ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2026 ਨੂੰ ਸੰਬੋਧਨ ਕੀਤਾ


ਨਵੀਨਤਾਕਾਰੀ ਵਿਚਾਰਾਂ, ਊਰਜਾ ਅਤੇ ਉਦੇਸ਼ ਨਾਲ ਯੁਵਾ ਸ਼ਕਤੀ ਰਾਸ਼ਟਰ ਨਿਰਮਾਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਹੈ: ਪ੍ਰਧਾਨ ਮੰਤਰੀ

ਸਵਾਮੀ ਵਿਵੇਕਾਨੰਦ ਦੇ ਵਿਚਾਰ ਨੌਜਵਾਨਾਂ ਨੂੰ ਲਗਾਤਾਰ ਪ੍ਰੇਰਿਤ ਕਰਦੇ ਰਹਿੰਦੇ ਹਨ: ਪ੍ਰਧਾਨ ਮੰਤਰੀ

ਨੌਜਵਾਨਾਂ 'ਤੇ ਸਪਸ਼ਟ ਫੋਕਸ ਨਾਲ ਅਸੀਂ ਕਈ ਯੋਜਨਾਵਾਂ ਸ਼ੁਰੂ ਕੀਤੀਆਂ; ਇੱਥੋਂ ਭਾਰਤ ਵਿੱਚ ਸਟਾਰਟਅੱਪ ਕ੍ਰਾਂਤੀ ਨੇ ਸਹੀ ਮਾਅਨੇ ਵਿੱਚ ਰਫ਼ਤਾਰ ਫੜੀ: ਪ੍ਰਧਾਨ ਮੰਤਰੀ

ਸਭਿਆਚਾਰ, ਸਮੱਗਰੀ ਅਤੇ ਰਚਨਾਤਮਕਤਾ ’ਤੇ ਅਧਾਰਿਤ ਔਰੇਂਜ ਇਕੌਨਮੀ ਵਿੱਚ ਭਾਰਤ ਸ਼ਾਨਦਾਰ ਵਾਧਾ ਕਰ ਰਿਹਾ ਹੈ: ਪ੍ਰਧਾਨ ਮੰਤਰੀ

ਪਿਛਲੇ ਦਹਾਕੇ ਦੌਰਾਨ ਅਸੀਂ ਜੋ ਸੁਧਾਰਾਂ ਦੀ ਲੜੀ ਸ਼ੁਰੂ ਕੀਤੀ ਸੀ, ਉਹ ਹੁਣ ਇੱਕ ਰਿਫੌਰਮ ਐਕਸਪ੍ਰੈੱਸ ਵਿੱਚ ਬਦਲ ਗਈ ਹੈ; ਇਨ੍ਹਾਂ ਸੁਧਾਰਾਂ ਦੇ ਕੇਂਦਰ ਵਿੱਚ ਸਾਡੀ ਯੁਵਾ ਸ਼ਕਤੀ ਹੈ: ਪ੍ਰਧਾਨ ਮੰਤਰੀ

ਨੌਜਵਾਨਾਂ ਨੂੰ ਦੇਸ਼ ਨੂੰ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਕਰਵਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ: ਪ੍ਰਧਾਨ ਮੰਤਰੀ

प्रविष्टि तिथि: 12 JAN 2026 9:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2026 ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਅੱਜ ਦੇ ਬਹੁਤ ਸਾਰੇ ਨੌਜਵਾਨ ਨਾਗਰਿਕ ਪੈਦਾ ਵੀ ਨਹੀਂ ਹੋਏ ਸਨ ਅਤੇ ਜਦੋਂ ਉਨ੍ਹਾਂ ਨੇ 2014 ਵਿੱਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ, ਤਾਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਓਦੋਂ ਵੀ ਬੱਚੇ ਸਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ, ਨੌਜਵਾਨ ਪੀੜ੍ਹੀ ’ਤੇ ਉਨ੍ਹਾਂ ਦਾ ਵਿਸ਼ਵਾਸ ਅਟੱਲ ਅਤੇ ਅਟੁੱਟ ਬਣਿਆ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, "ਮੈਂ ਹਮੇਸ਼ਾ ਤੁਹਾਡੀ ਸਮਰੱਥਾ, ਤੁਹਾਡੀ ਪ੍ਰਤਿਭਾ, ਤੁਹਾਡੀ ਊਰਜਾ ਤੋਂ ਪ੍ਰੇਰਨਾ ਲਈ ਹੈ। ਅਤੇ ਅੱਜ ਦੇਖੋ, ਤੁਹਾਡੇ ਸਾਰਿਆਂ ਦੇ ਹੱਥਾਂ ਵਿੱਚ ਵਿਕਸਿਤ ਭਾਰਤ ਦੇ ਟੀਚੇ ਦੀ ਵਾਗਡੋਰ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ 2047 ਤੱਕ ਦਾ ਸਮਾਂ, ਜਦੋਂ ਭਾਰਤ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ, ਦੇਸ਼ ਅਤੇ ਨੌਜਵਾਨਾਂ ਦੋਵਾਂ ਲਈ ਨਿਰਣਾਇਕ ਦੌਰ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਭਾਰਤੀਆਂ ਦੀ ਤਾਕਤ ਅਤੇ ਯੋਗਤਾਵਾਂ ਭਾਰਤ ਦੀ ਸ਼ਕਤੀ ਨੂੰ ਆਕਾਰ ਦੇਣਗੀਆਂ ਅਤੇ ਉਨ੍ਹਾਂ ਦੀ ਸਫਲਤਾ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗੀ। ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਦੇ ਭਾਗੀਦਾਰਾਂ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਨੌਜਵਾਨ ਲੀਡਰਸ਼ਿਪ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਇਹ ਸਮਾਗਮ ਸਵਾਮੀ ਵਿਵੇਕਾਨੰਦ ਦੀ ਜਯੰਤੀ ਦੇ ਨਾਲ-ਨਾਲ ਹੋ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, "ਸਵਾਮੀ ਵਿਵੇਕਾਨੰਦ ਨੂੰ ਯਾਦ ਕਰਦੇ ਹੋਏ ਅਸੀਂ ਹਰ ਸਾਲ 12 ਜਨਵਰੀ ਨੂੰ ਰਾਸ਼ਟਰੀ ਯੁਵਾ ਦਿਵਸ ਮਨਾਉਂਦੇ ਹਾਂ। ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਹੀ 12 ਜਨਵਰੀ ਨੂੰ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਲਈ ਚੁਣਿਆ ਗਿਆ ਹੈ। ਸਵਾਮੀ ਵਿਵੇਕਾਨੰਦ ਦਾ ਜੀਵਨ ਸਾਡੇ ਸਾਰਿਆਂ ਲਈ ਇੱਕ ਮਹਾਨ ਮਾਰਗ-ਦਰਸ਼ਕ ਹੈ।"

ਸ਼੍ਰੀ ਮੋਦੀ ਨੇ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਦੀ ਤੇਜ਼ ਪ੍ਰਗਤੀ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਇਸ ਨੂੰ ਭਾਰਤ ਦੇ ਵਿਕਾਸ ਏਜੰਡੇ ਨੂੰ ਆਕਾਰ ਦੇਣ ਵਿੱਚ ਨੌਜਵਾਨਾਂ ਦੀ ਸਿੱਧੀ ਭਾਗੀਦਾਰੀ ਨੂੰ ਸਮਰੱਥ ਬਣਾਉਣ ਵਾਲਾ ਇੱਕ ਸ਼ਕਤੀਸ਼ਾਲੀ ਮੰਚ ਦੱਸਿਆ। ਸ਼੍ਰੀ ਮੋਦੀ ਨੇ ਕਿਹਾ, "ਕਰੋੜਾਂ ਨੌਜਵਾਨਾਂ ਦਾ ਇਸ ਪਹਿਲਕਦਮੀ ਨਾਲ ਜੁੜਨਾ, 5 ਮਿਲੀਅਨ ਤੋਂ ਵੱਧ ਰਜਿਸਟ੍ਰੇਸ਼ਨਾਂ, ਵਿਕਸਿਤ ਭਾਰਤ ਚੈਲੇਂਜ ਵਿੱਚ 3 ਮਿਲੀਅਨ ਤੋਂ ਵੱਧ ਨੌਜਵਾਨਾਂ ਦੀ ਭਾਗੀਦਾਰੀ ਅਤੇ ਦੇਸ਼ ਦੇ ਵਿਕਾਸ ਲਈ ਉਨ੍ਹਾਂ ਦੇ ਵਿਚਾਰਾਂ ਦਾ ਆਦਾਨ-ਪ੍ਰਦਾਨ, ਯੁਵਾ ਸ਼ਕਤੀ ਦੀ ਇੰਨੀ ਵਿਆਪਕ ਭਾਗੀਦਾਰੀ ਬੇਮਿਸਾਲ ਹੈ।”

ਪ੍ਰਧਾਨ ਮੰਤਰੀ ਨੇ ਇਨਪੁੱਟ ਦੀ ਗੁਣਵੱਤਾ ਦੀ ਸ਼ਲਾਘਾ ਕਰਦੇ ਹੋਏ, ਖਾਸ ਕਰਕੇ ਮਹਿਲਾ ਲੀਡਰਸ਼ਿਪ ਵਿਕਾਸ ਅਤੇ ਲੋਕਤੰਤਰ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵਰਗੇ ਮੁੱਖ ਵਿਸ਼ਿਆਂ 'ਤੇ ਪੇਸ਼ ਕੀਤੇ ਗਏ ਵਿਚਾਰਸ਼ੀਲ ਸੁਝਾਵਾਂ ਦੀ ਪ੍ਰਸ਼ੰਸਾ ਕੀਤੀ। ਸਮਾਗਮ ਦੌਰਾਨ ਪੇਸ਼ ਕੀਤੇ ਗਏ ਸੁਝਾਵਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੀ ਅੰਮ੍ਰਿਤ ਪੀੜ੍ਹੀ ਦੇ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਦ੍ਰਿੜ੍ਹ ਇਰਾਦੇ ਨੂੰ ਦਰਸਾਉਂਦੇ ਹਨ। ਪ੍ਰਧਾਨ ਮੰਤਰੀ ਨੇ ਭਾਰਤ ਦੀ ਨੌਜਵਾਨ ਪੀੜ੍ਹੀ ਦੀ ਰਚਨਾਤਮਕਤਾ ਅਤੇ ਨਵੀਨਤਾਕਾਰੀ ਭਾਵਨਾ ਨੂੰ ਵੀ ਰੇਖਾਂਕਿਤ ਕੀਤਾ ਅਤੇ ਡਾਇਲਾਗ ਦੇ ਸਫਲ ਸੰਚਾਲਨ ਦੇ ਲਈ ਸਾਰੇ ਨੌਜਵਾਨ ਭਾਗੀਦਾਰਾਂ ਅਤੇ ਮੇਰਾ ਯੁਵਾ ਭਾਰਤ ਸੰਗਠਨ ਦੇ ਮੈਂਬਰਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ 2014 ਤੋਂ ਪਹਿਲਾਂ ਦੇ ਦੌਰ ਨੂੰ ਯਾਦ ਕਰਦੇ ਹੋਏ ਉਸ ਨੂੰ ਨੀਤੀਗਤ ਰੁਕਾਵਟ, ਬਹੁਤ ਜ਼ਿਆਦਾ ਨੌਕਰਸ਼ਾਹੀ ਅਤੇ ਨੌਜਵਾਨਾਂ ਲਈ ਸੀਮਤ ਮੌਕਿਆਂ ਦਾ ਯੁੱਗ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਨੌਜਵਾਨਾਂ ਨੂੰ ਰੁਜ਼ਗਾਰ, ਪ੍ਰੀਖਿਆਵਾਂ ਅਤੇ ਕਾਰੋਬਾਰ ਸ਼ੁਰੂ ਕਰਨ ਲਈ ਗੁੰਝਲਦਾਰ ਪ੍ਰਕਿਰਿਆਵਾਂ ਦਾ ਸਾਹਮਣਾ ਕਰਨ ਪੈਂਦਾ ਸੀ, ਨਾਲ ਹੀ ਫੈਸਲੇ ਲੈਣ ਵਿੱਚ ਦੇਰੀ ਹੁੰਦੀ ਸੀ ਅਤੇ ਨੀਤੀਆਂ ਦਾ ਲਾਗੂ ਕਰਨ ਵੀ ਘੱਟ ਸੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜੋ ਅੱਜ ਅਸਾਧਾਰਨ ਲਗਦਾ ਹੈ ਉਹ ਇੱਕ ਦਹਾਕੇ ਪਹਿਲਾਂ ਸਧਾਰਨ ਗੱਲ ਸੀ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸ਼ਾਸਨ ਸੁਧਾਰਾਂ ਨੇ ਭਾਰਤ ਦੇ ਨੌਜਵਾਨਾਂ ਦੇ ਅਨੁਭਵ ਨੂੰ ਕਿਵੇਂ ਬਦਲ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਸਟਾਰਟਅੱਪ ਈਕੋਸਿਸਟਮ ਨੂੰ ਬਦਲਾਅ ਦੀ ਇੱਕ ਉਦਾਹਰਣ ਵਜੋਂ ਦਰਸਾਉਂਦੇ ਹੋਏ ਕਿਹਾ ਕਿ ਦਹਾਕਿਆਂ ਤੋਂ ਵਿਸ਼ਵ ਪੱਧਰ ’ਤੇ ਸਟਾਰਟਅੱਪ ਸਭਿਆਚਾਰ ਦੇ ਵਾਧੇ ਦੇ ਬਾਵਜੂਦ, 2014 ਤੋਂ ਪਹਿਲਾਂ ਭਾਰਤ ਵਿੱਚ ਸਟਾਰਟਅੱਪਸ ਨੂੰ ਬਹੁਤ ਘੱਟ ਧਿਆਨ ਦਿੱਤਾ ਗਿਆ ਸੀ। ਸ਼੍ਰੀ ਮੋਦੀ ਨੇ ਕਿਹਾ, "2014 ਤੱਕ ਦੇਸ਼ ਵਿੱਚ 500 ਤੋਂ ਵੀ ਘੱਟ ਰਜਿਸਟਰਡ ਸਟਾਰਟਅੱਪ ਸਨ। ਸਟਾਰਟਅੱਪ ਸਭਿਆਚਾਰ ਦੀ ਕਮੀ ਵਿੱਚ, ਹਰ ਖੇਤਰ ਵਿੱਚ ਸਰਕਾਰੀ ਦਖਲ-ਅੰਦਾਜ਼ੀ ਹਾਵੀ ਰਹੀ। ਸਾਡੀ ਨੌਜਵਾਨ ਪ੍ਰਤਿਭਾ ਅਤੇ ਉਨ੍ਹਾਂ ਦੀ ਸਮਰੱਥਾ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਮੌਕੇ ਨਹੀਂ ਮਿਲਿਆ।

