ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਡੇਡੀਆਪਾੜਾ ਵਿੱਚ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਸਮਾਗਮ ਦੇ ਮੌਕੇ ‘ਤੇ ਜਨਜਾਤੀਯ ਗੌਰਵ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਨੇ ₹9,700 ਕਰੋੜ ਤੋਂ ਵੱਧ ਦੇ ਵੱਖ-ਵੱਖ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

ਜਨਜਾਤੀਯ ਗੌਰਵ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਚੇਤਨਾ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ; ਜਦੋਂ ਵੀ ਦੇਸ਼ ਦਾ ਸਨਮਾਨ, ਸਵੈ-ਮਾਣ ਅਤੇ ਆਜ਼ਾਦੀ ਦਾਅ 'ਤੇ ਲੱਗੀ, ਸਾਡੇ ਕਬਾਇਲੀ ਭਾਈਚਾਰੇ ਸਭ ਤੋਂ ਅੱਗੇ ਖੜ੍ਹੇ ਰਹੇ: ਪ੍ਰਧਾਨ ਮੰਤਰੀ
ਅਸੀਂ ਆਜ਼ਾਦੀ ਅੰਦੋਲਨ ਵਿੱਚ ਜਨਜਾਤੀਯ ਭਾਈਚਾਰਿਆਂ ਦੇ ਯੋਗਦਾਨ ਨੂੰ ਨਹੀਂ ਭੁੱਲ ਸਕਦੇ: ਪ੍ਰਧਾਨ ਮੰਤਰੀ

ਅੱਜ ਕਬਾਇਲੀ ਭਾਸ਼ਾ ਪ੍ਰਮੋਸ਼ਨ ਕੇਂਦਰ ਲਈ ਸ਼੍ਰੀ ਗੋਵਿੰਦ ਗੁਰੂ ਚੇਅਰ ਦਾ ਵੀ ਉਦਘਾਟਨ ਕੀਤਾ ਗਿਆ ਹੈ; ਇਹ ਕੇਂਦਰ ਭੀਲ, ਗਾਮਿਤ, ਵਸਾਵਾ, ਗਰਾਸੀਆ, ਕੋਕਨੀ, ਸੰਥਾਲ, ਰਾਠਵਾ, ਨਾਇਕ, ਡਬਲਾ, ਚੌਧਰੀ, ਕੋਕਨਾ, ਕੁੰਭੀ, ਵਾਰਲੀ ਅਤੇ ਡੋਡਿਆ ਵਰਗੇ ਕਬਾਇਲੀ ਭਾਈਚਾਰਿਆਂ ਦੀਆਂ ਬੋਲੀਆਂ ਦਾ ਅਧਿਐਨ ਕਰੇਗਾ; ਇਨ੍ਹਾਂ ਭਾਈਚਾਰਿਆਂ ਨਾਲ ਜੁੜੀਆਂ ਕਹਾਣੀਆਂ ਅਤੇ ਗੀਤਾਂ ਨੂੰ ਸੰਭਾਲਿਆ ਜਾਵੇਗਾ: ਪ੍ਰਧਾਨ ਮੰਤਰੀ

ਸਿਕਲ ਸੈੱਲ ਬਿਮਾਰੀ ਨੇ ਲੰਬੇ ਸਮੇਂ ਤੋਂ ਕਬਾਇਲੀ ਭਾਈਚਾਰਿਆਂ ਲਈ ਇੱਕ ਗੰਭੀਰ ਖ਼ਤਰਾ ਪੈਦਾ ਕੀਤਾ ਹੈ ਅਤੇ ਇਸ ਨਾਲ ਨਜਿੱਠਣ ਲਈ ਕਬਾਇਲੀ ਖੇਤਰਾਂ ਵਿੱਚ ਡਿਸਪੈਂਸਰੀਆਂ, ਮੈਡੀਕਲ ਸੈਂਟਰਾਂ ਅਤੇ ਹਸਪਤਾਲਾਂ ਦੀ ਗਿਣਤੀ ਵਿੱਚ ਜ਼ਿਕਰਯੋਗ ਵਾਧਾ ਕੀਤਾ ਗਿਆ ਹੈ; ਸਿਕਲ ਸੈੱਲ ਬਿਮਾਰੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਵਰਤਮਾਨ ਵਿੱਚ ਇੱਕ ਦੇਸ਼ ਪੱਧਰੀ ਮੁਹਿੰਮ ਚੱਲ ਰਹੀ ਹੈ: ਪ੍ਰਧਾਨ ਮੰਤਰੀ

ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਦੇ ਸ਼ੁਭ ਮੌਕੇ 'ਤੇ, ਸਾਨੂੰ ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ਨੂੰ ਮਜ਼ਬੂਤ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ; ਪ੍ਰਗਤੀ ਵਿੱਚ ਕੋਈ ਵੀ ਪਿੱਛੇ ਨਾ ਰਹੇ, ਵਿਕਾਸ ਤੋਂ ਕੋਈ ਵਾਂਝਾ ਨਾ ਰਹੇ; ਇਹੀ ਧਰਤੀ ਆਬਾ, ਇਸ ਮਿੱਟੀ ਦੇ ਸਤਿਕਾਰਯੋਗ ਪੁੱਤਰ ਦੇ ਚਰਨਾਂ ਵਿੱਚ ਸੱਚੀ ਸ਼ਰਧਾਂਜਲੀ ਹੈ: ਪ੍ਰਧਾਨ ਮੰਤਰੀ

Posted On: 15 NOV 2025 5:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਡੇਡੀਆਪਾੜਾ ਵਿੱਚ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਦੇ ਮੌਕੇ ਆਯੋਜਿਤ ਜਨਜਾਤੀਯ ਗੌਰਵ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ₹9,700 ਕਰੋੜ ਤੋਂ ਵੱਧ ਦੇ ਵੱਖ-ਵੱਖ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਹ ਕਹਿੰਦੇ ਹੋਏ ਕਿ ਮਾਂ ਨਰਮਦਾ ਦੀ ਪਵਿੱਤਰ ਧਰਤੀ ਅੱਜ ਇੱਕ ਹੋਰ ਇਤਿਹਾਸਕ ਮੌਕੇ ਦੀ ਗਵਾਹ ਬਣ ਰਹੀ ਹੈ, ਸ਼੍ਰੀ ਮੋਦੀ ਨੇ ਯਾਦ ਕੀਤਾ ਕਿ 31 ਅਕਤੂਬਰ ਨੂੰ ਸਰਦਾਰ ਪਟੇਲ ਦੀ 150ਵੀਂ ਜਯੰਤੀ ਇਸੇ ਜਗ੍ਹਾ 'ਤੇ ਮਨਾਈ ਗਈ ਸੀ ਅਤੇ ਭਾਰਤ ਦੀ ਏਕਤਾ ਅਤੇ ਵਖਰੇਵੇਂ ਦਾ ਤਿਉਹਾਰ ਮਨਾਉਣ ਲਈ ਭਾਰਤ ਪਰਵ ਦੀ ਸ਼ੁਰੂਆਤ ਹੋਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਦੇ ਸ਼ਾਨਦਾਰ ਸਮਾਗਮ ਦੇ ਨਾਲ ਅਸੀਂ ਭਾਰਤ ਪਰਵ ਦੇ ਸਿਖਰ ਦੇ ਗਵਾਹ ਬਣ ਰਹੇ ਹਾਂ। ਉਨ੍ਹਾਂ ਨੇ ਇਸ ਸ਼ੁਭ ਮੌਕੇ 'ਤੇ ਭਗਵਾਨ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੂਰੇ ਕਬਾਇਲੀ ਖੇਤਰ ਵਿੱਚ ਆਜ਼ਾਦੀ ਦੀ ਭਾਵਨਾ ਜਗਾਉਣ ਵਾਲੇ ਗੋਵਿੰਦ ਗੁਰੂ ਦਾ ਅਸ਼ੀਰਵਾਦ ਵੀ ਇਸ ਆਯੋਜਨ ਨਾਲ ਜੁੜਿਆ ਹੈ। ਮੰਚ ਤੋਂ ਉਨ੍ਹਾਂ ਨੇ ਗੋਵਿੰਦ ਗੁਰੂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਦੇਵਮੋਗਰਾ ਮਾਤਾ ਮੰਦਿਰ ਵਿੱਚ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਮੈਂ ਇੱਕ ਵਾਰ ਫਿਰ ਉਨ੍ਹਾਂ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਡੇਡੀਆਪਾੜਾ ਅਤੇ ਸਾਗਬਾਰਾ ਖੇਤਰ ਸੰਤ ਕਬੀਰ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸੰਤ ਕਬੀਰ ਦੀ ਧਰਤੀ ਵਾਰਾਣਸੀ ਤੋਂ ਸੰਸਦ ਮੈਂਬਰ ਹਨ ਅਤੇ ਇਸ ਲਈ ਸੰਤ ਕਬੀਰ ਦੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਖ਼ਾਸ ਜਗ੍ਹਾ ਹੈ। ਮੰਚ ਤੋਂ ਉਨ੍ਹਾਂ ਨੇ ਸੰਤ ਕਬੀਰ ਨੂੰ ਆਪਣੀ ਸ਼ਰਧਾਂਜਲੀ ਵੀ ਭੇਟ ਕੀਤੀ।

ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਅੱਜ ਰਾਸ਼ਟਰੀ ਵਿਕਾਸ ਅਤੇ ਕਬਾਇਲੀ ਭਲਾਈ ਨਾਲ ਜੁੜੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ। ਪ੍ਰਧਾਨ ਮੰਤਰੀ ਜਨਮਨ ਅਤੇ ਹੋਰ ਯੋਜਨਾਵਾਂ ਦੇ ਤਹਿਤ, ਇਸ ਖੇਤਰ ਦੇ ਇੱਕ ਲੱਖ ਪਰਿਵਾਰਾਂ ਨੂੰ ਪੱਕੇ ਘਰ ਮੁਹੱਈਆ ਕਰਾਏ ਗਏ ਹਨ। ਵੱਡੀ ਗਿਣਤੀ ਵਿੱਚ ਏਕਲਵਿਯਾ ਆਦਰਸ਼ ਸਕੂਲਾਂ ਅਤੇ ਆਸ਼ਰਮ ਸਕੂਲਾਂ ਵੀ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬਿਰਸਾ ਮੁੰਡਾ ਕਬਾਇਲੀ ਯੂਨੀਵਰਸਿਟੀ ਵਿੱਚ ਸ਼੍ਰੀ ਗੋਵਿੰਦ ਗੁਰੂ ਪੀਠ ਦੀ ਸਥਾਪਨਾ ਕੀਤੀ ਗਈ ਹੈ। ਸਿਹਤ, ਸੜਕਾਂ ਅਤੇ ਆਵਾਜਾਈ ਨਾਲ ਜੁੜੇ ਕਈ ਹੋਰ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਇਨ੍ਹਾਂ ਵਿਕਾਸ ਅਤੇ ਸੇਵਾ ਕਾਰਜਾਂ ਲਈ ਸਾਰਿਆਂ ਨੂੰ ਵਧਾਈ ਦਿੱਤੀ।

ਸ਼੍ਰੀ ਮੋਦੀ ਨੇ ਕਿਹਾ ਕਿ 2021 ਵਿੱਚ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਨੂੰ ਅਧਿਕਾਰਤ ਤੌਰ 'ਤੇ ਜਨਜਾਤੀਯ ਗੌਰਵ ਦਿਵਸ ਵਜੋਂ ਮਨਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਕਬਾਇਲੀ ਮਾਣ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਚੇਤਨਾ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ। ਜਦੋਂ ਵੀ ਰਾਸ਼ਟਰ ਦੇ ਸਨਮਾਨ, ਸਵੈ-ਮਾਣ ਅਤੇ ਆਜ਼ਾਦੀ 'ਤੇ ਸਵਾਲ ਉਠਾਏ ਗਏ, ਤਾਂ ਕਬਾਇਲੀ ਭਾਈਚਾਰਾ ਸਭ ਤੋਂ ਅੱਗੇ ਖੜ੍ਹਾ ਰਿਹਾ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ ਦਾ ਆਜ਼ਾਦੀ ਸੰਘਰਸ਼ ਇਸ ਭਾਵਨਾ ਦੀ ਸਭ ਤੋਂ ਵੱਡੀ ਮਿਸਾਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਬਾਇਲੀ ਭਾਈਚਾਰੇ ਦੇ ਅਣਗਿਣਤ ਨਾਇਕਾਂ ਨੇ ਆਜ਼ਾਦੀ ਦੀ ਮਸ਼ਾਲ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਤਿਲਕਾ ਮਾਂਝੀ, ਰਾਣੀ ਗਾਇਦਿਨਲਿਊ, ਸਿੱਧੋ-ਕਾਨਹੋ, ਭੈਰਵ ਮੁਰਮੂ, ਬੁੱਧੂ ਭਗਤ ਅਤੇ ਅੱਲੂਰੀ ਸੀਤਾਰਾਮ ਰਾਜੂ ਨੂੰ ਕਬਾਇਲੀ ਸਮਾਜ ਦੀਆਂ ਪ੍ਰੇਰਨਾਦਾਇਕ ਸ਼ਖ਼ਸੀਅਤਾਂ ਦੱਸਿਆ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਟੰਟਯਾ ਭੀਲ, ਛੱਤੀਸਗੜ੍ਹ ਦੇ ਵੀਰ ਨਾਰਾਇਣ ਸਿੰਘ, ਝਾਰਖੰਡ ਦੇ ਤੇਲੰਗਾ ਖਡਿਆ, ਅਸਾਮ ਦੇ ਰੂਪਚੰਦ ਕੋਂਵਰ ਅਤੇ ਓਡੀਸ਼ਾ ਦੇ ਲਕਸ਼ਮਣ ਨਾਇਕ ਜਿਹੇ ਬਹਾਦਰ ਵਿਅਕਤੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਬਹੁਤ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਬਾਇਲੀ ਭਾਈਚਾਰੇ ਨੇ ਅਣਗਿਣਤ ਵਿਦਰੋਹਾਂ ਦੀ ਅਗਵਾਈ ਕੀਤੀ ਅਤੇ ਰਾਸ਼ਟਰ ਦੀ ਆਜ਼ਾਦੀ ਲਈ ਆਪਣਾ ਖ਼ੂਨ ਵਹਾਇਆ।

