ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਵਿਧਾਨ ਸਦਨ ਦੇ ਕੇਂਦਰੀ ਹਾਲ ਵਿੱਚ ਰਾਸ਼ਟਰਮੰਡਲ ਦੇਸ਼ਾਂ ਦੇ ਸਪੀਕਰਾਂ ਅਤੇ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ 28ਵੀਂ ਕਾਨਫ਼ਰੰਸ ਦਾ ਉਦਘਾਟਨ ਕੀਤਾ


ਭਾਰਤ ਨੇ ਵਿਭਿੰਨਤਾ ਨੂੰ ਆਪਣੇ ਲੋਕਤੰਤਰ ਦੀ ਤਾਕਤ ਬਣਾ ਲਿਆ ਹੈ: ਪ੍ਰਧਾਨ ਮੰਤਰੀ

ਭਾਰਤ ਨੇ ਦਿਖਾਇਆ ਹੈ ਕਿ ਲੋਕਤੰਤਰੀ ਸੰਸਥਾਵਾਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਲੋਕਤੰਤਰ ਨੂੰ ਸਥਿਰਤਾ, ਰਫ਼ਤਾਰ ਅਤੇ ਵਿਸ਼ਾਲਤਾ ਦਿੰਦੀਆਂ ਹਨ: ਪ੍ਰਧਾਨ ਮੰਤਰੀ

ਭਾਰਤ ਵਿੱਚ ਲੋਕਤੰਤਰ ਦਾ ਅਰਥ ਹੈ ਆਖ਼ਰੀ ਵਿਅਕਤੀ ਤੱਕ ਸੇਵਾਵਾਂ ਪਹੁੰਚਾਉਣਾ: ਪ੍ਰਧਾਨ ਮੰਤਰੀ

ਸਾਡਾ ਲੋਕਤੰਤਰ ਇੱਕ ਵਿਸ਼ਾਲ ਰੁੱਖ ਵਾਂਗ ਹੈ ਜਿਸ ਦੀਆਂ ਜੜ੍ਹਾਂ ਡੂੰਘੀਆਂ ਹਨ; ਸਾਡੇ ਇੱਥੇ ਵਾਦ-ਵਿਵਾਦ, ਸੰਵਾਦ ਅਤੇ ਸਮੂਹਿਕ ਫ਼ੈਸਲੇ ਲੈਣ ਦੀ ਲੰਮੀ ਪਰੰਪਰਾ ਹੈ: ਪ੍ਰਧਾਨ ਮੰਤਰੀ

ਭਾਰਤ ਹਰ ਵਿਸ਼ਵ ਪੱਧਰੀ ਮੰਚ 'ਤੇ ਵਿਕਾਸਸ਼ੀਲ ਦੇਸ਼ਾਂ ਦੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਚੁੱਕ ਰਿਹਾ ਹੈ; ਜੀ-20 ਦੀ ਪ੍ਰਧਾਨਗੀ ਦੌਰਾਨ ਵੀ, ਭਾਰਤ ਨੇ ਵਿਸ਼ਵ ਏਜੰਡੇ ਦੇ ਕੇਂਦਰ ਵਿੱਚ ਵਿਕਾਸਸ਼ੀਲ ਦੇਸ਼ਾਂ ਦੀਆਂ ਪਹਿਲਕਦਮੀਆਂ ਨੂੰ ਰੱਖਿਆ: ਪ੍ਰਧਾਨ ਮੰਤਰੀ

प्रविष्टि तिथि: 15 JAN 2026 12:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਸੰਸਦ ਭਵਨ ਕੰਪਲੈਕਸ ਵਿੱਚ ਸੰਵਿਧਾਨ ਸਦਨ ਦੇ ਕੇਂਦਰੀ ਹਾਲ ਵਿੱਚ ਰਾਸ਼ਟਰਮੰਡਲ ਦੇਸ਼ਾਂ ਦੇ ਲੋਕ ਸਭਾ ਸਪੀਕਰਾਂ ਅਤੇ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ 28ਵੀਂ ਕਾਨਫ਼ਰੰਸ (ਸੀਐੱਸਪੀਓਸੀ) ਦਾ ਉਦਘਾਟਨ ਕੀਤਾ। ਇਸ ਮੌਕੇ ਸ਼੍ਰੀ ਮੋਦੀ ਨੇ ਕਿਹਾ ਕਿ ਸੰਸਦੀ ਲੋਕਤੰਤਰ ਵਿੱਚ ਸਪੀਕਰ ਦੀ ਭੂਮਿਕਾ ਅਨੋਖੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਪੀਕਰ ਨੂੰ ਬੋਲਣ ਦਾ ਬਹੁਤਾ ਮੌਕਾ ਨਹੀਂ ਮਿਲਦਾ, ਪਰ ਉਨ੍ਹਾਂ ਦੀ ਜ਼ਿੰਮੇਵਾਰੀ ਦੂਜਿਆਂ ਦੀ ਗੱਲ ਸੁਣਨ ਅਤੇ ਇਹ ਯਕੀਨੀ ਬਣਾਉਣ ਵਿੱਚ ਹੈ ਕਿ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲੇ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਬਰ ਸਪੀਕਰਾਂ ਦਾ ਸਭ ਤੋਂ ਆਮ ਗੁਣ ਹੈ, ਜੋ ਸ਼ੋਰ ਮਚਾਉਣ ਵਾਲੇ ਅਤੇ ਬਹੁਤ ਉਤਸ਼ਾਹੀ ਸੰਸਦ ਮੈਂਬਰਾਂ ਨੂੰ ਵੀ ਮੁਸਕਰਾਉਂਦੇ ਹੋਏ ਸੰਭਾਲ ਲੈਂਦੇ ਹਨ।

