ਪ੍ਰਧਾਨ ਮੰਤਰੀ ਦਫਤਰ
azadi ka amrit mahotsav

'ਪ੍ਰੀਕਸ਼ਾ ਪੇ ਚਰਚਾ 2026' ਦੇ ਦੂਜੇ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਇੰਬਟੂਰ, ਰਾਏਪੁਰ, ਦੇਵਮੋਗਰਾ ਅਤੇ ਗੁਹਾਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ


ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਉਦਯੋਗ ਜਗਤ ਦੇ ਪੇਸ਼ਾਵਰਾਂ ਨਾਲ ਜੁੜਨ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਸਮਝਣ: ਪ੍ਰਧਾਨ ਮੰਤਰੀ

ਪੜ੍ਹਾਈ ਅਤੇ ਕਲਾ ਨੂੰ ਵੱਖਰਾ ਨਾ ਸਮਝੋ: ਪ੍ਰਧਾਨ ਮੰਤਰੀ

ਪੜ੍ਹਾਈ ਦੇ ਤਣਾਅ ਅਤੇ ਥਕਾਵਟ ਨੂੰ ਦੂਰ ਕਰਨ ਲਈ ਕਲਾ ਦੀ ਵਰਤੋਂ ਕਰੋ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ’ਤੇ ਕੂੜਾ ਨਾ ਸੁੱਟਣ ਅਤੇ ਨਾ ਹੀ ਥੁੱਕਣ, ਲਾਲ ਬੱਤੀਆਂ ’ਤੇ ਰੁਕਣ ਅਤੇ ਭੋਜਨ ਬਰਬਾਦ ਨਾ ਕਰਨ

ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਵੀ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਮਦਦ ਕਰਨਗੀਆਂ: ਪ੍ਰਧਾਨ ਮੰਤਰੀ

ਅਨੁਸ਼ਾਸਨ ਸਭ ਤੋਂ ਮਹੱਤਵਪੂਰਨ ਹੈ, ਪ੍ਰੇਰਨਾ ਇਸ ਨੂੰ ਹੋਰ ਮਜ਼ਬੂਤ ​​ਬਣਾਉਂਦੀ ਹੈ: ਪ੍ਰਧਾਨ ਮੰਤਰੀ

ਤਕਨਾਲੋਜੀ ਦੇ ਗ਼ੁਲਾਮ ਨਾ ਬਣੋ: ਪ੍ਰਧਾਨ ਮੰਤਰੀ

ਤਕਨਾਲੋਜੀ ਤੁਹਾਡਾ ਅਧਿਆਪਕ ਹੋ ਸਕਦੀ ਹੈ, ਇਸ ਨੂੰ ਅਪਣਾਓ ਅਤੇ ਸਿੱਖੋ: ਪ੍ਰਧਾਨ ਮੰਤਰੀ

ਆਪਣੀਆਂ ਯਾਤਰਾਵਾਂ ਨੂੰ ਸਿਰਫ਼ ਥਾਵਾਂ ਦੇਖਣ ਤੱਕ ਸੀਮਤ ਨਾ ਰੱਖੋ, ਸਗੋਂ ਇੱਕ ਵਿਦਿਆਰਥੀ ਵਾਂਗ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ: ਪ੍ਰਧਾਨ ਮੰਤਰੀ

ਭਾਰਤ ਸ਼ਾਨਦਾਰ ਹੈ, ਇਸ ਨੂੰ ਜਾਣਨ ਅਤੇ ਪੜਚੋਲ ਕਰਨ ਲਈ ਯਾਤਰਾ ਜ਼ਰੂਰ ਕਰੋ: ਪ੍ਰਧਾਨ ਮੰਤਰੀ

ਤੁਸੀਂ ਜੋ ਵੀ ਪੜ੍ਹਦੇ ਹੋ ਉਹ ਕਦੇ ਵੀ ਬਰਬਾਦ ਨਹੀਂ ਜਾਂਦਾ; ਉਹ ਤੁਹਾਡੇ ਦਿਮਾਗ਼ ਵਿੱਚ ਸਟੋਰ ਰਹਿੰਦਾ ਹੈ: ਪ੍ਰਧਾਨ ਮੰਤਰੀ

ਪੜ੍ਹਾਈ ਵਿੱਚ ਸੰਘਰਸ਼ ਕਰ ਰਹੇ ਲੋਕਾਂ ਨਾਲ ਦੋਸਤੀ ਕਰੋ ਅਤੇ ਉਨ੍ਹਾਂ ਨੂੰ ਸਿੱਖਣ ਵਿੱਚ ਮਦਦ ਕਰੋ: ਪ੍ਰਧਾਨ ਮੰਤਰੀ

ਖੇਡਾਂ ਨੂੰ ਜੀਵਨ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ: ਪ੍ਰਧਾਨ ਮੰਤਰੀ

ਜੇਕਰ ਤੁਸੀਂ ਨੇਤਾ ਬਣਨਾ ਚਾਹੁੰਦੇ ਹੋ ਤਾਂ ਪਹਿਲਕਦਮੀ ਦੀ ਮਾਨਸਿਕਤਾ ਵਿਕਸਿਤ ਕਰੋ: ਪ੍ਰਧਾਨ ਮੰਤਰੀ

ਇੱਕ ਚੰਗੇ ਨੇਤਾ ਨੂੰ ਵਿਚਾਰਾਂ ਨੂੰ ਸਪਸ਼ਟ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕਰਨਾ ਚਾਹੀਦਾ ਹੈ: ਪ੍ਰਧਾਨ ਮੰਤਰੀ

ਮਜ਼ਬੂਤ ​​ਬੁਨਿਆਦੀ ਢਾਂਚਾ ਲੰਬੇ ਸਮੇਂ ਦੇ ਵਿਕਾਸ ਦੀ ਨੀਂਹ ਹੈ: ਪ੍ਰਧਾਨ ਮੰਤਰੀ

ਸਿਰਫ਼ ਪੜ੍ਹ ਕੇ ਹੀ ਨਹੀਂ, ਸਗੋਂ ਲਿਖ ਕੇ ਵੀ ਅਭਿਆਸ ਕਰੋ: ਪ੍ਰਧਾਨ ਮੰਤਰੀ

ਸਿਰਫ਼ ਸਫਲਤਾ ਤੋਂ ਪ੍ਰਭਾਵਿਤ ਨਾ ਹੋਵੋ, ਮਹਾਨ ਲੋਕਾਂ ਦੀ ਨਿਮਰ ਸ਼ੁਰੂਆਤ ਤੋਂ ਪ੍ਰੇਰਨਾ ਲਓ: ਪ੍ਰਧਾਨ ਮੰਤਰੀ

ਭਾਰਤ ਦੀ ਤਰੱਕੀ ਵਿੱਚ ਆਦਿਵਾਸੀ ਭਾਈਚਾਰਿਆਂ ਦਾ ਯੋਗਦਾਨ ਹੈ: ਪ੍ਰਧਾਨ ਮੰਤਰੀ

ਜ਼ਿੰਦਗੀ ਵਿੱਚ ਸੰਤੁਸ਼ਟੀ ’ਤੇ ਆ ਕੇ ਨਾ ਰੁਕੋ, ਹਮੇਸ਼ਾ ਹੋਰ ਪਾਉਣ ਲਈ ਕੋਸ਼ਿਸ਼ ਕਰੋ: ਪ੍ਰਧਾਨ ਮੰਤਰੀ

ਆਪਣੇ ਆਪ ’ਤੇ ਚਿੰਤਨ ਕਰਨਾ ਮਹੱਤਵਪੂਰਨ ਹੈ: ਪ੍ਰਧਾਨ ਮੰਤਰੀ

ਦਿਨ ਵਿੱਚ ਘੱਟੋ-ਘੱਟ ਇੱਕ ਵਾਰ ਸਾਹ ਲੈਣ ਦੀਆਂ ਕਸਰਤਾਂ ਕਰੋ: ਪ੍ਰਧਾਨ ਮੰਤਰੀ

ਤੁਲਨਾ ਦੇ ਦਬਾਅ ਵਿੱਚ ਆਉਣ ਦੀ ਬਜਾਏ, ਸਿੱਖਣ ਅਤੇ ਸੁਧਾਰ ਕਰਨ ਦੀ ਕੋਸ਼ਿਸ਼ ਕਰੋ: ਪ੍ਰਧਾਨ ਮੰਤਰੀ

ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਘਰ ਵਿੱਚ ਤੁਲਨਾਤਮਿਕ ਮਾਹੌਲ ਨਾ ਬਣਾਉਣ: ਪ੍ਰਧਾਨ ਮੰਤਰੀ

ਉਨ੍ਹਾਂ ਤੋਂ ਸ

Posted On: 09 FEB 2026 1:35PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ "ਪ੍ਰੀਕਸ਼ਾ ਪੇ ਚਰਚਾ" (ਪੀਪੀਸੀ) 2026 ਦੇ 9ਵੇਂ ਐਡੀਸ਼ਨ ਦੇ ਤਹਿਤ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਪ੍ਰੋਗਰਾਮ ਦੇ ਦੂਜੇ ਐਪੀਸੋਡ ਵਿੱਚ ਉਨ੍ਹਾਂ ਨੇ ਕੋਇੰਬਟੂਰ, ਰਾਏਪੁਰ, ਦੇਵਮੋਗਰਾ ਅਤੇ ਗੁਹਾਟੀ ਦੇ ਵਿਦਿਆਰਥੀਆਂ ਨਾਲ ਗੈਰ-ਰਸਮੀ ਗੱਲਬਾਤ ਕੀਤੀ। "ਪ੍ਰੀਕਸ਼ਾ ਪੇ ਚਰਚਾ" ਦੇ ਇਸ ਵਿਸ਼ੇਸ਼ ਐਡੀਸ਼ਨ ਵਿੱਚ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਵਾਰ ਇਹ ਪ੍ਰੋਗਰਾਮ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਕੋਇੰਬਟੂਰ ਐਡੀਸ਼ਨ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਤਾਮਿਲਨਾਡੂ ਦੇ ਵਿਦਿਆਰਥੀਆਂ ਦੀ ਊਰਜਾ ਅਤੇ ਉਤਸੁਕਤਾ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੂੰ "ਵਣਕਮ" ਕਹਿ ਕੇ ਸਵਾਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨਾਲ ਹਲਕੀ-ਫੁਲਕੀ ਗੱਲਬਾਤ ਕੀਤੀ। ਵਿਦਿਆਰਥੀਆਂ ਨੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਦੇਖ ਕੇ ਉਨ੍ਹਾਂ ਨੂੰ ਆਪਣੀਆਂ ਅੱਖਾਂ ’ਤੇ ਵਿਸ਼ਵਾਸ ਨਹੀਂ ਹੋਇਆ। ਉਹ ਇੱਕ ਸ਼ਾਨਦਾਰ ਆਗਮਨ ਦੀ ਉਮੀਦ ਕਰ ਰਹੇ ਸਨ, ਪਰ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਨੇ ਬਹੁਤ ਹੀ ਸਾਦੇ, ਨਿਮਰ ਅਤੇ ਸਹਿਜ ਪਾਇਆ। ਇੱਕ ਵਿਦਿਆਰਥੀ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਮੌਜੂਦਗੀ ਨਾਲ ਉਨ੍ਹਾਂ ਨੂੰ ਰੁਮਾਂਚਿਤ ਮਹਿਸੂਸ ਹੋਇਆ।

ਸਟਾਰਟਅੱਪ ਅਤੇ ਪ੍ਰਧਾਨ ਮੰਤਰੀ ਦਾ ਪੜ੍ਹਾਈ ਮੰਤਰ

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ "ਪ੍ਰੀਕਸ਼ਾ ਪੇ ਚਰਚਾ" ਪ੍ਰੋਗਰਾਮ ਰਾਹੀਂ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਆ ਰਹੇ ਹਨ। ਇਹ ਦੱਸਦੇ ਹੋਏ ਕਿ ਇਹ ਉਨ੍ਹਾਂ ਲਈ ਸਿੱਖਿਆ ਦਾ ਮੌਕਾ ਨਹੀਂ ਹੈ, ਸਗੋਂ ਸਿੱਖਣ ਦਾ ਮੌਕਾ ਹੈ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤਾ। ਇੱਕ ਵਿਦਿਆਰਥੀ ਦੇ ਸਟਾਰਟਅੱਪ ਨਾਲ ਸਬੰਧਿਤ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਸਲਾਹ ਦਿੱਤੀ ਕਿ ਸਭ ਤੋਂ ਪਹਿਲਾਂ ਦਿਲਚਸਪੀਆਂ ਅਤੇ ਟੀਚਿਆਂ ’ਤੇ ਧਿਆਨ ਕੇਂਦ੍ਰਿਤ ਕਰੋ, ਭਾਵੇਂ ਇਹ ਤਕਨਾਲੋਜੀ ਵਿੱਚ ਨਵੀਨਤਾ ਹੋਵੇ, ਡ੍ਰੋਨ ਦਾ ਵਿਕਾਸ ਹੋਵੇ, ਜਾਂ ਇਲੈਕਟ੍ਰੀਕਲ ਸਿਸਟਮ ਵਰਗੇ ਵਿਹਾਰਕ ਹੱਲ ਹੋਣ। ਉਨ੍ਹਾਂ ਨੇ ਤਕਨਾਲੋਜੀ ਅਤੇ ਵਿੱਤ ਵਿੱਚ ਹੁਨਰਮੰਦ ਦੋਸਤਾਂ ਨਾਲ ਛੋਟੀਆਂ ਟੀਮਾਂ ਬਣਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਮਰ ਉੱਦਮ ਸ਼ੁਰੂ ਕਰਨ ਲਈ ਕੋਈ ਰੁਕਾਵਟ ਨਹੀਂ ਹੈ ਅਤੇ ਛੋਟੇ ਸਟਾਰਟਅੱਪ ਵੀ ਪ੍ਰਭਾਵਸ਼ਾਲੀ ਹੋ ਸਕਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਸੱਚੀ ਦਿਲਚਸਪੀ ਹੈ, ਤਾਂ ਇਹ ਬਹੁਤ ਵਧੀਆ ਗੱਲ ਹੈ। ਉਨ੍ਹਾਂ ਨੇ ਮੌਜੂਦਾ ਸਟਾਰਟਅੱਪਾਂ ਦਾ ਦੌਰਾ ਕਰਨ, ਇੱਕ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਅਤੇ ਇਸ ਨੂੰ ਇੱਕ ਸਕੂਲ ਪ੍ਰੋਜੈਕਟ ਵਜੋਂ ਇਮਾਨਦਾਰੀ ਨਾਲ ਪੇਸ਼ ਕਰਨ ਦਾ ਸੁਝਾਅ ਦਿੱਤਾ, ਜੋ ਮਾਰਗ-ਦਰਸ਼ਨ ਅਤੇ ਸਹਾਇਤਾ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ ਹੌਲੀ-ਹੌਲੀ ਤਰੱਕੀ ਕਰਨ ਬਾਰੇ ਮਹੱਤਵਪੂਰਨ ਗਿਆਨ ਪ੍ਰਾਪਤ ਹੋਵੇਗਾ, ਜੋ ਭਵਿੱਖ ਦੇ ਯਤਨਾਂ ਵਿੱਚ ਮਦਦਗਾਰ ਹੋਵੇਗਾ।

ਇੱਕ ਹੋਰ ਵਿਦਿਆਰਥੀ ਦੀ ਪੜ੍ਹਾਈ ਅਤੇ ਸ਼ੌਕ ਦਰਮਿਆਨ ਸੰਤੁਲਨ ਬਣਾਉਣ ਦੀ ਚਿੰਤਾ ਨੂੰ ਦੂਰ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵੇਂ ਹੀ ਲਾਭਦਾਇਕ ਅਤੇ ਇੱਕ ਦੂਸਰੇ ਦੇ ਪੂਰਕ ਹਨ। ਉਨ੍ਹਾਂ ਨੇ ਕਲਾ ਅਤੇ ਵਿਗਿਆਨ ਪ੍ਰਯੋਗਾਂ ਨੂੰ ਜੋੜਨ ਦੀ ਇੱਕ ਉਦਾਹਰਣ ਦਿੱਤੀ ਅਤੇ ਕਿਹਾ ਕਿ ਰਚਨਾਤਮਿਕਤਾ ਸਿੱਖਣ ਵਿੱਚ ਸਹਾਇਤਾ ਕਰ ਸਕਦੀ ਹੈ ਅਤੇ ਥਕਾਵਟ ਨੂੰ ਘਟਾ ਸਕਦੀ ਹੈ। ਉਨ੍ਹਾਂ ਨੇ ਸਲਾਹ ਦਿੱਤੀ ਕਿ ਸਿੱਖਿਆ ਨੂੰ ਤਰਜੀਹ ਦਿੰਦੇ ਹੋਏ ਆਪਣੀ ਨਿੱਜੀ ਦਿਲਚਸਪੀਆਂ ਲਈ ਰੋਜ਼ਾਨਾ ਜਾਂ ਹਫ਼ਤਾਵਾਰੀ ਸਮਾਂ ਨਿਰਧਾਰਿਤ ਕਰਨਾ ਵੀ ਜ਼ਰੂਰੀ ਹੈ।

ਵਿਕਸਿਤ ਭਾਰਤ ਅਤੇ ਵੋਕਲ ਫ਼ਾਰ ਲੋਕਲ ਵਿੱਚ ਨੌਜਵਾਨਾਂ ਦਾ ਯੋਗਦਾਨ 

ਜਦੋਂ ਪ੍ਰਧਾਨ ਮੰਤਰੀ ਨੂੰ 2047 ਤੱਕ ਭਾਰਤ ਦੇ ਇੱਕ ਵਿਕਸਿਤ ਰਾਸ਼ਟਰ ਬਣਨ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਨੌਜਵਾਨ ਵਿਦਿਆਰਥੀ ਵੀ ਇਸ ਸੁਪਨੇ ਨੂੰ ਸਾਂਝਾ ਕਰਦੇ ਹਨ। ਉਨ੍ਹਾਂ ਨੇ ਸਿੰਗਾਪੁਰ ਦੇ ਇੱਕ ਮੱਛੀ ਫੜਨ ਵਾਲੇ ਪਿੰਡ ਤੋਂ ਵਿਕਸਿਤ ਰਾਸ਼ਟਰ ਤੱਕ ਦੇ ਸਫ਼ਰ ਦਾ ਹਵਾਲਾ ਦਿੰਦੇ ਹੋਏ ਲੀ ਕੁਆਨ ਯੂ ਦੇ ਵਿਕਸਿਤ ਦੇਸ਼ਾਂ ਦੀਆਂ ਅਨੁਸ਼ਾਸਿਤ ਆਦਤਾਂ ਨੂੰ ਅਪਣਾਉਣ ਦੀ ਮਹੱਤਤਾ ’ਤੇ ਜ਼ੋਰ ਦੇਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਕੂੜਾ ਨਾ ਸੁੱਟਣਾ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ, ਭੋਜਨ ਦੀ ਬਰਬਾਦੀ ਤੋਂ ਬਚਣਾ ਅਤੇ ਸਥਾਨਕ ਉਤਪਾਦਾਂ ਦਾ ਸਮਰਥਨ ਕਰਨ ਵਰਗੇ ਛੋਟੇ-ਛੋਟੇ ਕਦਮ ਰਾਸ਼ਟਰੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ। ਉਨ੍ਹਾਂ ਨੇ "ਵੋਕਲ ਫ਼ਾਰ ਲੋਕਲ" ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਲੋਕਾਂ ਨੂੰ ਵਿਦੇਸ਼ਾਂ ਦੀ ਬਜਾਏ ਭਾਰਤ ਵਿੱਚ ਵਿਆਹ ਵਰਗੇ ਸਮਾਰੋਹ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰੇਕ ਨਾਗਰਿਕ ਵੱਲੋਂ ਕੀਤੇ ਗਏ ਛੋਟੇ-ਛੋਟੇ ਯਤਨ ਸਮੂਹਿਕ ਤੌਰ ’ਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦਿੰਦੇ ਹਨ। ਵਿਦਿਆਰਥੀਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਉਨ੍ਹਾਂ ਨੇ ਵੱਡੇ ਕਦਮਾਂ ਦੀ ਬਜਾਏ ਛੋਟੇ ਕਦਮਾਂ ’ਤੇ ਜ਼ੋਰ ਦਿੱਤਾ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਇਹ ਸਭ ਤੋਂ ਮਹੱਤਵਪੂਰਨ ਹਨ।

ਪ੍ਰੇਰਨਾ ਜਾਂ ਅਨੁਸ਼ਾਸਨ?

