ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਸਟਾਰਟਅੱਪ ਇੰਡੀਆ ਦਾ ਦਹਾਕਾ ਪੂਰੇ ਹੋਣ ਮੌਕੇ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕੀਤਾ
ਭਾਰਤ ਦੇ ਨੌਜਵਾਨ ਅਸਲ ਸਮੱਸਿਆਵਾਂ ਹੱਲ ਕਰਨ 'ਤੇ ਧਿਆਨ ਦੇ ਰਹੇ ਹਨ: ਪ੍ਰਧਾਨ ਮੰਤਰੀ
ਸਿਰਫ 10 ਸਾਲਾਂ ਵਿੱਚ ਸਟਾਰਟਅੱਪ ਇੰਡੀਆ ਮਿਸ਼ਨ ਕ੍ਰਾਂਤੀ ਬਣ ਗਿਆ ਹੈ; ਅੱਜ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ: ਪ੍ਰਧਾਨ ਮੰਤਰੀ
ਅੱਜ ਜੋਖਮ ਲੈਣਾ ਮੁੱਖ ਧਾਰਾ ਬਣ ਗਿਆ ਹੈ: ਪ੍ਰਧਾਨ ਮੰਤਰੀ
ਸਟਾਰਟਅੱਪ ਇੰਡੀਆ ਸਿਰਫ ਯੋਜਨਾ ਨਹੀਂ, ਇਹ ਵਿਆਪਕ ਨਜ਼ਰੀਆ ਹੈ ਜੋ ਵੱਖ-ਵੱਖ ਖੇਤਰਾਂ ਨੂੰ ਨਵੇਂ ਮੌਕਿਆਂ ਨਾਲ ਜੋੜਦਾ ਹੈ: ਪ੍ਰਧਾਨ ਮੰਤਰੀ
ਹੁਣ ਸਾਡੇ ਸਟਾਰਟਅੱਪਸ ਲਈ ਨਿਰਮਾਣ 'ਤੇ ਜ਼ਿਆਦਾ ਧਿਆਨ ਦੇਣ ਦਾ ਸਮਾਂ ਹੈ: ਪ੍ਰਧਾਨ ਮੰਤਰੀ
ਸਟਾਰਟਅੱਪ ਦਾ ਹੌਸਲਾ, ਆਤਮ-ਵਿਸ਼ਵਾਸ ਅਤੇ ਨਵੀਨਤਾ ਭਾਰਤ ਦੇ ਭਵਿੱਖ ਨੂੰ ਆਕਾਰ ਦੇ ਰਹੇ ਹਨ: ਪ੍ਰਧਾਨ ਮੰਤਰੀ
प्रविष्टि तिथि:
16 JAN 2026 3:22PM by PIB Chandigarh
ਰਾਸ਼ਟਰੀ ਸਟਾਰਟਅੱਪ ਦਿਵਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸਟਾਰਟਅੱਪ ਇੰਡੀਆ ਪਹਿਲ ਦਾ ਦਹਾਕਾ ਪੂਰੇ ਹੋਣ ਮੌਕੇ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਾਰੇ ਲੋਕ ਇੱਕ ਖ਼ਾਸ ਮੌਕੇ, ਰਾਸ਼ਟਰੀ ਸਟਾਰਟਅੱਪ ਦਿਵਸ ਦੇ ਜਸ਼ਨ ਵਿੱਚ ਇਕੱਠੇ ਹੋਏ ਹਨ ਅਤੇ ਸਟਾਰਟਅੱਪ ਅੱਜ ਸੰਸਥਾਪਕਾਂ ਅਤੇ ਨਵੇਂ ਖੋਜੀਆਂ ਦੀ ਹਾਜ਼ਰੀ ਵਿੱਚ ਹਨ, ਜੋ ਨਵੇਂ ਅਤੇ ਵਿਕਾਸਸ਼ੀਲ ਭਾਰਤ ਦਾ ਭਵਿੱਖ ਹਨ। ਉਨ੍ਹਾਂ ਦੱਸਿਆ ਕਿ ਕੁਝ ਹੀ ਸਮਾਂ ਪਹਿਲਾਂ ਉਨ੍ਹਾਂ ਨੇ ਖੇਤੀਬਾੜੀ, ਫਿਨਟੈੱਕ, ਮੋਬਿਲਿਟੀ, ਸਿਹਤ ਅਤੇ ਸਥਿਰਤਾ ਦੇ ਖੇਤਰ ਵਿੱਚ ਕੰਮ ਕਰ ਰਹੇ ਕੁਝ ਭਾਗੀਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਵਿਚਾਰਾਂ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ, ਪਰ ਉਹ ਉਨ੍ਹਾਂ ਦੇ ਆਤਮ-ਵਿਸ਼ਵਾਸ ਅਤੇ ਇੱਛਾਵਾਂ ਤੋਂ ਹੋਰ ਵੀ ਜ਼ਿਆਦਾ ਪ੍ਰਭਾਵਿਤ ਹੋਏ। 10 ਸਾਲ ਪਹਿਲਾਂ ਸਟਾਰਟਅੱਪ ਇੰਡੀਆ ਦੀ ਸ਼ੁਰੂਆਤ ਨੂੰ ਯਾਦ ਕਰਵਾਉਂਦਿਆਂ ਸ਼੍ਰੀ ਮੋਦੀ ਨੇ ਇਸ ਪਹਿਲ ਦੀ ਤਰੱਕੀ 'ਤੇ ਤਸੱਲੀ ਪ੍ਰਗਟ ਕੀਤੀ ਅਤੇ ਨੌਜਵਾਨਾਂ ਨੂੰ ਮਿਲ ਕੇ ਖ਼ੁਸ਼ੀ ਜ਼ਾਹਰ ਕੀਤੀ। ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਸਭ ਤੋਂ ਮਹੱਤਵਪੂਰਨ ਪਹਿਲੂ ਭਾਰਤ ਦੇ ਨੌਜਵਾਨਾਂ ਦਾ ਅਸਲ ਸਮੱਸਿਆਵਾਂ ਦੇ ਹੱਲ 'ਤੇ ਧਿਆਨ ਦੇਣਾ ਹੈ, ਸ਼੍ਰੀ ਮੋਦੀ ਨੇ ਉਨ੍ਹਾਂ ਨੌਜਵਾਨ ਖੋਜੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਨਵੇਂ ਸੁਪਨੇ ਦੇਖਣ ਦੀ ਹਿੰਮਤ ਦਿਖਾਈ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਸਟਾਰਟਅੱਪ ਇੰਡੀਆ ਦੇ ਦਸ ਸਾਲ ਪੂਰੇ ਹੋ ਗਏ ਹਨ ਅਤੇ ਇਹ ਸਫ਼ਰ ਸਿਰਫ ਇੱਕ ਸਰਕਾਰੀ ਯੋਜਨਾ ਦੀ ਸਫਲਤਾ ਦੀ ਕਹਾਣੀ ਨਹੀਂ ਹੈ, ਸਗੋਂ ਲੱਖਾਂ ਸੁਪਨਿਆਂ ਅਤੇ ਅਣਗਿਣਤ ਕਲਪਨਾਵਾਂ ਦੇ ਸਾਕਾਰ ਹੋਣ ਦੀ ਗਾਥਾ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਦਸ ਸਾਲ ਪਹਿਲਾਂ ਵਿਅਕਤੀਗਤ ਕੋਸ਼ਿਸ਼ਾਂ ਅਤੇ ਨਵੀਨਤਾ ਲਈ ਬਹੁਤ ਘੱਟ ਗੁੰਜਾਇਸ਼ ਸੀ, ਪਰ ਉਨ੍ਹਾਂ ਹਾਲਾਤ ਨੂੰ ਚੁਣੌਤੀ ਦਿੱਤੀ ਗਈ ਅਤੇ ਸਟਾਰਟਅੱਪ ਇੰਡੀਆ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜਿਸ ਨੇ ਨੌਜਵਾਨਾਂ ਨੂੰ ਬੇਅੰਤ ਮੌਕੇ ਪ੍ਰਦਾਨ ਕੀਤੇ ਅਤੇ ਅੱਜ ਇਸ ਦੇ ਨਤੀਜੇ ਦੇਸ਼ ਦੇ ਸਾਹਮਣੇ ਹਨ। ਸ਼੍ਰੀ ਮੋਦੀ ਨੇ ਕਿਹਾ, “ਸਿਰਫ 10 ਸਾਲਾਂ ਵਿੱਚ, ਸਟਾਰਟਅੱਪ ਇੰਡੀਆ ਮਿਸ਼ਨ ਇੱਕ ਕ੍ਰਾਂਤੀ ਬਣ ਗਿਆ ਹੈ। ਅੱਜ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ।” ਉਨ੍ਹਾਂ ਦੱਸਿਆ ਕਿ ਦਸ ਸਾਲ ਪਹਿਲਾਂ ਦੇਸ਼ ਵਿੱਚ 500 ਤੋਂ ਵੀ ਘੱਟ ਸਟਾਰਟਅੱਪ ਸਨ, ਜਦਕਿ ਅੱਜ ਇਹ ਗਿਣਤੀ ਵਧ ਕੇ 2 ਲੱਖ ਤੋਂ ਵੱਧ ਹੋ ਗਈ ਹੈ। ਉਨ੍ਹਾਂ ਕਿਹਾ ਕਿ 2014 ਵਿੱਚ ਭਾਰਤ ਵਿੱਚ ਸਿਰਫ ਚਾਰ ਯੂਨੀਕੋਰਨ ਸਨ, ਜਦਕਿ ਅੱਜ ਲਗਭਗ 125 ਸਰਗਰਮ ਯੂਨੀਕੋਰਨ ਹਨ ਅਤੇ ਦੁਨੀਆ ਇਸ ਸਫਲਤਾ ਦੀ ਕਹਾਣੀ ਨੂੰ ਹੈਰਾਨੀ ਨਾਲ ਦੇਖ ਰਹੀ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਭਾਰਤ ਦੇ ਸਟਾਰਟਅੱਪ ਸਫ਼ਰ 'ਤੇ ਚਰਚਾ ਹੋਵੇਗੀ, ਤਾਂ ਹਾਲ ਵਿੱਚ ਮੌਜੂਦ ਕਈ ਨੌਜਵਾਨ ਖੁਦ ਬਿਹਤਰੀਨ ਉਦਾਹਰਣ ਬਣਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਟਾਰਟਅੱਪ ਇੰਡੀਆ ਦੀ ਰਫ਼ਤਾਰ ਲਗਾਤਾਰ ਵਧ ਰਹੀ ਹੈ ਅਤੇ ਅੱਜ ਦੇ ਸਟਾਰਟਅੱਪ ਯੂਨੀਕੋਰਨ ਬਣ ਰਹੇ ਹਨ, ਆਈਪੀਓ ਲਾਂਚ ਕਰ ਰਹੇ ਹਨ ਅਤੇ ਲਗਾਤਾਰ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕੱਲੇ ਸਾਲ 2025 ਵਿੱਚ ਲਗਭਗ 44,000 ਨਵੇਂ ਸਟਾਰਟਅੱਪ ਰਜਿਸਟਰ ਹੋਏ, ਜੋ ਸਟਾਰਟਅੱਪ ਇੰਡੀਆ ਦੀ ਸ਼ੁਰੂਆਤ ਤੋਂ ਬਾਅਦ ਕਿਸੇ ਵੀ ਇੱਕ ਸਾਲ ਵਿੱਚ ਸਭ ਤੋਂ ਵੱਡਾ ਵਾਧਾ ਹੈ ਅਤੇ ਇਹ ਅੰਕੜੇ ਇਸ ਗੱਲ ਦਾ ਸਬੂਤ ਹਨ ਕਿ ਭਾਰਤ ਦੇ ਸਟਾਰਟਅੱਪ ਰੁਜ਼ਗਾਰ, ਨਵੀਨਤਾ ਅਤੇ ਵਿਕਾਸ ਨੂੰ ਕਿਸ ਤਰ੍ਹਾਂ ਰਫ਼ਤਾਰ ਦੇ ਰਹੇ ਹਨ।