 

ਇਸ ਖ਼ਾਸ ਮੌਕੇ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕਰਦਿਆਂ ਸ਼੍ਰੀ ਮੋਦੀ ਨੇ ਉਨ੍ਹਾਂ ਦੀ ਹਾਜ਼ਰੀ 'ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਤੁਸੀਂ ਜਿਸ ਥਾਂ 'ਤੇ ਬੈਠੇ ਹੋ, ਉਹ ਭਾਰਤ ਦੀ ਲੋਕਤੰਤਰੀ ਯਾਤਰਾ ਵਿੱਚ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਬਸਤੀਵਾਦੀ ਸ਼ਾਸਨ ਦੇ ਆਖ਼ਰੀ ਸਾਲਾਂ ਵਿੱਚ, ਜਦੋਂ ਭਾਰਤ ਦੀ ਆਜ਼ਾਦੀ ਤੈਅ ਸੀ, ਸੰਵਿਧਾਨ ਸਭਾ ਨੇ ਇਸੇ ਕੇਂਦਰੀ ਹਾਲ ਵਿੱਚ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਸੀ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਆਜ਼ਾਦੀ ਤੋਂ ਬਾਅਦ 75 ਸਾਲਾਂ ਤੱਕ, ਇਹ ਇਮਾਰਤ ਭਾਰਤ ਦੀ ਸੰਸਦ ਵਜੋਂ ਕੰਮ ਕਰਦੀ ਰਹੀ, ਜਿੱਥੇ ਰਾਸ਼ਟਰ ਦੇ ਭਵਿੱਖ ਨੂੰ ਆਕਾਰ ਦੇਣ ਵਾਲੇ ਕਈ ਅਹਿਮ ਫ਼ੈਸਲੇ ਅਤੇ ਚਰਚਾਵਾਂ ਹੋਈਆਂ। ਸ਼੍ਰੀ ਮੋਦੀ ਨੇ ਦੱਸਿਆ ਕਿ ਦੇਸ਼ ਨੇ ਹੁਣ ਇਸ ਇਤਿਹਾਸਕ ਥਾਂ ਨੂੰ ਸੰਵਿਧਾਨ ਸਦਨ ਨਾਮ ਦੇ ਕੇ ਲੋਕਤੰਤਰ ਨੂੰ ਸਮਰਪਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਦੇਸ਼ ਨੇ ਆਪਣੇ ਸੰਵਿਧਾਨ ਦੇ ਲਾਗੂ ਹੋਣ ਦੇ 75 ਸਾਲ ਪੂਰੇ ਕੀਤੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੰਵਿਧਾਨ ਸਦਨ ਵਿੱਚ ਸਾਰੇ ਖ਼ਾਸ ਮਹਿਮਾਨਾਂ ਦੀ ਹਾਜ਼ਰੀ ਭਾਰਤ ਦੇ ਲੋਕਤੰਤਰ ਲਈ ਇੱਕ ਬਹੁਤ ਹੀ ਖ਼ਾਸ ਪਲ ਹੈ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਰਾਸ਼ਟਰਮੰਡਲ ਦੇਸ਼ਾਂ ਦੇ ਸਪੀਕਰਾਂ ਅਤੇ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਇਹ ਕਾਨਫ਼ਰੰਸ ਚੌਥੀ ਵਾਰ ਭਾਰਤ ਵਿੱਚ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਇਸ ਕਾਨਫ਼ਰੰਸ ਦੇ ਮੁੱਖ ਵਿਸ਼ੇ 'ਸੰਸਦੀ ਲੋਕਤੰਤਰ ਦਾ ਪ੍ਰਭਾਵਸ਼ਾਲੀ ਲਾਗੂ ਕਰਨ' 'ਤੇ ਚਾਨਣਾ ਪਾਇਆ। ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਸੀ, ਉਦੋਂ ਇਹ ਡਰ ਜਤਾਇਆ ਗਿਆ ਸੀ ਕਿ ਇੰਨੀ ਵਿਭਿੰਨਤਾ ਵਾਲੇ ਦੇਸ਼ ਵਿੱਚ ਲੋਕਤੰਤਰ ਟਿਕ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਭਾਰਤ ਨੇ ਇਸੇ ਵਿਭਿੰਨਤਾ ਨੂੰ ਆਪਣੇ ਲੋਕਤੰਤਰ ਦੀ ਤਾਕਤ ਬਣਾ ਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਹੋਰ ਵੱਡੀ ਚਿੰਤਾ ਇਹ ਸੀ ਕਿ ਜੇ ਕਿਸੇ ਤਰ੍ਹਾਂ ਭਾਰਤ ਵਿੱਚ ਲੋਕਤੰਤਰ ਕਾਇਮ ਵੀ ਰਹਿ ਜਾਵੇ, ਤਾਂ ਵਿਕਾਸ ਸੰਭਵ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ, "ਭਾਰਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕਤੰਤਰੀ ਸੰਸਥਾਵਾਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਲੋਕਤੰਤਰ ਨੂੰ ਸਥਿਰਤਾ, ਰਫ਼ਤਾਰ ਅਤੇ ਵਿਸ਼ਾਲਤਾ ਪ੍ਰਦਾਨ ਕਰਦੀਆਂ ਹਨ।" ਉਨ੍ਹਾਂ ਦੱਸਿਆ ਕਿ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥ-ਵਿਵਸਥਾ ਹੈ, ਭਾਰਤ ਵਿੱਚ ਯੂਪੀਆਈ ਰਾਹੀਂ ਦੁਨੀਆ ਦੀ ਸਭ ਤੋਂ ਵੱਡੀ ਡਿਜੀਟਲ ਭੁਗਤਾਨ ਪ੍ਰਣਾਲੀ ਹੈ, ਭਾਰਤ ਸਭ ਤੋਂ ਵੱਡਾ ਵੈਕਸੀਨ ਉਤਪਾਦਕ, ਦੂਜਾ ਸਭ ਤੋਂ ਵੱਡਾ ਸਟੀਲ ਉਤਪਾਦਕ, ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ, ਤੀਜਾ ਸਭ ਤੋਂ ਵੱਡਾ ਹਵਾਈ ਬਾਜ਼ਾਰ, ਚੌਥਾ ਸਭ ਤੋਂ ਵੱਡਾ ਰੇਲਵੇ ਨੈੱਟਵਰਕ, ਤੀਜਾ ਸਭ ਤੋਂ ਵੱਡਾ ਮੈਟਰੋ ਰੇਲ ਨੈੱਟਵਰਕ, ਸਭ ਤੋਂ ਵੱਡਾ ਦੁੱਧ ਉਤਪਾਦਕ ਅਤੇ ਦੂਜਾ ਸਭ ਤੋਂ ਵੱਡਾ ਚੌਲ ਉਤਪਾਦਕ ਦੇਸ਼ ਹੈ।

