ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 13 ਫਰਵਰੀ ਨੂੰ ਸੇਵਾ ਤੀਰਥ ਅਤੇ ਕਰਤਵਯ ਭਵਨ-1 ਅਤੇ ਕਰਤਵਯ ਭਵਨ-2 ਦਾ ਉਦਘਾਟਨ ਕਰਨਗੇ
ਇਸ ਉਦਘਾਟਨ ਨਾਲ ਦੇਸ਼ ਦੇ ਪ੍ਰਸ਼ਾਸਕੀ ਢਾਂਚੇ ਵਿੱਚ ਮਹੱਤਵਪੂਰਨ ਬਦਲਾਅ ਆਵੇਗਾ
ਸੇਵਾ ਤੀਰਥ ਵਿੱਚ ਪ੍ਰਧਾਨ ਮੰਤਰੀ ਦਫ਼ਤਰ, ਰਾਸ਼ਟਰੀ ਸੁਰੱਖਿਆ ਪਰਿਸ਼ਦ ਸਕੱਤਰੇਤ ਅਤੇ ਮੰਤਰੀ ਮੰਡਲ ਸਕੱਤਰੇਤ ਸਥਿਤ ਹਨ
ਕਰਤਵਯ ਭਵਨ-1 ਅਤੇ ਕਰਤਵਯ ਭਵਨ-2 ਵਿੱਚ ਵਿੱਤ, ਰੱਖਿਆ, ਸਿਹਤ ਅਤੇ ਪਰਿਵਾਰ ਭਲਾਈ, ਸਿੱਖਿਆ ਆਦਿ ਕਈ ਪ੍ਰਮੁੱਖ ਮੰਤਰਾਲੇ ਸਥਿਤ ਹਨ
Posted On:
12 FEB 2026 12:02PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਫਰਵਰੀ, 2026 ਨੂੰ ਦੁਪਹਿਰ ਲਗਭਗ 1:30 ਵਜੇ ਸੇਵਾ ਤੀਰਥ ਭਵਨ ਕੰਪਲੈਕਸ ਦਾ ਨਾਮਕਰਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸੇਵਾ ਤੀਰਥ ਅਤੇ ਕਰਤਵਯ ਭਵਨ-1 ਅਤੇ ਕਰਤਵਯ ਭਵਨ-2 ਦਾ ਰਸਮੀ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਸ਼ਾਮ ਲਗਭਗ 6 ਵਜੇ ਸੇਵਾ ਤੀਰਥ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਵੀ ਕਰਨਗੇ।
ਇਹ ਉਦਘਾਟਨ ਦੇਸ਼ ਦੇ ਪ੍ਰਸ਼ਾਸਕੀ ਸ਼ਾਸਨ ਢਾਂਚੇ ਵਿੱਚ ਇੱਕ ਪਰਿਵਰਤਨਕਾਰੀ ਮੀਲ ਦਾ ਪੱਥਰ ਹੈ। ਇਹ ਆਧੁਨਿਕ, ਕੁਸ਼ਲ, ਪਹੁੰਚਯੋਗ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਪ੍ਰਣਾਲੀ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦਾ ਹੈ।
ਦਹਾਕਿਆਂ ਤੋਂ, ਕਈ ਪ੍ਰਮੁੱਖ ਸਰਕਾਰੀ ਦਫ਼ਤਰ ਅਤੇ ਮੰਤਰਾਲੇ ਸੈਂਟਰਲ ਵਿਸਟਾ ਖੇਤਰ ਵਿੱਚ ਕਈ ਥਾਵਾਂ 'ਤੇ ਫੈਲੇ ਹੋਏ ਖੰਡਿਤ ਅਤੇ ਪੁਰਾਣੇ ਬੁਨਿਆਦੀ ਢਾਂਚਿਆਂ ਤੋਂ ਕੰਮ ਕਰਦੇ ਰਹੇ। ਪ੍ਰਮੁੱਖ ਦਫ਼ਤਰਾਂ ਦੇ ਇਸ ਫੈਲਾਅ ਕਾਰਨ ਸੰਚਾਲਨ ਵਿੱਚ ਅਯੋਗਤਾਵਾਂ, ਤਾਲਮੇਲ ਸਬੰਧੀ ਚੁਣੌਤੀਆਂ, ਰੱਖ-ਰਖਾਅ ਦੀ ਵਧਦੀ ਲਾਗਤ ਅਤੇ ਕੰਮ ਕਰਨ ਲਈ ਅਢੁਕਵਾਂ ਵਾਤਾਵਰਣ ਜਿਹੀਆਂ ਸਮੱਸਿਆਵਾਂ ਪੈਦਾ ਹੋਈਆਂ। ਆਧੁਨਿਕ ਅਤੇ ਭਵਿੱਖ ਲਈ ਤਿਆਰ ਸੁਵਿਧਾਵਾਂ ਨਾਲ ਲੈਸ ਨਵੇਂ ਭਵਨ ਕੰਪਲੈਕਸ ਦੇ ਅੰਦਰ ਪ੍ਰਸ਼ਾਸਕੀ ਕੰਮਾਂ ਨੂੰ ਇਕੱਠਾ ਕਰਕੇ ਇਨ੍ਹਾਂ ਸਮੱਸਿਆਵਾਂ ਤੋਂ ਹੁਣ ਮੁਕਤੀ ਮਿਲ ਜਾਵੇਗੀ।
ਸੇਵਾ ਤੀਰਥ ਵਿੱਚ ਪ੍ਰਧਾਨ ਮੰਤਰੀ ਦਫ਼ਤਰ, ਰਾਸ਼ਟਰੀ ਸੁਰੱਖਿਆ ਪਰਿਸ਼ਦ ਸਕੱਤਰੇਤ ਅਤੇ ਕੈਬਨਿਟ ਸਕੱਤਰੇਤ ਸਥਿਤ ਹਨ, ਜੋ ਪਹਿਲਾਂ ਵੱਖ-ਵੱਖ ਥਾਵਾਂ 'ਤੇ ਸਥਿਤ ਸਨ।
ਕਰਤਵਯ ਭਵਨ-1 ਅਤੇ ਕਰਤਵਯ ਭਵਨ-2 ਵਿੱਚ ਵਿੱਤ ਮੰਤਰਾਲਾ, ਰੱਖਿਆ ਮੰਤਰਾਲਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਕਾਰਪੋਰੇਟ ਮਾਮਲੇ ਮੰਤਰਾਲਾ, ਸਿੱਖਿਆ ਮੰਤਰਾਲਾ, ਸਭਿਆਚਾਰ ਮੰਤਰਾਲਾ, ਕਾਨੂੰਨ ਅਤੇ ਨਿਆਂ ਮੰਤਰਾਲਾ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਰਸਾਇਣ ਅਤੇ ਖਾਦ ਮੰਤਰਾਲਾ ਅਤੇ ਜਨਜਾਤੀ ਮਾਮਲੇ ਮੰਤਰਾਲਾ ਸਮੇਤ ਕਈ ਪ੍ਰਮੁੱਖ ਮੰਤਰਾਲੇ ਸਥਿਤ ਹਨ।
ਦੋਵਾਂ ਭਵਨ ਕੰਪਲੈਕਸਾਂ ਵਿੱਚ ਡਿਜੀਟਲ ਰੂਪ ਨਾਲ ਏਕੀਕ੍ਰਿਤ ਦਫ਼ਤਰ, ਢਾਂਚਾਗਤ ਜਨਤਕ ਸੰਪਰਕ ਖੇਤਰ ਅਤੇ ਕੇਂਦਰੀਕ੍ਰਿਤ ਸਵਾਗਤ ਸੁਵਿਧਾਵਾਂ ਮੌਜੂਦ ਹਨ। ਇਹ ਸੁਵਿਧਾਵਾਂ ਸਹਿਯੋਗ, ਕੁਸ਼ਲਤਾ, ਸੁਚਾਰੂ ਸੰਚਾਲਨ, ਨਾਗਰਿਕਾਂ ਦੀ ਬਿਹਤਰ ਭਾਗੀਦਾਰੀ ਅਤੇ ਕਰਮਚਾਰੀਆਂ ਦੀ ਭਲਾਈ ਨੂੰ ਹੁਲਾਰਾ ਦੇਣਗੀਆਂ। 4-ਸਟਾਰ ਗ੍ਰਹਿ ਮਾਪਦੰਡਾਂ ਅਨੁਸਾਰ ਡਿਜ਼ਾਈਨ ਕੀਤੇ ਗਏ ਇਨ੍ਹਾਂ ਕੰਪਲੈਕਸਾਂ ਵਿੱਚ ਨਵਿਆਉਣਯੋਗ ਊਰਜਾ ਪ੍ਰਣਾਲੀਆਂ, ਜਲ ਸੰਭਾਲ ਉਪਾਅ, ਕੂੜਾ ਪ੍ਰਬੰਧਨ ਸਮਾਧਾਨ ਅਤੇ ਉੱਚ-ਪ੍ਰਦਰਸ਼ਨ ਵਾਲੀਆਂ ਭਵਨ ਸੰਰਚਨਾਵਾਂ ਸ਼ਾਮਲ ਹਨ। ਇਨ੍ਹਾਂ ਉਪਾਵਾਂ ਨਾਲ ਸੰਚਾਲਨ ਕੁਸ਼ਲਤਾ ਵਧੇਗੀ ਅਤੇ ਵਾਤਾਵਰਨ ਪ੍ਰਭਾਵ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾਵੇਗਾ। ਭਵਨ ਕੰਪਲੈਕਸਾਂ ਵਿੱਚ ਸਮਾਰਟ ਐਕਸੈੱਸ ਕੰਟਰੋਲ ਸਿਸਟਮ, ਨਿਗਰਾਨੀ ਨੈੱਟਵਰਕ ਅਤੇ ਉੱਨਤ ਐਮਰਜੈਂਸੀ ਪ੍ਰਤੀਕਿਰਿਆ ਬੁਨਿਆਦੀ ਢਾਂਚਾ ਜਿਹੀਆਂ ਵਿਆਪਕ ਸੁਰੱਖਿਆ ਵਿਵਸਥਾਵਾਂ ਵੀ ਸ਼ਾਮਲ ਹਨ, ਜਿਨ੍ਹਾਂ ਨਾਲ ਅਧਿਕਾਰੀਆਂ ਅਤੇ ਮਹਿਮਾਨਾਂ ਲਈ ਇੱਕ ਸੁਰੱਖਿਅਤ ਅਤੇ ਪਹੁੰਚਯੋਗ ਵਾਤਾਵਰਨ ਯਕੀਨੀ ਹੋਵੇਗਾ।
************
ਐੱਮਜੇਪੀਐੱਸ/ਵੀਜੇ
(Release ID: 2227363)
ਵਿਜ਼ੀਟਰ ਕਾਊਂਟਰ : 8
Read this release in:
Assamese
,
English
,
Urdu
,
Marathi
,
हिन्दी
,
Bengali
,
Bengali-TR
,
Manipuri
,
Gujarati
,
Odia
,
Tamil
,
Telugu
,
Kannada
,
Malayalam