ਪ੍ਰਧਾਨ ਮੰਤਰੀ ਦਫਤਰ
ਉੱਤਰ ਪ੍ਰਦੇਸ਼ ਵਿੱਚ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
Posted On:
28 MAR 2026 2:47PM by PIB Chandigarh
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਉਦਘਾਟਨ ਹੋ ਗਿਆ? ਉਦਘਾਟਨ ਹੋ ਗਿਆ? ਨਹੀਂ, ਅਜੇ ਅੱਧਾ ਕੰਮ ਹੋਇਆ ਹੈ। ਮੈਂ ਸਿਰਫ਼ ਉਹ ਪਰਦਾ ਹਟਾਇਆ ਹੈ, ਪਰ ਮੈਂ ਅੱਜ ਚਾਹੁੰਦਾ ਹਾਂ ਕਿ ਇਸ ਏਅਰਪੋਰਟ ਦਾ ਉਦਘਾਟਨ ਇੱਥੇ ਜੋ ਵੀ ਮੌਜੂਦ ਹਨ, ਤੁਸੀਂ ਸਾਰੇ ਕਰੋ, ਅਤੇ ਇਸ ਲਈ ਤੁਸੀਂ ਆਪਣਾ ਮੋਬਾਈਲ ਫੋਨ ਕੱਢੋ, ਆਪਣੇ ਮੋਬਾਈਲ ਫੋਨ ਦੀ ਫਲੈਸ਼ ਲਾਈਟ ਜਗਾਓ ਅਤੇ ਤੁਸੀਂ ਇਸ ਦਾ ਉਦਘਾਟਨ ਕਰ ਰਹੇ ਹੋ। ਤੁਸੀਂ ਦੀਵਾ ਜਗਾ ਕੇ ਇੱਥੇ ਮੌਜੂਦ ਹਰ ਵਿਅਕਤੀ, ਅੱਜ ਇਸ ਏਅਰਪੋਰਟ ਦਾ ਉਦਘਾਟਨ ਕਰ ਰਿਹਾ ਹੈ। ਇਹ ਤੁਹਾਡੀ ਅਮਾਨਤ ਹੈ, ਇਹ ਤੁਹਾਡਾ ਭਵਿੱਖ ਹੈ, ਇਹ ਤੁਹਾਡੀ ਮਿਹਨਤ ਹੈ ਅਤੇ ਇਸ ਲਈ ਇਸ ਦਾ ਉਦਘਾਟਨ ਵੀ ਤੁਹਾਡੇ ਹੱਥਾਂ ਨਾਲ ਹੋ ਰਿਹਾ ਹੈ, ਤੁਸੀਂ ਭਾਰਤ ਮਾਤਾ ਦੀ ਜੈ ਬੋਲ ਕੇ, ਹੱਥ ਉੱਪਰ ਕਰਕੇ, ਫਲੈਸ਼ ਲਾਈਟ ਪੂਰੀ ਤਰ੍ਹਾਂ ਦਿਖਾਓ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਬਹੁਤ-ਬਹੁਤ ਧੰਨਵਾਦ। ਹੁਣ ਉਦਘਾਟਨ ਹੋ ਗਿਆ।
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਇੱਥੋਂ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਬ੍ਰਜੇਸ਼ ਪਾਠਕ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਰਾਮਮੋਹਨ ਨਾਇਡੂ ਜੀ, ਪੰਕਜ ਚੌਧਰੀ ਜੀ, ਜ਼ਿਊਰਿਕ ਏਅਰਪੋਰਟ ਦੇ ਚੇਅਰਮੈਨ ਜੋਸੇਫ ਫੇਲਡਰ ਜੀ, ਹੋਰ ਮੰਤਰੀਗਣ, ਸੰਸਦ ਮੈਂਬਰ, ਵਿਧਾਇਕ, ਹੋਰ ਮਹਾਨੁਭਾਵ ਅਤੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ।
ਮੈਂ ਦੇਖ ਰਿਹਾ ਹਾਂ, ਅੱਜ ਜਿੱਥੇ ਵੀ ਮੇਰੀ ਨਜ਼ਰ ਪੈ ਰਹੀ ਹੈ, ਸਾਰੇ ਨੌਜਵਾਨ ਮੈਨੂੰ ਨਜ਼ਰ ਆ ਰਹੇ ਹਨ, ਉਤਸ਼ਾਹ ਨਾਲ ਭਰੇ ਨੌਜਵਾਨ ਹਨ, ਜੋਸ਼ ਨਾਲ ਭਰੇ ਹੋਏ ਨੌਜਵਾਨ ਹਨ, ਕਿਉਂਕਿ ਇਨ੍ਹਾਂ ਨੌਜਵਾਨਾਂ ਨੂੰ ਪਤਾ ਹੈ, ਇਹ ਜੋ ਕੰਮ ਹੋ ਰਿਹਾ ਹੈ ਨਾ, ਇਹ ਨੌਜਵਾਨਾਂ ਦੇ ਭਵਿੱਖ ਨੂੰ ਨਵੀਂ ਉਡਾਣ ਦੇਣ ਵਾਲਾ ਕੰਮ ਹੋ ਰਿਹਾ ਹੈ। ਅੱਜ ਅਸੀਂ ਵਿਕਸਿਤ ਯੂਪੀ-ਵਿਕਸਿਤ ਭਾਰਤ ਮੁਹਿੰਮ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰ ਰਹੇ ਹਾਂ। ਦੇਸ਼ ਦਾ ਸਭ ਤੋਂ ਵੱਡਾ ਪ੍ਰਦੇਸ਼, ਅੱਜ ਦੇਸ਼ ਦੇ ਸਭ ਤੋਂ ਵੱਧ ਇੰਟਰਨੈਸ਼ਨਲ ਏਅਰਪੋਰਟਾਂ ਵਾਲੇ ਰਾਜਾਂ ਵਿੱਚੋਂ ਇੱਕ ਹੋ ਗਿਆ ਹੈ। ਅਤੇ ਅੱਜ ਮੇਰੇ ਲਈ ਮਾਣ ਅਤੇ ਪ੍ਰਸੰਨਤਾ ਦੇ ਦੋ ਕਾਰਨ ਹਨ। ਇੱਕ ਤਾਂ ਇਹ ਹੈ ਕਿ ਇਸ ਏਅਰਪੋਰਟ ਦਾ ਨੀਂਹ ਪੱਥਰ ਰੱਖਣ ਦਾ ਸੁਭਾਗ ਵੀ ਤੁਸੀਂ ਸਾਰਿਆਂ ਨੇ ਮੈਨੂੰ ਦਿੱਤਾ ਸੀ ਅਤੇ ਤੁਸੀਂ ਸਾਰਿਆਂ ਨੇ ਇਸ ਏਅਰਪੋਰਟ ਦੇ ਉਦਘਾਟਨ ਦਾ ਸੁਭਾਗ ਵੀ ਮੈਨੂੰ ਦਿੱਤਾ, ਪਰ ਮੈਂ ਉਸ ਸੁਭਾਗ ਨੂੰ ਤੁਹਾਡੇ ਨਾਲ ਵੰਡ ਦਿੱਤਾ ਅਤੇ ਤੁਹਾਡੇ ਹੱਥਾਂ ਨਾਲ ਉਦਘਾਟਨ ਕਰਵਾ ਦਿੱਤਾ। ਦੂਜਾ, ਜਿਸ ਉੱਤਰ ਪ੍ਰਦੇਸ਼ ਨੇ ਮੈਨੂੰ ਆਪਣਾ ਪ੍ਰਤੀਨਿਧੀ ਚੁਣਿਆ, ਜਿਸ ਉੱਤਰ ਪ੍ਰਦੇਸ਼ ਨੇ ਮੈਨੂੰ ਸੰਸਦ ਮੈਂਬਰ ਬਣਾਇਆ, ਉਸ ਦੀ ਪਛਾਣ ਦੇ ਨਾਲ, ਉਸ ਉੱਤਰ ਪ੍ਰਦੇਸ਼ ਦੀ ਪਛਾਣ ਦੇ ਨਾਲ ਇਸ ਸ਼ਾਨਦਾਰ ਏਅਰਪੋਰਟ ਦਾ ਨਾਮ ਵੀ ਜੁੜ ਗਿਆ ਹੈ।
ਸਾਥੀਓ,
ਨੋਇਡਾ ਦਾ ਇਹ ਏਅਰਪੋਰਟ, ਆਗਰਾ, ਮਥੁਰਾ, ਅਲੀਗੜ੍ਹ, ਗਾਜ਼ੀਆਬਾਦ, ਮੇਰਠ, ਇਟਾਵਾ, ਬੁਲੰਦਸ਼ਹਿਰ, ਫਰੀਦਾਬਾਦ, ਇਸ ਪੂਰੇ ਖੇਤਰ ਨੂੰ ਬਹੁਤ ਵੱਡਾ ਲਾਭ ਹੋਣ ਵਾਲਾ ਹੈ। ਹਿੰਦੁਸਤਾਨ ਨੂੰ ਅਤੇ ਉੱਤਰ ਪ੍ਰਦੇਸ਼ ਨੂੰ ਤਾਂ ਹੋਣਾ ਹੀ ਹੋਣਾ ਹੈ। ਇਹ ਏਅਰਪੋਰਟ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ, ਛੋਟੇ ਅਤੇ ਲਘੂ ਉਦਯੋਗਾਂ, ਇੱਥੋਂ ਦੇ ਨੌਜਵਾਨਾਂ ਲਈ, ਅਨੇਕਾਂ ਨਵੇਂ ਅਵਸਰ ਲੈ ਕੇ ਆਉਣ ਵਾਲਾ ਹੈ। ਇੱਥੋਂ ਦੁਨੀਆ ਲਈ ਜਹਾਜ਼ ਤਾਂ ਉੱਡਣਗੇ ਹੀ, ਨਾਲ ਹੀ, ਇਹ ਵਿਕਸਿਤ ਉੱਤਰ ਪ੍ਰਦੇਸ਼ ਦੀ ਉਡਾਣ ਦਾ ਵੀ ਪ੍ਰਤੀਕ ਬਣੇਗਾ। ਮੈਂ ਉੱਤਰ ਪ੍ਰਦੇਸ਼ ਨੂੰ, ਵਿਸ਼ੇਸ਼ ਤੌਰ 'ਤੇ ਪੱਛਮੀ ਉੱਤਰ ਪ੍ਰਦੇਸ਼ ਦੀ ਜਨਤਾ ਨੂੰ ਇਸ ਸ਼ਾਨਦਾਰ ਏਅਰਪੋਰਟ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਦਾ ਇਹ ਪ੍ਰੋਗਰਾਮ, ਭਾਰਤ ਦੇ ਨਵੇਂ ਮਿਜ਼ਾਜ ਦਾ ਪ੍ਰਤੀਕ ਹੈ। ਤੁਸੀਂ ਸਾਰੇ ਦੇਖ ਰਹੇ ਹੋ ਕਿ ਅੱਜ ਪੂਰਾ ਵਿਸ਼ਵ ਕਿੰਨਾ ਚਿੰਤਤ ਹੈ। ਪੱਛਮੀ ਏਸ਼ੀਆ ਵਿੱਚ ਇੱਕ ਮਹੀਨੇ ਤੋਂ ਜੰਗ ਚੱਲ ਰਹੀ ਹੈ। ਜੰਗ ਦੀ ਵਜ੍ਹਾ ਨਾਲ ਕਈ ਸਾਰੇ ਦੇਸ਼ਾਂ ਵਿੱਚ ਖਾਣ-ਪੀਣ ਦੇ ਸਾਮਾਨ, ਪੈਟਰੋਲ-ਡੀਜ਼ਲ-ਗੈਸ, ਖਾਦ, ਅਜਿਹੀਆਂ ਕਈ ਜ਼ਰੂਰੀ ਚੀਜ਼ਾਂ ਦਾ ਚਾਰੇ ਪਾਸੇ ਸੰਕਟ ਪੈਦਾ ਹੋ ਗਿਆ ਹੈ। ਹਰ ਦੇਸ਼ ਇਸ ਸੰਕਟ ਦਾ ਸਾਹਮਣਾ ਕਰਨ ਲਈ ਕੁਝ ਨਾ ਕੁਝ ਕੋਸ਼ਿਸ਼ ਕਰ ਰਿਹਾ ਹੈ, ਯਤਨ ਕਰ ਰਿਹਾ ਹੈ। ਅਤੇ ਸਾਡਾ ਭਾਰਤ ਵੀ ਇਸ ਸੰਕਟ ਦਾ ਪੂਰੀ ਸ਼ਕਤੀ ਨਾਲ ਮੁਕਾਬਲਾ ਕਰ ਰਿਹਾ ਹੈ, ਦੇਸ਼ ਵਾਸੀਆਂ ਦੀ ਤਾਕਤ ਦੇ ਭਰੋਸੇ ਕਰ ਰਿਹਾ ਹੈ। ਭਾਰਤ ਤਾਂ ਬਹੁਤ ਵੱਡੀ ਮਾਤਰਾ ਵਿੱਚ ਕੱਚਾ ਤੇਲ ਅਤੇ ਗੈਸ, ਇਹ ਜਿੱਥੇ ਜੰਗ ਚੱਲ ਰਹੀ ਹੈ ਨਾ, ਇਸ ਜੰਗ ਤੋਂ ਪ੍ਰਭਾਵਿਤ ਇਲਾਕੇ ਤੋਂ ਮੰਗਵਾਉਂਦਾ ਰਿਹਾ ਹੈ। ਇਸ ਲਈ ਸਰਕਾਰ ਹਰ ਉਹ ਕਦਮ ਚੁੱਕ ਰਹੀ ਹੈ, ਜਿਸ ਨਾਲ ਆਮ ਪਰਿਵਾਰਾਂ 'ਤੇ, ਸਾਡੇ ਕਿਸਾਨ ਭਰਾਵਾਂ-ਭੈਣਾਂ 'ਤੇ, ਇਸ ਸੰਕਟ ਦਾ ਬੋਝ ਨਾ ਪਵੇ।
ਸਾਥੀਓ,