 

ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ, “ਭਾਰਤ ਵਿੱਚ ਲੋਕਤੰਤਰ ਦਾ ਅਰਥ ਹੈ ਆਖ਼ਰੀ ਵਿਅਕਤੀ ਤੱਕ ਲਾਭ ਪਹੁੰਚਾਉਣਾ।” ਉਨ੍ਹਾਂ ਅੱਗੇ ਕਿਹਾ ਕਿ ਭਾਰਤ ਜਨ ਕਲਿਆਣ ਦੀ ਭਾਵਨਾ ਨਾਲ ਕੰਮ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਲਾਭ ਬਿਨਾਂ ਕਿਸੇ ਭੇਦਭਾਵ ਦੇ ਹਰ ਵਿਅਕਤੀ ਤੱਕ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸੇ ਕਲਿਆਣਕਾਰੀ ਭਾਵਨਾ ਕਾਰਨ ਹਾਲ ਦੇ ਸਾਲਾਂ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਉਨ੍ਹਾਂ ਕਿਹਾ, “ਭਾਰਤ ਵਿੱਚ ਲੋਕਤੰਤਰ ਸਫਲ ਰਿਹਾ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਇਸ ਲਈ ਸਫਲ ਹੈ ਕਿਉਂਕਿ ਇੱਥੇ ਜਨਤਾ ਸਭ ਤੋਂ ਉੱਪਰ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤ ਵਿੱਚ ਜਨਤਾ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਪਹਿਲ ਦਿੱਤੀ ਗਈ ਹੈ, ਅਤੇ ਇਹ ਯਕੀਨੀ ਬਣਾਉਣ ਲਈ ਕਿ ਉਨ੍ਹਾਂ ਦੇ ਰਾਹ ਵਿੱਚ ਕੋਈ ਰੁਕਾਵਟ ਨਾ ਆਵੇ, ਪ੍ਰਕਿਰਿਆਵਾਂ ਤੋਂ ਲੈ ਕੇ ਤਕਨਾਲੋਜੀ ਤੱਕ ਹਰ ਚੀਜ਼ ਦਾ ਲੋਕਤੰਤਰੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰੀ ਭਾਵਨਾ ਭਾਰਤ ਦੀਆਂ ਰਗਾਂ ਅਤੇ ਮਨ ਵਿੱਚ ਵਸੀ ਹੈ। ਸ਼੍ਰੀ ਮੋਦੀ ਨੇ ਕੋਵਿਡ-19 ਮਹਾਮਾਰੀ ਦੀ ਉਦਾਹਰਣ ਦਿੱਤੀ, ਜਦੋਂ ਪੂਰੀ ਦੁਨੀਆ ਇਸ ਮਹਾਮਾਰੀ ਨਾਲ ਜੂਝ ਰਹੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਦਰ ਚੁਣੌਤੀਆਂ ਦੇ ਬਾਵਜੂਦ, ਭਾਰਤ ਨੇ 150 ਤੋਂ ਵੱਧ ਦੇਸ਼ਾਂ ਨੂੰ ਦਵਾਈਆਂ ਅਤੇ ਟੀਕੇ ਉਪਲਬਧ ਕਰਵਾਏ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਨਤਾ ਦੇ ਹਿੱਤਾਂ, ਕਲਿਆਣ ਅਤੇ ਖ਼ੁਸ਼ਹਾਲੀ ਲਈ ਕੰਮ ਕਰਨਾ ਭਾਰਤ ਦਾ ਮੂਲ ਮੰਤਰ ਹੈ, ਅਤੇ ਇਸ ਮੂਲ ਮੰਤਰ ਨੂੰ ਭਾਰਤ ਦੇ ਲੋਕਤੰਤਰ ਨੇ ਪਾਲਿਆ ਹੈ।

 

ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਕਈ ਲੋਕ ਭਾਰਤ ਨੂੰ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣਦੇ ਹਨ ਪਰ ਭਾਰਤ ਦੇ ਲੋਕਤੰਤਰ ਦਾ ਪੈਮਾਨਾ ਸੱਚਮੁੱਚ ਬੇਮਿਸਾਲ ਹੈ। 2024 ਵਿੱਚ ਹੋਈਆਂ ਆਮ ਚੋਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਲੋਕਤੰਤਰੀ ਚੋਣਾਂ ਸਨ। ਲਗਭਗ 98 ਕਰੋੜ ਨਾਗਰਿਕਾਂ ਨੇ ਵੋਟ ਪਾਉਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜੋ ਕੁਝ ਮਹਾਂਦੀਪਾਂ ਦੀ ਆਬਾਦੀ ਤੋਂ ਵੀ ਵੱਧ ਹੈ। ਉਨ੍ਹਾਂ ਦੱਸਿਆ ਕਿ 8,000 ਤੋਂ ਵੱਧ ਉਮੀਦਵਾਰ ਅਤੇ 700 ਤੋਂ ਵੱਧ ਸਿਆਸੀ ਪਾਰਟੀਆਂ ਚੋਣਾਂ ਲੜ ਰਹੀਆਂ ਸਨ ਅਤੇ ਇਨ੍ਹਾਂ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਰਿਕਾਰਡ ਹਿੱਸੇਦਾਰੀ ਵੀ ਦੇਖੀ ਗਈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਭਾਰਤੀ ਔਰਤਾਂ ਵੋਟਾਂ ਪਾਉਣ ਵਿੱਚ ਨਾ ਸਿਰਫ਼ ਹਿੱਸਾ ਲੈ ਰਹੀਆਂ ਹਨ ਸਗੋਂ ਅਗਵਾਈ ਵੀ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤ ਦੀ ਰਾਸ਼ਟਰਪਤੀ, ਜੋ ਦੇਸ਼ ਦੀ ਸਭ ਤੋਂ ਉੱਚ ਨਾਗਰਿਕ ਹਨ, ਇੱਕ ਮਹਿਲਾ ਹਨ ਅਤੇ ਦਿੱਲੀ ਦੀ ਮੁੱਖ ਮੰਤਰੀ ਵੀ ਇੱਕ ਮਹਿਲਾ ਹਨ, ਜਿੱਥੇ ਇਹ ਕਾਨਫ਼ਰੰਸ ਹੋ ਰਹੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪੇਂਡੂ ਅਤੇ ਸਥਾਨਕ ਸਰਕਾਰੀ ਅਦਾਰਿਆਂ ਵਿੱਚ ਭਾਰਤ ਵਿੱਚ ਲਗਭਗ 15 ਲੱਖ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀ ਹਨ, ਇਹ ਜ਼ਮੀਨੀ ਪੱਧਰ ਦੇ ਨੇਤਾਵਾਂ ਦਾ ਲਗਭਗ 50 ਫ਼ੀਸਦੀ ਹੈ, ਜੋ ਵਿਸ਼ਵ ਪੱਧਰ 'ਤੇ ਅਨੋਖਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਲੋਕਤੰਤਰ ਵਿਭਿੰਨਤਾ ਨਾਲ ਭਰਪੂਰ ਹੈ। ਉਨ੍ਹਾਂ ਦੱਸਿਆ ਕਿ ਇੱਥੇ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਵੱਖ-ਵੱਖ ਭਾਸ਼ਾਵਾਂ ਵਿੱਚ 900 ਤੋਂ ਵੱਧ ਟੈਲੀਵਿਜ਼ਨ ਚੈਨਲ ਹਨ ਅਤੇ ਹਜ਼ਾਰਾਂ ਅਖ਼ਬਾਰ ਅਤੇ ਰਸਾਲੇ ਛਪਦੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬਹੁਤ ਘੱਟ ਸਮਾਜ ਇੰਨੀ ਵਿਆਪਕ ਵਿਭਿੰਨਤਾ ਦਾ ਪ੍ਰਬੰਧਨ ਕਰ ਪਾਉਂਦੇ ਹਨ ਪਰ ਭਾਰਤ ਇਸ ਵਿਭਿੰਨਤਾ ਦਾ ਜਸ਼ਨ ਮਨਾਉਂਦਾ ਹੈ ਕਿਉਂਕਿ ਇੱਥੋਂ ਦੇ ਲੋਕਤੰਤਰ ਦੀ ਨੀਂਹ ਮਜ਼ਬੂਤ ਹੈ। ਭਾਰਤ ਦੇ ਲੋਕਤੰਤਰ ਦੀ ਤੁਲਨਾ ਡੂੰਘੀਆਂ ਜੜ੍ਹਾਂ ਵਾਲੇ ਇੱਕ ਵਿਸ਼ਾਲ ਰੁੱਖ ਨਾਲ ਕਰਦਿਆਂ, ਸ਼੍ਰੀ ਮੋਦੀ ਨੇ ਭਾਰਤ ਦੀ ਵਾਦ-ਵਿਵਾਦ, ਸੰਵਾਦ ਅਤੇ ਸਮੂਹਿਕ ਫ਼ੈਸਲੇ ਲੈਣ ਦੀ ਲੰਮੀ ਪਰੰਪਰਾ 'ਤੇ ਜ਼ੋਰ ਦਿੱਤਾ ਅਤੇ ਯਾਦ ਦਿਵਾਇਆ ਕਿ ਭਾਰਤ ਨੂੰ ਲੋਕਤੰਤਰ ਦੀ ਜਨਨੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ ਦੇ 5,000 ਸਾਲ ਤੋਂ ਵੱਧ ਪੁਰਾਣੇ ਪਵਿੱਤਰ ਗ੍ਰੰਥਾਂ ਅਤੇ ਵੇਦਾਂ ਵਿੱਚ ਉਨ੍ਹਾਂ ਸਭਾਵਾਂ ਦਾ ਜ਼ਿਕਰ ਹੈ ਜਿੱਥੇ ਲੋਕ ਮੁੱਦਿਆਂ 'ਤੇ ਚਰਚਾ ਕਰਨ ਅਤੇ ਵਿਚਾਰ-ਵਟਾਂਦਰੇ ਤੇ ਸਹਿਮਤੀ ਤੋਂ ਬਾਅਦ ਫ਼ੈਸਲੇ ਲੈਣ ਲਈ ਇਕੱਠੇ ਹੁੰਦੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਭਗਵਾਨ ਬੁੱਧ ਦੀ ਧਰਤੀ ਹੈ, ਜਿੱਥੇ ਬੋਧੀ ਸੰਘ ਖੁੱਲ੍ਹੀ ਅਤੇ ਯੋਜਨਾਬੱਧ ਚਰਚਾ ਕਰਦਾ ਸੀ ਅਤੇ ਸਰਬਸੰਮਤੀ ਜਾਂ ਵੋਟਿੰਗ ਰਾਹੀਂ ਫ਼ੈਸਲੇ ਲਏ ਜਾਂਦੇ ਸਨ। ਉਨ੍ਹਾਂ ਨੇ ਤਾਮਿਲਨਾਡੂ ਦੇ ਇੱਕ 10ਵੀਂ ਸਦੀ ਦੇ ਸ਼ਿਲਾਲੇਖ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਇੱਕ ਗ੍ਰਾਮ ਸਭਾ ਦਾ ਵਰਣਨ ਹੈ ਜੋ ਲੋਕਤੰਤਰੀ ਕਦਰਾਂ-ਕੀਮਤਾਂ 'ਤੇ ਕੰਮ ਕਰਦੀ ਸੀ, ਜਿਸ ਵਿੱਚ ਜਵਾਬਦੇਹੀ ਅਤੇ ਫ਼ੈਸਲੇ ਲੈਣ ਲਈ ਸਪਸ਼ਟ ਨਿਯਮ ਸਨ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ, "ਸਮੇਂ-ਸਮੇਂ 'ਤੇ ਭਾਰਤ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਸੌਟੀ 'ਤੇ ਪਰਖਿਆ ਗਿਆ ਹੈ, ਵਿਭਿੰਨਤਾ ਨੇ ਇਨ੍ਹਾਂ ਨੂੰ ਸਹਾਰਾ ਦਿੱਤਾ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਇਹ ਮਜ਼ਬੂਤ ਹੁੰਦੀਆਂ ਗਈਆਂ ਹਨ।"