ਸ਼੍ਰੀ ਮੋਦੀ ਨੇ ਸਟਾਰਟਅੱਪ ਇੰਡੀਆ ਵੱਲੋਂ ਦੇਸ਼ ਵਿੱਚ ਨਵੇਂ ਸੱਭਿਆਚਾਰ ਦੇ ਜਨਮ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪਹਿਲਾਂ ਨਵੇਂ ਕਾਰੋਬਾਰ ਅਤੇ ਉੱਦਮ ਮੁੱਖ ਤੌਰ 'ਤੇ ਵੱਡੇ ਉਦਯੋਗਿਕ ਪਰਿਵਾਰਾਂ ਦੇ ਬੱਚਿਆਂ ਵੱਲੋਂ ਸ਼ੁਰੂ ਕੀਤੇ ਜਾਂਦੇ ਸਨ, ਕਿਉਂਕਿ ਸਿਰਫ ਉਨ੍ਹਾਂ ਨੂੰ ਹੀ ਆਸਾਨੀ ਨਾਲ ਫੰਡਿੰਗ ਅਤੇ ਸਹਾਇਤਾ ਮਿਲਦੀ ਸੀ, ਜਦਕਿ ਜ਼ਿਆਦਾਤਰ ਮੱਧ ਵਰਗ ਅਤੇ ਗਰੀਬ ਬੱਚੇ ਸਿਰਫ ਰੁਜ਼ਗਾਰ ਦਾ ਸੁਪਨਾ ਹੀ ਦੇਖ ਸਕਦੇ ਸਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਟਾਰਟਅੱਪ ਇੰਡੀਆ ਪ੍ਰੋਗਰਾਮ ਨੇ ਇਸ ਸੋਚ ਨੂੰ ਬਦਲ ਦਿੱਤਾ ਹੈ ਅਤੇ ਹੁਣ ਦੂਜੇ ਅਤੇ ਤੀਜੇ ਪੱਧਰ ਦੇ ਸ਼ਹਿਰਾਂ, ਇੱਥੋਂ ਤੱਕ ਕਿ ਪਿੰਡਾਂ ਦੇ ਨੌਜਵਾਨ ਵੀ ਆਪਣੇ ਸਟਾਰਟਅੱਪ ਖੋਲ੍ਹ ਰਹੇ ਹਨ ਅਤੇ ਜ਼ਮੀਨੀ ਪੱਧਰ ਦੀਆਂ ਸਭ ਤੋਂ ਗੰਭੀਰ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮਾਜ ਅਤੇ ਰਾਸ਼ਟਰ ਲਈ ਕੁਝ ਕਰਨ ਦੀ ਇਹ ਭਾਵਨਾ ਉਨ੍ਹਾਂ ਲਈ ਬਹੁਤ ਮਹੱਤਵ ਰੱਖਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਦਲਾਅ ਵਿੱਚ ਦੇਸ਼ ਦੀਆਂ ਧੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ, ਅਤੇ ਮਾਨਤਾ ਪ੍ਰਾਪਤ ਸਟਾਰਟਅੱਪ ਉੱਦਮਾਂ ਵਿੱਚੋਂ 45 ਫੀਸਦੀ ਤੋਂ ਵੱਧ ਵਿੱਚ ਘੱਟੋ-ਘੱਟ ਇੱਕ ਮਹਿਲਾ ਡਾਇਰੈਕਟਰ ਜਾਂ ਭਾਈਵਾਲ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਮਹਿਲਾ ਅਗਵਾਈ ਵਾਲੇ ਸਟਾਰਟਅੱਪ ਫੰਡਿੰਗ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਈਕੋਸਿਸਟਮ ਬਣ ਰਿਹਾ ਹੈ ਅਤੇ ਇਸ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਗਤੀ ਨਾਲ ਭਾਰਤ ਦੀ ਸਮਰੱਥਾ ਹੋਰ ਵੀ ਮਜ਼ਬੂਤ ਹੋ ਰਹੀ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੇਸ਼ ਆਪਣਾ ਭਵਿੱਖ ਸਟਾਰਟਅੱਪ ਕ੍ਰਾਂਤੀ ਵਿੱਚ ਦੇਖਦਾ ਹੈ ਅਤੇ ਜੇ ਪੁੱਛਿਆ ਜਾਵੇ ਕਿ ਸਟਾਰਟਅੱਪ ਇੰਨੇ ਮਹੱਤਵਪੂਰਨ ਕਿਉਂ ਹਨ, ਤਾਂ ਇਸ ਦੇ ਕਈ ਜਵਾਬ ਹੋਣਗੇ: ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ, ਭਾਰਤ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੈ, ਭਾਰਤ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤਿਆਰ ਕਰ ਰਿਹਾ ਹੈ, ਅਤੇ ਨਵੇਂ ਖੇਤਰ ਉੱਭਰ ਰਹੇ ਹਨ—ਇਹ ਸਾਰੇ ਤੱਥ ਬਿਲਕੁਲ ਸੱਚ ਹਨ। ਫਿਰ ਵੀ, ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੋ ਗੱਲ ਉਨ੍ਹਾਂ ਦੇ ਦਿਲ ਨੂੰ ਸਭ ਤੋਂ ਜ਼ਿਆਦਾ ਛੂੰਹਦੀ ਹੈ, ਉਹ ਹੈ ਸਟਾਰਟਅੱਪ ਦਾ ਜੋਸ਼, ਜਿੱਥੇ ਭਾਰਤ ਦੇ ਨੌਜਵਾਨ ਆਰਾਮਦਾਇਕ ਜੀਵਨ ਜਾਂ ਘਸੇ-ਪਿਟੇ ਰਾਹਾਂ 'ਤੇ ਚੱਲਣ ਦੀ ਬਜਾਏ ਆਪਣੇ ਲਈ ਨਵੇਂ ਰਾਹ ਬਣਾਉਣਾ ਚਾਹੁੰਦੇ ਹਨ, ਨਵੇਂ ਟੀਚੇ ਅਤੇ ਨਵੇਂ ਮੁਕਾਮ ਹਾਸਲ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਨਵੇਂ ਟੀਚੇ ਸਿਰਫ ਸਖ਼ਤ ਮਿਹਨਤ ਨਾਲ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਇੱਕ ਕਹਾਵਤ ਦਾ ਜ਼ਿਕਰ ਕੀਤਾ ਜਿਸ ਦਾ ਅਰਥ ਹੈ ਕਿ ਕੰਮ ਸਿਰਫ ਇੱਛਾਵਾਂ ਨਾਲ ਨਹੀਂ, ਸਗੋਂ ਉੱਦਮ ਨਾਲ ਹੀ ਪੂਰੇ ਹੁੰਦੇ ਹਨ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉੱਦਮ ਲਈ ਹਿੰਮਤ ਪਹਿਲੀ ਸ਼ਰਤ ਹੈ, ਅਤੇ ਇਸ ਮੁਕਾਮ ਤੱਕ ਪਹੁੰਚਣ ਲਈ ਨੌਜਵਾਨਾਂ ਵੱਲੋਂ ਚੁੱਕੇ ਗਏ ਅਥਾਹ ਹੌਸਲੇ ਅਤੇ ਜੋਖਮਾਂ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੇਸ਼ ਵਿੱਚ ਜੋਖਮ ਲੈਣ ਲਈ ਉਤਸ਼ਾਹਿਤ ਨਹੀਂ ਕੀਤਾ ਜਾਂਦਾ ਸੀ, ਪਰ ਅੱਜ ਇਹ ਮੁੱਖ ਧਾਰਾ ਬਣ ਗਿਆ ਹੈ ਅਤੇ ਜੋ ਲੋਕ ਮਹੀਨਾਵਾਰ ਤਨਖਾਹ ਤੋਂ ਪਰੇ ਸੋਚਦੇ ਹਨ, ਉਨ੍ਹਾਂ ਨੂੰ ਨਾ ਸਿਰਫ ਸਵੀਕਾਰ ਕੀਤਾ ਜਾਂਦਾ ਹੈ ਸਗੋਂ ਸਨਮਾਨ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵਿਚਾਰ ਅੱਜ ਪ੍ਰਚਲਨ ਵਿੱਚ ਆ ਰਹੇ ਹਨ, ਜੋ ਕਦੇ ਹਾਸ਼ੀਏ 'ਤੇ ਮੰਨੇ ਜਾਂਦੇ ਸਨ।
ਜੋਖਮ ਚੁੱਕਣ ਪ੍ਰਤੀ ਆਪਣੇ ਦ੍ਰਿੜ੍ਹ ਇਰਾਦੇ 'ਤੇ ਜ਼ੋਰ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਆਪਣੀ ਪੁਰਾਣੀ ਆਦਤ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਕੰਮਾਂ ਨੂੰ ਕਰਨ ਦੀ ਕੋਈ ਇੱਛਾ ਨਹੀਂ ਰੱਖਦਾ, ਜਿਨ੍ਹਾਂ ਮੁੱਦਿਆਂ ਤੋਂ ਸਰਕਾਰਾਂ ਚੋਣਾਂ ਜਾਂ ਸੱਤਾ ਗੁਆਉਣ ਦੇ ਡਰ ਤੋਂ ਦਹਾਕਿਆਂ ਤੱਕ ਬਚਦੀਆਂ ਰਹੀਆਂ ਹਨ, ਅਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਿਆਸੀ ਜੋਖਮ ਵਾਲਾ ਮੰਨਿਆ ਜਾਂਦਾ ਹੈ, ਉਨ੍ਹਾਂ ਨੂੰ ਪੂਰਾ ਕਰਨਾ ਉਨ੍ਹਾਂ ਨੇ ਹਮੇਸ਼ਾ ਆਪਣਾ ਫਰਜ਼ ਸਮਝਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਖੋਜੀਆਂ ਵਾਂਗ, ਉਨ੍ਹਾਂ ਦਾ ਵੀ ਮੰਨਣਾ ਹੈ ਕਿ ਜੇ ਕੋਈ ਕੰਮ ਰਾਸ਼ਟਰ ਲਈ ਜ਼ਰੂਰੀ ਹੈ, ਤਾਂ ਕਿਸੇ ਨੂੰ ਤਾਂ ਜੋਖਮ ਚੁੱਕਣਾ ਹੀ ਪਵੇਗਾ ਅਤੇ ਭਾਵੇਂ ਨੁਕਸਾਨ ਉਨ੍ਹਾਂ ਦਾ ਹੋਵੇ, ਪਰ ਲਾਭ ਲੱਖਾਂ ਪਰਿਵਾਰਾਂ ਤੱਕ ਪਹੁੰਚੇਗਾ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪਿਛਲੇ ਦਸ ਸਾਲਾਂ ਵਿੱਚ ਦੇਸ਼ ਨੇ ਨਵੀਨਤਾ ਨੂੰ ਹੁਲਾਰਾ ਦੇਣ ਵਾਲਾ ਈਕੋ-ਸਿਸਟਮ ਵਿਕਸਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਨਵੀਨਤਾ ਦੀ ਭਾਵਨਾ ਜਗਾਉਣ ਲਈ ਸਕੂਲਾਂ ਵਿੱਚ ਅਟਲ ਟਿੰਕਰਿੰਗ ਲੈਬ ਦੀ ਸਥਾਪਨਾ ਕੀਤੀ ਗਈ, ਨੌਜਵਾਨਾਂ ਨੂੰ ਰਾਸ਼ਟਰੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਹੈਕਾਥੌਨ ਸ਼ੁਰੂ ਕੀਤੇ ਗਏ ਅਤੇ ਸਾਧਨਾਂ ਦੀ ਘਾਟ ਕਾਰਨ ਵਿਚਾਰਾਂ ਨੂੰ ਖਤਮ ਨਾ ਹੋਣ ਦੇਣ ਲਈ ਇਨਕਿਊਬੇਸ਼ਨ ਸੈਂਟਰ ਬਣਾਏ ਗਏ।
ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ ਗੁੰਝਲਦਾਰ ਪਾਲਣਾ ਪ੍ਰਕਿਰਿਆਵਾਂ, ਲੰਬੀਆਂ ਮਨਜ਼ੂਰੀ ਪ੍ਰਕਿਰਿਆਵਾਂ ਅਤੇ ਇੰਸਪੈਕਟਰ ਰਾਜ ਦਾ ਡਰ ਕਦੇ ਨਵੀਨਤਾ ਲਈ ਸਭ ਤੋਂ ਵੱਡੀਆਂ ਰੁਕਾਵਟਾਂ ਸਨ ਅਤੇ ਇਸੇ ਲਈ ਉਨ੍ਹਾਂ ਦੀ ਸਰਕਾਰ ਨੇ ਭਰੋਸੇ ਅਤੇ ਪਾਰਦਰਸ਼ਤਾ ਦਾ ਮਾਹੌਲ ਬਣਾਇਆ। ਉਨ੍ਹਾਂ ਨੇ ਕਿਹਾ ਕਿ ਜਨ ਵਿਸ਼ਵਾਸ ਐਕਟ ਤਹਿਤ 180 ਤੋਂ ਵੱਧ ਵਿਵਸਥਾਵਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ ਹੈ, ਜਿਸ ਨਾਲ ਨਵੇਂ ਖੋਜੀਆਂ ਨੂੰ ਮੁਕੱਦਮੇਬਾਜ਼ੀ ਦੀ ਬਜਾਏ ਆਪਣੇ ਕੰਮ 'ਤੇ ਧਿਆਨ ਦੇਣ ਲਈ ਕੀਮਤੀ ਸਮਾਂ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਟਾਰਟਅੱਪ ਹੁਣ ਕਈ ਕਾਨੂੰਨਾਂ ਵਿੱਚ ਸਵੈ-ਪ੍ਰਮਾਣਿਕਤਾ ਤੋਂ ਲਾਭ ਲੈ ਰਹੇ ਹਨ, ਅਤੇ ਰਲੇਵੇਂ ਤੇ ਨਿਕਾਸ ਨੂੰ ਆਸਾਨ ਬਣਾ ਦਿੱਤਾ ਗਿਆ ਹੈ।
ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ, “ਸਟਾਰਟਅੱਪ ਇੰਡੀਆ ਸਿਰਫ ਇੱਕ ਯੋਜਨਾ ਨਹੀਂ ਹੈ, ਸਗੋਂ ਇਹ ਵਿਆਪਕ ਨਜ਼ਰੀਆ ਹੈ ਜੋ ਵੱਖ-ਵੱਖ ਖੇਤਰਾਂ ਨੂੰ ਨਵੇਂ ਮੌਕਿਆਂ ਨਾਲ ਜੋੜਦਾ ਹੈ।” ਉਨ੍ਹਾਂ ਦੱਸਿਆ ਕਿ ਰੱਖਿਆ ਨਿਰਮਾਣ ਖੇਤਰ ਵਿੱਚ, ਸਟਾਰਟਅੱਪ ਪਹਿਲਾਂ ਸਥਾਪਿਤ ਕੰਪਨੀਆਂ ਨਾਲ ਮੁਕਾਬਲਾ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦੇ ਸਨ, ਪਰ ਆਈ-ਡੈਕਸ ਰਾਹੀਂ ਰਣਨੀਤਕ ਖੇਤਰਾਂ ਵਿੱਚ ਖਰੀਦ ਦੇ ਨਵੇਂ ਰਾਹ ਖੁੱਲ੍ਹ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੁਲਾੜ ਖੇਤਰ, ਜੋ ਕਦੇ ਨਿੱਜੀ ਭਾਈਵਾਲੀ ਲਈ ਬੰਦ ਸੀ, ਹੁਣ ਖੁੱਲ੍ਹ ਗਿਆ ਹੈ, ਜਿਸ ਵਿੱਚ ਲਗਭਗ 200 ਸਟਾਰਟਅੱਪ ਕੰਮ ਕਰ ਰਹੇ ਹਨ ਅਤੇ ਵਿਸ਼ਵ ਪੱਧਰੀ ਪਛਾਣ ਹਾਸਲ ਕਰ ਰਹੇ ਹਨ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨੇ ਡਰੋਨ ਖੇਤਰ 'ਤੇ ਚਾਨਣਾ ਪਾਇਆ, ਜਿੱਥੇ ਪੁਰਾਣੇ ਨਿਯਮਾਂ ਨੇ ਲੰਬੇ ਸਮੇਂ ਤੱਕ ਭਾਰਤ ਨੂੰ ਪਿੱਛੇ ਰੱਖਿਆ ਸੀ, ਪਰ ਸੁਧਾਰਾਂ ਅਤੇ ਨਵੇਂ ਖੋਜੀਆਂ 'ਤੇ ਭਰੋਸੇ ਨੇ ਦ੍ਰਿਸ਼ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਨਤਕ ਖਰੀਦ ਵਿੱਚ, ਸਰਕਾਰੀ ਈ-ਮਾਰਕਿਟਪਲੇਸ (ਜੀਈਐੱਮ) ਨੇ ਬਾਜ਼ਾਰ ਪਹੁੰਚ ਦਾ ਵਿਸਥਾਰ ਕੀਤਾ ਹੈ। ਇਸ ਵਿੱਚ ਲਗਭਗ 35,000 ਸਟਾਰਟਅੱਪ ਅਤੇ ਛੋਟੇ ਕਾਰੋਬਾਰ ਸ਼ਾਮਲ ਹਨ, ਜਿਨ੍ਹਾਂ ਨੂੰ ਲਗਭਗ 5 ਲੱਖ ਆਰਡਰ ਮਿਲੇ ਹਨ, ਜਿਨ੍ਹਾਂ ਦੀ ਕੀਮਤ ਲਗਭਗ 50,000 ਕਰੋੜ ਰੁਪਏ ਹੈ। ਉਨ੍ਹਾਂ ਨੇ ਕਿਹਾ ਕਿ ਸਟਾਰਟਅੱਪ ਆਪਣੀ ਸਫਲਤਾ ਰਾਹੀਂ ਹਰ ਖੇਤਰ ਵਿੱਚ ਵਿਕਾਸ ਦੇ ਨਵੇਂ ਰਾਹ ਖੋਲ੍ਹ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂੰਜੀ ਤੋਂ ਬਿਨਾਂ ਬਿਹਤਰੀਨ ਵਿਚਾਰ ਵੀ ਬਾਜ਼ਾਰ ਤੱਕ ਨਹੀਂ ਪਹੁੰਚ ਸਕਦੇ, ਇਸੇ ਲਈ ਉਨ੍ਹਾਂ ਦੀ ਸਰਕਾਰ ਨੇ ਨਵੇਂ ਖੋਜੀਆਂ ਲਈ ਵਿੱਤ ਦੀ ਉਪਲਬਧਤਾ ਯਕੀਨੀ ਬਣਾਉਣ 'ਤੇ ਧਿਆਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਟਾਰਟਅੱਪ ਉੱਦਮਾਂ ਲਈ ਫੰਡ ਆਫ ਫੰਡਸ ਰਾਹੀਂ 25,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ, ਜਦਕਿ ਸਟਾਰਟਅੱਪ ਇੰਡੀਆ ਸੀਡ ਫੰਡ, ਇਨ-ਸਪੇਸ ਸੀਡ ਫੰਡ ਅਤੇ ਨਿਧੀ ਸੀਡ ਸਪੋਰਟ ਪ੍ਰੋਗਰਾਮ ਵਰਗੀਆਂ ਯੋਜਨਾਵਾਂ ਸਟਾਰਟਅੱਪ ਉੱਦਮਾਂ ਨੂੰ ਸ਼ੁਰੂਆਤੀ ਫੰਡਿੰਗ ਪ੍ਰਦਾਨ ਕਰ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਕਰਜ਼ੇ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਇੱਕ ਕ੍ਰੈਡਿਟ ਗਾਰੰਟੀ ਯੋਜਨਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਗਾਰੰਟੀ ਦੀ ਕਮੀ ਰਚਨਾਤਮਕਤਾ ਵਿੱਚ ਰੁਕਾਵਟ ਨਾ ਬਣੇ।
ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਅੱਜ ਦੀ ਖੋਜ ਕੱਲ੍ਹ ਦੀ ਬੌਧਿਕ ਸੰਪਤੀ ਬਣ ਜਾਂਦੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨੂੰ ਹੁਲਾਰਾ ਦੇਣ ਲਈ, 1 ਲੱਖ ਕਰੋੜ ਰੁਪਏ ਦੀ ਖੋਜ, ਵਿਕਾਸ ਅਤੇ ਨਵੀਨਤਾ ਯੋਜਨਾ ਸ਼ੁਰੂ ਕੀਤੀ ਗਈ ਹੈ, ਨਾਲ ਹੀ ਉੱਭਰਦੇ ਖੇਤਰਾਂ ਵਿੱਚ ਲੰਬੇ ਸਮੇਂ ਦੇ ਨਿਵੇਸ਼ ਦਾ ਸਮਰਥਨ ਕਰਨ ਲਈ ਡੀਪ ਟੈੱਕ ਫੰਡ ਆਫ ਫੰਡਸ ਦੀ ਸਥਾਪਨਾ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਆਰਥਿਕ ਸੁਰੱਖਿਆ ਅਤੇ ਰਣਨੀਤਕ ਖ਼ੁਦਮੁਖਤਿਆਰੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਉੱਭਰਦੇ ਖੇਤਰਾਂ ਵਿੱਚ ਨਵੇਂ ਵਿਚਾਰਾਂ 'ਤੇ ਕੰਮ ਕਰਕੇ ਭਵਿੱਖ ਲਈ ਤਿਆਰੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਪ੍ਰਮੁੱਖ ਉਦਾਹਰਣ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਏਆਈ ਕ੍ਰਾਂਤੀ ਵਿੱਚ ਮੋਹਰੀ ਦੇਸ਼ਾਂ ਨੂੰ ਵਧੇਰੇ ਲਾਭ ਹੋਵੇਗਾ, ਅਤੇ ਭਾਰਤ ਲਈ ਇਹ ਜ਼ਿੰਮੇਵਾਰੀ ਉਸ ਦੇ ਸਟਾਰਟਅੱਪ ਉੱਦਮਾਂ 'ਤੇ ਹੈ। ਫਰਵਰੀ 