ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 22 ਫ਼ਰਵਰੀ ਨੂੰ ਮੇਰਠ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਲਗਭਗ ₹12,930 ਕਰੋੜ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਭਾਰਤ ਦੀ ਪਹਿਲੀ ਨਮੋ ਭਾਰਤ ਆਰਆਰਟੀਐੱਸ ਦਾ ਉਦਘਾਟਨ ਕਰਨਗੇ ਅਤੇ ਪੂਰਾ ਦਿੱਲੀ-ਮੇਰਠ ਨਮੋ ਭਾਰਤ ਕੋਰੀਡੋਰ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਭਾਰਤ ਦੀ ਸਭ ਤੋਂ ਤੇਜ਼ ਮੈਟ੍ਰੋ- ਮੇਰਠ ਮੈਟ੍ਰੋ ਦਾ ਉਦਘਾਟਨ ਕਰਨਗੇ

ਪਹਿਲੀ ਵਾਰ ਆਪਣੀ ਤਰ੍ਹਾਂ ਦੀ ਪਹਿਲਕਦਮੀ ਦੇ ਤਹਿਤ, ਨਮੋ ਭਾਰਤ ਆਰਆਰਟੀਐੱਸ ਅਤੇ ਮੇਰਠ ਮੈਟ੍ਰੋ ਇੱਕ ਹੀ ਬੁਨਿਆਦੀ ਢਾਂਚੇ 'ਤੇ ਸੰਚਾਲਿਤ ਹੋਣਗੀਆਂ

ਇਹ ਪ੍ਰਾਜੈਕਟ ਭਾਰਤ ਵਿੱਚ ਏਕੀਕ੍ਰਿਤ ਸ਼ਹਿਰੀ ਅਤੇ ਖੇਤਰੀ ਆਵਾਜਾਈ ਲਈ ਇੱਕ ਮਿਸਾਲ ਕਾਇਮ ਕਰਦੇ ਹਨ

Posted On: 20 FEB 2026 6:52PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 22 ਫ਼ਰਵਰੀ 2026 ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 12:30 ਵਜੇ, ਪ੍ਰਧਾਨ ਮੰਤਰੀ ਸ਼ਤਾਬਦੀ ਨਗਰ ਨਮੋ ਭਾਰਤ ਸਟੇਸ਼ਨ 'ਤੇ ਮੇਰਠ ਮੈਟ੍ਰੋ ਅਤੇ ਨਮੋ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਇੱਥੋਂ ਉਹ ਮੇਰਠ ਸਾਊਥ ਸਟੇਸ਼ਨ ਤੱਕ ਮੈਟ੍ਰੋ ਦਾ ਸਫ਼ਰ ਕਰਨਗੇ। ਦੁਪਹਿਰ ਲਗਭਗ 1 ਵਜੇ, ਪ੍ਰਧਾਨ ਮੰਤਰੀ ਮੇਰਠ ਵਿੱਚ ਲਗਭਗ ₹12,930 ਕਰੋੜ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਇਸ ਮੌਕੇ 'ਤੇ ਸਭਾ ਨੂੰ ਸੰਬੋਧਨ ਵੀ ਕਰਨਗੇ।

ਪ੍ਰਧਾਨ ਮੰਤਰੀ 82 ਕਿੱਲੋਮੀਟਰ ਲੰਬੇ ਦਿੱਲੀ-ਮੇਰਠ ਨਮੋ ਭਾਰਤ ਕੋਰੀਡੋਰ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਭਾਰਤ ਦੀ ਪਹਿਲੀ ਨਮੋ ਭਾਰਤ ਰੀਜਨਲ ਰੈਪਿਡ ਟ੍ਰਾਂਸਿਟ ਸਿਸਟਮ (ਆਰਆਰਟੀਐੱਸ) ਦੇ ਬਾਕੀ ਬਚੇ ਸੈਕਸ਼ਨਾਂ ਦਾ ਵੀ ਉਦਘਾਟਨ ਕਰਨਗੇ। ਇਨ੍ਹਾਂ ਵਿੱਚ ਦਿੱਲੀ ਵਿੱਚ ਸਰਾਏ ਕਾਲੇ ਖਾਨ ਅਤੇ ਨਿਊ ਅਸ਼ੋਕ ਨਗਰ ਵਿਚਕਾਰ 5 ਕਿੱਲੋਮੀਟਰ ਦਾ ਸੈਕਸ਼ਨ ਅਤੇ ਉੱਤਰ ਪ੍ਰਦੇਸ਼ ਵਿੱਚ ਮੇਰਠ ਸਾਊਥ ਅਤੇ ਮੋਦੀਪੁਰਮ ਵਿਚਕਾਰ 21 ਕਿੱਲੋਮੀਟਰ ਦਾ ਸੈਕਸ਼ਨ ਸ਼ਾਮਲ ਹੈ।