ਸੰਕਟ ਦੇ ਇਸ ਸਮੇਂ ਵਿੱਚ ਵੀ, ਭਾਰਤ ਨੇ ਆਪਣੇ ਤੇਜ਼ ਵਿਕਾਸ ਨੂੰ ਨਿਰੰਤਰ ਜਾਰੀ ਰੱਖਿਆ ਹੈ। ਮੈਂ ਸਿਰਫ਼ ਪੱਛਮੀ ਉੱਤਰ ਪ੍ਰਦੇਸ਼ ਦੀ ਹੀ ਗੱਲ ਕਰਾਂ, ਤਾਂ ਪਿਛਲੇ ਕੁਝ ਹਫ਼ਤਿਆਂ ਵਿੱਚ ਹੀ, ਇਹ ਚੌਥਾ ਵੱਡਾ ਪ੍ਰੋਜੈਕਟ ਹੈ, ਜਿਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜਾਂ ਉਦਘਾਟਨ ਹੋਇਆ ਹੈ। ਇਨ੍ਹਾਂ ਕੁਝ ਹੀ ਹਫ਼ਤਿਆਂ ਵਿੱਚ, ਇਸ ਦੌਰਾਨ ਨੋਇਡਾ ਵਿੱਚ ਬਹੁਤ ਵੱਡੀ ਸੈਮੀਕੰਡਕਟਰ ਫੈਕਟਰੀ ਦਾ ਨੀਂਹ ਪੱਥਰ ਰੱਖਿਆ ਗਿਆ। ਇਸੇ ਸਮੇਂ ਦੌਰਾਨ ਦੇਸ਼ ਦੀ ਪਹਿਲੀ ਦਿੱਲੀ-ਮੇਰਠ ਨਮੋ-ਭਾਰਤ ਟ੍ਰੇਨ ਨੇ ਗਤੀ ਫੜੀ। ਇਸੇ ਸਮੇਂ ਦੌਰਾਨ ਮੇਰਠ ਮੈਟਰੋ ਦਾ ਵਿਸਤਾਰ ਕੀਤਾ ਗਿਆ। ਅਤੇ ਇੰਨੇ ਘੱਟ ਸਮੇਂ ਵਿੱਚ ਅੱਜ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਤੁਹਾਡੇ ਸਾਰਿਆਂ ਦੇ ਹੱਥਾਂ ਨਾਲ ਉਦਘਾਟਨ ਵੀ ਹੋ ਗਿਆ।
ਸਾਥੀਓ,
ਇਹ ਸਾਰੇ ਪ੍ਰੋਜੈਕਟ, ਯੂਪੀ ਦੇ ਵਿਕਾਸ ਲਈ, ਡਬਲ ਇੰਜਣ ਸਰਕਾਰ ਦੇ ਯਤਨਾਂ ਦੀ ਇੱਕ ਸ਼ਾਨਦਾਰ ਮਿਸਾਲ ਹਨ। ਸੈਮੀਕੰਡਕਟਰ ਫੈਕਟਰੀ, ਭਾਰਤ ਨੂੰ ਟੈਕਨਾਲੋਜੀ ਵਿੱਚ ਆਤਮ-ਨਿਰਭਰ ਬਣਾ ਰਹੀ ਹੈ। ਮੇਰਠ ਮੈਟਰੋ ਅਤੇ ਨਮੋ ਭਾਰਤ ਰੇਲ, ਤੇਜ਼ ਅਤੇ ਸਮਾਰਟ ਕਨੈਕਟੀਵਿਟੀ ਦੇ ਰਹੀਆਂ ਹਨ। ਅਤੇ ਇਹ ਸਾਡਾ ਜੇਵਰ ਏਅਰਪੋਰਟ, ਪੂਰੇ ਉੱਤਰ ਭਾਰਤ ਨੂੰ ਦੁਨੀਆ ਨਾਲ ਜੋੜ ਰਿਹਾ ਹੈ। ਅਤੇ ਤੁਸੀਂ ਹੁਣੇ ਵੀਡੀਓ ਵਿੱਚ ਦੇਖਿਆ, ਇਹ ਅਜਿਹਾ ਏਅਰਪੋਰਟ ਬਣ ਰਿਹਾ ਹੈ, ਹਰ ਦੋ ਮਿੰਟ ਵਿੱਚ ਇੱਕ ਜਹਾਜ਼ ਉੱਡੇਗਾ ।ਪਹਿਲਾਂ ਸਪਾ ਵਾਲਿਆਂ ਨੇ ਨੋਇਡਾ ਨੂੰ ਆਪਣੀ ਲੁੱਟ ਦਾ ਏਟੀਐੱਮ ਬਣਾ ਲਿਆ ਸੀ। ਪਰ ਅੱਜ ਭਾਜਪਾ ਸਰਕਾਰ ਵਿੱਚ ਉਹੀ ਨੋਇਡਾ, ਯੂਪੀ ਦੇ ਵਿਕਾਸ ਦਾ ਇੱਕ ਸ਼ਕਤੀਸ਼ਾਲੀ ਇੰਜਣ ਬਣ ਰਿਹਾ ਹੈ।
ਸਾਥੀਓ,
ਜੇਵਰ ਦਾ ਇਹ ਏਅਰਪੋਰਟ, ਡਬਲ ਇੰਜਣ ਸਰਕਾਰ ਦੀ ਕਾਰਜ-ਸੰਸਕ੍ਰਿਤੀ ਦੀ ਵੀ ਬਹੁਤ ਵਧੀਆ ਮਿਸਾਲ ਹੈ। ਹੁਣ ਤੁਸੀਂ ਸੋਚੋ, ਇਸ ਏਅਰਪੋਰਟ ਨੂੰ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਨੇ 2003 ਵਿੱਚ ਹੀ ਫਾਈਲ ਵਿੱਚ ਮਨਜ਼ੂਰੀ ਦੇ ਦਿੱਤੀ ਸੀ। 2003 ਵਿੱਚ, ਤੁਹਾਡੇ ਵਿੱਚੋਂ ਬਹੁਤ ਸਾਰੇ ਹੋਣਗੇ ਜਿਨ੍ਹਾਂ ਦਾ ਜਨਮ ਨਹੀਂ ਹੋਇਆ ਹੋਵੇਗਾ, ਬਹੁਤ ਉਹ ਲੋਕ ਹੋਣਗੇ ਜੋ ਉਸ ਸਮੇਂ 25-30 ਸਾਲ ਦੇ ਜਾਂ 35 ਸਾਲ ਦੇ ਹੋਏ ਹੋਣਗੇ ਅਤੇ ਅੱਜ ਰਿਟਾਇਰ ਵੀ ਹੋ ਗਏ, ਪਰ ਏਅਰਪੋਰਟ ਨਹੀਂ ਬਣਿਆ। ਪਰ ਕੇਂਦਰ ਵਿੱਚ ਕਾਂਗਰਸ ਅਤੇ ਇੱਥੋਂ ਦੀਆਂ ਪਹਿਲੀਆਂ ਸਰਕਾਰਾਂ ਨੇ ਸਾਲਾਂ ਤੱਕ ਇਸ ਏਅਰਪੋਰਟ ਦੀ ਨੀਂਹ ਤੱਕ ਨਹੀਂ ਪੈਣ ਦਿੱਤੀ। 2004 ਤੋਂ 2014 ਤੱਕ ਇਹ ਏਅਰਪੋਰਟ ਫਾਈਲਾਂ ਵਿੱਚ ਹੀ ਦੱਬਿਆ ਰਿਹਾ। ਜਦੋਂ ਸਾਡੀ ਸਰਕਾਰ ਬਣੀ ਤਾਂ ਯੂਪੀ ਵਿੱਚ ਸਪਾ ਦੀ ਸਰਕਾਰ ਸੀ। ਸ਼ੁਰੂ ਦੇ ਦੋ-ਤਿੰਨ ਸਾਲਾਂ ਵਿੱਚ ਸਪਾ ਵਾਲਿਆਂ ਨੇ ਇਸ 'ਤੇ ਕੰਮ ਨਹੀਂ ਹੋਣ ਦਿੱਤਾ। ਪਰ ਜਿਵੇਂ ਹੀ ਇੱਥੇ ਭਾਜਪਾ-ਐੱਨਡੀਏ ਦੀ ਸਰਕਾਰ ਬਣੀ, ਦਿੱਲੀ ਵਿੱਚ ਭਾਜਪਾ-ਐੱਨਡੀਏ ਦੀ ਸਰਕਾਰ ਬਣੀ, ਤਾਂ ਜੇਵਰ ਏਅਰਪੋਰਟ ਦੀ ਨੀਂਹ ਵੀ ਪਈ, ਨਿਰਮਾਣ ਵੀ ਹੋਇਆ ਅਤੇ ਹੁਣ ਇਹ ਸ਼ੁਰੂ ਵੀ ਹੋ ਗਿਆ ਹੈ।
ਸਾਥੀਓ,
ਏਅਰਪੋਰਟ ਤੋਂ ਇਲਾਵਾ ਇਹ ਖੇਤਰ ਦੇਸ਼ ਦੇ ਦੋ ਵੱਡੇ ਫਰੇਟ ਕੌਰੀਡੋਰਾਂ ਦਾ ਵੀ ਹੱਬ ਬਣ ਰਿਹਾ ਹੈ। ਇਹ ਫਰੇਟ ਕੌਰੀਡੋਰ ਮਾਲ ਗੱਡੀਆਂ ਲਈ ਵਿਛਾਈਆਂ ਗਈਆਂ ਵਿਸ਼ੇਸ਼ ਪਟੜੀਆਂ ਹਨ। ਇਸ ਨਾਲ ਉੱਤਰ ਭਾਰਤ ਦੀ ਬੰਗਾਲ ਅਤੇ ਗੁਜਰਾਤ ਦੇ ਸਮੁੰਦਰ ਨਾਲ ਕਨੈਕਟੀਵਿਟੀ ਬਿਹਤਰ ਹੋ ਗਈ ਹੈ। ਅਤੇ ਦਾਦਰੀ ਉਹ ਸਥਾਨ ਹੈ ਜਿੱਥੇ ਇਹ ਦੋਵੇਂ ਕੌਰੀਡੋਰ ਆਪਸ ਵਿੱਚ ਮਿਲਦੇ ਹਨ। ਯਾਨੀ ਇੱਥੇ ਕਿਸਾਨ ਜੋ ਉਗਾਉਂਦੇ ਹਨ, ਇੱਥੇ ਉਦਯੋਗ ਜੋ ਕੁਝ ਬਣਾਉਂਦੇ ਹਨ, ਉਹ ਜ਼ਮੀਨ ਰਾਹੀਂ, ਹਵਾਈ ਮਾਰਗ ਰਾਹੀਂ, ਦੁਨੀਆ ਦੇ ਕੋਨੇ-ਕੋਨੇ ਤੱਕ ਤੇਜ਼ੀ ਨਾਲ ਜਾ ਸਕੇਗਾ। ਅਜਿਹੀ ਮਲਟੀ-ਮੋਡਲ ਕਨੈਕਟੀਵਿਟੀ ਦੇ ਕਾਰਨ, ਯੂਪੀ ਦੁਨੀਆ ਭਰ ਦੇ ਨਿਵੇਸ਼ਕਾਂ ਲਈ ਬਹੁਤ ਵੱਡੀ ਖਿੱਚ ਦਾ ਕੇਂਦਰ ਬਣ ਰਿਹਾ ਹੈ।
ਸਾਥੀਓ,
ਜਿਸ ਨੋਇਡਾ ਨੂੰ ਪਹਿਲਾਂ ਅੰਧਵਿਸ਼ਵਾਸ ਦੇ ਕਾਰਨ ਆਪਣੇ ਹਾਲ 'ਤੇ ਛੱਡ ਦਿੱਤਾ ਗਿਆ ਸੀ, ਕੁਰਸੀ ਜਾਣ ਦੇ ਡਰ ਤੋਂ ਪਹਿਲਾਂ ਦੇ ਸੱਤਾਧਾਰੀ ਇੱਥੇ ਆਉਣ ਤੋਂ ਡਰਦੇ ਸਨ। ਮੈਨੂੰ ਯਾਦ ਹੈ ਇੱਥੇ ਸਪਾ ਦੀ ਸਰਕਾਰ ਸੀ ਅਤੇ ਮੈਂ ਨੋਇਡਾ ਆਉਣ ਦਾ ਪ੍ਰੋਗਰਾਮ ਬਣਾਇਆ, ਤਾਂ ਮੁੱਖ ਮੰਤਰੀ ਇੰਨੇ ਡਰੇ ਹੋਏ ਸਨ ਕਿ ਉਹ ਉਸ ਪ੍ਰੋਗਰਾਮ ਵਿੱਚ ਨਹੀਂ ਆਏ। ਅਤੇ ਮੈਨੂੰ ਵੀ ਲੋਕਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਨੋਇਡਾ ਨਾ ਜਾਓ ਮੋਦੀ ਜੀ, ਅਜੇ-ਅਜੇ ਪ੍ਰਧਾਨ ਮੰਤਰੀ ਬਣੇ ਹੋ। ਮੈਂ ਕਿਹਾ ਇਸ ਧਰਤੀ ਦਾ ਆਸ਼ੀਰਵਾਦ ਲੈਣ ਜਾ ਰਿਹਾ ਹਾਂ, ਜੋ ਮੈਨੂੰ ਲੰਬੇ ਸਮੇਂ ਤੱਕ ਸੇਵਾ ਕਰਨ ਦਾ ਮੌਕਾ ਦੇਵੇਗਾ। ਹੁਣ ਉਹੀ ਇਲਾਕਾ ਪੂਰੀ ਦੁਨੀਆ ਦਾ ਸਵਾਗਤ ਕਰਨ ਲਈ ਤਿਆਰ ਹੈ। ਇਹ ਪੂਰਾ ਖੇਤਰ, ਆਤਮ-ਨਿਰਭਰ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰ ਰਿਹਾ ਹੈ।
ਸਾਥੀਓ,
ਇਸ ਖੇਤਰ ਦੀ ਅਰਥਵਿਵਸਥਾ ਵਿੱਚ, ਖੇਤੀ-ਕਿਸਾਨੀ ਦਾ ਬਹੁਤ ਮਹੱਤਵ ਹੈ। ਮੈਂ ਅੱਜ ਉਨ੍ਹਾਂ ਮੇਰੇ ਕਿਸਾਨ ਭਰਾਵਾਂ-ਭੈਣਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸਾਕਾਰ ਕਰਨ ਲਈ ਆਪਣੀਆਂ ਜ਼ਮੀਨਾਂ ਦਿੱਤੀਆਂ ਹਨ। ਉਨ੍ਹਾਂ ਕਿਸਾਨਾਂ ਲਈ ਜ਼ੋਰਦਾਰ ਤਾਲੀਆਂ ਵਜਾਓ ਦੋਸਤੋ, ਮੇਰੇ ਕਿਸਾਨ ਭਰਾਵਾਂ-ਭੈਣਾਂ ਲਈ ਜ਼ੋਰਦਾਰ ਤਾਲੀਆਂ ਵਜਾਓ। ਮੇਰੇ ਕਿਸਾਨ ਭਰਾਵੋ ਅਤੇ ਭੈਣੋ, ਤੁਹਾਡੇ ਇਸ ਯੋਗਦਾਨ ਨਾਲ ਹੀ, ਇਸ ਪੂਰੇ ਖੇਤਰ ਵਿੱਚ ਵਿਕਾਸ ਦਾ ਇੱਕ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਆਧੁਨਿਕ ਕਨੈਕਟੀਵਿਟੀ ਦਾ ਜੋ ਵਿਸਤਾਰ ਇੱਥੇ ਹੋ ਰਿਹਾ ਹੈ, ਉਸ ਨਾਲ ਪੱਛਮੀ ਯੂਪੀ ਵਿੱਚ ਫੂਡ ਪ੍ਰੋਸੈਸਿੰਗ ਦੀਆਂ ਸੰਭਾਵਨਾਵਾਂ ਨੂੰ ਹੋਰ ਬਲ ਮਿਲੇਗਾ। ਹੁਣ ਇੱਥੋਂ ਦੇ ਖੇਤੀ ਉਤਪਾਦ ਦੁਨੀਆ ਦੇ ਬਾਜ਼ਾਰਾਂ ਵਿੱਚ ਹੋਰ ਵੀ ਬਿਹਤਰ ਤਰੀਕੇ ਨਾਲ ਜਾ ਸਕਣਗੇ।
