ਪ੍ਰਧਾਨ ਮੰਤਰੀ ਦਫਤਰ
‘ਮਨ ਕੀ ਬਾਤ’ ਦੇ 129ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ (28.12.2025)
प्रविष्टि तिथि:
28 DEC 2025 11:47AM by PIB Chandigarh
ਮੇਰੇ ਪਿਆਰੇ ਦੇਸ਼-ਵਾਸੀਓ, ਨਮਸਕਾਰ।
‘ਮਨ ਕੀ ਬਾਤ’ ਵਿਚ ਤੁਹਾਡਾ ਫਿਰ ਤੋਂ ਸਵਾਗਤ ਹੈ, ਜੀ ਆਇਆਂ ਨੂੰ ਹੈ। ਕੁਝ ਹੀ ਦਿਨਾਂ ਵਿੱਚ ਸਾਲ 2026 ਦਸਤਕ ਦੇਣ ਵਾਲਾ ਹੈ ਅਤੇ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਮਨ ਵਿੱਚ ਪੂਰੇ ਇਕ ਸਾਲ ਦੀਆਂ ਯਾਦਾਂ ਘੁੰਮ ਰਹੀਆਂ ਹਨ - ਕਈ ਤਸਵੀਰਾਂ, ਕਈ ਚਰਚਾਵਾਂ, ਕਈ ਪ੍ਰਾਪਤੀਆਂ, ਜਿਨ੍ਹਾਂ ਨੇ ਦੇਸ਼ ਨੂੰ ਇਕੱਠਾ ਜੋੜ ਦਿੱਤਾ। 2025 ਨੇ ਸਾਨੂੰ ਅਜਿਹੇ ਕਈ ਪਲ ਦਿੱਤੇ, ਜਿਨ੍ਹਾਂ ’ਤੇ ਹਰ ਭਾਰਤੀ ਨੂੰ ਫ਼ਖ਼ਰ ਹੋਇਆ। ਦੇਸ਼ ਦੀ ਸੁਰੱਖਿਆ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ, ਵਿਗਿਆਨ ਦੀਆਂ ਪ੍ਰਯੋਗਸ਼ਾਲਾਵਾਂ ਤੋਂ ਲੈ ਕੇ ਦੁਨੀਆਂ ਦੇ ਵੱਡੇ ਮੰਚਾਂ ਤੱਕ ਭਾਰਤ ਨੇ ਹਰ ਥਾਂ ’ਤੇ ਆਪਣੀ ਮਜ਼ਬੂਤ ਛਾਪ ਛੱਡੀ। ਇਸ ਸਾਲ ‘ਆਪ੍ਰੇਸ਼ਨ ਸਿੰਧੂਰ’ ਹਰ ਭਾਰਤੀ ਦੇ ਲਈ ਮਾਣ ਦਾ ਪ੍ਰਤੀਕ ਬਣ ਗਿਆ। ਦੁਨੀਆਂ ਨੇ ਸਾਫ ਵੇਖਿਆ ਅੱਜ ਦਾ ਭਾਰਤ ਆਪਣੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰਦਾ। ‘ਆਪ੍ਰੇਸ਼ਨ ਸਿੰਧੂਰ’ ਦੇ ਦੌਰਾਨ ਦੇਸ਼ ਦੇ ਕੋਨੇ-ਕੋਨੇ ਤੋਂ ਮਾਂ ਭਾਰਤੀ ਦੇ ਪ੍ਰਤੀ ਪ੍ਰੇਮ ਅਤੇ ਸਮਰਪਣ ਦੀਆਂ ਤਸਵੀਰਾਂ ਸਾਹਮਣੇ ਆਈਆਂ। ਲੋਕਾਂ ਨੇ ਆਪੋ-ਆਪਣੇ ਤਰੀਕੇ ਨਾਲ ਆਪਣੇ ਭਾਵ ਵਿਅਕਤ ਕੀਤੇ।
ਸਾਥੀਓ,
ਇਹੀ ਜਜ਼ਬਾ ਉਦੋਂ ਵੀ ਵੇਖਣ ਨੂੰ ਮਿਲਿਆ, ਜਦੋਂ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਏ। ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ‘#Vandemataram150’ ਦੇ ਨਾਲ ਆਪਣੇ ਸੁਨੇਹੇ ਅਤੇ ਸੁਝਾਓ ਭੇਜੋ। ਦੇਸ਼-ਵਾਸੀਆਂ ਨੇ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ।
ਸਾਥੀਓ,
2025 ਖੇਡ ਦੇ ਹਿਸਾਬ ਨਾਲ ਵੀ ਇਕ ਯਾਦਗਾਰ ਸਾਲ ਰਿਹਾ। ਸਾਡੀ ਪੁਰਸ਼ ਕ੍ਰਿਕਟ ਟੀਮ ਨੇ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਜਿੱਤੀ। ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ। ਭਾਰਤ ਦੀਆਂ ਬੇਟੀਆਂ ਨੇ ਵੂਮੈਨਜ਼ ਬਲਾਇੰਡ ਟੀ-20 ਵਰਲਡ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ। ਏਸ਼ੀਆ ਕੱਪ ਟੀ-20 ਵਿੱਚ ਤਿਰੰਗਾ ਸ਼ਾਨ ਨਾਲ ਲਹਿਰਾਇਆ। ਪੈਰਾ-ਅਥਲੀਟਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਈ ਤਮਗੇ ਜਿੱਤ ਕੇ ਸਾਬਤ ਕੀਤਾ ਕਿ ਕੋਈ ਰੁਕਾਵਟ ਹੌਸਲਿਆਂ ਨੂੰ ਨਹੀਂ ਰੋਕ ਸਕਦੀ। ਵਿਗਿਆਨ ਅਤੇ ਪੁਲਾੜ ਦੇ ਖੇਤਰ ਵਿੱਚ ਵੀ ਭਾਰਤ ਨੇ ਵੱਡੀ ਛਲਾਂਗ ਲਗਾਈ। ਸੁਭਾਂਸ਼ੂ ਸ਼ੁਕਲਾ ਪਹਿਲੇ ਭਾਰਤੀ ਬਣੇ ਜੋ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੱਕ ਪਹੁੰਚੇ। ਵਾਤਾਵਰਨ ਸੰਭਾਲ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਨਾਲ ਸਬੰਧਤ ਕਈ ਯਤਨ ਵੀ 2025 ਦੀ ਪਛਾਣ ਬਣੇ। ਭਾਰਤ ਵਿੱਚ ਚੀਤਿਆਂ ਦੀ ਗਿਣਤੀ ਵੀ ਹੁਣ 30 ਤੋਂ ਜ਼ਿਆਦਾ ਹੋ ਗਈ ਹੈ। 2025 ਵਿੱਚ ਆਸਥਾ, ਸੰਸਕ੍ਰਿਤੀ ਅਤੇ ਭਾਰਤ ਦੀ ਅਨੋਖੀ ਵਿਰਾਸਤ ਸਭ ਇਕੱਠੇ ਦਿਖਾਈ ਦਿੱਤੇ। ਸਾਲ ਦੇ ਸ਼ੁਰੂਆਤ ਵਿੱਚ ਪ੍ਰਯਾਗਰਾਜ ਮਹਾਕੁੰਭ ਦੇ ਆਯੋਜਨ ਨੇ ਪੂਰੀ ਦੁਨੀਆਂ ਨੂੰ ਹੈਰਾਨ ਕੀਤਾ। ਸਾਲ ਦੇ ਅਖੀਰ ਵਿੱਚ ਅਯੁੱਧਿਆ ’ਚ ਰਾਮ ਮੰਦਿਰ ’ਤੇ ਝੰਡਾ ਚੜ੍ਹਾਉਣ ਦੇ ਪ੍ਰੋਗਰਾਮ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ। ਸਵਦੇਸ਼ੀ ਨੂੰ ਲੈ ਕੇ ਵੀ ਲੋਕਾਂ ਦਾ ਉਤਸ਼ਾਹ ਖੂਬ ਦਿਖਾਈ ਦਿੱਤਾ। ਲੋਕ ਉਹੀ ਸਮਾਨ ਖ਼ਰੀਦਦੇ ਹਨ, ਜਿਨ੍ਹਾਂ ਵਿੱਚ ਕਿਸੇ ਭਾਰਤੀ ਦਾ ਪਸੀਨਾ ਵਗਿਆ ਹੋਵੇ ਅਤੇ ਜਿਸ ’ਚ ਭਾਰਤ ਦੀ ਮਿੱਟੀ ਦੀ ਖ਼ੁਸ਼ਬੂ ਹੋਵੇ। ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ 2025 ਨੇ ਭਾਰਤ ਨੂੰ ਹੋਰ ਜ਼ਿਆਦਾ ਆਤਮ-ਵਿਸ਼ਵਾਸ ਦਿੱਤਾ ਹੈ। ਇਹ ਗੱਲ ਵੀ ਸਹੀ ਹੈ ਕਿ ਇਸ ਸਾਲ ਕੁਦਰਤੀ ਆਫਤਾਂ ਸਾਨੂੰ ਝੱਲਣੀਆਂ ਪਈਆਂ, ਅਨੇਕਾਂ ਖੇਤਰਾਂ ਵਿੱਚ ਝੱਲਣੀਆਂ ਪਈਆਂ। ਹੁਣ ਦੇਸ਼ 2026 ਵਿੱਚ ਨਵੀਆਂ ਉਮੀਦਾਂ, ਨਵੇਂ ਸੰਕਲਪਾਂ ਦੇ ਨਾਲ ਅੱਗੇ ਵਧਣ ਨੂੰ ਤਿਆਰ ਹੈ।
ਮੇਰੇ ਪਿਆਰੇ ਦੇਸ਼-ਵਾਸੀਓ,
ਅੱਜ ਦੁਨੀਆਂ ਭਾਰਤ ਨੂੰ ਬਹੁਤ ਆਸ ਦੇ ਨਾਲ ਵੇਖ ਰਹੀ ਹੈ, ਭਾਰਤ ਤੋਂ ਉਮੀਦ ਦੀ ਸਭ ਤੋਂ ਵੱਡੀ ਵਜ੍ਹਾ ਹੈ, ਸਾਡੀ ਨੌਜਵਾਨ ਸ਼ਕਤੀ। ਵਿਗਿਆਨ ਦੇ ਹਰ ਖੇਤਰ ਵਿੱਚ ਸਾਡੀਆਂ ਪ੍ਰਾਪਤੀਆਂ, ਨਵੇਂ-ਨਵੇਂ ਇਨੋਵੇਸ਼ਨ, ਟੈਕਨਾਲੋਜੀ ਦਾ ਵਿਸਥਾਰ ਇਨ੍ਹਾਂ ਨਾਲ ਦੁਨੀਆਂ ਭਰ ਦੇ ਦੇਸ਼ ਬਹੁਤ ਪ੍ਰਭਾਵਿਤ ਹਨ।
ਸਾਥੀਓ,
ਭਾਰਤ ਦੇ ਨੌਜਵਾਨਾਂ ਵਿੱਚ ਹਮੇਸ਼ਾ ਕੁਝ ਨਵਾਂ ਕਰਨ ਦਾ ਜਨੂਨ ਹੈ ਅਤੇ ਉਹ ਓਨੇ ਹੀ ਜਾਗਰੂਕ ਵੀ ਹਨ। ਮੇਰੇ ਨੌਜਵਾਨ ਸਾਥੀ ਮੈਨੂੰ ਕਈ ਵਾਰ ਇਹ ਪੁੱਛਦੇ ਹਨ ਕਿ ਰਾਸ਼ਟਰ ਦੇ ਨਿਰਮਾਣ ਵਿੱਚ ਉਹ ਆਪਣਾ ਯੋਗਦਾਨ ਕਿਵੇਂ ਵਧਾਉਣ? ਉਹ ਕਿਵੇਂ ਆਪਣੇ ਆਈਡੀਆ ਸ਼ੇਅਰ ਕਰ ਸਕਦੇ ਹਨ। ਕਈ ਸਾਥੀ ਪੁੱਛਦੇ ਹਨ ਕਿ ਮੇਰੇ ਸਾਹਮਣੇ ਉਹ ਆਪਣੇ ਆਈਡੀਆਜ਼ ਦੀ ਪ੍ਰੈਜ਼ੈਂਟੇਸ਼ਨ ਕਿਵੇਂ ਦੇ ਸਕਦੇ ਹਨ। ਸਾਡੇ ਨੌਜਵਾਨ ਸਾਥੀਆਂ ਦੀ ਇਸ ਜਿਗਿਆਸਾ ਦਾ ਹੱਲ ਹੈ, ‘Viksit Bharat Young Leaders Dialogue।’ ਪਿਛਲੇ ਸਾਲ ਇਸ ਦਾ ਪਹਿਲਾ ਅਡੀਸ਼ਨ ਹੋਇਆ ਸੀ, ਹੁਣ ਕੁਝ ਦਿਨਾਂ ਬਾਅਦ ਉਸ ਦਾ ਦੂਸਰਾ ਅਡੀਸ਼ਨ ਹੋਣ ਵਾਲਾ ਹੈ। ਅਗਲੇ ਮਹੀਨੇ ਦੀ 12 ਤਰੀਕ ਨੂੰ ਸਵਾਮੀ ਵਿਵੇਕਾਨੰਦ ਜੀ ਦੀ ਜਨਮ ਵਰ੍ਹੇਗੰਢ ਦੇ ਮੌਕੇ ’ਤੇ ‘ਰਾਸ਼ਟਰੀ ਯੁਵਾ ਦਿਵਸ’ ਮਨਾਇਆ ਜਾਵੇਗਾ। ਇਸੇ ਦਿਨ ‘Young Leaders Dialogue’ ਦਾ ਵੀ ਆਯੋਜਨ ਹੋਵੇਗਾ ਅਤੇ ਮੈਂ ਇਸ ਵਿੱਚ ਜ਼ਰੂਰ ਸ਼ਾਮਲ ਹੋਵਾਂਗਾ। ਇਸ ਵਿੱਚ ਸਾਡੇ ਨੌਜਵਾਨ ਇਨੋਵੇਸ਼ਨ, ਫਿਟਨੈੱਸ, ਸਟਾਰਟਅੱਪ ਅਤੇ ਐਗਰੀਕਲਚਰ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਆਪਣੇ ਆਈਡੀਆ ਸਾਂਝੇ ਕਰਨਗੇ। ਮੈਂ ਇਸ ਪ੍ਰੋਗਰਾਮ ਨੂੰ ਲੈ ਕੇ ਬਹੁਤ ਹੀ ਉਤਸੁਕ ਹਾਂ।
ਸਾਥੀਓ,
ਮੈਨੂੰ ਇਹ ਵੇਖ ਕੇ ਚੰਗਾ ਲੱਗਾ ਕਿ ਇਸ ਪ੍ਰੋਗਰਾਮ ਵਿੱਚ ਸਾਡੇ ਨੌਜਵਾਨਾਂ ਦੀ ਭਾਗੀਦਾਰੀ ਵਧ ਰਹੀ ਹੈ। ਕੁਝ ਦਿਨ ਪਹਿਲਾਂ ਹੀ ਇਸ ਨਾਲ ਸਬੰਧਤ ਇਕ ਕੁਇਜ਼ ਕੰਪੀਟੀਸ਼ਨ ਹੋਇਆ, ਇਸ ਵਿੱਚ 50 ਲੱਖ ਤੋਂ ਜ਼ਿਆਦਾ ਨੌਜਵਾਨ ਸ਼ਾਮਲ ਹੋਏ। ਇਕ ਲੇਖ ਮੁਕਾਬਲਾ ਵੀ ਹੋਇਆ, ਜਿਸ ’ਚ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਵਿਚਾਰ ਰੱਖੇ। ਇਸ ਮੁਕਾਬਲੇ ਵਿੱਚ ਤਾਮਿਲਨਾਡੂ ਪਹਿਲੇ ਅਤੇ ਉੱਤਰ ਪ੍ਰਦੇਸ਼ ਦੂਸਰੇ ਸਥਾਨ ’ਤੇ ਰਿਹਾ।
ਸਾਥੀਓ,
ਅੱਜ ਦੇਸ਼ ਦੇ ਅੰਦਰ ਨੌਜਵਾਨਾਂ ਨੂੰ ਪ੍ਰਤਿਭਾ ਵਿਖਾਉਣ ਦੇ ਨਵੇਂ-ਨਵੇਂ ਮੌਕੇ ਮਿਲ ਰਹੇ ਹਨ, ਅਜਿਹੇ ਬਹੁਤ ਸਾਰੇ ਪਲੈਟਫਾਰਮ ਵਿਕਸਿਤ ਹੋ ਰਹੇ ਹਨ, ਜਿੱਥੇ ਨੌਜਵਾਨ ਯੋਗਤਾ ਅਤੇ ਆਪਣੀ ਰੁਚੀ ਦੇ ਅਨੁਸਾਰ ਟੇਲੈਂਟ ਵਿਖਾ ਸਕਦੇ ਹਨ। ਅਜਿਹਾ ਹੀ ਇਕ ਪਲੈਟਫਾਰਮ ਹੈ - ‘Smart India Hackathon’ ਇਕ ਹੋਰ ਅਜਿਹਾ ਮਾਧਿਅਮ ਜਿੱਥੇ ਆਈਡੀਆਜ਼, ਐਕਸ਼ਨ ਵਿੱਚ ਬਦਲਦੇ ਹਨ।
ਸਾਥੀਓ,
