ਪ੍ਰਧਾਨ ਮੰਤਰੀ ਦਫਤਰ
ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
Posted On:
22 FEB 2026 6:53PM by PIB Chandigarh
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਉੱਤਰ ਪ੍ਰਦੇਸ਼ ਦੇ ਹਰਮਨ ਪਿਆਰੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਪੰਕਜ ਚੌਧਰੀ ਜੀ, ਜਯੰਤ ਚੌਧਰੀ ਜੀ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਜੀ, ਯੂਪੀ ਸਰਕਾਰ ਦੇ ਮੰਤਰੀ ਸਾਹਿਬਾਨ, ਸੰਸਦ ਵਿੱਚ ਮੇਰੇ ਸਾਥੀ, ਵਿਧਾਇਕ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਆਏ ਹੋਏ ਮੇਰੇ ਪਿਆਰੇ ਭਰਾਵੋ ਅਤੇ ਭੈਣੋ!
ਬਾਬਾ ਔਘੜਨਾਥ ਦੀ ਇਸ ਪਾਵਨ ਧਰਤੀ 'ਤੇ, ਮੇਰਠ ਦੀ ਕ੍ਰਾਂਤੀਧਰਾ 'ਤੇ, ਅੱਜ ਵਿਕਸਤ ਉੱਤਰ ਪ੍ਰਦੇਸ਼, ਵਿਕਸਤ ਭਾਰਤ, ਇਸ ਦੇ ਲਈ ਨਵੀਂ ਕ੍ਰਾਂਤੀ ਨੂੰ ਊਰਜਾ ਮਿਲ ਰਹੀ ਹੈ। ਅੱਜ ਪਹਿਲੀ ਵਾਰ, ਇੱਕ ਹੀ ਮੰਚ ਤੋਂ ਨਮੋ ਭਾਰਤ ਰੈਪਿਡ ਰੇਲ ਅਤੇ ਮੈਟਰੋ ਸੇਵਾ ਦਾ, ਇੱਕ ਹੀ ਦਿਨ ਉਦਘਾਟਨ ਹੋ ਰਿਹਾ ਹੈ। ਵਿਕਸਤ ਭਾਰਤ ਦੀ ਕਨੈਕਟੀਵਿਟੀ ਕਿਹੋ ਜਿਹੀ ਹੋਵੇਗੀ, ਇਹ ਉਸ ਦੀ ਸ਼ਾਨਦਾਰ ਝਲਕ ਹੈ। ਸ਼ਹਿਰ ਦੇ ਅੰਦਰ ਲਈ ਮੈਟਰੋ, ਅਤੇ ਟਵਿਨ ਸਿਟੀਜ਼ (ਜੁੜਵਾ ਸ਼ਹਿਰਾਂ) ਦੇ ਵਿਜ਼ਨ ਨੂੰ ਗਤੀ ਦੇਣ ਲਈ ਨਮੋ ਭਾਰਤ ਵਰਗੀ ਆਧੁਨਿਕ ਰੇਲਗੱਡੀ, ਮੈਨੂੰ ਸੰਤੁਸ਼ਟੀ ਹੈ, ਇਹ ਕੰਮ ਉੱਤਰ ਪ੍ਰਦੇਸ਼ ਵਿੱਚ ਹੋਇਆ ਹੈ।
ਭਰਾਵੋ ਅਤੇ ਭੈਣੋ,
ਅੱਜ ਦਾ ਇਹ ਪ੍ਰੋਗਰਾਮ, ਭਾਜਪਾ ਦੀ ਡਬਲ ਇੰਜਣ ਸਰਕਾਰ ਦੇ ਕੰਮ ਕਰਨ ਦੇ ਸਭਿਆਚਾਰ ਨੂੰ ਵੀ ਦਰਸਾਉਂਦਾ ਹੈ ਅਤੇ ਸਾਡਾ ਕੰਮ ਕਰਨ ਦਾ ਸਭਿਆਚਾਰ ਕੀ ਹੈ? ਸਾਡਾ ਕਾਰਜ ਸਭਿਆਚਾਰ ਹੈ ਕਿ ਜਿਸ ਕੰਮ ਦਾ ਨੀਂਹ ਪੱਥਰ ਰੱਖਿਆ ਜਾਵੇ, ਉਸ ਨੂੰ ਪੂਰਾ ਕਰਨ ਲਈ, ਦਿਨ-ਰਾਤ ਇੱਕ ਕਰ ਦਿੱਤਾ ਜਾਵੇ ਅਤੇ ਇਸ ਲਈ ਹੁਣ ਪ੍ਰੋਜੈਕਟ ਪਹਿਲਾਂ ਵਾਂਗ ਲਟਕਦੇ, ਭਟਕਦੇ ਨਹੀਂ ਹਨ। ਨਮੋ ਭਾਰਤ ਜਾਂ ਮੈਟਰੋ ਸੇਵਾ, ਦੋਵਾਂ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਤੁਸੀਂ ਸਭ ਨੇ ਮੈਨੂੰ ਦਿੱਤਾ ਸੀ ਅਤੇ ਅੱਜ ਮੈਨੂੰ ਹੀ ਇਨ੍ਹਾਂ ਦੇ ਉਦਘਾਟਨ ਦਾ ਵੀ ਸੁਭਾਗ ਮਿਲਿਆ ਹੈ।
ਸਾਥੀਓ,
ਥੋੜ੍ਹੀ ਦੇਰ ਪਹਿਲਾਂ ਮੈਂ ਮੇਰਠ ਮੈਟਰੋ ਵਿੱਚ ਸਫ਼ਰ ਕੀਤਾ ਹੈ। ਇਸ ਦੌਰਾਨ ਮੇਰੀ ਸਕੂਲ-ਕਾਲਜ ਦੇ ਕਈ ਨੌਜਵਾਨਾਂ ਅਤੇ ਹੋਰ ਯਾਤਰੀਆਂ ਨਾਲ ਗੱਲਬਾਤ ਹੋਈ ਹੈ। ਸਾਰਿਆਂ ਦਾ ਇਹੀ ਕਹਿਣਾ ਸੀ, ਕਿ ਇੰਨੇ ਸ਼ਾਨਦਾਰ ਕੰਮ ਦੀ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ ਅਤੇ ਸਾਰੇ ਦੇ ਸਾਰੇ ਲੋਕ, ਉਹ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੇ ਸਨ ਅਤੇ ਖ਼ਾਸ ਤੌਰ 'ਤੇ ਭੈਣਾਂ-ਧੀਆਂ ਨੇ ਮੈਨੂੰ ਦੱਸਿਆ, ਕੁਝ ਸਾਲ ਪਹਿਲਾਂ ਤੱਕ ਸ਼ਾਮ ਹੁੰਦੇ ਹੀ, ਪੂਰੇ ਰੂਟ 'ਤੇ ਸੰਨਾਟਾ ਛਾ ਜਾਂਦਾ ਸੀ। ਇੱਥੇ ਡਰ ਅਤੇ ਭੈਅ ਦਾ ਮਾਹੌਲ ਹੁੰਦਾ ਸੀ। ਹੁਣ ਇੱਕ ਪਾਸੇ ਕਾਨੂੰਨ ਵਿਵਸਥਾ ਵੀ ਸੁਧਰੀ ਹੈ ਅਤੇ ਦੂਜੇ ਪਾਸੇ, ਲੋਕਾਂ ਨੂੰ ਸੁਵਿਧਾਜਨਕ ਅਤੇ ਸੁਰੱਖਿਅਤ ਯਾਤਰਾ ਦਾ ਵੀ ਸਾਧਨ ਮਿਲਿਆ ਹੈ।