2026 ਵਿੱਚ ਭਾਰਤ ਵੱਲੋਂ ਕਰਵਾਈ ਏਆਈ ਇੰਪੈਕਟ ਸਮਿਟ ਦਾ ਜ਼ਿਕਰ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਨੌਜਵਾਨਾਂ ਲਈ ਇੱਕ ਸ਼ਾਨਦਾਰ ਮੌਕਾ ਹੈ। ਉਨ੍ਹਾਂ ਨੇ ਉੱਚ ਕੰਪਿਊਟਿੰਗ ਲਾਗਤ ਵਰਗੀਆਂ ਚੁਣੌਤੀਆਂ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਏਆਈ ਮਿਸ਼ਨ ਰਾਹੀਂ ਹੱਲ ਪ੍ਰਦਾਨ ਕੀਤੇ ਜਾ ਰਹੇ ਹਨ, ਜਿਸ ਵਿੱਚ 38,000 ਤੋਂ ਵੱਧ ਜੀਪੀਯੂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਵੱਡੀ ਤਕਨੀਕ ਨੂੰ ਛੋਟੇ ਸਟਾਰਟਅੱਪ ਉੱਦਮਾਂ ਲਈ ਪਹੁੰਚਯੋਗ ਬਣਾਇਆ ਜਾ ਸਕੇ, ਨਾਲ ਹੀ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੇਸੀ ਏਆਈ ਦਾ ਵਿਕਾਸ ਭਾਰਤੀ ਪ੍ਰਤਿਭਾਵਾਂ ਵੱਲੋਂ ਭਾਰਤੀ ਸਰਵਰਾਂ 'ਤੇ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸੈਮੀਕੰਡਕਟਰ, ਡਾਟਾ ਸੈਂਟਰ, ਗ੍ਰੀਨ ਹਾਈਡ੍ਰੋਜਨ ਅਤੇ ਹੋਰ ਖੇਤਰਾਂ ਵਿੱਚ ਵੀ ਇਸੇ ਤਰ੍ਹਾਂ ਦੇ ਯਤਨ ਜਾਰੀ ਹਨ।
ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ, “ਭਾਰਤ ਦੀ ਇੱਛਾ ਸਿਰਫ ਹਿੱਸੇਦਾਰੀ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਵਿਸ਼ਵ ਪੱਧਰੀ ਅਗਵਾਈ ਹਾਸਲ ਕਰਨ ਦਾ ਟੀਚਾ ਹੋਣਾ ਚਾਹੀਦਾ ਹੈ ਅਤੇ ਸਟਾਰਟਅੱਪ ਉੱਦਮਾਂ ਨੂੰ ਨਵੀਆਂ ਧਾਰਨਾਵਾਂ 'ਤੇ ਕੰਮ ਕਰਨ ਅਤੇ ਸਮੱਸਿਆਵਾਂ ਦਾ ਹੱਲ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।” ਉਨ੍ਹਾਂ ਨੇ ਕਿਹਾ ਕਿ ਬੀਤੇ ਦਹਾਕਿਆਂ ਵਿੱਚ ਭਾਰਤ ਨੇ ਡਿਜੀਟਲ ਸਟਾਰਟਅੱਪ ਅਤੇ ਸੇਵਾ ਖੇਤਰਾਂ ਵਿੱਚ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਅਤੇ ਹੁਣ ਸਟਾਰਟਅੱਪ ਉੱਦਮਾਂ ਲਈ ਨਿਰਮਾਣ ਖੇਤਰ 'ਤੇ ਧਿਆਨ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਭਵਿੱਖ ਦੀ ਅਗਵਾਈ ਕਰਨ ਲਈ ਵਿਸ਼ਵ ਪੱਧਰੀ ਗੁਣਵੱਤਾ ਵਾਲੇ ਨਵੇਂ ਉਤਪਾਦਾਂ ਅਤੇ ਅਨੋਖੇ ਤਕਨੀਕੀ ਵਿਚਾਰਾਂ ਦੇ ਨਿਰਮਾਣ ਦਾ ਸੱਦਾ ਦਿੱਤਾ। ਸ਼੍ਰੀ ਮੋਦੀ ਨੇ ਭਰੋਸਾ ਦਿੱਤਾ ਕਿ ਸਰਕਾਰ ਹਰ ਕੋਸ਼ਿਸ਼ ਵਿੱਚ ਸਟਾਰਟਅੱਪ ਉੱਦਮਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਉਨ੍ਹਾਂ ਦੇ ਹੌਸਲੇ, ਆਤਮ-ਵਿਸ਼ਵਾਸ ਅਤੇ ਨਵੀਨਤਾ ਵਿੱਚ ਡੂੰਘਾ ਵਿਸ਼ਵਾਸ ਪ੍ਰਗਟ ਕੀਤਾ, ਜੋ ਭਾਰਤ ਦੇ ਭਵਿੱਖ ਨੂੰ ਆਕਾਰ ਦੇ ਰਹੇ ਹਨ। ਪ੍ਰਧਾਨ ਮੰਤਰੀ ਨੇ ਇਹ ਕਹਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਪਿਛਲੇ ਦਸ ਸਾਲਾਂ ਨੇ ਦੇਸ਼ ਦੀਆਂ ਸਮਰੱਥਾਵਾਂ ਨੂੰ ਸਾਬਤ ਕੀਤਾ ਹੈ ਅਤੇ ਅਗਲੇ ਦਹਾਕੇ ਦਾ ਟੀਚਾ ਇਹ ਹੋਣਾ ਚਾਹੀਦਾ ਹੈ ਕਿ ਭਾਰਤ ਸਟਾਰਟਅੱਪ ਦੇ ਨਵੇਂ ਰੁਝਾਨਾਂ ਅਤੇ ਤਕਨਾਲੋਜੀਆਂ ਵਿੱਚ ਦੁਨੀਆ ਦੀ ਅਗਵਾਈ ਕਰੇ।
ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਵੀ ਹੋਰ ਪਤਵੰਤੇ ਸੱਜਣਾਂ ਨਾਲ ਮੌਜੂਦ ਸਨ।
ਪਿਛੋਕੜ
ਸਟਾਰਟਅੱਪ ਇੰਡੀਆ ਨੂੰ 16 ਜਨਵਰੀ, 2016 ਨੂੰ ਪ੍ਰਧਾਨ ਮੰਤਰੀ ਵੱਲੋਂ ਨਵੀਨਤਾ ਨੂੰ ਪਾਲਣ, ਉੱਦਮਤਾ ਨੂੰ ਹੁਲਾਰਾ ਦੇਣ ਅਤੇ ਨਿਵੇਸ਼-ਅਧਾਰਿਤ ਵਿਕਾਸ ਨੂੰ ਸਮਰੱਥ ਬਣਾਉਣ ਦੇ ਉਦੇਸ਼ ਨਾਲ ਇੱਕ ਪਰਿਵਰਤਨਕਾਰੀ ਰਾਸ਼ਟਰੀ ਪ੍ਰੋਗਰਾਮ ਵਜੋਂ ਲਾਂਚ ਕੀਤਾ ਗਿਆ ਸੀ, ਜਿਸ ਦਾ ਟੀਚਾ ਭਾਰਤ ਨੂੰ ਰੁਜ਼ਗਾਰ ਲੱਭਣ ਵਾਲਿਆਂ ਦੀ ਬਜਾਏ ਰੁਜ਼ਗਾਰ ਪੈਦਾ ਕਰਨ ਵਾਲਾ ਰਾਸ਼ਟਰ ਬਣਾਉਣਾ ਸੀ।
ਪਿਛਲੇ ਇੱਕ ਦਹਾਕੇ ਵਿੱਚ, ਸਟਾਰਟਅੱਪ ਇੰਡੀਆ ਭਾਰਤ ਦੇ ਆਰਥਿਕ ਅਤੇ ਨਵੀਨਤਾ ਢਾਂਚੇ ਦਾ ਇੱਕ ਅਹਿਮ ਥੰਮ੍ਹ ਬਣ ਕੇ ਉੱਭਰਿਆ ਹੈ। ਇਸ ਨੇ ਸੰਸਥਾਗਤ ਪ੍ਰਣਾਲੀਆਂ ਨੂੰ ਮਜ਼ਬੂਤ ਕੀਤਾ ਹੈ, ਪੂੰਜੀ ਅਤੇ ਮਾਰਗ-ਦਰਸ਼ਨ ਤੱਕ ਪਹੁੰਚ ਦਾ ਵਿਸਥਾਰ ਕੀਤਾ ਹੈ, ਅਤੇ ਸਟਾਰਟਅੱਪਸ ਨੂੰ ਵੱਖ-ਵੱਖ ਖੇਤਰਾਂ ਅਤੇ ਭੂਗੋਲਿਕ ਖੇਤਰਾਂ ਵਿੱਚ ਵਿਕਾਸ ਅਤੇ ਵਿਸਥਾਰ ਲਈ ਸਾਜ਼ਗਾਰ ਮਾਹੌਲ ਦਿੱਤਾ ਹੈ। ਇਸ ਦੌਰਾਨ ਭਾਰਤ ਦੇ ਸਟਾਰਟਅੱਪ ਈਕੋ-ਸਿਸਟਮ ਵਿੱਚ ਬੇਮਿਸਾਲ ਵਿਸਥਾਰ ਹੋਇਆ ਹੈ, ਜਿਸ ਵਿੱਚ ਦੇਸ਼ ਭਰ ਵਿੱਚ 2,00,000 ਤੋਂ ਵੱਧ ਸਟਾਰਟਅੱਪ ਉੱਦਮਾਂ ਨੂੰ ਮਾਨਤਾ ਦਿੱਤੀ ਗਈ ਹੈ। ਇਹ ਉੱਦਮ ਰੁਜ਼ਗਾਰ ਪੈਦਾ ਕਰਨ, ਨਵੀਨਤਾ-ਅਧਾਰਿਤ ਆਰਥਿਕ ਵਿਕਾਸ ਅਤੇ ਵੱਖ-ਵੱਖ ਖੇਤਰਾਂ ਵਿੱਚ ਘਰੇਲੂ ਮੁੱਲ ਲੜੀਆਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
https://x.com/narendramodi/status/2012079383801172284
https://x.com/PMOIndia/status/2012080840080290261
https://x.com/PMOIndia/status/2012081366754836633
https://x.com/PMOIndia/status/2012083199258857758
https://x.com/PMOIndia/status/2012084164670128179
https://x.com/PMOIndia/status/2012085615735795867
https://x.com/PMOIndia/status/2012086611388023246
https://www.youtube.com/watch?v=MMbxe9uiAEA
****
ਐੱਮਜੇਪੀਐੱਸ/ਐੱਸਆਰ
(रिलीज़ आईडी: 2215522)
आगंतुक पटल : 8
इस विज्ञप्ति को इन भाषाओं में पढ़ें:
Assamese
,
English
,
Urdu
,
Marathi
,
हिन्दी
,
Bengali
,
Gujarati
,
Odia
,
Tamil
,
Telugu
,
Kannada
,
Malayalam