180 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ, ਨਮੋ ਭਾਰਤ ਭਾਰਤ ਦੀ ਪਹਿਲੀ ਖੇਤਰੀ ਤੇਜ਼ ਆਵਾਜਾਈ ਪ੍ਰਣਾਲੀ ਹੈ। ਨਮੋ ਭਾਰਤ ਨਾਲ ਸਾਹਿਬਾਬਾਦ, ਗਾਜ਼ੀਆਬਾਦ, ਮੋਦੀਨਗਰ ਅਤੇ ਮੇਰਠ ਜਿਹੇ ਪ੍ਰਮੁੱਖ ਸ਼ਹਿਰੀ ਕੇਂਦਰ ਦਿੱਲੀ ਨਾਲ ਜ਼ਿਆਦਾ ਤੇਜ਼ੀ ਨਾਲ ਜੁੜ ਸਕਣਗੇ।

ਕੋਰੀਡੋਰ ਦਾ ਸ਼ੁਰੂਆਤੀ ਸਟੇਸ਼ਨ ਸਰਾਏ ਕਾਲੇ ਖਾਨ, ਇਸ ਉਦਘਾਟਨ ਨਾਲ ਸ਼ੁਰੂ ਹੋਣ ਵਾਲੇ ਚਾਰ ਨਮੋ ਭਾਰਤ ਸਟੇਸ਼ਨਾਂ ਵਿੱਚੋਂ ਇੱਕ ਹੈ। ਇਹ ਰਣਨੀਤਕ ਤੌਰ 'ਤੇ ਇੱਕ ਪ੍ਰਮੁੱਖ ਮਲਟੀ-ਮਾਡਲ ਹੱਬ ਵਜੋਂ ਸਥਿਤ ਹੈ, ਜੋ ਹਜ਼ਰਤ ਨਿਜ਼ਾਮੁਦੀਨ ਰੇਲਵੇ ਸਟੇਸ਼ਨ, ਦਿੱਲੀ ਮੈਟ੍ਰੋ ਦੀ ਪਿੰਕ ਲਾਈਨ, ਵੀਰ ਹਕੀਕਤ ਰਾਏ ਆਈਐੱਸਬੀਟੀ ਅਤੇ ਰਿੰਗ ਰੋਡ ਤੱਕ ਆਸਾਨੀ ਨਾਲ ਜੋੜਦਾ ਹੈ। ਸ਼ੁਰੂ ਹੋਣ ਵਾਲੇ ਹੋਰ ਤਿੰਨ ਨਮੋ ਭਾਰਤ ਸਟੇਸ਼ਨ ਸ਼ਤਾਬਦੀ ਨਗਰ, ਬੇਗਮਪੁਲ ਅਤੇ ਮੋਦੀਪੁਰਮ ਮੇਰਠ ਵਿੱਚ ਹਨ।

ਪ੍ਰਧਾਨ ਮੰਤਰੀ ਮੇਰਠ ਦੱਖਣ ਅਤੇ ਮੋਦੀਪੁਰਮ ਵਿਚਕਾਰ ਮੇਰਠ ਮੈਟ੍ਰੋ ਸੇਵਾ ਦਾ ਵੀ ਉਦਘਾਟਨ ਕਰਨਗੇ, ਜੋ ਨਮੋ ਭਾਰਤ ਦੇ ਹੀ ਬੁਨਿਆਦੀ ਢਾਂਚੇ 'ਤੇ ਸੰਚਾਲਿਤ ਹੋਵੇਗੀ। ਇਹ ਦੇਸ਼ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਪਹਿਲਕਦਮੀ ਹੈ। ਮੇਰਠ ਮੈਟ੍ਰੋ ਭਾਰਤ ਦੀ ਸਭ ਤੋਂ ਤੇਜ਼ ਮੈਟ੍ਰੋ ਪ੍ਰਣਾਲੀ ਹੋਵੇਗੀ, ਜਿਸ ਦੀ ਵੱਧ ਤੋਂ ਵੱਧ ਸੰਚਾਲਨ ਗਤੀ ਲਗਭਗ 120 ਕਿੱਲੋਮੀਟਰ ਪ੍ਰਤੀ ਘੰਟਾ ਹੋਵੇਗੀ। ਮੈਟ੍ਰੋ ਸਾਰੇ ਨਿਰਧਾਰਿਤ ਪੜਾਵਾਂ ਸਮੇਤ ਪੂਰੀ ਦੂਰੀ ਨੂੰ ਸਿਰਫ਼ 30 ਮਿੰਟਾਂ ਵਿੱਚ ਤੈਅ ਕਰੇਗੀ। ਇੱਕ ਹੀ ਬੁਨਿਆਦੀ ਢਾਂਚੇ 'ਤੇ ਨਮੋ ਭਾਰਤ ਅਤੇ ਮੇਰਠ ਮੈਟ੍ਰੋ ਦਾ ਇਹ ਸਹਿਜ ਏਕੀਕਰਨ, ਤੇਜ਼ ਰਫ਼ਤਾਰ ਵਾਲੀ ਇੰਟਰ-ਸਿਟੀ ਯਾਤਰਾ ਅਤੇ ਸ਼ਹਿਰ ਦੇ ਅੰਦਰ ਆਸਾਨ ਆਵਾਜਾਈ ਲਈ ਮਦਦਗਾਰ ਸਾਬਤ ਹੋਵੇਗਾ, ਜੋ ਭਾਰਤ ਵਿੱਚ ਏਕੀਕ੍ਰਿਤ ਸ਼ਹਿਰੀ ਅਤੇ ਖੇਤਰੀ ਆਵਾਜਾਈ ਲਈ ਇੱਕ ਮਿਸਾਲ ਕਾਇਮ ਕਰੇਗਾ। ਇਸ ਨਾਲ ਸੜਕ ਆਵਾਜਾਈ ਵਿੱਚ ਭੀੜ ਘੱਟ ਹੋਵੇਗੀ ਅਤੇ ਨਤੀਜੇ ਵਜੋਂ ਵਾਹਨਾਂ ਤੋਂ ਹੋਣ ਵਾਲੇ ਕਾਰਬਨ ਡਾਈਆਕਸਾਈਡ ਉਤਸਰਜਨ ਵਿੱਚ ਕਾਫ਼ੀ ਕਮੀ ਆਵੇਗੀ।

ਇਹ ਪ੍ਰਾਜੈਕਟ ਸ਼ਹਿਰੀ ਗਤੀਸ਼ੀਲਤਾ ਨੂੰ ਬਦਲਣ ਅਤੇ ਨਾਗਰਿਕਾਂ ਦੇ ਜੀਵਨ ਨੂੰ ਸਰਲ ਬਣਾਉਣ ਵਾਲੀਆਂ ਸਹਿਜ, ਕੁਸ਼ਲ, ਆਧੁਨਿਕ ਅਤੇ ਟਿਕਾਊ ਜਨਤਕ ਆਵਾਜਾਈ ਪ੍ਰਣਾਲੀਆਂ ਨੂੰ ਯਕੀਨੀ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਨਜ਼ਰੀਏ ਨੂੰ ਹੋਰ ਗਤੀ ਪ੍ਰਦਾਨ ਕਰਨਗੇ।

*********

ਐੱਮਜੇਪੀਐੱਸ/ ਪੀਕੇਕੇ


(Release ID: 2232528) ਵਿਜ਼ੀਟਰ ਕਾਊਂਟਰ : 31