ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸਰਦ ਰੁੱਤ ਸੈਸ਼ਨ 2025 ਦੀ ਸ਼ੁਰੂਆਤ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਟਿੱਪਣੀਆਂ


ਭਾਵੇਂ ਕੋਈ ਵੀ ਪਾਰਟੀ ਕਿਉਂ ਨਾ ਹੋਵੇ, ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਂਸਦਾਂ ਦੀ ਨਵੀਂ ਪੀੜ੍ਹੀ ਅਤੇ ਪਹਿਲੀ ਵਾਰ ਸੰਸਦ ਵਿੱਚ ਚੁਣ ਕੇ ਆਏ ਮੈਂਬਰਾਂ ਨੂੰ ਸਾਰਥਕ ਮੌਕੇ ਮਿਲਣ - ਪ੍ਰਧਾਨ ਮੰਤਰੀ

ਭਾਰਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕਤੰਤਰ ਸਫਲ ਨਤੀਜੇ ਦੇ ਸਕਦਾ ਹੈ - ਪ੍ਰਧਾਨ ਮੰਤਰੀ

ਇਹ ਸਰਦ ਰੁੱਤ ਸੈਸ਼ਨ ਦੇਸ਼ ਨੂੰ ਹੋਰ ਵੀ ਤੇਜ਼ ਰਫ਼ਤਾਰ ਨਾਲ ਅੱਗੇ ਵਧਾਉਣ ਦੇ ਸਾਡੇ ਯਤਨਾਂ ਵਿੱਚ ਨਵੀਂ ਊਰਜਾ ਭਰੇਗਾ - ਪ੍ਰਧਾਨ ਮੰਤਰੀ

प्रविष्टि तिथि: 01 DEC 2025 12:41PM by PIB Chandigarh

ਅੱਜ ਸੰਸਦ ਕੰਪਲੈਕਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਰਦ ਰੁੱਤ ਸੈਸ਼ਨ 2025 ਦੀ ਸ਼ੁਰੂਆਤ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਸੈਸ਼ਨ ਸਿਰਫ਼ ਇੱਕ ਰਸਮੀ ਕਾਰਵਾਈ ਨਹੀਂ ਹੈ, ਸਗੋਂ ਦੇਸ਼ ਦੀ ਤੇਜ਼ ਤਰੱਕੀ ਦੀ ਚੱਲ ਰਹੀ ਯਾਤਰਾ ਲਈ ਨਵੀਂ ਊਰਜਾ ਦਾ ਇੱਕ ਮਹੱਤਵਪੂਰਨ ਸਰੋਤ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਮੇਰਾ ਪੱਕਾ ਵਿਸ਼ਵਾਸ ਹੈ ਕਿ ਇਹ ਸੈਸ਼ਨ ਦੇਸ਼ ਦੀ ਤਰੱਕੀ ਨੂੰ ਤੇਜ਼ ਕਰਨ ਲਈ ਚੱਲ ਰਹੇ ਯਤਨਾਂ ਵਿੱਚ ਨਵੀਂ ਊਰਜਾ ਭਰੇਗਾ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਆਪਣੀਆਂ ਲੋਕਤੰਤਰੀ ਪਰੰਪਰਾਵਾਂ ਦੀ ਜੀਵਿਤਤਾ ਅਤੇ ਭਾਵਨਾ ਦਾ ਲਗਾਤਾਰ ਪ੍ਰਦਰਸ਼ਨ ਕੀਤਾ ਹੈ। ਹਾਲ ਹੀ ਵਿੱਚ ਹੋਈਆਂ ਬਿਹਾਰ ਚੋਣਾਂ ਦੀ ਉਦਾਹਰਣ ਦਿੰਦੇ ਹੋਏ, ਉਨ੍ਹਾਂ ਨੇ ਰਿਕਾਰਡ ਤੋੜ ਵੋਟਰਾਂ ਦੀ ਗਿਣਤੀ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਦੇਸ਼ ਦੀ ਲੋਕਤੰਤਰੀ ਤਾਕਤ ਦਾ ਇੱਕ ਸ਼ਕਤੀਸ਼ਾਲੀ ਪ੍ਰਮਾਣ ਦੱਸਿਆ। ਉਨ੍ਹਾਂ ਨੇ ਮਹਿਲਾ ਵੋਟਰਾਂ ਦੀ ਵਧਦੀ ਭਾਗੀਦਾਰੀ ਨੂੰ ਵੀ ਉਜਾਗਰ ਕੀਤਾ ਅਤੇ ਇਸ ਨੂੰ ਇੱਕ ਸ਼ਾਨਦਾਰ ਅਤੇ ਉਤਸ਼ਾਹਜਨਕ ਰੁਝਾਨ ਦੱਸਿਆ ਜੋ ਲੋਕਤੰਤਰੀ ਪ੍ਰਕਿਰਿਆ ਵਿੱਚ ਨਵੀਂ ਉਮੀਦ ਅਤੇ ਨਵਾਂ ਵਿਸ਼ਵਾਸ ਲਿਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਦੀਆਂ ਲੋਕਤੰਤਰੀ ਸੰਸਥਾਵਾਂ ਮਜ਼ਬੂਤ ​ਹੋ ਰਹੀਆਂ ਹਨ, ਦੁਨੀਆ ਬਹੁਤ ਧਿਆਨ ਨਾਲ ਦੇਖ ਰਹੀ ਹੈ ਕਿ ਇਹ ਲੋਕਤੰਤਰੀ ਪ੍ਰਣਾਲੀਆਂ ਦੇਸ਼ ਦੀਆਂ ਆਰਥਿਕ ਸਮਰੱਥਾਵਾਂ ਨੂੰ ਵੀ ਕਿਵੇਂ ਮਜ਼ਬੂਤ ​​ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕਤੰਤਰ ਸਫਲ ਨਤੀਜੇ ਦੇ ਸਕਦਾ ਹੈ।" ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਭਾਰਤ ਦੀਆਂ ਆਰਥਿਕ ਸਥਿਤੀਆਂ ਜਿਸ ਗਤੀ ਨਾਲ ਨਵੀਂਆਂ ਉਚਾਈਆਂ ਨੂੰ ਛੂਹ ਰਹੀਆਂ ਹਨ, ਉਹ ਨਵਾਂ ਵਿਸ਼ਵਾਸ ਜਗਾਉਂਦੀਆਂ ਹਨ ਅਤੇ ਸਾਨੂੰ ਵਿਕਸਿਤ ਭਾਰਤ ਦੇ ਟੀਚੇ ਵੱਲ ਵਧਣ ਦੇ ਨਾਲ-ਨਾਲ ਨਵੀਂ ਤਾਕਤ ਦਿੰਦੀਆਂ ਹਨ।" 

ਪ੍ਰਧਾਨ ਮੰਤਰੀ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸੈਸ਼ਨ ਨੂੰ ਰਾਸ਼ਟਰੀ ਹਿਤ, ਰਚਨਾਤਮਕ ਚਰਚਾ ਅਤੇ ਨੀਤੀ-ਅਧਾਰਤ ਨਤੀਜਿਆਂ 'ਤੇ ਕੇਂਦ੍ਰਿਤ ਰੱਖਣ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੰਸਦ ਨੂੰ ਇਸ ਗੱਲ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਕਿ ਉਹ ਰਾਸ਼ਟਰ ਲਈ ਕੀ ਕਲਪਨਾ ਕਰਦੀ ਹੈ ਅਤੇ ਰਾਸ਼ਟਰ ਦੇ ਲਈ ਕੀ ਕਰਨਾ ਚਾਹੁੰਦੀ ਹੈ। ਵਿਰੋਧੀ ਧਿਰ ਨੂੰ ਆਪਣੀ ਲੋਕਤੰਤਰੀ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਾਰਥਕ ਅਤੇ ਮਹੱਤਵਪੂਰਨ ਮੁੱਦੇ ਉਠਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਚੋਣਾਂ ਦੀਆਂ ਹਾਰਾਂ ਦੀ ਨਿਰਾਸ਼ਾ ਨੂੰ ਸੰਸਦੀ ਕਾਰਵਾਈਆਂ 'ਤੇ ਹਾਵੀ ਨਾ ਹੋਣ ਦੇਣ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸੈਸ਼ਨ ਵਿੱਚ ਚੋਣਾਂ ਦੀ ਜਿੱਤ ਦਾ ਹੰਕਾਰ ਵੀ ਨਹੀਂ ਝਲਕਣਾ ਚਾਹੀਦਾ। ਉਨ੍ਹਾਂ ਨੇ ਕਿਹਾ, "ਸਰਦੀਆਂ ਦੇ ਸੈਸ਼ਨ ਵਿੱਚ ਸੰਤੁਲਨ, ਜ਼ਿੰਮੇਵਾਰੀ ਅਤੇ ਜਨਤਕ ਪ੍ਰਤੀਨਿਧੀਆਂ ਤੋਂ ਉਮੀਦ ਕੀਤਾ ਗਿਆ ਮਾਣ ਝਲਕਣਾ ਚਾਹੀਦਾ ਹੈ।"