ਪ੍ਰਧਾਨ ਮੰਤਰੀ ਨੇ ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਵਿਸ਼ਵਾਸ ਨੇ ਨੌਜਵਾਨ ਨਵੀਨਤਾਕਾਰਾਂ ਨੂੰ ਸਸ਼ਕਤ ਬਣਾਉਣ 'ਤੇ ਕੇਂਦ੍ਰਿਤ ਇੱਕ ਨਵੇਂ ਵਿਕਾਸ ਦ੍ਰਿਸ਼ਟੀਕੋਣ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਸਟਾਰਟਅੱਪ ਇੰਡੀਆ, ਡਿਜੀਟਲ ਇੰਡੀਆ, ਕਾਰੋਬਾਰ ਕਰਨ ਵਿੱਚ ਆਸਾਨੀ ਅਤੇ ਟੈਕਸ ਅਤੇ ਪਾਲਣਾ ਸਰਲੀਕਰਨ ਵਰਗੇ ਮੁੱਖ ਸੁਧਾਰਾਂ ਅਤੇ ਪਹਿਲਕਦਮੀਆਂ ਦਾ ਹਵਾਲਾ ਦਿੱਤਾ, ਜਿਨ੍ਹਾਂ ਨੇ ਪਹਿਲਾਂ ਸਰਕਾਰ ਦੇ ਦਬਦਬੇ ਵਾਲੇ ਖੇਤਰਾਂ ਨੂੰ ਉੱਦਮਤਾ ਲਈ ਖੋਲ੍ਹ ਕੇ ਭਾਰਤ ਦੀ ਸਟਾਰਟਅੱਪ ਕ੍ਰਾਂਤੀ ਨੂੰ ਤੇਜ਼ ਕੀਤਾ ਹੈ।