ਅਤੇ ਸਾਥੀਓ,
ਮੈਨੂੰ ਖ਼ੁਸ਼ੀ ਹੈ ਕਿ ਇਹ ਨਮੋ ਭਾਰਤ ਰੈਪਿਡ ਰੇਲ, ਇਹ ਨਾਰੀ-ਸ਼ਕਤੀ ਦੀ ਸਮਰੱਥਾ ਦਾ ਪ੍ਰਤੀਕ ਵੀ ਬਣੀ ਹੈ। ਇਸ ਵਿੱਚ ਟ੍ਰੇਨ ਓਪਰੇਟਰ, ਸਟੇਸ਼ਨ ਕੰਟਰੋਲ ਸਟਾਫ਼, ਅਜਿਹੇ ਜ਼ਿਆਦਾਤਰ ਕੰਮਾਂ ਵਿੱਚ ਸਾਡੀਆਂ ਧੀਆਂ ਹੀ ਕੰਮ ਕਰ ਰਹੀਆਂ ਹਨ, ਧੀਆਂ ਹੀ ਅਗਵਾਈ ਕਰ ਰਹੀਆਂ ਹਨ। ਮੈਂ ਤੁਹਾਨੂੰ ਸਾਰਿਆਂ ਨੂੰ, ਉੱਤਰ ਪ੍ਰਦੇਸ਼ ਨੂੰ, ਅਤੇ ਦਿੱਲੀ ਵਾਸੀਆਂ ਨੂੰ ਦੇਸ਼ ਦੀ ਪਹਿਲੀ ਨਮੋ ਭਾਰਤ ਰੈਪਿਡ ਰੇਲ ਸੇਵਾ ਅਤੇ ਮੇਰਠ ਮੈਟਰੋ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਮੇਰਠ ਦੀ ਇਸ ਧਰਤੀ ਨਾਲ ਮੇਰਾ ਵੀ ਇੱਕ ਵਿਸ਼ੇਸ਼ ਰਿਸ਼ਤਾ ਰਿਹਾ ਹੈ। ਜਦੋਂ 2014 ਦੀਆਂ ਚੋਣਾਂ ਹੋਈਆਂ, 2019 ਦੀਆਂ ਚੋਣਾਂ ਹੋਈਆਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਹੋਈਆਂ, ਤਾਂ ਮੇਰਠ ਤੋਂ ਹੀ ਮੇਰੀਆਂ ਚੋਣ ਸਭਾਵਾਂ ਦੀ ਸ਼ੁਰੂਆਤ ਹੋਈ। ਮੇਰਠ ਦੇ ਤੁਸੀਂ ਲੋਕਾਂ ਨੇ, ਇੱਥੋਂ ਦੇ ਕਿਸਾਨਾਂ ਨੇ, ਉੱਦਮੀਆਂ ਨੇ, ਛੋਟੇ ਉਦਯੋਗਾਂ ਨਾਲ ਜੁੜੇ ਮਜ਼ਦੂਰਾਂ ਨੇ, ਕਾਰੀਗਰਾਂ ਨੇ, ਦੁਕਾਨਦਾਰਾਂ ਨੇ, ਮੈਨੂੰ ਹਮੇਸ਼ਾ ਬਹੁਤ ਆਸ਼ੀਰਵਾਦ ਦਿੱਤਾ ਹੈ।
ਅਤੇ ਸਾਥੀਓ,
ਮੈਂ ਉਦੋਂ ਵੀ ਕਾਂਗਰਸ ਅਤੇ ਸਪਾ-ਬਸਪਾ ਨੂੰ ਕਿਹਾ ਸੀ ਕਿ ਆਪਣੀ ਜ਼ਹਿਰੀਲੀ ਰਾਜਨੀਤੀ ਛੱਡੋ ਅਤੇ ਆਓ, ਵਿਕਾਸ ਦੇ ਮੁੱਦੇ 'ਤੇ ਮੁਕਾਬਲਾ ਕਰਕੇ ਦੇਖਦੇ ਹਾਂ।
ਸਾਥੀਓ,
ਇਨ੍ਹਾਂ ਦਲਾਂ ਨੇ ਤਾਂ ਆਪਣੀ ਜ਼ਹਿਰੀਲੀ ਰਾਜਨੀਤੀ ਨਹੀਂ ਬਦਲੀ, ਪਰ ਭਾਜਪਾ ਨੇ ਵਿਕਾਸ ਅਤੇ ਆਪਣੀ ਨੀਤੀ ਰੀਤੀ, ਆਪਣੀ ਨੀਅਤ ਵਿੱਚ ਜੇਕਰ ਇੱਕ ਗੱਲ ਨੂੰ ਸਭ ਤੋਂ ਉੱਪਰ ਰੱਖਿਆ, ਤਾਂ ਉਹ ਹੈ ਵਿਕਾਸ, ਦੇਸ਼ ਦਾ ਵਿਕਾਸ। ਇਸ ਦੀ ਇੱਕ ਮਿਸਾਲ ਸਾਡੀ ਮੈਟਰੋ ਵੀ ਹੈ, ਮੇਰਠ ਮੈਟਰੋ ਵੀ ਹੈ।
ਸਾਥੀਓ,
2014 ਤੋਂ ਪਹਿਲਾਂ ਭਾਰਤ ਵਿੱਚ ਮੈਟਰੋ ਦਾ ਵਿਸਥਾਰ, ਬਹੁਤ ਹੀ ਹੌਲੀ ਰਫ਼ਤਾਰ ਨਾਲ ਹੋ ਰਿਹਾ ਸੀ। ਹਾਲਤ ਇਹ ਸੀ ਕਿ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਦੇਸ਼ ਦੇ ਸਿਰਫ਼ 5 ਸ਼ਹਿਰਾਂ ਵਿੱਚ ਹੀ ਮੈਟਰੋ ਚੱਲ ਸਕੀ ਸੀ। ਜਦਕਿ ਅੱਜ ਭਾਜਪਾ ਸਰਕਾਰ ਵਿੱਚ ਦੇਸ਼ ਦੇ 25 ਤੋਂ ਵੱਧ ਸ਼ਹਿਰਾਂ ਵਿੱਚ ਮੈਟਰੋ ਚੱਲਣ ਲੱਗੀ ਹੈ। ਅੱਜ ਭਾਰਤ, ਮੈਟਰੋ ਦੇ ਮਾਮਲੇ ਵਿੱਚ ਦੁਨੀਆ ਦਾ ਤੀਜਾ ਵੱਡਾ ਨੈੱਟਵਰਕ ਬਣ ਚੁੱਕਾ ਹੈ। ਯੂਪੀ ਵਿੱਚ ਮੇਰਠ ਤੋਂ ਇਲਾਵਾ ਵੀ ਕਈ ਸਾਰੇ ਸ਼ਹਿਰਾਂ ਵਿੱਚ ਮੈਟਰੋ 'ਤੇ ਕੰਮ ਚੱਲ ਰਿਹਾ ਹੈ।
ਸਾਥੀਓ,
ਬੀਤੇ 11 ਸਾਲਾਂ ਵਿੱਚ ਦੇਸ਼ ਦੇ ਦਰਜਨਾਂ ਸ਼ਹਿਰਾਂ ਤੱਕ ਮੈਟਰੋ ਪਹੁੰਚੀ, ਕਿਉਂਕਿ ਭਾਜਪਾ ਸਰਕਾਰ ਦੇਸ਼ ਦੀ ਜਨਤਾ ਨੂੰ ਸਹੂਲਤ ਦੇਣਾ ਚਾਹੁੰਦੀ ਹੈ, ਦੇਸ਼ ਵਾਸੀਆਂ ਨੂੰ ਹਾਈ-ਸਪੀਡ, ਜਾਮ ਅਤੇ ਪ੍ਰਦੂਸ਼ਣ ਤੋਂ ਮੁਕਤ ਸੁਵਿਧਾ, ਅਜਿਹੀ ਹਰ ਤਰ੍ਹਾਂ ਦੀ ਵਿਵਸਥਾ ਦੇਣਾ ਚਾਹੁੰਦੀ ਹੈ। ਇਸ ਲਈ, ਅੱਜ ਨਮੋ ਭਾਰਤ ਵਰਗੀ ਆਧੁਨਿਕ ਸੈਮੀ-ਹਾਈਸਪੀਡ ਟ੍ਰੇਨ ਚੱਲ ਰਹੀ ਹੈ, ਵੰਦੇ ਭਾਰਤ ਟ੍ਰੇਨ ਚੱਲ ਰਹੀ ਹੈ।
