ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵੀਡੀਓ ਕਾਨਫਰੰਸਿੰਗ ਰਾਹੀਂ ਅਸਾਮ ਦੇ ਕੋਕਰਾਝਾਰ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Posted On: 13 MAR 2026 4:48PM by PIB Chandigarh

ਖੁਲੁਮਬਾਈ ਕੋਕਰਾਝਾਰ!

ਸਾਥੀਓ,

ਮੌਸਮ ਖ਼ਰਾਬ ਹੋਣ ਕਾਰਨ ਮੈਂ ਕੋਕਰਾਝਾਰ ਨਹੀਂ ਆ ਪਾ ਰਿਹਾ ਹਾਂ। ਮੈਂ ਤੁਹਾਡੇ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ। ਇੱਥੇ ਗੁਹਾਟੀ ਤੋਂ ਹੀ ਤੁਹਾਡੇ ਨਾਲ ਗੱਲਬਾਤ ਕਰਨਾ ਸੰਭਵ ਹੋਇਆ ਹੈ, ਮੈਂ ਦਿੱਲੀ ਤੋਂ ਨਿਕਲਿਆ ਸੀ, ਤੁਹਾਨੂੰ ਕੋਲ ਆਉਣ ਲਈ, ਪਰ ਮੈਨੂੰ ਗੁਹਾਟੀ ਵਿੱਚ ਹੀ ਉਤਰਨਾ ਪਿਆ ਅਤੇ ਹੁਣ ਮੈਂ ਗੁਹਾਟੀ ਤੋਂ ਤੁਹਾਡੇ ਦਰਸ਼ਨ ਵੀ ਕਰ ਰਿਹ ਹਾਂ ਅਤੇ ਤੁਹਾਡੇ ਨਾਲ ਗੱਲ ਵੀ ਕਰ ਰਿਹਾ ਹਾਂ। ਇਸ ਪ੍ਰੋਗਰਾਮ ਨਾਲ ਜੁੜੇ ਅਸਾਮ ਦੇ ਮੁੱਖ ਮੰਤਰੀ ਭਰਾ ਹਿਮੰਤ ਬਿਸਵਾ ਸਰਮਾ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ, ਸਰਬਾਨੰਦ ਸੋਨੋਵਾਲ ਜੀ, ਬੋਡੋਲੈਂਡ ਟੈਰੀਟੋਰੀਅਲ ਕੌਂਸਲ ਦੇ ਮੁੱਖ ਕਾਰਜਕਾਰੀ ਮੈਂਬਰ, ਹਾਗ੍ਰਾਮਾ ਮੋਹਿਲਾਰੀ ਜੀ, ਸਾਡੇ ਨਾਲ ਮੌਜੂਦ ਅਸਾਮ ਦੇ ਰਾਜਪਾਲ ਸ਼੍ਰੀ ਲਕਸ਼ਮਣ ਪ੍ਰਸਾਦ ਆਚਾਰੀਆ ਜੀ, ਅਸਾਮ ਸਰਕਾਰ ਦੇ ਮੰਤਰੀ, ਸੰਸਦ ਮੈਂਬਰ ਅਤੇ ਵਿਧਾਨ ਸਭਾ ਦੇ ਮੈਂਬਰ, ਬੀਟੀਸੀ ਦੇ ਸਾਰੇ ਪ੍ਰਤੀਨਿਧੀ, ਸਮਾਜ ਦੇ ਸਾਰੇ ਬਜ਼ੁਰਗ ਅਤੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ!

ਸਭ ਤੋਂ ਪਹਿਲਾਂ ਮੈਂ ਬੋਡੋਫਾ ਉਪੇਂਦ੍ਰਨਾਥ ਬ੍ਰਹਮਾ ਜੀ, ਰੂਪਨਾਥ ਬ੍ਰਹਮਾ ਜੀ ਅਤੇ ਇਸ ਧਰਤੀ ਦੀਆਂ ਹੋਰ ਮਹਾਨ ਸ਼ਖਸੀਅਤਾਂ ਨੂੰ ਆਪਣੀਆਂ ਨਿਮਰ ਸ਼ਰਧਾਂਜਲੀਆਂ ਭੇਟ ਕਰਦਾ ਹਾਂ। ਮੈਂ ਦੇਖ ਰਿਹਾ ਹਾਂ, ਜਿੱਥੇ ਵੀ ਮੇਰੀ ਨਜ਼ਰ ਪਹੁੰਚ ਰਹੀ ਹੈ ਲੋਕ ਹੀ ਲੋਕ ਨਜ਼ਰ ਆ ਰਹੇ ਹਨ ਅਤੇ ਇੰਨੀ ਵੱਡੀ ਗਿਣਤੀ ਵਿੱਚ ਮਾਵਾਂ-ਭੈਣਾਂ ਵੀ ਅਸ਼ੀਰਵਾਦ ਦੇਣ ਆਈਆਂ ਹਨ। ਤੁਸੀਂ ਉੱਥੇ ਇੰਨੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਹੋ। ਤੁਹਾਡਾ ਇਹ ਪਿਆਰ ਮੇਰੇ ਉੱਤੇ ਕਰਜ਼ ਵਾਂਗ ਹੈ। ਅਤੇ ਮੇਰਾ ਹਮੇਸ਼ਾ ਯਤਨ ਰਿਹਾ ਹੈ ਕਿ ਇਸ ਕਰਜ਼ ਨੂੰ ਮੈਂ ਤੁਹਾਡੀ ਸੇਵਾ ਕਰਕੇ ਚੁਕਾਵਾਂ, ਇਸ ਖੇਤਰ ਦਾ ਵਿਕਾਸ ਕਰਕੇ ਚੁਕਾਵਾਂ।

ਸਾਥੀਓ,

ਹੁਣੇ ਕੁਝ ਹਫ਼ਤੇ ਪਹਿਲਾਂ ਮੈਂ ਗੁਹਾਟੀ ਵਿੱਚ ਸੀ, ਉੱਥੇ ਮੈਨੂੰ ਬਾਗੁਰੂੰਬਾ ਦਹੋਉ ਦੇ ਸ਼ਾਨਦਾਰ ਤਿਉਹਾਰ ਵਿੱਚ ਸਮ੍ਰਿੱਧ ਬੋਡੋ ਸਭਿਆਚਾਰ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਮੈਨੂੰ ਇਹ ਦੇਖ ਕੇ ਬਹੁਤ ਮਾਣ ਹੁੰਦਾ ਹੈ ਕਿ ਬੋਡੋ ਭਾਈਚਾਰੇ ਨੇ ਆਪਣੀ ਭਾਸ਼ਾ, ਆਪਣਾ ਸਭਿਆਚਾਰ ਅਤੇ ਆਪਣੀਆਂ ਪਰੰਪਰਾਵਾਂ ਨੂੰ ਇੰਨਾ ਸੰਭਾਲ ਕੇ, ਇੰਨਾ ਸੁਰੱਖਿਅਤ ਰੱਖਿਆ ਹੈ। ਬਾਥੋਊ ਦੀ ਅਧਿਆਤਮਿਕ ਪਰੰਪਰਾ ਹੋਵੇ ਜਾਂ ਬੈਇਸਾਗੂ ਦਾ ਤਿਉਹਾਰ, ਇਹ ਸਾਰੇ ਭਾਰਤ ਦੀ ਸਭਿਆਚਾਰਕ ਤਾਕਤ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।