ਇਹ ਜ਼ਿਕਰ ਕਰਦੇ ਹੋਏ ਕਿ ਗੁਜਰਾਤ ਵਿੱਚ ਕਬਾਇਲੀ ਭਾਈਚਾਰੇ ਦੇ ਕਈ ਬਹਾਦਰ ਦੇਸ਼ ਭਗਤਾਂ ਨੇ ਜਨਮ ਲਿਆ ਹੈ, ਪ੍ਰਧਾਨ ਮੰਤਰੀ ਨੇ ਭਗਤ ਅੰਦੋਲਨ ਦੀ ਅਗਵਾਈ ਕਰਨ ਵਾਲੇ ਗੋਵਿੰਦ ਗੁਰੂ, ਪੰਚਮਹਿਲ ਵਿੱਚ ਬ੍ਰਿਟਿਸ਼ ਸਰਕਾਰ ਦੇ ਖ਼ਿਲਾਫ਼ ਲੰਬੀ ਲੜਾਈ ਲੜਨ ਵਾਲੇ ਰਾਜਾ ਰੂਪਸਿੰਘ ਨਾਇਕ, ਏਕੀ ਅੰਦੋਲਨ ਦੇ ਮੋਢੀ ਮੋਤੀਲਾਲ ਤੇਜਾਵਤ ਅਤੇ ਗਾਂਧੀ ਜੀ ਦੇ ਸਿਧਾਂਤਾਂ ਨੂੰ ਕਬਾਇਲੀ ਸਮਾਜ ਤੱਕ ਪਹੁੰਚਾਉਣ ਵਾਲੀ ਦਸ਼ਰੀਬੇਨ ਚੌਧਰੀ ਦੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਸੰਘਰਸ਼ ਦੇ ਅਣਗਿਣਤ ਅਧਿਆਏ ਕਬਾਇਲੀ ਮਾਣ ਅਤੇ ਬਹਾਦਰੀ ਨਾਲ ਸ਼ਿੰਗਾਰੇ ਹੋਏ ਹਨ।

ਸ਼੍ਰੀ ਮੋਦੀ ਨੇ ਆਜ਼ਾਦੀ ਸੰਘਰਸ਼ ਵਿੱਚ ਕਬਾਇਲੀ ਭਾਈਚਾਰੇ ਦੇ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਕਈ ਕਬਾਇਲੀ ਅਜਾਇਬ ਘਰ ਸਥਾਪਿਤ ਕੀਤੇ ਜਾ ਰਹੇ ਹਨ। ਗੁਜਰਾਤ ਦੇ ਰਾਜਪੀਪਲਾ ਵਿੱਚ 25 ਏਕੜ ਵਿੱਚ ਇੱਕ ਵੱਡੇ ਕਬਾਇਲੀ ਅਜਾਇਬ ਘਰ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਛੱਤੀਸਗੜ੍ਹ ਦਾ ਦੌਰਾ ਕੀਤਾ ਸੀ ਅਤੇ ਉੱਥੇ ਸ਼ਹੀਦ ਵੀਰ ਨਾਰਾਇਣ ਸਿੰਘ ਕਬਾਇਲੀ ਅਜਾਇਬ ਘਰ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਨੇ ਰਾਂਚੀ ਵਿੱਚ ਸਥਿਤ ਉਸ ਜੇਲ੍ਹ ਦਾ ਵੀ ਜ਼ਿਕਰ ਕੀਤਾ, ਜਿੱਥੇ ਬਿਰਸਾ ਮੁੰਡਾ ਨੂੰ ਕੈਦੀ ਬਣਾਇਆ ਗਿਆ ਸੀ, ਉਸ ਨੂੰ ਕਬਾਇਲੀ ਅਜਾਇਬ ਘਰ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ।

ਕਬਾਇਲੀ ਭਾਸ਼ਾ ਪ੍ਰਮੋਸ਼ਨ ਸੈਂਟਰ ਲਈ ਸ਼੍ਰੀ ਗੋਵਿੰਦ ਗੁਰੂ ਪੀਠ ਦੀ ਸਥਾਪਨਾ ਦਾ ਐਲਾਨ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਕੇਂਦਰ ਭੀਲ, ਗਾਮਿਤ, ਵਸਾਵਾ, ਗਰਾਸਿਆ, ਕੋਂਕਣੀ, ਸੰਥਾਲ, ਰਾਠਵਾ, ਨਾਇਕ, ਡਬਲਾ, ਚੌਧਰੀ, ਕੋਕਨਾ, ਕੁੰਭੀ, ਵਾਰਲੀ ਅਤੇ ਡੋਡਿਆ ਜਿਹੇ ਕਬਾਇਲੀ ਭਾਈਚਾਰਿਆਂ ਦੀਆਂ ਬੋਲੀਆਂ ਦਾ ਅਧਿਐਨ ਕਰੇਗਾ। ਇਨ੍ਹਾਂ ਭਾਈਚਾਰਿਆਂ ਨਾਲ ਜੁੜੀਆਂ ਕਹਾਣੀਆਂ ਅਤੇ ਗੀਤਾਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਕਬਾਇਲੀ ਸਮਾਜ ਨੇ ਹਜ਼ਾਰਾਂ ਸਾਲਾਂ ਦੇ ਤਜਰਬੇ ਨਾਲ ਗਿਆਨ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜੀਵਨ ਸ਼ੈਲੀ ਵਿੱਚ ਵਿਗਿਆਨ ਸਮਾਇਆ ਹੋਇਆ ਹੈ, ਉਨ੍ਹਾਂ ਦੀਆਂ ਕਹਾਣੀਆਂ ਵਿੱਚ ਫ਼ਲਸਫ਼ਾ ਹੈ ਅਤੇ ਉਨ੍ਹਾਂ ਦੀਆਂ ਭਾਸ਼ਾਵਾਂ ਵਿੱਚ ਵਾਤਾਵਰਣ ਦੀ ਸਮਝ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੋਵਿੰਦ ਗੁਰੂ ਪੀਠ ਨਵੀਂ ਪੀੜ੍ਹੀ ਨੂੰ ਇਸ ਖ਼ੁਸ਼ਹਾਲ ਰਵਾਇਤ ਨਾਲ ਜੋੜਨ ਦਾ ਕੰਮ ਕਰੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਜਾਤੀਯ ਗੌਰਵ ਦਿਵਸ ਸਾਨੂੰ ਕਰੋੜਾਂ ਕਬਾਇਲੀ ਭਾਈਆਂ ਅਤੇ ਭੈਣਾਂ ਨਾਲ ਹੋਈ ਬੇਇਨਸਾਫ਼ੀ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਛੇ ਦਹਾਕਿਆਂ ਤੱਕ ਦੇਸ਼ 'ਤੇ ਸ਼ਾਸਨ ਕਰਨ ਵਾਲੀ ਵਿਰੋਧੀ ਪਾਰਟੀ ਨੇ ਕਬਾਇਲੀ ਭਾਈਚਾਰਿਆਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਦਿੱਤਾ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਬਾਇਲੀ ਖੇਤਰ ਕੁਪੋਸ਼ਣ, ਸਿਹਤ ਸੇਵਾਵਾਂ ਦੀ ਕਮੀ, ਨਾਕਾਫ਼ੀ ਸਿੱਖਿਆ ਅਤੇ ਘੱਟੋ-ਘੱਟ ਕਨੈਕਟੀਵਿਟੀ ਨਾਲ ਜੂਝ ਰਹੇ ਹਨ। ਇਹ ਕਮੀਆਂ ਕਬਾਇਲੀ ਖੇਤਰਾਂ ਦੀ ਪਹਿਚਾਣ ਬਣ ਗਈਆਂ, ਜਦੋਂ ਕਿ ਪਿਛਲੀਆਂ ਸਰਕਾਰਾਂ ਨਿਕੰਮੀਆਂ ਰਹੀਆਂ। ਇਸ 'ਤੇ ਜ਼ੋਰ ਦਿੰਦੇ ਹੋਏ ਕਿ ਕਬਾਇਲੀ ਭਲਾਈ ਹਮੇਸ਼ਾ ਉਨ੍ਹਾਂ ਦੀ ਪਾਰਟੀ ਦੀ ਸਰਬਉੱਚ ਤਰਜੀਹ ਰਹੀ ਹੈ, ਸ਼੍ਰੀ ਮੋਦੀ ਨੇ ਕਬਾਇਲੀ ਭਾਈਚਾਰਿਆਂ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਖਤਮ ਕਰਨ ਅਤੇ ਵਿਕਾਸ ਦਾ ਲਾਭ ਉਨ੍ਹਾਂ ਤੱਕ ਪਹੁੰਚਾਉਣ ਲਈ ਸਰਕਾਰ ਦੇ ਅਟੱਲ ਸੰਕਲਪ ਦੀ ਪੁਸ਼ਟੀ ਕੀਤੀ।

ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਪਾਰਟੀ ਨੇ ਕਬਾਇਲੀ ਮਾਮਲਿਆਂ ਲਈ ਇੱਕ ਵੱਖਰੇ ਮੰਤਰਾਲੇ ਦੀ ਸਥਾਪਨਾ ਕੀਤੀ ਸੀ, ਕਿਹਾ ਕਿ ਅਟਲ ਜੀ ਦੇ ਕਾਰਜਕਾਲ ਤੋਂ ਬਾਅਦ, ਆਉਣ ਵਾਲੀਆਂ ਸਰਕਾਰਾਂ ਨੇ ਦਸ ਸਾਲਾਂ ਤੱਕ ਇਸ ਮੰਤਰਾਲੇ ਨੂੰ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਨੇ ਕਿਹਾ ਕਿ 2013 ਵਿੱਚ, ਤਤਕਾਲੀ ਸਰਕਾਰ ਨੇ ਕਬਾਇਲੀ ਭਲਾਈ ਲਈ ਸਿਰਫ਼ ਕੁਝ ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਉਨ੍ਹਾਂ ਨੇ ਕਬਾਇਲੀ ਹਿਤਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਮੰਤਰਾਲੇ ਦਾ ਬਜਟ ਵਧਾਇਆ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਅੱਜ, ਕਬਾਇਲੀ ਲੋਕਾਂ ਦੀ ਭਲਾਈ ਲਈ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦਾ ਬਜਟ ਕਈ ਗੁਣਾ ਵਧ ਗਿਆ ਹੈ।

ਸ਼੍ਰੀ ਮੋਦੀ ਨੇ ਇਹ ਦਸਦੇ ਹੋਏ ਕਿ ਇੱਕ ਸਮੇਂ ਗੁਜਰਾਤ ਦੇ ਕਬਾਇਲੀ ਖੇਤਰਾਂ ਦੀ ਹਾਲਤ ਬਹੁਤ ਵਧੀਆ ਨਹੀਂ ਸੀ, ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੰਬਾਜੀ ਤੋਂ ਲੈ ਕੇ ਉਮਰਗਾਮ ਤੱਕ, ਕਬਾਇਲੀ ਖੇਤਰ ਵਿੱਚ ਇੱਕ ਵੀ ਵਿਗਿਆਨ ਸਕੂਲ ਨਹੀਂ ਸੀ। ਡੇਡੀਆਪਾੜਾ ਅਤੇ ਸਾਗਬਾਰਾ ਜਿਹੇ ਖੇਤਰਾਂ ਵਿੱਚ, ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਦਾ ਮੌਕਾ ਨਹੀਂ ਮਿਲਦਾ ਸੀ। ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਡੇਡੀਆਪਾੜਾ ਤੋਂ ਹੀ ਕੰਨਿਆ ਕੇਲਵਣੀ ਮਹੋਤਸਵ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਦੌਰਾਨ ਕਈ ਬੱਚੇ ਉਨ੍ਹਾਂ ਨੂੰ ਮਿਲਦੇ ਸੀ - ਕੁਝ ਡਾਕਟਰ ਬਣਨ ਦੀ, ਤਾਂ ਕੁਝ ਇੰਜੀਨੀਅਰ ਬਣਨ ਦੀ ਜਾਂ ਵਿਗਿਆਨੀ ਬਣਨ ਦੀ ਇੱਛਾ ਰੱਖਦੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਸੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਸੀ ਕਿ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਰਾਹ ਵਿੱਚ ਖੜ੍ਹੀ ਆਉਣ ਵਾਲੀ ਹਰ ਰੁਕਾਵਟ ਨੂੰ ਦੂਰ ਕੀਤਾ ਜਾਵੇਗਾ।

ਪ੍ਰਚਲਿਤ ਹਾਲਾਤਾਂ ਵਿੱਚ ਬਦਲਾਅ ਲਿਆਉਣ ਲਈ ਕੀਤੇ ਗਏ ਅਣਥੱਕ ਯਤਨਾਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ, ਹੁਣ ਗੁਜਰਾਤ ਦੇ ਕਬਾਇਲੀ ਖੇਤਰਾਂ ਵਿੱਚ ਹੁਣ 10,000 ਤੋਂ ਵੱਧ ਸਕੂਲ ਹਨ। ਪਿਛਲੇ ਦੋ ਦਹਾਕਿਆਂ ਵਿੱਚ, ਕਬਾਇਲੀ ਖੇਤਰਾਂ ਵਿੱਚ ਦਰਜਨਾਂ ਵਿਗਿਆਨ, ਵਣਜ ਅਤੇ ਕਲਾ ਦੇ ਕਾਲਜ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਬਾਇਲੀ ਬੱਚਿਆਂ ਲਈ ਸੈਂਕੜੇ ਹੋਸਟਲ ਬਣਾਏ ਹਨ ਅਤੇ ਗੁਜਰਾਤ ਵਿੱਚ ਦੋ ਕਬਾਇਲੀ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਯਤਨਾਂ ਨਾਲ ਇਸ ਖੇਤਰ ਵਿੱਚ ਅਹਿਮ ਬਦਲਾਅ ਆਇਆ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਵੀਹ ਸਾਲ ਪਹਿਲਾਂ, ਬੱਚੇ ਅੱਖਾਂ ਵਿੱਚ ਸੁਪਨੇ ਲੈ ਕੇ ਉਨ੍ਹਾਂ ਨੂੰ ਮਿਲਦੇ ਸੀ - ਕੁਝ ਡਾਕਟਰ ਬਣਨ ਦੀ ਤਾਂ ਕੁਝ ਇੰਜੀਨੀਅਰ ਜਾਂ ਵਿਗਿਆਨੀ ਬਣਨ ਦੀ ਇੱਛਾ ਰੱਖਦੇ ਸਨ। ਅੱਜ, ਉਨ੍ਹਾਂ ਵਿੱਚੋਂ ਕਈ ਬੱਚੇ ਡਾਕਟਰ, ਇੰਜੀਨੀਅਰ ਅਤੇ ਖੋਜਕਰਤਾ ਬਣ ਗਏ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਕਬਾਇਲੀ ਬੱਚਿਆਂ ਦੇ ਉੱਜਵਲ ਭਵਿੱਖ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਪਿਛਲੇ ਪੰਜ-ਛੇ ਸਾਲਾਂ ਵਿੱਚ ਹੀ, ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਏਕਲਵਿਯਾ ਆਦਰਸ਼ ਰਿਹਾਇਸ਼ੀ ਸਕੂਲਾਂ ਲਈ ₹18,000 ਕਰੋੜ ਤੋਂ ਵੱਧ ਦੀ ਰਕਮ ਅਲਾਟ ਕੀਤੀ ਹੈ। ਵਿਦਿਆਰਥੀਆਂ ਲਈ ਸਕੂਲਾਂ ਵਿੱਚ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਨਤੀਜੇ ਵਜੋਂ, ਇਨ੍ਹਾਂ ਸਕੂਲਾਂ ਵਿੱਚ ਦਾਖਲ ਹੋਣ ਵਾਲੇ ਕਬਾਇਲੀ ਬੱਚਿਆਂ ਦੀ ਗਿਣਤੀ ਵਿੱਚ 60 ਫ਼ੀਸਦੀ ਦਾ ਵਾਧਾ ਹੋਇਆ ਹੈ।

ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕਬਾਇਲੀ ਨੌਜਵਾਨਾਂ ਨੂੰ ਮੌਕੇ ਦਿੱਤੇ ਜਾਂਦੇ ਹਨ, ਤਾਂ ਉਹ ਹਰ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਦੀ ਤਾਕਤ ਪ੍ਰਾਪਤ ਕਰ ਲੈਂਦੇ ਹਨ, ਕਿਹਾ ਕਿ ਉਨ੍ਹਾਂ ਦੀ ਹਿੰਮਤ, ਸਖ਼ਤ ਮਿਹਨਤ ਅਤੇ ਯੋਗਤਾ ਉਨ੍ਹਾਂ ਨੂੰ ਰਵਾਇਤ ਤੋਂ ਵਿਰਾਸਤ ਵਿੱਚ ਮਿਲੀ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਅੱਜ ਖੇਡ ਜਗਤ ਇੱਕ ਸਪਸ਼ਟ ਉਦਾਹਰਣ ਹੈ, ਜਿੱਥੇ ਕਬਾਇਲੀ ਨੌਜਵਾਨ ਦੁਨੀਆ ਭਰ ਵਿੱਚ ਤਿਰੰਗੇ ਦਾ ਸਨਮਾਨ ਵਧਾਉਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਮੈਰੀ ਕੌਮ, ਥੋਨਾਕਲ ਗੋਪੀ, ਦੁਤੀ ਚੰਦ ਅਤੇ ਬਾਈਚੁੰਗ ਭੂਟੀਆ ਜਿਹੇ ਨਾਮ ਪ੍ਰਸਿੱਧ ਸਨ, ਉੱਠੇ ਹੀ ਹੁਣ ਹਰ ਵੱਡੇ ਮੁਕਾਬਲੇ ਵਿੱਚ ਕਬਾਇਲੀ ਖੇਤਰਾਂ ਦੇ ਉੱਭਰਦੇ ਹੋਏ ਅਥਲੀਟ ਨਜ਼ਰ ਆਉਂਦੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤੀ ਦੀ ਮਹਿਲਾ ਕ੍ਰਿਕਟ ਟੀਮ ਨੇ ਹਾਲ ਹੀ ਵਿੱਚ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਹੈ ਅਤੇ ਉਸ ਜਿੱਤ ਵਿੱਚ ਕਬਾਇਲੀ ਭਾਈਚਾਰੇ ਦੀ ਇੱਕ ਧੀ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਬਾਇਲੀ ਖੇਤਰਾਂ ਵਿੱਚ ਨਵੀਂ ਪ੍ਰਤਿਭਾਵਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਬਾਇਲੀ ਖੇਤਰਾਂ ਵਿੱਚ ਖੇਡ ਸਹੂਲਤਾਂ ਦਾ ਵੀ ਵਿਸਥਾਰ ਕੀਤਾ ਜਾ ਰਿਹਾ ਹੈ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਗ਼ਰੀਬਾਂ ਨੂੰ ਤਰਜੀਹ ਦੇਣ ਦੇ ਵਿਜ਼ਨ ਨਾਲ ਕੰਮ ਕਰਦੀ ਹੈ, ਪ੍ਰਧਾਨ ਮੰਤਰੀ ਨੇ ਨਰਮਦਾ ਜ਼ਿਲ੍ਹੇ ਦੀ ਉਦਾਹਰਣ ਦਿੱਤੀ, ਜਿਸ ਨੂੰ ਕਦੇ ਪਛੜਿਆ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਨੂੰ ਤਰਜੀਹ ਦਿੱਤੀ ਗਈ, ਇਸ ਨੂੰ ਖਾਹਿਸ਼ੀ ਜ਼ਿਲ੍ਹਾ ਐਲਾਨਿਆ ਗਿਆ ਅਤੇ ਅੱਜ ਇਸਨੇ ਵੱਖ-ਵੱਖ ਵਿਕਾਸ ਮਾਪਦੰਡਾਂ 'ਤੇ ਜ਼ਿਕਰਯੋਗ ਤਰੱਕੀ ਕੀਤੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਬਦੀਲੀ ਨਾਲ ਖੇਤਰ ਦੇ ਕਬਾਇਲੀ ਭਾਈਚਾਰੇ ਨੂੰ ਬਹੁਤ ਲਾਭ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਈ ਯੋਜਨਾਵਾਂ ਸਿੱਧੇ ਤੌਰ 'ਤੇ ਕਬਾਇਲੀ ਬਹੁ-ਗਿਣਤੀ ਵਾਲੇ ਸੂਬਿਆਂ ਅਤੇ ਗ਼ਰੀਬ ਵਰਗਾਂ ਲਈ ਸ਼ੁਰੂ ਕੀਤੀਆਂ ਜਾਂਦੀਆਂ ਹਨ। 2018 ਵਿੱਚ ਮੁਫ਼ਤ ਇਲਾਜ ਲਈ ਆਯੁਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੀ ਸ਼ੁਰੂਆਤ ਝਾਰਖੰਡ ਦੇ ਰਾਂਚੀ ਤੋਂ ਹੋਈ ਸੀ। ਅੱਜ, ਦੇਸ਼ ਭਰ ਦੇ ਕਰੋੜਾਂ ਕਬਾਇਲੀ ਭਾਈ-ਭੈਣ ਇਸ ਯੋਜਨਾ ਦੇ ਤਹਿਤ ₹5 ਲੱਖ ਤੱਕ ਦੇ ਮੁਫ਼ਤ ਇਲਾਜ ਦਾ ਲਾਭ ਉਠਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਯੁਸ਼ਮਾਨ ਅਰੋਗਿਆ ਮੰਦਿਰ ਪਹਿਲਕਦਮੀ ਵੀ ਕਬਾਇਲੀ ਬਹੁਤਾਤ ਵਾਲੇ ਛੱਤੀਸਗੜ੍ਹ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਇਹ ਕਬਾਇਲੀ ਆਬਾਦੀ ਨੂੰ ਜ਼ਿਕਰਯੋਗ ਲਾਭ ਪਹੁੰਚਾ ਰਹੀ ਹੈ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਕਬਾਇਲੀ ਭਾਈਚਾਰਿਆਂ ਵਿੱਚ ਸਭ ਤੋਂ ਪਛੜੇ ਵਰਗਾਂ ਨੂੰ ਖ਼ਾਸ ਤਰਜੀਹ ਦੇ ਰਹੀ ਹੈ, ਸ਼੍ਰੀ ਮੋਦੀ ਨੇ ਉਜਾਗਰ ਕੀਤਾ ਕਿ ਆਜ਼ਾਦੀ ਤੋਂ ਦਹਾਕਿਆਂ ਬਾਅਦ ਵੀ, ਅਜਿਹੇ ਖੇਤਰ ਸਨ ਜਿੱਥੇ ਬਿਜਲੀ, ਪਾਣੀ, ਸੜਕਾਂ ਜਾਂ ਹਸਪਤਾਲ ਵਰਗੀਆਂ ਸਹੂਲਤਾਂ ਨਹੀਂ ਸਨ। ਅਜਿਹੇ ਖੇਤਰਾਂ ਦੇ ਵਿਕਾਸ ਲਈ, ਝਾਰਖੰਡ ਦੇ ਖੁੰਟੀ ਤੋਂ ਪ੍ਰਧਾਨ ਮੰਤਰੀ ਜਨਮਨ ਯੋਜਨਾ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਪਹਿਲਕਦਮੀ 'ਤੇ 24,000 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਧਰਤੀ ਆਬਾ ਜਨਜਾਤੀ ਗ੍ਰਾਮ ਉਤਕਰਸ਼ ਅਭਿਆਨ ਵੀ ਪਛੜੇ ਕਬਾਇਲੀ ਪਿੰਡਾਂ ਵਿੱਚ ਵਿਕਾਸ ਦਾ ਇੱਕ ਨਵਾਂ ਅਧਿਆਇ ਲਿਖ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਭਰ ਦੇ 60,000 ਤੋਂ ਵੱਧ ਪਿੰਡ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ। ਇਨ੍ਹਾਂ ਵਿੱਚੋਂ ਹਜ਼ਾਰਾਂ ਪਿੰਡਾਂ ਨੂੰ ਪਹਿਲੀ ਵਾਰ ਪਾਈਪ ਜ਼ਰੀਏ ਪੀਣ ਵਾਲਾ ਪਾਣੀ ਮਿਲਿਆ ਹੈ ਅਤੇ ਸੈਂਕੜੇ ਪਿੰਡਾਂ ਨੂੰ ਹੁਣ ਟੈਲੀਮੈਡੀਸਨ ਸੇਵਾਵਾਂ ਵੀ ਮਿਲ ਰਹੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮੁਹਿੰਮ ਦੇ ਤਹਿਤ ਗ੍ਰਾਮ ਸਭਾਵਾਂ ਨੂੰ ਵਿਕਾਸ ਦਾ ਧੁਰਾ ਬਣਾਇਆ ਗਿਆ ਹੈ। ਪਿੰਡਾਂ ਵਿੱਚ ਸਿਹਤ, ਸਿੱਖਿਆ, ਪੋਸ਼ਣ, ਖੇਤੀਬਾੜੀ ਅਤੇ ਰੋਜ਼ੀ-ਰੋਟੀ 'ਤੇ ਕੇਂਦ੍ਰਿਤ ਭਾਈਚਾਰਾ-ਸੰਚਾਲਿਤ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਸਾਬਤ ਕਰਦੀ ਹੈ ਕਿ ਦ੍ਰਿੜ੍ਹ ਸੰਕਲਪ ਨਾਲ ਅਸੰਭਵ ਟੀਚੇ ਵੀ ਹਾਸਲ ਕੀਤੇ ਜਾ ਸਕਦੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਕਬਾਇਲੀ ਜੀਵਨ ਦੇ ਹਰ ਪਹਿਲੂ ਵੱਲ ਧਿਆਨ ਦੇਣ ਲਈ ਇੱਕ ਵੱਡੇ ਵਿਜ਼ਨ ਦੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਲਘੂ ਜੰਗਲਾਤ ਉਪਜਾਂ ਦੀ ਗਿਣਤੀ 20 ਤੋਂ ਵਧ ਕੇ ਲਗਭਗ 100 ਕਰ ਦਿੱਤੀ ਗਈ ਹੈ ਅਤੇ ਜੰਗਲਾਤ ਉਪਜਾਂ 'ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਧਾ ਦਿੱਤਾ ਗਿਆ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਸਰਕਾਰ ਮੋਟੇ ਅਨਾਜ - ਸ਼੍ਰੀ ਅੰਨ - ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਹੀ ਹੈ ਜਿਸ ਨਾਲ ਕਬਾਇਲੀ ਭਾਈਚਾਰੇ ਨੂੰ ਲਾਭ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਗੁਜਰਾਤ ਵਿੱਚ ਵਨਬੰਧੂ ਕਲਿਆਣ ਯੋਜਨਾ ਸ਼ੁਰੂ ਕੀਤੀ ਗਈ ਸੀ, ਜਿਸ ਨੇ ਕਬਾਇਲੀ ਆਬਾਦੀ ਨੂੰ ਨਵੀਂ ਆਰਥਿਕ ਤਾਕਤ ਪ੍ਰਦਾਨ ਕੀਤੀ। ਇਸ ਤੋਂ ਪ੍ਰੇਰਿਤ ਹੋ ਕੇ ਹੁਣ ਕਬਾਇਲੀ ਭਲਾਈ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ।

