ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 28 ਫਰਵਰੀ ਨੂੰ ਰਾਜਸਥਾਨ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸਰਵਾਈਕਲ ਕੈਂਸਰ ਨੂੰ ਰੋਕਣ ਲਈ 14 ਸਾਲ ਦੀ ਉਮਰ ਦੀਆਂ ਕੁੜੀਆਂ ਲਈ ਦੇਸ਼ਵਿਆਪੀ ਐੱਚਪੀਵੀ ਟੀਕਾਕਰਨ ਮੁਹਿੰਮ ਸ਼ੁਰੂਆਤ ਕਰਨਗੇ

ਪ੍ਰਧਾਨ ਮੰਤਰੀ ਅਜਮੇਰ ਵਿੱਚ 16,680 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਦਾ ਉਦਘਾਟਨ ਕਰਨਗੇ

ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਹਿਰੀ ਵਿਕਾਸ, ਪੀਣ ਵਾਲੇ ਪਾਣੀ ਦੀ ਸਪਲਾਈ, ਸੜਕਾਂ, ਸਿੰਚਾਈ, ਊਰਜਾ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਸਮੇਤ ਮੁੱਖ ਖੇਤਰ ਸ਼ਾਮਲ ਹਨ

ਪ੍ਰਧਾਨ ਮੰਤਰੀ ਰਾਜਸਥਾਨ ਵਿੱਚ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵੇਂ ਭਰਤੀ ਹੋਏ 21,800 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ

Posted On: 27 FEB 2026 3:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਫਰਵਰੀ, 2026 ਨੂੰ ਰਾਜਸਥਾਨ ਦੇ ਅਜਮੇਰ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 11:30 ਵਜੇ, 16,680 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ, ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਉਹ ਇਸ ਮੌਕੇ 'ਤੇ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਹ ਪ੍ਰੋਜੈਕਟ ਸ਼ਹਿਰੀ ਵਿਕਾਸ, ਪੀਣ ਵਾਲੇ ਪਾਣੀ ਦੀ ਸਪਲਾਈ, ਸੜਕਾਂ, ਸਿੰਚਾਈ, ਊਰਜਾ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਸਮੇਤ ਮੁੱਖ ਖੇਤਰਾਂ ਨੂੰ ਕਵਰ ਕਰਦੇ ਹਨ।

ਰੋਕਥਾਮ ਸਿਹਤ ਸੰਭਾਲ ਨੂੰ ਮਜ਼ਬੂਤ ​​ਕਰਨ ਅਤੇ ਮਹਿਲਾਵਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ, ਪ੍ਰਧਾਨ ਮੰਤਰੀ 14 ਸਾਲ ਉਮਰ ਦੀਆਂ ਕੁੜੀਆਂ ਲਈ ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ) ਟੀਕਾਕਰਨ ਲਈ ਇੱਕ ਦੇਸ਼ਵਿਆਪੀ ਮੁਹਿੰਮ ਸ਼ੁਰੂ ਕਰਨਗੇ। ਇਸ ਪਹਿਲ ਦਾ ਉਦੇਸ਼ ਸਰਵਾਈਕਲ ਕੈਂਸਰ ਨੂੰ ਰੋਕਣਾ ਹੈ, ਜੋ ਕਿ ਮਹਿਲਾਵਾਂ ਵਿੱਚ ਕੈਂਸਰ ਨਾਲ ਸਬੰਧਿਤ ਬਿਮਾਰੀ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ ਅਤੇ ਦੇਸ਼ ਭਰ ਵਿੱਚ ਕੁੜੀਆਂ ਅਤੇ ਮਹਿਲਾਵਾਂ ਦੀ ਲੰਬੇ ਸਮੇਂ ਦੀ ਸਿਹਤ ਦੀ ਰੱਖਿਆ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਪ੍ਰਧਾਨ ਮੰਤਰੀ ਸੜਕ ਸੰਪਰਕ ਨੂੰ ਹੁਲਾਰਾ ਦਿੰਦੇ ਹੋਏ, ਕਈ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਜਿਨ੍ਹਾਂ ਵਿੱਚ ਬਾਂਦੀਕੁਈ ਤੋਂ ਜੈਪੁਰ ਤੱਕ 4-ਲੇਨ ਵਾਲਾ ਗ੍ਰੀਨਫੀਲਡ ਐਕਸਪ੍ਰੈੱਸਵੇਅ, ਅੰਮ੍ਰਿਤਸਰ-ਜਾਮਨਗਰ ਆਰਥਿਕ ਗਲਿਆਰੇ ਦੇ ਪੈਕੇਜ 7 ਸੈਕਸ਼ਨ ਵਿੱਚ 6-ਲੇਨ ਵਾਲਾ ਐਕਸੈੱਸ ਕੰਟਰੋਲਡ ਗ੍ਰੀਨ ਹਾਈਵੇਅ ਅਤੇ ਦਿੱਲੀ-ਵਡੋਦਰਾ ਐਕਸੈੱਸ ਕੰਟਰੋਲਡ ਗ੍ਰੀਨਫੀਲਡ ਐਕਸਪ੍ਰੈੱਸਵੇਅ ਦੇ ਪੈਕੇਜ 14 ਸੈਕਸ਼ਨ ਵਿੱਚ 8-ਲੇਨ ਵਾਲਾ ਕੈਰੇਜਵੇਅ ਸ਼ਾਮਲ ਹਨ। ਉਹ ਜੋਧਪੁਰ ਸ਼ਹਿਰ ਵਿੱਚ 4-ਲੇਨ ਵਾਲੀ ਐਲੀਵੇਟਿਡ ਸੜਕ ਅਤੇ ਬਾਰਨ ਜ਼ਿਲ੍ਹੇ ਵਿੱਚ ਮਾਲਬਮੋਰੀ-ਮੰਗਰੋਲ-ਬਾਰਨ ਸਟੇਟ ਹਾਈਵੇਅ ਦਾ ਨੀਂਹ ਪੱਥਰ ਵੀ ਰੱਖਣਗੇ।

ਸਾਰਿਆਂ ਲਈ ਸੁਰੱਖਿਅਤ ਅਤੇ ਸਾਫ਼ ਪੀਣ ਵਾਲਾ ਪਾਣੀ ਯਕੀਨੀ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਨੋਨੇਰਾ ਮੇਜਰ ਡ੍ਰਿੰਕਿੰਗ ਵਾਟਰ ਪ੍ਰੋਜੈਕਟ ਦੇ ਚਾਰ ਪੈਕੇਜਾਂ ਅਤੇ ਪਰਵਾਨ ਅਕਾਵਾਦ ਮੇਜਰ ਡ੍ਰਿੰਕਿੰਗ ਵਾਟਰ ਪ੍ਰੋਜੈਕਟ ਦੇ ਪੰਜ ਪੈਕੇਜਾਂ ਦਾ ਨੀਂਹ ਪੱਥਰ ਰੱਖਣਗੇ।

ਰਾਜਸਥਾਨ ਵਿੱਚ ਨਵਿਆਉਣਯੋਗ ਊਰਜਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਅਤੇ ਜਨਰੇਟਿੰਗ ਸਟੇਸ਼ਨਾਂ ਤੋਂ ਨਿਰਵਿਘਨ ਪ੍ਰਸਾਰਣ ਨੂੰ ਯਕੀਨੀ ਬਣਾਉਣ ਲਈ, ਪ੍ਰਧਾਨ ਮੰਤਰੀ ਰਾਜਸਥਾਨ ਦੇ ਨਵਿਆਉਣਯੋਗ ਊਰਜਾ ਜ਼ੋਨਾਂ (ਆਰਈਜ਼ੈੱਡ) ਤੋਂ ਬਿਜਲੀ ਨਿਕਾਸੀ ਲਈ ਟ੍ਰਾਂਸਮਿਸ਼ਨ ਪ੍ਰਣਾਲੀਆਂ ਦਾ ਉਦਘਾਟਨ ਕਰਨਗੇ। ਉਹ ਪੰਜ 220 ਕੇਵੀ ਗਰਿੱਡ ਸਬਸਟੇਸ਼ਨਾਂ ਅਤੇ ਦੋ 400 ਕੇਵੀ ਗਰਿੱਡ ਸਬਸਟੇਸ਼ਨਾਂ ਦੇ ਨਾਲ-ਨਾਲ ਸੰਬੰਧਿਤ ਟ੍ਰਾਂਸਮਿਸ਼ਨ ਲਾਈਨਾਂ ਦਾ ਨੀਂਹ ਪੱਥਰ ਵੀ ਰੱਖਣਗੇ।

ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਅਤੇ ਯੁਵਾ ਸਸ਼ਕਤੀਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦੇ ਹੋਏ, ਰਾਜਸਥਾਨ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵੇਂ ਨਿਯੁਕਤ ਨੌਜਵਾਨਾਂ ਨੂੰ 21,800 ਤੋਂ ਵੱਧ ਨਿਯੁਕਤੀ ਪੱਤਰ ਵੰਡਣਗੇ।

 ****

ਐੱਮਜੇਪੀਐੱਸ/ਡਾ. ਪਵਨ ਖੇਦਕਰ


(Release ID: 2233871) ਵਿਜ਼ੀਟਰ ਕਾਊਂਟਰ : 25