ਇੱਕ ਵਿਦਿਆਰਥੀ ਦੇ ਸਫਲਤਾ ਦੇ ਲਈ ਪ੍ਰੇਰਨਾ ਜਾਂ ਅਨੁਸ਼ਾਸਨ ਵਿੱਚੋਂ ਕਿਹੜਾ ਜ਼ਿਆਦਾ ਮਹੱਤਵਪੂਰਨ ਹੈ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਦੋਵੇਂ ਹੀ ਜ਼ਿੰਦਗੀ ਵਿੱਚ ਜ਼ਰੂਰੀ ਹਨ। ਉਨ੍ਹਾਂ ਨੇ ਸਮਝਾਇਆ ਕਿ ਅਨੁਸ਼ਾਸਨ ਤੋਂ ਬਿਨਾਂ, ਸਿਰਫ਼ ਪ੍ਰੇਰਨਾ ਦਾ ਕੋਈ ਖ਼ਾਸ ਫ਼ਾਇਦਾ ਨਹੀਂ ਹੈ। ਉਨ੍ਹਾਂ ਨੇ ਇੱਕ ਕਿਸਾਨ ਦੀ ਉਦਾਹਰਣ ਦਿੱਤੀ ਜੋ ਆਪਣੇ ਗੁਆਂਢੀ ਦੀ ਸਫਲਤਾ ਤੋਂ ਪ੍ਰੇਰਿਤ ਹੁੰਦਾ ਹੈ ਪਰ ਬਾਰਿਸ਼ ਤੋਂ ਪਹਿਲਾਂ ਆਪਣੇ ਖੇਤ ਨੂੰ ਤਿਆਰ ਕਰਨ ਵਿੱਚ ਅਸਫਲ ਰਹਿੰਦਾ ਹੈ, ਜਿਸ ਦੇ ਖ਼ਰਾਬ ਨਤੀਜੇ ਮਿਲਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਨੁਸ਼ਾਸਨ ਜ਼ਰੂਰੀ ਹੈ, ਜਦੋਂ ਕਿ ਪ੍ਰੇਰਨਾ "ਸਜਾਵਟ ਦੇ ਨਾਲ ਸੋਨੇ" ਵਾਂਗ ਮੁੱਲ ਜੋੜਦੀ ਹੈ ਅਤੇ ਅਨੁਸ਼ਾਸਨ ਤੋਂ ਬਿਨਾਂ, ਪ੍ਰੇਰਨਾ ਇੱਕ ਬੋਝ ਬਣ ਜਾਂਦੀ ਹੈ ਅਤੇ ਨਿਰਾਸ਼ਾ ਪੈਦਾ ਕਰਦੀ ਹੈ। ਇੱਕ ਵਿਦਿਆਰਥੀ ਨੇ ਸਾਲਾਂ ਤੋਂ ਪਰੇਸ਼ਾਨ ਕਰ ਰਹੇ ਇੱਕ ਸਵਾਲ ’ਤੇ ਸਪਸ਼ਟਤਾ ਪ੍ਰਾਪਤ ਕਰਨ ’ਤੇ ਮਾਣ ਮਹਿਸੂਸ ਕਰਨ ਦੀ ਗੱਲ ਕਹੀ।

 

ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਉਭਾਰ ਅਤੇ ਇਸ ਦੇ ਸਹੀ ਉਪਯੋਗ

ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਸਬੰਧਿਤ ਇੱਕ ਹੋਰ ਸਵਾਲ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਕੰਪਿਊਟਰ ਹੋਣ ਜਾਂ ਮੋਬਾਈਲ ਫ਼ੋਨ, ਹਰ ਯੁੱਗ ਨਵੀਂਆਂ ਤਕਨਾਲੋਜੀਆਂ ਨਾਲ ਸਬੰਧਿਤ ਚਿੰਤਾਵਾਂ ਲੈ ਕੇ ਆਉਂਦਾ ਹੈ, ਪਰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਤਕਨਾਲੋਜੀ ਨੂੰ ਮਨੁੱਖੀ ਜੀਵਨ ਦਾ ਮਾਲਕ ਨਹੀਂ ਬਣਨਾ ਚਾਹੀਦਾ ਅਤੇ ਯੰਤਰਾਂ ਦੇ ਗ਼ੁਲਾਮ ਬਣਨ ਤੋਂ ਚੇਤਾਵਨੀ ਦਿੱਤੀ। ਉਨ੍ਹਾਂ ਨੇ ਦ੍ਰਿੜ੍ਹਤਾ ਨਾਲ ਕਿਹਾ, "ਮੈਂ ਗ਼ੁਲਾਮ ਨਹੀਂ ਬਣਾਂਗਾ," ਅਤੇ ਸਲਾਹ ਦਿੱਤੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਮਾਰਗਦਰਸ਼ਨ ਅਤੇ ਮੁੱਲ ਵਾਧੇ ਲਈ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਸਿੱਖਣ ਦੇ ਵਿਕਲਪ ਵਜੋਂ। ਉਨ੍ਹਾਂ ਨੇ ਕਿਹਾ ਕਿ ਨੌਕਰੀਆਂ ਦੀ ਪ੍ਰਕਿਰਤੀ ਹਮੇਸ਼ਾ ਬਦਲਦੀ ਰਹੇਗੀ, ਜਿਵੇਂ ਆਵਾਜਾਈ ਬੈਲ ਗੱਡੀਆਂ ਤੋਂ ਹਵਾਈ ਜਹਾਜ਼ਾਂ ਵਿੱਚ ਬਦਲ ਗਈ ਹੈ, ਪਰ ਜ਼ਿੰਦਗੀ ਚਲਦੀ ਰਹਿੰਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਤਕਨਾਲੋਜੀ ਨੂੰ ਸਮਝਣਾ, ਆਪਣੀਆਂ ਸਮਰੱਥਾਵਾਂ ਦਾ ਵਿਸਤਾਰ ਕਰਨਾ ਅਤੇ ਇਸ ਦੀਆਂ ਸ਼ਕਤੀਆਂ ਨੂੰ ਕੰਮ ਵਿੱਚ ਜੋੜਨਾ ਬਿਨਾਂ ਕਿਸੇ ਡਰ ਦੇ ਤਰੱਕੀ ਨੂੰ ਯਕੀਨੀ ਬਣਾਉਂਦਾ ਹੈ।

ਵਿਕਸਿਤ ਭਾਰਤ ਦਾ ਸੰਕਲਪ

ਵਿਦਿਆਰਥੀਆਂ ਨੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਦਿਆਂ ਕਿਹਾ ਕਿ ਉਹ ਬਹੁਤ ਖ਼ੁਸ਼ ਅਤੇ ਸਨਮਾਨਿਤ ਮਹਿਸੂਸ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਇੱਕ ਨੇਤਾ ਤੋਂ ਕਿਤੇ ਵੱਧ, ਪਰਿਵਾਰ ਦੇ ਮੈਂਬਰ ਜਿਹੇ ਲਗੇ। ਕੋਇੰਬਟੂਰ ਵਿੱਚ ਵਿਦਿਆਰਥੀਆਂ ਨਾਲ ਆਪਣੀ ਗੱਲਬਾਤ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਇੰਬਟੂਰ ਦੇ ਨੌਜਵਾਨ ਏਸ਼ੀਆਈ, ਸਟਾਰਟਅੱਪਸ ਅਤੇ ਭਵਿੱਖ ਦੀਆਂ ਤਕਨਾਲੋਜੀਆਂ ਪ੍ਰਤੀ ਬਹੁਤ ਜਾਗਰੂਕ ਹਨ ਅਤੇ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਭਾਰਤ ਦੀ ਨੌਜਵਾਨ ਮਾਨਸਿਕਤਾ ਨੂੰ ਦਰਸਾਉਂਦਾ ਹੈ, ਜੋ 2047 ਤੱਕ ਇੱਕ ਵਿਕਸਿਤ ਭਾਰਤ ਬਣਨ ਦੇ ਇਸ ਦੇ ਸੰਕਲਪ ਨੂੰ ਨਵੀਂ ਤਾਕਤ ਦੇ ਰਿਹਾ ਹੈ।

'ਪ੍ਰੀਕਸ਼ਾ ਪੇ ਚਰਚਾ' ਦੀ ਭਾਵਨਾ ਨੂੰ ਇੱਕ ਸੰਵਾਦ ਅਤੇ ਆਪਸੀ ਸਿੱਖਿਆ ਦੇ ਰੂਪ ਵਿੱਚ ਜਾਰੀ ਰੱਖਦੇ ਹੋਏ ਬਾਅਦ ਵਿੱਚ ਇਹ ਚਰਚਾ ਕੋਇੰਬਟੂਰ ਤੋਂ ਛੱਤੀਸਗੜ੍ਹ ਦੇ ਰਾਏਪੁਰ ਚਲੀ ਗਈ, ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਦਿਲਚਸਪ ਗੱਲਬਾਤ ਕੀਤੀ ਅਤੇ ਸਥਾਨਕ ਪਕਵਾਨਾਂ ਦਾ ਵੀ ਅਨੰਦ ਮਾਣਿਆ।

