ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸੂਰਤ ਵਿੱਚ ਉਸਾਰੀ ਅਧੀਨ ਬੁਲੇਟ ਟ੍ਰੇਨ ਸਟੇਸ਼ਨ ਦਾ ਦੌਰਾ ਕੀਤਾ; ਮੁੰਬਈ-ਅਹਿਮਦਾਬਾਦ ਤੇਜ਼-ਰਫ਼ਤਾਰ ਰੇਲ ਕਾਰੀਡੋਰ ਦੀ ਪ੍ਰਗਤੀ ਦਾ ਜਾਇਜ਼ਾ ਲਿਆ


ਪ੍ਰਧਾਨ ਮੰਤਰੀ ਨੇ ਭਾਰਤ ਦੇ ਪਹਿਲੇ ਬੁਲੇਟ ਟ੍ਰੇਨ ਪ੍ਰੋਜੈਕਟ ਦੀ ਟੀਮ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਬੁਲੇਟ ਟ੍ਰੇਨ ਦੇ ਅਮਲ ਤੋਂ ਪ੍ਰਾਪਤ ਸਿੱਖਿਆਵਾਂ ਨੂੰ ਦਸਤਾਵੇਜ਼ੀ ਰੂਪ ਦੇਣ ਦੇ ਮਹੱਤਵ 'ਤੇ ਚਾਨਣਾ ਪਾਇਆ

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਰਾਸ਼ਟਰ ਲਈ ਕੰਮ ਕਰਨ ਅਤੇ ਕੁਝ ਨਵਾਂ ਯੋਗਦਾਨ ਪਾਉਣ ਦੀ ਭਾਵਨਾ ਪੈਦਾ ਹੁੰਦੀ ਹੈ, ਤਾਂ ਇਹ ਬਹੁਤ ਵੱਡੀ ਪ੍ਰੇਰਨਾ ਦਾ ਸਰੋਤ ਬਣ ਜਾਂਦੀ ਹੈ

Posted On: 16 NOV 2025 3:47PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਗੁਜਰਾਤ ਦੇ ਸੂਰਤ ਵਿੱਚ ਉਸਾਰੀ ਅਧੀਨ ਬੁਲੇਟ ਟ੍ਰੇਨ ਸਟੇਸ਼ਨ ਦਾ ਦੌਰਾ ਕੀਤਾ ਅਤੇ ਮੁੰਬਈ-ਅਹਿਮਦਾਬਾਦ ਤੇਜ਼-ਰਫ਼ਤਾਰ ਰੇਲ ਕਾਰੀਡੋਰ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਭਾਰਤ ਦੇ ਪਹਿਲੇ ਬੁਲੇਟ ਟ੍ਰੇਨ ਪ੍ਰੋਜੈਕਟ ਦੀ ਟੀਮ ਨਾਲ ਵੀ ਗੱਲਬਾਤ ਕੀਤੀ ਅਤੇ ਗਤੀ ਅਤੇ ਸਮਾਂ-ਸਾਰਨੀ ਦੇ ਟੀਚਿਆਂ ਦੀ ਪਾਲਣਾ ਸਮੇਤ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਜਾਣਕਾਰੀ ਲਈ। ਕਰਮਚਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪ੍ਰੋਜੈਕਟ ਬਿਨਾਂ ਕਿਸੇ ਮੁਸ਼ਕਲ ਦੇ ਸੁਚਾਰੂ ਢੰਗ ਨਾਲ ਅੱਗੇ ਵਧ ਰਿਹਾ ਹੈ।