ਸਾਥੀਓ,
ਇੱਥੇ ਮੈਂ ਆਪਣੇ ਕਿਸਾਨ ਸਾਥੀਆਂ ਦਾ ਇੱਕ ਹੋਰ ਗੱਲ ਲਈ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਹਾਡੇ ਗੰਨੇ ਤੋਂ ਜੋ ਇਥੇਨੌਲ ਬਣਾਇਆ ਗਿਆ ਹੈ, ਉਸ ਨਾਲ ਕੱਚੇ ਤੇਲ, ਕੱਚੇ ਤੇਲ 'ਤੇ ਦੇਸ਼ ਦੀ ਨਿਰਭਰਤਾ ਘੱਟ ਹੋਈ ਹੈ। ਜੇਕਰ ਇਥੇਨੌਲ ਦਾ ਉਤਪਾਦਨ ਨਾ ਵਧਦਾ, ਪੈਟਰੋਲ ਵਿੱਚ ਉਸ ਦੀ ਬਲੈਂਡਿੰਗ ਨਾ ਵਧਦੀ, ਤਾਂ ਦੇਸ਼ ਨੂੰ ਹਰ ਸਾਲ ਸਾਢੇ ਚਾਰ ਕਰੋੜ ਬੈਰਲ, ਸਾਢੇ ਚਾਰ ਕਰੋੜ ਬੈਰਲ ਯਾਨੀ ਲਗਭਗ 700 ਕਰੋੜ ਲੀਟਰ ਕੱਚਾ ਤੇਲ ਵਿਦੇਸ਼ਾਂ ਤੋਂ ਮੰਗਵਾਉਣਾ ਪੈਂਦਾ। ਕਿਸਾਨਾਂ ਦੀ ਮਿਹਨਤ ਨੇ ਦੇਸ਼ ਨੂੰ ਇਸ ਸੰਕਟ ਦੇ ਸਮੇਂ ਵਿੱਚ ਇੰਨੀ ਵੱਡੀ ਰਾਹਤ ਦਿੱਤੀ ਹੈ।
ਸਾਥੀਓ,
ਇਥੇਨੌਲ ਨਾਲ ਦੇਸ਼ ਨੂੰ ਤਾਂ ਫਾਇਦਾ ਹੋਇਆ ਹੀ ਹੈ, ਕਿਸਾਨਾਂ ਨੂੰ ਵੀ ਬਹੁਤ ਵੱਡਾ ਲਾਭ ਹੋਇਆ ਹੈ। ਇਸ ਨਾਲ ਕਰੀਬ ਡੇਢ ਲੱਖ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਬਚੀ ਹੈ। ਯਾਨੀ ਜੇਕਰ ਇਥੇਨੌਲ ਨਾ ਬਣਾਉਂਦੇ ਤਾਂ ਇਹ ਪੈਸਾ ਵਿਦੇਸ਼ ਜਾਣਾ ਤੈਅ ਸੀ। ਬੀਤੇ ਸਾਲਾਂ ਵਿੱਚ ਇੰਨਾ ਸਾਰਾ ਪੈਸਾ, ਦੇਸ਼ ਦੇ ਕਿਸਾਨਾਂ ਨੂੰ ਮਿਲਿਆ ਹੈ, ਗੰਨਾ ਕਿਸਾਨਾਂ ਨੂੰ ਮਿਲਿਆ ਹੈ।
ਸਾਥੀਓ,
ਇੱਥੋਂ ਦੇ ਗੰਨਾ ਕਿਸਾਨਾਂ ਨੇ ਤਾਂ ਪਹਿਲਾਂ ਦੇ ਉਹ ਦਿਨ ਵੀ ਦੇਖੇ ਹਨ, ਜਦੋਂ ਕਈ-ਕਈ ਸਾਲਾਂ ਤੱਕ ਗੰਨੇ ਦਾ ਬਕਾਇਆ ਲਟਕਿਆ ਰਹਿੰਦਾ ਸੀ। ਪਰ ਅੱਜ ਭਾਜਪਾ ਦੀ ਡਬਲ ਇੰਜਣ ਸਰਕਾਰ ਦੇ ਯਤਨਾਂ ਨਾਲ ਗੰਨਾ ਕਿਸਾਨਾਂ ਦੀ ਸਥਿਤੀ ਬਿਹਤਰ ਹੋਈ ਹੈ।
ਸਾਥੀਓ,
ਕਿਸੇ ਵੀ ਦੇਸ਼ ਵਿੱਚ ਏਅਰਪੋਰਟ ਸਿਰਫ਼ ਇੱਕ ਆਮ ਸਹੂਲਤ ਨਹੀਂ ਹੁੰਦਾ। ਇਹ ਏਅਰਪੋਰਟ ਪ੍ਰਗਤੀ ਨੂੰ ਵੀ ਉਡਾਣ ਦਿੰਦੇ ਹਨ। ਸਾਲ 2014 ਤੋਂ ਪਹਿਲਾਂ, ਦੇਸ਼ ਵਿੱਚ ਸਿਰਫ਼ 74 ਏਅਰਪੋਰਟ ਸਨ। ਅੱਜ ਦੇਸ਼ ਵਿੱਚ 160 ਤੋਂ ਵੱਧ ਏਅਰਪੋਰਟ ਹਨ। ਹੁਣ ਮਹਾਂਨਗਰਾਂ ਤੋਂ ਇਲਾਵਾ, ਦੇਸ਼ ਦੇ ਛੋਟੇ-ਛੋਟੇ ਸ਼ਹਿਰਾਂ ਵਿੱਚ ਵੀ ਹਵਾਈ ਕਨੈਕਟੀਵਿਟੀ ਪਹੁੰਚ ਰਹੀ ਹੈ। ਪਹਿਲਾਂ ਜੋ ਸਰਕਾਰਾਂ ਰਹੀਆਂ ਹਨ, ਉਹ ਮੰਨਦੀਆਂ ਸਨ ਕਿ ਹਵਾਈ ਯਾਤਰਾ ਸਿਰਫ਼ ਅਮੀਰਾਂ ਲਈ ਹੀ ਹੋਣੀ ਚਾਹੀਦੀ ਹੈ। ਪਰ ਭਾਜਪਾ ਸਰਕਾਰ ਨੇ, ਆਮ ਭਾਰਤੀ ਲਈ ਹਵਾਈ ਯਾਤਰਾ ਨੂੰ ਆਸਾਨ ਬਣਾ ਦਿੱਤਾ ਹੈ। ਸਾਡੀ ਸਰਕਾਰ ਨੇ ਉੱਤਰ ਪ੍ਰਦੇਸ਼ ਵਿੱਚ ਹਵਾਈ ਅੱਡਿਆਂ ਦੇ ਨੈੱਟਵਰਕ ਦਾ ਤੇਜ਼ੀ ਨਾਲ ਵਿਸਤਾਰ ਕਰਦੇ ਹੋਏ ਉਨ੍ਹਾਂ ਦੀ ਸੰਖਿਆ ਵਧਾ ਕੇ ਸਤਾਰਾਂ ਕਰ ਦਿੱਤੀ ਹੈ।
ਸਾਥੀਓ,
ਭਾਜਪਾ ਸਰਕਾਰ ਦਾ ਨਿਰੰਤਰ ਯਤਨ ਰਿਹਾ ਹੈ ਕਿ ਏਅਰਪੋਰਟ ਵੀ ਬਣਨ ਅਤੇ ਕਿਰਾਇਆ-ਭਾੜਾ ਵੀ ਆਮ ਪਰਿਵਾਰਾਂ ਦੀ ਪਹੁੰਚ ਵਿੱਚ ਰਹੇ। ਇਸ ਲਈ, ਅਸੀਂ ਉਡਾਨ ਯੋਜਨਾ ਸ਼ੁਰੂ ਕੀਤੀ ਸੀ। ਇਸ ਸਕੀਮ ਦੇ ਕਾਰਨ, ਬੀਤੇ ਕੁਝ ਸਾਲਾਂ ਵਿੱਚ ਇੱਕ ਕਰੋੜ ਸੱਠ ਲੱਖ ਤੋਂ ਵੱਧ ਦੇਸ਼ ਵਾਸੀਆਂ ਨੇ ਉਡਾਨ ਯੋਜਨਾ ਰਾਹੀਂ ਟਿਕਟ ਲੈ ਕੇ ਸਸਤੀਆਂ ਦਰਾਂ 'ਤੇ ਹਵਾਈ ਯਾਤਰਾ ਕੀਤੀ ਹੈ। ਅਤੇ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਣੀ ਚਾਹੁੰਦਾ ਹਾਂ। ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਉਡਾਨ ਯੋਜਨਾ ਨੂੰ ਹੋਰ ਵਿਸਤਾਰ ਦਿੱਤਾ ਹੈ। ਇਸ ਦੇ ਲਈ ਲਗਭਗ 29 ਹਜ਼ਾਰ ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਆਉਣ ਵਾਲੇ ਸਾਲਾਂ ਵਿੱਚ ਇਸ ਦੇ ਤਹਿਤ, ਛੋਟੇ-ਛੋਟੇ ਸ਼ਹਿਰਾਂ ਵਿੱਚ 100 ਨਵੇਂ ਏਅਰਪੋਰਟ ਅਤੇ 200 ਨਵੇਂ ਹੈਲੀਪੈਡ ਬਣਾਉਣ ਦੀ ਯੋਜਨਾ ਹੈ। ਯੂਪੀ ਨੂੰ ਵੀ ਇਸ ਤੋਂ ਬਹੁਤ ਜ਼ਿਆਦਾ ਲਾਭ ਹੋਵੇਗਾ।
ਸਾਥੀਓ,
ਭਾਰਤ ਦਾ ਐਵੀਏਸ਼ਨ ਸੈਕਟਰ, ਬਹੁਤ ਤੇਜ਼ੀ ਨਾਲ ਗਤੀ ਅਤੇ ਵਿਕਾਸ ਕਰ ਰਿਹਾ ਹੈ। ਜਿਵੇਂ-ਜਿਵੇਂ ਭਾਰਤ ਵਿੱਚ ਨਵੇਂ-ਨਵੇਂ ਏਅਰਪੋਰਟ ਬਣ ਰਹੇ ਹਨ, ਉਵੇਂ-ਉਵੇਂ ਨਵੇਂ ਹਵਾਈ ਜਹਾਜ਼ਾਂ ਦੀ ਜ਼ਰੂਰਤ ਵੀ ਵਧਦੀ ਜਾ ਰਹੀ ਹੈ। ਇਸ ਲਈ ਦੇਸ਼ ਦੀਆਂ ਵੱਖ-ਵੱਖ ਏਅਰਲਾਈਨਾਂ ਨੇ ਸੈਂਕੜੇ ਨਵੇਂ ਜਹਾਜ਼ਾਂ ਦੇ ਆਰਡਰ ਦਿੱਤੇ ਹਨ। ਇਹ ਜੋ ਨਵੀਆਂ ਸਹੂਲਤਾਂ ਹਨ, ਨਵੇਂ ਜਹਾਜ਼ ਆ ਰਹੇ ਹਨ, ਇਨ੍ਹਾਂ ਨੂੰ ਉਡਾਉਣ ਵਾਲੇ, ਇਨ੍ਹਾਂ ਵਿੱਚ ਸਰਵਿਸ ਦੇਣ ਵਾਲੇ, ਮੇਂਟੇਨੈਂਸ ਨਾਲ ਜੁੜੇ, ਅਜਿਹੇ ਹਰ ਕੰਮ ਲਈ ਬਹੁਤ ਵੱਡੀ ਗਿਣਤੀ ਵਿੱਚ ਵਰਕਫੋਰਸ ਦੀ ਜ਼ਰੂਰਤ ਰਹੇਗੀ। ਇਹ ਨੌਜਵਾਨਾਂ ਲਈ ਬਹੁਤ ਵੱਡਾ ਮੌਕਾ ਹੈ। ਇਸ ਲਈ ਸਾਡੀ ਸਰਕਾਰ, ਐਵੀਏਸ਼ਨ ਸੈਕਟਰ ਵਿੱਚ ਟ੍ਰੇਨਿੰਗ ਦੀਆਂ ਸਹੂਲਤਾਂ ਦਾ ਵੀ ਵਿਸਤਾਰ ਕਰ ਰਹੀ ਹੈ।
ਸਾਥੀਓ,
ਤੁਸੀਂ ਜਦੋਂ ਆਪਣੀ ਕੋਈ ਗੱਡੀ ਖਰੀਦਦੇ ਹੋ, ਤਾਂ ਇਹ ਜ਼ਰੂਰ ਦੇਖਦੇ ਹੋ ਕਿ ਉਸ ਗੱਡੀ ਬਣਾਉਣ ਵਾਲੀ ਕੰਪਨੀ ਦਾ ਸਰਵਿਸਿੰਗ ਸੈਂਟਰ ਆਸ-ਪਾਸ ਹੈ ਜਾਂ ਨਹੀਂ ਹੈ। ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਸਾਡੇ ਦੇਸ਼ ਵਿੱਚ ਹਵਾਈ ਜਹਾਜ਼ਾਂ ਦੀ ਸਰਵਿਸਿੰਗ, ਯਾਨੀ ਉਨ੍ਹਾਂ ਦੇ ਮੈਂਟੇਨੈਂਸ, ਰਿਪੇਅਰ ਐਂਡ ਓਵਰਹਾਲ ਦੀਆਂ ਪੁਖ਼ਤਾ ਵਿਵਸਥਾਵਾਂ ਹੀ ਨਹੀਂ ਸਨ। ਭਾਰਤ ਦੇ 85 ਫ਼ੀਸਦੀ ਹਵਾਈ ਜਹਾਜ਼ਾਂ ਨੂੰ ਅੱਜ ਵੀ ਮੈਂਟੇਨੈਂਸ, ਰਿਪੇਅਰ ਐਂਡ ਓਵਰਹਾਲ ਯਾਨੀ ਐੱਮਆਰਓ ਲਈ, ਇਸ ਕੰਮ ਦੇ ਲਈ ਵਿਦੇਸ਼ ਭੇਜਣਾ ਪੈਂਦਾ ਹੈ। ਇਸ ਲਈ ਸਾਡੀ ਸਰਕਾਰ ਨੇ ਧਾਰਿਆ ਹੈ ਕਿ ਐੱਮਆਰਓ ਸੈਕਟਰ ਵਿੱਚ ਵੀ ਭਾਰਤ ਨੂੰ ਆਤਮ-ਨਿਰਭਰ ਬਣਾਵਾਂਗੇ। ਹੁਣ ਭਾਰਤ ਵਿੱਚ ਹੀ, ਬਹੁਤ ਵੱਡੇ ਪੱਧਰ 'ਤੇ ਐੱਮਆਰਓ ਸਹੂਲਤਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਅੱਜ ਇੱਥੇ ਜੇਵਰ ਵਿੱਚ ਵੀ ਐੱਮਆਰਓ ਸਹੂਲਤ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਸਹੂਲਤ ਜਦੋਂ ਤਿਆਰ ਹੋ ਜਾਵੇਗੀ, ਤਾਂ ਇਹ ਦੇਸ਼-ਵਿਦੇਸ਼ ਦੇ ਜਹਾਜ਼ਾਂ ਨੂੰ ਸੇਵਾ ਦੇਵੇਗੀ। ਇਸ ਨਾਲ ਦੇਸ਼ ਨੂੰ ਕਮਾਈ ਵੀ ਹੋਵੇਗੀ, ਸਾਡਾ ਪੈਸਾ ਵੀ ਦੇਸ਼ ਵਿੱਚ ਹੀ ਰਹੇਗਾ, ਅਤੇ ਨੌਜਵਾਨਾਂ ਨੂੰ ਅਨੇਕਾਂ ਰੁਜ਼ਗਾਰ ਵੀ ਮਿਲਣਗੇ।
ਸਾਥੀਓ,
ਅੱਜ ਸਾਡੀ ਸਰਕਾਰ ਦੀ ਤਰਜੀਹ ਦੇਸ਼ ਦੇ ਨਾਗਰਿਕਾਂ ਦੀ ਸਹੂਲਤ ਹੈ। ਦੇਸ਼ ਦੇ ਨਾਗਰਿਕ ਦਾ ਸਮਾਂ ਬਚੇ ਅਤੇ ਉਸਦੀ ਜੇਬ 'ਤੇ ਜ਼ਿਆਦਾ ਬੋਝ ਵੀ ਨਾ ਪਵੇ, ਇਹ ਸਾਡਾ ਟੀਚਾ ਹੈ। ਮੈਟਰੋ ਅਤੇ ਵੰਦੇ ਭਾਰਤ ਵਰਗੀਆਂ ਆਧੁਨਿਕ ਰੇਲ ਸੇਵਾਵਾਂ ਦਾ ਇਸੇ ਭਾਵਨਾ ਨਾਲ ਹੀ ਵਿਸਤਾਰ ਕੀਤਾ ਜਾ ਰਿਹਾ ਹੈ। ਦਿੱਲੀ-ਮੇਰਠ ਨਮੋ ਭਾਰਤ ਰੇਲ, ਇਸ ਦਾ ਕਿੰਨਾ ਫਾਇਦਾ ਹੋ ਰਿਹਾ ਹੈ, ਇਹ ਵੀ ਅਸੀਂ ਸਾਰੇ ਦੇਖ ਰਹੇ ਹਾਂ। ਅਜੇ ਤੱਕ ਨਮੋ ਭਾਰਤ ਵਿੱਚ ਢਾਈ ਕਰੋੜ ਤੋਂ ਵੱਧ ਲੋਕ ਸਫ਼ਰ ਕਰ ਚੁੱਕੇ ਹਨ। ਦਿੱਲੀ-ਮੇਰਠ ਦੇ ਜਿਸ ਸਫ਼ਰ ਵਿੱਚ ਪਹਿਲਾਂ ਘੰਟੇ ਲੱਗ ਜਾਂਦੇ ਸਨ, ਹੁਣ ਉਹ ਸਫ਼ਰ ਮਿੰਟਾਂ ਵਿੱਚ ਹੀ ਪੂਰਾ ਹੋ ਰਿਹਾ ਹੈ।
ਸਾਥੀਓ,
ਵਿਕਸਿਤ ਭਾਰਤ ਦੇ ਵਿਕਸਿਤ ਆਧੁਨਿਕ ਇੰਫਰਾਸਟ੍ਰਕਚਰ 'ਤੇ ਸਾਡੀ ਸਰਕਾਰ ਬੇਮਿਸਾਲ ਨਿਵੇਸ਼ ਕਰ ਰਹੀ ਹੈ। ਬੀਤੇ 11 ਸਾਲਾਂ ਵਿੱਚ ਇੰਫਰਾਸਟ੍ਰਕਚਰ ਦਾ ਬਜਟ ਛੇ ਗੁਣਾ ਤੋਂ ਵੱਧ ਵਧਾਇਆ ਗਿਆ ਹੈ। ਇਨ੍ਹਾਂ ਸਾਲਾਂ ਵਿੱਚ 17 ਲੱਖ ਕਰੋੜ ਰੁਪਏ ਹਾਈਵੇਅ ਅਤੇ ਐਕਸਪ੍ਰੈੱਸ-ਵੇਅ 'ਤੇ ਖਰਚ ਕੀਤੇ ਗਏ ਹਨ, ਇੱਕ ਲੱਖ ਕਿਲੋਮੀਟਰ ਤੋਂ ਵੱਧ ਦੇ ਹਾਈਵੇਅ ਦਾ ਨਿਰਮਾਣ ਕੀਤਾ ਗਿਆ ਹੈ। 2014 ਤੱਕ ਰੇਲਵੇ ਵਿੱਚ ਸਿਰਫ਼ 20 ਹਜ਼ਾਰ ਕਿਲੋਮੀਟਰ ਰੂਟ ਦਾ ਬਿਜਲੀਕਰਨ ਹੋਇਆ ਸੀ। ਜਦਕਿ 2014 ਤੋਂ ਬਾਅਦ 40 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਰੇਲਵੇ ਟ੍ਰੈਕ ਦਾ ਬਿਜਲੀਕਰਨ ਕੀਤਾ ਗਿਆ ਹੈ। ਅੱਜ ਬ੍ਰੌਡਗੇਜ ਨੈੱਟਵਰਕ ਦਾ ਲਗਭਗ ਸੌ ਫ਼ੀਸਦੀ ਬਿਜਲੀਕਰਨ ਹੋ ਚੁੱਕਿਆ ਹੈ। ਅੱਜ ਕਸ਼ਮੀਰ ਘਾਟੀ ਹੋਵੇ ਜਾਂ ਨੌਰਥ ਈਸਟ ਦੀਆਂ ਰਾਜਧਾਨੀਆਂ, ਇਹ ਪਹਿਲੀ ਵਾਰ ਰੇਲ ਨੈੱਟਵਰਕ ਨਾਲ ਜੁੜ ਰਹੀਆਂ ਹਨ। ਪੋਰਟ ਯਾਨੀ ਬੰਦਰਗਾਹਾਂ ਦੀ ਸਮਰੱਥਾ, ਬੀਤੇ ਦਹਾਕੇ ਵਿੱਚ ਦੁੱਗਣੀ ਤੋਂ ਵੱਧ ਹੋਈ ਹੈ। ਦੇਸ਼ ਵਿੱਚ ਨਦੀ ਜਲਮਾਰਗਾਂ ਦੀ ਸੰਖਿਆ ਵੀ ਲਗਾਤਾਰ ਵਧ ਰਹੀ ਹੈ। ਵਿਕਸਿਤ ਭਾਰਤ ਦੇ ਨਿਰਮਾਣ ਲਈ ਜ਼ਰੂਰੀ ਹਰ ਖੇਤਰ ਵਿੱਚ ਭਾਰਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ।
ਸਾਥੀਓ,
ਵਿਕਸਿਤ ਭਾਰਤ ਬਣਾਉਣ ਲਈ ਸਭ ਦਾ ਯਤਨ ਬਹੁਤ ਜ਼ਰੂਰੀ ਹੈ। ਇਹ ਲੋੜੀਂਦਾ ਹੈ ਕਿ 140 ਕਰੋੜ ਦੇਸ਼ ਵਾਸੀ ਸਖ਼ਤ ਤੋਂ ਸਖ਼ਤ ਮਿਹਨਤ ਕਰਨ, ਅਤੇ ਵਿਸ਼ਵਵਿਆਪੀ ਸੰਕਟਾਂ ਦਾ ਇੱਕਜੁੱਟ ਹੋ ਕੇ ਸਾਹਮਣਾ ਕਰਨ। ਅਜੇ ਜੋ ਜੰਗ ਚੱਲ ਰਹੀ ਹੈ, ਇਸ ਤੋਂ ਪੈਦਾ ਹੋਏ ਸੰਕਟਾਂ ਦਾ ਸਾਹਮਣਾ ਕਿਵੇਂ ਕਰਨਾ ਹੈ, ਇਸ ਬਾਰੇ ਮੈਂ ਸੰਸਦ ਵਿੱਚ ਵੀ ਵਿਸਤਾਰ ਨਾਲ ਦੱਸਿਆ ਹੈ। ਮੇਰੀ ਕੱਲ੍ਹ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨਾਲ ਵੀ ਲੰਬੀ ਚਰਚਾ ਹੋਈ ਹੈ ਅਤੇ ਬੜੀ ਸਕਾਰਾਤਮਕ ਚਰਚਾ ਹੋਈ ਹੈ। ਮੈਂ ਅੱਜ ਤੁਹਾਨੂੰ ਸਾਰੀ ਜਨਤਾ-ਜਨਾਰਦਨ ਨੂੰ ਫਿਰ ਕਹਾਂਗਾ, ਮੈਂ ਦੇਸ਼ ਵਾਸੀਆਂ ਨੂੰ ਫਿਰ ਤੋਂ ਕਹਾਂਗਾ। ਸਾਨੂੰ ਸ਼ਾਂਤ ਮਨ ਨਾਲ, ਧੀਰਜ ਨਾਲ, ਇੱਕਜੁੱਟਤਾ ਦੇ ਨਾਲ, ਮਿਲ-ਜੁਲ ਕੇ, ਇਸ ਸੰਕਟ ਦਾ ਸਾਹਮਣਾ ਕਰਨਾ ਹੈ। ਇਹ ਪੂਰੇ ਵਿਸ਼ਵ ਵਿੱਚ ਪਰੇਸ਼ਾਨੀ ਪੈਦਾ ਕਰਨ ਵਾਲਾ ਸੰਕਟ ਹੈ। ਸਾਨੂੰ ਆਪਣੇ ਦੇਸ਼ ਦੀ ਸਭ ਤੋਂ ਵੱਧ ਚਿੰਤਾ ਕਰਨੀ ਹੈ। ਅਤੇ ਇਹੀ ਅਸੀਂ ਭਾਰਤੀਆਂ ਦੀ ਸਭ ਤੋਂ ਵੱਡੀ ਤਾਕਤ ਹੈ। ਮੈਂ ਯੂਪੀ ਦੇ, ਦੇਸ਼ ਦੇ ਸਾਰੇ ਰਾਜਨੀਤਿਕ ਦਲਾਂ ਨੂੰ ਵੀ ਬੇਨਤੀ ਸਹਿਤ ਕਹਿਣਾ ਚਾਹੁੰਦਾ ਹਾਂ, ਤਾਕੀਦ ਕਰਨਾ ਚਾਹੁੰਦਾ ਹਾਂ, ਇਸ ਤਰ੍ਹਾਂ ਦੇ ਸੰਕਟ ਵਿੱਚ ਅਜਿਹੀਆਂ ਗੱਲਾਂ ਕਰਨ ਤੋਂ ਬਚੋ, ਜੋ ਦੇਸ਼ ਲਈ ਨੁਕਸਾਨਦਾਇਕ ਹਨ। ਜੋ ਭਾਰਤੀਆਂ ਦੇ ਹੱਕ ਵਿੱਚ ਹੈ, ਜੋ ਭਾਰਤ ਦੇ ਹਿੱਤ ਵਿੱਚ ਹੈ, ਉਹੀ ਭਾਰਤ ਸਰਕਾਰ ਦੀ ਨੀਤੀ ਅਤੇ ਰਣਨੀਤੀ ਹੈ। ਰਾਜਨੀਤੀ ਲਈ ਗ਼ਲਤ ਬਿਆਨਬਾਜ਼ੀ ਕਰਨ ਵਾਲੇ, ਰਾਜਨੀਤਿਕ ਬਹਿਸ ਵਿੱਚ ਤਾਂ ਕੁਝ ਨੰਬਰ ਪਾ ਲੈਣਗੇ, ਪਰ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਰਕਤਾਂ ਨੂੰ ਦੇਸ਼ ਦੀ ਜਨਤਾ ਕਦੇ ਮੁਆਫ਼ ਨਹੀਂ ਕਰਦੀ। ਕੋਰੋਨਾ ਦੇ ਮਹਾਸੰਕਟ ਦੌਰਾਨ ਵੀ, ਕੁਝ ਲੋਕਾਂ ਨੇ ਅਫ਼ਵਾਹਾਂ ਫੈਲਾਈਆਂ, ਵੈਕਸੀਨ ਨੂੰ ਲੈ ਕੇ ਝੂਠ ਬੋਲੇ, ਤਾਂ ਜੋ ਸਰਕਾਰ ਦਾ ਕੰਮ ਮੁਸ਼ਕਲ ਹੋਵੇ, ਦੇਸ਼ ਨੂੰ ਨੁਕਸਾਨ ਹੋਵੇ। ਨਤੀਜਾ ਕੀ ਹੋਇਆ? ਜਨਤਾ ਨੇ ਚੋਣਾਂ ਦੌਰਾਨ ਅਜਿਹੀ ਰਾਜਨੀਤੀ ਨੂੰ ਨਕਾਰ ਦਿੱਤਾ, ਠੁਕਰਾ ਦਿੱਤਾ। ਮੈਨੂੰ ਪੂਰਾ ਭਰੋਸਾ ਹੈ ਕਿ ਦੇਸ਼ ਦੇ ਸਾਰੇ ਰਾਜਨੀਤਿਕ ਦਲ ਵੀ ਇਸ ਤੋਂ ਸਬਕ ਸਿੱਖਣਗੇ ਅਤੇ ਦੇਸ਼ ਦੇ ਇੱਕਜੁੱਟ ਯਤਨਾਂ ਨੂੰ ਉਹ ਬਲ ਦੇਣਗੇ, ਤਾਕਤ ਦੇਣਗੇ। ਇਸੇ ਬੇਨਤੀ ਦੇ ਨਾਲ, ਇੱਕ ਵਾਰ ਫਿਰ ਤੋਂ ਉੱਤਰ ਪ੍ਰਦੇਸ਼ ਨੂੰ ਇਸ ਸ਼ਾਨਦਾਰ ਏਅਰਪੋਰਟ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।
ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ ਜੈ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਬਹੁਤ-ਬਹੁਤ ਧੰਨਵਾਦ।
*********
ਐੱਮਜੇਪੀਐੱਸ/ਐੱਸਐੱਸ/ਡੀਕੇ
(Release ID: 2246587)
ਵਿਜ਼ੀਟਰ ਕਾਊਂਟਰ : 2