ਵਿੱਤ ਮੰਤਰਾਲਾ
ਕੇਂਦਰੀ ਬਜਟ 2026-27 ਵਿੱਚ ਮੈਡੀਕਲ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਪੰਜ ਖੇਤਰੀ ਮੈਡੀਕਲ ਕੇਂਦਰ ਸਥਾਪਤ ਕਰਨ ਵਾਸਤੇ ਰਾਜਾਂ ਦੀ ਮਦਦ ਕਰਨ ਵਾਲੀ ਸਕੀਮ ਦੀ ਤਜਵੀਜ਼
ਮੌਜੂਦਾ ਨੈਸ਼ਨਲ ਕੌਂਸਲ ਫ਼ਾਰ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ ਨੂੰ ਅਪਗ੍ਰੇਡ ਕਰਕੇ ਨੈਸ਼ਨਲ ਇੰਸਟੀਚਿਊਟ ਆਫ਼ ਹਾਸਪੀਟੈਲਿਟੀ ਸਥਾਪਤ ਕਰਨ ਦੀ ਤਜਵੀਜ਼
20 ਪ੍ਰਤੀਕਾਤਮਿਕ ਸੈਰ-ਸਪਾਟਾ ਸਥਾਨਾਂ 'ਤੇ 10,000 ਗਾਈਡਾਂ ਦੇ ਹੁਨਰ ਨਿਖਾਰਨ ਲਈ ਮਿਆਰੀ ਤੇ ਉੱਚ-ਗੁਣਵੱਤਾ ਵਾਲੇ 12-ਹਫ਼ਤਿਆਂ ਦੇ ਸਿਖਲਾਈ ਕੋਰਸ ਰਾਹੀਂ ਪਾਇਲਟ ਸਕੀਮ ਦੀ ਤਜਵੀਜ਼
15 ਪੁਰਾਤੱਤਵ ਸਥਾਨ ਵਿਕਸਤ ਕਰਨ ਦੀ ਤਜਵੀਜ਼; ਖ਼ੁਦਾਈ ਵਾਲੇ ਸਥਾਨਾਂ ਨੂੰ ਵਿਸ਼ੇਸ਼ ਪੈਦਲ ਰਸਤਿਆਂ ਰਾਹੀਂ ਜਨਤਾ ਲਈ ਖੋਲ੍ਹਿਆ ਜਾਵੇਗਾ
ਬਜਟ ਵਿੱਚ ਅਰੁਣਾਚਲ ਪ੍ਰਦੇਸ਼, ਸਿੱਕਮ, ਅਸਾਮ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਬੋਧੀ ਸਰਕਟਾਂ ਦੇ ਵਿਕਾਸ ਲਈ ਸਕੀਮ ਦੀ ਤਜਵੀਜ਼
प्रविष्टि तिथि:
01 FEB 2026 12:46PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਕੇਂਦਰੀ ਬਜਟ 2026-27 ਪੇਸ਼ ਕਰਦਿਆਂ ਕਿਹਾ, "ਭਾਰਤ ਨੂੰ ਮੈਡੀਕਲ ਸੈਰ-ਸਪਾਟਾ ਸੇਵਾਵਾਂ ਦੇ ਕੇਂਦਰ ਵਜੋਂ ਉਤਸ਼ਾਹਿਤ ਕਰਨ ਲਈ ਮੈਂ ਨਿੱਜੀ ਖੇਤਰ ਦੀ ਭਾਈਵਾਲੀ ਨਾਲ ਪੰਜ ਖੇਤਰੀ ਮੈਡੀਕਲ ਕੇਂਦਰ ਸਥਾਪਤ ਕਰਨ ਵਿੱਚ ਸੂਬਿਆਂ ਦੀ ਮਦਦ ਲਈ ਸਕੀਮ ਸ਼ੁਰੂ ਕਰਨ ਦੀ ਤਜਵੀਜ਼ ਰੱਖਦੀ ਹਾਂ।"
ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਕੇਂਦਰ ਏਕੀਕ੍ਰਿਤ ਸਿਹਤ ਸੰਭਾਲ ਕੰਪਲੈਕਸਾਂ ਵਜੋਂ ਕੰਮ ਕਰਨਗੇ ਜੋ ਮੈਡੀਕਲ, ਵਿੱਦਿਅਕ ਅਤੇ ਖੋਜ ਸਹੂਲਤਾਂ ਨੂੰ ਆਪਸ ਵਿੱਚ ਜੋੜਨਗੇ। ਉਨ੍ਹਾਂ ਇਹ ਵੀ ਕਿਹਾ "ਇਨ੍ਹਾਂ ਵਿੱਚ ਆਯੂਸ਼ ਕੇਂਦਰ, ਮੈਡੀਕਲ ਵੈਲਿਊ ਟੂਰਿਜ਼ਮ ਫੈਸੀਲੀਟੇਸ਼ਨ ਸੈਂਟਰ ਅਤੇ ਡਾਇਗਨੌਸਟਿਕਸ, ਪੋਸਟ-ਕੇਅਰ (ਬਾਅਦ ਦੀ ਦੇਖਭਾਲ) ਅਤੇ ਮੁੜ ਵਸੇਬੇ ਲਈ ਬੁਨਿਆਦੀ ਢਾਂਚਾ ਹੋਵੇਗਾ। ਇਹ ਕੇਂਦਰ ਡਾਕਟਰਾਂ ਅਤੇ ਏਐੱਚਪੀ ਸਮੇਤ ਸਿਹਤ ਪੇਸ਼ੇਵਰਾਂ ਲਈ ਰੁਜ਼ਗਾਰ ਦੇ ਵੰਨ-ਸੁਵੰਨੇ ਮੌਕੇ ਪ੍ਰਦਾਨ ਕਰਨਗੇ।"
ਸੈਰ-ਸਪਾਟਾ
ਵਿੱਤ ਮੰਤਰੀ ਨੇ ਕਿਹਾ, "ਸੈਰ-ਸਪਾਟਾ ਖੇਤਰ ਵਿੱਚ ਰੁਜ਼ਗਾਰ ਪੈਦਾ ਕਰਨ, ਵਿਦੇਸ਼ੀ ਮੁਦਰਾ ਕਮਾਉਣ ਅਤੇ ਸਥਾਨਕ ਅਰਥਚਾਰਾ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾਉਣ ਦੀ ਸਮਰੱਥਾ ਹੈ।"

ਉਨ੍ਹਾਂ ਕਿਹਾ, "ਮੈਂ ਮੌਜੂਦਾ 'ਨੈਸ਼ਨਲ ਕੌਂਸਲ ਫ਼ਾਰ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ' ਨੂੰ ਅਪਗ੍ਰੇਡ ਕਰਕੇ 'ਨੈਸ਼ਨਲ ਇੰਸਟੀਚਿਊਟ ਆਫ਼ ਹਾਸਪੀਟੈਲਿਟੀ' ਸਥਾਪਤ ਕਰਨ ਦੀ ਤਜਵੀਜ਼ ਰੱਖਦੀ ਹਾਂ। ਇਹ ਅਕਾਦਮਿਕ ਖੇਤਰ, ਸਨਅਤ ਅਤੇ ਸਰਕਾਰ ਦਰਮਿਆਨ ਪੁਲ ਵਜੋਂ ਕੰਮ ਕਰੇਗਾ।"
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਭਾਰਤੀ ਪ੍ਰਬੰਧਨ ਸੰਸਥਾਨ ਦੇ ਸਹਿਯੋਗ ਨਾਲ ਹਾਈਬ੍ਰਿਡ ਮੋਡ ਵਿੱਚ ਮਿਆਰੀ ਤੇ ਉੱਚ-ਗੁਣਵੱਤਾ ਵਾਲੇ 12-ਹਫ਼ਤਿਆਂ ਦੇ ਸਿਖਲਾਈ ਕੋਰਸ ਰਾਹੀਂ 20 ਪ੍ਰਤੀਕਾਤਮਿਕ ਸੈਰ-ਸਪਾਟਾ ਸਥਾਨਾਂ 'ਤੇ 10,000 ਗਾਈਡਾਂ ਦੇ ਹੁਨਰ ਨਿਖਾਰਨ ਲਈ ਪਾਇਲਟ ਸਕੀਮ ਦੀ ਤਜਵੀਜ਼ ਰੱਖੀ।
ਉਨ੍ਹਾਂ ਇਹ ਵੀ ਕਿਹਾ, "ਸਾਰੀਆਂ ਮਹੱਤਵਪੂਰਨ ਥਾਵਾਂ—ਸਭਿਆਚਾਰਕ, ਅਧਿਆਤਮਿਕ ਅਤੇ ਵਿਰਾਸਤੀ ਥਾਵਾਂ — ਨੂੰ ਡਿਜੀਟਲ ਰੂਪ ਵਿੱਚ ਦਸਤਾਵੇਜ਼ਬੱਧ ਕਰਨ ਲਈ 'ਨੈਸ਼ਨਲ ਡੈਸਟੀਨੇਸ਼ਨ ਡਿਜੀਟਲ ਨੌਲੇਜ ਗਰਿੱਡ' ਸਥਾਪਤ ਕੀਤਾ ਜਾਵੇਗਾ। ਇਹ ਪਹਿਲਕਦਮੀ ਸਥਾਨਕ ਖੋਜਕਰਤਾਵਾਂ, ਇਤਿਹਾਸਕਾਰਾਂ, ਕੰਟੈਂਟ ਕਰਿਏਟਰਜ਼ ਅਤੇ ਤਕਨਾਲੋਜੀ ਭਾਈਵਾਲਾਂ ਲਈ ਨੌਕਰੀਆਂ ਦਾ ਨਵਾਂ ਈਕੋਸਿਸਟਮ ਪੈਦਾ ਕਰੇਗੀ।"