ਇਹ ਜ਼ਿਕਰ ਕਰਦੇ ਹੋਏ ਕਿ ਸਿਕਲ ਸੈੱਲ ਬਿਮਾਰੀ ਲੰਬੇ ਸਮੇਂ ਤੋਂ ਕਬਾਇਲੀ ਭਾਈਚਾਰਿਆਂ ਲਈ ਇੱਕ ਵੱਡਾ ਖ਼ਤਰਾ ਬਣਿਆ ਹੋਇਆ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਨਜਿੱਠਣ ਲਈ ਕਬਾਇਲੀ ਖੇਤਰਾਂ ਵਿੱਚ ਡਿਸਪੈਂਸਰੀਆਂ, ਮੈਡੀਕਲ ਸੈਂਟਰਾਂ ਅਤੇ ਹਸਪਤਾਲਾਂ ਦੀ ਗਿਣਤੀ ਵਧਾਈ ਗਈ ਹੈ। ਸਿਕਲ ਸੈੱਲ ਬਿਮਾਰੀ ਨਾਲ ਨਜਿੱਠਣ ਲਈ ਇੱਕ ਦੇਸ਼ ਵਿਆਪੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਪਹਿਲਕਦਮੀ ਦੇ ਤਹਿਤ ਦੇਸ਼ ਭਰ ਦੇ ਛੇ ਕਰੋੜ ਕਬਾਇਲੀ ਭਾਈਆਂ-ਭੈਣਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

ਸਿੱਖਿਆ ਬਾਰੇ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਸਥਾਨਕ ਭਾਸ਼ਾਵਾਂ ਵਿੱਚ ਸਿੱਖਿਆ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਬਾਇਲੀ ਬੱਚੇ, ਜੋ ਪਹਿਲਾਂ ਭਾਸ਼ਾ ਦੀਆਂ ਬੰਦਸ਼ਾਂ ਕਾਰਨ ਪਿੱਛੇ ਰਹਿ ਜਾਂਦੇ ਸੀ, ਹੁਣ ਸਥਾਨਕ ਭਾਸ਼ਾਵਾਂ ਵਿੱਚ ਸਿੱਖਿਆ ਪ੍ਰਾਪਤ ਕਰਕੇ ਅੱਗੇ ਵਧ ਰਹੇ ਹਨ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਵਧੇਰੇ ਸਰਗਰਮ ਯੋਗਦਾਨ ਪਾ ਰਹੇ ਹਨ।

ਗੁਜਰਾਤ ਦੇ ਕਬਾਇਲੀ ਭਾਈਚਾਰਿਆਂ ਦੀ ਖ਼ੁਸ਼ਹਾਲ ਕਲਾਤਮਕ ਵਿਰਾਸਤ ‘ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਨੇ ਉਨ੍ਹਾਂ ਦੀਆਂ ਪੇਂਟਿੰਗਾਂ ਅਤੇ ਕਲਾਕ੍ਰਿਤੀਆਂ ਨੂੰ ਵਿਲੱਖਣ ਦੱਸਿਆ। ਸ਼੍ਰੀ ਮੋਦੀ ਨੇ ਕਲਾਕਾਰ ਪਰੇਸ਼ਭਾਈ ਰਾਠਵਾ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਇਨ੍ਹਾਂ ਕਲਾ ਰੂਪਾਂ ਨੂੰ ਅੱਗੇ ਵਧਾਇਆ ਹੈ, ਅਤੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸੇ ਵੀ ਸਮਾਜ ਦੀ ਤਰੱਕੀ ਲਈ ਲੋਕਤੰਤਰ ਵਿੱਚ ਅਰਥਪੂਰਨ ਭਾਗੀਦਾਰੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਕਬਾਇਲੀ ਭਾਈਚਾਰੇ ਦੇ ਮੈਂਬਰਾਂ ਨੂੰ ਉੱਚ ਅਹੁਦਿਆਂ 'ਤੇ ਪਹੁੰਚਦੇ ਅਤੇ ਰਾਸ਼ਟਰ ਦੀ ਅਗਵਾਈ ਕਰਦੇ ਦੇਖਣਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਭਾਰਤ ਦੀ ਰਾਸ਼ਟਰਪਤੀ ਇੱਕ ਕਬਾਇਲੀ ਮਹਿਲਾ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਗਠਜੋੜ ਨੇ ਕਬਾਇਲੀ ਆਗੂਆਂ ਨੂੰ ਪਾਰਟੀ ਅਤੇ ਸਰਕਾਰ ਵਿੱਚ ਉੱਚ ਅਹੁਦਿਆਂ 'ਤੇ ਪਹੁੰਚਾਉਣ ਲਈ ਲਗਾਤਾਰ ਯਤਨ ਕੀਤਾ ਹੈ। ਉਨ੍ਹਾਂ ਨੇ ਛੱਤੀਸਗੜ੍ਹ ਵਿੱਚ ਸ਼੍ਰੀ ਵਿਸ਼ਨੂਦੇਵ ਸਾਈ, ਓਡੀਸ਼ਾ ਵਿੱਚ ਸ਼੍ਰੀ ਮੋਹਨ ਚਰਨ ਮਾਝੀ, ਅਰੁਣਾਚਲ ਪ੍ਰਦੇਸ਼ ਵਿੱਚ ਸ਼੍ਰੀ ਪੇਮਾ ਖਾਂਡੂ ਅਤੇ ਨਾਗਾਲੈਂਡ ਵਿੱਚ ਸ਼੍ਰੀ ਨੇਫਿਯੂ ਰੀਓ ਦੀਆਂ ਉਦਾਹਰਣਾਂ ਦਿੰਦੇ ਹੋਏ ਕਿਹਾ ਕਿ ਕਈ ਸੂਬਿਆਂ ਵਿੱਚ ਕਬਾਇਲੀ ਆਗੂਆਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਕਈ ਸੂਬਾ ਵਿਧਾਨ ਸਭਾਵਾਂ ਵਿੱਚ ਕਬਾਇਲੀ ਸਪੀਕਰ ਨਿਯੁਕਤ ਕੀਤੇ ਹਨ। ਉਨ੍ਹਾਂ ਨੇ ਉਜਾਗਰ ਕੀਤਾ ਕਿ ਗੁਜਰਾਤ ਦੇ ਸ਼੍ਰੀ ਮੰਗੂਭਾਈ ਪਟੇਲ ਵਰਤਮਾਨ ਵਿੱਚ ਮੱਧ ਪ੍ਰਦੇਸ਼ ਦੇ ਰਾਜਪਾਲ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸਾਮ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਹੁਣ ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਕੇਂਦਰੀ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਦੇ ਵਿਕਾਸ ਵਿੱਚ ਇਨ੍ਹਾਂ ਆਗੂਆਂ ਦੀ ਸੇਵਾ ਅਤੇ ਯੋਗਦਾਨ ਬੇਮਿਸਾਲ ਅਤੇ ਅਸਾਧਾਰਨ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੇਸ਼ "ਸਬਕਾ ਸਾਥ, ਸਬਕਾ ਵਿਕਾਸ" ਦੇ ਮੰਤਰ ਦੀ ਤਾਕਤ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੰਤਰ ਨਾਲ ਪਿਛਲੇ ਕੁਝ ਸਾਲਾਂ ਵਿੱਚ ਕਰੋੜਾਂ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਆਇਆ ਹੈ, ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕੀਤਾ ਹੈ ਅਤੇ ਲੰਬੇ ਸਮੇਂ ਤੋਂ ਅਣਗੌਲੇ ਕਬਾਇਲੀ ਭਾਈਚਾਰਿਆਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਹੈ। ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਦੇ ਸ਼ੁਭ ਮੌਕੇ 'ਤੇ, ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਸ ਮੰਤਰ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਦਿੱਤਾ ਕਿ ਵਿਕਾਸ ਵਿੱਚ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਇਹੀ ਧਰਤੀ ਆਬਾ ਨੂੰ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਮਿਲ ਕੇ ਅੱਗੇ ਵਧਾਂਗੇ ਅਤੇ ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਾਂਗੇ। ਇਸੇ ਸੰਕਲਪ ਨਾਲ, ਉਨ੍ਹਾਂ ਨੇ ਸਾਰਿਆਂ ਨੂੰ ਜਨਜਾਤੀਯ ਗੌਰਵ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਸ਼੍ਰੀ ਮੋਦੀ ਨੇ ਕਿਹਾ ਕਿ ਜਨਜਾਤੀਯ ਗੌਰਵ ਦਿਵਸ ਉਨ੍ਹਾਂ ਰਿਵਾਇਤਾਂ ਦਾ ਸੱਚਾ ਸਾਰ ਹੈ ਜਿਨ੍ਹਾਂ ਨੂੰ ਕਬਾਇਲੀ ਭਾਈਚਾਰਿਆਂ ਨੇ ਬਰਕਰਾਰ ਰੱਖਿਆ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਇੱਛਾਵਾਂ ਨੂੰ ਵੀ ਸੰਭਾਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਪੂਰੇ ਭਾਰਤ ਵਿੱਚ 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਨੂੰ ਜਨਜਾਤੀਯ ਗੌਰਵ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਸਮਾਪਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਨੂੰ ਭਾਰਤੀਅਤਾ ਵਿੱਚ ਜੜ੍ਹਾਂ ਬਣਾਈ ਰੱਖਣੀਆਂ ਚਾਹੀਦੀਆਂ ਹਨ ਅਤੇ ਨਵੀਂ ਤਾਕਤ ਅਤੇ ਉਤਸ਼ਾਹ ਨਾਲ ਅੱਗੇ ਵਧਣਾ ਚਾਹੀਦਾ ਹੈ ਅਤੇ ਮਾਣ ਦੇ ਨਵੇਂ ਸਿਖਰ ਹਾਸਲ ਕਰਨੇ ਚਾਹੀਦੇ ਹਨ।

ਇਸ ਸਮਾਗਮ ਵਿੱਚ ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਸਮੇਤ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਡੇਡੀਆਪਾੜਾ ਵਿੱਚ ਸਮਾਗਮ ਦੌਰਾਨ ਕਬਾਇਲੀ ਭਾਈਚਾਰਿਆਂ ਨੂੰ ਉੱਚਾ ਚੁੱਕਣ ਅਤੇ ਖੇਤਰ ਦੇ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੇ ਉਦੇਸ਼ ਨਾਲ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਜਨਜਾਤੀਯ ਕਬਾਇਲੀ ਨਿਆਏ ਮਹਾ ਅਭਿਆਨ (ਪੀਐੱਮ – ਜਨਮਨ) ਅਤੇ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਆਨ (ਡੀਏ – ਜਗੁਆ) ਦੇ ਤਹਿਤ ਬਣਾਏ ਗਏ 1,00,000 ਘਰਾਂ ਦੇ ਗ੍ਰਹਿ ਪ੍ਰਵੇਸ਼ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਨੇ ਲਗਭਗ ₹1,900 ਕਰੋੜ ਦੀ ਲਾਗਤ ਨਾਲ ਕਬਾਇਲੀ ਵਿਦਿਆਰਥੀਆਂ ਨੂੰ ਸਮਰਪਿਤ 42 ਏਕਲਵਿਯਾ ਆਦਰਸ਼ ਰਿਹਾਇਸ਼ੀ ਸਕੂਲਾਂ (ਈਐੱਮਆਰਐੱਸ) ਦਾ ਉਦਘਾਟਨ ਕੀਤਾ; ਸਮੁਦਾਇ-ਅਧਾਰਿਤ ਗਤੀਵਿਧੀਆਂ ਦੇ ਕੇਂਦਰ ਵਜੋਂ ਕੰਮ ਕਰਨ ਵਾਲੇ 228 ਬਹੁ-ਮੰਤਵੀ ਕੇਂਦਰਾਂ; ਅਸਾਮ ਮੈਡੀਕਲ ਕਾਲਜ, ਡਿਬਰੂਗੜ੍ਹ ਵਿੱਚ ਯੋਗਤਾ ਕੇਂਦਰ ਅਤੇ ਕਬਾਇਲੀ ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਲਈ ਮਣੀਪੁਰ ਦੇ ਇੰਫਾਲ ਵਿੱਚ ਕਬਾਇਲੀ ਖੋਜ ਅਦਾਰੇ (ਟੀਆਰਆਈ) ਦੀ ਇਮਾਰਤ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਕਬਾਇਲੀ ਖੇਤਰਾਂ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਲਈ ਗੁਜਰਾਤ ਦੇ 14 ਕਬਾਇਲੀ ਜ਼ਿਲ੍ਹਿਆਂ ਲਈ 250 ਬੱਸਾਂ ਨੂੰ ਹਰੀ ਝੰਡੀ ਦਿਖਾਈ।

ਪ੍ਰਧਾਨ ਮੰਤਰੀ ਕਬਾਇਲੀ ਖੇਤਰਾਂ ਵਿੱਚ ਸੰਪਰਕ ਵਧਾਉਣ ਲਈ 748 ਕਿੱਲੋਮੀਟਰ ਨਵੀਆਂ ਸੜਕਾਂ ਅਤੇ ਸਮੁਦਾਇਕ ਕੇਂਦਰਾਂ ਵਜੋਂ ਕੰਮ ਕਰਨ ਲਈ ਡੀਏ-ਜੇਏਜੀਯੂਏ ਦੇ ਅਧੀਨ 14 ਕਬਾਇਲੀ ਮਲਟੀ-ਮਾਰਕੀਟਿੰਗ ਸੈਂਟਰਾਂ (ਟੀਐੱਮਐੱਮਸੀ) ਦਾ ਨੀਂਹ ਪੱਥਰ ਵੀ ਰੱਖਿਆ। ਉਹ ₹2,320 ਕਰੋੜ ਤੋਂ ਵੱਧ ਦੀ ਲਾਗਤ ਨਾਲ 50 ਨਵੇਂ ਏਕਲਵਿਯਾ ਆਦਰਸ਼ ਰਿਹਾਇਸ਼ੀ ਸਕੂਲਾਂ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨਾਲ ਕਬਾਇਲੀ ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਦੀ ਸਰਕਾਰ ਦੀ ਵਚਨਬੱਧਤਾ ਹੋਰ ਮਜ਼ਬੂਤ ਹੋਵੇਗੀ।

************

ਐੱਮਜੇਪੀਐੱਸ/ ਐੱਸਆਰ


(Release ID: 2190820) Visitor Counter : 3