ਸਾਥੀਓ,

ਭਾਜਪਾ-ਐੱਨਡੀਏ ਦੀ ਡਬਲ-ਇੰਜਣ ਸਰਕਾਰ ਵੀ ਅਸਾਮ ਦੀ ਵਿਰਾਸਤ ਦੀ ਸੰਭਾਲ ਅਤੇ ਅਸਾਮ ਦੇ ਤੇਜ਼ ਵਿਕਾਸ ਦੋਵਾਂ ਲਈ ਨਿਰੰਤਰ ਕੰਮ ਕਰ ਰਹੀ ਹੈ। ਅੱਜ ਇੱਥੇ ਇਸ ਪ੍ਰੋਗਰਾਮ ਵਿੱਚ ਹੀ, ਇਸ ਖੇਤਰ ਦੇ ਵਿਕਾਸ ਲਈ ਸਾਢੇ ਚਾਰ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਉਦਘਾਟਨ ਹੋਇਆ ਹੈ। ਇਸ ਵਿੱਚੋਂ 1100 ਕਰੋੜ ਰੁਪਏ ਤੋਂ ਵੱਧ ਦੀ ਰਕਮ, ਬੋਡੋਲੈਂਡ ਦੀਆਂ ਸੜਕਾਂ ਦੇ ਲਈ ਖਰਚ ਹੋਣ ਜਾ ਰਹੀ ਹੈ। ਅਸਾਮ ਮਾਲਾ, ਇਸ ਅਭਿਆਨ ਦੇ ਤੀਜੇ ਪੜਾਅ ਨਾਲ ਅਸਾਮ ਦਾ ਸੜਕ ਸੰਪਰਕ ਹੋਰ ਵੱਧ ਮਜ਼ਬੂਤ ​ਹੋਵੇਗਾ।

ਸਾਥੀਓ,

ਥੋੜ੍ਹਾ ਸਮਾਂ ਪਹਿਲਾਂ, ਮੈਨੂੰ ਕਾਮਾਖਿਆ-ਚਾਰਲਾਪੱਲੀ ਅੰਮ੍ਰਿਤ ਭਾਰਤ ਐਕਸਪ੍ਰੈੱਸ ਅਤੇ ਗੁਹਾਟੀ-ਨਿਊ ਜਲਪਾਈਗੁੜੀ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣ ਦਾ ਵੀ ਮੌਕਾ ਮਿਲਿਆ ਹੈ। ਇਨ੍ਹਾਂ ਸਾਰੇ ਪ੍ਰੋਜੈਕਟਾਂ ਨਾਲ ਤੁਹਾਨੂੰ ਸਹੂਲਤਾਂ ਤਾਂ ਮਿਲਣਗੀਆਂ ਹੀ, ਵਪਾਰ ਅਤੇ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਇਸ ਨਾਲ ਕਿਸਾਨਾਂ ਦੀ ਉਪਜ ਆਸਾਨੀ ਨਾਲ ਵੱਡੇ ਬਾਜ਼ਾਰਾਂ ਤੱਕ ਪਹੁੰਚ ਪਾਵੇਗੀ। ਮੈਂ ਆਪ ਸਭ ਨੂੰ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਕੋਕਰਾਝਾਰ ਸਮੇਤ ਇਸ ਪੂਰੇ ਖੇਤਰ ਨੇ ਬੀਤੇ ਦਹਾਕਿਆਂ ਵਿੱਚ ਬਹੁਤ ਕੁਝ ਸਿਹਾ ਸੀ, ਬਹੁਤ ਕੁਝ ਗੁਆਇਆ ਸੀ। ਅਸੀਂ ਉਹ ਔਖਾ ਸਮਾਂ ਦੇਖਿਆ ਹੈ ਜਦੋਂ ਇਨ੍ਹਾਂ ਪਹਾੜੀਆਂ ਵਿੱਚ ਬੰਬ-ਬੰਦੂਕ ਦੀ ਹੀ ਗੂੰਜ ਸੁਣਾਈ ਦਿੰਦੀ ਸੀ। ਪਰ ਅੱਜ, ਇਹ ਤਸਵੀਰ ਬਦਲ ਰਹੀ ਹੈ। ਅੱਜ ਇਹ ਪਹਾੜੀਆਂ, 'ਖਾਮ' ਦੀ ਥਾਪ ਅਤੇ 'ਸਿਫੁੰਗ' ਦੀਆਂ ਸੁਰੀਲੀਆਂ ਧੁਨਾਂ ਨਾਲ ਗੂੰਜ ਰਹੀ ਹੈ। ਅੱਜ ਬੋਡੋਲੈਂਡ ਸ਼ਾਂਤੀ ਅਤੇ ਵਿਕਾਸ ਦੀ ਰਾਹ ’ਤੇ ਚੱਲ ਪਿਆ ਹੈ। ਅੱਜ ਅਸਾਮ ਸ਼ਾਂਤੀ ਅਤੇ ਵਿਕਾਸ ਦਾ ਨਵਾਂ ਅਧਿਆਇ ਲਿਖ ਰਿਹਾ ਹੈ।