ਯਾਤਰਾ ਅਤੇ ਧਿਆਨ ਕੇਂਦ੍ਰਿਤ ਰੱਖਣ ਬਾਰੇ ਪ੍ਰਧਾਨ ਮੰਤਰੀ ਦੀ ਸਲਾਹ

ਪ੍ਰਧਾਨ ਮੰਤਰੀ ਨੇ "ਜੈ ਜੋਹਾਰ" ਕਹਿ ਕੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਭੋਜਨ ਦੀਆਂ ਪਰੰਪਰਾਵਾਂ ਅਤੇ ਸਥਾਨਕ ਪਕਵਾਨਾਂ ਬਾਰੇ ਪੁੱਛਿਆ। ਫਿਰ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਵਾਲ ਪੁੱਛਣ ਲਈ ਸੱਦਾ ਦਿੱਤਾ ਅਤੇ ਛੁੱਟੀਆਂ ਦੀ ਯਾਤਰਾ ਬਾਰੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੂੰ ਬਹੁਤ ਦੂਰ ਯਾਤਰਾ ਕਰਨ ਤੋਂ ਪਹਿਲਾਂ ਆਪਣੀ ਤਹਿਸੀਲ, ਜ਼ਿਲ੍ਹੇ ਅਤੇ ਰਾਜ ਦੀ ਪੜਚੋਲ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੈਰ-ਸਪਾਟੇ ਦਾ ਸਭ ਤੋਂ ਵੱਧ ਅਨੰਦ ਓਦੋਂ ਆਉਂਦਾ ਹੈ, ਜਦੋਂ ਵਿਦਿਆਰਥੀ ਰੇਲਗੱਡੀ ਰਾਹੀਂ ਯਾਤਰਾ ਕਰਦੇ ਹਨ, ਆਪਣੇ ਨਾਲ ਭੋਜਨ ਲਿਆਉਂਦੇ ਹਨ ਅਤੇ ਭਾਰਤ ਦੀ ਵਿਭਿੰਨਤਾ ਤੋਂ ਸਿੱਖਦੇ ਹਨ।

ਪ੍ਰੀਖਿਆ ਦੇ ਤਣਾਅ ਅਤੇ ਰਿਵੀਜ਼ਨ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਸ਼੍ਰੀ ਮੋਦੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਤਿਆਰੀ ’ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ, ਸ਼ਾਂਤ ਰਹਿਣਾ ਚਾਹੀਦਾ ਹੈ ਅਤੇ ਵਿਸ਼ੇ ਵਿੱਚ ਪੂਰੀ ਤਰ੍ਹਾਂ ਮੁਹਾਰਤ ਹਾਸਲ ਕਰਨ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਿੱਖਣ ਦੀ ਤੁਲਨਾ ਖੇਡਾਂ ਨਾਲ ਕਰਦੇ ਹੋਏ ਕਿਹਾ ਕਿ ਨਿਰੰਤਰ ਅਭਿਆਸ, ਅਨੁਸ਼ਾਸਨ ਅਤੇ ਮੁਕਾਬਲੇ ਰਾਹੀਂ ਸ਼ਕਤੀ ਦਾ ਨਿਰਮਾਣ ਹੁੰਦਾ ਹੈ। ਉਨ੍ਹਾਂ ਨੇ ਪੜ੍ਹਾਈ ਵਿੱਚ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨਾਲ ਦੋਸਤੀ ਕਰਨ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਇੱਕ ਵਿਹਾਰਕ ਤਕਨੀਕ ਦਾ ਸੁਝਾਅ ਦਿੱਤਾ।

ਪੜ੍ਹਾਈ ਅਤੇ ਖੇਡਾਂ ਵਿੱਚ ਸੰਤੁਲਨ ਬਣਾਉਣਾ

ਖੇਡਾਂ ਅਤੇ ਪੜ੍ਹਾਈ ਵਿੱਚ ਸੰਤੁਲਨ ਬਣਾਉਣ ਦੀ ਇੱਛਾ ਰੱਖਣ ਵਾਲੇ ਇੱਕ ਵਿਦਿਆਰਥੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਆ ਸਿਰਫ਼ ਨਿੱਜੀ ਜੀਵਨ ਲਈ ਹੀ ਨਹੀਂ, ਸਗੋਂ ਸਮਾਜਿਕ ਜੀਵਨ ਲਈ ਵੀ ਜ਼ਰੂਰੀ ਹੈ, ਅਤੇ ਇਸ ਨੂੰ ਕਦੇ ਵੀ ਘੱਟ ਨਹੀਂ ਸਮਝਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗ਼ਲਤ ਧਾਰਨਾ ਤੋਂ ਸੁਚੇਤ ਕੀਤਾ ਕਿ ਖੇਡਾਂ ਵਿੱਚ ਉੱਤਮਤਾ ਪੜ੍ਹਾਈ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੰਦੀ ਹੈ ਅਤੇ ਸਪਸ਼ਟ ਕੀਤਾ ਕਿ ਸਿਰਫ਼ ਸਿੱਖਿਆ ਹੀ ਸਭ ਕੁਝ ਨਹੀਂ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਤਿਭਾ ਦਾ ਵਿਕਾਸ ਜ਼ਰੂਰੀ ਹੈ। ਜਿਸ ਤਰ੍ਹਾਂ ਖੇਡਾਂ ਇੱਕ ਖਿਡਾਰੀ ਬਣਨ ਲਈ ਜ਼ਰੂਰੀ ਹਨ, ਉਸੇ ਤਰ੍ਹਾਂ ਖੇਡਾਂ ਜੀਵਨ ਵਿੱਚ ਵੀ ਓਨੀਆਂ ਹੀ ਮਹੱਤਵਪੂਰਨ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੀਵਨ ਵਿੱਚ ਸੰਤੁਲਨ ਬਣਾਈ ਰੱਖਣ ਲਈ ਖੇਡਾਂ ਨੂੰ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਨੁੱਖ ਨੂੰ ਪੜ੍ਹਾਈ ਵੀ ਕਰਨੀ ਚਾਹੀਦੀ ਹੈ, ਤਾਂ ਜੋ ਦੂਸਰੇ ਉਨ੍ਹਾਂ ਨੂੰ ਅਜਿਹੇ ਵਿਅਕਤੀ ਵਜੋਂ ਨਾ ਦੇਖਣ ਜੋ ਬਿਨਾਂ ਗਿਆਨ ਦੇ ਮੈਦਾਨ ਵਿੱਚ ਰਹਿੰਦਾ ਹੈ। ਉਨ੍ਹਾਂ ਨੇ ਇਹ ਕਹਿ ਕੇ ਆਪਣੀ ਗੱਲ ਸਮਾਪਤ ਕੀਤੀ ਕਿ ਸੱਚੀ ਸ਼ਕਤੀ ਪੜ੍ਹਾਈ ਅਤੇ ਖੇਡਾਂ ਦੋਵਾਂ ਵਿੱਚ ਮੁਹਾਰਤ ਹਾਸਲ ਕਰਨ ਵਿੱਚ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਸਲਾਹ ਨੂੰ ਆਪਣੇ ਜੀਵਨ ਵਿੱਚ ਅਪਣਾਉਣਗੇ ਅਤੇ ਇਸ ਅਨੁਭਵ ਲਈ ਆਪਣੀ ਡੂੰਘੀ ਸ਼ੁਕਰਗੁਜ਼ਾਰੀ ਪ੍ਰਗਟ ਕੀਤੀ।

ਵਾਤਾਵਰਨ ਸੁਰੱਖਿਆ

ਵਾਤਾਵਰਨ ਸੁਰੱਖਿਆ ਵਿੱਚ ਯੋਗਦਾਨ ਦੇਣ ਦੇ ਵਿਸ਼ੇ ’ਤੇ ਇੱਕ ਵਿਦਿਆਰਥੀ ਦੇ ਸਵਾਲ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਸਾਡੇ ਸੁਭਾਅ ਵਿੱਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾ ਜੀਵਨ ਦੇ ਛੋਟੇ-ਛੋਟੇ ਨਿਯਮ ਵੱਡਾ ਫ਼ਰਕ ਲਿਆਉਂਦੇ ਹਨ, ਜਿਵੇਂ ਕਿ ਬੁਰਸ਼ ਕਰਦੇ ਸਮੇਂ ਪਾਣੀ ਬੰਦ ਕਰਨਾ ਅਤੇ ਸਿਰਫ਼ ਜ਼ਰੂਰਤ ਪੈਣ ’ਤੇ ਹੀ ਪਾਣੀ ਦੀ ਵਰਤੋਂ ਕਰਨਾ। ਉਨ੍ਹਾਂ ਨੇ ਇੱਕ ਅਧਿਆਪਕ ਦੀ ਪ੍ਰੇਰਨਾਦਾਇਕ ਕਹਾਣੀ ਸਾਂਝੀ ਕੀਤੀ ਜਿਨ੍ਹਾਂ ਨੇ ਪੈਟਰੋਲ ਪੰਪਾਂ ਤੋਂ ਤੇਲ ਦੇ ਡੱਬੇ ਇਕੱਠੇ ਕੀਤੇ ਅਤੇ ਬੱਚਿਆਂ ਨੂੰ ਆਪਣੇ ਘਰਾਂ ਤੋਂ ਬੋਤਲਾਂ ਵਿੱਚ ਬਚਿਆ ਹੋਇਆ ਪਾਣੀ ਲਿਆਉਣ ਲਈ ਕਿਹਾ, ਜਿਸ ਦੀ ਵਰਤੋਂ ਪੌਦਿਆਂ ਨੂੰ ਪਾਣੀ ਦੇਣ ਲਈ ਕੀਤੀ ਗਈ। ਸਬਜ਼ੀਆਂ ਦੇ ਛਿਲਕਿਆਂ ਨਾਲ ਖਾਦ ਬਣਨ ਦੇ ਕਾਰਨ, ਪੂਰਾ ਸਕੂਲ ਹਰਾ-ਭਰਾ ਹੋ ਗਿਆ, ਜਿਸ ਨਾਲ ਪਤਾ ਚਲਦਾ ਹੈ ਕਿ ਕਿਵੇਂ ਇੱਕ ਅਧਿਆਪਕ ਦੀ ਪਹਿਲਕਦਮੀ ਨੇ ਵਾਤਾਵਰਨ ਨੂੰ ਬਦਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਵਿਵਹਾਰ ਅਜਿਹੀ ਤਬਦੀਲੀ ਦੀ ਸ਼ੁਰੂਆਤ ਕਰ ਸਕਦਾ ਹੈ ਅਤੇ ਵਾਤਾਵਰਨ ਦੀ ਰੱਖਿਆ ਲਈ ਛੋਟੇ ਸਧਾਰਨ ਕਾਰਜ ਹੀ ਬਹੁਤ ਹਨ।