ਵਿੱਤ ਮੰਤਰੀ ਨੇ ਕਿਹਾ, "ਭਾਰਤ ਕੋਲ ਵਿਸ਼ਵ ਪੱਧਰੀ ਟਰੈਕਿੰਗ ਅਤੇ ਹਾਈਕਿੰਗ ਦਾ ਤਜਰਬਾ ਪ੍ਰਦਾਨ ਕਰਨ ਦੀ ਸਮਰੱਥਾ ਅਤੇ ਮੌਕਾ ਹੈ। ਅਸੀਂ ਵਾਤਾਵਰਨ ਪੱਖੋਂ ਟਿਕਾਊ (i) ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿੱਚ ਪਹਾੜੀ ਰਾਹ; ਪੂਰਬੀ ਘਾਟਾਂ ਵਿੱਚ ਅਰਾਕੂ ਵੈਲੀ ਅਤੇ ਪੱਛਮੀ ਘਾਟਾਂ ਵਿੱਚ ਪੋਧੀਗਾਈ ਮਲਾਈ; (ii) ਉੜੀਸਾ, ਕਰਨਾਟਕ ਅਤੇ ਕੇਰਲ ਦੇ ਤਟਵਰਤੀ ਖੇਤਰਾਂ ਵਿੱਚ ਮੁੱਖ ਆਲ੍ਹਣੇ ਵਾਲੀਆਂ ਥਾਵਾਂ 'ਤੇ ਕੱਛੂਕੁੰਮਾ ਰਾਹ; ਅਤੇ (iii) ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਪੁਲੀਕਟ ਝੀਲ ਨਾਲ ਪੰਛੀ ਦੇਖਣ ਵਾਲੇ ਰਾਹ ਵਿਕਸਤ ਕਰਾਂਗੇ।"
ਉਨ੍ਹਾਂ ਅੱਗੇ ਕਿਹਾ, "ਮਾਣਯੋਗ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਅਸੀਂ 2024 ਵਿੱਚ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ ਦੀ ਸਥਾਪਨਾ ਕੀਤੀ ਸੀ। ਇਸ ਸਾਲ ਭਾਰਤ ਪਹਿਲੇ ਗਲੋਬਲ ਬਿਗ ਕੈਟ ਸਮਿਟ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿੱਥੇ 95 ਰੇਂਜ ਦੇਸ਼ਾਂ ਦੇ ਸਰਕਾਰਾਂ ਦੇ ਮੁਖੀ ਅਤੇ ਮੰਤਰੀ ਸਾਂਭ-ਸੰਭਾਲ ਲਈ ਸਮੂਹਿਕ ਰਣਨੀਤੀਆਂ 'ਤੇ ਵਿਚਾਰ-ਵਟਾਂਦਰਾ ਕਰਨਗੇ।"
ਵਿਰਾਸਤੀ ਅਤੇ ਸਭਿਆਚਾਰਕ ਸੈਰ-ਸਪਾਟਾ
ਵਿਰਾਸਤੀ ਅਤੇ ਸਭਿਆਚਾਰਕ ਸੈਰ-ਸਪਾਟਾ ਦੇ ਵਿਸ਼ੇ 'ਤੇ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਲੋਥਲ, ਧੋਲਾਵੀਰਾ, ਰਾਖੀਗੜ੍ਹੀ, ਆਦਿਚਨੱਲੁਰ, ਸਾਰਨਾਥ, ਹਸਤਿਨਾਪੁਰ ਅਤੇ ਲੇਹ ਪੈਲੇਸ ਸਮੇਤ 15 ਪੁਰਾਤੱਤਵ ਸਥਾਨਾਂ ਨੂੰ ਜੀਵਿਤ ਤੇ ਅਨੁਭਵੀ ਸਭਿਆਚਾਰਕ ਸਥਾਨਾਂ ਵਜੋਂ ਵਿਕਸਤ ਕਰਨ ਦੀ ਤਜਵੀਜ਼ ਰੱਖੀ।
ਉਨ੍ਹਾਂ ਅੱਗੇ ਕਿਹਾ, "ਖ਼ੁਦਾਈ ਵਾਲੇ ਖੇਤਰਾਂ ਨੂੰ ਵਿਸ਼ੇਸ਼ ਤਿਆਰ ਕੀਤੇ ਗਏ ਪੈਦਲ ਰਸਤਿਆਂ ਰਾਹੀਂ ਜਨਤਾ ਲਈ ਖੋਲ੍ਹਿਆ ਜਾਵੇਗਾ। ਕੰਜ਼ਰਵੇਸ਼ਨ ਲੈਬਾਂ, ਵਿਆਖਿਆ ਕੇਂਦਰਾਂ ਅਤੇ ਗਾਈਡਾਂ ਦੀ ਮਦਦ ਲਈ ਪ੍ਰਭਾਵਸ਼ਾਲੀ ਕਹਾਣੀ ਸੁਣਾਉਣ ਦੇ ਹੁਨਰ ਅਤੇ ਤਕਨਾਲੋਜੀਆਂ ਨੂੰ ਪੇਸ਼ ਕੀਤਾ ਜਾਵੇਗਾ।"

ਪੂਰਵੋਦਯਾ ਰਾਜਾਂ ਅਤੇ ਉੱਤਰ-ਪੂਰਬੀ ਖੇਤਰ 'ਤੇ ਧਿਆਨ
ਪੂਰਵੋਦਯਾ ਬਾਰੇ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ, "ਮੈਂ ਦੁਰਗਾਪੁਰ ਵਿੱਚ ਚੰਗੀ ਤਰ੍ਹਾਂ ਜੁੜੇ ਹੋਏ ਨੋਡ ਨਾਲ ਏਕੀਕ੍ਰਿਤ ਈਸਟ ਕੋਸਟ ਇੰਡਸਟਰੀਅਲ ਕੋਰੀਡੋਰ ਦੇ ਵਿਕਾਸ, 5 ਪੂਰਵੋਦਯਾ ਰਾਜਾਂ ਵਿੱਚ 5 ਸੈਰ-ਸਪਾਟਾ ਸਥਾਨਾਂ ਦੀ ਸਿਰਜਣਾ ਅਤੇ 4,000 ਈ-ਬੱਸਾਂ ਦੇ ਪ੍ਰਬੰਧ ਦੀ ਤਜਵੀਜ਼ ਰੱਖਦੀ ਹਾਂ।"
ਉੱਤਰ-ਪੂਰਬੀ ਖੇਤਰ ਵਿੱਚ ਬੋਧੀ ਸਥਾਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਖੇਤਰ ਥੇਰਵਾਦ ਅਤੇ 18 ਮਹਾਯਾਨ/ਵਜਰਾਯਾਨ ਪਰੰਪਰਾਵਾਂ ਦਾ ਸਭਿਅਕ ਸੰਗਮ ਹੈ।
ਵਿੱਤ ਮੰਤਰੀ ਨੇ ਅਰੁਣਾਚਲ ਪ੍ਰਦੇਸ਼, ਸਿੱਕਮ, ਅਸਾਮ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਬੋਧੀ ਹੱਸਰਕਟਾਂ ਦੇ ਵਿਕਾਸ ਲਈ ਸਕੀਮ ਸ਼ੁਰੂ ਕਰਨ ਦੀ ਤਜਵੀਜ਼ ਵੀ ਰੱਖੀ। ਇਸ ਸਕੀਮ ਵਿੱਚ ਮੰਦਰਾਂ ਅਤੇ ਮੱਠਾਂ ਦੀ ਸੰਭਾਲ, ਤੀਰਥ ਯਾਤਰਾ ਵਿਆਖਿਆ ਕੇਂਦਰ, ਸੰਪਰਕ ਅਤੇ ਸ਼ਰਧਾਲੂਆਂ ਲਈ ਸਹੂਲਤਾਂ ਸ਼ਾਮਲ ਹੋਣਗੀਆਂ।
************
ਐੱਨਬੀ/ਵੀਐੱਮ/ਆਰਸੀ/ਐੱਸਕੇ
(रिलीज़ आईडी: 2221570)
आगंतुक पटल : 88
इस विज्ञप्ति को इन भाषाओं में पढ़ें:
English
,
Urdu
,
Marathi
,
Nepali
,
हिन्दी
,
Assamese
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam