ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਨਵਾ ਰਾਏਪੁਰ ਵਿੱਚ ਸ਼ਾਂਤੀ ਸ਼ਿਖਰ–ਮੈਡੀਟੇਸ਼ਨ ਸੈਂਟਰ ਦੇ ਉਦਘਾਟਨ ਮੌਕੇ ਬ੍ਰਹਮ-ਕੁਮਾਰੀਆਂ ਨੂੰ ਸੰਬੋਧਨ ਕੀਤਾ
ਸੂਬਿਆਂ ਦੇ ਵਿਕਾਸ ਨਾਲ ਰਾਸ਼ਟਰ ਦੀ ਤਰੱਕੀ ਨੂੰ ਹੁਲਾਰਾ ਮਿਲਣ ਵਾਲੇ ਮਾਰਗ-ਦਰਸ਼ਕ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਅਸੀਂ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਮਿਸ਼ਨ ਵਿੱਚ ਸਰਗਰਮੀ ਨਾਲ ਲੱਗੇ ਹੋਏ ਹਾਂ: ਸ਼੍ਰੀ ਨਰੇਂਦਰ ਮੋਦੀ
ਵਿਸ਼ਵ ਸ਼ਾਂਤੀ ਦੀ ਧਾਰਨਾ ਭਾਰਤ ਦੇ ਮੁੱਖ ਚਿੰਤਨ ਦਾ ਅਨਿੱਖੜਵਾਂ ਅੰਗ ਹੈ: ਪ੍ਰਧਾਨ ਮੰਤਰੀ
ਅਸੀਂ ਹਰੇਕ ਜੀਵ ਵਿੱਚ ਪਰਮਾਤਮਾ ਨੂੰ ਦੇਖਦੇ ਹਾਂ, ਅਸੀਂ ਖ਼ੁਦ ਵਿੱਚ ਅਨੰਤ ਨੂੰ ਦੇਖਦੇ ਹਾਂ; ਇੱਥੇ ਹਰੇਕ ਧਾਰਮਿਕ ਰਸਮ ਇੱਕ ਪਵਿੱਤਰ ਸੱਦੇ ਨਾਲ ਸਮਾਪਤ ਹੁੰਦੀ ਹੈ ਜੋ ਵਿਸ਼ਵ ਦੀ ਭਲਾਈ ਅਤੇ ਸਾਰੇ ਜੀਵਾਂ ਵਿੱਚ ਸਦਭਾਵਨਾ ਦਾ ਸੱਦਾ ਹੈ: ਪ੍ਰਧਾਨ ਮੰਤਰੀ
ਜਦੋਂ ਵੀ ਦੁਨੀਆ ਵਿੱਚ ਕਿਤੇ ਵੀ ਕੋਈ ਸੰਕਟ ਜਾਂ ਆਫ਼ਤ ਆਉਂਦੀ ਹੈ ਤਾਂ ਭਾਰਤ ਇੱਕ ਭਰੋਸੇਮੰਦ ਸਾਥੀ ਵਜੋਂ ਮਦਦ ਲਈ ਅੱਗੇ ਆਉਂਦਾ ਹੈ, ਪਹਿਲੇ ਜਵਾਬ ਦੇਣ ਵਾਲੇ ਵਜੋਂ ਕੰਮ ਕਰਦਾ ਹੈ: ਸ਼੍ਰੀ ਨਰੇਂਦਰ ਮੋਦੀ
प्रविष्टि तिथि:
01 NOV 2025 12:40PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਨਵਾ ਰਾਏਪੁਰ ਵਿੱਚ ਅਧਿਆਤਮਿਕ ਸਿੱਖਿਆ, ਸ਼ਾਂਤੀ ਅਤੇ ਧਿਆਨ ਦੇ ਆਧੁਨਿਕ ਕੇਂਦਰ "ਸ਼ਾਂਤੀ ਸ਼ਿਖਰ" ਦੇ ਉਦਘਾਟਨ ਮੌਕੇ ਬ੍ਰਹਮ-ਕੁਮਾਰੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਖ਼ਾਸ ਹੈ ਕਿਉਂਕਿ ਛੱਤੀਸਗੜ੍ਹ ਆਪਣੇ ਗਠਨ ਦੇ 25 ਸਾਲ ਪੂਰੇ ਕਰ ਰਿਹਾ ਹੈ। ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਛੱਤੀਸਗੜ੍ਹ ਦੇ ਨਾਲ-ਨਾਲ, ਝਾਰਖੰਡ ਅਤੇ ਉੱਤਰਾਖੰਡ ਨੇ ਵੀ ਆਪਣੇ ਸਥਾਪਨਾ ਦੇ 25 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਈ ਹੋਰ ਸੂਬਿਆਂ ਅੱਜ ਆਪਣਾ ਸਥਾਪਨਾ ਦਿਵਸ ਮਨਾ ਰਹੇ ਹਨ। ਸ਼੍ਰੀ ਮੋਦੀ ਨੇ ਇਨ੍ਹਾਂ ਸਾਰੇ ਸੂਬਿਆਂ ਦੇ ਨਿਵਾਸੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ 'ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਸੂਬਿਆਂ ਦੇ ਵਿਕਾਸ ਨਾਲ ਰਾਸ਼ਟਰ ਦੀ ਤਰੱਕੀ ਨੂੰ ਹੁਲਾਰਾ ਮਿਲਣ ਵਾਲੇ ਮਾਰਗ-ਦਰਸ਼ਕ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਅਸੀਂ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਮਿਸ਼ਨ ਵਿੱਚ ਸਰਗਰਮੀ ਨਾਲ ਲੱਗੇ ਹੋਏ ਹਾਂ।"
ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਕਸਿਤ ਰਾਸ਼ਟਰ ਬਣਨ ਦੇ ਸਫ਼ਰ ਵਿੱਚ ਬ੍ਰਹਮ-ਕੁਮਾਰੀਆਂ ਵਰਗੇ ਅਦਾਰਿਆਂ ਵੱਲੋਂ ਨਿਭਾਈਆਂ ਗਈਆਂ ਮਹੱਤਵਪੂਰਨ ਭੂਮਿਕਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਈ ਦਹਾਕਿਆਂ ਤੱਕ ਬ੍ਰਹਮ-ਕੁਮਾਰੀਆਂ ਦੇ ਪਰਿਵਾਰ ਨਾਲ ਜੁੜੇ ਰਹਿਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਅਧਿਆਤਮਿਕ ਅੰਦੋਲਨ ਨੂੰ ਇੱਕ ਬੋਹੜ ਦੇ ਰੁੱਖ ਵਾਂਗ ਵਿਕਸਿਤ ਹੁੰਦੇ ਦੇਖਿਆ ਹੈ। ਸ਼੍ਰੀ ਮੋਦੀ ਨੇ 2011 ਵਿੱਚ ਅਹਿਮਦਾਬਾਦ ਵਿੱਚ ਆਯੋਜਿਤ 'ਫਿਊਚਰ ਆਰ ਪਾਵਰ' ਪ੍ਰੋਗਰਾਮ, 2012 ਵਿੱਚ ਅਦਾਰੇ ਦੀ 75ਵੀਂ ਵਰ੍ਹੇਗੰਢ ਅਤੇ 2013 ਵਿੱਚ ਪ੍ਰਯਾਗਰਾਜ ਪ੍ਰੋਗਰਾਮ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਆਉਣ ਤੋਂ ਬਾਅਦ ਵੀ, ਭਾਵੇਂ ਉਹ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨਾਲ ਜੁੜਿਆਂ ਅਭਿਆਨ ਹੋਵੇ, ਸਵੱਛ ਭਾਰਤ ਅਭਿਆਨ ਹੋਵੇ ਜਾਂ ਜਲ ਜਨ ਅਭਿਆਨ ਨਾਲ ਜੁੜਨ ਦਾ ਮੌਕਾ ਹੋਵੇ, ਜਦੋਂ ਵੀ ਉਨ੍ਹਾਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਲਗਾਤਾਰ ਉਨ੍ਹਾਂ ਦੇ ਯਤਨਾਂ ਦੀ ਗੰਭੀਰਤਾ ਅਤੇ ਸਮਰਪਣ ਨੂੰ ਦੇਖਿਆ ਹੈ।