ਲੀਡਰਸ਼ਿਪ ਵਿਚਾਰ

ਜਦੋਂ ਪ੍ਰਧਾਨ ਮੰਤਰੀ ਨੂੰ ਪੁੱਛਿਆ ਗਿਆ ਕਿ ਉਹ ਆਉਣ ਵਾਲੀ ਪੀੜ੍ਹੀ ਦੇ ਆਗੂਆਂ ਵਿੱਚ ਕਿਹੜੇ ਗੁਣਾਂ ਦੀ ਉਮੀਦ ਕਰਦੇ ਹਨ, ਤਾਂ ਉਨ੍ਹਾਂ ਨੇ ਨਿਡਰਤਾ ਨੂੰ ਪਹਿਲਾ ਗੁਣ ਦੱਸਿਆ। ਉਨ੍ਹਾਂ ਨੇ ਸਲਾਹ ਦਿੱਤੀ ਕਿ ਲੀਡਰਸ਼ਿਪ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕੋਈ ਦੂਜਿਆਂ ਦੀ ਉਡੀਕ ਕੀਤੇ ਬਿਨਾਂ ਕੰਮ ਕਰਨ ਦਾ ਫ਼ੈਸਲਾ ਕਰਦਾ ਹੈ। ਉਨ੍ਹਾਂ ਨੇ ਕੂੜਾ ਚੁੱਕਣ ਦੀ ਉਦਾਹਰਣ ਦਿੱਤੀ, ਜੋ ਦੂਜਿਆਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਲੀਡਰਸ਼ਿਪ ਚੋਣਾਂ ਜਾਂ ਭਾਸ਼ਣਾਂ ਬਾਰੇ ਨਹੀਂ ਹੈ, ਸਗੋਂ ਦੂਜਿਆਂ ਨੂੰ ਸਮਝਾਉਣ ਅਤੇ ਯਕੀਨ ਦਿਵਾਉਣ ਦੀ ਯੋਗਤਾ ਬਾਰੇ ਹੈ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੱਚੇ ਆਗੂ ਲੋਕਾਂ ਨੂੰ ਮਾਰਗ-ਦਰਸ਼ਨ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸਮਝਦੇ ਹਨ। ਵਿਦਿਆਰਥੀਆਂ ਨੇ ਪ੍ਰਸ਼ੰਸਾ ਪ੍ਰਗਟ ਕਰਦੇ ਹੋਏ ਇਸ ਅਨੁਭਵ ਨੂੰ ਇੱਕ ਸੁਪਨੇ ਜਿਹਾ ਦੱਸਿਆ ਅਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਖ਼ੁਦ ਨੂੰ ਖ਼ੁਸ਼ਕਿਸਮਤ ਅਤੇ ਸਨਮਾਨਿਤ ਮਹਿਸੂਸ ਕੀਤਾ।

ਰਾਏਪੁਰ ਵਿੱਚ ਆਪਣੀ ਗੱਲਬਾਤ ਸਮਾਪਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪ੍ਰੀਖਿਆ ਦੀ ਤਿਆਰੀ, ਤਣਾਅ ਅਤੇ ਉਮੀਦਾਂ "ਪ੍ਰੀਕਸ਼ਾ ਪੇ ਚਰਚਾ" ਦੇ ਮੁੱਖ ਵਿਸ਼ੇ ਹਨ ਅਤੇ ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਇਨ੍ਹਾਂ ਮੁੱਦਿਆਂ ’ਤੇ ਖੁੱਲ੍ਹ ਕੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਚਰਚਾਵਾਂ ਸਿਰਫ਼ ਬੋਰਡ ਪ੍ਰੀਖਿਆ ਦੀ ਤਿਆਰੀ ਤੱਕ ਸੀਮਿਤ ਨਹੀਂ ਹਨ, ਸਗੋਂ ਜੀਵਨ ਦੇ ਕਈ ਪਹਿਲੂਆਂ ਨੂੰ ਛੂਹਦੀਆਂ ਹਨ ਅਤੇ ਨੌਜਵਾਨ ਮਨਾਂ ਵਿੱਚ ਚੱਲ ਰਹੇ ਵਿਚਾਰਾਂ ਨੂੰ ਦਰਸਾਉਂਦੀਆਂ ਹਨ।

ਗੁਜਰਾਤ ਦੇ ਦੇਵਮੋਗਰਾ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਿਛੋਕੜ ਬਾਰੇ ਪੁੱਛਿਆ ਅਤੇ ਉਨ੍ਹਾਂ ਦੀ ਕਲਾਕ੍ਰਿਤੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਪਿਛਲੀਆਂ ਮੁਲਾਕਾਤਾਂ ਦੇ ਕੁਝ ਜਾਣੇ-ਪਛਾਣੇ ਚਿਹਰਿਆਂ ਨੂੰ ਵੀ ਪਛਾਣਿਆ ਅਤੇ ਉਨ੍ਹਾਂ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ।

ਗੁਜਰਾਤ ਵਿੱਚ ਆਦਿਵਾਸੀ ਇਲਾਕਿਆਂ ਦਾ ਵਿਕਾਸ

ਆਦਿਵਾਸੀ ਇਲਾਕਿਆਂ ਵਿੱਚ ਕੰਮ ਕਰਨ ਦੀ ਪ੍ਰੇਰਨਾ ਬਾਰੇ ਪੁੱਛੇ ਜਾਣ ’ਤੇ ਸ਼੍ਰੀ ਮੋਦੀ ਨੇ ਇਤਿਹਾਸਕ ਪਲਚੇਤਰੀਆ ਘਟਨਾ ਨੂੰ ਯਾਦ ਕੀਤਾ, ਜਿਸ ਵਿੱਚ ਆਦਿਵਾਸੀ ਭਾਈਚਾਰੇ ਨੇ ਇੱਕ ਵੱਡਾ ਆਜ਼ਾਦੀ ਸੰਘਰਸ਼ ਲੜਿਆ ਸੀ। ਉਨ੍ਹਾਂ ਨੇ ਉਸ ਭਿਆਨਕ ਅਕਾਲ ਨੂੰ ਵੀ ਯਾਦ ਕੀਤਾ ਜਿਸ ਦੌਰਾਨ ਉਹ ਉਸ ਖੇਤਰ ਵਿੱਚ ਰਹੇ ਅਤੇ ਸਿੱਖਿਆ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਬਣਨ ’ਤੇ ਉਨ੍ਹਾਂ ਨੇ ਸਿੱਖਿਆ ਨੂੰ ਤਰਜੀਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਉਮਰਗਮ ਤੋਂ ਅੰਬਾਜੀ ਤੱਕ ਵਿਗਿਆਨ ਪੜ੍ਹਨ ਲਈ ਇੱਕ ਵੀ ਸਕੂਲ ਨਹੀਂ ਸੀ ਪਰ ਹੁਣ ਯੂਨੀਵਰਸਿਟੀਆਂ, ਵਿਗਿਆਨ ਸਕੂਲ, ਇੰਜੀਨੀਅਰਿੰਗ ਸੰਸਥਾਵਾਂ ਅਤੇ ਆਈਟੀਆਈ ਹਨ, ਜਿਨ੍ਹਾਂ ਨਾਲ ਮਹੱਤਵਪੂਰਨ ਬਦਲਾਅ ਅਤੇ ਲਾਭ ਮਿਲ ਰਹੇ ਹਨ। ਉਨ੍ਹਾਂ ਨੇ ਪਛੜੇ ਆਦਿਵਾਸੀ ਭਾਈਚਾਰਿਆਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜਨਮਨ ਯੋਜਨਾ ਦਾ ਜ਼ਿਕਰ ਕੀਤਾ ਅਤੇ ਸਮਝਾਇਆ ਕਿ ਇਸ ਲਈ ਵੱਖਰੀਆਂ ਯੋਜਨਾਵਾਂ ਅਤੇ ਬਜਟ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਵਿਕਾਸ ਨੂੰ ਤੇਜ਼ ਕਰਦੀ ਹੈ ਅਤੇ ਉਮਰਗਮ-ਅੰਬਾਜੀ ਹਾਈਵੇ ਵਰਗੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸੰਪਰਕ ਤਰੱਕੀ ਲਈ ਮਹੱਤਵਪੂਰਨ ਹੈ ਅਤੇ ਉਨ੍ਹਾਂ ਨੇ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ।

ਪਹਿਲਗਾਮ ਹਮਲੇ ਅਤੇ ਆਪ੍ਰੇਸ਼ਨ ਸਿੰਧੂਰ ਦੌਰਾਨ ਤਣਾਅ ਨਾਲ ਨਜਿੱਠਣ ਬਾਰੇ ਇੱਕ ਵਿਦਿਆਰਥੀ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਦਿਆਰਥੀ ਅਕਸਰ ਪ੍ਰੀਖਿਆ ਦੇ ਤਣਾਅ ਦਾ ਅਨੁਭਵ ਕਰਦੇ ਹਨ, ਪਰ ਪ੍ਰੀਖਿਆਵਾਂ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਅਸਥਾਈ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆ ਦੇ ਤਣਾਅ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਸਿਰਫ਼ ਪੜ੍ਹਾਈ ਕਰਨ ਦੀ ਬਜਾਏ ਨਿਯਮਿਤ ਤੌਰ ’ਤੇ ਪ੍ਰਸ਼ਨ ਪੱਤਰ ਹੱਲ ਕਰਨ ਅਤੇ ਲਿਖਣ ਦੀ ਆਦਤ ਵਿਕਸਿਤ ਕਰਨਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਨਿਰੰਤਰ ਅਭਿਆਸ, ਤਣਾਅ ਨੂੰ ਦੂਰ ਕਰਦਾ ਹੈ। ਉਨ੍ਹਾਂ ਨੇ ਹਾਸੇ ਅਤੇ ਉਸ ਤੋਂ ਵੀ ਜ਼ਰੂਰੀ ਲੋੜੀਂਦੀ ਨੀਂਦ ਦੀ ਮਹੱਤਤਾ ’ਤੇ ਚਾਨਣਾ ਪਾਇਆ ਅਤੇ ਕਿਹਾ ਕਿ ਚੰਗੀ ਨੀਂਦ ਮਨ ਨੂੰ ਤਾਜ਼ਾ ਰੱਖਦੀ ਹੈ, ਵਿਚਾਰਾਂ ਨੂੰ ਪ੍ਰਵਾਹਿਤ ਰੱਖਦੀ ਹੈ ਅਤੇ ਮਨੋਬਲ ਵਧਾਉਂਦੀ ਹੈ।

ਕਰੀਅਰ ਲਈ ਸਹੀ ਮਾਰਗ

ਕਰੀਅਰ ਵਿਕਲਪਾਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਲਗਾਤਾਰ ਬਦਲਦੀਆਂ ਇੱਛਾਵਾਂ ਪਰਿਵਾਰਾਂ ਨੂੰ ਉਲਝਾਉਂਦੀਆਂ ਹਨ ਅਤੇ ਅਜਿਹੇ ਵਿੱਚ ਸਫਲ ਲੋਕਾਂ ਤੋਂ ਪ੍ਰੇਰਨਾ ਲੈਣਾ ਸੁਭਾਵਿਕ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਿਰਫ਼ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਹੀ ਨਹੀਂ ਦੇਖਣਾ ਚਾਹੀਦਾ, ਸਗੋਂ ਉਨ੍ਹਾਂ ਦੇ ਪਿੱਛੇ ਦੀ ਕੋਸ਼ਿਸ਼ ਅਤੇ ਅਨੁਸ਼ਾਸਨ ਨੂੰ ਵੀ ਸਮਝਣਾ ਚਾਹੀਦਾ ਹੈ। ਉਨ੍ਹਾਂ ਨੇ ਇੱਕ ਕ੍ਰਿਕਟਰ ਦੀ ਉਦਾਹਰਣ ਦਿੱਤੀ ਜੋ ਸਵੇਰੇ 4 ਵਜੇ ਉੱਠ ਕੇ ਸਾਈਕਲ ਨਾਲ ਅਭਿਆਸ ਲਈ ਜਾਂਦਾ ਹੈ ਅਤੇ ਕਿਹਾ ਕਿ ਸੁਪਨਿਆਂ ਨੂੰ ਸਖ਼ਤ ਮਿਹਨਤ ਅਤੇ ਨਿਰੰਤਰ ਰੁਟੀਨ ਨਾਲ ਸਾਕਾਰ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸੱਚੀ ਸਫਲਤਾ ਆਪਣੀ ਪਛਾਣ ਬਣਾਉਂਦੀ ਹੈ ਅਤੇ ਜਦੋਂ ਕੋਈ ਨੰਬਰ ਇੱਕ ਬਣ ਜਾਂਦਾ ਹੈ, ਤਾਂ ਪੂਰਾ ਸਕੂਲ, ਪਿੰਡ ਅਤੇ ਭਾਈਚਾਰਾ ਇਸ ਨੂੰ ਪਛਾਣ ਲੈਂਦਾ ਹੈ।

ਇਸ ਦੇ ਬਾਅਦ ਵਿਦਿਆਰਥੀਆਂ ਨੇ ਵਾਰਲੀ, ਲਿਪਨ ਅਤੇ ਪਿਥੋਰਾ ਕਲਾ ਸਹਿਤ ਆਪਣੀਆਂ ਸਭਿਆਚਾਰਕ ਕਲਾਕ੍ਰਿਤੀਆਂ ਦਾ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦੀਆਂ ਪਰੰਪਰਾਵਾਂ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀਆਂ ਰਚਨਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਪੁੱਛਿਆ ਕਿ ਕੀ ਉਨ੍ਹਾਂ ਨੇ ਇਨ੍ਹਾਂ ਨੂੰ ਹੱਥਾਂ ਨਾਲ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, "ਤੁਸੀਂ ਲੋਕ ਮਹਾਨ ਕਲਾਕਾਰ ਬਣ ਗਏ ਹੋ।" ਉਨ੍ਹਾਂ ਨੇ ਪੇਂਟਿੰਗਾਂ ਨੂੰ ਪ੍ਰਾਪਤ ਕਰਨ ’ਤੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਉਨ੍ਹਾਂ ਦੀ ਸਭਿਆਚਾਰਕ ਡੂੰਘਾਈ ਅਤੇ ਰਚਨਾਤਮਿਕਤਾ ਦੀ ਪ੍ਰਸ਼ੰਸਾ ਕੀਤੀ। ਵਿਦਿਆਰਥੀਆਂ ਨੇ ਆਪਣੀ ਖ਼ੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਉਹ ਕਿਸੇ ਦੋਸਤ ਨਾਲ ਗੱਲ ਕਰ ਰਹੇ ਹੋਣ ਅਤੇ ਮਾਣ ਪ੍ਰਗਟ ਕੀਤਾ ਕਿ ਪ੍ਰਧਾਨ ਮੰਤਰੀ ਨੇ ਨਿੱਜੀ ਤੌਰ ’ਤੇ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ।

ਅਧਿਆਪਕਾਂ ਅਤੇ ਆਦਿਵਾਸੀ ਨੌਜਵਾਨਾਂ ਦੀ ਭੂਮਿਕਾ

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਜੀਵਨ ਵਿੱਚ ਅਧਿਆਪਕਾਂ ਦੀ ਭੂਮਿਕਾ ਬਾਰੇ ਇੱਕ ਵਿਦਿਆਰਥੀ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਧਿਆਪਕਾਂ ਨੇ ਉਨ੍ਹਾਂ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਦੇ ਅਧਿਆਪਕ ਉਨ੍ਹਾਂ ਨੂੰ ਹਰ ਰੋਜ਼ ਲਾਇਬ੍ਰੇਰੀ ਜਾਣ, ਟਾਇਮਜ਼ ਆਫ਼ ਇੰਡੀਆ ਵਿੱਚ ਸੰਪਾਦਕੀ ਪੜ੍ਹਨ, ਉਨ੍ਹਾਂ ਨੂੰ ਲਿਖਣ ਅਤੇ ਅਗਲੇ ਦਿਨ ਉਸ ’ਤੇ ਚਰਚਾ ਕਰਨ ਲਈ ਉਤਸ਼ਾਹਿਤ ਕਰਦੇ ਸਨ, ਜਿਸ ਨਾਲ ਉਨ੍ਹਾਂ ਵਿੱਚ ਅਨੁਸ਼ਾਸਨ ਅਤੇ ਉਤਸੁਕਤਾ ਦੀ ਭਾਵਨਾ ਪੈਦਾ ਹੋਈ। ਉਨ੍ਹਾਂ ਨੇ ਆਪਣੇ ਪ੍ਰਾਇਮਰੀ ਸਕੂਲ ਦੇ ਦਿਨਾਂ ਤੋਂ ਪਰਮਾਰ ਸਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ, ਜੋ ਸਰੀਰਕ ਤੰਦਰੁਸਤੀ ’ਤੇ ਬਹੁਤ ਜ਼ੋਰ ਦਿੰਦੇ ਸਨ ਅਤੇ ਉਨ੍ਹਾਂ ਨੂੰ ਯੋਗਾ ਅਤੇ ਮੱਲਖੰਭ ਸਿਖਾਉਂਦੇ ਸਨ। ਹਾਲਾਂਕਿ ਉਹ ਇੱਕ ਪੇਸ਼ੇਵਰ ਖਿਡਾਰੀ ਨਹੀਂ ਬਣੇ, ਪਰ ਇਸ ਨਾਲ ਉਨ੍ਹਾਂ ਨੂੰ ਸਿਹਤ ਦੀ ਮਹੱਤਤਾ ਸਮਝ ਆਈ। ਉਨ੍ਹਾਂ ਨੇ ਕਿਹਾ ਕਿ ਹਰ ਮਹਾਨ ਸ਼ਖ਼ਸੀਅਤ ਦੇ ਜੀਵਨ ਵਿੱਚ ਦੋ ਪ੍ਰਮੁੱਖ ਪ੍ਰਭਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ: ਇੱਕ ਉਨ੍ਹਾਂ ਦੀ ਮਾਤਾ ਅਤੇ ਦੂਜਾ, ਉਨ੍ਹਾਂ ਦਾ ਅਧਿਆਪਕ।

ਦੇਸ਼ ਦੀ ਤਰੱਕੀ ਵਿੱਚ ਆਦਿਵਾਸੀ ਭਾਈਚਾਰਿਆਂ ਦੇ ਯੋਗਦਾਨ ਬਾਰੇ ਪੁੱਛੇ ਜਾਣ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਉਨ੍ਹਾਂ ਦੀ ਬਦੌਲਤ ਸ਼ਾਨਦਾਰ ਤਰੱਕੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਵਾਤਾਵਰਨ ਆਦਿਵਾਸੀ ਭਾਈਚਾਰੇ ਦੇ ਕੁਦਰਤ ਪ੍ਰਤੀ ਸ਼ਰਧਾ ਅਤੇ ਸ਼ਰਧਾ ਕਾਰਨ ਸੁਰੱਖਿਅਤ ਹੈ, ਕਿਉਂਕਿ ਉਹ ਕੁਦਰਤ ਦੀ ਪੂਜਾ ਅਤੇ ਰੱਖਿਆ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਦਿਵਾਸੀ ਭਾਈਚਾਰਿਆਂ ਦੇ ਵੱਡੀ ਗਿਣਤੀ ਵਿੱਚ ਪੁੱਤਰ ਅਤੇ ਧੀਆਂ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰਦੇ ਹਨ ਅਤੇ ਵੱਖ-ਵੱਖ ਖੇਤਰਾਂ ਵਿੱਚ ਮੌਕਿਆਂ ਵਿੱਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਦੱਸਿਆ ਕਿ ਆਦਿਵਾਸੀ ਨੌਜਵਾਨ ਖੇਡਾਂ ਵਿੱਚ ਉੱਤਮਤਾ ਪ੍ਰਾਪਤ ਕਰਦੇ ਹਨ। ਮੱਧ ਪ੍ਰਦੇਸ਼ ਦੀ ਕ੍ਰਾਂਤੀ ਗੌੜ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕ੍ਰਿਕਟ ਵਿੱਚ ਪਛਾਣ ਬਣਾਉਣ ਵਾਲੀ ਇੱਕ ਆਦਿਵਾਸੀ ਧੀ ਕ੍ਰਾਂਤੀ ਗੌੜ ਅਤੇ ਕਈ ਹੋਰ ਆਦਿਵਾਸੀ ਖਿਡਾਰੀਆਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਦਿਵਾਸੀ ਭਾਈਚਾਰਿਆਂ ਵਿੱਚ ਅਥਾਹ ਪ੍ਰਤਿਭਾ ਹੈ ਅਤੇ ਤਕਨਾਲੋਜੀ ਦੀ ਮਦਦ ਨਾਲ ਉਨ੍ਹਾਂ ਦੀ ਸਮਰੱਥਾ ਨੂੰ ਹੋਰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਸਿਰਫ਼ ਨੌਕਰੀ ਲਈ ਨਹੀਂ ਜਿਊਂਣੀ ਚਾਹੀਦੀ, ਸਗੋਂ ਇੱਕ ਸਾਰਥਕ ਜੀਵਨ ਬਣਾਉਣ ਦੇ ਸੁਪਨੇ ਨਾਲ ਜਿਊਂਣੀ ਚਾਹੀਦੀ ਹੈ ਜੋ ਸੱਚੇ ਲਾਭ ਪ੍ਰਦਾਨ ਕਰਦਾ ਹੈ।

ਉਸ ਤੋਂ ਬਾਅਦ ਸ਼੍ਰੀ ਮੋਦੀ ਨੇ ਮੋਗੀ ਮਾਤਾ ਨੂੰ ਸਮਰਪਿਤ ਵਿਦਿਆਰਥੀਆਂ ਵੱਲੋਂ ਗਾਇਆ ਗਿਆ ਇੱਕ ਸਮੂਹ ਗੀਤ ਸੁਣਿਆ, ਜਿਸ ਵਿੱਚ ਉਨ੍ਹਾਂ ਦੇ ਨਿਵਾਸ ਸਥਾਨ ਅਤੇ ਜੀਵਨ ਸ਼ੈਲੀ ਦਾ ਵਰਣਨ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਵਿੱਚ ਮੌਜੂਦ ਸਭਿਆਚਾਰਕ ਪ੍ਰਗਟਾਵੇ ਦੀ ਸ਼ਲਾਘਾ ਕੀਤੀ। ਵਿਦਿਆਰਥੀਆਂ ਨੇ ਦੱਸਿਆ ਕਿ ਸ਼੍ਰੀ ਮੋਦੀ ਨਾਲ ਹੋਈ ਗੱਲਬਾਤ ਵਿੱਚ ਜ਼ਿੰਦਗੀ ਵਿੱਚ ਖ਼ੁਸ਼ ਰਹਿਣ, ਤਣਾਅ ਤੋਂ ਛੁਟਕਾਰਾ ਪਾਉਣ, ਸਮੇਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਅਤੇ ਡਰ ਤੋਂ ਬਿਨਾਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਰਗੇ ਵਿਸ਼ਿਆਂ ’ਤੇ ਚਰਚਾ ਹੋਈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਮਿਲਣ ’ਤੇ ਖ਼ੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਅੱਖਾਂ ’ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਅਤੇ ਗੱਲਬਾਤ ਦੌਰਾਨ ਸਮੇਂ ਦਾ ਪਤਾ ਹੀ ਨਹੀਂ ਚਲਿਆ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ "ਪ੍ਰੀਕਸ਼ਾ ਪੇ ਚਰਚਾ" ਦੀ ਯਾਤਰਾ ਉੱਤਰ-ਪੂਰਬ ਦੇ ਅਸ਼ਟਲਕਸ਼ਮੀ ਖੇਤਰ ਤੱਕ ਪਹੁੰਚ ਗਈ ਹੈ, ਜਿੱਥੇ ਵਹਿੰਦੇ ਬ੍ਰਹਮਪੁੱਤਰ ਨਦੀ ਦੇ ਕੰਢੇ ਗੁਹਾਟੀ ਵਿੱਚ ਚਰਚਾਵਾਂ ਹੋਈਆਂ। ਉਨ੍ਹਾਂ ਦਾ ਸਵਾਗਤ ਰਵਾਇਤੀ ਗਮੋਸਾ ਨਾਲ ਕੀਤਾ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਅਸਾਮ ਵਿੱਚ ਅਜਿਹਾ ਕਰਨਾ ਲਾਜ਼ਮੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਨਾਲ ਉਨ੍ਹਾਂ ਨੂੰ ਸ਼ਾਂਤੀ ਮਿਤੀ ਅਤੇ ਉਨ੍ਹਾਂ ਦੀ ਚਿੰਤਾ ਘੱਟ ਹੋਈ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਉਨ੍ਹਾਂ ਨੇ ਪਹਿਲਾਂ ਟੈਲੀਵਿਜ਼ਨ ’ਤੇ ਪ੍ਰੋਗਰਾਮ ਦੇਖਿਆ ਹੈ ਜਾਂ ਉਨ੍ਹਾਂ ਦੀ ਕਿਤਾਬ "ਐਗਜ਼ਾਮ ਵੌਰੀਅਰ" ਪੜ੍ਹੀ ਸੀ, ਤਾਂ ਵਿਦਿਆਰਥੀਆਂ ਨੇ ਦੱਸਿਆ ਕਿ ਇਸ ਨਾਲ ਪ੍ਰੀਖਿਆਵਾਂ ਨੂੰ ਲੈ ਕੇ ਉਨ੍ਹਾਂ ਦਾ ਡਰ ਘੱਟ ਹੋਇਆ ਅਤੇ ਉਨ੍ਹਾਂ ਨੂੰ ਪ੍ਰੀਖਿਆਵਾਂ ਨੂੰ ਤਿਉਹਾਰ ਵਾਂਗ ਮਨਾਉਣ ਦੀ ਸਿੱਖਿਆ ਮਿਲੀ। ਉਨ੍ਹਾਂ ਨੇ ਕਿਹਾ ਕਿ ਅਕਸਰ ਪਰਿਵਾਰ ਦੇ ਮੈਂਬਰ ਹੀ ਘੱਟ ਅੰਕਾਂ ’ਤੇ ਸਵਾਲ ਉਠਾ ਕੇ ਡਰ ਪੈਦਾ ਕਰਦੇ ਹਨ। ਉਨ੍ਹਾਂ ਨੇ ਆਪਣੇ ਇਸ ਮੰਤਰ ਨੂੰ ਦੁਹਰਾਇਆ ਕਿ ਮੁਕਾਬਲਾ ਆਪਣੇ ਆਪ ਨਾਲ ਹੋਣਾ ਚਾਹੀਦਾ ਹੈ, ਦੂਜਿਆਂ ਨਾਲ ਨਹੀਂ ਅਤੇ ਸਵੈ-ਸੁਧਾਰ ਨਿਰੰਤਰ ਹੋਣਾ ਚਾਹੀਦਾ ਹੈ।

ਸਿਹਤਮੰਦ ਖ਼ੁਰਾਕ ਅਤੇ ਜੀਵਨ-ਸ਼ੈਲੀ

ਖ਼ੁਰਾਕ ਅਤੇ ਜੀਵਨ ਸ਼ੈਲੀ ਨਾਲ ਜੁੜੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕਿਸੇ ਵੀ ਨਿਰਧਾਰਿਤ ਪ੍ਰਣਾਲੀ ਦੀ ਪਾਲਣਾ ਨਹੀਂ ਕਰਦੇ। ਉਨ੍ਹਾਂ ਨੇ ਆਪਣੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਉਹ ਵੱਖ-ਵੱਖ ਘਰਾਂ ਵਿੱਚ ਸ਼ਾਕਾਹਾਰੀ ਭੋਜਨ ਖਾਂਦੇ ਸਨ ਅਤੇ ਖ਼ੁਦ ਖਿਚੜੀ ਵਰਗੇ ਸਾਦੇ ਪਕਵਾਨ ਬਣਾਉਂਦੇ ਸਨ। ਉਨ੍ਹਾਂ ਨੇ ਸਲਾਹ ਦਿੱਤੀ ਕਿ ਖ਼ੁਰਾਕ ਨਿੱਜੀ ਪਸੰਦ ’ਤੇ ਅਧਾਰਿਤ ਹੋਣੀ ਚਾਹੀਦੀ ਹੈ, ਇਸ ਨੂੰ ਦਵਾਈ ਦੀ ਤਰ੍ਹਾਂ ਨਹੀਂ ਲੈਣਾ ਚਾਹੀਦਾ ਹੈ ਅਤੇ ਵਿਅਕਤੀ ਨੂੰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਪੇਟ ਭਰਨ ਲਈ ਖਾਵੇ ਜਾਂ ਮਨ ਨੂੰ ਸੰਤੁਸ਼ਟ ਕਰਨ ਲਈ। ਉਨ੍ਹਾਂ ਨੇ ਕਿਹਾ ਕਿ ਲੋਕ ਪੇਟ ਭਰਨ ਲਈ ਅਨਾਜ ਤਾਂ ਖਾਂਦੇ ਹਨ, ਪਰ ਅਕਸਰ ਡੂੰਘਾ ਸਾਹ ਲੈਣਾ ਭੁੱਲ ਜਾਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਸਰੀਰ ਨੂੰ ਤਰਜੀਹ ਦੇਣ, ਚੜ੍ਹਦੇ ਸੂਰਜ ਨੂੰ ਦੇਖਣ ਵਰਗੀਆਂ ਆਦਤਾਂ ਅਪਣਾਉਣ ਅਤੇ ਸਿਹਤ ਨੂੰ ਸਭ ਤੋਂ ਵੱਧ ਤਰਜੀਹ ਦੇਣ ਲਈ ਉਤਸ਼ਾਹਿਤ ਕੀਤਾ, ਕਿਉਂਕਿ ਇਹ ਅਭਿਆਸ ਤਾਜ਼ਗੀ ਅਤੇ ਊਰਜਾ ਪ੍ਰਦਾਨ ਕਰਦੇ ਹਨ।

ਤੁਲਨਾ ਦੇ ਦਬਾਅ ਨਾਲ ਨਜਿੱਠਣਾ

ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਿਦਿਆਰਥੀ ਦੀ ਇਸ ਚਿੰਤਾ ਦਾ ਜਵਾਬ ਦਿੰਦੇ ਹੋਏ ਕਿ ਮਾਪੇ ਆਪਣੇ ਬੱਚਿਆਂ ਦੀ ਤੁਲਨਾ ਭੈਣ-ਭਰਾਵਾਂ ਅਤੇ ਦੋਸਤਾਂ ਨਾਲ ਕਰ ਰਹੇ ਹਨ, ਇਸ ਬਾਰੇ ਕਿਹਾ ਕਿ ਅਜਿਹੀਆਂ ਸਥਿਤੀਆਂ ਨੂੰ ਸਕਾਰਾਤਮਕ ਤੌਰ ’ਤੇ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਮਝਾਇਆ ਕਿ ਜੇਕਰ ਮਾਪੇ ਕਿਸੇ ਭੈਣ-ਭਰਾ ਦੀ ਹੱਥ ਲਿਖਤ ਦੀ ਪ੍ਰਸ਼ੰਸਾ ਕਰਦੇ ਹਨ, ਤਾਂ ਅਣਗੌਲ਼ਿਆ ਮਹਿਸੂਸ ਕਰਨ ਦੀ ਬਜਾਏ, ਸਹੀ ਤਰੀਕਾ ਇਹ ਹੈ ਕਿ ਉਸ ਭੈਣ-ਭਰਾ ਨੂੰ ਉਨ੍ਹਾਂ ਨੂੰ ਸਿਖਾਉਣ ਲਈ ਕਿਹਾ ਜਾਵੇ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਭੈਣ-ਭਰਾ ਦੀਆਂ ਖ਼ੂਬੀਆਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਆਪਣੇ ਮਾਪਿਆਂ ਨੂੰ ਕਹਿਣਾ ਚਾਹੀਦਾ ਹੈ, "ਤੁਸੀਂ ਮੇਰੇ ਇੱਕ ਚੰਗੇ ਗੁਣ ਵੱਲ ਇਸ਼ਾਰਾ ਕੀਤਾ ਹੈ; ਹੁਣ ਮੈਨੂੰ ਦੱਸੋ ਕਿ ਇਸ ਨੂੰ ਕਿਵੇਂ ਵਿਕਸਿਤ ਕੀਤਾ ਜਾਵੇ।" ਉਨ੍ਹਾਂ ਨੇ ਸਲਾਹ ਦਿੱਤੀ ਕਿ ਮਾਪਿਆਂ ਨੂੰ ਦੂਜਿਆਂ ਦੇ ਸਾਹਮਣੇ ਕਿਸੇ ਇੱਕ ਬੱਚੇ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਅਸੰਤੁਲਨ ਪੈਦਾ ਹੋ ਸਕਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜੇਕਰ ਕੋਈ ਨਜ਼ਦੀਕੀ ਕਿਸੇ ਚੀਜ਼ ਵਿੱਚ ਉੱਤਮ ਪ੍ਰਦਰਸ਼ਨ ਕਰਦਾ ਹੈ, ਤਾਂ ਬਿਨਾਂ ਦੱਸੇ ਚੁੱਪਚਾਪ ਉਸ ਨੂੰ ਆਪਣਾ ਗੁਰੂ ਮੰਨਣਾ ਚਾਹੀਦਾ ਹੈ ਅਤੇ ਸਲਾਹ ਮੰਗਣੀ ਚਾਹੀਦੀ ਹੈ, ਜਿਸ ਨਾਲ ਸਮਾਨਤਾ ਅਤੇ ਸਤਿਕਾਰ ਨੂੰ ਹੁਲਾਰਾ ਮਿਲਦਾ ਹੈ।

ਆਤਮ-ਵਿਸ਼ਵਾਸ

ਮੰਚ ਤੋਂ ਡਰ ਅਤੇ ਆਤਮ-ਵਿਸ਼ਵਾਸ ਦੇ ਮੁੱਦੇ ’ਤੇ, ਪ੍ਰਧਾਨ ਮੰਤਰੀ ਨੇ ਸਮਝਾਇਆ ਕਿ ਆਤਮ-ਵਿਸ਼ਵਾਸ ਦੋ ਸ਼ਬਦਾਂ "ਆਤਮਾ" ਅਤੇ "ਵਿਸ਼ਵਾਸ" ਤੋਂ ਆਉਂਦਾ ਹੈ, ਜਿਸ ਦਾ ਅਰਥ ਹੈ ਆਪਣੇ ਆਪ ਵਿੱਚ ਵਿਸ਼ਵਾਸ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਆਪਣੇ ਆਪ ’ਤੇ ਵਿਸ਼ਵਾਸ ਕਰਦੇ ਹਨ, ਉਹ ਕਦੇ ਵੀ ਡਰਦੇ ਨਹੀਂ ਹਨ ਅਤੇ ਉਹ ਕੰਮ ਕਰਨ ਤੋਂ ਪਹਿਲਾਂ ਸਥਿਤੀਆਂ ਦਾ ਧਿਆਨ ਨਾਲ ਅਧਿਐਨ ਕਰਦੇ ਹਨ। ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਦੇ ਮਸ਼ਹੂਰ ਸ਼ਿਕਾਗੋ ਭਾਸ਼ਣ ਨੂੰ ਯਾਦ ਕਰਦੇ ਹੋਏ ਕਿਹਾ ਕਿ ਵਿਵੇਕਾਨੰਦ ਸ਼ੁਰੂ ਵਿੱਚ ਘਬਰਾਏ ਹੋਏ ਸਨ, ਪਰ ਉਨ੍ਹਾਂ ਨੇ ਸ਼ਕਤੀ ਦੇ ਲਈ ਮਾਂ ਸਰਸਵਤੀ ਨੂੰ ਪ੍ਰਾਰਥਨਾ ਕੀਤੀ ਅਤੇ ਜਦੋਂ ਉਨ੍ਹਾਂ ਨੇ "ਅਮਰੀਕਾ ਦੀਆਂ ਭੈਣਾਂ ਅਤੇ ਭਰਾਵਾਂ" ਨਾਲ ਸ਼ੁਰੂਆਤ ਕੀਤੀ, ਤਾਂ ਦਰਸ਼ਕਾਂ ਨੇ ਕਈ ਮਿੰਟਾਂ ਤੱਕ ਤਾੜੀਆਂ ਮਾਰੀਆਂ, ਜੋ ਕਿ ਇੱਕ ਮਹੱਤਵਪੂਰਨ ਮੋੜ ਸਾਬਤ ਹੋਇਆ। ਸਚਿਨ ਤੇਂਦੁਲਕਰ ਦੇ ਜ਼ੀਰੋ ’ਤੇ ਆਊਟ ਹੋਣ ਦੀ ਉਦਾਹਰਣ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਮਹਾਨ ਬੁਲਾਰਿਆਂ ਅਤੇ ਖਿਡਾਰੀਆਂ ਨੂੰ ਵੀ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਕਦੇ ਆਤਮ-ਵਿਸ਼ਵਾਸ ਨਹੀਂ ਗੁਆਉਂਦੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਥਿਤੀ ਨੂੰ ਸਮਝਣ, ਚੁਣੌਤੀਆਂ ਨੂੰ ਸਵੀਕਾਰ ਕਰਨ ਅਤੇ ਆਪਣੀ ਅੰਦਰੂਨੀ ਤਾਕਤ ’ਤੇ ਭਰੋਸਾ ਕਰਨ ਦੀ ਅਪੀਲ ਕੀਤੀ।

ਇਸ ਤੋਂ ਬਾਅਦ ਵਿਦਿਆਰਥੀਆਂ ਨੇ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਦਾ ਇੱਕ ਗੀਤ ਪੇਸ਼ ਕੀਤਾ, ਜਿਸ ਦੀ ਪ੍ਰਧਾਨ ਮੰਤਰੀ ਨੇ ਸ਼ਲਾਘਾ ਕੀਤੀ। ਇੱਕ ਵਿਦਿਆਰਥੀ ਨੇ ਚਾਹ ਦੇ ਬਾਗਾਂ ਨਾਲ ਆਪਣੇ ਪਰਿਵਾਰ ਦੇ ਸਬੰਧ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਚਾਹ ਦੀਆਂ ਪੱਤੀਆਂ ਭੇਟ ਕੀਤੀਆਂ, ਜਿਸ ਦਾ ਪ੍ਰਧਾਨ ਮੰਤਰੀ ਨੇ ਪਿਆਰ ਨਾਲ ਜਵਾਬ ਦਿੰਦੇ ਹੋਏ ਉਨ੍ਹਾਂ ਦੀ ਮਾਂ ਨੂੰ ਆਪਣਾ ਪ੍ਰਣਾਮ ਕਿਹਾ। ਵਿਦਿਆਰਥੀਆਂ ਨੇ ਉਨ੍ਹਾਂ ਨਾਲ ਮਿਲ ਕੇ ਆਪਣੀ ਖ਼ੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਪੀੜ੍ਹੀ ਦੇ ਪਾੜੇ ਦੇ ਬਾਵਜੂਦ, ਉਨ੍ਹਾਂ ਨੂੰ ਕੁਝ ਵੀ ਵੱਖਰਾ ਮਹਿਸੂਸ ਨਹੀਂ ਹੋਇਆ।

ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ ਕਿ ਪ੍ਰੀਕਸ਼ਾ ਪੇ ਚਰਚਾ ਵਿੱਚ ਸਿਰਫ਼ ਪ੍ਰੀਖਿਆ ਨਾਲ ਸਬੰਧਿਤ ਚਰਚਾਵਾਂ ਹੀ ਨਹੀਂ, ਸਗੋਂ ਸਥਾਨਕ ਸੰਗੀਤ ਅਤੇ ਅਸਾਮੀ ਚਾਹ ਵੀ ਸ਼ਾਮਲ ਸੀ, ਜਿਸ ਨਾਲ ਇਹ ਇੱਕ ਯਾਦਗਾਰੀ ਅਨੁਭਵ ਬਣ ਗਿਆ। ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆਵਾਂ ਇੱਕ ਮੌਕਾ ਹਨ ਅਤੇ ਸਿਹਤਮੰਦ ਮੁਕਾਬਲਾ ਤਿਆਰੀ ਨੂੰ ਬਿਹਤਰ ਬਣਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਥਾਨ, ਵਿਦਿਆਰਥੀ ਅਤੇ ਅਨੁਭਵ ਭਾਵੇਂ ਵੱਖੋ-ਵੱਖਰੇ ਹੋਣ ਪਰ ਹਰੇਕ ਚਰਚਾ ਦਾ ਉਦੇਸ਼ ਇੱਕੋ ਸੀ - ਸੁਣਨਾ, ਸਮਝਣਾ ਅਤੇ ਨਾਲ ਮਿਲ ਕੇ ਸਿੱਖਣਾ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

 

*********

 ਐੱਮਜੇਪੀਐੱਸ/ਐੱਸਆਰ


(Release ID: 2225690) ਵਿਜ਼ੀਟਰ ਕਾਊਂਟਰ : 7