ਪ੍ਰਧਾਨ ਮੰਤਰੀ ਦਫਤਰ
azadi ka amrit mahotsav

15 ਨਵੰਬਰ ਨੂੰ ਜਨਜਾਤੀਯ ਗੌਰਵ ਦਿਵਸ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਸਮਾਗਮ ਵਿੱਚ ਹਿੱਸਾ ਲੈਣਗੇ

ਪ੍ਰਧਾਨ ਮੰਤਰੀ ਨਰਮਦਾ ਦੇ ਡੇਡਿਆਪਾੜਾ ਵਿੱਚ ₹9,700 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਇਹ ਪ੍ਰੋਜੈਕਟ ਬੁਨਿਆਦੀ ਢਾਂਚੇ, ਸਿਹਤ, ਸਿੱਖਿਆ ਅਤੇ ਵਿਰਾਸਤ 'ਤੇ ਕੇਂਦ੍ਰਿਤ ਹਨ, ਜਿਨ੍ਹਾਂ ਵਿੱਚ ਕਬਾਇਲੀ ਸਸ਼ਕਤੀਕਰਨ 'ਤੇ ਖ਼ਾਸ ਜ਼ੋਰ ਦਿੱਤਾ ਜਾਵੇਗਾ

Posted On: 14 NOV 2025 11:41AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਨਵੰਬਰ ਨੂੰ ਗੁਜਰਾਤ ਦੇ ਦੌਰੇ ’ਤੇ ਰਹਿਣਗੇ। ਦੁਪਹਿਰ ਲਗਭਗ 12:45 ਵਜੇ ਉਹ ਨਰਮਦਾ ਜ਼ਿਲ੍ਹੇ ਦੇ ਦੇਵਮੋਗਰਾ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ ਕਰਨਗੇ। ਇਸ ਤੋਂ ਬਾਅਦ, ਦੁਪਹਿਰ ਲਗਭਗ 2:45 ਵਜੇ ਪ੍ਰਧਾਨ ਮੰਤਰੀ ਨਰਮਦਾ ਜ਼ਿਲ੍ਹੇ ਦੇ ਡੇਡਿਆਪਾੜਾ ਜਾਣਗੇ ਅਤੇ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਸਮਾਗਮ ਵਿੱਚ ਹਿੱਸਾ ਲੈਣਗੇ। ਇਸ ਮੌਕੇ 'ਤੇ ਉਹ ₹9,700 ਕਰੋੜ ਤੋਂ ਵੱਧ ਦੇ ਵੱਖ-ਵੱਖ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ ਅਤੇ ਮੌਜੂਦ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਡੇਡਿਆਪਾੜਾ ਵਿੱਚ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਕਬਾਇਲੀ ਭਾਈਚਾਰਿਆਂ ਨੂੰ ਉੱਚਾ ਚੁੱਕਣ ਅਤੇ ਖੇਤਰ ਦੇ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੇ ਉਦੇਸ਼ ਨਾਲ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਪ੍ਰਧਾਨ ਮੰਤਰੀ ਜਨਜਾਤੀਯ ਕਬਾਇਲੀ ਨਿਆਏ ਮਹਾ ਅਭਿਆਨ (ਪੀਐੱਮ – ਜਨਮਨ) ਅਤੇ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਆਨ (ਡੀਏ – ਜਗੁਆ) ਦੇ ਤਹਿਤ ਬਣਾਏ ਗਏ 1,00,000 ਘਰਾਂ ਦੇ ਗ੍ਰਹਿ ਪ੍ਰਵੇਸ਼ ਸਮਾਗਮ ਵਿੱਚ ਹਿੱਸਾ ਲੈਣਗੇ।

ਪ੍ਰਧਾਨ ਮੰਤਰੀ ਲਗਭਗ ₹1,900 ਕਰੋੜ ਦੀ ਲਾਗਤ ਨਾਲ ਕਬਾਇਲੀ ਵਿਦਿਆਰਥੀਆਂ ਨੂੰ ਸਮਰਪਿਤ 42 ਏਕਲਵਿਯਾ ਆਦਰਸ਼ ਰਿਹਾਇਸ਼ੀ ਸਕੂਲਾਂ (ਈਐੱਮਆਰਐੱਸ); ਸਮੁਦਾਇ-ਅਧਾਰਿਤ ਗਤੀਵਿਧੀਆਂ ਦੇ ਕੇਂਦਰ ਵਜੋਂ ਕੰਮ ਕਰਨ ਵਾਲੇ 228 ਬਹੁ-ਮੰਤਵੀ ਕੇਂਦਰਾਂ; ਅਸਾਮ ਮੈਡੀਕਲ ਕਾਲਜ, ਡਿਬਰੂਗੜ੍ਹ ਵਿੱਚ ਯੋਗਤਾ ਕੇਂਦਰ ਅਤੇ ਕਬਾਇਲੀ ਸਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਲਈ ਮਣੀਪੁਰ ਦੇ ਇੰਫਾਲ ਵਿੱਚ ਕਬਾਇਲੀ ਖੋਜ ਅਦਾਰੇ (ਟੀਆਰਆਈ) ਦੀ ਇਮਾਰਤ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਕਬਾਇਲੀ ਖੇਤਰਾਂ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਲਈ ਗੁਜਰਾਤ ਦੇ 14 ਕਬਾਇਲੀ ਜ਼ਿਲ੍ਹਿਆਂ ਲਈ 250 ਬੱਸਾਂ ਨੂੰ ਹਰੀ ਝੰਡੀ ਦਿਖਾਉਣਗੇ।

ਪ੍ਰਧਾਨ ਮੰਤਰੀ ਕਬਾਇਲੀ ਖੇਤਰਾਂ ਵਿੱਚ ਸੰਪਰਕ ਵਧਾਉਣ ਲਈ 748 ਕਿੱਲੋਮੀਟਰ ਨਵੀਆਂ ਸੜਕਾਂ ਅਤੇ ਸਮੁਦਾਇਕ ਕੇਂਦਰਾਂ ਵਜੋਂ ਕੰਮ ਕਰਨ ਲਈ ਡੀਏ-ਜੇਏਜੀਯੂਏ ਦੇ ਅਧੀਨ 14 ਕਬਾਇਲੀ ਮਲਟੀ-ਮਾਰਕੀਟਿੰਗ ਸੈਂਟਰਾਂ (ਟੀਐੱਮਐੱਮਸੀ) ਦਾ ਨੀਂਹ ਪੱਥਰ ਰੱਖਣਗੇ। ਉਹ ₹2,320 ਕਰੋੜ ਤੋਂ ਵੱਧ ਦੀ ਲਾਗਤ ਨਾਲ 50 ਨਵੇਂ ਏਕਲਵਿਯਾ ਆਦਰਸ਼ ਰਿਹਾਇਸ਼ੀ ਸਕੂਲਾਂ ਦਾ ਨੀਂਹ ਪੱਥਰ ਵੀ ਰੱਖਣਗੇ, ਜਿਸ ਨਾਲ ਕਬਾਇਲੀ ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਦੀ ਸਰਕਾਰ ਦੀ ਵਚਨਬੱਧਤਾ ਹੋਰ ਮਜ਼ਬੂਤ ਹੋਵੇਗੀ।

***************

ਐੱਮਜੇਪੀਐੱਸ/ ਐੱਸਆਰ


(Release ID: 2190050) Visitor Counter : 4