ਸ਼੍ਰੀ ਮੋਦੀ ਨੇ ਬ੍ਰਹਮ-ਕੁਮਾਰੀ ਸੰਸਥਾ ਨਾਲ ਆਪਣੇ ਡੂੰਘੇ ਨਿੱਜੀ ਸਬੰਧ ਦਾ ਜ਼ਿਕਰ ਕਰਦੇ ਹੋਏ ਦਾਦੀ ਜਾਨਕੀ ਦੇ ਪਿਆਰ ਅਤੇ ਰਾਜਯੋਗਿਨੀ ਦਾਦੀ ਹਿਰਦੇਮੋਹਿਨੀ ਦੇ ਮਾਰਗ-ਦਰਸ਼ਨ ਨੂੰ ਆਪਣੇ ਜੀਵਨ ਦੀਆਂ ਅਨਮੋਲ ਯਾਦਾਂ ਦੱਸਿਆ। ਉਨ੍ਹਾਂ ਕਿਹਾ ਕਿ ਉਹ "ਸ਼ਾਂਤੀ ਸ਼ਿਖਰ - ਇੱਕ ਸ਼ਾਂਤੀਪੂਰਨ ਵਿਸ਼ਵ ਅਕੈਡਮੀ" ਦੀ ਧਾਰਨਾ ਵਿੱਚ ਉਨ੍ਹਾਂ ਦੇ ਵਿਚਾਰਾਂ ਨੂੰ ਪੂਰਾ ਹੁੰਦੇ ਹੋਏ ਵੇਖ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਅਦਾਰਾ ਵਿਸ਼ਵ ਸ਼ਾਂਤੀ ਵੱਲ ਸਾਰਥਕ ਯਤਨਾਂ ਦਾ ਇੱਕ ਪ੍ਰਮੁੱਖ ਕੇਂਦਰ ਬਣ ਕੇ ਉੱਭਰੇਗਾ। ਉਨ੍ਹਾਂ ਨੇ ਇਸ ਸ਼ਲਾਘਾਯੋਗ ਪਹਿਲਕਦਮੀ ਲਈ ਮੌਜੂਦ ਸਾਰੇ ਲੋਕਾਂ ਅਤੇ ਦੇਸ਼-ਵਿਦੇਸ਼ਾਂ ਵਿੱਚ ਬ੍ਰਹਮ-ਕੁਮਾਰੀ ਪਰਿਵਾਰ ਦੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸ਼੍ਰੀ ਮੋਦੀ ਨੇ ਇੱਕ ਪਰੰਪਰਾਗਤ ਕਹਾਵਤ ਦਾ ਹਵਾਲਾ ਦਿੰਦੇ ਹੋਏ ਸਮਝਾਇਆ ਕਿ ਆਚਰਨ ਹੀ ਧਰਮ, ਤਪੱਸਿਆ ਅਤੇ ਗਿਆਨ ਦਾ ਸਭ ਤੋਂ ਉੱਚਾ ਰੂਪ ਹੈ ਅਤੇ ਸਦਾਚਾਰ ਤੋਂ ਕੁਝ ਵੀ ਅਲੱਭ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੱਚਾ ਪਰਿਵਰਤਨ ਉਦੋਂ ਹੁੰਦਾ ਹੈ, ਜਦੋਂ ਸ਼ਬਦਾਂ ਨੂੰ ਕਰਮ ਵਿੱਚ ਬਦਲਿਆ ਜਾਂਦਾ ਹੈ ਅਤੇ ਇਹ ਹੀ ਬ੍ਰਹਮ ਕੁਮਾਰੀ-ਸੰਸਥਾ ਦੀ ਅਧਿਆਤਮਿਕ ਸ਼ਕਤੀ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਇੱਥੇ ਹਰੇਕ ਭੈਣ ਸਖ਼ਤ ਤਪੱਸਿਆ ਅਤੇ ਅਧਿਆਤਮਿਕ ਅਨੁਸ਼ਾਸਨ ਵਿੱਚੋਂ ਲੰਘਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਥਾ ਦੀ ਪਛਾਣ ਹੀ ਸੰਸਾਰ ਅਤੇ ਬ੍ਰਹਿਮੰਡ ਵਿੱਚ ਸ਼ਾਂਤੀ ਲਈ ਪ੍ਰਾਰਥਨਾ ਨਾਲ ਜੁੜੀ ਹੋਈ ਹੈ। ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਬ੍ਰਹਮ-ਕੁਮਾਰੀਆਂ ਦੀ ਪਹਿਲੀ ਆਵਾਜ਼ "ਓਮ ਸ਼ਾਂਤੀ" ਹੈ - ਜਿੱਥੇ 'ਓਮ' ਬ੍ਰਹਮ ਅਤੇ ਸਮੁੱਚੇ ਬ੍ਰਹਿਮੰਡ ਦਾ ਪ੍ਰਤੀਕ ਹੈ ਅਤੇ 'ਸ਼ਾਂਤੀ' ਸ਼ਾਂਤੀ ਦੀ ਇੱਛਾ ਦਾ ਪ੍ਰਤੀਕ ਹੈ। ਇਹ ਹੀ ਕਾਰਨ ਹੈ ਕਿ ਬ੍ਰਹਮ-ਕੁਮਾਰੀਆਂ ਦੇ ਵਿਚਾਰ ਹਰੇਕ ਵਿਅਕਤੀ ਦੀ ਅੰਦਰੂਨੀ ਚੇਤਨਾ 'ਤੇ ਇੰਨਾ ਡੂੰਘਾ ਪ੍ਰਭਾਵ ਪਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, "ਵਿਸ਼ਵ ਸ਼ਾਂਤੀ ਦੀ ਧਾਰਨਾ ਭਾਰਤ ਦੇ ਮੂਲ ਚਿੰਤਨ ਅਤੇ ਅਧਿਆਤਮਿਕ ਚੇਤਨਾ ਦਾ ਅਨਿੱਖੜਵਾਂ ਅੰਗ ਹੈ।" ਉਨ੍ਹਾਂ ਕਿਹਾ ਕਿ ਭਾਰਤ ਇੱਕ ਅਜਿਹਾ ਰਾਸ਼ਟਰ ਹੈ, ਜੋ ਹਰੇਕ ਜੀਵ ਵਿੱਚ ਬ੍ਰਹਮਤਾ ਅਤੇ ਖ਼ੁਦ ਵਿੱਚ ਅਨੰਤਤਾ ਦੇ ਦਰਸ਼ਨ ਕਰਦਾ ਹੈ। ਭਾਰਤ ਵਿੱਚ ਹਰੇਕ ਧਾਰਮਿਕ ਰਸਮ ਵਿਸ਼ਵ ਭਲਾਈ ਅਤੇ ਸਾਰੇ ਜੀਵਾਂ ਵਿੱਚ ਸਦਭਾਵਨਾ ਦੀ ਕਾਮਨਾ ਨਾਲ ਪੂਰੀ ਹੁੰਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੀ ਉਦਾਰ ਸੋਚ ਅਤੇ ਵਿਸ਼ਵਾਸ ਅਤੇ ਵਿਸ਼ਵ ਭਲਾਈ ਦੀ ਭਾਵਨਾ ਦਾ ਸਹਿਜ ਸੰਗਮ ਭਾਰਤ ਦੇ ਸਭਿਅਤਾ ਦੇ ਚਰਿੱਤਰ ਦਾ ਅਨਿੱਖੜਵਾਂ ਅੰਗ ਹੈ। ਭਾਰਤੀ ਅਧਿਆਤਮ ਨਾ ਸਿਰਫ਼ ਸ਼ਾਂਤੀ ਦਾ ਸਬਕ ਸਿਖਾਉਂਦਾ ਹੈ, ਸਗੋਂ ਹਰ ਕਦਮ 'ਤੇ ਸ਼ਾਂਤੀ ਦਾ ਰਸਤਾ ਵੀ ਦਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਸਵੈ ਤੋਂ ਆਤਮ-ਗਿਆਨ, ਆਤਮ-ਗਿਆਨ ਤੋਂ ਆਤਮ ਅਨੁਭਨ ਅਤੇ ਆਤਮ ਅਨੁਭਵ ਤੋਂ ਆਂਤਰਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਸ ਮਾਰਗ 'ਤੇ ਚੱਲ ਕੇ ਸ਼ਾਂਤੀ ਸ਼ਿਖਰ ਅਕੈਡਮੀ ਦੇ ਸਾਧਕ ਵਿਸ਼ਵ ਸ਼ਾਂਤੀ ਦੇ ਸਾਧਨ ਬਣਨਗੇ।
