ਗ੍ਰਹਿ  ਮੰਤਰਾਲਾ
                
                
                
                
                
                    
                    
                        ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਬਿਹਾਰ ਦੇ ਪਟਨਾ ਵਿੱਚ ਰਾਸ਼ਟਰੀ ਏਕਤਾ ਦਿਵਸ-2025 'ਤੇ ਸਰਦਾਰ ਵੱਲਭਭਾਈ ਪਟੇਲ ਦੇ 150ਵੇਂ ਜਨਮ ਦਿਵਸ ਸਮਾਰੋਹ ਦੇ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ
                    
                    
                        
ਆਜ਼ਾਦੀ ਅੰਦੋਲਨ ਦੇ ਸੰਗਠਨਾਤਮਕ ਰੀੜ੍ਹ ਦੀ ਹੱਡੀ, ਸਰਦਾਰ ਪਟੇਲ, ਸਾਡੇ ਦੇਸ਼ ਲਈ ਸਿਰਫ਼ ਇੱਕ ਵਿਅਕਤੀ ਨਹੀਂ, ਸਗੋਂ ਇੱਕ ਵਿਚਾਰਧਾਰਾ ਹਨ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 31 ਅਕਤੂਬਰ ਨੂੰ ਏਕਤਾ ਨਗਰ ਵਿੱਚ ਹੋਣ ਵਾਲੀ ਵਿਸ਼ਾਲ ਪਰੇਡ ਦੀ ਸਲਾਮੀ ਲੈਣਗੇ
ਇਸ ਰਾਸ਼ਟਰੀ ਪਰੇਡ ਵਿੱਚ ਸੀਏਪੀਐੱਫ, ਕਈ ਰਾਜਾਂ ਦੇ ਪੁਲਿਸ ਬਲ ਅਤੇ 900 ਤੋਂ ਵੱਧ ਕਲਾਕਾਰ ਆਪਣੇ ਹੁਨਰ, ਅਨੁਸ਼ਾਸਨ, ਬਹਾਦਰੀ ਅਤੇ ਵਿਰਾਸਤ ਦਾ ਪ੍ਰਦਰਸ਼ਨ ਕਰਨਗੇ 
ਇਹ ਪਰੇਡ, ਜੋ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੀ ਧਾਰਨਾ ਨੂੰ ਜੀਵਨ ਦਿੰਦੀ ਹੈ, ਹਰ ਵਰ੍ਹੇ 31 ਅਕਤੂਬਰ ਨੂੰ ਆਯੋਜਿਤ ਹੋਵੇਗੀ
ਸਰਦਾਰ ਸਾਹਬ ਅਤੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਮਨਾਉਣ ਲਈ, ਏਕਤਾ ਨਗਰ ਵਿੱਚ 1 ਤੋਂ 15 ਨਵੰਬਰ ਤੱਕ 'ਭਾਰਤ ਪਰਵ' ਦਾ ਆਯੋਜਨ ਕੀਤਾ ਜਾਵੇਗਾ।  
562 ਰਿਆਸਤਾਂ ਨੂੰ ਇਕਜੁੱਟ ਕਰਨ ਦਾ ਔਖਾ ਕੰਮ ਸਰਦਾਰ ਪਟੇਲ ਨੇ ਪੂਰਾ ਕੀਤਾ; ਸਾਡੇ ਸਾਹਮਣੇ ਮੌਜੂਦ ਅੱਜ ਦੇ ਭਾਰਤ ਦਾ ਮਾਨ-ਚਿੱਤਰ (ਨਕਸ਼ਾ) ਸਰਦਾਰ ਪਟੇਲ ਦੇ ਹੀ ਦ੍ਰਿਸ਼ਟੀਕੋਣ ਦਾ ਨਤੀਜਾ ਹੈ
ਭੋਪਾਲ, ਕਾਠੀਆਵਾੜ, ਤ੍ਰਾਵਣਕੋਰ, ਜੋਧਪੁਰ ਹਰ ਜਗ੍ਹਾ ਸਰਦਾਰ ਪਟੇਲ ਨੇ ਸਮੱਸਿਆ ਦਾ ਹੱਲ ਕੱਢਿਆ ਅਤੇ ਪਾਕਿਸਤਾਨ ਦੇ ਲਾਂਘੇ ਦੇ ਨਿਰਮਾਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ
ਸਰਦਾਰ ਪਟੇਲ ਦੀ ਮੌਤ ਤੋਂ ਬਾਅਦ, ਵਿਰੋਧੀ ਧਿਰ ਨੇ ਉਨ੍ਹਾਂ ਨੂੰ ਭੁੱਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ; ਉਨ੍ਹਾਂ ਵਰਗੀ ਮਹਾਨ ਸ਼ਖਸੀਅਤ ਨੂੰ ਭਾਰਤ ਰਤਨ ਪ੍ਰਾਪਤ ਕਰਨ ਵਿੱਚ 41 ਸਾਲ ਦੀ ਦੇਰੀ ਹੋਈ
ਸਟੈਚੂ ਆਫ਼ ਯੂਨਿਟੀ ਨੂੰ ਭਾਰਤ ਦੇ ਇੰਜੀਨੀਅਰਿੰਗ ਅਜੂਬੇ ਵਜੋਂ ਸਥਾਪਿਤ ਕੀਤਾ ਗਿਆ ਹੈ
ਪ੍ਰਧਾਨ ਮੰਤਰੀ ਮੋਦੀ ਜੀ ਨੇ ਸਟੈਚੂ ਆਫ਼ ਯੂਨਿਟੀ ਦੇ ਆਲੇ-ਦੁਆਲੇ 14 ਵੱਖ-ਵੱਖ ਸੈਰ-ਸਪਾਟਾ ਸਥਾਨ ਵਿਕਸਿਤ ਕਰਕੇ ਇਸ ਸਥਾਨ ਨੂੰ ਸੈਲਾਨੀਆਂ ਲਈ ਪਸੰਦੀਦਾ ਬਣਾਇਆ ਹੈ
                    