ਸਾਥੀਓ,

ਅੱਜ ਇੱਥੇ ਬੀਟੀਆਰ ਖੇਤਰ ਦੇ 6 ਮਹੱਤਵਪੂਰਨ ਸੜਕ ਪ੍ਰੋਜੈਕਟਾਂ ਦਾ ਭੂਮੀ ਪੂਜਨ ਹੋਇਆ ਹੈ, ਨਾਲ ਹੀ ਇਸ ਖੇਤਰ ਦੀ ਰੇਲ ਸੰਪਰਕ ਨੂੰ ਮਜ਼ਬੂਤ ​​ਕਰਨ ਲਈ ਵੱਡੇ ਕਦਮ ਚੁੱਕੇ ਗਏ ਹਨ। ਇੱਥੇ ਬਣਨ ਵਾਲੀ ਰੇਲਵੇ ਵਰਕਸ਼ਾਪ, ਇਸ ਖੇਤਰ ਨੂੰ ਲੌਜਿਸਟਿਕਸ ਦਾ ਇੱਕ ਵੱਡਾ ਸੈਂਟਰ ਬਣਾਉਣ ਵਾਲੀ ਹੈ। ਇੱਥੇ ਭੂਟਾਨ ਨੂੰ ਜੋੜਨ ਵਾਲੀ ਰੇਲਵੇ ਲਾਈਨ ’ਤੇ ਵੀ ਕੰਮ ਚੱਲ ਰਿਹਾ ਹੈ, ਕਈ ਸਟੇਸ਼ਨਾਂ ਨੂੰ ਵੀ ਆਧੁਨਿਕ ਬਣਾਇਆ ਜਾ ਰਿਹਾ ਹੈ। ਹੁਣ ਵੰਦੇ ਭਾਰਤ ਅਤੇ ਰਾਜਧਾਨੀ ਐਕਸਪ੍ਰੈੱਸ ਜਿਹੀਆਂ ਰੇਲਗੱਡੀਆਂ ਕੋਕਰਾਝਾਰ ਵਿੱਚ ਰੁਕਦੀਆਂ ਹਨ। ਇਹ ਬੋਡੋਲੈਂਡ ਦੀ ਬਿਹਤਰ ਸੰਪਰਕ ਦਾ ਪ੍ਰਮਾਣ ਹੈ। ਅਜਿਹੇ ਪ੍ਰੋਜੈਕਟਾਂ ਨਾਲ ਕੋਕਰਾਝਾਰ, ਵਪਾਰ ਦਾ ਵੱਡਾ ਕੇਂਦਰ ਬਣਨ ਜਾ ਰਿਹਾ ਹੈ।

ਸਾਥੀਓ,

ਮੈਂ ਹਾਗ੍ਰਾਮਾ ਮੋਹਿਲਾਰੀ ਜੀ ਦੀ ਟੀਮ ਨੂੰ, ਹੇਮੰਤਾ ਜੀ ਦੀ ਪੂਰੀ ਟੀਮ ਨੂੰ, ਵਿਕਾਸ ਦੇ ਇਨ੍ਹਾਂ ਕਾਰਜਾਂ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਦਹਾਕਿਆਂ ਤੱਕ ਬੋਡੋਲੈਂਡ ਦਾ ਇਹ ਖੇਤਰ, ਕਾਂਗਰਸ ਦੇ ਵਿਸ਼ਵਾਸਘਾਤ ਦਾ ਗਵਾਹ ਰਿਹਾ ਹੈ। ਬੋਡੋਲੈਂਡ ਦੀਆਂ ਕਈ ਪੀੜ੍ਹੀਆਂ ਨੂੰ ਕਾਂਗਰਸ ਨੇ ਝੂਠੇ ਸੁਪਨਿਆਂ ਵਿੱਚ ਉਲਝਾ ਕੇ ਰੱਖਿਆ। ਦਿੱਲੀ ਵਿੱਚ ਬੈਠੀਆਂ ਕਾਂਗਰਸ ਦੀਆਂ ਸਰਕਾਰਾਂ ਨੇ ਸਿਰਫ਼ ਦਿਖਾਵੇ ਲਈ ਕਾਗਜ਼ੀ ਸਮਝੌਤੇ ਕੀਤੇ।

ਸਾਥੀਓ,

ਜਦੋਂ ਤੁਸੀਂ ਦੇਸ਼ ਤੋਂ ਅਤੇ ਅਸਾਮ ਤੋਂ, ਦੋਵਾਂ ਥਾਵਾਂ ਤੋਂ ਕਾਂਗਰਸ ਨੂੰ ਬਾਹਰ ਕੱਢਿਆ ਅਤੇ ਬੀਜੇਪੀ-ਐੱਨਡੀਏ ਨੂੰ ਮੌਕਾ ਦਿੱਤਾ, ਤਾਂ ਅਸੀਂ ਇਮਾਨਦਾਰੀ ਨਾਲ ਯਤਨ ਸ਼ੁਰੂ ਕੀਤੇ। ਕਾਂਗਰਸ ਜਿੱਥੇ ਆਪਣੀ ਸਵਾਰਥੀ ਰਾਜਨੀਤੀ ਲਈ ਵੱਖ-ਵੱਖ ਭਾਈਚਾਰਿਆਂ ਵਿੱਚ ਮਤਭੇਦ ਬੀਜਦੀ ਸੀ, ਉੱਥੇ ਹੀ ਬੀਜੇਪੀ ਨੇ ਸਥਾਈ ਸ਼ਾਂਤੀ ਲਈ ਕੰਮ ਕੀਤਾ। ਇਸੇ ਸੋਚ ਦੇ ਨਾਲ ਬੋਡੋ ਸ਼ਾਂਤੀ ਸਮਝੌਤਾ ਕੀਤਾ ਗਿਆ। ਇਸ ਸਮਝੌਤੇ ਵਿੱਚ ਪਹਿਲੀ ਵਾਰ ਸਾਰੇ ਪ੍ਰਮੁੱਖ ਸੰਗਠਨਾਂ ਅਤੇ ਸਮੂਹਾਂ ਨੂੰ ਇਕੱਠੇ ਲਿਆਂਦਾ ਗਿਆ।

ਸਾਥੀਓ,

ਕਾਂਗਰਸ ਦੀ ਇੱਕ ਹੋਰ ਸੱਚਾਈ ਹੈ, ਕਾਂਗਰਸ ਝੂਠੇ ਵਾਅਦਿਆਂ ਦੀ ਦੁਕਾਨ ਹੈ। ਅਤੇ ਇੱਕ ਝੂਠੇ ਵਾਅਦੇ ਦੇ ਨਾਲ ਚਾਰ ਸੁਪਰ ਝੂਠ ਤੋਹਫੇ ਵਿੱਚ ਦਿੰਦੀ ਹੈ। ਕਿਉਂਕਿ, ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦਾ ਕਾਂਗਰਸ ਦਾ ਕੋਈ ਇਰਾਦਾ ਹੀ ਨਹੀਂ ਹੁੰਦਾ। ਉੱਥੇ ਤੁਹਾਡੇ ਸਾਹਮਣੇ ਬੀਜੇਪੀ-ਐੱਨਡੀਏ ਦਾ ਮਾਡਲ ਹੈ। ਸਾਡੀ ਡਬਲ-ਇੰਜਣ ਸਰਕਾਰ ਨੇ ਜੋ ਵੀ ਕਿਹਾ, ਉਸ ਨੂੰ ਸੱਚ ਕਰਨ ਦੀ ਇਮਾਨਦਾਰ ਕੋਸ਼ਿਸ਼ ਕੀਤੀ ਹੈ ਅਤੇ ਇਹ ਅੱਜ ਦੀ ਗੱਲ ਨਹੀਂ ਹੈ, 2003 ਵਿੱਚ, ਜਦੋਂ ਦਿੱਲੀ ਵਿੱਚ ਐੱਨਡੀਏ ਸਰਕਾਰ ਸੀ, ਅਟਲ ਬਿਹਾਰੀ ਵਾਜਪਾਈ ਜੀ ਦੀ ਅਗਵਾਈ ਵਿੱਚ, ਤਦ ਵੀ ਅਸੀਂ ਸੱਚਾਈ ਨਾਲ, ਇਮਾਨਦਾਰੀ ਨਾਲ ਕੰਮ ਕਰਨ ਵਿੱਚ ਕੋਈ ਕਮੀ ਨਹੀਂ ਰੱਖੀ। ਉਸ ਦੇ ਤਹਿਤ ਛੇਵੀਂ ਅਨੁਸੂਚੀ ਵਿੱਚ ਬੀਟੀਸੀ ਦਾ ਗਠਨ ਹੋਇਆ, ਇਸ ਨਾਲ ਬੋਡੋਲੈਂਡ ਦੇ ਵਿਕਾਸ ਨੂੰ ਹੁਲਾਰਾ ਮਿਲਿਆ। ਇੱਥੇ ਬੋਡੋਲੈਂਡ ਯੂਨੀਵਰਸਿਟੀ ਬਣੀ, ਸੈਂਟ੍ਰਲ ਇੰਸਟੀਟਿਊਟ ਆਫ਼ ਟੈਕਨਾਲੋਜੀ ਬਣਿਆ, ਇੰਜੀਨੀਅਰਿੰਗ ਕਾਲਜ ਬਣਿਆ, ਅਜਿਹੇ ਕਈ ਪ੍ਰੋਜੈਕਟ ਇੱਥੇ ਆਏ।

ਸਾਥੀਓ,

2020 ਦੇ ਸਮਝੌਤੇ ਦੇ ਤਹਿਤ, ਅਸੀਂ ਜੋ ਵੀ ਵਾਅਦੇ ਕੀਤੇ ਸਨ, ਉਹ ਇੱਕ ਤੋਂ ਬਾਅਦ ਇੱਕ, ਤੇਜ਼ ਰਫ਼ਤਾਰ ਨਾਲ, ਲਗਾਤਾਰ ਮਿਹਨਤ ਕਰਕੇ ਪੂਰੇ ਕੀਤੇ ਜਾ ਰਹੇ ਹਨ। ਬੋਡੋ ਭਾਸ਼ਾ ਨੂੰ, ਸਹਿਯੋਗੀ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਬੋਡੋਲੈਂਡ ਲਈ 1,500 ਕਰੋੜ ਰੁਪਏ ਦਾ ਵਿਸ਼ੇਸ਼ ਵਿਕਾਸ ਪੈਕੇਜ ਦਿੱਤਾ ਗਿਆ। ਅੱਜ ਕੋਕਰਾਝਾਰ ਵਿੱਚ ਮੈਡੀਕਲ ਕਾਲਜ ਚਲ ਰਿਹਾ ਹੈ ਅਤੇ ਤਮੁਲਪੁਰ ਵਿੱਚ ਮੈਡੀਕਲ ਕਾਲਜ ਬਣ ਰਿਹਾ ਹੈ। ਇੱਥੇ ਨਵੇਂ-ਨਵੇਂ ਪੁਲ ਬਣ ਰਹੇ ਹਨ। ਅੱਜ ਹਥਿਆਰ ਛੱਡਣ ਵਾਲੇ ਅਸਾਮ ਦੇ ਲਗਭਗ 10 ਹਜ਼ਾਰ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਜੋੜ ਕੇ ਅੱਗੇ ਵਧਾਇਆ ਜਾ ਰਿਹਾ ਹੈ। ਉਹ ਸਭ ਮਾਵਾਂ ਸਾਨੂੰ ਆਸ਼ੀਰਵਾਦ ਦੇ ਰਹੀਆਂ ਹਨ, ਜਿਨ੍ਹਾਂ ਦੇ ਪੁੱਤਰ ਅੱਜ ਘਰ ਵਾਪਸ ਪਰਤੇ ਹਨ। ਖੁਸ਼ੀ ਨਾਲ ਆਪਣੇ ਪਰਿਵਾਰਾਂ ਦੇ ਨਾਲ ਖੁਸ਼ੀ ਜ਼ਿੰਦਗੀ ਬਤੀਤ ਕਰ ਰਹੇ ਹਨ।

ਸਾਥੀਓ,

ਸਾਡੀ ਸਰਕਾਰ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਬੋਡੋ ਭਾਈਚਾਰੇ ਦੇ ਵਿਸ਼ਵਾਸ ਅਤੇ ਪਰੰਪਰਾਵਾਂ ਨੂੰ ਰਾਸ਼ਟਰੀ ਪੱਧਰ ’ਤੇ ਸਨਮਾਨ ਮਿਲੇ। ਬੋਡੋ ਭਾਈਚਾਰੇ ਦੇ ਰਵਾਇਤੀ ਵਿਸ਼ਵਾਸ, ਬਾਥੋਊ  ਨੂੰ ਵੀ ਵੱਡਾ ਸਨਮਾਨ ਦਿੱਤਾ ਗਿਆ ਹੈ। ਅਤੇ ਪੂਜਾ ਦੇ ਸਥਾਨਾਂ ਦੇ ਵਿਕਾਸ ਲਈ ਵਿਸ਼ੇਸ਼ ਸਹਾਇਤਾ ਦਿੱਤੀ ਜਾ ਰਹੀ ਹੈ।

ਸਾਥੀਓ,

ਕਾਂਗਰਸ ਦਾ ਇੱਕ ਹੋਰ ਵੱਡਾ ਪਾਪ ਹੈ, ਜੋ ਦੇਸ਼ ਅਤੇ ਅਸਾਮ ਦੀ ਸੁਰੱਖਿਆ ਲਈ ਬਹੁਤ ਵੱਡਾ ਖ਼ਤਰਾ ਬਣ ਗਿਆ ਹੈ। ਜਿਸ ਨੇ ਰੋਟੀ, ਬੇਟੀ ਅਤੇ ਮਿੱਟੀ, ਤਿੰਨਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਇਆ ਹੈ। ਕਾਂਗਰਸ ਦਾ ਹੱਥ ਹਮੇਸ਼ਾ ਤੋਂ ਘੁਸਪੈਠੀਆਂ ਦੇ ਨਾਲ ਰਿਹਾ ਹੈ ਅਤੇ ਅੱਜ ਵੀ ਹੈ। ਕਾਂਗਰਸ ਨੇ ਦਹਾਕਿਆਂ ਤੱਕ ਇੱਥੇ ਦੇ ਮੂਲ-ਨਿਵਾਸੀਆਂ ਨੂੰ, ਜ਼ਮੀਨ ਦੇ ਕਾਨੂੰਨੀ ਦਸਤਾਵੇਜ਼ ਤੱਕ ਨਹੀਂ ਦਿੱਤੇ। ਕਾਂਗਰਸ ਨੇ ਕਬਾਇਲੀਆਂ ਦੀਆਂ ਬਹੁਤ ਸਾਰੀਆਂ ਜ਼ਮੀਨਾਂ ਨੂੰ ਘੁਸਪੈਠੀਆਂ ਦੇ ਹਵਾਲੇ ਕਰ ਦਿੱਤਾ। ਧੁਬਰੀ ਅਤੇ ਗੋਲਪਾੜਾ ਜਿਹੇ ਜ਼ਿਲ੍ਹਿਆਂ ਵਿੱਚ ਤਾਂ ਸਥਿਤੀ ਬਹੁਤ ਭਿਆਨਕ ਸੀ। ਇਸ ਨਾਲ ਬੋਡੋਲੈਂਡ ਵਿੱਚ ਆਬਾਦੀ ਦਾ ਸੰਤੁਲਨ ਵਿਗੜ ਰਿਹਾ ਸੀ, ਸਮਾਜ ਵਿੱਚ ਸੰਕਟ ਆਉਣ ਲਗਿਆ ਸੀ। ਮੈਨੂੰ ਸੰਤੁਸ਼ਟੀ ਹੈ ਕਿ ਹੇਮੰਤਾ ਜੀ ਦੀ ਅਗਵਾਈ ਵਿੱਚ ਘੁਸਪੈਠੀਆਂ ਦੇ ਚੁੰਗਲ ਤੋਂ ਜ਼ਮੀਨ ਨੂੰ ਛੁਡਾਉਣ ਦੀ ਇੱਕ ਵਿਸ਼ਾਲ ਮੁਹਿੰਮ ਅਸਾਮ ਵਿੱਚ ਚੱਲ ਰਹੀ ਹੈ। ਇੱਥੇ ਭਾਜਪਾ-ਐੱਨਡੀਏ ਸਰਕਾਰ ਨੇ ਅਸਾਮ ਦੇ ਮੂਲ ਨਿਵਾਸੀਆਂ ਨੂੰ ਜ਼ਮੀਨ ਦੇ ਕਾਨੂੰਨੀ ਦਸਤਾਵੇਜ਼ ਵੀ ਦਿੱਤੇ ਹਨ। ਮੈਂ ਆਦਿਵਾਸੀ ਭਾਈਚਾਰਿਆਂ ਦਾ ਵੀ ਇਸ ਮੁਹਿੰਮ ਵਿੱਚ ਵਧ-ਚੜ੍ਹ ਕੇ ਸਾਥ ਦੇਣ ਲਈ ਦਿਲੋਂ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਅੱਜ ਮੈਂ ਤੁਹਾਨੂੰ ਅਪੀਲ ਕਰਨ ਆਇਆ ਹਾਂ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵੋ, ਇੱਕ ਸਪਸ਼ਟ ਸੰਦੇਸ਼ ਦਵੋ ਕਿ ਹੁਣ ਘੁਸਪੈਠੀਆਂ ਲਈ ਦੇਸ਼ ਵਿੱਚ ਕੋਈ ਜਗ੍ਹਾ ਨਹੀਂ ਹੈ। ਅਸਾਮ ਤੋਂ ਨਿਕਲਿਆ ਸੰਦੇਸ਼, ਪੂਰੇ ਦੇਸ਼ ਦੀ ਆਵਾਜ਼ ਬਣ ਜਾਵੇਗਾ।

ਸਾਥੀਓ,

ਅਸਾਮ ਦੇ ਵਿਕਾਸ ਦੀ ਗਤੀ ਨੂੰ ਸਾਨੂੰ ਲਗਾਤਾਰ ਤੇਜ਼ ਕਰਦੇ ਰਹਿਣਾ ਹੈ ਅਤੇ ਮੈਂ ਜਾਣਦਾ ਹਾਂ ਕਿ ਅਸਾਮ ਦੇ ਲੋਕਾਂ ਦੇ ਆਸ਼ੀਰਵਾਦ ਨਾਲ ਵਿਕਸਿਤ ਅਸਾਮ ਦਾ ਸੰਕਲਪ ਜ਼ਰੂਰ ਸਾਕਾਰ ਹੋਵੇਗਾ। ਇਸੇ ਵਿਸ਼ਵਾਸ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਵਿਕਾਸ ਪ੍ਰੋਜੈਕਟਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

ਨਮਸਕਾਰ।

 

*********

ਐੱਮਜੇਪੀਐੱਸ/ਵੀਜੇ


(Release ID: 2240830) ਵਿਜ਼ੀਟਰ ਕਾਊਂਟਰ : 17