ਪ੍ਰਧਾਨ ਮੰਤਰੀ ਦਫਤਰ
ਮੁੰਬਈ ਵਿੱਚ ਮੈਰੀਟਾਈਮ ਲੀਡਰਜ਼ ਕਨਕਲੇਵ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Posted On:
29 OCT 2025 6:57PM by PIB Chandigarh
ਮਹਾਰਾਸ਼ਟਰ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਸਰਬਾਨੰਦ ਸੋਨੋਵਾਲ ਜੀ, ਸ਼ਾਂਤਨੂ ਠਾਕੁਰ ਜੀ, ਕੀਰਤੀਵਰਧਨ ਸਿੰਘ ਜੀ, ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਅਜੀਤ ਪਵਾਰ ਜੀ, 'ਸ਼ਿਪਿੰਗ' ਅਤੇ ਦੂਜੀਆਂ ਇੰਡਸਟਰੀਜ਼ ਸਨਅਤਾਂ ਨਾਲ ਜੁੜੇ ਆਗੂ, ਹੋਰ ਪਤਵੰਤੇ ਸੱਜਣੋ, ਭੈਣੋ ਤੇ ਭਰਾਵੋ!
ਸਾਥੀਓ,
ਮੈਂ ਤੁਹਾਡੇ ਸਾਰਿਆਂ ਦਾ 'ਗਲੋਬਲ ਮੈਰੀਟਾਈਮ ਲੀਡਰਜ਼ ਕਨਕਲੇਵ' ਵਿੱਚ ਸਵਾਗਤ ਕਰਦਾ ਹਾਂ। ਸਾਲ 2016 ਵਿੱਚ ਮੁੰਬਈ ਵਿੱਚ ਹੀ ਇਸ ਦੀ ਸ਼ੁਰੂਆਤ ਹੋਈ ਸੀ ਅਤੇ ਇਹ ਸਾਡੇ ਸਾਰਿਆਂ ਲਈ ਖ਼ੁਸ਼ੀ ਦੀ ਗੱਲ ਹੈ ਕਿ ਅੱਜ ਇਹ ਸੰਮੇਲਨ ਇੱਕ ਆਲਮੀ ਈਵੈਂਟ ਬਣ ਗਿਆ ਹੈ। ਅੱਜ ਇੱਥੇ ਇਸ ਪ੍ਰੋਗਰਾਮ ਵਿੱਚ ਦੁਨੀਆ ਦੇ 85 ਤੋਂ ਵੱਧ ਦੇਸ਼ਾਂ ਦੀ ਹਿੱਸੇਦਾਰੀ ਆਪਣੇ ਆਪ ਵਿੱਚ ਬਹੁਤ ਵੱਡਾ ਸੁਨੇਹਾ ਦੇ ਰਹੀ ਹੈ। ਸ਼ਿਪਿੰਗ ਜਾਇੰਟਸ, ਉਨ੍ਹਾਂ ਦੇ ਸੀਈਓਜ਼ ਤੋਂ ਲੈ ਕੇ ਸਟਾਰਟਅੱਪਸ ਤੱਕ ਅਤੇ ਨੀਤੀ ਘਾੜਿਆਂ ਤੋਂ ਲੈ ਕੇ ਇਨਵੈਸਟਰਜ਼ ਤੱਕ, ਇਸ ਵੇਲੇ ਸਾਰੇ ਇੱਥੇ ਮੌਜੂਦ ਹਨ। ਛੋਟੇ ਟਾਪੂ ਦੇਸ਼ਾਂ ਦੇ ਨੁਮਾਇੰਦੇ ਵੀ ਇੱਥੇ ਹਾਜ਼ਰ ਹਨ। ਤੁਹਾਡੇ ਸਾਰਿਆਂ ਦੇ ਨਜ਼ਰੀਏ ਨੇ ਇਸ ਸੰਮੇਲਨ ਦੇ ਤਾਲਮੇਲ ਅਤੇ ਊਰਜਾ ਦੋਵਾਂ ਨੂੰ ਵਧਾ ਦਿੱਤਾ ਹੈ।
ਸਾਥੀਓ,
ਅਜੇ ਇੱਥੇ ਸ਼ਿਪਿੰਗ ਸੈਕਟਰ ਨਾਲ ਜੁੜੇ ਕਈ ਪ੍ਰੋਜੈਕਟਾਂ ਦਾ ਸ਼ੁਭ-ਆਰੰਭ ਹੋਇਆ ਹੈ। ਸ਼ਿਪਿੰਗ ਸੈਕਟਰ ਵਿੱਚ ਹੋਏ ਲੱਖਾਂ ਕਰੋੜਾਂ ਰੁਪਏ ਦੇ 'ਐੱਮਓਯੂਜ਼' ਵੀ ਜਾਰੀ ਹੋਏ ਹਨ। ਇਹ ਦਰਸਾਉਂਦਾ ਹੈ ਕਿ ਭਾਰਤ ਦੀ 'ਮੈਰੀਟਾਈਮ' ਸਮਰੱਥਾ 'ਤੇ ਦੁਨੀਆ ਦਾ ਕਿੰਨਾ ਵਿਸ਼ਵਾਸ ਹੈ। ਇਸ ਆਯੋਜਨ ਵਿੱਚ ਤੁਹਾਡੀ ਹਾਜ਼ਰੀ ਸਾਡੀ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ।
ਸਾਥੀਓ,
21ਵੀਂ ਸਦੀ ਦੇ ਇਸ ਦੌਰ ਵਿੱਚ ਭਾਰਤ ਦਾ ਮੈਰੀਟਾਈਮ ਸੈਕਟਰ ਤੇਜ਼ ਗਤੀ ਅਤੇ ਊਰਜਾ ਨਾਲ ਅੱਗੇ ਵੱਧ ਰਿਹਾ ਹੈ। ਖ਼ਾਸ ਕਰਕੇ ਸਾਲ 2024 ਭਾਰਤ ਦੇ ਮੈਰੀਟਾਈਮ ਸੈਕਟਰ ਲਈ ਬਹੁਤ ਅਹਿਮ ਸਾਲ ਰਿਹਾ ਹੈ। ਮੈਂ ਇਸ ਸਾਲ ਦੀਆਂ ਕੁਝ ਖ਼ਾਸ ਪ੍ਰਾਪਤੀਆਂ ਦਾ ਜ਼ਿਕਰ ਤੁਹਾਡੇ ਦਰਮਿਆਨ ਕਰਨਾ ਚਾਹੁੰਦਾ ਹਾਂ! ਵਿਝਿੰਜਮ ਪੋਰਟ ਦੇ ਰੂਪ ਵਿੱਚ ਭਾਰਤ ਦਾ ਪਹਿਲਾ ਡੀਪ ਵਾਟਰ ਇੰਟਰਨੈਸ਼ਨਲ ਟ੍ਰਾਂਸਸ਼ਿਪਮੈਂਟ ਹੱਬ ਹੁਣ ਅਪ੍ਰੇਸ਼ਨਲ ਹੋ ਚੁੱਕਾ ਹੈ। ਕੁਝ ਸਮਾਂ ਪਹਿਲਾਂ ਹੀ ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਵੈਸਲ ਉੱਥੇ ਪਹੁੰਚਿਆ ਹੈ। ਇਹ ਹਰ ਭਾਰਤੀ ਲਈ ਮਾਣ ਦਾ ਪਲ ਸੀ। ਸਾਲ 