                
                
                    Posted On:
                30 OCT 2025 3:05PM by PIB Chandigarh
                
                
                
                
                
                
                ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਬਿਹਾਰ ਦੇ ਪਟਨਾ ਵਿੱਚ ਰਾਸ਼ਟਰੀ ਏਕਤਾ ਦਿਵਸ-2025 'ਤੇ ਸਰਦਾਰ ਵੱਲਭਭਾਈ  ਪਟੇਲ ਦੇ 150ਵੇਂ ਜਨਮ ਦਿਵਸ ਸਮਾਰੋਹ ਦੇ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। 
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਇੱਕਜੁੱਟ ਕਰਨ, ਅੱਜ ਦੇ ਭਾਰਤ ਦੇ ਨਿਰਮਾਣ ਅਤੇ ਇੱਕ ਸੰਯੁਕਤ ਭਾਰਤ ਦੀ ਸਿਰਜਣਾ ਵਿੱਚ ਸਰਦਾਰ ਪਟੇਲ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ 2014 ਤੋਂ ਹਰ ਵਰ੍ਹੇ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਕੇਵੜੀਆ ਦਾ ਦੌਰਾ ਕਰਦੇ ਹਨ ਅਤੇ ਸਰਦਾਰ ਸਾਹਬ ਦੀ ਸ਼ਾਨਦਾਰ ਮੂਰਤੀ ਦੇ ਸਾਹਮਣੇ ਇੱਕ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਰ੍ਹੇ 150ਵੀਂ ਜਨਮ ਵਰ੍ਹੇਗੰਢ ਮਨਾਉਣ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਅਤੇ ਗ੍ਰਹਿ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਹਰ ਵਰ੍ਹੇ 31 ਅਕਤੂਬਰ ਨੂੰ ਇਸੇ ਤਰ੍ਹਾਂ ਦੀ ਇੱਕ ਸ਼ਾਨਦਾਰ ਪਰੇਡ ਦਾ ਆਯੋਜਨ ਕੀਤਾ ਜਾਵੇਗਾ। 
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਪਰੇਡ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਅਤੇ ਰਾਜਾਂ ਦੇ ਪੁਲਿਸ ਬਲਾਂ ਦੇ ਸਨਮਾਨ ਲਈ ਆਯੋਜਿਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਪਰੇਡ ਰਾਸ਼ਟਰੀ ਏਕਤਾ ਅਤੇ ਅਖੰਡਤਾ ਦੇ ਪ੍ਰਤੀਕ ਸਰਦਾਰ ਪਟੇਲ ਦੀ ਪ੍ਰਤਿਮਾ ਦੇ ਸਾਹਮਣੇ ਆਯੋਜਿਤ ਕੀਤੀ ਜਾਵੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਵਰ੍ਹੇ ਏਕਤਾ ਦੋੜ (ਰਨ ਫਾਰ ਯੂਨਿਟੀ) ਨੂੰ ਵੱਡੇ ਪੱਧਰ 'ਤੇ ਆਯੋਜਿਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਦੇਸ਼ ਦੇ ਸਾਰੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਜ਼ਿਲ੍ਹਾ ਪੁਲਿਸ ਥਾਣਿਆਂ, ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਏਕਤਾ ਦੋੜ (ਰਨ ਫਾਰ ਯੂਨਿਟੀ) ਆਯੋਜਿਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ, ਦੇਸ਼ ਦੇ ਹਰੇਕ ਨਾਗਰਿਕ ਲਈ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਹੁੰ ਚੁੱਕਣ ਲਈ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਦਾਰ ਸਾਹਬ ਦੀ 150ਵੀਂ ਜਯੰਤੀ ਮਨਾਉਣ ਲਈ, ਏਕਤਾ ਨਗਰ ਵਿੱਚ ਭਾਰਤ ਪਰਵ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਕਿ 1 ਤੋਂ 15 ਨਵੰਬਰ ਤੱਕ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਇਹ 15 ਨਵੰਬਰ ਨੂੰ ਕਬਾਇਲੀ ਸੱਭਿਆਚਾਰ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਇੱਕ ਸ਼ਾਨਦਾਰ ਜਸ਼ਨ ਨਾਲ ਸਮਾਪਤ ਹੋਵੇਗਾ। ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਕਬੀਲਿਆਂ ਦੀ ਸੱਭਿਆਚਾਰਕ ਵਿਭਿੰਨਤਾ, ਭੋਜਨ ਪਰੰਪਰਾਵਾਂ, ਪਹਿਰਾਵੇ, ਦਸਤਕਾਰੀ, ਲੋਕ ਕਲਾ ਅਤੇ ਸੰਗੀਤ ਦਾ ਇੱਕ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲੇਗਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਸਿਰਫ਼ ਇੱਕ ਵਿਅਕਤੀ ਨਹੀਂ ਹਨ, ਸਗੋਂ ਸਾਡੇ ਦੇਸ਼ ਲਈ ਇੱਕ ਵਿਚਾਰਧਾਰਾ ਹਨ। ਉਨ੍ਹਾਂ ਕਿਹਾ ਕਿ ਉਹ ਰਾਸ਼ਟਰ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਵਿਅਕਤੀ ਸਨ, ਜਿਨ੍ਹਾਂ ਨੇ ਨਾ ਸਿਰਫ਼ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਮੁੱਖ ਭੂਮਿਕਾ ਨਿਭਾਈ, ਸਗੋਂ ਗਾਂਧੀ ਜੀ ਦੇ ਨਾਲ ਕੰਮ ਕਰਕੇ ਆਜ਼ਾਦੀ ਦੀ ਲਹਿਰ ਦੀ ਸੰਗਠਨਾਤਮਕ ਰੀੜ੍ਹ ਦੀ ਹੱਡੀ ਵੀ ਬਣੇ। ਉਨ੍ਹਾਂ ਕਿਹਾ ਕਿ 1928 ਦਾ ਬਾਰਦੋਲੀ ਸੱਤਿਆਗ੍ਰਹਿ ਕਿਸਾਨਾਂ ਦੇ ਸ਼ੋਸ਼ਣ ਦੇ ਵਿਰੋਧ ਵਿੱਚ ਅੰਗਰੇਜ਼ਾਂ ਵਿਰੁੱਧ ਸ਼ੁਰੂ ਕੀਤਾ ਗਿਆ ਸੀ ਅਤੇ ਉੱਥੋਂ ਹੀ ਮਹਾਤਮਾ ਨੇ ਖੁਦ ਉਨ੍ਹਾਂ ਨੂੰ ਸਰਦਾਰ ਦੀ ਉਪਾਧੀ ਦਿੱਤੀ ਸੀ। ਸ੍ਰੀ ਸ਼ਾਹ ਨੇ ਕਿਹਾ ਕਿ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ, ਅੰਗਰੇਜ਼ਾਂ ਨੇ ਦੇਸ਼ ਨੂੰ 562 ਵੱਖ-ਵੱਖ ਰਿਆਸਤਾਂ ਵਿੱਚ ਵੰਡਣ ਦਾ ਫੈਸਲਾ ਕੀਤਾ। ਉਸ ਸਮੇਂ, ਪੂਰੀ ਦੁਨੀਆ ਦਾ ਮੰਨਣਾ ਸੀ ਕਿ 562 ਰਿਆਸਤਾਂ ਦੇ ਇੱਕਜੁੱਟ ਹੋਣ ਨਾਲ ਏਕੀਕ੍ਰਿਤ ਭਾਰਤ ਨਹੀਂ ਬਣ ਸਕੇਗਾ। ਹਾਲਾਂਕਿ, ਸਰਦਾਰ ਪਟੇਲ ਨੇ ਥੋੜ੍ਹੇ ਸਮੇਂ ਵਿੱਚ ਹੀ 562 ਰਿਆਸਤਾਂ ਨੂੰ ਇੱਕਜੁੱਟ ਕਰਨ ਦਾ ਔਖਾ ਕੰਮ ਪੂਰਾ ਕੀਤਾ ਅਤੇ ਅੱਜ ਅਸੀਂ ਜੋ ਭਾਰਤ ਦਾ ਮਾਨਚਿੱਤਰ (ਨਕਸ਼ਾ) ਦੇਖਦੇ ਹਾਂ, ਉਹ ਸਰਦਾਰ ਪਟੇਲ ਦੀ ਹੀ ਦੇਣ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਨੇ ਹੈਦਰਾਬਾਦ ਵਿੱਚ ਪੁਲਿਸ ਕਾਰਵਾਈ ਅਤੇ ਜੂਨਾਗੜ੍ਹ ਦੇ ਏਕੀਕਰਨ ਸਮੇਤ ਸਾਰੇ ਮੁੱਦਿਆਂ ਨੂੰ ਇੱਕ ਤੋਂ ਬਾਅਦ ਇੱਕ ਹੱਲ ਕੀਤਾ। ਉਨ੍ਹਾਂ ਕਿਹਾ ਕਿ ਭੋਪਾਲ, ਕਾਠੀਆਵਾੜ ਦੀ ਰਿਆਸਤਾਂ, ਤ੍ਰਾਵਣਕੋਰ ਜਾਂ ਜੋਧਪੁਰ, ਸਰਦਾਰ ਪਟੇਲ ਨੇ ਹਰ ਜਗ੍ਹਾ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਅਤੇ ਪਾਕਿਸਤਾਨ ਲਾਂਘਾ ਬਣਾਉਣ ਦੀ ਪਾਕਿਸਤਾਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਦਾਰ ਪਟੇਲ ਕਿਸੇ ਵੀ ਪ੍ਰਚਾਰ ਜਾਂ ਪ੍ਰਸਿੱਧੀ ਦੀ ਉਮੀਦ ਕੀਤੇ ਬਿਨਾਂ ਦੇਸ਼ ਲਈ ਜੀਵਨ ਜਿਊਣ ਦੀ ਇੱਕ ਸ਼ਾਨਦਾਰ ਉਦਾਹਰਣ ਸਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ 15 ਅਗਸਤ ਨੂੰ, ਜਦੋਂ ਪੂਰਾ ਦੇਸ਼ ਤਿਰੰਗਾ ਲਹਿਰਾਉਣ ਵਿੱਚ ਰੁੱਝਿਆ ਹੋਇਆ ਸੀ, ਉਸ ਵੇਲੇ ਸਰਦਾਰ ਪਟੇਲ ਕਮਾਂਡ ਰੂਮ ਵਿੱਚ ਜਲ ਸੈਨਾ ਦੇ ਅਧਿਕਾਰੀਆਂ ਨਾਲ ਇੱਕ ਓਪਰੇਸ਼ਨ ਦੀ ਨਿਗਰਾਨੀ ਕਰ ਰਹੇ ਸਨ ਜਿਸ ਕਰਕੇ ਅੱਜ ਲਕਸ਼ਦੀਪ ਭਾਰਤ ਦਾ ਹਿੱਸਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਦੱਖਣੀ ਸਰਹੱਦ ਬਹੁਤ ਮਜ਼ਬੂਤ ਹੋ ਗਈ ਹੈ ਅਤੇ ਉਸ ਓਪਰੇਸ਼ਨ ਕਾਰਨ ਹੀ ਲਕਸ਼ਦੀਪ ਵਿੱਚ ਤਿਰੰਗਾ ਲਹਿਰਾਇਆ ਗਿਆ ਸੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਸਰਦਾਰ ਪਟੇਲ ਦੀ ਮੌਤ ਤੋਂ ਬਾਅਦ, ਵਿਰੋਧੀ ਧਿਰ ਨੇ ਉਨ੍ਹਾਂ ਨੂੰ ਭੁੱਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਵਰਗੀ ਮਹਾਨ ਸ਼ਖਸੀਅਤ ਨੂੰ ਵੀ ਭਾਰਤ ਰਤਨ ਪ੍ਰਾਪਤ ਕਰਨ ਵਿੱਚ 41 ਸਾਲ ਦੀ ਦੇਰੀ ਹੋਈ, ਅਤੇ ਇਹ ਦੇਰੀ ਸਿਰਫ਼ ਵਿਰੋਧੀ ਧਿਰ ਵੱਲੋਂ ਉਨ੍ਹਾਂ ਪ੍ਰਤੀ ਅਣਦੇਖੀ ਕਾਰਨ ਹੋਈ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਵਰਗੀ ਮਹਾਨ ਸ਼ਖਸੀਅਤ ਲਈ ਪੂਰੇ ਦੇਸ਼ ਵਿੱਚ ਕੋਈ ਯਾਦਗਾਰ ਪ੍ਰਤਿਮਾ ਜਾਂ ਸਮਾਧੀ ਨਹੀਂ ਬਣਾਈ ਗਈ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੀ ਨਰੇਂਦਰ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਬਣੇ, ਤਾਂ ਉਨ੍ਹਾਂ ਨੇ ਸਟੈਚੂ ਆਫ਼ ਯੂਨਿਟੀ ਦਾ ਡਿਜ਼ਾਈਨ ਬਣਾਇਆ ਅਤੇ ਸਰਦਾਰ ਪਟੇਲ ਦੀ ਯਾਦ ਵਿੱਚ ਇੱਕ ਸ਼ਾਨਦਾਰ ਸਮਾਰਕ ਬਣਾਇਆ। ਉਨ੍ਹਾਂ ਕਿਹਾ ਕਿ ਸਟੈਚੂ ਆਫ਼ ਯੂਨਿਟੀ ਦਾ ਨੀਂਹ ਪੱਥਰ 31 ਅਕਤੂਬਰ, 2013 ਨੂੰ ਰੱਖਿਆ ਗਿਆ ਸੀ। ਇਹ 182 ਮੀਟਰ ਉੱਚੀ ਮੂਰਤੀ 57 ਮਹੀਨਿਆਂ ਵਿੱਚ ਪੂਰੀ ਹੋਈ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਦਾ ਜੀਵਨ ਕਿਸਾਨਾਂ ਨੂੰ ਸਮਰਪਿਤ ਸੀ ਅਤੇ ਇਸ ਮੂਰਤੀ ਦੇ ਨਿਰਮਾਣ ਵਿੱਚ ਵਰਤਿਆ ਜਾਣ ਵਾਲਾ ਲੋਹਾ ਦੇਸ਼ ਭਰ ਦੇ ਕਿਸਾਨਾਂ ਦੇ ਸੰਦਾਂ ਤੋਂ ਇਕੱਠਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਦਾਂ ਨੂੰ ਇਕੱਠਾ ਕਰਕੇ ਅਤੇ ਪਿਘਲਾ ਕੇ ਇਸ ਮੂਰਤੀ ਨੂੰ ਬਣਾਉਣ ਲਈ ਲਗਭਗ 25,000 ਟਨ ਲੋਹਾ ਵਰਤਿਆ ਗਿਆ ਸੀ। ਇਹ ਯਾਦਗਾਰੀ ਮੂਰਤੀ 90,000 ਘਣ ਮੀਟਰ ਕੰਕਰੀਟ ਅਤੇ 1,700 ਟਨ ਤੋਂ ਵੱਧ ਕਾਂਸੇ ਦੀ ਵਰਤੋਂ ਕਰਕੇ ਬਣਾਈ ਗਈ ਸੀ, ਅਤੇ ਅੱਜ ਇਹ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਪ੍ਰਮੁੱਖ ਸਥਾਨ ਬਣ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਲਗਭਗ 15,000 ਲੋਕ ਹਰ ਰੋਜ਼ ਇਸ ਸਥਾਨ 'ਤੇ ਆਉਂਦੇ ਹਨ, ਅਤੇ ਭਾਰਤ ਅਤੇ ਵਿਦੇਸ਼ਾਂ ਤੋਂ ਹੁਣ ਤੱਕ 25 ਮਿਲੀਅਨ ਲੋਕ ਇਸਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ "ਸਟੈਚੂ ਆਫ਼ ਯੂਨਿਟੀ" ਭਾਰਤੀ ਇੰਜੀਨੀਅਰਿੰਗ ਦੀ ਇੱਕ ਸੱਚੀ ਮਿਸਾਲ ਬਣ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਟੈਚੂ ਆਫ਼ ਯੂਨਿਟੀ ਦੇ ਆਲੇ-ਦੁਆਲੇ 14 ਹੋਰ ਸੈਰ-ਸਪਾਟਾ ਸਥਾਨਾਂ ਨੂੰ ਵਿਕਸਿਤ ਕਰਕੇ ਇਸ ਸਥਾਨ ਨੂੰ ਸੈਲਾਨੀਆਂ ਵਿੱਚ ਪਸੰਦੀਦਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਫੁੱਲਾਂ ਦੀ ਘਾਟੀ, ਏਕਤਾ ਨਗਰ ਟਾਊਨਸ਼ਿਪ, ਲੇਕ (ਝੀਲ) ਸਰਕਟ, ਲਾਈਟ ਐਂਡ ਸਾਊਂਡ ਸ਼ੋਅ, ਪਟੇਲ ਗਾਰਡਨ, ਏਕਤਾ ਕਰੂਜ਼, ਬਟਰਫਲਾਈ ਗਾਰਡਨ, ਜੰਗਲ ਸਫਾਰੀ, ਏਕਤਾ ਮਾਲ ਅਤੇ ਗਲੋ ਟਾਰਚ ਵਿਊ ਪੁਆਇੰਟ ਵਰਗੇ ਆਕਰਸ਼ਣ ਸੈਲਾਨੀਆਂ ਲਈ ਬਣਾਏ ਗਏ ਹਨ।
 ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਸਵੇਰੇ ਏਕਤਾ ਨਗਰ ਵਿੱਚ ਹੋਣ ਵਾਲੀ ਸ਼ਾਨਦਾਰ ਪਰੇਡ ਦੀ ਸਲਾਮੀ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਰਾਸ਼ਟਰੀ ਪਰੇਡ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਅਤੇ ਕਈ ਰਾਜਾਂ ਦੇ ਪੁਲਿਸ ਬਲ ਆਪਣੇ ਹੁਨਰ, ਅਨੁਸ਼ਾਸਨ ਅਤੇ ਬਹਾਦਰੀ ਦਾ ਪ੍ਰਦਰਸ਼ਨ ਕਰਨਗੇ। ਇਸ ਵਰ੍ਹੇ, ਸੀਆਰਪੀਐੱਫ ਦੇ ਪੰਜ ਸ਼ੌਰਿਆ ਚੱਕਰ ਜੇਤੂ ਅਤੇ ਬੀਐੱਸਐੱਫ ਦੇ 16 ਬਹਾਦਰੀ ਮੈਡਲ ਜੇਤੂ ਵੀ ਪਰੇਡ ਵਿੱਚ ਹਿੱਸਾ ਲੈਣਗੇ। ਪਰੇਡ ਦੀ ਅਗਵਾਈ ਮਹਿਲਾ ਪੁਲਿਸ ਅਧਿਕਾਰੀ ਕਰਨਗੇ ਅਤੇ ਇਸ ਵਿੱਚ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰਦਰਸ਼ਨ ਵੀ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਰਾਜ ਦੇ ਪੁਲਿਸ ਬਲ ਅਤੇ ਸੀਏਪੀਐੱਫ ਦੇ ਕਰਮਚਾਰੀ ਆਪਣੇ ਸੱਭਿਆਚਾਰਕ ਹੁਨਰ ਦਾ ਪ੍ਰਦਰਸ਼ਨ ਕਰਨਗੇ। ਬੀਐੱਸਐੱਫ ਦਾ ਊਂਠ ਦਲ ਅਤੇ ਊਠਾਂ 'ਤੇ ਸਵਾਰ ਬੈਂਡ ਵੀ ਪਰੇਡ ਦੀ ਸ਼ੋਭਾ ਵਧਾਏਗਾ। ਗੁਜਰਾਤ ਘੋੜਸਵਾਰ, ਅਸਾਮ ਪੁਲਿਸ ਦਾ ਮੋਟਰਸਾਈਕਲ ਡੇਅਰਡੇਵਿਲ ਸ਼ੋਅ ਅਤੇ ਪੰਜਾਬ ਅਤੇ ਕਸ਼ਮੀਰ ਪੁਲਿਸ ਵੀ ਪਰੇਡ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ, ਐੱਨਐੱਸਜੀ, ਐੱਨਡੀਆਰਐੱਫ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਪੁਡੂਚੇਰੀ ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਵੀ ਪਰੇਡ ਦੌਰਾਨ ਝਾਂਕੀਆਂ ਪੇਸ਼ ਕਰਨਗੀਆਂ। ਪਰੇਡ ਦਾ ਮੁੱਖ ਆਕਰਸ਼ਣ ਭਾਰਤੀ ਹਵਾਈ ਸੈਨਾ ਦੀ ਸੂਰਿਆ ਕਿਰਨ ਟੀਮ ਵੱਲੋਂ ਸ਼ਾਨਦਾਰ ਹਵਾਈ ਸ਼ੋਅ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਭਰ ਦੇ 900 ਤੋਂ ਜ਼ਿਆਦਾ ਕਲਾਕਾਰ ਦੇਸ਼ ਅਤੇ ਦੁਨੀਆ ਦੇ ਸਾਹਮਣੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪੇਸ਼ ਕਰਨਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਰੇਡ ਅਸਲ ਵਿੱਚ ਭਾਰਤ ਦੀ ਏਕਤਾ ਦੀ ਇੱਕ ਪਰੇਡ ਹੋਵੇਗੀ, ਜਿਸ ਵਿੱਚ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਬਿਆਨ ਕੀਤਾ ਜਾਵੇਗਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਦਾਰ ਸਾਹਬ ਦੀ 150ਵੀਂ ਜਯੰਤੀ ਤੋਂ ਬਾਅਦ, ਇਹ ਪਰੇਡ 26 ਜਨਵਰੀ ਨੂੰ ਆਯੋਜਿਤ ਕੀਤੀ ਗਈ ਪਰੇਡ ਵਾਂਗ ਹੀ 31 ਅਕਤੂਬਰ ਨੂੰ ਨਿਯਮਿਤ ਤੌਰ 'ਤੇ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਰੇਡ ਹਮੇਸ਼ਾ ਦੇਸ਼ ਦੇ ਨੌਜਵਾਨਾਂ ਨੂੰ ਸਰਦਾਰ ਸਾਹਬ ਦੇ ਸਿਧਾਂਤਾਂ ਅਤੇ ਉਨ੍ਹਾਂ ਦੁਆਰਾ ਦੇਸ਼ ਲਈ ਕੀਤੇ ਗਏ ਕੰਮਾਂ ਬਾਰੇ ਸਿੱਖਿਅਤ ਕਰਨ ਦੇ ਮਾਧਿਅਮ ਵਜੋਂ ਕੰਮ ਕਰੇਗੀ। ਉਨ੍ਹਾਂ ਅਪੀਲ ਕੀਤੀ ਕਿ ਇਸ ਪਰੇਡ ਰਾਹੀਂ ਸਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਮਿਲ ਕੇ ਦੇਸ਼ ਵਿੱਚ ਏਕਤਾ ਅਤੇ ਅਖੰਡਤਾ ਦਾ ਮਜ਼ਬੂਤ ਮਾਹੌਲ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ।
*****
ਆਰਕੇ/ਆਰਆਰ /ਪੀਆਰ / ਪੀਐੱਸ/
                
                
                
                
                
                (Release ID: 2184700)
                Visitor Counter : 4
                
                
                
                    
                
                
                    
                
                Read this release in: 
                
                        
                        
                            Malayalam 
                    
                        ,
                    
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            हिन्दी 
                    
                        ,
                    
                        
                        
                            Marathi 
                    
                        ,
                    
                        
                        
                            Bengali-TR 
                    
                        ,
                    
                        
                        
                            Bengali 
                    
                        ,
                    
                        
                        
                            Assamese 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada