱਡੀਆਂ ਦੇ ਉਤਪਾਦਨ ਨਾਲ, ਇਹ ਸੰਭਾਵਨਾ ਹੈ ਕਿ ਸੜਕਾਂ ‘ਤੇ ਯਾਤਰਾ ਕਰਨ ਵਾਲੀ ਸਥਾਨਕ ਆਵਾਜਾਈ ਦਾ ਵੱਡਾ ਹਿੱਸਾ ਰੇਲਵੇ ਵੱਲ ਤਬਦੀਲ ਹੋ ਜਾਵੇਗਾ।

ਇਹ ਇੰਟਰਸਿਟੀ ਰੇਲਗੱਡੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੀਆਂ। ਇਨ੍ਹਾਂ ਸਹੂਲਤਾਂ ਵਿੱਚ ਦਰਵਾਜ਼ਿਆਂ ਦਾ ਆਪਣੇ-ਆਪ ਬੰਦ ਹੋਣਾ (ਆਟੋਮੈਟਿਕ ਡੋਰ ਕਲੋਜ਼ਿੰਗ), ਬਿਹਤਰ ਵੈਂਟੀਲੇਸ਼ਨ ਅਤੇ 20-ਕੋਚਾਂ ਦੀ ਬਣਤਰ ਵਾਲਾ ਸੁਰੱਖਿਅਤ ਕੋਚ ਡਿਜ਼ਾਈਨ ਸ਼ਾਮਲ ਹੈ। ਹਰੇਕ ਕੋਚ ਵਿੱਚ ਦੋ ਪਖਾਨੇ ਹੋਣਗੇ, ਇੱਕ ਕੋਚ ਦੇ ਇਸ ਪਾਸੇ ਵੱਲ ਅਤੇ ਦੂਸਰਾ ਉਸ ਪਾਸੇ ਵੱਲ।

ਇਸ ਤੋਂ ਇਲਾਵਾ, ਇਨ੍ਹਾਂ ਇੰਟਰਸਿਟੀ ਰੇਲਗੱਡੀਆਂ ਵਿੱਚ ਝਟਕਾ-ਰਹਿਤ ਆਧੁਨਿਕ ਕਪਲਰ ਅਤੇ ਬੋਗੀਆਂ ਹੋਣਗੀਆਂ। ਇਨ੍ਹਾਂ ਰੇਲਗੱਡੀਆਂ ਨੂੰ 130 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾਉਣ ਲਈ ਡਿਜ਼ਾਇਨ ਕੀਤਾ ਜਾਵੇਗਾ।

ਇਨ੍ਹਾਂ ਰੇਲਗੱਡੀਆਂ ਵਿੱਚ ਰੀਜੇਨਰੇਟਿਵ ਬ੍ਰੇਕਿੰਗ ਸਿਸਟਮ ਵੀ ਹੋਵੇਗਾ। ਇਸਦਾ ਮਤਲਬ ਹੈ ਕਿ ਜਦੋਂ ਟ੍ਰੇਨ ਬ੍ਰੇਕ ਲਗਾਵੇਗੀ, ਤਾਂ ਇਹ ਬਿਜਲੀ ਪੈਦਾ ਕਰਨ ਵਾਲੇ ਜਨਰੇਟਰ ਵਾਂਗੂੰ ਕੰਮ ਕਰੇਗੀ ਅਤੇ ਉਸ ਪੈਦਾ ਹੋਈ ਬਿਜਲੀ ਨੂੰ ਵਾਪਸ ਗਰਿੱਡ ਵਿੱਚ ਭੇਜ ਦੇਵੇਗੀ। ਇਸ ਲਈ, ਇਹ ਊਰਜਾ ਦੇ ਮਾਮਲੇ ਵਿੱਚ ਬਹੁਤ ਕੁਸ਼ਲ ਹੈ। ਇਹ ਆਵਾਜਾਈ ਦਾ ਵਧੇਰੇ ਵਾਤਾਵਰਨ-ਅਨੁਕੂਲ ਤਰੀਕਾ ਹੈ ਅਤੇ ਸੜਕ ਆਵਾਜਾਈ ਦੀ ਤੁਲਨਾ ਵਿੱਚ ਇਸ ਨਾਲ ਕਾਰਬਨ ਉਤਸਰਜਨ ਕਾਫ਼ੀ ਘੱਟ ਹੋਵੇਗਾ।

ਰੇਲਵੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਰੇਲਗੱਡੀਆਂ ਨੂੰ ਸ਼ਾਮਲ ਕਰਨ ਨਾਲ ਪੂਰੇ ਦੇਸ਼ ਵਿੱਚ ਵਾਤਾਵਰਨ-ਅਨੁਕੂਲ ਅਤੇ ਸਾਫ਼ ਆਵਾਜਾਈ ਦੀ ਸਮਰੱਥਾ ਵਧੇਗੀ।

****

ਧਰਮੇਂਦਰ ਤਿਵਾਰੀ/ ਡਾ. ਨਯਨ ਸੋਲੰਕੀ/ ਮਾਣਿਕ ਸ਼ਰਮਾ


(Release ID: 2266534) ਵਿਜ਼ੀਟਰ ਕਾਊਂਟਰ : 12