ਸਾਥੀਓ,
ਕਾਂਗਰਸ-ਸਪਾ ਦੀ ਜਦੋਂ ਦਿੱਲੀ ਵਿੱਚ ਸਰਕਾਰ ਸੀ, ਉਦੋਂ ਇਹ ਸਭ ਸੰਭਵ ਹੀ ਨਹੀਂ ਸੀ। ਕਿਉਂਕਿ ਉਦੋਂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਘੁਟਾਲਿਆਂ ਵਿੱਚ ਹੀ ਗੁੰਮ ਹੋ ਜਾਂਦੇ ਸਨ। ਮੈਟਰੋ ਵਰਗੀ ਅਤੇ ਉਸ ਨਾਲ ਜੁੜੀ ਜ਼ਿਆਦਾਤਰ ਤਕਨਾਲੋਜੀ ਵੀ ਸਾਨੂੰ ਵਿਦੇਸ਼ਾਂ ਤੋਂ ਦਰਾਮਦ ਕਰਨੀ ਪੈਂਦੀ ਸੀ। ਅਸੀਂ ਘੁਟਾਲੇ ਵੀ ਬੰਦ ਕੀਤੇ, ਅਤੇ ਦੇਸ਼ ਨੂੰ ਆਤਮਨਿਰਭਰਤਾ ਦੇ ਰਾਹ 'ਤੇ ਵੀ ਅੱਗੇ ਵਧਾਇਆ। ਕਿਉਂਕਿ ਭਾਜਪਾ ਦੀ ਪਹਿਲ, ਦੇਸ਼ ਦਾ ਵਿਕਾਸ ਹੈ, ਦੇਸ਼ ਵਾਸੀਆਂ ਦੀ ਸਹੂਲਤ ਅਤੇ ਖ਼ੁਸ਼ਹਾਲੀ ਹੈ। ਤੁਸੀਂ ਇੱਥੇ ਹੀ ਦੇਖੋ, ਮੇਰਠ ਵਾਸੀਆਂ ਦਾ, ਪੱਛਮੀ ਯੂਪੀ ਵਾਸੀਆਂ ਦਾ ਜੀਵਨ ਕਿਵੇਂ ਬਦਲਣ ਵਾਲਾ ਹੈ। ਸਰਾਏ ਕਾਲੇ ਖਾਂ, ਅਨੰਦ ਵਿਹਾਰ, ਗਾਜ਼ੀਆਬਾਦ ਅਤੇ ਮੇਰਠ, ਇਨ੍ਹਾਂ ਸਟੇਸ਼ਨਾਂ 'ਤੇ ਭਾਰਤੀ ਰੇਲ, ਮੈਟਰੋ ਅਤੇ ਬੱਸ ਅੱਡਿਆਂ ਨੂੰ ਆਪਸ ਵਿੱਚ ਜੋੜਿਆ ਗਿਆ ਹੈ। ਦੇਸ਼ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਇੱਕ ਹੀ ਸਟੇਸ਼ਨ, ਇੱਕ ਹੀ ਟਰੈਕ 'ਤੇ ਨਮੋ ਭਾਰਤ ਅਤੇ ਮੈਟਰੋ ਰੇਲ ਚੱਲੇਗੀ। ਭਾਵ ਇੱਕ ਹੀ ਪਲੇਟਫ਼ਾਰਮ ਤੋਂ ਤੁਸੀਂ ਸ਼ਹਿਰ ਦੇ ਅੰਦਰ ਵੀ ਯਾਤਰਾ ਕਰ ਸਕੋਗੇ, ਅਤੇ ਉਸੇ ਸਟੇਸ਼ਨ ਤੋਂ ਸਿੱਧੇ ਦਿੱਲੀ ਵੀ ਆ-ਜਾ ਸਕਦੇ ਹੋ। ਇਸ ਨਾਲ ਮੇਰਠ ਦੇ ਤੁਹਾਡੇ ਵਰਗੇ ਹਜ਼ਾਰਾਂ ਸਾਥੀਆਂ ਨੂੰ ਫ਼ਾਇਦਾ ਹੋਵੇਗਾ, ਜੋ ਪੜ੍ਹਾਈ ਲਈ, ਨੌਕਰੀ ਲਈ, ਹੋਰ ਕੰਮਕਾਜ ਲਈ, ਰੋਜ਼ਾਨਾ ਦਿੱਲੀ ਆਉਂਦੇ-ਜਾਂਦੇ ਹਨ। ਜੋ ਲੋਕ ਦਿੱਲੀ ਵਿੱਚ ਨੌਕਰੀ ਕਰਦੇ ਹਨ ਅਤੇ ਜਿਨ੍ਹਾਂ ਦਾ ਘਰ ਮੇਰਠ ਵਿੱਚ ਹੈ, ਉਨ੍ਹਾਂ ਦੇ ਲਈ ਹੁਣ ਦਿੱਲੀ ਵਿੱਚ ਕਿਰਾਏ ਦੇ ਘਰ ਵਿੱਚ ਰਹਿਣ ਦੀ ਮਜਬੂਰੀ ਵੀ ਖ਼ਤਮ ਹੋਈ ਹੈ।
ਸਾਥੀਓ,
ਅੱਜ ਭਾਜਪਾ ਦੀ ਡਬਲ ਇੰਜਣ ਸਰਕਾਰ, ਆਧੁਨਿਕ ਬੁਨਿਆਦੀ ਢਾਂਚੇ 'ਤੇ ਜੋ ਇੰਨਾ ਸਾਰਾ ਪੈਸਾ ਖ਼ਰਚ ਕਰ ਰਹੀ ਹੈ, ਉਸ ਨਾਲ ਤੁਹਾਡਾ ਪੈਸਾ ਵੀ ਬਚਦਾ ਹੈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ। ਇੱਥੇ ਪੱਛਮੀ ਯੂਪੀ ਵਿੱਚ ਹੀ ਦੇਖੋ, ਕਿਵੇਂ ਨਵੇਂ-ਨਵੇਂ ਐਕਸਪ੍ਰੈੱਸਵੇਅ ਬਣ ਰਹੇ ਹਨ, ਡੈਡੀਕੇਟਿਡ ਫਰੇਟ ਕੋਰੀਡੋਰ ਬਣ ਰਹੇ ਹਨ, ਜੇਵਰ ਵਿੱਚ ਇੰਟਰਨੈਸ਼ਨਲ ਏਅਰਪੋਰਟ ਬਣ ਰਿਹਾ ਹੈ, ਇਹ ਪ੍ਰੋਜੈਕਟ ਜਦੋਂ ਬਣਦੇ ਹਨ ਉਦੋਂ ਵੀ ਰੁਜ਼ਗਾਰ ਮਿਲਦੇ ਹਨ, ਅਤੇ ਬਾਅਦ ਵਿੱਚ ਨਵੇਂ ਉਦਯੋਗ ਲੱਗਦੇ ਹਨ, ਨਵੇਂ ਕਾਰੋਬਾਰ ਆਉਂਦੇ ਹਨ, ਉਸ ਨਾਲ ਵੀ ਰੁਜ਼ਗਾਰ ਪੈਦਾ ਹੁੰਦੇ ਹਨ।
ਸਾਥੀਓ,
ਉੱਤਰ ਪ੍ਰਦੇਸ਼ ਦੀ ਇਹ ਧਰਤੀ ਤਾਂ ਕਿਰਤ ਦੀ ਧਰਤੀ ਹੈ, ਇਹ ਸਿਰਜਣਾ ਦੀ ਧਰਤੀ ਹੈ। ਇੱਥੋਂ ਦੇ ਕਿਸਾਨ ਹੋਣ, ਪਸ਼ੂ ਪਾਲਕ ਹੋਣ, ਛੋਟੇ-ਲਘੂ ਉੱਦਮੀ ਹੋਣ, ਬੁਣਕਰ-ਦਸਤਕਾਰ ਹੋਣ, ਇਹ ਸਾਰੇ ਵਿਰਾਸਤ ਅਤੇ ਵਿਕਾਸ ਦੇ ਮੰਤਰ ਨੂੰ ਸਾਕਾਰ ਕਰ ਰਹੇ ਹਨ। ਅਜਿਹੇ ਵਿੱਚ ਜਦੋਂ ਭਾਰਤ ਦੀ ਸਮਰੱਥਾ ਵਧਦੀ ਹੈ, ਤਾਂ ਉੱਤਰ ਪ੍ਰਦੇਸ਼ ਦੇ ਇਨ੍ਹਾਂ ਸਾਰੇ ਸਾਥੀਆਂ ਨੂੰ ਵੀ ਫ਼ਾਇਦਾ ਹੁੰਦਾ ਹੈ।
ਸਾਥੀਓ,
ਤੁਸੀਂ ਅੱਜਕੱਲ੍ਹ ਦੇਖ ਰਹੇ ਹੋ ਕਿ ਦੁਨੀਆ ਦੇ ਪ੍ਰਤੀ ਅਤੇ ਦੁਨੀਆ ਦੇ ਲੋਕਾਂ ਦੇ ਮਨ ਵਿੱਚ ਭਾਰਤ ਪ੍ਰਤੀ ਕਿੰਨੀ ਆਸਥਾ ਹੈ, ਲੋਕ ਕਿੰਨੇ ਆਸਵੰਦ ਹਨ। ਦੁਨੀਆ ਦੇ ਅਨੇਕ ਵਿਕਸਤ ਦੇਸ਼, ਅੱਜ ਭਾਰਤ ਨਾਲ ਵਪਾਰਕ ਸਮਝੌਤੇ ਕਰ ਰਹੇ ਹਨ। ਇੱਕ ਸਮਾਂ ਸੀ, ਜਦੋਂ ਕਾਂਗਰਸ ਦੀ ਸਰਕਾਰ ਚਾਹ ਕੇ ਵੀ ਵਿਕਸਤ ਦੇਸ਼ਾਂ ਨਾਲ ਸਮਝੌਤੇ ਨਹੀਂ ਕਰ ਪਾਉਂਦੀ ਸੀ। ਕਿਉਂਕਿ ਉਦੋਂ ਘੁਟਾਲਿਆਂ ਲਈ ਬਦਨਾਮ ਕਾਂਗਰਸ ਸਰਕਾਰ ਨਾਲ ਸਮਝੌਤੇ ਕਰਨ ਵਿੱਚ ਦੁਨੀਆ ਨੂੰ ਝਿਜਕ ਹੁੰਦੀ ਸੀ। ਪਰ ਅੱਜ ਵਿਕਸਤ ਦੇਸ਼, ਭਾਰਤ ਨਾਲ ਜੁੜਨ ਲਈ ਉਤਸੁਕ ਹਨ। ਕਿਉਂਕਿ ਉਨ੍ਹਾਂ ਨੂੰ ਭਾਰਤ ਦੇ ਵਿਕਾਸ ਵਿੱਚ ਆਪਣਾ ਭਵਿੱਖ ਦਿਖਦਾ ਹੈ, ਉਨ੍ਹਾਂ ਨੂੰ ਭਾਰਤ ਦੀ ਯੁਵਾ ਸ਼ਕਤੀ ਵਿੱਚ ਉਮੀਦ ਦਿਖਦੀ ਹੈ। ਅੱਜ ਦੁਨੀਆ ਨੂੰ ਲੱਗਦਾ ਹੈ, ਕਿ ਭਾਰਤ ਉਹ ਤਾਕਤ ਹੈ, ਜੋ 21ਵੀਂ ਸਦੀ ਦੀਆਂ ਚੁਣੌਤੀਆਂ ਦਾ ਹੱਲ ਦੇ ਸਕਦਾ ਹੈ।
ਸਾਥੀਓ,
ਬੀਤੇ ਸਾਲਾਂ ਵਿੱਚ ਭਾਜਪਾ ਦੀ ਸਰਕਾਰ ਨੇ ਜੋ ਗਲੋਬਲ ਸਮਝੌਤੇ ਕੀਤੇ ਹਨ, ਉਸ ਨਾਲ ਲਘੂ ਅਤੇ ਘਰੇਲੂ ਉਦਯੋਗਾਂ ਨਾਲ ਜੁੜੇ ਲੋਕਾਂ ਨੂੰ ਵੀ ਬਹੁਤ ਫ਼ਾਇਦਾ ਹੋਵੇਗਾ। ਇਸ ਦਾ ਫ਼ਾਇਦਾ, ਮੇਰਠ ਦੇ ਖੇਡਾਂ ਦਾ ਸਮਾਨ ਬਣਾਉਣ ਵਾਲਿਆਂ ਨੂੰ ਹੋਵੇਗਾ, ਮੇਰਠ ਦੀ ਹੀ ਕੈਂਚੀ, ਖੁਰਜਾ ਦੀ ਕਰੌਕਰੀ, ਮੁਰਾਦਾਬਾਦ ਦਾ ਪਿੱਤਲ, ਬਾਗਪਤ ਦਾ ਹੋਮ ਫਰਨੀਸ਼ਿੰਗ ਉਦਯੋਗ, ਸਹਾਰਨਪੁਰ ਦੀ ਲੱਕੜੀ ਦੀ ਨੱਕਾਸ਼ੀ, ਲੈਦਰ, ਟੈਕਸਟਾਈਲ, ਗਹਿਣਿਆਂ ਨਾਲ ਜੁੜੇ ਉਦਯੋਗ, ਅਜਿਹੇ ਹਰ ਲਘੂ ਅਤੇ ਘਰੇਲੂ ਉਦਯੋਗਾਂ ਨੂੰ ਇਨ੍ਹਾਂ ਸਮਝੌਤਿਆਂ ਦਾ ਬਹੁਤ ਵੱਡਾ ਲਾਭ ਹੋਣ ਵਾਲਾ ਹੈ। ਭਾਜਪਾ ਦੀ ਪਹਿਲ, ਦੇਸ਼ ਦੇ ਛੋਟੇ-ਵੱਡੇ ਸ਼ਹਿਰਾਂ ਦੀ ਸਮਰੱਥਾ ਨੂੰ, ਦੁਨੀਆ ਦੇ ਕੋਨੇ-ਕੋਨੇ ਤੱਕ ਲੈ ਕੇ ਜਾਣਾ ਹੈ, ਯੂਪੀ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਪਛਾਣ ਵਧਾਉਣਾ ਹੈ।
ਸਾਥੀਓ,
ਸਾਡਾ ਮੇਰਠ ਅਤੇ ਇਹ ਪੂਰਾ ਖੇਤਰ, ਲਘੂ ਉਦਯੋਗਾਂ ਦਾ, ਐੱਮਐੱਸਐੱਮਈਜ਼ ਦਾ ਬਹੁਤ ਵੱਡਾ ਕੇਂਦਰ ਹੈ। ਇਸ ਸਾਲ ਜੋ ਕੇਂਦਰ ਸਰਕਾਰ ਦਾ ਬਜਟ ਆਇਆ ਹੈ, ਉਸ ਵਿੱਚ ਅਸੀਂ ਲਘੂ ਉਦਯੋਗਾਂ ਲਈ 10 ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਫੰਡ ਦਾ ਐਲਾਨ ਕੀਤਾ ਹੈ। ਇਸ ਨਾਲ ਯੂਪੀ ਦੇ ਐੱਮਐੱਸਐੱਮਈਜ਼ ਨੂੰ ਕਰਜ਼ਾ ਮਿਲਣਾ ਬਹੁਤ ਆਸਾਨ ਹੋ ਜਾਵੇਗਾ। ਬਜਟ ਵਿੱਚ ਅਸੀਂ ਕੱਪੜਾ ਉਦਯੋਗ ਲਈ, ਬੁਣਕਰ ਸਮਾਜ ਲਈ, ਮਹਾਤਮਾ ਗਾਂਧੀ ਗ੍ਰਾਮ ਸਵਰਾਜ ਯੋਜਨਾ ਦਾ ਐਲਾਨ ਕੀਤਾ ਹੈ। ਇਸ ਨਾਲ ਖਾਦੀ, ਹੈਂਡਲੂਮ, ਦਸਤਕਾਰੀ ਨੂੰ ਵਿਸ਼ਵ ਬਾਜ਼ਾਰ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ।
ਸਾਥੀਓ,