‘Smart India Hackathon 2025’ ਦੀ ਸਮਾਪਤੀ ਇਸੇ ਮਹੀਨੇ ਹੋਈ ਹੈ। ਇਸ Hackathon ਦੇ ਦੌਰਾਨ 80 ਤੋਂ ਜ਼ਿਆਦਾ ਸਰਕਾਰੀ ਵਿਭਾਗਾਂ ਦੀਆਂ 270 ਤੋਂ ਜ਼ਿਆਦਾ ਸਮੱਸਿਆਵਾਂ ’ਤੇ ਵਿਦਿਆਰਥੀਆਂ ਨੇ ਕੰਮ ਕੀਤਾ। ਵਿਦਿਆਰਥੀਆਂ ਨੇ ਅਜਿਹੇ ਸੈਲਿਊਸ਼ਨ ਦਿੱਤੇ ਜੋ ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਨਾਲ ਜੁੜੇ ਸਨ। ਜਿਵੇਂ ਟਰੈਫਿਕ ਦੀ ਸਮੱਸਿਆ ਹੈ, ਇਸ ਨੂੰ ਲੈ ਕੇ ਨੌਜਵਾਨਾਂ ਨੇ ਸਮਾਰਟ ਟਰੈਫਿਕ ਮੈਨੇਜਮੈਂਟ ਨਾਲ ਜੁੜੇ ਬਹੁਤ ਹੀ ਇੰਟਰਸਟਿੰਗ ਪ੍ਰਸਪੈਕਟਿਵ ਸਾਂਝੇ ਕੀਤੇ। ਫਾਈਨਾਂਸ਼ਲ ਫਰਾਡ ਅਤੇ ਡਿਜੀਟਲ ਅਰੈਸਟ ਵਰਗੀਆਂ ਚੁਣੌਤੀਆਂ ਦੇ ਹੱਲ ਬਾਰੇ ਵੀ ਨੌਜਵਾਨਾਂ ਨੇ ਆਪਣੇ ਆਈਡੀਆਜ਼ ਪੇਸ਼ ਕੀਤੇ। ਪਿੰਡਾਂ ਵਿੱਚ ਡਿਜੀਟਲ ਬੈਂਕਿੰਗ ਦੇ ਲਈ ਸਾਈਬਰ ਸਕਿਓਰਟੀ ਫਰੇਮ ਵਰਕ ਬਾਰੇ ਸੁਝਾਅ ਦਿੱਤਾ ਗਿਆ। ਕਈ ਨੌਜਵਾਨ ਐਗਰੀਕਲਚਰ ਸੈਕਟਰ ਦੀਆਂ ਚੁਣੌਤੀਆਂ ਦੇ ਹੱਲ ਵਿੱਚ ਜੁਟੇ ਰਹੇ। ਸਾਥੀਓ, ਪਿਛਲੇ 7-8 ਸਾਲਾਂ ਵਿੱਚ ‘Smart India Hackathon’ ਵਿੱਚ 13 ਲੱਖ ਤੋਂ ਜ਼ਿਆਦਾ ਵਿਦਿਆਰਥੀ ਅਤੇ 6 ਹਜ਼ਾਰ ਤੋਂ ਜ਼ਿਆਦਾ ਇੰਸਟੀਚਿਊਟ ਹਿੱਸਾ ਲੈ ਕੇ ਚੁੱਕੇ ਹਨ। ਨੌਜਵਾਨਾਂ ਨੇ ਸੈਂਕੜੇ ਸਮੱਸਿਆਵਾਂ ਦੇ ਸਟੀਕ ਹੱਲ ਵੀ ਪੇਸ਼ ਕੀਤੇ ਹਨ। ਇਸੇ ਤਰ੍ਹਾਂ ਦੇ Hackathons ਦਾ ਆਯੋਜਨ ਸਮੇਂ-ਸਮੇਂ ’ਤੇ ਹੁੰਦਾ ਰਹਿੰਦਾ ਹੈ। ਮੇਰੀ ਆਪਣੇ ਨੌਜਵਾਨਾਂ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਇਨ੍ਹਾਂ Hackathons ਦਾ ਹਿੱਸਾ ਜ਼ਰੂਰ ਬਣਨ।
ਸਾਥੀਓ,
ਅੱਜ ਦਾ ਜੀਵਨ Tech-Driven ਹੁੰਦਾ ਜਾ ਰਿਹਾ ਹੈ ਅਤੇ ਜੋ ਬਦਲਾਓ ਸਦੀਆਂ ਵਿੱਚ ਆਉਂਦੇ ਸਨ, ਉਹ ਬਦਲਾਓ ਹੁਣ ਕੁਝ ਸਾਲਾਂ ਵਿੱਚ ਹੁੰਦੇ ਵੇਖ ਰਹੇ ਹਾਂ। ਕਈ ਵਾਰ ਤਾਂ ਕੁਝ ਲੋਕ ਚਿੰਤਾ ਪ੍ਰਗਟਾਉਂਦੇ ਹਨ ਕਿ Robots ਕਿਤੇ ਮਨੁੱਖਾਂ ਨੂੰ ਹੀ ਨਾ Replace ਕਰ ਦੇਣ। ਅਜਿਹੇ ਬਦਲਦੇ ਸਮੇਂ ਵਿੱਚ ਮਨੁੱਖੀ ਵਿਕਾਸ ਦੇ ਲਈ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਮੈਨੂੰ ਇਹ ਵੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਸਾਡੀ ਅਗਲੀ ਪੀੜ੍ਹੀ ਆਪਣੀ ਸੰਸਕ੍ਰਿਤੀ ਦੀਆਂ ਜੜ੍ਹਾਂ ਨੂੰ ਚੰਗੀ ਤਰਾਂ ਸੰਭਾਲ ਰਹੀ ਹੈ - ਨਵੀਂ ਸੋਚ ਦੇ ਨਾਲ, ਨਵੇਂ ਤਰੀਕੇ ਦੇ ਨਾਲ।
ਸਾਥੀਓ,
ਤੁਸੀਂ Indian Institute of Science ਦਾ ਨਾਂ ਤਾਂ ਜ਼ਰੂਰ ਸੁਣਿਆ ਹੋਵੇਗਾ, ਰੀਸਰਚ ਅਤੇ ਇਨੋਵੇਸ਼ਨ ਇਸ ਸੰਸਥਾ ਦੀ ਪਛਾਣ ਹੈ। ਕੁਝ ਸਾਲ ਪਹਿਲਾਂ ਉੱਥੋਂ ਦੇ ਕੁਝ ਵਿਦਿਆਰਥੀਆਂ ਨੇ ਮਹਿਸੂਸ ਕੀਤਾ ਕਿ ਪੜ੍ਹਾਈ ਅਤੇ ਖੋਜ ’ਚ ਸੰਗੀਤ ਦੇ ਲਈ ਵੀ ਥਾਂ ਹੋਣੀ ਚਾਹੀਦੀ ਹੈ। ਬਸ ਇੱਥੋਂ ਹੀ ਇਕ ਛੋਟੀ ਜਿਹੀ ਮਿਊਜ਼ਿਕ ਕਲਾਸ ਸ਼ੁਰੂ ਹੋਈ, ਨਾ ਕੋਈ ਵੱਡਾ ਮੰਚ ਨਾ ਕੋਈ ਵੱਡਾ ਬਜਟ। ਹੌਲੀ-ਹੌਲੀ ਇਹ ਪਹਿਲ ਵੱਧਦੀ ਗਈ ਅਤੇ ਅੱਜ ਇਸ ਨੂੰ ਅਸੀਂ ‘Geetanjali IISc’ ਦੇ ਨਾਮ ਨਾਲ ਜਾਣਦੇ ਹਾਂ। ਹੁਣ ਇਹ ਸਿਰਫ ਇਕ ਕਲਾਸ ਹੀ ਨਹੀਂ, ਕੈਂਪਸ ਦਾ ਸੰਸਕ੍ਰਿਤਕ ਕੇਂਦਰ ਹੈ। ਇੱਥੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਹੈ, ਲੋਕ ਪ੍ਰੰਪਰਾਵਾਂ ਹਨ, ਸ਼ਾਸਤਰੀ ਵਿਧਾਵਾਂ ਹਨ, ਵਿਦਿਆਰਥੀ ਇੱਥੇ ਬੈਠ ਕੇ ਰਿਆਜ਼ ਕਰਦੇ ਹਨ। ਪ੍ਰੋਫੈਸਰ ਨਾਲ ਬੈਠਦੇ ਹਨ, ਉਨ੍ਹਾਂ ਦੇ ਪਰਿਵਾਰ ਵੀ ਜੁੜਦੇ ਹਨ। ਅੱਜ 200 ਤੋਂ ਜ਼ਿਆਦਾ ਲੋਕ ਇਸ ਨਾਲ ਜੁੜੇ ਹਨ। ਖ਼ਾਸ ਗੱਲ ਇਹ ਕਿ ਜੋ ਵਿਦੇਸ਼ ਚਲੇ ਗਏ, ਉਹ ਵੀ ਆਨਲਾਈਨ ਜੁੜ ਕੇ ਇਸ ਗਰੁੱਪ ਦੀ ਡੋਰ ਸੰਭਾਲ ਰਹੇ ਹਨ।
ਸਾਥੀਓ,
ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੇ ਯਤਨ ਸਿਰਫ ਭਾਰਤ ਤੱਕ ਹੀ ਸੀਮਿਤ ਨਹੀਂ ਹਨ, ਦੁਨੀਆਂ ਦੇ ਵੱਖ-ਵੱਖ ਕੋਨਿਆਂ ਅਤੇ ਉੱਥੇ ਵਸੇ ਭਾਰਤੀ ਵੀ ਆਪਣੀ ਭੂਮਿਕਾ ਨਿਭਾ ਰਹੇ ਹਨ। ਇਕ ਹੋਰ ਉਦਾਹਰਣ ਜੋ ਸਾਨੂੰ ਦੇਸ਼ ਤੋਂ ਬਾਹਰ ਲੈ ਜਾਂਦਾ ਹੈ, ਇਹ ਜਗ੍ਹਾ ਹੈ ‘ਦੁਬਈ’। ਉੱਥੇ ਰਹਿਣ ਵਾਲੇ ਕੰਨੜ ਪਰਿਵਾਰਾਂ ਨੇ ਖ਼ੁਦ ਤੋਂ ਇਕ ਜ਼ਰੂਰੀ ਸਵਾਲ ਪੁੱਛਿਆ - ਸਾਡੇ ਬੱਚੇ Tech-World ’ਚ ਅੱਗੇ ਤਾਂ ਵਧ ਰਹੇ ਹਨ, ਪਰ ਕਿਤੇ ਉਹ ਆਪਣੀ ਭਾਸ਼ਾ ਤੋਂ ਦੂਰ ਤਾਂ ਨਹੀਂ ਹੋ ਰਹੇ ਹਨ? ਇੱਥੋਂ ਹੀ ਜਨਮ ਹੋਇਆ ‘ਕੰਨੜ ਪਾਠਸ਼ਾਲਾ’ ਦਾ। ਇਕ ਅਜਿਹਾ ਯਤਨ, ਜਿੱਥੇ ਬੱਚਿਆਂ ਨੂੰ ਕੰਨੜ ਪੜ੍ਹਾਉਣਾ, ਸਿੱਖਣਾ, ਲਿਖਣਾ ਅਤੇ ਬੋਲਣਾ ਸਿਖਾਇਆ ਜਾਂਦਾ ਹੈ। ਅੱਜ ਇਸ ਨਾਲ ਇਕ ਹਜ਼ਾਰ ਤੋਂ ਜ਼ਿਆਦਾ ਬੱਚੇ ਜੁੜੇ ਹਨ। ਵਾਕਿਆ ਹੀ ਕੰਨੜਾ, ਨਾਡੁ, ਨੁਡੀ, ਨੱਮਾ, ਹੇਮੇ। ਕੰਨੜਾ ਦੀ ਭੂਮੀ ਅਤੇ ਭਾਸ਼ਾ ਸਾਡਾ ਮਾਣ ਹੈ।
ਸਾਥੀਓ,
ਇਕ ਪੁਰਾਣੀ ਕਹਾਵਤ ਹੈ, ‘ਜਿੱਥੇ ਚਾਅ, ਉੱਥੇ ਰਾਹ’। ਇਸ ਕਹਾਵਤ ਨੂੰ ਫਿਰ ਤੋਂ ਸੱਚ ਕਰ ਵਿਖਾਇਆ ਹੈ ਮਣੀਪੁਰ ਦੇ ਇਕ ਨੌਜਵਾਨ ਮੋਈਰਾਂਗਥੇਮ ਸੇਠ ਜੀ ਨੇ। ਉਨ੍ਹਾਂ ਦੀ ਉਮਰ 40 ਸਾਲ ਤੋਂ ਵੀ ਘੱਟ ਹੈ। ਸ਼੍ਰੀਮਾਨ ਮੋਈਰਾਂਗਥੇਮ ਜੀ ਮਣੀਪੁਰ ਦੇ ਜਿਸ ਦੂਰ-ਦੁਰਾਡੇ ਖੇਤਰ ਵਿੱਚ ਰਹਿੰਦੇ ਸਨ, ਉੱਥੇ ਬਿਜਲੀ ਦੀ ਵੀ ਵੱਡੀ ਸਮੱਸਿਆ ਸੀ। ਇਸ ਚੁਣੌਤੀ ਦੇ ਨਾਲ ਨਜਿੱਠਣ ਦੇ ਲਈ ਉਨ੍ਹਾਂ ਨੇ Local Solution ’ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਇਹ Solution ਮਿਲਿਆ ਸੋਲਰ ਪਾਵਰ ਵਿੱਚ। ਸਾਡੇ ਮਣੀਪੁਰ ਵਿੱਚ ਵੈਸੇ ਵੀ ਸੋਲਰ ਐਨਰਜੀ ਪੈਦਾ ਕਰਨਾ ਅਸਾਨ ਹੈ ਤਾਂ ਮੋਈਰਾਂਗਥੇਮ ਜੀ ਨੇ ਸੋਲਰ ਪੈਨਲ ਲਗਾਉਣ ਦੀ ਮੁਹਿੰਮ ਚਲਾਈ, ਇਸ ਮੁਹਿੰਮ ਦੀ ਵਜ੍ਹਾ ਨਾਲ ਅੱਜ ਉਨ੍ਹਾਂ ਦੇ ਖੇਤਰ ਵਿੱਚ ਸੈਂਕੜੇ ਘਰਾਂ ’ਚ ਸੋਲਰ ਪਾਵਰ ਪਹੁੰਚ ਗਈ ਹੈ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਸੋਲਰ ਪਾਵਰ ਦੀ ਵਰਤੋਂ ਸਿਹਤ ਸੰਭਾਲ ਅਤੇ ਰੋਜ਼ੀ-ਰੋਜ਼ੀ ਦੀ ਬਿਹਤਰ ਵਿਵਸਥਾ ਦੇ ਲਈ ਕੀਤਾ ਹੈ। ਅੱਜ ਉਨ੍ਹਾਂ ਦੇ ਯਤਨਾਂ ਨਾਲ ਮਣੀਪੁਰ ਵਿੱਚ ਕਈ ਹੈਲਥ ਸੈਂਟਰਾਂ ਨੂੰ ਵੀ ਸੋਲਰ ਪਾਵਰ ਮਿਲ ਰਹੀ ਹੈ। ਉਨ੍ਹਾਂ ਦੇ ਇਸ ਕੰਮ ਨਾਲ ਮਣੀਪੁਰ ਦੀ ਨਾਰੀ ਸ਼ਕਤੀ ਨੂੰ ਵੀ ਬਹੁਤ ਲਾਭ ਹੋਇਆ ਹੈ। ਸਥਾਨਕ ਮਛੇਰਿਆਂ ਅਤੇ ਕਲਾਕਾਰਾਂ ਨੂੰ ਵੀ ਇਸ ਨਾਲ ਮਦਦ ਮਿਲੀ ਹੈ।
ਸਾਥੀਓ,
ਅੱਜ ਸਰਕਾਰ ‘ਪੀ. ਐੱਮ. ਸੂਰਿਆ ਮੁਫ਼ਤ ਬਿਜਲੀ ਯੋਜਨਾ’ ਦੇ ਤਹਿਤ ਹਰ ਲਾਭਪਾਤਰੀ ਪਰਿਵਾਰ ਨੂੰ ਸੋਲਰ ਪੈਨਲ ਲਗਾਉਣ ਦੇ ਲਈ ਲੱਗਭਗ 75 ਤੋਂ 80 ਹਜ਼ਾਰ ਰੁਪਏ ਦੇ ਰਹੀ ਹੈ। ਮੋਈਰਾਂਗਥੇਮ ਜੀ ਦੇ ਇਹ ਯਤਨ ਉਂਜ ਤਾਂ ਨਿੱਜੀ ਯਤਨ ਹਨ ਪਰ ਸੋਲਰ ਪਾਵਰ ਨਾਲ ਜੁੜੀ ਹਰ ਮੁਹਿੰਮ ਨੂੰ ਨਵੀਂ ਗਤੀ ਦੇ ਰਹੇ ਹਨ। ਮੈਂ ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਮੇਰੇ ਪਿਆਰੇ ਦੇਸ਼-ਵਾਸੀਓ,
ਆਓ ਹੁਣ ਜ਼ਰਾ ਅਸੀਂ ਜੰਮੂ-ਕਸ਼ਮੀਰ ਵੱਲ ਚੱਲਦੇ ਹਾਂ। ਜੰਮੂ-ਕਸ਼ਮੀਰ ਦੀ ਸਭਿਆਚਾਰਕ ਅਤੇ ਇਤਿਹਾਸਕ ਵਿਰਾਸਤ, ਉਸ ਦੀ ਇਕ ਅਜਿਹੀ ਗਾਥਾ ਸਾਂਝੀ ਕਰਨਾ ਚਾਹੁੰਦਾ ਹਾਂ ਜੋ ਤੁਹਾਨੂੰ ਮਾਣ ਨਾਲ ਭਰ ਦੇਵੇਗੀ। ਜੰਮੂ-ਕਸ਼ਮੀਰ ਦੇ ਬਾਰਾਮੂਲਾ ਵਿੱਚ, ਜੇਹਨਪੋਰਾ ਨਾਂ ਦੀ ਇੱਕ ਜਗ੍ਹਾ ਹੈ, ਉੱਥੇ ਲੋਕ ਸਾਲਾਂ ਤੋਂ ਕੁਝ ਉੱਚੇ-ਉੱਚੇ ਟਿੱਬੇ ਵੇਖਦੇ ਆ ਰਹੇ ਸਨ। ਆਮ ਜਿਹੇ ਇਹ ਟਿੱਬੇ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਕੀ ਹਨ? ਫਿਰ ਇਕ ਦਿਨ Archaeologist ਦੀ ਨਜ਼ਰ ਇਨ੍ਹਾਂ ’ਤੇ ਪਈ। ਜਦੋਂ ਉਨ੍ਹਾਂ ਨੇ ਇਸ ਇਲਾਕੇ ਨੂੰ ਧਿਆਨ ਨਾਲ ਵੇਖਣਾ ਸ਼ੁਰੂ ਕੀਤਾ ਤਾਂ ਇਹ ਟਿੱਬੇ ਕੁਝ ਵੱਖ ਲੱਗੇ। ਇਸ ਤੋਂ ਬਾਅਦ ਇਨ੍ਹਾਂ ਟਿੱਬਿਆਂ ਦਾ ਵਿਗਿਆਨਕ ਅਧਿਐਨ ਸ਼ੁਰੂ ਕੀਤਾ ਗਿਆ, ਡਰੋਨ ਦੇ ਜ਼ਰੀਏ ਉੱਪਰੋਂ ਤਸਵੀਰਾਂ ਲਈਆਂ ਗਈਆਂ। ਜ਼ਮੀਨ ਦੇ ਮੈਪਿੰਗ ਕੀਤੀ ਗਈ ਅਤੇ ਫਿਰ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ। ਪਤਾ ਲੱਗਾ ਕਿ ਇਹ ਟਿੱਬੇ ਕੁਦਰਤੀ ਨਹੀਂ ਹਨ, ਇਹ ਇਨਸਾਨ ਵੱਲੋਂ ਬਣਾਈ ਗਈ ਕਿਸੇ ਵੱਡੀ ਇਮਾਰਤ ਦੇ ਅਵਸ਼ੇਸ਼ ਹਨ। ਇਸੇ ਦੌਰਾਨ ਇਕ ਹੋਰ ਦਿਲਚਸਪ ਕੜੀ ਜੁੜੀ। ਕਸ਼ਮੀਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਫਰਾਂਸ ਦੇ ਇਕ ਅਜਾਇਬ-ਘਰ ਦੇ Archives ’ਚ ਇਕ ਪੁਰਾਣਾ ਧੁੰਦਲਾ ਜਿਹਾ ਚਿੱਤਰ ਮਿਲਿਆ। ਬਾਰਾਮੂਲਾ ਦੇ ਉਸ ਚਿੱਤਰ ਵਿੱਚ ਤਿੰਨ ਬੌਧ ਸਤੂਪ ਨਜ਼ਰ ਆ ਰਹੇ ਸਨ। ਇੱਥੋਂ ਹੀ ਸਮੇਂ ਨੇ ਕਰਵਟ ਲਈ ਅਤੇ ਕਸ਼ਮੀਰ ਦਾ ਇਕ ਮਾਣਮੱਤਾ ਅਤੀਤ ਸਾਡੇ ਸਾਹਮਣੇ ਆਇਆ। ਇਹ ਲੱਗਭਗ ਦੋ ਹਜ਼ਾਰ ਸਾਲ ਪੁਰਾਣਾ ਇਤਿਹਾਸ ਹੈ। ਕਸ਼ਮੀਰ ਦੇ ਜੇਹਨਪੋਰਾ ਦਾ ਇਹ ਬੌਧ ਪ੍ਰਵੇਸ਼ ਸਾਨੂੰ ਯਾਦ ਦਿਵਾਉਂਦਾ ਹੈ, ਕਸ਼ਮੀਰ ਦਾ ਅਤੀਤ ਕੀ ਸੀ, ਉਸ ਦੀ ਪਛਾਣ ਕਿੰਨੀ ਖ਼ੁਸ਼ਹਾਲ ਸੀ।
ਮੇਰੇ ਪਿਆਰੇ ਦੇਸ਼-ਵਾਸੀਓ,
ਹੁਣ ਮੈਂ ਤੁਹਾਡੇ ਨਾਲ ਭਾਰਤ ਤੋਂ ਹਜ਼ਾਰਾਂ ਕਿੱਲੋਮੀਟਰ ਦੂਰ ਇਕ ਅਜਿਹੇ ਯਤਨ ਦੀ ਗੱਲ ਕਰਨਾ ਚਾਹੁੰਦਾ ਹਾਂ, ਜੋ ਦਿਲ ਨੂੰ ਛੂਹ ਲੈਣ ਵਾਲਾ ਹੈ। Fiji ਵਿੱਚ ਭਾਰਤੀ ਭਾਸ਼ਾ ਤੇ ਸੰਸਕ੍ਰਿਤੀ ਦੇ ਪ੍ਰਸਾਰ ਲਈ ਇਕ ਸ਼ਲਾਘਾਯੋਗ ਪਹਿਲ ਹੋ ਰਹੀ ਹੈ, ਉੱਥੋਂ ਦੀ ਨਵੀਂ ਪੀੜ੍ਹੀ ਨੂੰ ਤਾਮਿਲ ਭਾਸ਼ਾ ਨਾਲ ਜੋੜਨ ਲਈ ਕਈ ਪੱਧਰਾਂ ’ਤੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪਿਛਲੇ ਮਹੀਨੇ Fiji ਦੇ ਰਾਕੀ-ਰਾਕੀ ਇਲਾਕੇ ਵਿੱਚ ਉੱਥੋਂ ਦੇ ਇਕ ਸਕੂਲ ’ਚ ਪਹਿਲੀ ਵਾਰ ਤਾਮਿਲ ਦਿਵਸ ਮਨਾਇਆ ਗਿਆ। ਉਸ ਦਿਨ ਬੱਚਿਆਂ ਨੂੰ ਇਕ ਅਜਿਹਾ ਮੰਚ ਮਿਲਿਆ, ਜਿੱਥੇ ਉਨ੍ਹਾਂ ਨੇ ਆਪਣੀ ਭਾਸ਼ਾ ’ਤੇ ਖੁੱਲ੍ਹੇ ਦਿਲ ਨਾਲ ਮਾਣ ਪ੍ਰਗਟ ਕੀਤਾ। ਬੱਚਿਆਂ ਨੇ ਤਾਮਿਲ ਵਿੱਚ ਕਵਿਤਾਵਾਂ ਸੁਣਾਈਆਂ, ਭਾਸ਼ਣ ਦਿੱਤੇ ਅਤੇ ਆਪਣੀ ਸੰਸਕ੍ਰਿਤੀ ਨੂੰ ਪੂਰੇ ਆਤਮ-ਵਿਸ਼ਵਾਸ ਦੇ ਨਾਲ ਮੰਚ ’ਤੇ ਪੇਸ਼ ਕੀਤਾ।
ਸਾਥੀਓ,
ਦੇਸ਼ ਦੇ ਅੰਦਰ ਵੀ ਤਾਮਿਲ ਭਾਸ਼ਾ ਦੇ ਪ੍ਰਚਾਰ ਲਈ ਲਗਾਤਾਰ ਕੰਮ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਮੇਰੇ ਸੰਸਦੀ ਖੇਤਰ ਕਾਸ਼ੀ ਵਿੱਚ ਚੌਥਾ ‘ਕਾਸ਼ੀ ਤਾਮਿਲ ਸੰਗਮਮ’ ਹੋਇਆ। ਹੁਣ ਮੈਂ ਤੁਹਾਨੂੰ ਇਕ ਆਡੀਓ ਕਲਿੱਪ ਸੁਣਾਉਣ ਲੱਗਾ ਹਾਂ। ਤੁਸੀਂ ਸੁਣੋ ਅਤੇ ਅੰਦਾਜ਼ਾ ਲਗਾਓ ਕਿ ਤਾਮਿਲ ਬੋਲਣ ਦੀ ਕੋਸ਼ਿਸ਼ ਕਰ ਰਹੇ ਬੱਚੇ ਕਿੱਥੋਂ ਦੇ ਹਨ?
# (Audio Clip 1 ਪਾਇਲ) #
ਸਾਥੀਓ,
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਤਾਮਿਲ ਭਾਸ਼ਾ ਵਿੱਚ ਇੰਨੀ ਸਹਿਜਤਾ ਨਾਲ ਆਪਣੀ ਗੱਲ ਰੱਖਣ ਵਾਲੇ ਇਹ ਬੱਚੇ ਕਾਸ਼ੀ ਦੇ ਹਨ, ਵਾਰਾਣਸੀ ਦੇ ਹਨ। ਇਨ੍ਹਾਂ ਦੀ ਮਾਂ ਬੋਲੀ ਹਿੰਦੀ ਹੈ ਪਰ ਤਾਮਿਲ ਭਾਸ਼ਾ ਦੇ ਪ੍ਰਤੀ ਲਗਨ ਨੇ ਇਨ੍ਹਾਂ ਨੂੰ ਤਾਮਿਲ ਸਿੱਖਣ ਲਈ ਪ੍ਰੇਰਿਤ ਕੀਤਾ ਹੈ। ਇਸ ਸਾਲ ਵਾਰਾਣਸੀ ਵਿੱਚ ‘ਕਾਸ਼ੀ ਤਾਮਿਲ ਸੰਗਮਮ’ ਦੇ ਦੌਰਾਨ ਤਾਮਿਲ ਸਿੱਖਣ ’ਤੇ ਖ਼ਾਸ ਜ਼ੋਰ ਦਿੱਤਾ ਗਿਆ ਸੀ।
Learn Tamil - ‘ਤਾਮਿਲ ਕਰਾਕਲਮ’ ਇਸ ਥੀਮ ਦੇ ਤਹਿਤ ਵਾਰਾਣਸੀ ਦੇ 50 ਤੋਂ ਜ਼ਿਆਦਾ ਸਕੂਲਾਂ ਵਿੱਚ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ। ਇਸੇ ਦਾ ਨਤੀਜਾ ਸਾਨੂੰ ਇਸ ਆਡੀਓ ਕਲਿੱਪ ਵਿੱਚ ਸੁਣਾਈ ਦਿੰਦਾ ਹੈ।
# (Audio Clip 2 ਵੈਸ਼ਣਵੀ) #
ਸਾਥੀਓ,
ਤਾਮਿਲ ਭਾਸ਼ਾ ਦੁਨੀਆਂ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ। ਤਾਮਿਲ ਸਾਹਿਤ ਵੀ ਬੇਹੱਦ ਸਮ੍ਰਿਧ ਹੈ। ਮੈਂ ‘ਮਨ ਕੀ ਬਾਤ’ ਵਿੱਚ ‘ਕਾਸ਼ੀ ਤਾਮਿਲ ਸੰਗਮਮ’ ਵਿੱਚ ਭਾਗ ਲੈਣ ਦਾ ਅਨੁਭਵ ਕੀਤਾ ਸੀ। ਮੈਨੂੰ ਖ਼ੁਸ਼ੀ ਹੈ ਕਿ ਅੱਜ ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਵੀ ਬੱਚਿਆਂ ਅਤੇ ਨੌਜਵਾਨਾਂ ਵਿਚਕਾਰ ਤਾਮਿਲ ਭਾਸ਼ਾ ਨੂੰ ਲੈ ਕੇ ਨਵੀਂ ਖਿੱਚ ਦਿਖਾਈ ਦੇ ਰਹੀ ਹੈ - ਇਹੀ ਭਾਸ਼ਾ ਦੀ ਤਾਕਤ ਹੈ - ਇਹ ਭਾਰਤ ਦੀ ਏਕਤਾ ਹੈ।
ਸਾਥੀਓ,
ਅਗਲੇ ਮਹੀਨੇ ਅਸੀਂ ਦੇਸ਼ ਦਾ 77ਵਾਂ ਗਣਤੰਤਰ ਦਿਵਸ ਮਨਾਵਾਂਗੇ। ਜਦੋਂ ਵੀ ਅਜਿਹੇ ਮੌਕੇ ਆਉਂਦੇ ਹਨ ਤਾਂ ਸਾਡਾ ਮਨ ਆਜ਼ਾਦੀ ਘੁਲਾਟੀਆਂ ਅਤੇ ਸੰਵਿਧਾਨ ਨਿਰਮਾਤਾਵਾਂ ਦੇ ਪ੍ਰਤੀ ਸ਼ੁਕਰਾਨੇ ਦੇ ਭਾਵ ਨਾਲ ਭਰ ਜਾਂਦਾ ਹੈ। ਸਾਡੇ ਦੇਸ਼ ਨੇ ਆਜ਼ਾਦੀ ਪਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ। ਆਜ਼ਾਦੀ ਦੇ ਅੰਦੋਲਨ ਵਿੱਚ ਦੇਸ਼ ਦੇ ਹਰ ਹਿੱਸੇ ਦੇ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ ਹੈ ਪਰ ਦੁਰਭਾਗ ਨਾਲ ਆਜ਼ਾਦੀ ਦੇ ਅਨੇਕਾਂ ਨਾਇਕ-ਨਾਇਕਾਵਾਂ ਨੂੰ ਉਹ ਸਨਮਾਨ ਨਹੀਂ ਮਿਲਿਆ, ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਸੀ। ਅਜਿਹੇ ਹੀ ਇਕ ਸੁਤੰਤਰਤਾ ਸੈਨਾਨੀ ਹਨ - ਓਡੀਸ਼ਾ ਦੀ ਪਾਰਵਤੀ ਗਿਰੀ ਜੀ। ਜਨਵਰੀ, 2026 ਵਿੱਚ ਉਨ੍ਹਾਂ ਦੀ ਜਨਮ ਸ਼ਤਾਬਦੀ ਮਨਾਈ ਜਾਵੇਗੀ। ਉਨ੍ਹਾਂ ਨੇ 16 ਸਾਲ ਦੀ ਉਮਰ ਵਿੱਚ ‘ਭਾਰਤ ਛੱਡੋ ਅੰਦੋਲਨ’ ’ਚ ਹਿੱਸਾ ਲਿਆ ਸੀ। ਸਾਥੀਓ, ਆਜ਼ਾਦੀ ਦੇ ਅੰਦੋਲਨ ਤੋਂ ਬਾਅਦ ਪਾਰਵਤੀ ਗਿਰੀ ਜੀ ਨੇ ਆਪਣਾ ਜੀਵਨ ਸਮਾਜ ਸੇਵਾ ਅਤੇ ਜਨਜਾਤੀ ਕਲਿਆਣ ਨੂੰ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਨੇ ਕਈ ਯਤੀਮ ਘਰਾਂ ਦੀ ਸਥਾਪਨਾ ਕੀਤੀ। ਉਨ੍ਹਾਂ ਦਾ ਪ੍ਰੇਰਕ ਜੀਵਨ ਹਰ ਪੀੜ੍ਹੀ ਨੂੰ ਮਾਰਗ-ਦਰਸ਼ਨ ਕਰਦਾ ਰਹੇਗਾ।
‘‘ਮੁੰ ਪਾਰਵਤੀ ਗਿਰੀ ਜਿੰਕੁ, ਸ਼ਰਧਾਂਜਲੀ ਅਰਪਣ ਕਰੁੰਛੀ।’’
(ਮੈਂ ਪਾਰਵਤੀ ਗਿਰੀ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।)
ਸਾਥੀਓ,
ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਵਿਰਾਸਤ ਨੂੰ ਨਾ ਭੁੱਲੀਏ। ਅਸੀਂ ਆਜ਼ਾਦੀ ਦਿਵਾਉਣ ਵਾਲੇ ਨਾਇਕ-ਨਾਇਕਾਵਾਂ ਦੀ ਮਹਾਨ ਗਾਥਾ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਈਏ। ਤੁਹਾਨੂੰ ਯਾਦ ਹੋਵੇਗਾ ਜਦੋਂ ਸਾਡੀ ਆਜ਼ਾਦੀ ਦੇ 75 ਸਾਲ ਪੂਰੇ ਹੋਏ ਸਨ ਤਾਂ ਸਰਕਾਰ ਨੇ ਇਕ ਵਿਸ਼ੇਸ਼ ਵੈੱਬਸਾਈਟ ਤਿਆਰ ਕੀਤੀ ਸੀ। ਇਸ ਵਿੱਚ ਇਕ ਵਿਭਾਗ ‘Unsung Heroes’ ਨੂੰ ਸਮਰਪਿਤ ਕੀਤਾ ਗਿਆ ਸੀ। ਅੱਜ ਵੀ ਤੁਸੀਂ ਇਸ ਵੈੱਬਸਾਈਟ ’ਤੇ ਜਾ ਕੇ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਬਾਰੇ ਜਾਣ ਸਕਦੇ ਹੋ, ਜਿਨ੍ਹਾਂ ਦੀ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਹੈ।
ਮੇਰੇ ਪਿਆਰੇ ਦੇਸ਼-ਵਾਸੀਓ,
‘ਮਨ ਕੀ ਬਾਤ’ ਦੇ ਜ਼ਰੀਏ ਸਾਨੂੰ ਸਮਾਜ ਦੀ ਭਲਾਈ ਨਾਲ ਸਬੰਧਤ ਮਹੱਤਵਪੂਰਨ ਵਿਸ਼ਿਆਂ ਬਾਰੇ ਚਰਚਾ ਕਰਨ ਦਾ ਇਕ ਬਹੁਤ ਚੰਗਾ ਮੌਕਾ ਮਿਲਦਾ ਹੈ। ਅੱਜ ਮੈਂ ਇਕ ਅਜਿਹੇ ਮੁੱਦੇ ’ਤੇ ਗੱਲ ਕਰਨਾ ਚਾਹੁੰਦਾ ਹਾਂ ਜੋ ਸਾਡੇ ਸਾਰਿਆਂ ਦੇ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ICMR ਯਾਨੀ Indian Council of Medical Research ਨੇ ਹੁਣੇ ਜਿਹੇ ਹੀ ਇਕ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਨਿਮੋਨੀਆ ਅਤੇ ਯੂ. ਟੀ. ਆਈ. ਵਰਗੀਆਂ ਕਈ ਬਿਮਾਰੀਆਂ ਦੇ ਖ਼ਿਲਾਫ਼ antibiotic ਦਵਾਈਆਂ ਕਮਜ਼ੋਰ ਸਾਬਤ ਹੋ ਰਹੀਆਂ ਹਨ। ਸਾਡੇ ਸਾਰਿਆਂ ਦੇ ਲਈ ਇਹ ਬਹੁਤ ਹੀ ਚਿੰਤਾਜਨਕ ਹੈ। ਰਿਪੋਰਟ ਦੇ ਅਨੁਸਾਰ ਇਸ ਦਾ ਇਕ ਵੱਡਾ ਕਾਰਨ ਲੋਕਾਂ ਵੱਲੋਂ ਬਿਨਾਂ ਸੋਚੇ-ਸਮਝੇ antibiotic ਦਵਾਈਆਂ ਦੀ ਵਰਤੋਂ ਹੈ। antibiotic ਅਜਿਹੀਆਂ ਦਵਾਈਆਂ ਨਹੀਂ ਹਨ, ਜਿਨ੍ਹਾਂ ਨੂੰ ਉਂਜ ਹੀ ਲੈ ਲਿਆ ਜਾਵੇ। ਇਨ੍ਹਾਂ ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ। ਅੱਜ-ਕੱਲ੍ਹ ਲੋਕ ਇਹ ਮੰਨਣ ਲੱਗੇ ਹਨ ਕਿ ਬਸ ਇਕ ਗੋਲੀ ਲੈ ਲਓ, ਹਰ ਤਕਲੀਫ ਦੂਰ ਹੋ ਜਾਵੇਗੀ। ਇਹੀ ਵਜ੍ਹਾ ਹੈ ਕਿ ਬਿਮਾਰੀਆਂ ਅਤੇ ਇਨਫੈਕਸ਼ਨ ਇਨ੍ਹਾਂ antibiotic ਦਵਾਈਆਂ ’ਤੇ ਭਾਰੀ ਪੈ ਰਹੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਆਪਣੀ ਮਨਮਰਜ਼ੀ ਨਾਲ ਦਵਾਈਆਂ ਦਾ ਇਸਤੇਮਾਲ ਕਰਨ ਤੋਂ ਬਚੋ। antibiotic ਦਵਾਈਆਂ ਦੇ ਮਾਮਲੇ ਵਿੱਚ ਤਾਂ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਮੈਂ ਤਾਂ ਇਹੀ ਕਹਾਂਗਾ ਕਿ ਮੈਡੀਸਨ ਦੇ ਲਈ Guidance ਅਤੇ antibiotics ਦੇ ਲਈ ਡਾਕਟਰਾਂ ਦੀ ਲੋੜ ਹੈ। ਇਹ ਆਦਤ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ।
ਮੇਰੇ ਪਿਆਰੇ ਦੇਸ਼-ਵਾਸੀਓ,
ਸਾਡੀਆਂ ਰਵਾਇਤੀ ਕਲਾਵਾਂ ਸਮਾਜ ਨੂੰ ਸਸ਼ਕਤ ਕਰਨ ਦੇ ਨਾਲ ਹੀ ਆਰਥਿਕ ਤਰੱਕੀ ਦਾ ਵੀ ਵੱਡਾ ਮਾਧਿਅਮ ਬਣ ਰਹੀਆਂ ਹਨ। ਆਂਧਰਾ ਪ੍ਰਦੇਸ਼ ਦੇ ਨਾਰਸਾਪੁਰਮ ਜ਼ਿਲ੍ਹੇ ਦੀ ਲੇਸ ਕ੍ਰਾਫਟ ਦੀ ਚਰਚਾ ਹੁਣ ਪੂਰੇ ਦੇਸ਼ ਵਿੱਚ ਵਧ ਰਹੀ ਹੈ। ਇਹ ਲੇਸ ਕ੍ਰਾਫਟ ਕਈ ਪੀੜ੍ਹੀਆਂ ਤੋਂ ਔਰਤਾਂ ਦੇ ਹੱਥਾਂ ਵਿੱਚ ਰਹੀ ਹੈ। ਬਹੁਤ ਹੌਸਲੇ ਅਤੇ ਬਰੀਕੀ ਦੇ ਨਾਲ ਦੇਸ਼ ਦੀ ਨਾਰੀ ਸ਼ਕਤੀ ਨੇ ਇਸ ਦੀ ਸੰਭਾਲ ਕੀਤੀ ਹੈ। ਅੱਜ ਇਸ ਰਵਾਇਤ ਨੂੰ ਇਕ ਨਵੇਂ ਰੰਗ-ਰੂਪ ਦੇ ਨਾਲ ਅੱਗੇ ਲਿਜਾਇਆ ਜਾ ਰਿਹਾ ਹੈ। ਆਂਧਰਾ ਪ੍ਰਦੇਸ਼ ਸਰਕਾਰ ਅਤੇ NABARD ਮਿਲ ਕੇ ਕਾਰੀਗਰਾਂ ਨੂੰ ਇਕ ਨਵੇਂ ਡਿਜ਼ਾਈਨ ਸਿਖਾ ਰਹੇ ਹਨ, ਬਿਹਤਰ ਸਕਿੱਲ ਟਰੇਨਿੰਗ ਦੇ ਰਹੇ ਹਨ ਅਤੇ ਨਵੇਂ ਬਾਜ਼ਾਰ ਨਾਲ ਜੋੜ ਰਹੇ ਹਨ। ਨਾਰਸਾਪੁਰਮ ਲੇਸ ਨੂੰ GI Tag ਵੀ ਮਿਲਿਆ ਹੈ। ਅੱਜ ਇਸ ਦੇ 500 ਤੋਂ ਜ਼ਿਆਦਾ ਪ੍ਰੋਡੱਕਟ ਬਣ ਰਹੇ ਹਨ ਅਤੇ 250 ਤੋਂ ਜ਼ਿਆਦਾ ਪਿੰਡਾਂ ਵਿੱਚ ਲਗਭਗ ਇਕ ਲੱਖ ਔਰਤਾਂ ਨੂੰ ਇਸ ਨਾਲ ਕੰਮ ਮਿਲ ਰਿਹਾ ਹੈ।
ਸਾਥੀਓ,
‘ਮਨ ਕੀ ਬਾਤ’ ਅਜਿਹੇ ਲੋਕਾਂ ਨੂੰ ਸਾਹਮਣੇ ਲਿਆਉਣ ਦਾ ਵੀ ਮੰਚ ਹੈ, ਜੋ ਆਪਣੀ ਮਿਹਨਤ ਨਾਲ ਨਾ ਸਿਰਫ ਰਵਾਇਤੀ ਕਲਾਵਾਂ ਨੂੰ ਅੱਗੇ ਵਧਾ ਰਿਹਾ ਹੈ, ਸਗੋਂ ਇਸ ਨਾਲ ਸਥਾਨਕ ਲੋਕਾਂ ਨੂੰ ਸਸ਼ਕਤ ਵੀ ਕਰ ਰਿਹਾ ਹੈ। ਮਣੀਪੁਰ ਦੇ ਚੁਰਾਚਾਂਦਪੁਰ ਵਿੱਚ Margaret Ramtharsiem ਜੀ ਉਨ੍ਹਾਂ ਦੇ ਯਤਨ ਅਜਿਹੇ ਹੀ ਹਨ। ਉਨ੍ਹਾਂ ਨੇ ਮਣੀਪੁਰ ਦੇ ਰਵਾਇਤੀ ਉਤਪਾਦਾਂ ਨੂੰ, ਉੱਥੋਂ ਦੇ ਹੈਂਡੀਕਰਾਫਟ ਨੂੰ, ਬਾਂਸ ਅਤੇ ਲੱਕੜੀ ਨਾਲ ਬਣੀਆਂ ਚੀਜ਼ਾਂ ਨੂੰ ਇਕ ਵੱਡੇ ਵਿਜ਼ਨ ਦੇ ਨਾਲ ਵੇਖਿਆ ਅਤੇ ਇਸੇ ਵਿਜ਼ਨ ਦੇ ਕਾਰਨ ਉਹ ਇਕ ਹੈਂਡੀਕਰਾਫਟ ਆਰਟਿਸਟ ਤੋਂ ਲੋਕਾਂ ਦੇ ਜੀਵਨ ਨੂੰ ਬਦਲਣ ਦਾ ਮਾਧਿਅਮ ਬਣ ਗਏ। ਅੱਜ ਮਾਰਗ੍ਰੇਟ ਜੀ ਦੀ ਯੂਨਿਟ ਉਸ ਵਿੱਚ 50 ਤੋਂ ਜ਼ਿਆਦਾ ਆਰਟਿਸਟ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਦਿੱਲੀ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਆਪਣੇ ਉਤਪਾਦਾਂ ਦੀ ਇਕ ਮਾਰਕਿਟ ਵੀ ਬਣਾਈ ਹੈ।
ਸਾਥੀਓ,
ਮਣੀਪੁਰ ਵਿੱਚ ਹੀ ਇਕ ਹੋਰ ਉਦਾਹਰਣ ਸੈਨਾਪਤੀ ਜ਼ਿਲ੍ਹੇ ਦੀ ਰਹਿਣ ਵਾਲੀ ਚੋਖੋਨੇ ਕ੍ਰਿਚੇਨਾ ਜੀ ਦਾ ਹੈ। ਉਨ੍ਹਾਂ ਦਾ ਪੂਰਾ ਪਰਿਵਾਰ ਰਵਾਇਤੀ ਖੇਤੀ ਨਾਲ ਜੁੜਿਆ ਰਿਹਾ ਹੈ। ਕ੍ਰਿਚੇਨਾ ਨੇ ਇਸ ਰਵਾਇਤੀ ਤਜਰਬੇ ਨੂੰ ਇਕ ਹੋਰ ਵਿਸਥਾਰ ਦਿੱਤਾ। ਉਨ੍ਹਾਂ ਨੇ ਫੁੱਲਾਂ ਦੀ ਖੇਤੀ ਨੂੰ ਆਪਣਾ passion ਬਣਾਇਆ। ਅੱਜ ਉਹ ਇਸ ਕੰਮ ਨਾਲ ਵੱਖ-ਵੱਖ ਮਾਰਕਿਟਜ਼ ਨੂੰ ਜੋੜ ਰਹੀ ਹੈ ਅਤੇ ਆਪਣੇ ਇਲਾਕੇ ਦੀ ਲੋਕਲ ਕਮਿਊਨਿਟੀ ਨੂੰ ਵੀ ਸਸ਼ਕਤ ਕਰ ਰਹੀ ਹੈ। ਸਾਥੀਓ, ਇਹ ਉਦਾਹਰਣ ਇਸ ਗੱਲ ਦਾ ਵਿਕਲਪ ਹੈ ਕਿ ਜੇਕਰ ਰਵਾਇਤੀ ਗਿਆਨ ਨੂੰ ਆਧੁਨਿਕ ਵਿਜ਼ਨ ਦੇ ਨਾਲ ਅੱਗੇ ਵਧਾਈਏ ਤਾਂ ਇਹ ਆਰਥਿਕ ਤਰੱਕੀ ਦਾ ਵੱਡਾ ਮਾਧਿਅਮ ਬਣ ਜਾਂਦਾ ਹੈ। ਤੁਹਾਡੇ ਆਲੇ-ਦੁਆਲੇ ਵੀ ਅਜਿਹੀਆਂ ਸਫਲਤਾਵਾਂ ਦੀਆਂ ਕਹਾਣੀਆਂ ਹੋਣ ਤਾਂ ਮੇਰੇ ਨਾਲ ਜ਼ਰੂਰ ਸਾਂਝੀਆਂ ਕਰਨਾ।