ਪ੍ਰਧਾਨ ਮੰਤਰੀ ਨੇ ਜਾਣਕਾਰੀ ਵਾਲੀ ਚਰਚਾ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਮੈਂਬਰਾਂ ਨੂੰ ਤਾਕੀਦ ਕੀਤੀ ਕਿ ਜੋ ਚੰਗਾ ਕੰਮ ਹੋ ਰਿਹਾ ਹੈ ਉਸ ਨੂੰ ਹੋਰ ਵਧੀਆ ਬਣਾਇਆ ਜਾਵੇ ਅਤੇ ਜਿੱਥੇ ਵੀ ਜ਼ਰੂਰੀ ਹੋਵੇ, ਉੱਥੇ ਰਚਨਾਤਮਕ ਅਤੇ ਸਹੀ ਆਲੋਚਨਾ ਪੇਸ਼ ਕੀਤੀ ਜਾਵੇ, ਤਾਂ ਜੋ ਨਾਗਰਿਕਾਂ ਨੂੰ ਬਿਹਤਰ ਢੰਗ ਨਾਲ ਜਾਣਕਾਰੀ ਮਿਲ ਸਕੇ। ਉਨ੍ਹਾਂ ਨੇ ਕਿਹਾ, "ਇਹ ਕੰਮ ਮੰਗ ਕਰਨ ਵਾਲਾ ਹੈ, ਪਰ ਇਹ ਰਾਸ਼ਟਰ ਲਈ ਜ਼ਰੂਰੀ ਹੈ।"

ਪਹਿਲੀ ਵਾਰ ਚੁਣੇ ਗਏ ਅਤੇ ਨੌਜਵਾਨ ਸੰਸਦ ਮੈਂਬਰਾਂ ਲਈ ਚਿੰਤਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਬਹੁਤ ਸਾਰੇ ਸੰਸਦ ਮੈਂਬਰ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਆਪਣੇ ਹਲਕਿਆਂ ਦੀ ਨੁਮਾਇੰਦਗੀ ਕਰਨ ਜਾਂ ਰਾਸ਼ਟਰੀ ਵਿਕਾਸ 'ਤੇ ਚਰਚਾਵਾਂ ਵਿੱਚ ਯੋਗਦਾਨ ਪਾਉਣ ਲਈ ਲੋੜੀਂਦੇ ਮੌਕੇ ਨਹੀਂ ਮਿਲ ਰਹੇ ਹਨ। ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਇਨ੍ਹਾਂ ਸੰਸਦ ਮੈਂਬਰਾਂ ਨੂੰ ਉਹ ਪਲੇਟਫ਼ਾਰਮ ਮਿਲੇ ਜਿਸ ਦੇ ਉਹ ਹੱਕਦਾਰ ਹਨ। ਉਨ੍ਹਾਂ ਨੇ ਕਿਹਾ, "ਸਦਨ ਅਤੇ ਰਾਸ਼ਟਰ, ਦੋਵਾਂ ਨੂੰ ਨਵੀਂ ਪੀੜ੍ਹੀ ਦੀ ਸਮਝ ਅਤੇ ਊਰਜਾ ਤੋਂ ਲਾਭ ਮਿਲਣਾ ਚਾਹੀਦਾ ਹੈ।"

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸੰਸਦ ਨੀਤੀ (ਪੌਲਿਸੀ) ਅਤੇ ਨਤੀਜਿਆਂ (ਡਿਲੀਵਰੀ) ਲਈ ਹੈ, ਨਾ ਕਿ ਨਾਟਕ ਜਾਂ ਨਾਅਰੇਬਾਜ਼ੀ ਲਈ। ਉਨ੍ਹਾਂ ਨੇ ਕਿਹਾ, "ਨਾਟਕ ਜਾਂ ਨਾਅਰੇਬਾਜ਼ੀ ਲਈ ਹੋਰ ਥਾਵਾਂ ਦੀ ਕੋਈ ਕਮੀ ਨਹੀਂ ਹੈ। ਸੰਸਦ ਵਿੱਚ, ਸਾਡਾ ਧਿਆਨ ਨੀਤੀ 'ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ ਅਤੇ ਸਾਡਾ ਇਰਾਦਾ ਸਪਸ਼ਟ ਹੋਣਾ ਚਾਹੀਦਾ ਹੈ।"

 

ਪ੍ਰਧਾਨ ਮੰਤਰੀ ਨੇ ਇਸ ਸੈਸ਼ਨ ਦੀ ਵਿਸ਼ੇਸ਼ ਮਹੱਤਤਾ ਨੂੰ ਉਜਾਗਰ ਕੀਤਾ, ਕਿਉਂਕਿ ਇਹ ਸੈਸ਼ਨ ਉੱਚ ਸਦਨ ਵਿੱਚ ਨਵੇਂ ਮਾਣਯੋਗ ਚੇਅਰਮੈਨ ਦੇ ਮਾਰਗ-ਦਰਸ਼ਨ ਦੀ ਸ਼ੁਰੂਆਤ ਹੈ। ਪ੍ਰਧਾਨ ਮੰਤਰੀ ਨੇ ਚੇਅਰਮੈਨ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਅਗਵਾਈ ਸੰਸਦੀ ਕੰਮਕਾਜ ਨੂੰ ਹੋਰ ਮਜ਼ਬੂਤ ​​ਕਰੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ ਐੱਸ ਟੀ ਸੁਧਾਰਾਂ ਨੇ ਨਾਗਰਿਕਾਂ ਦਰਮਿਆਨ ਵਿਸ਼ਵਾਸ ਦਾ ਇੱਕ ਮਜ਼ਬੂਤ ​​ਮਾਹੌਲ ਬਣਾਇਆ ਹੈ ਅਤੇ ਉਨ੍ਹਾਂ ਨੂੰ ਅਗਲੀ ਪੀੜ੍ਹੀ ਦੇ ਸੁਧਾਰਾਂ ਵਜੋਂ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਦ ਰੁੱਤ ਸੈਸ਼ਨ ਇਸੇ ਦਿਸ਼ਾ ਵਿੱਚ ਕਈ ਮਹੱਤਵਪੂਰਨ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਲਈ ਤਿਆਰ ਹੈ।

ਹਾਲੀਆ ਸੰਸਦੀ ਰੁਝਾਨਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਹਾਲ ਹੀ ਦੇ ਸਮੇਂ ਵਿੱਚ ਸਾਡੀ ਸੰਸਦ ਦੀ ਵਰਤੋਂ ਜਾਂ ਤਾਂ ਚੋਣਾਂ ਲਈ 'ਵਾਰਮ-ਅਪ ਗਰਾਊਂਡ' ਵਜੋਂ ਕੀਤੀ ਜਾ ਰਹੀ ਹੈ ਜਾਂ ਫਿਰ ਚੋਣਾਂ ਦੀਆਂ ਹਾਰਾਂ ਤੋਂ ਬਾਅਦ ਨਿਰਾਸ਼ਾ ਨੂੰ ਬਾਹਰ ਕੱਢਣ ਲਈ ਇੱਕ ਜਗ੍ਹਾ ਵਜੋਂ ਵਰਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਦੇਸ਼ ਨੇ ਇਨ੍ਹਾਂ ਤਰੀਕਿਆਂ ਨੂੰ ਸਵੀਕਾਰ ਨਹੀਂ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣਾ ਦ੍ਰਿਸ਼ਟੀਕੋਣ ਅਤੇ ਰਣਨੀਤੀ ਬਦਲਣ। ਮੈਂ ਤਾਂ ਉਨ੍ਹਾਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਦੇ ਸੁਝਾਅ ਦੇਣ ਲਈ ਵੀ ਤਿਆਰ ਹਾਂ।"

 

ਸ਼੍ਰੀ ਮੋਦੀ ਨੇ ਦੁਹਰਾਇਆ, "ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਵਧਾਂਗੇ। ਅਤੇ ਮੈਂ ਰਾਸ਼ਟਰ ਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਦੇਸ਼ ਤਰੱਕੀ ਦੇ ਰਾਹ 'ਤੇ ਚੱਲ ਪਿਆ ਹੈ।" ਰਾਸ਼ਟਰ ਦੀ ਤਰੱਕੀ ਦੀ ਦ੍ਰਿੜ੍ਹ ਯਾਤਰਾ ਦੀ ਪੁਸ਼ਟੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਦੇਸ਼ ਨਵੀਂਆਂ ਉਚਾਈਆਂ ਵੱਲ ਵਧ ਰਿਹਾ ਹੈ ਅਤੇ ਇਹ ਸਦਨ ਉਸ ਯਾਤਰਾ ਵਿੱਚ ਨਵੀਂ ਊਰਜਾ ਅਤੇ ਤਾਕਤ ਭਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।"

 

************

ਐੱਮਜੇਪੀਐੱਸ/ਵੀਜੇ


(रिलीज़ आईडी: 2197430) आगंतुक पटल : 30
इस विज्ञप्ति को इन भाषाओं में पढ़ें: Marathi , Tamil , Malayalam , Kannada , Assamese , English , Urdu , हिन्दी , Manipuri , Bengali , Bengali-TR , Gujarati , Odia , Telugu