ਸ਼੍ਰੀ ਮੋਦੀ ਨੇ ਪੁਲਾੜ ਖੇਤਰ ਦੀ ਉਦਾਹਰਣ ਦਿੰਦੇ ਹੋਏ ਕਿਹਾ, "5-6 ਸਾਲ ਪਹਿਲਾਂ ਤੱਕ ਪੁਲਾੜ ਖੇਤਰ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾਲ ਸਿਰਫ਼ ਇਸਰੋ ’ਤੇ ਸੀ। ਅਸੀਂ ਪੁਲਾੜ ਖੇਤਰ ਨੂੰ ਨਿੱਜੀ ਉੱਦਮ ਲਈ ਖੋਲ੍ਹ ਦਿੱਤਾ, ਸਹਾਇਕ ਢਾਂਚੇ ਅਤੇ ਸੰਸਥਾਵਾਂ ਬਣਾਈਆਂ।" ਸ਼੍ਰੀ ਮੋਦੀ ਨੇ ਦੱਸਿਆ ਕਿ ਨਿੱਜੀ ਭਾਗੀਦਾਰੀ ਲਈ ਇਸ ਨੂੰ ਖੋਲ੍ਹਣ ਨਾਲ 300 ਤੋਂ ਵੱਧ ਸਟਾਰਟਅੱਪ ਉਭਰ ਕੇ ਸਾਹਮਣੇ ਆਏ ਹਨ। ਉਨ੍ਹਾਂ ਨੇ ਸਕਾਈਰੂਟ ਐਰੋਸਪੇਸ ਅਤੇ ਅਗਨੀਕੁਲ ਕੌਸਮੌਸ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੱਤਾ ਕਿ ਕਿਵੇਂ ਨੌਜਵਾਨਾਂ ਦੀ ਅਗਵਾਈ ਵਾਲੀ ਨਵੀਨਤਾ ਭਾਰਤ ਨੂੰ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਇੱਕ ਵਿਸ਼ਵ-ਵਿਆਪੀ ਨੇਤਾ ਬਣਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਕਿਵੇਂ ਪਾਬੰਦੀਆਂ ਵਾਲੇ ਨਿਯਮਾਂ ਵਿੱਚ ਢਿੱਲ ਦੇਣ ਨਾਲ ਡਰੋਨ ਸੈਕਟਰ ਬਦਲ ਗਿਆ ਹੈ, ਜੋ ਪਹਿਲਾਂ ਗੁੰਝਲਦਾਰ ਕਾਨੂੰਨਾਂ ਅਤੇ ਲਾਇਸੈਂਸ ਪ੍ਰਕਿਰਿਆਵਾਂ ਦੇ ਬੋਝ ਹੇਠ ਦੱਬਿਆ ਹੋਇਆ ਸੀ। ਉਨ੍ਹਾਂ ਨੇ ਕਿਹਾ, "ਸਰਲ ਨਿਯਮਾਂ ਨੇ ਡਰੋਨ ਤਕਨਾਲੋਜੀ ਵਿੱਚ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਸਮਰੱਥ ਬਣਾਇਆ ਹੈ, ਜਿਸ ਨਾਲ ਮੇਡ ਇਨ ਇੰਡੀਆ ਡਰੋਨ ਅਤੇ ਨਮੋ ਡਰੋਨ ਦੀਦੀ ਵਰਗੀਆਂ ਪਹਿਲਕਦਮੀਆਂ ਰਾਹੀਂ ਰਾਸ਼ਟਰੀ ਸੁਰੱਖਿਆ ਅਤੇ ਖੇਤੀਬਾੜੀ ਨੂੰ ਲਾਭ ਪਹੁੰਚਾਇਆ ਹੈ।"

ਉਨ੍ਹਾਂ ਨੇ ਰੱਖਿਆ ਖੇਤਰ ਵਿੱਚ ਵੱਡੇ ਸੁਧਾਰਾਂ ਦਾ ਵੀ ਜ਼ਿਕਰ ਕੀਤਾ, ਜਿਸ ’ਤੇ ਕਦੇ ਜਨਤਕ ਉੱਦਮਾਂ ਦਾ ਦਬਦਬਾ ਸੀ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ, "ਅੱਜ ਭਾਰਤ ਵਿੱਚ 1,000 ਤੋਂ ਵੱਧ ਰੱਖਿਆ ਸਟਾਰਟਅੱਪ ਕੰਮ ਕਰ ਰਹੇ ਹਨ। ਕੋਈ ਨੌਜਵਾਨ ਡਰੋਨ ਬਣਾ ਰਿਹਾ ਹੈ, ਕੋਈ ਐਂਟੀ-ਡਰੋਨ ਸਿਸਟਮ ਵਿਕਸਿਤ ਕਰ ਰਿਹਾ ਹੈ, ਕੁਝ ਏਆਈ-ਸੰਚਾਲਿਤ ਕੈਮਰੇ ਬਣਾ ਰਿਹਾ ਹੈ, ਜਦੋਂ ਕਿ ਕੁਝ ਰੋਬੋਟਿਕਸ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ।"

ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ ਪਹਿਲਕਦਮੀ ਦੇ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਹ ਪਹਿਲਕਦਮੀ ਸਿਰਜਣਹਾਰਾਂ ਦੀ ਇੱਕ ਨਵੀਂ ਪੀੜ੍ਹੀ ਨੂੰ ਪੋਸ਼ਣ ਦੇ ਰਹੀ ਹੈ ਅਤੇ ਸਭਿਆਚਾਰ, ਸਮੱਗਰੀ ਅਤੇ ਰਚਨਾਤਮਕਤਾ 'ਤੇ ਕੇਂਦ੍ਰਿਤ ਭਾਰਤ ਦੀ 'ਔਰੇਂਜ ਇਕੌਨਮੀ' ਦੇ ਵਿਕਾਸ ਨੂੰ ਤੇਜ਼ ਕਰ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ‘ਔਰੇਂਜ ਇਕੌਨਮੀ’ ਭਾਵ ਸਭਿਆਚਾਰ, ਸਮੱਗਰੀ ਅਤੇ ਰਚਨਾਤਮਕਤਾ ਵਿੱਚ ਬੇਮਿਸਾਲ ਵਾਧਾ ਦੇਖ ਰਿਹਾ ਹੈ।" ਭਾਰਤ ਮੀਡੀਆ, ਫਿਲਮ, ਗੇਮਿੰਗ, ਸੰਗੀਤ, ਡਿਜੀਟਲ ਸਮੱਗਰੀ ਅਤੇ ਵੀਆਰ-ਐਕਸਆਰ ਵਰਗੇ ਖੇਤਰਾਂ ਵਿੱਚ ਇੱਕ ਪ੍ਰਮੁੱਖ ਗਲੋਬਲ ਹੱਬ ਵਜੋਂ ਉੱਭਰ ਰਿਹਾ ਹੈ।" ਉਨ੍ਹਾਂ ਨੇ ਅੱਗੇ ਕਿਹਾ, "'ਵਿਸ਼ਵ ਆਡੀਓ-ਵਿਜ਼ੁਅਲ ਅਤੇ ਮਨੋਰੰਜਨ ਸੰਮੇਲਨ' (ਵੇਵਸ) ਨੌਜਵਾਨ ਸਿਰਜਣਹਾਰਾਂ ਲਈ ਇੱਕ ਪ੍ਰਮੁੱਖ ਪਲੈਟਫਾਰਮ ਬਣ ਗਿਆ ਹੈ। ਦੂਜੇ ਸ਼ਬਦਾਂ ਵਿੱਚ, ਖੇਤਰ ਭਾਵੇਂ ਕੋਈ ਵੀ ਹੋਵੇ, ਅੱਜ ਭਾਰਤ ਵਿੱਚ ਬੇਅੰਤ ਮੌਕੇ ਖੁੱਲ੍ਹ ਰਹੇ ਹਨ।" ਉਨ੍ਹਾਂ ਨੇ ਨੌਜਵਾਨਾਂ ਨੂੰ ਦਲੇਰੀ ਨਾਲ ਆਪਣੇ ਵਿਚਾਰਾਂ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਸਰਕਾਰ ਦੇ ਨਿਰੰਤਰ ਸਮਰਥਨ ਦਾ ਭਰੋਸਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਸ਼ੁਰੂ ਕੀਤੇ ਗਏ ਸੁਧਾਰ ਏਜੰਡੇ ਵਿੱਚ ਨੌਜਵਾਨਾਂ ਨੂੰ ਕੇਂਦਰ ਵਿੱਚ ਰੱਖਦੇ ਹੋਏ ਤੇਜ਼ੀ ਆਈ ਹੈ। ਉਨ੍ਹਾਂ ਨੇ ਨੌਜਵਾਨ ਪੇਸ਼ੇਵਰਾਂ ਅਤੇ ਉੱਦਮੀਆਂ ਲਈ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਅਤੇ ਬੱਚਤ ਵਧਾਉਣ ਦੇ ਉਪਾਵਾਂ ਵਜੋਂ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਅਤੇ 12 ਲੱਖ ਰੁਪਏ ਤੱਕ ਦੀ ਟੈਕਸ ਰਾਹਤ ਨੂੰ ਉਜਾਗਰ ਕੀਤਾ। ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਉੱਨਤ ਨਿਰਮਾਣ ਵੱਲੋਂ ਸੰਚਾਲਿਤ ਊਰਜਾ ਦੀ ਵੱਧ ਰਹੀ ਮੰਗ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸਿਵਲ ਪਰਮਾਣੂ ਊਰਜਾ ਵਿੱਚ ਸੁਧਾਰ, ਸ਼ਾਂਤੀ ਐਕਟ ਦਾ ਉਦੇਸ਼ ਯਕੀਨੀ ਬਿਜਲੀ ਸਪਲਾਈ, ਵੱਡੇ ਪੱਧਰ 'ਤੇ ਰੁਜ਼ਗਾਰ ਸਿਰਜਣਾ ਅਤੇ ਅਰਥ-ਵਿਵਸਥਾ 'ਤੇ ਸਕਾਰਾਤਮਕ ਪ੍ਰਭਾਵ ਪਾਉਣਾ ਹੈ।

 

ਪ੍ਰਧਾਨ ਮੰਤਰੀ ਨੇ ਵਿਸ਼ਵ ਪੱਧਰ 'ਤੇ ਕਾਰਜਬਲ ਦੀ ਘਾਟ ਨੂੰ ਉਜਾਗਰ ਕੀਤਾ ਅਤੇ ਭਾਰਤ ਦੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮੌਕਿਆਂ ਲਈ ਤਿਆਰ ਕਰਨ ਦੀ ਰਣਨੀਤੀ 'ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, "ਸਾਡੀ ਕੋਸ਼ਿਸ਼ ਇਹ ਯਕੀਨੀ ਬਣਾਉਣ ਦੀ ਹੈ ਕਿ ਭਾਰਤ ਦੇ ਨੌਜਵਾਨ ਦੁਨੀਆ ਭਰ ਵਿੱਚ ਉੱਭਰ ਰਹੇ ਮੌਕਿਆਂ ਲਈ ਤਿਆਰ ਰਹਿਣ। ਇਸ ਲਈ, ਹੁਨਰ ਵਿਕਾਸ ਨਾਲ ਸਬੰਧਿਤ ਖੇਤਰਾਂ ਵਿੱਚ ਨਿਰੰਤਰ ਸੁਧਾਰ ਕੀਤੇ ਜਾ ਰਹੇ ਹਨ।" ਉਨ੍ਹਾਂ ਨੇ ਦੁਹਰਾਇਆ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਬਾਅਦ, ਉੱਚ ਸਿੱਖਿਆ ਨਾਲ ਸਬੰਧਿਤ ਨਿਯਮਾਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, "ਵਿਦੇਸ਼ੀ ਯੂਨੀਵਰਸਿਟੀਆਂ ਵੀ ਭਾਰਤ ਵਿੱਚ ਆਪਣੇ ਕੈਂਪਸ ਖੋਲ੍ਹ ਰਹੀਆਂ ਹਨ। ਹਾਲ ਹੀ ਵਿੱਚ, ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਨਾਲ ਪੀਐੱਮ ਸੇਤੂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਦੇ ਤਹਿਤ, ਹਜ਼ਾਰਾਂ ਆਈਟੀਆਈ ਨੂੰ ਅਪਗ੍ਰੇਡ ਕੀਤਾ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਉਦਯੋਗ ਦੀਆਂ ਮੌਜੂਦਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਿਖਲਾਈ ਦਿੱਤੀ ਜਾ ਸਕੇ।"

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਤਮ-ਨਿਰਭਰਤਾ ਅਤੇ ਵਿਕਸਿਤ ਹੋਣ ਲਈ ਆਤਮ-ਵਿਸ਼ਵਾਸ ਬਹੁਤ ਜ਼ਰੂਰੀ ਹੈ। ਮੈਕਾਲੇ ਦੀਆਂ ਬਸਤੀਵਾਦੀ ਯੁੱਗ ਦੀਆਂ ਸਿੱਖਿਆ ਨੀਤੀਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੀਤੀਆਂ ਨੇ ਭਾਰਤੀਆਂ ਵਿੱਚ ਆਪਣੀ ਵਿਰਾਸਤ, ਉਤਪਾਦਾਂ ਅਤੇ ਸਮਰੱਥਾਵਾਂ ਪ੍ਰਤੀ ਹੀਣ ਭਾਵਨਾ ਪੈਦਾ ਕੀਤੀ। ਭਾਰਤ ਦੇ ਨੌਜਵਾਨਾਂ ਨੂੰ ਇਸ ਮਾਨਸਿਕਤਾ ਨੂੰ ਦੂਰ ਕਰਨ ਲਈ ਸਮੂਹਿਕ ਤੌਰ 'ਤੇ ਸੰਕਲਪ ਲੈਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ, "ਦਸ ਸਾਲਾਂ ਵਿੱਚ ਮੈਕਾਲੇ ਦੀਆਂ ਇਨ੍ਹਾਂ ਦਲੇਰਾਨਾ ਨੀਤੀਆਂ ਨੂੰ 200 ਸਾਲ ਹੋ ਜਾਣਗੇ, ਇਸ ਲਈ ਦੇਸ਼ ਦੇ ਹਰ ਨੌਜਵਾਨ ਨੂੰ ਭਾਰਤ ਨੂੰ ਇਸ ਮਾਨਸਿਕਤਾ ਤੋਂ ਮੁਕਤ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ।"

ਪ੍ਰਧਾਨ ਮੰਤਰੀ ਨੇ ਭਾਰਤ ਦੀ ਵਿਰਾਸਤ ਨੂੰ ਮਹੱਤਵ ਦਿੰਦੇ ਹੋਏ ਵਿਸ਼ਵ ਗਿਆਨ ਪ੍ਰਤੀ ਖੁੱਲ੍ਹਾ ਮਨ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਵੈਦਿਕ ਕਹਾਵਤ "ਆਨੋ ਭਦ੍ਰਾ: ਕ੍ਰਿਤਵੋ ਯੰਤੁ ਵਿਸ਼ਵਤ:" ਦਾ ਹਵਾਲਾ ਦਿੱਤਾ, ਜਿਸ ਦਾ ਅਰਥ ਹੈ ਕਿ ਸ਼ੁਭ, ਲਾਭਕਾਰੀ ਅਤੇ ਚੰਗੇ ਵਿਚਾਰ ਸਾਡੇ ਕੋਲ ਸਾਰੀਆਂ ਦਿਸ਼ਾਵਾਂ ਤੋਂ ਆਉਣੇ ਚਾਹੀਦੇ ਹਨ। ਸ਼੍ਰੀ ਮੋਦੀ ਨੇ ਕਿਹਾ, "ਤੁਹਾਨੂੰ ਦੁਨੀਆ ਭਰ ਦੇ ਸਭ ਤੋਂ ਵਧੀਆ ਅਭਿਆਸਾਂ ਤੋਂ ਸਿੱਖਣਾ ਚਾਹੀਦਾ ਹੈ, ਪਰ ਕਦੇ ਵੀ ਆਪਣੀ ਵਿਰਾਸਤ ਅਤੇ ਵਿਚਾਰਾਂ ਨੂੰ ਘੱਟ ਸਮਝਣ ਦੀ ਪ੍ਰਵਿਰਤੀ ਨੂੰ ਹਾਵੀ ਨਾ ਹੋਣ ਦਿਓ।"

ਸ਼੍ਰੀ ਮੋਦੀ ਨੇ ਸਵਾਮੀ ਵਿਵੇਕਾਨੰਦ ਦੀ ਉਦਾਹਰਣ ਦਿੱਤੀ, ਜਿਨ੍ਹਾਂ ਨੇ ਵਿਸ਼ਵ-ਵਿਆਪੀ ਵਿਚਾਰਾਂ ਨੂੰ ਅਪਣਾਇਆ ਪਰ ਭਾਰਤ ਬਾਰੇ ਮਿੱਥਾਂ ਨੂੰ ਚੁਣੌਤੀ ਦਿੱਤੀ ਅਤੇ ਇੱਕ ਬਿਹਤਰ ਰਾਸ਼ਟਰ ਦੇ ਦ੍ਰਿਸ਼ਟੀਕੋਣ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਊਰਜਾ ਨਾਲ ਅੱਗੇ ਵਧਣ, ਸਿਹਤਮੰਦ ਰਹਿਣ ਅਤੇ ਖੁਸ਼ੀ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਆਪਣੀ ਸਮਰੱਥਾ ਵਿੱਚ ਅਟੁੱਟ ਵਿਸ਼ਵਾਸ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਕਿਹਾ, "ਮੈਨੂੰ ਤੁਹਾਡੇ ਸਾਰਿਆਂ ’ਤੇ, ਤੁਹਾਡੀਆਂ ਯੋਗਤਾਵਾਂ ਅਤੇ ਊਰਜਾ ’ਤੇ ਪੂਰਾ ਵਿਸ਼ਵਾਸ ਹੈ। ਇਨ੍ਹਾਂ ਸ਼ਬਦਾਂ ਨਾਲ, ਮੈਂ ਤੁਹਾਨੂੰ ਸਾਰਿਆਂ ਨੂੰ ਰਾਸ਼ਟਰੀ ਯੁਵਾ ਦਿਵਸ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ।"

 

*****

ਐੱਮਜੇਪੀਐੱਸ/ਵੀਜੇ


(रिलीज़ आईडी: 2214404) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Manipuri , Assamese , Bengali , Gujarati , Odia , Tamil , Kannada