ਕੇਰਲ ਦੀ ਇੱਕ ਇੰਜੀਨੀਅਰ ਨੇ ਗੁਜਰਾਤ ਦੇ ਨਵਸਾਰੀ ਸਥਿਤ ਸ਼ੋਰ-ਰੋਕੂ ਕਾਰਖ਼ਾਨੇ ਵਿੱਚ ਕੰਮ ਕਰਨ ਦਾ ਆਪਣਾ ਤਜਰਬਾ ਸਾਂਝਾ ਕੀਤਾ, ਜਿੱਥੇ ਸਰੀਏ ਦੇ ਪਿੰਜਰਿਆਂ ਦੀ ਵੈਲਡਿੰਗ ਲਈ ਰੋਬੋਟਿਕ ਇਕਾਈਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਸ਼੍ਰੀ ਮੋਦੀ ਨੇ ਉਸ ਤੋਂ ਪੁੱਛਿਆ ਕਿ ਭਾਰਤ ਦੀ ਪਹਿਲੀ ਬੁਲੇਟ ਟ੍ਰੇਨ ਦੇ ਨਿਰਮਾਣ ਦੇ ਤਜਰਬੇ ਨੂੰ ਉਸ ਨੇ ਨਿੱਜੀ ਤੌਰ 'ਤੇ ਕਿਵੇਂ ਮਹਿਸੂਸ ਕੀਤਾ ਅਤੇ ਇਸ ਇਤਿਹਾਸਕ ਪ੍ਰਾਪਤੀ ਬਾਰੇ ਉਹ ਆਪਣੇ ਪਰਿਵਾਰਾਂ ਨਾਲ ਕੀ ਸਾਂਝਾ ਕਰਦੀ ਹੈ। ਉਸ ਨੇ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਵਿੱਚ ਯੋਗਦਾਨ ਪਾਉਣ 'ਤੇ ਮਾਣ ਜਤਾਇਆ ਅਤੇ ਇਸ ਨੂੰ ਆਪਣੇ ਪਰਿਵਾਰ ਲਈ ਇੱਕ "ਸੁਪਨਿਆਂ ਦਾ ਪ੍ਰੋਜੈਕਟ" ਅਤੇ "ਮਾਣ ਦਾ ਪਲ" ਦੱਸਿਆ।

ਪ੍ਰਧਾਨ ਮੰਤਰੀ ਨੇ ਰਾਸ਼ਟਰ ਸੇਵਾ ਦੀ ਭਾਵਨਾ 'ਤੇ ਵਿਚਾਰ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਰਾਸ਼ਟਰ ਲਈ ਕੰਮ ਕਰਨ ਅਤੇ ਕੁਝ ਨਵਾਂ ਯੋਗਦਾਨ ਪਾਉਣ ਦੀ ਭਾਵਨਾ ਪੈਦਾ ਹੁੰਦੀ ਹੈ, ਤਾਂ ਇਹ ਬਹੁਤ ਵੱਡੀ ਪ੍ਰੇਰਨਾ ਦਾ ਸਰੋਤ ਬਣ ਜਾਂਦੀ ਹੈ। ਉਨ੍ਹਾਂ ਨੇ ਭਾਰਤ ਦੀ ਪੁਲਾੜ ਯਾਤਰਾ ਨਾਲ ਤੁਲਨਾ ਕਰਦਿਆਂ ਯਾਦ ਦਿਵਾਇਆ ਕਿ ਦੇਸ਼ ਦਾ ਪਹਿਲਾ ਉਪਗ੍ਰਹਿ ਲਾਂਚ ਕਰਨ ਵਾਲੇ ਵਿਗਿਆਨੀਆਂ ਨੂੰ ਕਿਵੇਂ ਮਹਿਸੂਸ ਹੋਇਆ ਹੋਵੇਗਾ ਅਤੇ ਅੱਜ ਕਿਵੇਂ ਸੈਂਕੜੇ ਉਪਗ੍ਰਹਿ ਲਾਂਚ ਕੀਤੇ ਜਾ ਰਹੇ ਹਨ।

ਬੰਗਲੂਰੂ ਦੀ ਇੱਕ ਹੋਰ ਕਰਮਚਾਰੀ ਸ਼ਰੂਤੀ ਮੁੱਖ ਇੰਜੀਨੀਅਰਿੰਗ ਪ੍ਰਬੰਧਕ ਵਜੋਂ ਕੰਮ ਕਰ ਰਹੀ ਹੈ। ਉਸ ਨੇ ਔਖੇ ਡਿਜ਼ਾਈਨ ਅਤੇ ਇੰਜੀਨੀਅਰਿੰਗ ਕੰਟਰੋਲ ਪ੍ਰਕਿਰਿਆਵਾਂ ਬਾਰੇ ਦੱਸਿਆ। ਸ਼ਰੂਤੀ ਨੇ ਦੱਸਿਆ ਕਿ ਕੰਮ ਨੂੰ ਲਾਗੂ ਕਰਨ ਦੇ ਹਰ ਪੜਾਅ 'ਤੇ ਉਸ ਦੀ ਟੀਮ ਲਾਭ ਅਤੇ ਹਾਨੀਆਂ ਦਾ ਮੁਲਾਂਕਣ ਕਰਦੀ ਹੈ, ਹੱਲ ਲੱਭਦੀ ਹੈ ਅਤੇ ਨੁਕਸ-ਰਹਿਤ ਅਮਲ ਨੂੰ ਯਕੀਨੀ ਬਣਾਉਣ ਲਈ ਬਦਲ ਲੱਭਦੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਜੇ ਇੱਥੇ ਪ੍ਰਾਪਤ ਤਜਰਬਿਆਂ ਨੂੰ ਬਲੂ ਬੁੱਕ ਵਾਂਗ ਦਰਜ ਅਤੇ ਇਕੱਠਾ ਕੀਤਾ ਜਾਵੇ, ਤਾਂ ਦੇਸ਼ ਬੁਲੇਟ ਟ੍ਰੇਨਾਂ ਨੂੰ ਵੱਡੇ ਪੱਧਰ 'ਤੇ ਲਾਗੂ ਕਰਨ ਵੱਲ ਫ਼ੈਸਲਾਕੁਨ ਢੰਗ ਨਾਲ ਅੱਗੇ ਵਧ ਸਕਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਵਾਰ-ਵਾਰ ਪ੍ਰਯੋਗ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਇਸ ਦੀ ਬਜਾਏ ਮੌਜੂਦਾ ਮਾਡਲਾਂ ਤੋਂ ਸਿੱਖਿਆਵਾਂ ਨੂੰ ਦੁਹਰਾਉਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਕਲ ਓਦੋਂ ਹੀ ਸਾਰਥਕ ਹੋਵੇਗੀ ਜਦੋਂ ਇਸ ਗੱਲ ਦੀ ਸਪਸ਼ਟ ਸਮਝ ਹੋਵੇ ਕਿ ਕੁਝ ਕਦਮ ਕਿਉਂ ਚੁੱਕੇ ਗਏ ਸਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਨਕਲ ਬਿਨਾਂ ਕਿਸੇ ਉਦੇਸ਼ ਜਾਂ ਦਿਸ਼ਾ ਦੇ ਹੋ ਸਕਦੀ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਅਜਿਹੇ ਰਿਕਾਰਡ ਬਣਾਏ ਰੱਖਣ ਨਾਲ ਭਵਿੱਖ ਦੇ ਵਿਦਿਆਰਥੀਆਂ ਨੂੰ ਲਾਭ ਹੋ ਸਕਦਾ ਹੈ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਮਿਲ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਅਸੀਂ ਆਪਣਾ ਜੀਵਨ ਇੱਥੇ ਹੀ ਸਮਰਪਿਤ ਕਰਾਂਗੇ ਅਤੇ ਦੇਸ਼ ਲਈ ਕੁਝ ਕੀਮਤੀ ਛੱਡ ਕੇ ਜਾਵਾਂਗੇ।"

ਇੱਕ ਕਰਮਚਾਰੀ ਨੇ ਇੱਕ ਕਵਿਤਾ ਰਾਹੀਂ ਆਪਣੀ ਵਚਨਬੱਧਤਾ ਨੂੰ ਭਾਵਪੂਰਨ ਸ਼ਬਦਾਂ ਵਿੱਚ ਪ੍ਰਗਟ ਕੀਤਾ, ਜਿਸ 'ਤੇ ਪ੍ਰਧਾਨ ਮੰਤਰੀ ਨੇ ਉਸ ਦੇ ਸਮਰਪਣ ਦੀ ਪ੍ਰਸ਼ੰਸਾ ਅਤੇ ਸ਼ਲਾਘਾ ਕੀਤੀ।

ਕੇਂਦਰੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਇਸ ਦੌਰੇ ਮੌਕੇ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਮੁੰਬਈ-ਅਹਿਮਦਾਬਾਦ ਤੇਜ਼-ਰਫ਼ਤਾਰ ਰੇਲ ਲਾਂਘੇ (ਐੱਮਏਐੱਚਐੱਸਆਰ) ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸੂਰਤ ਵਿੱਚ ਉਸਾਰੀ ਅਧੀਨ ਬੁਲੇਟ ਟ੍ਰੇਨ ਸਟੇਸ਼ਨ ਦਾ ਦੌਰਾ ਕੀਤਾ। ਇਹ ਭਾਰਤ ਦੇ ਸਭ ਤੋਂ ਵੱਡੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚੋਂ ਇੱਕ ਹੈ ਅਤੇ ਦੇਸ਼ ਦੇ ਤੇਜ਼-ਰਫ਼ਤਾਰ ਸੰਪਰਕ ਦੇ ਯੁੱਗ ਵਿੱਚ ਦਾਖ਼ਲੇ ਦਾ ਪ੍ਰਤੀਕ ਹੈ।

ਐੱਮਏਐੱਚਐੱਸਆਰ ਲਗਭਗ 508 ਕਿੱਲੋਮੀਟਰ ਲੰਮਾ ਹੈ, ਜਿਸ ਵਿੱਚ 352 ਕਿੱਲੋਮੀਟਰ ਗੁਜਰਾਤ ਅਤੇ ਦਾਦਰਾ ਅਤੇ ਨਗਰ ਹਵੇਲੀ ਵਿੱਚ ਅਤੇ 156 ਕਿੱਲੋਮੀਟਰ ਮਹਾਰਾਸ਼ਟਰ ਵਿੱਚ ਸ਼ਾਮਲ ਹੈ। ਇਹ ਲਾਂਘਾ ਸਾਬਰਮਤੀ, ਅਹਿਮਦਾਬਾਦ, ਆਨੰਦ, ਵਡੋਦਰਾ, ਭਰੂਚ, ਸੂਰਤ, ਬਿਲੀਮੋਰਾ, ਵਾਪੀ, ਬੋਈਸਰ, ਵਿਰਾਰ, ਠਾਣੇ ਅਤੇ ਮੁੰਬਈ ਸਮੇਤ ਪ੍ਰਮੁੱਖ ਸ਼ਹਿਰਾਂ ਨੂੰ ਜੋੜੇਗਾ, ਜੋ ਭਾਰਤ ਦੇ ਆਵਾਜਾਈ ਦੇ ਬੁਨਿਆਦੀ ਢਾਂਚੇ ਵਿੱਚ ਇੱਕ ਪਰਿਵਰਤਨਕਾਰੀ ਕਦਮ ਹੈ।

ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਉੱਨਤ ਇੰਜੀਨੀਅਰਿੰਗ ਤਕਨੀਕਾਂ ਨਾਲ ਬਣੇ ਇਸ ਪ੍ਰੋਜੈਕਟ ਵਿੱਚ 465 ਕਿੱਲੋਮੀਟਰ (ਰੂਟ ਦਾ ਲਗਭਗ 85 ਪ੍ਰਤੀਸ਼ਤ) ਪੁਲਾਂ 'ਤੇ ਬਣਿਆ ਹੈ, ਜਿਸ ਨਾਲ ਘੱਟੋ-ਘੱਟ ਜ਼ਮੀਨੀ ਰੁਕਾਵਟ ਅਤੇ ਬਿਹਤਰ ਸੁਰੱਖਿਆ ਯਕੀਨੀ ਹੁੰਦੀ ਹੈ। ਹੁਣ ਤੱਕ 326 ਕਿੱਲੋਮੀਟਰ ਪੁਲ ਦੀ ਉਸਾਰੀ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ 25 ਵਿੱਚੋਂ 17 ਨਦੀ ਪੁਲਾਂ ਦਾ ਨਿਰਮਾਣ ਹੋ ਚੁੱਕਾ ਹੈ।

