ਰੇਲ ਮੰਤਰਾਲਾ
azadi ka amrit mahotsav

40 ਸਾਲ ਪੁਰਾਣੀ ਇਸ ਪ੍ਰਣਾਲੀ ਤੋਂ ਅਪਗ੍ਰੇਡਡ ਸਿਸਟਮ 'ਤੇ ਗੱਡੀਆਂ ਦੀ ਸ਼ਿਫਟਿੰਗ ਦੌਰਾਨ ਯਾਤਰੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਰੇਲ ਮੰਤਰੀ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼


Posted On: 07 MAY 2026 6:15PM by PIB Chandigarh

ਅੱਜ ਰੇਲ ਭਵਨ ਵਿੱਚ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਦੌਰਾਨ 40 ਸਾਲ ਪੁਰਾਣੀ ਰਾਖਵਾਂਕਰਨ ਪ੍ਰਣਾਲੀ ਵਿੱਚ ਅਪਗ੍ਰੇਡਡ ਸਿਸਟਮ 'ਤੇ ਗੱਡੀਆਂ ਦੀ ਸ਼ਿਫਟਿੰਗ ਹੋਣ ਸਮੇਂ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਬੈਠਕ ਵਿੱਚ ਰੇਲ ਰਾਜ ਮੰਤਰੀ ਵੀ. ਸੋਮੰਨਾ ਅਤੇ ਰਵਨੀਤ ਸਿੰਘ ਬਿੱਟੂ ਵੀ ਹਾਜ਼ਰ ਸਨ।

 

 

1986 ਵਿੱਚ ਸ਼ੁਰੂ ਹੋਈ ਇਸ ਪ੍ਰਣਾਲੀ ਵਿੱਚ ਪਿਛਲੇ 40 ਸਾਲਾਂ ਵਿੱਚ ਕਈ ਛੋਟੇ ਬਦਲਾਅ ਕੀਤੇ ਗਏ। ਪਰ ਹੁਣ ਇਸ ਵਿੱਚ ਬੁਨਿਆਦੀ ਬਦਲਾਓ ਕੀਤਾ ਗਿਆ ਹੈ। ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਇਸ ਦੀ ਸਮਰੱਥਾ ਦਾ ਵਿਸਥਾਰ ਕੀਤਾ ਗਿਆ ਹੈ।

ਰੇਲ ਰਾਖਵਾਂਕਰਨ ਪ੍ਰਣਾਲੀ ਨੇ ਕਈ ਮਹੱਤਵਪੂਰਨ ਪੜਾਅ ਦੇਖੇ ਹਨ। ਸਾਲ 2002 ਵਿੱਚ ਭਾਰਤੀ ਰੇਲਵੇ ਨੇ ਟਿਕਟਿੰਗ ਵਿੱਚ ਇੰਟਰਨੈੱਟ ਦੀ ਵਰਤੋਂ ਸ਼ੁਰੂ ਕੀਤੀ । ਅੱਜ ਇਹ ਪ੍ਰਣਾਲੀ ਇੰਨੀ ਹਰਮਨ-ਪਿਆਰੀ ਹੈ ਕਿ ਦੇਸ਼ ਦੀ ਜ਼ਿਆਦਾਤਰ ਆਬਾਦੀ ਟਿਕਟ ਖਿੜਕੀ ਵੱਲ ਰੁਖ ਨਹੀਂ ਕਰਦੀ। ਦੇਸ਼ ਵਿੱਚ ਅੱਜ ਜਿੰਨੀ ਵੀ ਟਿਕਟਿੰਗ ਦੀ ਮੰਗ ਹੈ, ਉਸ ਦਾ ਵੱਡਾ ਹਿੱਸਾ (ਲਗਭਗ 88%) ਆਨਲਾਈਨ ਮਾਧਿਅਮ ਰਾਹੀਂ ਹੁੰਦਾ ਹੈ।

ਭਾਰਤੀ ਰੇਲ ਦੀ ਮੋਬਾਈਲ ਐਪ 'ਰੇਲਵੱਨ'  ਯਾਤਰੀਆਂ ਵਿੱਚ ਬੜੀ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ। ਰੇਲਵੱਨ ਐਪ ਦੀ ਸ਼ੁਰੂਆਤ ਪਿਛਲੇ ਸਾਲ ਜੁਲਾਈ ਵਿੱਚ ਹੋਈ ਸੀ। ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਹੀ ਦੇਸ਼ ਭਰ ਵਿੱਚ ਹੁਣ ਤੱਕ ਇਸ ਦੇ 3.5 ਕਰੋੜ ਡਾਊਨਲੋਡ ਹੋ ਚੁੱਕੇ ਹਨ।

ਇਸ ਐਪ ਦੇ ਹਰਮਨ-ਪਿਆਰੇ ਹੋਣ ਦੇ ਕਈ ਕਾਰਨਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਐਪ ਦੇਸ਼ ਦੇ ਆਮ ਆਦਮੀ ਨੂੰ ਰੇਲ ਨਾਲ ਸਬੰਧਤ ਸਾਰੀਆਂ ਜਾਣਕਾਰੀਆਂ ਤਾਂ ਦਿੰਦਾ ਹੀ ਹੈ, ਨਾਲ ਹੀ ਟਿਕਟਿੰਗ ਅਤੇ ਹੋਰ ਸੇਵਾਵਾਂ ਨਾਲ ਜੁੜੀਆਂ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਕਰਦਾ ਹੈ।

ਅੱਜ ਜਦੋਂ ਤੁਸੀਂ ਆਪਣੀ ਟਿਕਟ ਬੁੱਕ ਕਰਦੇ ਹੋ ਤਾਂ ਰੇਲਵੱਨ ਐਪ ਤੁਹਾਨੂੰ ਇਹ ਦੱਸਦਾ ਹੈ ਕਿ ਤੁਹਾਡੀ ਵੇਟਿੰਗ ਵਿੱਚ ਦਿਖ ਰਹੀ ਟਿਕਟ ਕਨਫਰਮ ਹੋਵੇਗੀ ਜਾਂ ਨਹੀਂ। ਟਿਕਟ ਦੇ ਕਨਫਰਮ ਹੋਣ ਦੀ ਸਹੀ ਸੰਭਾਵਨਾ ਵੀ ਹੁਣ ਤੁਹਾਨੂੰ ਏ.ਆਈ. ਦੇ ਮਾਧਿਅਮ ਰਾਹੀਂ ਰੇਲਵੱਨ ਐਪ ਦੱਸਣ ਲੱਗ ਪਿਆ ਹੈ। ਇਹ ਨਵੀਂ ਸਹੂਲਤ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਲਾਗੂ ਕੀਤੀ ਗਈ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਰੇਲਵਨ ਐਪ 'ਤੇ ਵੇਟਿੰਗ ਟਿਕਟ ਦੇ ਕਨਫਰਮ ਹੋਣ ਦੇ ਅਨੁਮਾਨ ਦੀ ਸਹੀ ਦਰ ਪਹਿਲਾਂ ਦੇ 53 ਫੀਸਦੀ ਤੋਂ ਵਧ ਕੇ ਹੁਣ 94 ਫੀਸਦੀ ਤੱਕ ਪਹੁੰਚ ਗਈ ਹੈ।

ਰੇਲਵੱਨ ਐਪ ਵਿੱਚ ਇਸ ਤਰ੍ਹਾਂ ਦੀਆਂ ਕਈ ਏਕੀਕ੍ਰਿਤ ਅਤੇ ਆਧੁਨਿਕ ਸਹੂਲਤਾਂ ਹਨ, ਜੋ ਰੇਲ ਨਾਲ ਸਬੰਧਤ ਹੋਰ ਸਾਰੀਆਂ ਸੇਵਾਵਾਂ ਨੂੰ ਵੀ ਆਪਣੇ ਵਿੱਚ ਸਮੇਟੇ ਹੋਏ ਹਨ। ਜਿਵੇਂ - ਰਾਖਵੀਆਂ, ਗੈਰ-ਰਾਖਵੀਆਂ  ਅਤੇ ਪਲੇਟਫਾਰਮ ਆਦਿ ਵੱਖ-ਵੱਖ ਕਿਸਮਾਂ ਦੀਆਂ ਟਿਕਟਾਂ ਦੀ ਬੁਕਿੰਗ, ਰੱਦ ਕਰਨਾ ਅਤੇ ਰੀਫੰਡ।

ਇਸ ਦੇ ਨਾਲ-ਨਾਲ ਤੁਹਾਡੀ ਮੌਜੂਦਾ ਟਿਕਟ ਦੀ ਵੇਟਿੰਗ ਸਥਿਤੀ ਦੀ ਤਾਜ਼ਾ ਜਾਣਕਾਰੀ, ਟ੍ਰੇਨ ਦੇ ਆਉਣ-ਜਾਣ ਦਾ ਸਮਾਂ, ਟ੍ਰੇਨ ਦੀ ਮੌਜੂਦਾ ਸਥਿਤੀ , ਟ੍ਰੇਨ ਦੇ ਆਉਣ-ਜਾਣ ਦਾ ਪਲੇਟਫਾਰਮ, ਤੁਹਾਡੇ ਕੋਚ ਦੀ ਸਥਿਤੀ ਅਤੇ ਰੇਲ ਮਦਦ ਵਰਗੀਆਂ ਮਹੱਤਵਪੂਰਨ ਜਾਣਕਾਰੀਆਂ ਵੀ ਰੇਲਵੱਨ ਐਪ 'ਤੇ ਉਪਲਬਧ ਹਨ। ਆਪਣੀ ਯਾਤਰਾ ਦੇ ਦੌਰਾਨ ਤੁਸੀਂ ਰੇਲਵੱਨ ਐਪ 'ਤੇ ਖਾਣਾ ਵੀ ਆਰਡਰ ਕਰ ਸਕਦੇ ਹੋ। ਇਹ ਐਪ ਤੁਹਾਨੂੰ ਇਹ ਵਿਕਲਪ ਦਿੰਦਾ ਹੈ ਕਿ ਤੁਹਾਡੀ ਸੀਟ ਤੱਕ ਤੁਹਾਡਾ ਮਨਪਸੰਦ ਖਾਣਾ ਪਹੁੰਚ ਸਕੇ। ਆਰਾਮਦਾਇਕ ਅਤੇ ਸੇਵਾ-ਮੁਖੀ ਸਹੂਲਤਾਂ ਨਾਲ ਲੈਸ ਇਹ ਰੇਲਵੱਨ ਐਪ ਤੇਜ਼ੀ ਨਾਲ ਹਰਮਨ-ਪਿਆਰਾ ਹੋ ਰਿਹਾ ਹੈ।

ਰੋਜ਼ਾਨਾ ਇਸ ਐਪ ਦੇ ਮਾਧਿਅਮ ਰਾਹੀਂ ਦੇਸ਼ ਭਰ ਵਿੱਚ 9.29 ਲੱਖ ਟਿਕਟਾਂ ਬੁੱਕ ਹੋ ਰਹੀਆਂ ਹਨ। ਇਨ੍ਹਾਂ ਵਿੱਚ 7.2 ਲੱਖ ਟਿਕਟਾਂ ਗੈਰ-ਰਾਖਵੀਆਂ ਅਤੇ ਹੋਰ 2.09 ਲੱਖ ਰਾਖਵੀਆਂ ਟਿਕਟਾਂ ਹਨ। ਗੈਰ-ਰਾਖਵੀਆਂ ਟਿਕਟਾਂ ਵਿੱਚ ਪਲੇਟਫਾਰਮ ਟਿਕਟਾਂ ਵੀ ਸ਼ਾਮਲ ਹਨ। ਐਂਡਰਾਇਡ ਅਤੇ ਆਈ.ਓ.ਐੱਸ. 'ਤੇ ਰੇਲਵੱਨ ਐਪ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਜਿੱਥੇ 3 ਕਰੋੜ 16 ਲੱਖ ਲੋਕਾਂ ਨੇ ਇਸ ਨੂੰ ਗੂਗਲ ਪਲੇ ਸਟੋਰ ਤੋਂ ਹੁਣ ਤੱਕ ਡਾਊਨਲੋਡ ਕੀਤਾ ਹੈ, ਉੱਥੇ ਹੀ 33.17 ਲੱਖ ਲੋਕਾਂ ਨੇ ਇਸ ਨੂੰ ਐਪਲ ਫੋਨ ਵਿੱਚ ਡਾਊਨਲੋਡ ਕੀਤਾ ਹੈ।

ਦੇਸ਼ ਵਿੱਚ ਯਾਤਰੀਆਂ ਲਈ ਭਾਰਤੀ ਰੇਲ ਇੱਕ ਜੀਵਨ-ਰੇਖਾ ਹੈ। ਭਾਰਤੀ ਰੇਲ ਨੇ 2024-25 ਵਿੱਚ ਯਾਤਰੀਆਂ ਦੀਆਂ ਟਿਕਟਾਂ 'ਤੇ 60,239 ਕਰੋੜ ਰੁਪਏ ਦੀ ਸਬਸਿਡੀ ਦਿੱਤੀ। ਇਹ ਰੇਲਵੇ ਵਿੱਚ ਯਾਤਰਾ ਕਰਨ ਵਾਲੇ ਹਰੇਕ ਵਿਅਕਤੀ ਨੂੰ ਔਸਤਨ 43% ਦੀ ਛੋਟ ਦੇ ਬਰਾਬਰ ਹੈ। ਦੂਜੇ ਸ਼ਬਦਾਂ ਵਿੱਚ ਜੇਕਰ ਸੇਵਾ ਪ੍ਰਦਾਨ ਕਰਨ ਦੀ ਲਾਗਤ 100 ਰੁਪਏ ਹੈ, ਤਾਂ ਟਿਕਟ ਦੀ ਕੀਮਤ ਸਿਰਫ਼ 57 ਰੁਪਏ ਹੈ।

*********

ਧਰਮਿੰਦਰ ਤਿਵਾੜੀ/ਡਾ. ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ


(Release ID: 2259024) ਵਿਜ਼ੀਟਰ ਕਾਊਂਟਰ : 15