ਪ੍ਰਧਾਨ ਮੰਤਰੀ ਦਫਤਰ
ਨਵਾ ਰਾਏਪੁਰ ਵਿਖੇ ਛੱਤੀਸਗੜ੍ਹ ਰਜਤ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
प्रविष्टि तिथि:
01 NOV 2025 7:31PM by PIB Chandigarh
ਭਾਰਤ ਮਾਤਾ ਦੀ ਜੈ!
ਭਾਰਤ ਮਾਤਾ ਦੀ ਜੈ!
ਮਾਈ ਦੰਤੇਸ਼ਵਰੀ ਦੀ ਜੈ!
ਮਾਂ ਮਹਾਮਾਯਾ ਦੀ ਜੈ!
ਮਾਂ ਬਮਲੇਸ਼ਵਰੀ ਦੀ ਜੈ!
ਛੱਤੀਸਗੜ੍ਹ ਮਹਤਾਰੀ ਦੀ ਜੈ!
ਛੱਤੀਸਗੜ੍ਹ ਦੇ ਰਾਜਪਾਲ ਰਮਨ ਡੇਕਾ ਜੀ, ਰਾਜ ਦੇ ਪ੍ਰਸਿੱਧ ਅਤੇ ਊਰਜਾਵਾਨ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਏ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸੀਨੀਅਰ ਸਾਥੀ ਜੁਏਲ ਓਰਾਂਵ ਜੀ, ਦੁਰਗਾ ਦਾਸ ਉਇਕੇ ਜੀ, ਤੋਖਨ ਸਾਹੂ ਜੀ, ਰਾਜ ਵਿਧਾਨਸਭਾ ਦੇ ਸਪੀਕਰ ਰਮਨ ਸਿੰਘ ਜੀ, ਉੱਪ ਮੁੱਖ ਮੰਤਰੀ ਅਰੂਣ ਸਾਹੂ ਜੀ, ਵਿਜੇ ਸ਼ਰਮਾ ਜੀ, ਮੌਜੂਦ ਹੋਰ ਮੰਤਰੀ, ਜਨ ਪ੍ਰਤੀਨਿਧੀ ਅਤੇ ਵੱਡੀ ਗਿਣਤੀ ਵਿੱਚ ਛੱਤੀਸਗੜ੍ਹ ਦੇ ਕੋਨੇ-ਕੋਨੇ ਤੋਂ ਆਏ ਹੋਏ ਸਾਰੇ ਮੇਰੇ ਪਿਆਰੇ ਭਰਾਵੋ ਅਤੇ ਭੈਣੋਂ,
ਛੱਤੀਸਗੜ੍ਹ ਕੇ ਜੰਮੋ ਭਾਈ-ਬਹਿਨੀ, ਲਇਕਾ, ਸਿਯਾਨ, ਮਹਤਾਰੀ ਮਨ ਲ ਦੂਨੋ ਹਾਥ ਜੋੜਕੇ ਜੈ ਜੋਹਾਰ!
ਆਜ ਛੱਤੀਸਗੜ੍ਹ ਰਾਜ ਅਪਨ ਗਠਨ ਕੇ 25 ਬਛਰ ਪੂਰਾ ਕਰਿਸ ਹੇ। ਏ ਮਉਕਾ ਮ ਜੰਮੋ ਛੱਤੀਸਗੜ੍ਹੀਆ ਮਨ ਲ ਗਾੜ੍ਹਾ-ਗਾੜ੍ਹਾ ਬਧਈ ਅਉ ਸੁਭਕਾਮਨਾ।
ਭਰਾਵੋ ਅਤੇ ਭੈਣੋਂ,
ਛੱਤੀਸਗੜ੍ਹ ਦੇ ਸਿਲਵਰ ਜੁਬਲੀ ਸਮਾਰੋਹ ਵਿੱਚ ਛੱਤੀਸਗੜ੍ਹੀਆ ਭਰਾਵਾਂ-ਭੈਣਾਂ ਦੇ ਨਾਲ-ਨਾਲ ਸਹਿਭਾਗੀ ਬਣਨਾ ਮੇਰੇ ਲਈ ਸੁਭਾਗ ਦੀ ਗੱਲ ਹੈ। ਤੁਸੀਂ ਸਭ ਚੰਗੀ ਤਰ੍ਹਾਂ ਜਾਣਦੇ ਹੋ, ਮੈਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਦੇ ਰੂਪ ਵਿੱਚ ਛੱਤੀਸਗੜ੍ਹ ਰਾਜ ਗਠਨ ਤੋਂ ਪਹਿਲਾਂ ਦਾ ਦੌਰ ਵੀ ਦੇਖਿਆ ਹੈ ਅਤੇ ਬੀਤੇ 25 ਸਾਲ ਵਿੱਚ ਸਫ਼ਰ ਦਾ ਗਵਾਹ ਵੀ ਰਿਹਾ ਹਾਂ। ਇਸ ਲਈ, ਇਸ ਸ਼ਾਨਦਾਰ ਪਲ ਦਾ ਹਿੱਸਾ ਬਣਨਾ ਮੇਰੇ ਲਈ ਵੀ ਇੱਕ ਸ਼ਾਨਦਾਰ ਅਹਿਸਾਸ ਹੈ।
ਸਾਥੀਓ,
25 ਸਾਲ ਦੀ ਯਾਤਰਾ ਅਸੀਂ ਪੂਰੀ ਕੀਤੀ ਹੈ। 25 ਸਾਲ ਦਾ ਇੱਕ ਕਾਲਖੰਡ ਪੂਰਾ ਹੋਇਆ ਹੈ ਅਤੇ ਅੱਜ ਅਗਲੇ 25 ਸਾਲ ਦੇ ਨਵੇਂ ਯੁਗ ਦਾ ਸੂਰਜ ਚੜ੍ਹ ਰਿਹਾ ਹੈ। ਮੇਰਾ ਇੱਕ ਕੰਮ ਕਰੋਗੇ ਤੁਸੀਂ ਲੋਕ? ਸਭ ਲੋਕ ਦੱਸੋ, ਮੇਰਾ ਇੱਕ ਕੰਮ ਕਰੋਗੇ? ਕਰੋਗੇ? ਆਪਣਾ ਮੋਬਾਇਲ ਫੋਨ ਕੱਢੋ, ਮੋਬਾਇਲ ਫੋਨ ਦੀ ਫਲੈਸ਼ ਲਾਈਟ ਚਾਲੂ ਕਰੋ ਅਤੇ ਇਹ ਅਗਲੇ 25 ਸਾਲ ਦੇ ਸੂਰਜ ਚੜ੍ਹਨ ਦੀ ਸ਼ੁਰੂਆਤ ਹੋ ਚੁੱਕੀ ਹੈ। ਹਰ ਇੱਕ ਹੱਥ ਵਿੱਚ ਜੋ ਮੋਬਾਇਲ ਹੈ, ਉਸ ਦੀ ਫਲੈਸ਼ ਲਾਈਟ ਚਾਲੂ ਕਰੋ। ਦੇਖੋ ਚਾਰੋਂ ਪਾਸੇ ਮੈਂ ਦੇਖ ਰਿਹਾ ਹਾਂ, ਤੁਹਾਡੀ ਹਥੇਲੀ ਵਿੱਚ ਨਵੇਂ ਸੁਪਨਿਆਂ ਦਾ ਸੂਰਜ ਚੜ੍ਹਿਆ ਹੈ। ਤੁਹਾਡੀ ਹਥੇਲੀ ਵਿੱਚ ਨਵੇਂ ਯੁਗ ਦੇ ਸੰਕਲਪਾਂ ਦੀ ਰੋਸ਼ਨੀ ਨਜ਼ਰ ਆ ਰਹੀ ਹੈ। ਇਹੀ ਰੋਸ਼ਨੀ ਜੋ ਤੁਹਾਡੇ ਯਤਨਾਂ ਨਾਲ ਜੁੜੀ ਹੋਈ ਹੈ, ਜੋ ਤੁਹਾਡੀ ਕਿਸਮਤ ਬਣਾਉਣ ਵਾਲੀ ਹੈ।
ਸਾਥੀਓ,
25 ਸਾਲ ਪਹਿਲਾਂ ਅਟਲ ਜੀ ਦੀ ਸਰਕਾਰ ਨੇ ਤੁਹਾਡੇ ਸੁਪਨਿਆਂ ਦਾ ਛੱਤੀਸਗੜ੍ਹ ਤੁਹਾਨੂੰ ਸੌਂਪਿਆ ਸੀ। ਨਾਲ ਹੀ ਇਹ ਸੰਕਲਪ ਵੀ ਲਿਆ ਸੀ ਕਿ ਛੱਤੀਸਗੜ੍ਹ ਵਿਕਾਸ ਦੀ ਨਵੀਂ ਬੁਲੰਦੀ ਛੂਹੇਗਾ। ਅੱਜ ਜਦੋਂ ਮੈਂ ਬੀਤੇ 25 ਸਾਲਾਂ ਦੇ ਸਫਰ ਨੂੰ ਦੇਖਦਾ ਹਾਂ, ਤਾਂ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਛੱਤੀਸਗੜ੍ਹ ਦੇ ਆਪ ਸਭ ਭਰਾਵਾਂ-ਭੈਣਾਂ ਨੇ ਮਿਲ ਕੇ ਕਈ ਉਪਲਬਧੀਆਂ ਪ੍ਰਾਪਤ ਕੀਤੀਆਂ ਹਨ। 25 ਸਾਲ ਪਹਿਲਾਂ ਜੋ ਬੀਜ ਬੀਜਿਆ ਗਿਆ ਸੀ, ਅੱਜ ਉਹ ਵਿਕਾਸ ਦਾ ਬੋਹੜ ਬਣ ਚੁੱਕਾ ਹੈ। ਛੱਤੀਸਗੜ੍ਹ ਅੱਜ ਵਿਕਾਸ ਦੇ ਰਾਹ ‘ਤੇ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਅੱਜ ਵੀ ਛੱਤੀਸਗੜ੍ਹ ਨੂੰ ਲੋਕਤੰਤਰ ਦਾ ਨਵਾਂ ਮੰਦਿਰ, ਨਵਾਂ ਵਿਧਾਨਸਭਾ ਭਵਨ ਮਿਲਿਆ ਹੈ। ਇੱਥੇ ਆਉਣ ਤੋਂ ਪਹਿਲਾਂ ਵੀ ਮੈਨੂੰ ਆਦਿਵਾਸੀ ਮਿਊਜ਼ੀਅਮ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ। ਇਸ ਮੰਚ ਤੋਂ ਵੀ ਲਗਭਗ 14 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਉਦਘਾਟਨ ਹੋਇਆ ਹੈ। ਮੈਂ ਵਿਕਾਸ ਦੇ ਇਨ੍ਹਾਂ ਸਾਰੇ ਕਾਰਜਾਂ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਸਾਲ 2000 ਤੋਂ ਬਾਅਦ ਇੱਥੇ ਪੂਰੀ ਇੱਕ ਪੀੜ੍ਹੀ ਬਦਲ ਚੁੱਕੀ ਹੈ। ਅੱਜ ਇੱਥੇ ਨੌਜਵਾਨਾਂ ਦੀ ਇੱਕ ਪੂਰੀ ਪੀੜ੍ਹੀ ਹੈ, ਜਿਸ ਨੇ 2000 ਪਹਿਲਾਂ ਦੇ ਉਹ ਪੁਰਾਣੇ ਦਿਨ ਨਹੀਂ ਦੇਖੇ ਹਨ। ਜਦੋਂ ਛੱਤੀਸਗੜ੍ਹ ਬਣਿਆ ਸੀ, ਓਦੋਂ ਪਿੰਡਾਂ ਤੱਕ ਪਹੁੰਚਣਾ ਮੁਸ਼ਕਿਲ ਸੀ। ਉਸ ਸਮੇਂ ਬਹੁਤ ਸਾਰੇ ਪਿੰਡਾਂ ਵਿੱਚ ਸੜਕਾਂ ਦਾ ਨਾਮ-ਓ-ਨਿਸ਼ਾਨ ਤੱਕ ਨਹੀਂ ਸੀ। ਹੁਣ ਅੱਜ ਛੱਤੀਸਗੜ੍ਹ ਦੇ ਪਿੰਡਾਂ ਵਿੱਚ ਸੜਕਾਂ ਦਾ ਨੈੱਟਵਰਕ 40 ਹਜ਼ਾਰ ਕਿੱਲੋਮੀਟਰ ਤੱਕ ਪਹੁੰਚਿਆ ਹੈ। ਬੀਤੇ ਗਿਆਰਾਂ ਵਰ੍ਹਿਆਂ ਵਿੱਚ ਛੱਤੀਸਗੜ੍ਹ ਵਿੱਚ ਨੈਸ਼ਨਲ ਹਾਈਵੇਅ ਦਾ ਬੇਮਿਸਾਲ ਵਿਸਤਾਰ ਹੋਇਆ ਹੈ। ਨਵੇਂ-ਨਵੇਂ ਐਕਸਪ੍ਰੈੱਸਵੇਅ ਹੁਣ ਛੱਤੀਸਗੜ੍ਹ ਦੀ ਨਵੀਂ ਸ਼ਾਨ ਬਣ ਰਹੇ ਹਨ। ਪਹਿਲਾਂ ਰਾਏਪੁਰ ਤੋਂ ਬਿਲਾਸਪੁਰ ਪਹੁੰਚਣ ਵਿੱਚ ਕਈ ਘੰਟੇ ਲਗਦੇ ਸਨ, ਹੁਣ ਉਸ ਦਾ ਸਮਾਂ ਵੀ ਘਟ ਕੇ ਅੱਧਾ ਹੀ ਰਹਿ ਗਿਆ ਹੈ। ਅੱਜ ਵੀ ਇੱਥੇ ਇੱਕ ਨਵੇਂ 4 ਲੇਨ ਹਾਈਵੇਅ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਹਾਈਵੇਅ ਛੱਤੀਸਗੜ੍ਹ ਦੀ ਝਾਰਖੰਡ ਨਾਲ ਕਨੈੱਕਟੀਵਿਟੀ ਨੂੰ ਹੋਰ ਬਿਹਤਰ ਬਣਾਵੇਗਾ।
ਸਾਥੀਓ,
ਛੱਤੀਸਗੜ੍ਹ ਦੀ ਰੇਲ ਅਤੇ ਹਵਾਈ ਕਨੈੱਕਟੀਵਿਟੀ ਦੇ ਲਈ ਵੀ ਵਿਆਪਕ ਕੰਮ ਹੋਇਆ ਹੈ। ਅੱਜ ਛੱਤੀਸਗੜ੍ਹ ਵਿੱਚ ਵੰਦੇ ਭਾਰਤ ਜਿਹੀਆਂ ਤੇਜ਼ ਟ੍ਰੇਨਾਂ ਚਲਦੀਆਂ ਹਨ। ਰਾਏਪੁਰ, ਬਿਲਾਸਪੁਰ ਅਤੇ ਜਗਦਲਪੁਰ ਜਿਹੇ ਸ਼ਹਿਰ ਹੁਣ ਡਾਇਰੈਕਟ ਫਲਾਈਟ ਨਾਲ ਕਨੈੱਕਟੇਡ ਹਨ। ਕਦੇ ਛੱਤੀਸਗੜ੍ਹ ਸਿਰਫ਼ ਕੱਚੇ ਮਾਲ ਦੇ ਨਿਰਯਾਤ ਦੇ ਲਈ ਜਾਣਿਆ ਜਾਂਦਾ ਸੀ। ਅੱਜ ਛੱਤੀਸਗੜ੍ਹ ਇੱਕ Industrial State ਦੇ ਰੂਪ ਵਿੱਚ ਵੀ ਨਵੀਂ ਭੂਮਿਕਾ ਵਿੱਚ ਸਾਹਮਣੇ ਆ ਰਿਹਾ ਹੈ।
ਸਾਥੀਓ,
ਬੀਤੇ 25 ਸਾਲਾਂ ਵਿੱਚ ਛੱਤੀਸਗੜ੍ਹ ਨੇ ਜੋ ਕੁਝ ਹਾਸਲ ਕੀਤਾ ਹੈ, ਉਸ ਦੇ ਲਈ ਮੈਂ ਹਰ ਮੁੱਖ ਮੰਤਰੀ, ਹਰ ਸਰਕਾਰ ਦਾ ਧੰਨਵਾਦ ਕਰਦਾ ਹਾਂ। ਪਰ ਬਹੁਤ ਵੱਡਾ ਸਿਹਰਾ ਡਾਕਟਰ ਰਮਨ ਸਿੰਘ ਨੂੰ ਜਾਂਦਾ ਹੈ। ਉਨ੍ਹਾਂ ਨੇ ਓਦੋਂ ਛੱਤੀਸਗੜ੍ਹ ਨੂੰ ਅਗਵਾਈ ਦਿੱਤੀ, ਜਦੋਂ ਰਾਜ ਦੇ ਸਾਹਮਣੇ ਅਨੇਕਾਂ ਚੁਣੌਤੀਆਂ ਸਨ। ਮੈਨੂੰ ਖ਼ੁਸ਼ੀ ਹੈ ਕਿ ਅੱਜ ਉਹ ਵਿਧਾਨਸਭਾ ਦੇ ਸਪੀਕਰ ਦੇ ਤੌਰ ’ਤੇ ਆਪਣਾ ਮਾਰਗ-ਦਰਸ਼ਨ ਦੇ ਰਹੇ ਹਨ ਅਤੇ ਵਿਸ਼ਨੂੰ ਦੇਵ ਸਾਏ ਜੀ ਦੀ ਸਰਕਾਰ ਛੱਤੀਸਗੜ੍ਹ ਦੇ ਵਿਕਾਸ ਨੂੰ ਤੇਜ਼ ਗਤੀ ਨਾਲ ਅੱਗੇ ਲੈ ਜਾ ਰਹੀ ਹੈ।
ਸਾਥੀਓ,
ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ, ਅੱਜ ਵੀ ਜਦੋਂ ਮੈਂ ਜੀਪ ’ਚੋਂ ਨਿਕਲ ਰਿਹਾ ਸੀ, ਬਹੁਤ ਪੁਰਾਣੇ-ਪੁਰਾਣੇ ਚਿਹਰੇ ਮੈਂ ਦੇਖ ਰਿਹਾ ਸੀ, ਮੇਰੇ ਮਨ ਨੂੰ ਬਹੁਤ ਸੰਤੋਸ਼ ਹੋ ਰਿਹਾ ਸੀ। ਸ਼ਾਇਦ ਹੀ ਕੋਈ ਇਲਾਕਾ ਹੋਵੇਗਾ, ਜਿੱਥੇ ਮੇਰਾ ਜਾਣਾ ਨਾ ਹੋਇਆ ਹੋਵੇ ਅਤੇ ਇਸ ਲਈ ਤੁਸੀਂ ਵੀ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ।
ਸਾਥੀਓ,
ਮੈਂ ਗ਼ਰੀਬੀ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ। ਮੈਂ ਜਾਣਦਾ ਹਾਂ, ਗ਼ਰੀਬ ਦੀ ਚਿੰਤਾ ਕੀ ਹੁੰਦੀ ਹੈ, ਗ਼ਰੀਬ ਦੀ ਬੇਬਸੀ ਕੀ ਹੁੰਦੀ ਹੈ। ਇਸ ਲਈ, ਜਦੋਂ ਦੇਸ਼ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ, ਤਾਂ ਮੈਂ ਗ਼ਰੀਬ ਭਲਾਈ ‘ਤੇ ਜ਼ੋਰ ਦਿੱਤਾ। ਗ਼ਰੀਬ ਦੀ ਦਵਾਈ, ਗ਼ਰੀਬ ਦੀ ਪੜ੍ਹਾਈ ਅਤੇ ਗ਼ਰੀਬ ਨੂੰ ਸਿੰਚਾਈ ਦੀ ਸੁਵਿਧਾ, ਇਸ ‘ਤੇ ਸਾਡੀ ਸਰਕਾਰ ਨੇ ਬਹੁਤ ਧਿਆਨ ਦਿੱਤਾ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ।
ਸਾਥੀਓ,
25 ਸਾਲ ਪਹਿਲਾਂ, ਸਾਡੇ ਇਸ ਛੱਤੀਸਗੜ੍ਹ ਵਿੱਚ ਸਿਰਫ਼ ਇੱਕ ਮੈਡੀਕਲ ਕਾਲਜ ਸੀ ਇੱਕ, ਅੱਜ ਛੱਤੀਸਗੜ੍ਹ ਵਿੱਚ 14 ਮੈਡੀਕਲ ਕਾਲਜ ਹਨ, ਸਾਡੇ ਰਾਏਪੁਰ ਵਿੱਚ ਏਮਜ਼ ਹੈ, ਮੈਨੂੰ ਯਾਦ ਹੈ ਦੇਸ਼ ਵਿੱਚ ਆਰੋਗਯ ਮੰਦਿਰ ਬਣਾਉਣ ਦਾ ਅਭਿਆਨ ਵੀ ਛੱਤੀਸਗੜ੍ਹ ਤੋਂ ਹੀ ਸ਼ੁਰੂ ਹੋਇਆ ਸੀ। ਅੱਜ ਛੱਤੀਸਗੜ੍ਹ ਵਿੱਚ ਕਰੀਬ ਸਾਢੇ ਪੰਜ ਹਜ਼ਾਰ ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਿਰ ਹਨ।
ਸਾਥੀਓ,
ਸਾਡਾ ਯਤਨ ਹੈ ਕਿ ਗ਼ਰੀਬ ਨੂੰ ਸਨਮਾਨ ਦਾ ਜੀਵਨ ਮਿਲੇ। ਝੁੱਗੀਆਂ ਦੀ, ਕੱਚੇ ਘਰਾਂ ਦੀ ਜ਼ਿੰਦਗੀ, ਗ਼ਰੀਬ ਨੂੰ ਹੋਰ ਨਿਰਾਸ਼ ਕਰਦੀ ਹੈ, ਹਤਾਸ਼ ਕਰਦੀ ਹੈ। ਗ਼ਰੀਬੀ ਨਾਲ ਲੜਨ ਦਾ ਹੌਂਸਲਾ ਖੋ ਬੈਠਦਾ ਹੈ। ਇਸ ਲਈ ਸਾਡੀ ਸਰਕਾਰ ਨੇ ਹਰ ਗ਼ਰੀਬ ਨੂੰ ਪੱਕਾ ਘਰ ਦੇਣ ਦਾ ਸੰਕਲਪ ਲਿਆ ਹੈ। ਬੀਤੇ 11 ਸਾਲ ਵਿੱਚ 4 ਕਰੋੜ ਗ਼ਰੀਬਾਂ ਨੂੰ ਪੱਕੇ ਘਰ ਦਿੱਤੇ ਗਏ ਹਨ। ਹੁਣ ਅਸੀਂ ਤਿੰਨ ਕਰੋੜ ਹੋਰ ਨਵੇਂ ਘਰ ਬਣਾਉਣ ਦਾ ਸੰਕਲਪ ਲੈ ਕੇ ਚਲ ਰਹੇ ਹਾਂ। ਅੱਜ ਦੇ ਦਿਨ ਵੀ ਇਕੱਠੇ ਛੱਤੀਸਗੜ੍ਹ ਵਿੱਚ ਸਾਢੇ ਤਿੰਨ ਲੱਖ ਤੋਂ ਵੱਧ, ਸਾਢੇ ਤਿੰਨ ਲੱਖ ਤੋਂ ਵੱਧ ਪਰਿਵਾਰ ਆਪਣੇ ਨਵੇਂ ਘਰ ਵਿੱਚ ਗ੍ਰਹਿ-ਪ੍ਰਵੇਸ਼ ਕਰ ਰਹੇ ਹਨ। ਕਰੀਬ ਤਿੰਨ ਲੱਖ ਪਰਿਵਾਰਾਂ ਨੂੰ 1200 ਕਰੋੜ ਰੁਪਏ ਦੀ ਕਿਸ਼ਤ ਵੀ ਜਾਰੀ ਕੀਤੀ ਗਈ ਹੈ।
ਸਾਥੀਓ,
ਇਹ ਦਿਖਾਉਂਦਾ ਹੈ ਕਿ ਛੱਤੀਸਗੜ੍ਹ ਦੀ ਭਾਜਪਾ ਸਰਕਾਰ, ਗ਼ਰੀਬਾਂ ਨੂੰ ਘਰ ਦੇਣ ਦੇ ਲਈ ਕਿੰਨੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਪਿਛਲੇ ਇੱਕ ਸਾਲ ਵਿੱਚ ਹੀ ਗ਼ਰੀਬਾਂ ਦੇ ਸੱਤ ਲੱਖ ਪੱਕੇ ਘਰ ਸਾਡੇ ਇਸ ਛੱਤੀਸਗੜ੍ਹ ਵਿੱਚ ਬਣੇ ਹਨ। ਅਤੇ ਇਹ ਸਿਰਫ਼ ਅੰਕੜਾ ਨਹੀਂ ਹੈ, ਹਰ ਘਰ ਵਿੱਚ ਇੱਕ ਪਰਿਵਾਰ ਦਾ ਸੁਪਨਾ ਹੈ, ਇੱਕ ਪਰਿਵਾਰ ਦੀਆਂ ਬੇਅੰਤ ਖ਼ੁਸ਼ੀਆਂ ਸ਼ਾਮਲ ਹਨ। ਮੈਂ ਸਾਰੇ ਲਾਭਪਤਾਰੀ ਪਰਿਵਾਰਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਛੱਤੀਸਗੜ੍ਹ ਦੇ ਲੋਕਾਂ ਦਾ ਜੀਵਨ ਅਸਾਨ ਬਣੇ, ਤੁਹਾਡੇ ਜੀਵਨ ਤੋਂ ਮੁਸ਼ਕਿਲਾਂ ਘੱਟ ਹੋਣ, ਇਸ ਦੇ ਲਈ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਅੱਜ ਛੱਤੀਸਗੜ੍ਹ ਦੇ ਪਿੰਡ-ਪਿੰਡ ਵਿੱਚ ਬਿਜਲੀ ਪਹੁੰਚ ਚੁੱਕੀ ਹੈ। ਜਿੱਥੇ ਬਿਜਲੀ ਨਹੀਂ ਆਉਂਦੀ ਸੀ, ਉੱਥੇ ਅੱਜ ਜ਼ਮਾਨਾ ਬਦਲ ਗਿਆ, ਅੱਜ ਤਾਂ ਉੱਥੇ ਇੰਟਰਨੈੱਟ ਤੱਕ ਵੀ ਪਹੁੰਚ ਚੁੱਕਾ ਹੈ। ਕਦੇ ਸਾਧਾਰਨ ਪਰਿਵਾਰ ਦੇ ਲਈ ਗੈਸ ਦਾ ਸਿਲੰਡਰ, ਐੱਲਪੀਜੀ ਗੈਸ ਕਨੈਕਸ਼ਨ ਬਹੁਤ ਵੱਡਾ ਸੁਪਨਾ ਹੁੰਦਾ ਸੀ। ਇੱਕ-ਅੱਧੇ ਘਰ ਵਿੱਚ ਜਦੋਂ ਗੈਸ ਸਿਲੰਡਰ ਆਉਂਦਾ ਸੀ, ਲੋਕ ਦੂਰ ਤੋਂ ਦੇਖਦੇ ਸਨ, ਇਹ ਤਾਂ ਅਮੀਰ ਦਾ ਘਰ ਹੋਵੇਗਾ, ਉਸ ਦੇ ਘਰ ਆ ਰਿਹਾ ਹੈ, ਮੇਰੇ ਘਰ ਕਦੋਂ ਆਵੇਗਾ? ਮੇਰੇ ਲਈ ਮੇਰਾ ਹਰ ਪਰਿਵਾਰ ਗ਼ਰੀਬੀ ਨਾਲ ਲੜਾਈ ਲੜਨ ਵਾਲਾ ਪਰਿਵਾਰ ਹੈ ਅਤੇ ਇਸ ਲਈ ਉੱਜਵਲਾ ਗੈਸ ਦਾ ਸਿਲੰਡਰ ਉਸ ਦੇ ਘਰ ਪਹੁੰਚਾਇਆ। ਅੱਜ ਛੱਤੀਸਗੜ੍ਹ ਦੇ ਪਿੰਡ-ਗ਼ਰੀਬ, ਦਲਿਤ, ਪਛੜੇ, ਆਦਿਵਾਸੀ ਪਰਿਵਾਰਾਂ ਤੱਕ ਵੀ ਗੈਸ ਕਨੈੱਕਸ਼ਨ ਪਹੁੰਚ ਚੁੱਕਾ ਹੈ। ਹੁਣ ਤਾਂ ਸਾਡਾ ਯਤਨ, ਸਿਲੰਡਰ ਦੇ ਨਾਲ ਹੀ ਜਿਵੇਂ ਰਸੋਈ ਘਰ ਵਿੱਚ ਪਾਈਪ ਤੋਂ ਪਾਣੀ ਆਉਂਦਾ ਹੈ, ਓਵੇਂ ਪਾਈਪ ਤੋਂ ਸਸਤੀ ਗੈਸ ਪਹੁੰਚਾਉਣ ਦਾ ਵੀ ਸਾਡਾ ਸੰਕਲਪ ਹੈ। ਅੱਜ ਹੀ ਨਾਗਪੁਰ-ਝਾਰਸੁਗੁੜਾ ਗੈਸ ਪਾਈਪਲਾਈਨ, ਰਾਸ਼ਟਰ ਨੂੰ ਸਮਰਪਿਤ ਕੀਤੀ ਗਈ ਹੈ। ਮੈਂ ਇਸ ਪ੍ਰੋਜੈਕਟ ਦੇ ਲਈ ਵੀ ਛੱਤੀਸਗੜ੍ਹ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ।
ਸਾਥੀਓ,
ਛੱਤੀਸਗੜ੍ਹ ਵਿੱਚ ਦੇਸ਼ ਦੀ ਇੱਕ ਵੱਡੀ ਆਦਿਵਾਸੀ ਆਬਾਦੀ ਰਹਿੰਦੀ ਹੈ। ਇਹ ਤਾਂ ਆਦਿਵਾਸੀ ਸਮਾਜ ਹੈ, ਜਿਸ ਦਾ ਇੱਕ ਸ਼ਾਨਦਾਰ ਇਤਿਹਾਸ ਰਿਹਾ ਹੈ। ਜਿਸ ਨੇ, ਭਾਰਤ ਦੀ ਵਿਰਾਸਤ ਅਤੇ ਵਿਕਾਸ ਦੇ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਆਦਿਵਾਸੀ ਸਮਾਜ ਦਾ ਇਹ ਯੋਗਦਾਨ, ਪੂਰਾ ਦੇਸ਼ ਜਾਣੇ, ਪੂਰੀ ਦੁਨੀਆ ਜਾਣੇ, ਇਸ ਲਈ ਅਸੀਂ ਨਿਰੰਤਰ ਕੰਮ ਕਰ ਰਹੇ ਹਾਂ। ਦੇਸ਼ ਭਰ ਵਿੱਚ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਦਾ ਸੰਗ੍ਰਹਿ ਬਣਾਉਣਾ, ਅਜਾਇਬ-ਘਰ ਬਣਾਉਣਾ ਹੋਵੇ ਜਾਂ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਵਸ ਨੂੰ, ਜਨਜਾਤੀਯ ਗੌਰਵ ਦਿਵਸ ਐਲਾਨ ਕਰਨਾ ਹੋਵੇ, ਸਾਡੀ ਕੋਸ਼ਿਸ਼ ਇਹੀ ਹੈ ਕਿ ਆਦਿਵਾਸੀ ਸਮਾਜ ਦੇ ਯੋਗਦਾਨ ਦੀ ਹਮੇਸ਼ਾ ਵਡਿਆਈ ਹੁੰਦੀ ਰਹੇ।
ਸਾਥੀਓ,
ਅੱਜ ਇਸੇ ਕੜੀ ਵਿੱਚ ਅਸੀਂ ਇੱਕ ਹੋਰ ਕਦਮ ਚੁੱਕਿਆ ਹੈ। ਅੱਜ ਦੇਸ਼ ਨੂੰ, ਸ਼ਹੀਦ ਵੀਰ ਨਾਰਾਇਣ ਸਿੰਘ ਆਦਿਵਾਸੀ ਸੁਤੰਤਰਤਾ ਸੰਗਰਾਮ ਸੈਨਾਨੀ ਅਜਾਇਬ-ਘਰ ਅੱਜ ਦੇਸ਼ ਨੂੰ ਮਿਲਿਆ ਹੈ। ਇਸ ਵਿੱਚ ਆਜ਼ਾਦੀ ਤੋਂ ਪਹਿਲਾਂ ਦੇ ਡੇਢ-ਸੌ ਤੋਂ ਵੱਧ ਸਾਲਾਂ ਦਾ ਆਦਿਵਾਸੀ ਸਮਾਜ ਦੇ ਸੰਘਰਸ਼ ਦਾ ਇਤਿਹਾਸ ਦਰਸਾਇਆ ਗਿਆ ਹੈ। ਸਾਡੇ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਨੇ ਕਿਵੇਂ ਆਜ਼ਾਦੀ ਦੀ ਲੜਾਈ ਲੜੀ, ਉਸ ਦੀ ਹਰ ਬਰੀਕੀ ਇੱਥੇ ਦਿਖਦੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਅਜਾਇਬ-ਘਰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।
ਸਾਥੀਓ,
ਸਾਡੀ ਸਰਕਾਰ ਇੱਕ ਪਾਸੇ ਆਦਿਵਾਸੀ ਵਿਰਾਸਤ ਨੂੰ ਸੰਭਾਲ ਰਹੀ ਹੈ, ਦੂਜੇ ਪਾਸੇ, ਆਦਿਵਾਸੀਆਂ ਦੇ ਵਿਕਾਸ ਅਤੇ ਭਲਾਈ ‘ਤੇ ਵੀ ਜ਼ੋਰ ਦੇ ਰਹੀ ਹੈ। ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਆਨ, ਦੇਸ਼ ਦੇ ਹਜ਼ਾਰਾਂ ਆਦਿਵਾਸੀ ਪਿੰਡਾਂ ਵਿੱਚ ਵਿਕਾਸ ਦੀ ਨਵੀਂ ਰੋਸ਼ਨੀ ਪਹੁੰਚਾ ਰਿਹਾ ਹੈ। ਇਹ ਕਰੀਬ ਅੱਸੀ ਹਜ਼ਾਰ ਕਰੋੜ ਰੁਪਏ ਦੀ ਯੋਜਨਾ ਹੈ, ਅੱਸੀ ਹਜ਼ਾਰ ਕਰੋੜ! ਆਜ਼ਾਦ ਭਾਰਤ ਵਿੱਚ ਇਸ ਸਕੇਲ ’ਤੇ ਆਦਿਵਾਸੀ ਇਲਾਕਿਆਂ ਵਿੱਚ ਕੰਮ ਕਦੇ ਨਹੀਂ ਹੋਇਆ। ਇਵੇਂ ਹੀ, ਸਭ ਤੋਂ ਪੱਛੜੀਆਂ ਜਨਜਾਤੀਆਂ ਦੇ ਵਿਕਾਸ ਦੇ ਲਈ ਵੀ ਪਹਿਲੀ ਵਾਰ ਕੋਈ ਰਾਸ਼ਟਰੀ ਯੋਜਨਾ ਬਣੀ ਹੈ। ਪੀਐੱਮ-ਜਨਮਨ ਯੋਜਨਾ ਦੇ ਤਹਿਤ, ਪੱਛੜੀਆਂ ਜਨਜਾਤੀਆਂ ਦੀਆਂ ਹਜ਼ਾਰਾਂ ਬਸਤੀਆਂ ਵਿੱਚ ਵਿਕਾਸ ਦੇ ਕੰਮ ਹੋ ਰਹੇ ਹਨ।
ਸਾਥੀਓ,
ਆਦਿਵਾਸੀ ਸਮਾਜ ਪੀੜ੍ਹੀਆਂ ਤੋਂ ਵਣ-ਉਪਜ ਇਕੱਠਾ ਕਰਦਾ ਹੈ। ਇਹ ਸਾਡੀ ਸਰਕਾਰ ਹੈ, ਜਿਸ ਨੇ ਵਣ-ਧਨ ਕੇਂਦਰਾਂ ਦੇ ਰੂਪ ਵਿੱਚ, ਵਣ-ਉਪਜ ਤੋਂ ਵੱਧ ਕਮਾਈ ਦੇ ਲਈ ਮੌਕੇ ਬਣਾਏ। ਤੇਂਦੁਪੱਤਾ ਦੀ ਖਰੀਦ ਦੇ ਬਿਹਤਰ ਇੰਤਜ਼ਾਮ ਕੀਤੇ, ਅੱਜ ਛੱਤੀਸਗੜ੍ਹ ਵਿੱਚ ਤੇਂਦੁਪੱਤਾ ਇਕੱਠਾ ਕਰਨ ਵਾਲਿਆਂ ਨੂੰ ਵੀ ਪਹਿਲਾਂ ਤੋਂ ਕਿਤੇ ਵੱਧ ਪੈਸਾ ਮਿਲ ਰਿਹਾ ਹੈ।
ਸਾਥੀਓ,
ਮੈਨੂੰ ਇਸ ਗੱਲ ਦੀ ਵੀ ਬਹੁਤ ਖ਼ੁਸ਼ੀ ਹੈ ਕਿ ਅੱਜ ਸਾਡਾ ਛੱਤੀਸਗੜ੍ਹ, ਨਕਸਲਵਾਦ-ਮਾਓਵਾਦੀ ਅੱਤਵਾਦ ਦੇ ਜਾਲ ਤੋਂ ਮੁਕਤ ਹੋ ਰਿਹਾ ਹੈ। ਨਕਸਲਵਾਦ ਦੀ ਵਜ੍ਹਾ ਨਾਲ ਤੁਸੀਂ 50-55 ਸਾਲ ਤੱਕ ਜੋ ਕੁੱਝ ਝੱਲਿਆ, ਉਹ ਦਰਦਨਾਕ ਹੈ। ਅੱਜ ਜੋ ਲੋਕ ਸੰਵਿਧਾਨ ਦੀ ਕਿਤਾਬ ਦਾ ਦਿਖਾਵਾ ਕਰਦੇ ਹਨ, ਜੋ ਲੋਕ ਸਮਾਜਿਕ ਨਿਆਂ ਦੇ ਨਾਂ ‘ਤੇ ਮਗਰਮੱਛ ਦੇ ਹੰਝੂ ਵਹਾਉਂਦੇ ਹਨ, ਉਨ੍ਹਾਂ ਨੇ ਆਪਣੇ ਰਾਜਨੀਤਕ ਸੁਆਰਥ ਦੇ ਲਈ ਤੁਹਾਡੇ ਨਾਲ ਦਹਾਕਿਆਂ ਤੱਕ ਬੇਇਨਸਾਫ਼ੀ ਕੀਤੀ ਹੈ।
ਸਾਥੀਓ,
ਮਾਓਵਾਦੀ-ਅੱਤਵਾਦ ਦੇ ਕਾਰਨ, ਲੰਬੇ ਸਮੇਂ ਤੱਕ ਛੱਤੀਸਗੜ੍ਹ ਦੇ ਆਦਿਵਾਸੀ ਇਲਾਕੇ ਸੜਕਾਂ ਤੋਂ ਵਾਂਝੇ ਰਹੇ। ਬੱਚਿਆਂ ਨੂੰ ਸਕੂਲ ਨਹੀਂ ਮਿਲੇ, ਬਿਮਾਰਾਂ ਨੂੰ ਹਸਪਤਾਲ ਨਹੀਂ ਮਿਲੇ ਅਤੇ ਜੋ ਜਿੱਥੇ ਸੀ, ਬੰਬ ਨਾਲ ਉਸ ਨੂੰ ਤਬਾਹ ਕਰ ਦਿੱਤਾ ਜਾਂਦਾ ਸੀ। ਡਾਕਟਰਾਂ ਨੂੰ, ਅਧਿਆਪਕਾਂ ਨੂੰ ਮਾਰ ਦਿੱਤਾ ਜਾਂਦਾ ਸੀ ਅਤੇ ਦਹਾਕਿਆਂ ਤੱਕ ਦੇਸ਼ ‘ਤੇ ਸ਼ਾਸਨ ਕਰਨ ਵਾਲੇ, ਤੁਹਾਨੂੰ ਲੋਕਾਂ ਨੂੰ ਤੁਹਾਡੇ ਹਾਲ ‘ਤੇ ਛੱਡ ਕੇ, ਉਹ ਲੋਕ ਏਅਰ ਕੰਡੀਸ਼ਨ ਕਮਰਿਆਂ ਵਿੱਚ ਬੈਠ ਕੇ ਆਪਣੇ ਜੀਵਨ ਦਾ ਆਨੰਦ ਲੈਂਦੇ ਰਹੇ।
ਸਾਥੀਓ,
ਮੋਦੀ ਆਪਣੇ ਆਦਿਵਾਸੀ ਭਰਾਵਾਂ-ਭੈਣਾਂ ਨੂੰ ਹਿੰਸਾ ਦੇ ਇਸ ਖੇਡ ਵਿੱਚ ਬਰਬਾਦ ਹੋਣ ਦੇ ਲਈ ਨਹੀਂ ਛੱਡ ਸਕਦਾ ਸੀ। ਮੈਂ ਲੱਖਾਂ ਮਾਵਾਂ-ਭੈਣਾਂ ਨੂੰ ਆਪਣੇ ਬੱਚਿਆਂ ਦੇ ਲਈ ਰੋਂਦੇ ਨਹੀਂ ਛੱਡ ਸਕਦਾ ਸੀ। ਇਸ ਲਈ, 2014 ਵਿੱਚ ਜਦੋਂ ਤੁਸੀਂ ਸਾਨੂੰ ਮੌਕਾ ਦਿੱਤਾ, ਤਾਂ ਅਸੀਂ ਭਾਰਤ ਨੂੰ ਮਾਓਵਾਦੀ ਅੱਤਵਾਦ ਤੋਂ ਮੁਕਤੀ ਦਿਵਾਉਣ ਦਾ ਸੰਕਲਪ ਲਿਆ। ਅਤੇ ਅੱਜ ਇਸ ਦੇ ਨਤੀਜੇ ਦੇਸ਼ ਦੇਖ ਰਿਹਾ ਹੈ। 11 ਸਾਲ ਪਹਿਲਾਂ ਦੇਸ਼ ਦੇ ਸਵਾ ਸੌ ਜ਼ਿਲ੍ਹੇ, ਮਾਓਵਾਦੀ ਅੱਤਵਾਦ ਦੀ ਚਪੇਟ ਵਿੱਚ ਸਨ ਅਤੇ ਹੁਣ ਸਵਾ ਸੌ ਜ਼ਿਲ੍ਹਿਆਂ ਵਿੱਚੋਂ ਸਿਰਫ਼ ਤਿੰਨ ਜ਼ਿਲ੍ਹੇ ਬਚੇ ਹਨ ਤਿੰਨ, ਜਿੱਥੇ ਮਾਓਵਾਦੀ ਅੱਤਵਾਦ ਦਾ ਅੱਜ ਵੀ ਥੋੜ੍ਹਾ ਪ੍ਰਭਾਵ ਬਣਾਏ ਰੱਖਣ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਮੈਂ ਦੇਸ਼ਵਾਸੀਆਂ ਨੂੰ ਗਰੰਟੀ ਦਿੰਦਾ ਹਾਂ, ਉਹ ਦਿਨ ਦੂਰ ਨਹੀਂ, ਜਦੋਂ ਸਾਡਾ ਛੱਤੀਸਗੜ੍ਹ, ਸਾਡਾ ਹਿੰਦੁਸਤਾਨ, ਇਸ ਹਿੰਦੁਸਤਾਨ ਦਾ ਹਰ ਕੋਨਾ ਮਾਓਵਾਦੀ ਅੱਤਵਾਦ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਵੇਗਾ।
ਸਾਥੀਓ,
ਇੱਥੇ ਛੱਤੀਸਗੜ੍ਹ ਦੇ ਜੋ ਸਾਥੀ, ਹਿੰਸਾ ਦੇ ਰਾਹ ‘ਤੇ ਤੁਰ ਪਏ ਸਨ, ਉਹ ਹੁਣ ਤੇਜ਼ੀ ਨਾਲ ਹਥਿਆਰ ਸੁੱਟ ਰਹੇ ਹਨ। ਕੁਝ ਦਿਨ ਪਹਿਲਾਂ ਕਾਂਕੇਰ ਵਿੱਚ ਵੀਹ ਤੋਂ ਵੱਧ ਨਕਸਲੀ ਮੁੱਖਧਾਰਾ ਵਿੱਚੋਂ ਵਾਪਸ ਆਏ ਹਨ। ਇਸ ਤੋਂ ਪਹਿਲਾਂ 17 ਅਕਤੂਬਰ ਨੂੰ ਬਸਤਰ ਵਿੱਚ 200 ਤੋਂ ਵੱਧ ਨਕਸਲੀਆਂ ਨੇ ਆਤਮ-ਸਮਰਪਣ ਕੀਤਾ ਸੀ। ਬੀਤੇ ਕੁਝ ਮਹੀਨਿਆਂ ਵਿੱਚ ਹੀ ਦੇਸ਼ ਭਰ ਵਿੱਚ ਮਾਓਵਾਦੀ ਅੱਤਵਾਦ ਨਾਲ ਜੁੜੇ ਦਰਜਨਾਂ ਲੋਕਾਂ ਨੇ ਹਥਿਆਰ ਸੁੱਟ ਦਿੱਤੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ‘ਤੇ ਲੱਖਾਂ-ਕਰੋੜਾਂ ਰੁਪਏ ਦਾ ਇਨਾਮ ਹੋਇਆ ਕਰਦਾ ਸੀ। ਹੁਣ ਇਨ੍ਹਾਂ ਨੇ ਬੰਦੂਕਾਂ ਛੱਡ ਕੇ, ਹਥਿਆਰ ਛੱਡ ਕੇ ਦੇਸ਼ ਦੇ ਸੰਵਿਧਾਨ ਨੂੰ ਸਵੀਕਾਰ ਕਰ ਲਿਆ ਹੈ।
ਸਾਥੀਓ,
ਮਾਓਵਾਦੀ ਅੱਤਵਾਦ ਦੇ ਖਾਤਮੇ ਨੇ ਅਸੰਭਵ ਨੂੰ ਵੀ ਸੰਭਵ ਕਰ ਦਿਖਾਇਆ ਹੈ। ਜਿੱਥੇ ਕਦੇ ਬੰਬ-ਬੰਦੂਕ ਦਾ ਡਰ ਸੀ, ਉੱਥੇ ਹਾਲਾਤ ਬਦਲ ਗਏ ਹਨ। ਬੀਜਾਪੁਰ ਦੇ ਚਿਲਕਾਪੱਲੀ ਪਿੰਡ ਵਿੱਚ ਸੱਤ ਦਹਾਕਿਆਂ ਦੇ ਬਾਅਦ ਪਹਿਲੀ ਵਾਰ ਬਿਜਲੀ ਪਹੁੰਚੀ। ਅਬੂਝਮਾੜ ਦੇ ਰੇਕਾਵਯਾ ਪਿੰਡ ਵਿੱਚ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਸਕੂਲ ਬਣਾਉਣ ਦਾ ਕੰਮ ਸ਼ੁਰੂ ਹੋਇਆ ਹੈ। ਅਤੇ ਪੂਰਵਰਤੀ ਪਿੰਡ, ਜੋ ਕਦੇ ਅੱਤਵਾਦ ਦਾ ਗੜ੍ਹ ਕਿਹਾ ਜਾਂਦਾ ਸੀ, ਅੱਜ ਉੱਥੇ ਵਿਕਾਸ ਦੇ ਕੰਮਾਂ ਦੀ ਲਹਿਰ ਵਹਿ ਰਹੀ ਹੈ। ਹੁਣ ਲਾਲ ਝੰਡੇ ਦੀ ਥਾਂ ਸਾਡਾ ਤਿਰੰਗਾ ਸ਼ਾਨ ਨਾਲ ਲਹਿਰਾ ਰਿਹਾ ਹੈ। ਅੱਜ ਬਸਤਰ ਜਿਹੇ ਖੇਤਰਾਂ ਵਿੱਚ ਡਰ ਨਹੀਂ, ਜਸ਼ਨ ਦਾ ਮਾਹੌਲ ਹੈ। ਉੱਥੇ ਬਸਤਰ ਪੰਡੁਮ ਅਤੇ ਬਸਤਰ ਓਲੰਪਿਕ ਜਿਹੇ ਆਯੋਜਨ ਹੋ ਰਹੇ ਹਨ।
ਸਾਥੀਓ,
ਤੁਸੀਂ ਕਲਪਨਾ ਕਰ ਸਕਦੇ ਹੋ, ਜਦੋਂ ਨਕਸਲਵਾਦ ਜਿਹੀ ਚੁਣੌਤੀ ਦੇ ਨਾਲ ਅਸੀਂ ਪਿਛਲੇ 25 ਸਾਲਾਂ ਵਿੱਚ ਇੰਨਾ ਅੱਗੇ ਵਧ ਗਏ ਹਾਂ, ਤਾਂ ਇਸ ਚੁਣੌਤੀ ਦੇ ਖਾਤਮੇ ਤੋਂ ਬਾਅਦ ਸਾਡੀ ਗਤੀ ਹੋਰ ਕਿੰਨੀ ਤੇਜ਼ ਹੋ ਜਾਵੇਗੀ।
ਸਾਥੀਓ,
ਛੱਤੀਸਗੜ੍ਹ ਦੇ ਲਈ ਆਉਣ ਵਾਲੇ ਸਾਲ ਬਹੁਤ ਮਹੱਤਵਪੂਰਨ ਹਨ। ਸਾਨੂੰ ਵਿਕਸਿਤ ਭਾਰਤ ਬਣਾਉਣਾ ਹੈ, ਇਸ ਦੇ ਲਈ ਛੱਤੀਸਗੜ੍ਹ ਦਾ ਵਿਕਸਿਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਛੱਤੀਸਗੜ੍ਹ ਦੇ ਨੌਜਵਾਨਾਂ ਨੂੰ ਕਹਾਂਗਾ ਕਿ ਇਹ ਸਮਾਂ ਨੌਜਵਾਨ ਸਾਥੀਆਂ, ਇਹ ਸਮਾਂ, ਇਹ ਸਮਾਂ ਤੁਹਾਡਾ ਹੈ। ਅਜਿਹਾ ਕੋਈ ਟੀਚਾ ਨਹੀਂ, ਜੋ ਤੁਸੀਂ ਪ੍ਰਾਪਤ ਨਾ ਕਰ ਸਕੋ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਇਹ ਮੋਦੀ ਦੀ ਗਰੰਟੀ ਹੈ, ਤੁਹਾਡੇ ਹਰ ਕਦਮ, ਹਰ ਸੰਕਲਪ ਦੇ ਨਾਲ ਮੋਦੀ ਖੜ੍ਹਾ ਹੈ। ਅਸੀਂ ਮਿਲ ਕੇ ਛੱਤੀਸਗੜ੍ਹ ਨੂੰ ਅੱਗੇ ਵਧਾਵਾਂਗੇ, ਦੇਸ਼ ਨੂੰ ਅੱਗੇ ਵਧਾਵਾਂਗੇ। ਇਸੇ ਵਿਸ਼ਵਾਸ ਦੇ ਨਾਲ, ਇੱਕ ਵਾਰ ਫਿਰ ਛੱਤੀਸਗੜ੍ਹ ਦੇ ਹਰ ਭੈਣ-ਭਰਾ ਨੂੰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ ਬਹੁਤ ਧੰਨਵਾਦ। ਪੂਰੀ ਤਾਕਤ ਲਗਾ ਕੇ ਮੇਰੇ ਨਾਲ ਬੋਲੋ, ਦੋਨੋਂ ਹੱਥ ਉੱਪਰ ਕਰਕੇ ਬੋਲੋ, ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਬਹੁਤ-ਬਹੁਤ ਧੰਨਵਾਦ!
***************
ਐੱਮਜੇਪੀਐੱਸ/ਐੱਸਟੀ/ਐੱਸਐੱਸ/ਏਵੀ
(रिलीज़ आईडी: 2186175)
आगंतुक पटल : 12
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Telugu
,
Kannada
,
Malayalam