ਬੁਲੇਟ ਟ੍ਰੇਨ ਪ੍ਰੋਜੈਕਟ ਦੇ ਪੂਰਾ ਹੋਣ 'ਤੇ ਇਹ ਮੁੰਬਈ ਅਤੇ ਅਹਿਮਦਾਬਾਦ ਵਿਚਕਾਰ ਯਾਤਰਾ ਦੇ ਸਮੇਂ ਨੂੰ ਲਗਭਗ ਦੋ ਘੰਟੇ ਤੱਕ ਘਟਾ ਦੇਵੇਗੀ, ਜਿਸ ਨਾਲ ਅੰਤਰ-ਸ਼ਹਿਰੀ ਯਾਤਰਾ ਤੇਜ਼, ਆਸਾਨ ਅਤੇ ਵਧੇਰੇ ਆਰਾਮਦਾਇਕ ਬਣ ਕੇ ਇਸ ਵਿੱਚ ਕ੍ਰਾਂਤੀ ਲਿਆ ਦੇਵੇਗੀ। ਇਸ ਪ੍ਰੋਜੈਕਟ ਨਾਲ ਪੂਰੇ ਲਾਂਘੇ 'ਤੇ ਵਪਾਰ, ਸੈਰ-ਸਪਾਟਾ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲਣ ਅਤੇ ਖੇਤਰੀ ਵਿਕਾਸ ਨੂੰ ਗਤੀ ਮਿਲਣ ਦੀ ਸੰਭਾਵਨਾ ਹੈ।

ਸੂਰਤ-ਬਿਲੀਮੋਰਾ ਹਿੱਸਾ, ਲਗਭਗ 47 ਕਿੱਲੋਮੀਟਰ ਲੰਮਾ ਹੈ ਅਤੇ ਇਹ ਉਸਾਰੀ ਦੇ ਅੰਤਿਮ ਪੜਾਅ ਵਿੱਚ ਹੈ, ਜਿਸ ਵਿੱਚ ਸਿਵਲ ਕੰਮ ਅਤੇ ਟਰੈਕ ਵਿਛਾਉਣ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਾ ਹੈ। ਸੂਰਤ ਸਟੇਸ਼ਨ ਦਾ ਡਿਜ਼ਾਈਨ ਸ਼ਹਿਰ ਦੇ ਵਿਸ਼ਵ ਪ੍ਰਸਿੱਧ ਹੀਰਾ ਉਦਯੋਗ ਤੋਂ ਪ੍ਰੇਰਿਤ ਹੈ, ਜੋ ਸੁੰਦਰਤਾ ਅਤੇ ਕਾਰਜਕੁਸ਼ਲਤਾ ਦੋਵਾਂ ਨੂੰ ਦਰਸਾਉਂਦਾ ਹੈ। ਸਟੇਸ਼ਨ ਨੂੰ ਯਾਤਰੀਆਂ ਦੀ ਸਹੂਲਤ 'ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚ ਵੱਡੇ ਉਡੀਕ-ਘਰ, ਪਖਾਨੇ ਅਤੇ ਪ੍ਰਚੂਨ ਦੁਕਾਨਾਂ ਹਨ। ਇਹ ਸੂਰਤ ਮੈਟਰੋ, ਸਿਟੀ ਬੱਸਾਂ ਅਤੇ ਭਾਰਤੀ ਰੇਲਵੇ ਨੈੱਟਵਰਕ ਨਾਲ ਨਿਰਵਿਘਨ ਬਹੁ-ਮਾਡਲ ਸੰਪਰਕ ਵੀ ਪ੍ਰਦਾਨ ਕਰੇਗਾ।

*************

ਐੱਮਜੇਪੀਐੱਸ/ਐੱਸਆਰ


(Release ID: 2190703) Visitor Counter : 5