ਪਹਿਲਾਂ ਛੋਟੇ ਕਾਰੀਗਰ ਕੇਵਲ 10 ਲੱਖ ਰੁਪਏ ਤੱਕ ਦਾ ਸਮਾਨ ਕੋਰੀਅਰ ਰਾਹੀਂ ਭੇਜ ਸਕਦੇ ਸਨ। ਹੁਣ ਇਹ ਸੀਮਾ ਪੂਰੀ ਤਰ੍ਹਾਂ ਹਟਾ ਦਿੱਤੀ ਗਈ ਹੈ। ਇਸ ਨਾਲ ਮੇਰਠ ਸਮੇਤ, ਯੂਪੀ ਦੇ ਸਾਰੇ ਬੁਣਕਰ, ਅਤੇ ਹੋਰ ਛੋਟੇ ਉੱਦਮੀ, ਆਨਲਾਈਨ ਐਪ ਰਾਹੀਂ, ਅਮਰੀਕਾ ਜਾਂ ਯੂਰਪ ਦੇ ਗਾਹਕਾਂ ਨੂੰ ਵੀ ਆਪਣੇ ਉਤਪਾਦ ਆਸਾਨੀ ਨਾਲ ਭੇਜ ਸਕਣਗੇ।
ਸਾਥੀਓ,
ਮੇਰਠ-ਹਾਪੁੜ ਅਤੇ ਆਸ-ਪਾਸ ਦੇ ਇਸ ਖੇਤਰ ਨੇ, ਚੌਧਰੀ ਚਰਨ ਸਿੰਘ ਜੀ ਦੇ ਵਿਜ਼ਨ ਨੂੰ ਸ਼ੁਰੂਆਤੀ ਦਿਨਾਂ ਤੋਂ ਦੇਖਿਆ ਹੈ। ਇਹ ਸਾਡੀ ਸਰਕਾਰ ਦਾ ਸੁਭਾਗ ਰਿਹਾ, ਕਿ ਸਾਨੂੰ ਚੌਧਰੀ ਚਰਨ ਸਿੰਘ ਜੀ ਨੂੰ ਭਾਰਤ ਰਤਨ ਦੇਣ ਦਾ ਸੁਭਾਗ ਮਿਲਿਆ। ਭਾਜਪਾ ਦੀ ਡਬਲ ਇੰਜਣ ਸਰਕਾਰ, ਉਨ੍ਹਾਂ ਦੇ ਵਿਜ਼ਨ 'ਤੇ ਚੱਲਦੇ ਹੋਏ ਕਿਸਾਨਾਂ ਦੀ ਆਮਦਨ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਦੇ ਲਈ ਫੂਡ-ਪ੍ਰੋਸੈਸਿੰਗ 'ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਪੈਸਾ ਵੀ ਛੋਟੇ ਕਿਸਾਨਾਂ ਦੇ ਬਹੁਤ ਕੰਮ ਆ ਰਿਹਾ ਹੈ। ਹੁਣ ਤੱਕ ਯੂਪੀ ਦੇ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ, ਲਗਭਗ 95 ਹਜ਼ਾਰ ਕਰੋੜ ਰੁਪਏ ਮਿਲ ਚੁੱਕੇ ਹਨ। ਇਸ ਵਿੱਚ ਮੇਰਠ ਦੇ ਕਿਸਾਨਾਂ ਨੂੰ ਵੀ ਲਗਭਗ 800 ਕਰੋੜ ਰੁਪਏ ਮਿਲੇ ਹਨ।
ਭਰਾਵੋ ਅਤੇ ਭੈਣੋ,
ਇੱਕ ਪਾਸੇ ਅੱਜ ਦੇਸ਼ ਵਾਸੀ, ਭਾਰਤ ਨੂੰ ਵਿਕਸਤ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਪਰ ਦੇਸ਼ ਵਿੱਚ ਹੀ ਕੁਝ ਸਿਆਸੀ ਪਾਰਟੀਆਂ ਹਨ, ਜੋ ਭਾਰਤ ਦੀ ਇਸ ਸਫਲਤਾ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ। ਹੁਣੇ ਤੁਸੀਂ ਦੇਖਿਆ, ਭਾਰਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਏਆਈ ਸੰਮੇਲਨ ਹੋਇਆ। ਦੁਨੀਆ ਭਰ ਦੇ 80 ਤੋਂ ਵੱਧ ਦੇਸ਼ਾਂ ਤੋਂ ਪ੍ਰਤੀਨਿਧੀ ਦਿੱਲੀ ਆਏ। ਦੁਨੀਆ ਦੇ ਕਰੀਬ 20 ਦੇਸ਼ਾਂ ਦੇ ਰਾਸ਼ਟਰ ਮੁਖੀ ਭਾਰਤ ਆਏ, ਲੱਖਾਂ ਲੋਕ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਦਿੱਲੀ ਵਿੱਚ ਜੁੜੇ ਸਨ। ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਵਿੱਚ ਅਜਿਹਾ ਸੰਮੇਲਨ ਅੱਜ ਤੱਕ ਕਦੇ ਨਹੀਂ ਹੋਇਆ। ਮੈਂ ਜ਼ਰਾ ਮੇਰਠ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ, ਇਹ ਜੋ ਏਆਈ ਸੰਮੇਲਨ ਹੋਇਆ, ਤੁਹਾਨੂੰ ਮਾਣ ਹੋਇਆ ਕਿ ਨਹੀਂ ਹੋਇਆ? ਪੂਰੀ ਤਾਕਤ ਨਾਲ ਦੱਸੋ, ਤੁਹਾਨੂੰ ਮਾਣ ਹੋਇਆ ਕਿ ਨਹੀਂ ਹੋਇਆ? ਤੁਹਾਡਾ ਮੱਥਾ ਉੱਚਾ ਹੋਇਆ ਕਿ ਨਹੀਂ ਹੋਇਆ? ਤੁਹਾਡਾ ਸੀਨਾ ਚੌੜਾ ਹੋਇਆ ਕਿ ਨਹੀਂ ਹੋਇਆ, ਇਹ ਕੰਮ ਭਾਰਤ ਲਈ ਹੋਇਆ ਕਿ ਨਹੀਂ ਹੋਇਆ ਹੈ? ਭਾਰਤ ਦੇ ਨੌਜਵਾਨਾਂ ਲਈ ਹੋਇਆ ਕਿ ਨਹੀਂ ਹੋਇਆ ਹੈ? ਭਾਰਤ ਦੀ ਕਿਸਮਤ ਨੂੰ ਬਦਲਣ ਲਈ ਹੋਇਆ ਹੈ ਕਿ ਨਹੀਂ ਹੋਇਆ ਹੈ? 21ਵੀਂ ਸਦੀ ਵਿੱਚ ਅਗਵਾਈ ਲੈਣ ਲਈ ਹੋਇਆ ਹੈ ਕਿ ਨਹੀਂ ਹੋਇਆ ਹੈ? ਪੂਰਾ ਦੇਸ਼ ਮਾਣ ਨਾਲ ਭਰ ਗਿਆ। ਪਰ ਕਾਂਗਰਸ ਅਤੇ ਇਸ ਦੇ ਈਕੋਸਿਸਟਮ ਨੇ ਕੀ ਕੀਤਾ?