ਸ਼੍ਰੀ ਮੋਦੀ ਨੇ ਵਿਸ਼ਵ ਸ਼ਾਂਤੀ ਦੇ ਮਿਸ਼ਨ ਵਿੱਚ ਵਿਚਾਰਾਂ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਵਿਵਹਾਰਕ ਨੀਤੀਆਂ ਅਤੇ ਯਤਨਾਂ ਦੇ ਨਾਲ-ਨਾਲ ਭਾਰਤ ਇਸ ਦਿਸ਼ਾ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਪੂਰੀ ਇਮਾਨਦਾਰੀ ਨਾਲ ਯਤਨਸ਼ੀਲ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਜਦੋਂ ਵੀ ਦੁਨੀਆ ਵਿੱਚ ਕਿਤੇ ਵੀ ਕੋਈ ਸੰਕਟ ਜਾਂ ਆਫ਼ਤ ਆਉਂਦੀ ਹੈ, ਤਾਂ ਭਾਰਤ ਇੱਕ ਭਰੋਸੇਮੰਦ ਸਾਥੀ ਵਜੋਂ ਮਦਦ ਲਈ ਅੱਗੇ ਆਉਂਦਾ ਹੈ ਅਤੇ ਇਸ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਸਭ ਤੋਂ ਪਹਿਲਾਂ ਜਵਾਬ ਦਿੰਦਾ ਹੈ।"
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੀਆਂ ਵਾਤਾਵਰਨ ਚੁਣੌਤੀਆਂ ਦੇ ਵਿਚਕਾਰ ਭਾਰਤ ਦੁਨੀਆ ਭਰ ਵਿੱਚ ਕੁਦਰਤ ਸੰਭਾਲ ਲਈ ਇੱਕ ਮੋਹਰੀ ਆਵਾਜ਼ ਬਣ ਕੇ ਉੱਭਰਿਆ ਹੈ। ਸ਼੍ਰੀ ਮੋਦੀ ਨੇ ਕੁਦਰਤ ਵੱਲੋਂ ਪ੍ਰਦਾਨ ਕੀਤੇ ਸਰੋਤਾਂ ਦੀ ਸੰਭਾਲ ਅਤੇ ਉਨ੍ਹਾਂ ਨੂੰ ਸਮ੍ਰਿੱਧ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜਦੋਂ ਅਸੀਂ ਕੁਦਰਤ ਨਾਲ ਇਕਸੁਰਤਾ ਵਿੱਚ ਰਹਿਣਾ ਸਿੱਖਦੇ ਹਾਂ। ਸਾਡੇ ਸ਼ਾਸਤਰਾਂ ਅਤੇ ਸਿਰਜਣਹਾਰ ਨੇ ਸਾਨੂੰ ਇਹ ਹੀ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਨਦੀਆਂ ਨੂੰ ਮਾਂ ਮੰਨਦੇ ਹਾਂ, ਪਾਣੀ ਨੂੰ ਪਰਮਾਤਮਾ ਮੰਨਦੇ ਹਾਂ ਅਤੇ ਰੁੱਖਾਂ ਵਿੱਚ ਪਰਮਾਤਮਾ ਦਾ ਰੂਪ ਦੇਖਦੇ ਹਾਂ। ਇਹ ਹੀ ਭਾਵਨਾ ਕੁਦਰਤ ਅਤੇ ਉਸ ਦੇ ਸਰੋਤਾਂ ਦੀ ਵਰਤੋਂ ਦਾ ਮਾਰਗ ਦਰਸ਼ਨ ਕਰਦੀ ਹੈ - ਸਿਰਫ਼ ਕੱਢਣ ਦੇ ਉਦੇਸ਼ ਲਈ ਨਹੀਂ, ਸਗੋਂ ਵਾਪਸ ਦੇਣ ਦੀ ਭਾਵਨਾ ਨਾਲ। ਜੀਵਨ ਦਾ ਇਹ ਤਰੀਕਾ ਦੁਨੀਆ ਨੂੰ ਇੱਕ ਸੁਰੱਖਿਅਤ ਭਵਿੱਖ ਲਈ ਭਰੋਸੇਯੋਗ ਰਸਤਾ ਪ੍ਰਦਾਨ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਪਹਿਲਾਂ ਤੋਂ ਹੀ ਭਵਿੱਖ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝ ਰਿਹਾ ਹੈ ਅਤੇ ਉਨ੍ਹਾਂ ਨੂੰ ਨਿਭਾ ਰਿਹਾ ਹੈ। ਉਨ੍ਹਾਂ ਨੇ "ਇੱਕ ਸੂਰਜ, ਇੱਕ ਵਿਸ਼ਵ, ਇੱਕ ਗਰਿੱਡ" ਵਰਗੀਆਂ ਪਹਿਲਾਂ ਅਤੇ ਭਾਰਤ ਦੇ "ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ" ਦੇ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੁਨੀਆ ਤੇਜ਼ੀ ਨਾਲ ਇਨ੍ਹਾਂ ਵਿਚਾਰਾਂ ਨਾਲ ਜੁੜ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਭੂ-ਰਾਜਨੀਤਿਕ ਸੀਮਾਵਾਂ ਤੋਂ ਪਰੇ ਜਾ ਕੇ ਸਾਰੀ ਮਨੁੱਖਤਾ ਲਈ ਇੱਕ ਮਿਸ਼ਨ ਲਾਈਫ਼ ਦੀ ਸ਼ੁਰੂਆਤ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਸਮਾਜ ਨੂੰ ਲਗਾਤਾਰ ਸਸ਼ਕਤ ਬਣਾਉਣ ਵਿੱਚ ਬ੍ਰਹਮ ਕੁਮਾਰੀਆਂ ਵਰਗੀਆਂ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ, ਵਿਸ਼ਵਾਸ ਪ੍ਰਗਟ ਕੀਤਾ ਕਿ ਸ਼ਾਂਤੀ ਸ਼ਿਖਰ ਵਰਗੀਆਂ ਸੰਸਥਾਵਾਂ ਭਾਰਤ ਦੇ ਯਤਨਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਨਗੀਆਂ ਅਤੇ ਇਸ ਸੰਸਥਾ ਤੋਂ ਨਿਕਲਣ ਵਾਲੀ ਊਰਜਾ ਦੇਸ਼ ਅਤੇ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਵਿਸ਼ਵ ਸ਼ਾਂਤੀ ਦੇ ਵਿਚਾਰ ਨਾਲ ਜੋੜੇਗੀ। ਸ਼੍ਰੀ ਮੋਦੀ ਨੇ ਆਪਣੇ ਭਾਸ਼ਣ ਦੀ ਸਮਾਪਤੀ ‘ਤੇ ਇੱਕ ਵਾਰ ਫਿਰ ਸ਼ਾਂਤੀ ਸ਼ਿਖਰ - ਸ਼ਾਂਤੀਪੂਰਨ ਵਿਸ਼ਵ ਅਕੈਡਮੀ ਦੀ ਸਥਾਪਨਾ 'ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ।
ਇਸ ਸਮਾਗਮ ਵਿੱਚ ਛੱਤੀਸਗੜ੍ਹ ਦੇ ਰਾਜਪਾਲ ਸ਼੍ਰੀ ਰਮਨ ਡੇਕਾ, ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਣੂ ਦੇਵ ਸਾਏ ਅਤੇ ਹੋਰ ਪਤਵੰਤੇ ਸ਼ਾਮਲ ਹੋਏ ਸਨ।
*********
ਐੱਮਜੇਪੀਐੱਸ/ਐੱਸਆਰ
(रिलीज़ आईडी: 2185706)
आगंतुक पटल : 11
इस विज्ञप्ति को इन भाषाओं में पढ़ें:
Assamese
,
English
,
Urdu
,
Marathi
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam