ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜੋਹੈੱਨਸਬਰਗ ਵਿੱਚ ਆਈਬੀਐੱਸਏ ਆਗੂਆਂ ਦੀ ਬੈਠਕ ਵਿੱਚ ਹਿੱਸਾ ਲਿਆ

Posted On: 23 NOV 2025 2:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੱਖਣੀ ਅਫ਼ਰੀਕਾ ਦੇ ਜੋਹੈੱਨਸਬਰਗ ਵਿੱਚ ਭਾਰਤ ਬ੍ਰਾਜ਼ੀਲ ਦੱਖਣੀ ਅਫ਼ਰੀਕਾ (ਆਈਬੀਐੱਸਏ) ਆਗੂਆਂ ਦੀ ਬੈਠਕ ਵਿੱਚ ਹਿੱਸਾ ਲਿਆ। ਇਸ ਬੈਠਕ ਦੀ ਮੇਜ਼ਬਾਨੀ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਕੀਤੀ ਅਤੇ ਇਸ ਵਿੱਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਹਿੱਸਾ ਲਿਆ।

ਪ੍ਰਧਾਨ ਮੰਤਰੀ ਨੇ ਇਸ ਮੀਟਿੰਗ ਨੂੰ ਸਮੇਂ ਅਨੁਕੂਲ ਦਸਦੇ ਹੋਏ ਕਿਹਾ ਕਿ ਇਹ ਮੀਟਿੰਗ ਅਫ਼ਰੀਕੀ ਧਰਤੀ 'ਤੇ ਪਹਿਲੇ ਜੀ20 ਸਿਖਰ ਸੰਮੇਲਨ ਦੇ ਨਾਲ ਹੋਈ ਅਤੇ ਗਲੋਬਲ ਸਾਊਥ ਦੇਸ਼ਾਂ ਵਿੱਚ ਲਗਾਤਾਰ ਚਾਰ ਜੀ20 ਪ੍ਰਧਾਨਗੀਆਂ ਦੀ ਸਮਾਪਤੀ ਨੂੰ ਚਿੰਨ੍ਹਤ ਕਰਦੀ ਹੈ, ਜਿਨ੍ਹਾਂ ਵਿੱਚੋਂ ਆਖਰੀ ਤਿੰਨ ਆਈਬੀਐੱਸਏ ਦੇ ਮੈਂਬਰ ਦੇਸ਼ਾਂ ਨੇ ਕੀਤੀਆਂ ਸਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਮਨੁੱਖ-ਕੇਂਦ੍ਰਿਤ ਵਿਕਾਸ, ਬਹੁਪੱਖੀ ਸੁਧਾਰ ਅਤੇ ਟਿਕਾਊ ਵਿਕਾਸ 'ਤੇ ਕੇਂਦ੍ਰਿਤ ਕਈ ਅਹਿਮ ਪਹਿਲਕਦਮੀਆਂ ਹੋਈਆਂ ਹਨ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਈਬੀਐੱਸਏ ਸਿਰਫ਼ ਤਿੰਨ ਦੇਸ਼ਾਂ ਦਾ ਸਮੂਹ ਨਹੀਂ ਹੈ, ਸਗੋਂ ਤਿੰਨ ਮਹਾਂਦੀਪਾਂ, ਤਿੰਨ ਪ੍ਰਮੁੱਖ ਲੋਕਤੰਤਰ ਦੇਸ਼ਾਂ ਅਤੇ ਤਿੰਨ ਪ੍ਰਮੁੱਖ ਅਰਥ-ਵਿਵਸਥਾਵਾਂ ਨੂੰ ਜੋੜਨ ਵਾਲਾ ਇੱਕ ਅਹਿਮ ਮੰਚ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ-ਵਿਆਪੀ ਸ਼ਾਸਨ ਅਦਾਰੇ 21ਵੀਂ ਸਦੀ ਦੀਆਂ ਹਕੀਕਤਾਂ ਤੋਂ ਬਹੁਤ ਦੂਰ ਹਨ। ਉਨ੍ਹਾਂ ਨੇ ਆਈਬੀਐੱਸਏ ਨੂੰ ਇਹ ਸਖ਼ਤ ਸੁਨੇਹਾ ਦੇਣ ਦਾ ਸੱਦਾ ਦਿੱਤਾ ਕਿ ਗਲੋਬਲ ਸ਼ਾਸਨ ਅਦਾਰੇ, ਖ਼ਾਸ ਕਰਕੇ ਸੰਯੁਕਤ ਰਾਸ਼ਟਰ ਸੁਰੱਖਿਆ ਕਾਊਂਸਲ ਵਿੱਚ ਸੁਧਾਰ ਹੁਣ ਇੱਕ ਵਿਕਲਪ ਨਹੀਂ, ਸਗੋਂ ਲਾਜ਼ਮੀ ਹੈ।

ਅੱਤਵਾਦ ਵਿਰੋਧੀ ਮੁੱਦੇ 'ਤੇ, ਪ੍ਰਧਾਨ ਮੰਤਰੀ ਨੇ ਮਜ਼ਬੂਤ ਤਾਲਮੇਲ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅੱਤਵਾਦ ਨਾਲ ਲੜਦੇ ਸਮੇਂ ਦੋਹਰੇ ਮਾਪਦੰਡਾਂ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਮਨੁੱਖ-ਕੇਂਦ੍ਰਿਤ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਟੈਕਨਾਲੋਜੀ ਦੀ ਅਹਿਮ ਭੂਮਿਕਾ ’ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਇਨ੍ਹਾਂ ਤਿੰਨਾਂ ਦੇਸ਼ਾਂ ਵਿੱਚ ਯੂਪੀਆਈ ਵਰਗੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਕੋਵਿਨ ਵਰਗੇ ਸਿਹਤ ਪਲੈਟਫਾਰਮਜ਼, ਸਾਈਬਰ ਸੁਰੱਖਿਆ ਢਾਂਚਿਆਂ ਅਤੇ ਮਹਿਲਾਵਾਂ ਦੀ ਅਗਵਾਈ ਵਿੱਚ ਤਕਨੀਕੀ ਪਹਿਲਕਦਮੀਆਂ ਨੂੰ ਸਾਂਝਾ ਕਰਨ ਦੀ ਸਹੂਲਤ ਲਈ ਇੱਕ ‘ਆਈਬੀਐੱਸਏ ਡਿਜੀਟਲ ਇਨੋਵੇਸ਼ਨ ਅਲਾਇੰਸ’ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ।

ਪ੍ਰਧਾਨ ਮੰਤਰੀ ਨੇ ਸੁਰੱਖਿਅਤ, ਭਰੋਸੇਮੰਦ ਅਤੇ ਮਨੁੱਖ-ਕੇਂਦ੍ਰਿਤ ਏਆਈ ਮਾਪਦੰਡਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਆਈਬੀਐੱਸਏ ਦੀ ਸਮਰੱਥਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਅਗਲੇ ਸਾਲ ਭਾਰਤ ਵਿੱਚ ਆਯੋਜਿਤ ਹੋਣ ਵਾਲੇ ਏਆਈ ਪ੍ਰਭਾਵ ਸਿਖਰ ਸੰਮੇਲਨ ਵਿੱਚ ਆਈਬੀਐੱਸਏ ਆਗੂਆਂ ਨੂੰ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਬੀਐੱਸਏ ਇੱਕ-ਦੂਜੇ ਦੇ ਵਿਕਾਸ ਦੇ ਪੂਰਕ ਅਤੇ ਟਿਕਾਊ ਵਿਕਾਸ ਦੀ ਇੱਕ ਮਿਸਾਲ ਬਣ ਸਕਦੇ ਹਨ। ਉਨ੍ਹਾਂ ਨੇ ਮੋਟੇ ਅਨਾਜ, ਕੁਦਰਤੀ ਖੇਤੀ, ਆਫ਼ਤ ਲਚਕੀਲਾਪਣ ਸਮਰੱਥਾ, ਹਰੀ ਊਰਜਾ, ਰਿਵਾਇਤੀ ਦਵਾਈਆਂ ਅਤੇ ਸਿਹਤ ਸੁਰੱਖਿਆ ਵਰਗੇ ਖੇਤਰਾਂ ਵਿੱਚ ਸਹਿਯੋਗ ਦੇ ਮੌਕਿਆਂ ’ਤੇ ਚਾਨਣਾ ਪਾਇਆ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਿੱਖਿਆ, ਸਿਹਤ, ਮਹਿਲਾ ਸਸ਼ਕਤੀਕਰਨ ਅਤੇ ਸੂਰਜੀ ਊਰਜਾ ਵਰਗੇ ਖੇਤਰਾਂ ਵਿੱਚ ਚਾਲੀ ਦੇਸ਼ਾਂ ਵਿੱਚ ਪ੍ਰੋਜੈਕਟਾਂ ਦੇ ਸਮਰਥਨ ਵਿੱਚ ਆਈਬੀਐੱਸਏ ਫੰਡ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੱਖਣ-ਦੱਖਣ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਲਈ ਜਲਵਾਯੂ ਅਨੁਕੂਲ ਖੇਤੀਬਾੜੀ ਲਈ ਆਈਬੀਐੱਸਏ ਫੰਡ ਦਾ ਪ੍ਰਸਤਾਵ ਰੱਖਿਆ। ਪ੍ਰਧਾਨ ਮੰਤਰੀ ਦਾ ਪੂਰਾ ਭਾਸ਼ਣ [ਇੱਥੇ] ਪੜ੍ਹਿਆ ਜਾ ਸਕਦਾ ਹੈ।

***

ਐੱਮਜੇਪੀਐੱਸ/ ਐੱਸਆਰ/ ਏਕੇ


(Release ID: 2193426) Visitor Counter : 5