ਸਾਥੀਓ,
ਕਾਂਗਰਸ ਨੇ ਭਾਰਤ ਦੇ ਇੱਕ ਵਿਸ਼ਵ ਪੱਧਰੀ ਸਮਾਗਮ ਨੂੰ, ਆਪਣੀ ਗੰਦੀ ਅਤੇ ਨੰਗੀ ਰਾਜਨੀਤੀ ਦਾ ਅਖਾੜਾ ਬਣਾ ਦਿੱਤਾ। ਸਮਾਗਮ ਵਾਲੀ ਥਾਂ 'ਤੇ ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਕਾਂਗਰਸ ਦੇ ਨੇਤਾ ਕੱਪੜੇ ਉਤਾਰ ਕੇ ਪਹੁੰਚ ਗਏ, ਮੈਂ ਕਾਂਗਰਸ ਵਾਲਿਆਂ ਨੂੰ ਪੁੱਛਦਾ ਹਾਂ, ਦੇਸ਼ ਤਾਂ ਜਾਣਦਾ ਹੈ ਤੁਸੀਂ ਪਹਿਲਾਂ ਤੋਂ ਹੀ ਨੰਗੇ ਹੋ, ਫਿਰ ਕੱਪੜੇ ਉਤਾਰਨ ਦੀ ਲੋੜ ਕੀ ਪਈ। ਕਾਂਗਰਸ ਦੇ ਨੇਤਾਵਾਂ ਨੇ ਉੱਥੇ ਜੋ ਕੁਝ ਕੀਤਾ, ਉਹ ਦਿਖਾਉਂਦਾ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ, ਵਿਚਾਰਧਾਰਕ ਤੌਰ 'ਤੇ ਕਿੰਨੀ ਦੀਵਾਲੀਆ ਹੋ ਗਈ ਹੈ, ਕਿੰਨੀ ਕੰਗਾਲ ਹੋ ਗਈ ਹੈ।
ਸਾਥੀਓ,
ਕੋਈ ਕਲਪਨਾ ਨਹੀਂ ਕਰ ਸਕਦਾ ਹੈ, ਅਸੀਂ ਤਾਂ ਉਹ ਲੋਕ ਹਾਂ, ਜੋ ਪਿੰਡ ਵਿੱਚ ਕਿਸੇ ਦੇ ਘਰ ਵਿਆਹ-ਸ਼ਾਦੀ ਹੁੰਦਾ ਹੈ, ਤਾਂ ਪੂਰਾ ਪਿੰਡ ਉਸ ਨੂੰ ਸਫਲ ਬਣਾਉਣ ਵਿੱਚ ਜੀਅ-ਜਾਨ ਨਾਲ ਜੁਟ ਜਾਂਦਾ ਹੈ। ਤਾਂ ਜੋ ਮਹਿਮਾਨ, ਪਿੰਡ ਦੀ ਇੱਕ ਚੰਗੀ ਤਸਵੀਰ ਲੈ ਕੇ ਜਾਣ। ਕਾਂਗਰਸ ਤਾਂ ਆਪਣੇ ਹੀ ਦੇਸ਼ ਨੂੰ ਬਦਨਾਮ ਕਰਨ ਵਿੱਚ ਲੱਗੀ ਹੈ।
ਸਾਥੀਓ,
ਕਾਂਗਰਸ ਦੇ ਨੇਤਾਵਾਂ ਨੂੰ ਮੋਦੀ ਨਾਲ ਨਫ਼ਰਤ ਹੈ, ਇਹ ਲੋਕ ਮੇਰੀ ਕਬਰ ਪੁੱਟਣਾ ਚਾਹੁੰਦੇ ਹਨ, ਮੇਰੀ ਮਾਂ ਨੂੰ ਗਾਲ੍ਹਾਂ ਕੱਢਣ ਤੋਂ ਵੀ ਉਨ੍ਹਾਂ ਨੂੰ ਕੋਈ ਪਰਹੇਜ਼ ਨਹੀਂ ਹੈ, ਉਨ੍ਹਾਂ ਨੂੰ ਭਾਜਪਾ ਤੋਂ ਵਿਰੋਧ ਹੈ, ਉਨ੍ਹਾਂ ਨੂੰ ਐੱਨਡੀਏ ਤੋਂ ਵਿਰੋਧ ਹੈ, ਠੀਕ ਹੈ ਤੁਹਾਡੀ ਰਾਜਨੀਤੀ ਵਿੱਚ ਇਹੀ ਕਰਨਾ ਜ਼ਰੂਰੀ ਹੈ, ਚਲੋ ਭਈ ਸਮਝ ਸਕਦੇ ਹਾਂ, ਅਸੀਂ ਇਸ ਨੂੰ ਵੀ ਸਹਿਣ ਕਰ ਲਵਾਂਗੇ। ਪਰ ਕਾਂਗਰਸ ਨੂੰ ਯਾਦ ਰੱਖਣਾ ਚਾਹੀਦਾ ਸੀ, ਕਿ ਏਆਈ ਗਲੋਬਲ ਸਮਿਟ, ਇਹ ਬੀਜੇਪੀ ਦਾ ਸਮਾਗਮ ਨਹੀਂ ਸੀ ਅਤੇ ਨਾ ਹੀ ਉਸ ਸਮੇਂ ਬੀਜੇਪੀ ਦਾ ਕੋਈ ਨੇਤਾ ਉੱਥੇ ਮੌਜੂਦ ਸੀ, ਇਹ ਦੇਸ਼ ਦਾ ਪ੍ਰੋਗਰਾਮ ਸੀ, ਦੇਸ਼ ਦੇ ਸਨਮਾਨ ਦਾ ਪ੍ਰੋਗਰਾਮ ਸੀ, ਦੇਸ਼ ਦੇ ਲੋਕਾਂ ਦੇ ਪਸੀਨੇ ਨਾਲ, ਪਰ ਕਾਂਗਰਸ ਨੇ ਪਰਸੋਂ ਸਾਰੀਆਂ ਮਰਿਆਦਾਵਾਂ ਤੋੜ ਦਿੱਤੀਆਂ ਅਤੇ ਪੂਰਾ ਦੇਸ਼, ਕਾਂਗਰਸ ਦੀ ਇਸ ਰੀਤੀ-ਨੀਤੀ 'ਤੇ ਥੂ-ਥੂ ਕਰ ਰਿਹਾ ਹੈ। ਪਰ ਬਦਕਿਸਮਤੀ ਦੇਖੋ, ਇੰਨੀ ਪੁਰਾਣੀ ਪਾਰਟੀ ਦੇ ਨੇਤਾ ਸ਼ਰਮਿੰਦਾ ਹੋਣ ਦੀ ਬਜਾਏ ਗਰਜ ਰਹੇ ਹਨ, ਬੇਸ਼ਰਮੀ ਨਾਲ ਦੇਸ਼ ਦੀ ਬੇਇੱਜ਼ਤੀ ਕਰਨ ਵਾਲਿਆਂ ਦਾ ਜੈਕਾਰਾ ਕਰ ਰਹੇ ਹਨ ਅਤੇ ਇਹ ਮਾਮਲਾ ਕਾਂਗਰਸ ਦੀਆਂ ਹਰਕਤਾਂ ਦਾ ਲਗਾਤਾਰ ਚੱਲ ਰਿਹਾ ਹੈ। ਸੰਸਦ ਵਿੱਚ ਕੀ ਕੀਤਾ, ਸੰਸਦ ਵਿੱਚ ਖ਼ੁਦ ਪਰਫਾਰਮ ਕਰ ਨਹੀਂ ਪਾ ਰਹੇ, ਤਾਂ ਆਪਣੇ ਸਾਥੀ ਦਲਾਂ ਨੂੰ ਵੀ ਬੋਲਣ ਦਾ ਮੌਕਾ ਨਹੀਂ ਦਿੰਦੇ, ਸੰਸਦ ਨੂੰ ਚੱਲਣ ਨਹੀਂ ਦਿੰਦੇ ਅਤੇ ਉਸ ਦਾ ਸਭ ਤੋਂ ਵੱਡਾ ਨੁਕਸਾਨ, ਕਾਂਗਰਸ ਦੇ ਜੋ ਸਾਥੀ ਦਲ ਹਨ ਨਾ ਉਨ੍ਹਾਂ ਨੂੰ ਹੋ ਰਿਹਾ ਹੈ, ਹੁਣ ਉਹ ਸਮਝ ਗਏ ਹਨ। ਇਹ ਹੁਣੇ ਦਿੱਲੀ ਵਿੱਚ ਜੋ ਉਨ੍ਹਾਂ ਨੇ ਨੰਗਾਪਨ ਦਿਖਾਇਆ, ਉਨ੍ਹਾਂ ਦੇ ਸਾਰੇ ਸਾਥੀ ਦਲ ਹੈਰਾਨ ਰਹਿ ਗਏ ਹਨ, ਸਭ ਨੇ ਕਿਨਾਰਾ ਕਰ ਲਿਆ, ਅਤੇ ਮੈਂ ਨਿਮਰਤਾ ਸਹਿਤ ਦੇਸ਼ ਦੇ ਮੀਡੀਆ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ, ਉਂਜ ਮੈਂ ਮੀਡੀਆ ਨੂੰ ਹਰ ਤਰ੍ਹਾਂ ਨਾਲ ਝੱਲਣ ਲਈ ਰੱਬ ਮੈਨੂੰ ਸ਼ਕਤੀ ਦੇਵੇ, ਅਰਦਾਸ ਕਰਦਾ ਰਹਿੰਦਾ ਹਾਂ। ਪਰ ਅੱਜ ਮੈਂ ਉਨ੍ਹਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਕਿਰਪਾ ਕਰਕੇ ਅਸੀਂ ਜਦੋਂ ਇਸ ਤਰ੍ਹਾਂ ਦੀਆਂ ਹਰਕਤਾਂ ਦੀ ਆਲੋਚਨਾ ਕਰੀਏ, ਤਾਂ ਤੁਸੀਂ ਇਹ ਹੈੱਡਲਾਈਨ ਨਾ ਬਣਾਓ, ਕਿ ਮੋਦੀ ਨੇ ਵਿਰੋਧੀ ਧਿਰ ਨੂੰ ਧੋ ਸੁੱਟਿਆ, ਤੁਸੀਂ ਕਾਂਗਰਸ ਨੂੰ ਬਚਾਉਣ ਦੀਆਂ ਇਹ ਚਲਾਕੀਆਂ ਬੰਦ ਕਰੋ। ਇਹ ਵਿਰੋਧੀ ਧਿਰ-ਵਿਰੋਧੀ ਧਿਰ ਕਰਕੇ ਤੁਸੀਂ ਕਾਂਗਰਸ ਨੂੰ ਬਚਾ ਰਹੇ ਹੋ ਅਤੇ ਵਿਰੋਧੀ ਧਿਰ ਵਿੱਚ ਜੋ ਹੋਰ ਸਾਥੀ ਬੈਠੇ ਹਨ, ਉਹ ਵੀ ਸਮਝ ਗਏ ਹਨ ਕਿ ਪਾਪ ਕਾਂਗਰਸ ਕਰਦੀ ਹੈ ਅਤੇ ਭੁਗਤਣਾ ਉਨ੍ਹਾਂ ਨੂੰ ਪੈਂਦਾ ਹੈ, ਅਤੇ ਕਾਂਗਰਸ ਦਾ ਈਕੋਸਿਸਟਮ ਹਰ ਵਾਰ ਬਚ ਕੇ ਨਿਕਲਣ ਦੀ ਇਹ ਖੇਡ ਖੇਡਦਾ ਹੈ, ਕਿ ਪਾਪ ਕਾਂਗਰਸ ਕਰੇ, ਆਲੋਚਨਾ ਕਾਂਗਰਸ ਦੀ ਹੋਵੇ, ਗ਼ੁੱਸਾ ਕਾਂਗਰਸ 'ਤੇ ਹੋਵੇ, ਪਰ ਮੀਡੀਆ ਵਿੱਚ ਕਾਂਗਰਸ ਨਹੀਂ ਦਿਸਦੀ, ਵਿਰੋਧੀ ਧਿਰ ਸ਼ਬਦ ਦਿਸਦਾ ਹੈ, ਕਿਉਂ ਭਈ, ਕਿਉਂ ਕਾਂਗਰਸ ਨੂੰ ਬਚਾ ਰਹੇ ਹੋ। ਅਜਿਹਾ ਕਰਨ ਨਾਲ ਤੁਸੀਂ ਨਾ ਕਾਂਗਰਸ ਨੂੰ ਬਚਾ ਪਾਉਂਦੇ ਹੋ, ਨਾ ਕਾਂਗਰਸ ਨੂੰ ਸੁਧਰਨ ਲਈ ਮਜਬੂਰ ਕਰਦੇ ਹੋ। ਜੇ ਤੁਸੀਂ ਇੱਕ ਵਾਰ ਛਾਪਣਾ ਸ਼ੁਰੂ ਕਰ ਦਿਓਗੇ, ਬੋਲਣਾ ਸ਼ੁਰੂ ਕਰ ਦਿਓਗੇ, ਇਹ ਆਮ ਵਿਰੋਧੀ ਧਿਰ ਦਾ ਦੋਸ਼ ਨਹੀਂ, ਅਤੇ ਦੇਖੋ ਦਿੱਲੀ ਵਿੱਚ ਜੋ ਹੋਇਆ, ਕੀ ਉਸ ਵਿੱਚ ਕੋਈ ਟੀਐੱਮਸੀ ਦੇ ਲੋਕਾਂ ਨੇ ਪਾਪ ਕੀਤਾ ਹੈ, ਨਹੀਂ ਕੀਤਾ ਹੈ, ਡੀਐੱਮਕੇ ਦੇ ਲੋਕਾਂ ਨੇ ਪਾਪ ਕੀਤਾ ਹੈ, ਨਹੀਂ ਕੀਤਾ ਹੈ, ਬਸਪਾ ਦੇ ਲੋਕਾਂ ਨੇ ਪਾਪ ਕੀਤਾ ਹੈ, ਨਹੀਂ ਕੀਤਾ ਹੈ, ਫਾਰੂਕ ਅਬਦੁੱਲਾ ਜੀ ਦੀ ਪਾਰਟੀ ਨੇ ਪਾਪ ਕੀਤਾ ਹੈ, ਨਹੀਂ ਕੀਤਾ ਹੈ, ਸਿਰਫ਼ ਅਤੇ ਸਿਰਫ਼, ਸਿਰ-ਫਿਰੇ ਨੇਤਾ, ਕਾਂਗਰਸ ਦੇ ਬੇਲਗ਼ਾਮ ਨੇਤਾ, ਦੇਸ਼ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹਨ। ਜੇਕਰ ਤੁਹਾਨੂੰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠਣਾ ਹੈ, ਤਾਂ ਪਹਿਲਾਂ ਤੁਹਾਨੂੰ ਜਨਤਾ ਦੇ ਦਿਲ ਜਿੱਤਣੇ ਪੈਣਗੇ। ਮਹਿਲਾ ਐੱਮਪੀਜ਼ ਨੂੰ ਭੇਜ ਕੇ ਸੀਟ 'ਤੇ ਕਬਜ਼ਾ ਕਰਨ ਨਾਲ ਤੁਸੀਂ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਹੋ, ਅਤੇ ਮਾਵਾਂ-ਭੈਣਾਂ ਨੂੰ ਇਸ ਤਰ੍ਹਾਂ ਅੱਗੇ ਕਰਨ ਦੀ ਕੀ ਮਜਬੂਰੀ ਹੈ ਤੁਹਾਡੀ, ਕੀ ਇੰਨੇ ਖੋਖਲੇ ਹੋ ਗਏ ਹੋ ਤੁਸੀਂ ਲੋਕ।
ਸਾਥੀਓ,
ਕਾਂਗਰਸ ਦੇਸ਼ ਲਈ ਬੋਝ ਬਣ ਗਈ ਹੈ, ਅਤੇ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਦਿੱਲੀ ਵਿੱਚ ਜੋ ਘਟਨਾ ਵਾਪਰੀ, ਕਾਂਗਰਸ ਦੇ ਸਾਰੇ ਸਾਥੀ ਦਲਾਂ ਨੇ, ਕਾਂਗਰਸ ਦੀ ਭਰਪੂਰ ਆਲੋਚਨਾ ਕਰਨ ਦੀ ਹਿੰਮਤ ਦਿਖਾਈ ਹੈ। ਮੈਂ ਵਿਰੋਧੀ ਧਿਰ ਦੇ ਇਨ੍ਹਾਂ ਸਾਥੀਆਂ ਦਾ ਸਚਾਈ ਦੇ ਨਾਲ ਅਤੇ ਦੇਸ਼ ਦੇ ਗੌਰਵ ਦੇ ਨਾਲ ਖੜ੍ਹੇ ਰਹਿਣ ਲਈ, ਉਨ੍ਹਾਂ ਦਾ ਮੈਂ ਜਨਤਕ ਤੌਰ 'ਤੇ ਧੰਨਵਾਦ ਕਰਦਾ ਹਾਂ।
ਸਾਥੀਓ,
ਭਾਜਪਾ ਸਰਕਾਰ ਲਈ ਦੇਸ਼ ਦਾ ਵਿਕਾਸ, ਯੂਪੀ ਦਾ ਵਿਕਾਸ ਸਭ ਤੋਂ ਉੱਪਰ ਹੈ। ਪਰ ਤੁਸੀਂ ਯਾਦ ਕਰੋ, 10 ਸਾਲ ਪਹਿਲਾਂ ਤੱਕ, ਯੂਪੀ ਦੀ ਚਰਚਾ ਕਿਨ੍ਹਾਂ ਗੱਲਾਂ ਲਈ ਹੁੰਦੀ ਸੀ? ਹਰ ਕਿਸੇ ਨੂੰ, ਮੇਰਠ ਦੇ ਦੰਗੇ, ਪੱਛਮੀ ਯੂਪੀ ਵਿੱਚ ਅਪਰਾਧੀਆਂ ਦੀ ਗੈਂਗ, ਖ਼ਰਾਬ ਸੜਕਾਂ, ਬਿਜਲੀ ਦੀ ਕਟੌਤੀ ਅਤੇ ਪੱਛੜੇਪਣ ਦੇ ਹਾਲਾਤ, ਇਹੀ ਕੁਝ ਚਰਚਾ ਵਿੱਚ ਰਹਿੰਦਾ ਸੀ। ਪੱਛਮੀ ਯੂਪੀ ਦੇ ਅਪਰਾਧ 'ਤੇ ਫ਼ਿਲਮਾਂ ਬਣਦੀਆਂ ਸਨ, ਫ਼ਿਲਮਾਂ। ਸਪਾ ਸਰਕਾਰ ਨੇ ਯੂਪੀ ਦਾ ਇਹ ਹਾਲ ਕਰਕੇ ਰੱਖਿਆ ਸੀ। ਪਰ ਅੱਜ ਯੂਪੀ ਨੂੰ ਵਿਕਾਸ ਲਈ ਜਾਣਿਆ ਜਾ ਰਿਹਾ ਹੈ। ਅੱਜ ਸਾਡੇ ਯੂਪੀ ਨੂੰ, ਬ੍ਰਹਮੋਸ ਲਈ, ਮੋਬਾਈਲ ਫ਼ੋਨ ਬਣਾਉਣ ਅਤੇ ਏਅਰਪੋਰਟ ਲਈ, ਸੈਲਾਨੀਆਂ ਦੀ ਸਹੂਲਤ ਲਗਾਤਾਰ ਵਧਦੀ ਗਿਣਤੀ ਲਈ ਜਾਣਿਆ ਜਾਂਦਾ ਹੈ। ਯੂਪੀ, ਸਪੋਰਟਿੰਗ ਈਕੋਸਿਸਟਮ ਵਿੱਚ ਵੀ ਆਪਣੀ ਪਛਾਣ ਵਧਾ ਰਿਹਾ ਹੈ। ਮੇਰਠ ਵਿੱਚ ਸਪੋਰਟਸ ਯੂਨੀਵਰਸਿਟੀ ਦਾ ਕੰਮ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।
ਸਾਥੀਓ,
ਸਪਾ ਰਾਜ ਵਿੱਚ ਜੋ ਅਪਰਾਧੀ ਬੇਖ਼ੌਫ ਘੁੰਮਦੇ ਸਨ, ਉਹ ਅੱਜ ਯੋਗੀ ਜੀ ਦੀ ਸਰਕਾਰ ਵਿੱਚ ਜੇਲ੍ਹਾਂ ਵਿੱਚ ਦਿਨ ਬਿਤਾ ਰਹੇ ਹਨ। ਅੱਜ ਕਿਸੇ ਦੀ ਹਿੰਮਤ ਨਹੀਂ ਹੈ, ਕਿ ਕਾਲਜ ਤੋਂ ਪੜ੍ਹ ਕੇ ਨਿਕਲ ਰਹੀ ਸਾਡੀ ਕਿਸੇ ਧੀ ਦਾ ਅਪਮਾਨ ਕਰ ਸਕੇ।
ਸਾਥੀਓ,
ਜਦੋਂ ਕਾਨੂੰਨ ਵਿਵਸਥਾ ਸੁਧਰਦੀ ਹੈ, ਤਾਂ ਵਪਾਰ-ਕਾਰੋਬਾਰ ਅਤੇ ਦੁਕਾਨਦਾਰੀ ਲਈ ਵੀ ਮਾਹੌਲ ਬਣਦਾ ਹੈ। ਇਸ ਲਈ ਅੱਜ ਯੂਪੀ ਦੀ ਅਰਥਵਿਵਸਥਾ ਵਿੱਚ ਵੀ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਯੋਗੀ ਜੀ ਦੀ ਅਗਵਾਈ ਵਿੱਚ ਯੂਪੀ ਦੇਸ਼ ਦਾ ਵੱਡਾ ਮੈਨੂਫੈਕਚਰਿੰਗ ਹੱਬ ਬਣ ਰਿਹਾ ਹੈ। ਕੱਲ੍ਹ ਹੀ ਮੈਨੂੰ ਯੂਪੀ ਦੀ ਪਹਿਲੀ ਸੈਮੀਕੰਡਕਟਰ ਫ਼ੈਕਟਰੀ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਹੈ। ਇਸ ਸੈਮੀ-ਕੰਡਕਟਰ ਫ਼ੈਕਟਰੀ ਦੇ ਬਣਨ ਨਾਲ ਯੂਪੀ ਦੀ ਸਮਰੱਥਾ ਹੋਰ ਜ਼ਿਆਦਾ ਵਧ ਜਾਵੇਗੀ। ਇਸ ਨਾਲ ਇੱਥੇ ਨਵੇਂ ਨਿਵੇਸ਼, ਨਵੇਂ ਰੁਜ਼ਗਾਰ ਲਈ ਅਦਭੁਤ ਸੰਭਾਵਨਾਵਾਂ ਬਣਨਗੀਆਂ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਭਾਜਪਾ ਦੀ ਡਬਲ ਇੰਜਣ ਸਰਕਾਰ, ਇਸੇ ਤਰ੍ਹਾਂ ਯੂਪੀ ਨੂੰ ਦੇਸ਼ ਦੀ ਸਭ ਤੋਂ ਵੱਡੀ ਆਰਥਿਕਤਾ ਬਣਾਉਣ ਲਈ ਕੰਮ ਕਰਦੀ ਰਹੇਗੀ। ਯੂਪੀ ਵਿਕਸਤ ਹੋਵੇਗਾ, ਤਾਂ ਹੀ ਭਾਰਤ ਵਿਕਸਤ ਹੋਵੇਗਾ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਨਮੋ ਭਾਰਤ ਟ੍ਰੇਨ ਅਤੇ ਮੈਟਰੋ ਪ੍ਰੋਜੈਕਟ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਵੰਦੇ ਮਾਤਰਮ ਦੇ 150 ਸਾਲ ਮਨਾ ਰਹੇ ਹਨ। ਮੇਰੇ ਨਾਲ ਬੋਲੋ-
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
************
ਐੱਮਜੇਪੀਐੱਸ/ਵੀਜੇ/ਐੱਸਟੀ
(Release ID: 2232040)
ਵਿਜ਼ੀਟਰ ਕਾਊਂਟਰ : 28
Read this release in:
English
,
Urdu
,
हिन्दी
,
Manipuri
,
Bengali
,
Assamese
,
Gujarati
,
Odia
,
Telugu
,
Kannada
,
Malayalam