 

ਸ਼੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਮੰਡਲ ਦੀ ਕੁੱਲ ਆਬਾਦੀ ਦਾ ਲਗਭਗ 50 ਫ਼ੀਸਦੀ ਹਿੱਸਾ ਭਾਰਤ ਵਿੱਚ ਰਹਿੰਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਨੇ ਸਾਰੇ ਦੇਸ਼ਾਂ ਦੇ ਵਿਕਾਸ ਵਿੱਚ ਜਿੰਨਾ ਹੋ ਸਕੇ ਯੋਗਦਾਨ ਦੇਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਮੰਡਲ ਦੇ ਟਿਕਾਊ ਵਿਕਾਸ ਟੀਚਿਆਂ ਵਿੱਚ, ਭਾਵੇਂ ਉਹ ਸਿਹਤ, ਜਲਵਾਯੂ ਤਬਦੀਲੀ, ਆਰਥਿਕ ਵਿਕਾਸ ਜਾਂ ਨਵੀਨਤਾ ਦੇ ਖੇਤਰ ਹੋਣ, ਭਾਰਤ ਪੂਰੀ ਜ਼ਿੰਮੇਵਾਰੀ ਨਾਲ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਆਪਣੇ ਸਹਿਯੋਗੀ ਦੇਸ਼ਾਂ ਤੋਂ ਸਿੱਖਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਭਾਰਤ ਦੇ ਤਜਰਬੇ ਹੋਰ ਰਾਸ਼ਟਰਮੰਡਲ ਦੇਸ਼ਾਂ ਲਈ ਲਾਹੇਵੰਦ ਹੋਣ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਬੇਮਿਸਾਲ ਤਬਦੀਲੀ ਵਿੱਚੋਂ ਲੰਘ ਰਹੀ ਹੈ, ਇਹ ਵਿਕਾਸਸ਼ੀਲ ਦੇਸ਼ਾਂ ਲਈ ਨਵੇਂ ਰਾਹ ਲੱਭਣ ਦਾ ਵੀ ਸਹੀ ਸਮਾਂ ਹੈ। ਉਨ੍ਹਾਂ ਕਿਹਾ ਕਿ ਭਾਰਤ ਹਰ ਵਿਸ਼ਵ ਪੱਧਰੀ ਮੰਚ 'ਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਮਜ਼ਬੂਤੀ ਨਾਲ ਉਠਾ ਰਿਹਾ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਜੀ-20 ਦੀ ਪ੍ਰਧਾਨਗੀ ਦੌਰਾਨ ਭਾਰਤ ਨੇ ਵਿਸ਼ਵ ਏਜੰਡੇ ਦੇ ਕੇਂਦਰ ਵਿੱਚ ਵਿਕਾਸਸ਼ੀਲ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਰੱਖਿਆ ਸੀ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ ਲਗਾਤਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਨਵੀਨਤਾਵਾਂ ਤੋਂ ਪੂਰੇ ਵਿਕਾਸਸ਼ੀਲ ਦੇਸ਼ਾਂ ਅਤੇ ਰਾਸ਼ਟਰਮੰਡਲ ਦੇਸ਼ਾਂ ਨੂੰ ਲਾਭ ਮਿਲੇ। ਉਨ੍ਹਾਂ ਕਿਹਾ ਕਿ ਭਾਰਤ ਓਪਨ-ਸੋਰਸ ਟੈਕਨਾਲੋਜੀ ਪਲੇਟਫ਼ਾਰਮ ਵੀ ਵਿਕਸਿਤ ਕਰ ਰਿਹਾ ਹੈ ਤਾਂ ਜੋ ਵਿਕਾਸਸ਼ੀਲ ਦੇਸ਼ਾਂ ਦੇ ਭਾਈਵਾਲ ਦੇਸ਼ (ਅਫ਼ਰੀਕਾ, ਲਾਤੀਨੀ ਅਮਰੀਕਾ ਅਤੇ ਏਸ਼ੀਆ ਦੇ ਵਿਕਾਸਸ਼ੀਲ ਦੇਸ਼) ਭਾਰਤ ਵਿੱਚ ਸਥਾਪਿਤ ਪ੍ਰਣਾਲੀਆਂ ਵਰਗੀਆਂ ਪ੍ਰਣਾਲੀਆਂ ਵਿਕਸਿਤ ਕਰ ਸਕਣ।

 

ਸ਼੍ਰੀ ਮੋਦੀ ਨੇ ਦੱਸਿਆ ਕਿ ਇਸ ਕਾਨਫ਼ਰੰਸ ਦਾ ਮੁੱਖ ਉਦੇਸ਼ ਸੰਸਦੀ ਲੋਕਤੰਤਰ ਦੇ ਗਿਆਨ ਅਤੇ ਸਮਝ ਨੂੰ ਹੁਲਾਰਾ ਦੇਣ ਦੇ ਵੱਖ-ਵੱਖ ਤਰੀਕਿਆਂ ਦਾ ਪਤਾ ਲਗਾਉਣਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਕੋਸ਼ਿਸ਼ ਵਿੱਚ ਸਪੀਕਰ ਅਤੇ ਪ੍ਰੀਜ਼ਾਈਡਿੰਗ ਅਫ਼ਸਰਾਂ ਦੋਹਾਂ ਦੀ ਅਹਿਮ ਭੂਮਿਕਾ ਹੈ, ਕਿਉਂਕਿ ਇਸ ਨਾਲ ਲੋਕ ਆਪਣੇ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਨਾਲ ਵਧੇਰੇ ਨੇੜਤਾ ਨਾਲ ਜੁੜ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਸਦ ਪਹਿਲਾਂ ਹੀ ਅਜਿਹੀ ਪਹਿਲ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਧਿਐਨ ਯਾਤਰਾਵਾਂ, ਵਿਸ਼ੇਸ਼ ਸਿਖਲਾਈ ਪ੍ਰੋਗਰਾਮਾਂ ਅਤੇ ਇੰਟਰਨਸ਼ਿਪ ਰਾਹੀਂ ਨਾਗਰਿਕਾਂ ਨੂੰ ਸੰਸਦ ਨੂੰ ਹੋਰ ਡੂੰਘਾਈ ਨਾਲ ਸਮਝਣ ਦੇ ਮੌਕੇ ਦਿੱਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਨੇ ਬਹਿਸਾਂ ਅਤੇ ਸਦਨ ਦੀ ਕਾਰਵਾਈ ਦਾ ਖੇਤਰੀ ਭਾਸ਼ਾਵਾਂ ਵਿੱਚ ਤੁਰੰਤ ਅਨੁਵਾਦ ਕਰਨ ਲਈ ਏਆਈ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਏਆਈ ਦੀ ਮਦਦ ਨਾਲ ਸੰਸਦ ਨਾਲ ਸਬੰਧਤ ਸਾਧਨਾਂ ਨੂੰ ਵੀ ਲੋਕ-ਪੱਖੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨ ਪੀੜ੍ਹੀ ਨੂੰ ਸੰਸਦ ਦੇ ਕੰਮਕਾਜ ਨੂੰ ਬਿਹਤਰ ਢੰਗ ਨਾਲ ਸਮਝਣ ਦਾ ਮੌਕਾ ਮਿਲ ਰਿਹਾ ਹੈ।

 

ਸ਼੍ਰੀ ਮੋਦੀ ਨੇ ਰਾਸ਼ਟਰਮੰਡਲ ਨਾਲ ਜੁੜੇ 20 ਤੋਂ ਵੱਧ ਦੇਸ਼ਾਂ ਦਾ ਦੌਰਾ ਕਰਨ ਦੇ ਮੌਕੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਈ ਸੰਸਦਾਂ ਨੂੰ ਸੰਬੋਧਨ ਕਰਨ ਦਾ ਸੁਭਾਗ ਵੀ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਜਿੱਥੇ ਵੀ ਗਏ, ਬਹੁਤ ਕੁਝ ਸਿੱਖਿਆ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੂੰ ਜੋ ਵੀ ਸਰਬੋਤਮ ਅਭਿਆਸ ਦੇਖਣ ਨੂੰ ਮਿਲਦਾ ਹੈ, ਉਸ ਨੂੰ ਉਹ ਲੋਕ ਸਭਾ ਸਪੀਕਰ ਦੇ ਨਾਲ-ਨਾਲ ਰਾਜ ਸਭਾ ਦੇ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਨਾਲ ਸਾਂਝਾ ਕਰਦੇ ਹਨ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਇਹ ਕਾਨਫ਼ਰੰਸ ਸਿੱਖਣ ਅਤੇ ਸਾਂਝਾ ਕਰਨ ਦੀ ਪ੍ਰਕਿਰਿਆ ਨੂੰ ਹੋਰ ਅਮੀਰ ਕਰੇਗੀ। ਆਪਣੇ ਸੰਬੋਧਨ ਦੇ ਅਖੀਰ ਵਿੱਚ ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

ਇਸ ਪ੍ਰੋਗਰਾਮ ਵਿੱਚ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ, ਰਾਜ ਸਭਾ ਦੇ ਡਿਪਟੀ ਚੇਅਰਮੈਨ ਸ਼੍ਰੀ ਹਰਿਵੰਸ਼, ਅੰਤਰ ਸੰਸਦੀ ਸੰਘ ਦੇ ਪ੍ਰਧਾਨ ਡਾ. ਤੁਲੀਆ ਏਕਸਨ, ਰਾਸ਼ਟਰਮੰਡਲ ਸੰਸਦੀ ਸੰਘ ਦੇ ਚੇਅਰਮੈਨ ਡਾ. ਕ੍ਰਿਸਟੋਫਰ ਕਲੀਲਾ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।

 

ਪਿਛੋਕੜ

 

28ਵੀਂ ਸੀਐੱਸਪੀਓਸੀ ਦੀ ਪ੍ਰਧਾਨਗੀ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਕਰ ਰਹੇ ਹਨ। ਇਸ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ 42 ਰਾਸ਼ਟਰਮੰਡਲ ਦੇਸ਼ਾਂ ਅਤੇ 4 ਅਰਧ-ਖ਼ੁਦਮੁਖ਼ਤਿਆਰ ਸੰਸਦਾਂ ਦੇ 61 ਸਪੀਕਰ ਅਤੇ ਪ੍ਰੀਜ਼ਾਈਡਿੰਗ ਅਫ਼ਸਰ ਹਿੱਸਾ ਲੈ ਰਹੇ ਹਨ।

 

ਇਸ ਕਾਨਫ਼ਰੰਸ ਵਿੱਚ ਸਮਕਾਲੀ ਸੰਸਦੀ ਮੁੱਦਿਆਂ ਦੀ ਇੱਕ ਵਿਆਪਕ ਲੜੀ 'ਤੇ ਵਿਚਾਰ-ਵਟਾਂਦਰਾ ਹੋਵੇਗਾ, ਜਿਸ ਵਿੱਚ ਮਜ਼ਬੂਤ ਲੋਕਤੰਤਰੀ ਸੰਸਥਾਵਾਂ ਨੂੰ ਕਾਇਮ ਰੱਖਣ ਵਿੱਚ ਸਪੀਕਰਾਂ ਅਤੇ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਭੂਮਿਕਾ, ਸੰਸਦੀ ਕੰਮਕਾਜ ਵਿੱਚ ਆਰਟੀਫਿਸ਼ਅਲ ਇੰਟੈਲੀਜੈਂਸ ਦੀ ਵਰਤੋਂ, ਸੰਸਦ ਮੈਂਬਰਾਂ 'ਤੇ ਸੋਸ਼ਲ ਮੀਡੀਆ ਦਾ ਪ੍ਰਭਾਵ, ਸੰਸਦ ਦੀ ਜਨਤਕ ਸਮਝ ਵਧਾਉਣ ਲਈ ਨਵੀਨਤਾਕਾਰੀ ਰਣਨੀਤੀਆਂ ਅਤੇ ਵੋਟਿੰਗ ਤੋਂ ਪਰੇ ਨਾਗਰਿਕਾਂ ਦੀ ਹਿੱਸੇਦਾਰੀ ਆਦਿ ਸ਼ਾਮਲ ਹਨ।

 

***

ਐੱਮਜੇਪੀਐੱਸ/ਐੱਸਆਰ


(रिलीज़ आईडी: 2215180) आगंतुक पटल : 8
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Bengali-TR , Assamese , Gujarati , Odia , Tamil , Telugu , Kannada , Malayalam