ਸਾਥੀਓ,
ਸਾਡੇ ਦੇਸ਼ ਦੀ ਸਭ ਤੋਂ ਖ਼ੂਬਸੂਰਤ ਗੱਲ ਇਹ ਹੈ ਕਿ ਸਾਲ ਭਰ ਹਰ ਸਮੇਂ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਉਤਸਵ ਦਾ ਮਾਹੌਲ ਰਹਿੰਦਾ ਹੈ। ਵੱਖ-ਵੱਖ ਪੁਰਬ-ਤਿਉਹਾਰ ਤਾਂ ਹਨ ਹੀ। ਨਾਲ ਹੀ ਵਿਭਿੰਨ ਰਾਜਾਂ ਦੇ ਸਥਾਨਕ ਉਤਸਵ ਵੀ ਆਯੋਜਿਤ ਹੁੰਦੇ ਰਹਿੰਦੇ ਹਨ। ਯਾਨੀ, ਜੇਕਰ ਤੁਸੀਂ ਘੁੰਮਣ ਦਾ ਮਨ ਬਣਾਓ ਤਾਂ ਹਰ ਸਮੇਂ ਦੇਸ਼ ਦਾ ਕੋਈ ਨਾ ਕੋਈ ਕੋਨਾ ਆਪਣੇ ਅਨੋਖੇ ਉਤਸਵ ਦੇ ਨਾਲ ਤਿਆਰ ਮਿਲੇਗਾ। ਅਜਿਹਾ ਹੀ ਇਕ ਉਤਸਵ ਇਨ੍ਹੀਂ ਦਿਨੀਂ ਕੱਛ ਦੇ ਰਣ ਵਿੱਚ ਚੱਲ ਰਿਹਾ ਹੈ। ਇਸ ਸਾਲ ਕੱਛ ਰਣ ਉਤਸਵ ਦਾ ਇਹ ਆਯੋਜਨ 23 ਨਵੰਬਰ ਤੋਂ ਸ਼ੁਰੂ ਹੋਇਆ ਹੈ ਜੋ ਕਿ 20 ਫਰਵਰੀ ਤੱਕ ਚੱਲੇਗਾ। ਇੱਥੇ ਕੱਛ ਦਾ ਲੋਕ ਸਭਿਆਚਾਰ, ਲੋਕ ਸੰਗੀਤ, ਨਾਚ ਅਤੇ ਦਸਤਕਾਰੀ ਦੀ ਵਿਭਿੰਨਤਾ ਦਿਖਾਈ ਦਿੰਦੀ ਹੈ। ਕੱਛ ਦੇ ਸਫੈਦ ਰਣ ਦੀ ਸ਼ਾਨ ਵੇਖਣਾ ਆਪਣੇ ਆਪ ਵਿੱਚ ਇਕ ਸੁਖਦ ਅਨੁਭਵ ਹੈ। ਰਾਤ ਦੇ ਵੇਲੇ ਜਦੋਂ ਸਫੈਦ ਰਣ ਦੇ ਉੱਪਰ ਚਾਨਣੀ ਫੈਲਦੀ ਹੈ, ਉੱਥੋਂ ਦਾ ਦ੍ਰਿਸ਼ ਆਪਣੇ ਆਪ ਵਿੱਚ ਮਨ ਨੂੰ ਮੋਹ ਲੈਣ ਵਾਲਾ ਹੁੰਦਾ ਹੈ। ਰਣ ਉਤਸਵ ਦਾ ਟੈਂਟ ਸਿਟੀ ਬਹੁਤ ਹਰਮਨ-ਪਿਆਰਾ ਹੈ। ਮੈਨੂੰ ਜਾਣਕਾਰੀ ਮਿਲੀ ਹੈ ਕਿ ਪਿਛਲੇ ਇਕ ਮਹੀਨੇ ਵਿੱਚ ਹੁਣ ਤੱਕ 2 ਲੱਖ ਤੋਂ ਜ਼ਿਆਦਾ ਲੋਕ ਰਣ ਉਤਸਵ ਦਾ ਹਿੱਸਾ ਬਣ ਚੁੱਕੇ ਹਨ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਹਨ। ਵਿਦੇਸ਼ ਤੋਂ ਵੀ ਲੋਕ ਆਏ ਹਨ, ਤੁਹਾਨੂੰ ਜਦੋਂ ਵੀ ਮੌਕਾ ਮਿਲੇ, ਅਜਿਹੇ ਉਤਸਵਾਂ ਵਿੱਚ ਜ਼ਰੂਰ ਸ਼ਾਮਲ ਹੋਵੋ ਅਤੇ ਭਾਰਤ ਦੀ ਵਿਭਿੰਨਤਾ ਦਾ ਅਨੰਦ ਲਓ।
ਸਾਥੀਓ,
2025 ਵਿੱਚ ‘ਮਨ ਕੀ ਬਾਤ’ ਦਾ ਇਹ ਆਖਰੀ ਐਪੀਸੋਡ ਹੈ। ਹੁਣ ਅਸੀਂ ਸਾਲ 2026 ’ਚ ਅਜਿਹੀ ਹੀ ਉਮੰਗ ਅਤੇ ਉਤਸ਼ਾਹ ਦੇ ਨਾਲ, ਆਪਣੇਪਨ ਦੇ ਨਾਲ ਆਪਣੀਆਂ ‘ਮਨ ਦੀਆਂ ਗੱਲਾਂ’ ਨੂੰ ਕਰਨ ਲਈ ‘ਮਨ ਕੀ ਬਾਤ’ ਪ੍ਰੋਗਰਾਮ ’ਚ ਜ਼ਰੂਰ ਜੁੜਾਂਗੇ। ਨਵੀਂ ਊਰਜਾ, ਨਵੇਂ ਵਿਸ਼ੇ ਅਤੇ ਪ੍ਰੇਰਨਾ ਨਾਲ ਭਰ ਦੇਣ ਵਾਲੀਆਂ ਦੇਸ਼-ਵਾਸੀਆਂ ਦੀਆਂ ਅਨੇਕਾਂ ਗਾਥਾਵਾਂ ‘ਮਨ ਕੀ ਬਾਤ’ ਵਿੱਚ ਸਾਨੂੰ ਸਾਰਿਆਂ ਨੂੰ ਜੋੜਦੀਆਂ ਹਨ। ਹਰ ਮਹੀਨੇ ਮੈਨੂੰ ਅਜਿਹੇ ਕਈ ਸੁਨੇਹੇ ਮਿਲਦੇ ਹਨ, ਜਿਨ੍ਹਾਂ ਵਿੱਚ ਵਿਕਸਿਤ ਭਾਰਤ ਨੂੰ ਲੈ ਕੇ ਲੋਕ ਆਪਣਾ ਵਿਜ਼ਨ ਸਾਂਝਾ ਕਰਦੇ ਹਨ। ਲੋਕਾਂ ਤੋਂ ਮਿਲਣ ਵਾਲੇ ਸੁਝਾਓ ਅਤੇ ਇਸ ਦਿਸ਼ਾ ਵਿੱਚ ਉਨ੍ਹਾਂ ਦੇ ਯਤਨਾਂ ਨੂੰ ਦੇਖ ਕੇ ਇਹ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਅਤੇ ਜਦੋਂ ਇਹ ਸਾਰੀਆਂ ਗੱਲਾਂ ਮੇਰੇ ਤੱਕ ਪਹੁੰਚਦੀਆਂ ਹਨ ਤਾਂ ‘ਵਿਕਸਿਤ ਭਾਰਤ’ ਦਾ ਸੰਕਲਪ ਜ਼ਰੂਰ ਸਿੱਧ ਹੋਵੇਗਾ। ਇਹ ਵਿਸ਼ਵਾਸ ਦਿਨੋ-ਦਿਨ ਮਜ਼ਬੂਤ ਹੁੰਦਾ ਜਾਂਦਾ ਹੈ। ਸਾਲ 2026 ਇਸ ਸੰਕਲਪ ਸਿੱਧੀ ਦੀ ਯਾਤਰਾ ਵਿੱਚ ਇਕ ਮਹੱਤਵਪੂਰਨ ਪੜਾਅ ਸਾਬਤ ਹੋਵੇ। ਤੁਹਾਡੇ ਅਤੇ ਤੁਹਾਡੇ ਪਰਿਵਾਰ ਦਾ ਜੀਵਨ ਖ਼ੁਸ਼ਹਾਲ ਹੋਵੇ। ਇਸੇ ਕਾਮਨਾ ਦੇ ਨਾਲ ਇਸ ਐਪੀਸੋਡ ਵਿੱਚ ਵਿਦਾ ਲੈਣ ਤੋਂ ਪਹਿਲਾਂ ਮੈਂ ਜ਼ਰੂਰ ਕਹਾਂਗਾ ‘Fit India Movement’ ਤੁਹਾਨੂੰ ਵੀ ਫਿੱਟ ਰਹਿਣਾ ਹੈ। ਠੰਡ ਦਾ ਇਹ ਮੌਸਮ ਕਸਰਤ ਦੇ ਲਈ ਬਹੁਤ ਢੁਕਵਾਂ ਹੁੰਦਾ ਹੈ, ਕਸਰਤ ਜ਼ਰੂਰ ਕਰੋ। ਤੁਹਾਨੂੰ ਸਾਰਿਆਂ ਨੂੰ 2026 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ। ਵੰਦੇ ਮਾਤਰਮ।
*****
ਐੱਮਜੇਪੀਐੱਸ/ਵੀਜੇ/ਐੱਸਐੱਸ
(रिलीज़ आईडी: 2209171)
आगंतुक पटल : 9
इस विज्ञप्ति को इन भाषाओं में पढ़ें:
Gujarati
,
Malayalam
,
Punjabi
,
Assamese
,
English
,
Urdu
,
Marathi
,
हिन्दी
,
Bengali
,
Tamil
,
Kannada