2024-25 ਵਿੱਚ ਭਾਰਤ ਦੇ ਮੇਜਰ ਪੋਰਟਸ 'ਤੇ ਹੁਣ ਤੱਕ ਦਾ ਸਭ ਤੋਂ ਵੱਧ ਕਾਰਗੋ ਹੈਂਡਲ ਕਰਕੇ ਵੀ ਨਵਾਂ ਰਿਕਾਰਡ ਬਣਾਇਆ ਹੈ। ਇੰਨਾ ਹੀ ਨਹੀਂ ਪਹਿਲੀ ਵਾਰ ਕਿਸੇ ਭਾਰਤੀ ਬੰਦਰਗਾਹ ਨੇ ਮੈਗਾਵਾਟ ਸਕੇਲ ਦੀ ਸਵਦੇਸ਼ੀ ਗ੍ਰੀਨ ਹਾਈਡ੍ਰੋਜਨ ਫੈਸਿਲਿਟੀ ਸ਼ੁਰੂ ਕੀਤੀ ਹੈ। ਅਤੇ ਇਹ ਪ੍ਰਾਪਤੀ ਸਾਡੇ ਕਾਂਡਲਾ ਪੋਰਟ ਨੇ ਹਾਸਲ ਕੀਤੀ ਹੈ। ਇੱਕ ਹੋਰ ਵੱਡਾ ਕੰਮ ਜੇਐੱਨਪੀਟੀ ਵਿੱਚ ਹੋਇਆ ਹੈ, ਜੀਐੱਨਪੀਟੀ ਵਿੱਚ 'ਭਾਰਤ ਮੁੰਬਈ ਕੰਟੇਨਰ ਟਰਮੀਨਲ ਫੇਜ਼ 2' ਵੀ ਸ਼ੁਰੂ ਹੋ ਗਿਆ ਹੈ।
ਇਸ ਨਾਲ ਇਸ ਟਰਮੀਨਲ ਦੀ ਸੰਭਾਲਣ ਦੀ ਸਮਰੱਥਾ ਦੁੱਗਣੀ ਹੋ ਗਈ ਹੈ ਅਤੇ ਇਹ ਭਾਰਤ ਦੀ ਸਭ ਤੋਂ ਵੱਡੀ ਕੰਟੇਨਰ ਬੰਦਰਗਾਹ ਬਣ ਗਈ ਹੈ। ਇਹ ਭਾਰਤ ਦੇ ਬੁਨਿਆਦੀ ਢਾਂਚੇ ਵਿੱਚ ਸਭ ਤੋਂ ਵੱਡੇ ਸਿੱਧੇ ਵਿਦੇਸ਼ੀ ਨਿਵੇਸ਼ ਕਾਰਨ ਸੰਭਵ ਹੋਇਆ ਹੈ। ਇਸ ਲਈ ਮੈਂ ਅੱਜ ਸਿੰਗਾਪੁਰ ਦੇ ਆਪਣੇ ਸਾਥੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕਰਦਾ ਹਾਂ।
ਸਾਥੀਓ,
ਇਸ ਸਾਲ ਭਾਰਤ ਦੇ 'ਮੈਰੀਟਾਈਮ' ਸੈਕਟਰ ਵਿੱਚ ਅਗਲੀ ਪੀੜ੍ਹੀ ਦੇ ਸੁਧਾਰਾਂ ਲਈ ਵੀ ਵੱਡੇ ਕਦਮ ਚੁੱਕੇ ਗਏ ਹਨ। ਅਸੀਂ ਸੌ ਸਾਲ ਤੋਂ ਵੱਧ ਪੁਰਾਣੇ ਬਸਤੀਵਾਦੀ ਸ਼ਿਪਿੰਗ ਕਾਨੂੰਨਾਂ ਨੂੰ ਹਟਾ ਕੇ ਇੱਕੀਵੀਂ ਸਦੀ ਦੇ ਆਧੁਨਿਕ ਅਤੇ ਭਵਿੱਖਮੁਖੀ ਕਾਨੂੰਨ ਲਾਗੂ ਕੀਤੇ ਹਨ। ਇਹ ਨਵੇਂ ਕਾਨੂੰਨ 'ਸਟੇਟ ਮੈਰੀਟਾਈਮ ਬੋਰਡਜ਼' ਨੂੰ ਸਸ਼ਕਤ ਕਰਦੇ ਹਨ, ਸੁਰੱਖਿਆ ਅਤੇ ਸਥਿਰਤਾ ਨੂੰ ਬਲ ਦਿੰਦੇ ਹਨ ਅਤੇ ਨਾਲ ਹੀ, 'ਪੋਰਟ ਮੈਨੇਜਮੈਂਟ' ਵਿੱਚ 'ਡਿਜੀਟਲਾਈਜ਼ੇਸ਼ਨ' ਦਾ ਵੀ ਵਿਸਤਾਰ ਕਰਦੇ ਹਨ।
ਸਾਥੀਓ,
'ਮਰਚੈਂਟ ਸ਼ਿਪਿੰਗ ਐਕਟ' ਵਿੱਚ ਅਸੀਂ ਭਾਰਤੀ ਕਾਨੂੰਨਾਂ ਨੂੰ 'ਇੰਟਰਨੈਸ਼ਨਲ ਕਨਵੈਨਸ਼ਨਜ਼' ਨਾਲ 'ਗਲੋਬਲੀ ਅਲਾਈਨ' (ਵਿਸ਼ਵ-ਪੱਧਰੀ ਤਾਲਮੇਲ) ਕੀਤਾ ਹੈ। ਇਸ ਨਾਲ ਸੁਰੱਖਿਆ ਦਾ ਭਰੋਸਾ ਵਧਿਆ ਹੈ, ਕਾਰੋਬਾਰ ਕਰਨ ਦੀ ਸੌਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੀ ਹੈ ਅਤੇ ਸਰਕਾਰ ਦਾ ਦਖਲ ਘੱਟ ਹੋਇਆ ਹੈ। ਮੈਨੂੰ ਵਿਸ਼ਵਾਸ ਹੈ, ਇਨ੍ਹਾਂ ਯਤਨਾਂ ਨਾਲ ਤੁਹਾਡਾ, ਸਾਡੇ ਨਿਵੇਸ਼ਕਾਂ ਦਾ, ਭਰੋਸਾ ਵੀ ਹੋਰ ਵਧੇਗਾ।
ਸਾਥੀਓ,
'ਦਿ ਕੋਸਟਲ ਸ਼ਿਪਿੰਗ ਐਕਟ' ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਵਪਾਰ ਹੋਰ ਆਸਾਨ ਹੋ ਸਕੇ। ਇਹ ਸਪਲਾਈ ਲੜੀ ਦੀ ਸੁਰੱਖਿਆ ਨੂੰ ਮਜ਼ਬੂਤ ਕਰਦਾ ਹੈ। ਨਾਲ ਹੀ ਇਸ ਨਾਲ ਭਾਰਤ ਦੀ ਲੰਬੀ ਤੱਟ-ਰੇਖਾ 'ਤੇ ਸੰਤੁਲਿਤ ਵਿਕਾਸ ਯਕੀਨੀ ਹੋਵੇਗਾ। ਇਸੇ ਤਰ੍ਹਾਂ, 'ਵਨ ਨੇਸ਼ਨ - ਵਨ ਪੋਰਟ ਪ੍ਰੋਸੈਸ', ਪੋਰਟ ਨਾਲ ਜੁੜੇ 'ਪ੍ਰੋਸੀਜਰਜ਼' ਨੂੰ 'ਸਟੈਂਡਰਡਾਈਜ਼' ਕਰੇਗਾ ਅਤੇ ਦਸਤਾਵੇਜ਼ੀਕਰਨ ਦਾ ਕੰਮ ਵੀ ਕਾਫ਼ੀ ਘੱਟ ਹੋ ਜਾਵੇਗਾ।
ਸਾਥੀਓ,
'ਸ਼ਿਪਿੰਗ' ਸੈਕਟਰ ਦੇ ਇਹ ਸੁਧਾਰ ਇੱਕ ਤਰ੍ਹਾਂ ਨਾਲ ਬੀਤੇ ਇੱਕ ਦਹਾਕੇ ਦੀ ਸਾਡੀ ਸੁਧਾਰ ਯਾਤਰਾ ਦੀ ਨਿਰੰਤਰਤਾ ਹੈ। ਜੇ ਅਸੀਂ ਪਿਛਲੇ ਦਸ-ਗਿਆਰਾਂ ਸਾਲਾਂ ਨੂੰ ਦੇਖੀਏ, ਤਾਂ ਭਾਰਤ ਦੇ 'ਮੈਰੀਟਾਈਮ' ਸੈਕਟਰ ਵਿੱਚ ਜੋ ਪਰਿਵਰਤਨ ਆਇਆ ਹੈ, ਉਹ ਇਤਿਹਾਸਕ ਹੈ। 'ਮੈਰੀਟਾਈਮ ਇੰਡੀਆ ਵਿਜ਼ਨ' ਤਹਿਤ 150 ਤੋਂ ਵੱਧ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਨਾਲ ਪ੍ਰਮੁੱਖ ਬੰਦਰਗਾਹਾਂ ਦੀ ਸਮਰੱਥਾ ਲਗਭਗ ਦੁੱਗਣੀ ਹੋਈ ਹੈ, ਜਹਾਜ਼ਾਂ ਦੇ ਵਾਪਸੀ ਦੇ ਸਮੇਂ ਵਿੱਚ ਭਾਰੀ ਕਮੀ ਆਈ ਹੈ, ਕਰੂਜ਼ ਸੈਰ-ਸਪਾਟੇ ਨੂੰ ਵੀ ਨਵੀਂ ਗਤੀ ਮਿਲੀ ਹੈ, ਅੱਜ ਅੰਦਰੂਨੀ ਜਲ-ਮਾਰਗਾਂ 'ਤੇ ਮਾਲ ਦੀ ਢੋਆ-ਢੁਆਈ ਵਿੱਚ 700 ਫ਼ੀਸਦੀ ਤੋਂ ਵੱਧ ਵਾਧਾ ਹੋਇਆ ਹੈ, ਕਾਰਜਸ਼ੀਲ ਜਲ-ਮਾਰਗਾਂ ਦੀ ਗਿਣਤੀ ਤਿੰਨ ਤੋਂ ਵੱਧ ਕੇ ਬੱਤੀ ਹੋ ਗਈ ਹੈ, ਅਤੇ ਸਾਡੀਆਂ ਬੰਦਰਗਾਹਾਂ ਦਾ ਸ਼ੁੱਧ ਸਾਲਾਨਾ ਵਾਧਾ ਵੀ ਇੱਕ ਦਹਾਕੇ ਵਿੱਚ ਨੌਂ ਗੁਣਾ ਵਧਿਆ ਹੈ।
ਸਾਥੀਓ,
ਸਾਨੂੰ ਮਾਣ ਹੈ ਕਿ ਅੱਜ ਭਾਰਤ ਦੀਆਂ ਬੰਦਰਗਾਹਾਂ, ਵਿਕਾਸਸ਼ੀਲ ਦੇਸ਼ਾਂ ਦੀਆਂ ਸਭ ਤੋਂ ਕੁਸ਼ਲ ਬੰਦਰਗਾਹਾਂ ਵਿੱਚ ਗਿਣੀਆਂ ਜਾਂਦੀਆਂ ਹਨ। ਕਈ ਮਾਮਲਿਆਂ ਵਿੱਚ ਤਾਂ ਉਹ ਵਿਕਸਤ ਦੇਸ਼ਾਂ ਦੀਆਂ ਬੰਦਰਗਾਹਾਂ ਤੋਂ ਵੀ ਬਿਹਤਰ ਪ੍ਰਦਰਸ਼ਨ ਕਰ ਰਹੀਆਂ ਹਨ। ਮੈਂ ਤੁਹਾਨੂੰ ਕੁਝ ਹੋਰ ਅੰਕੜੇ ਦਿੰਦਾ ਹਾਂ। ਅੱਜ ਭਾਰਤ ਵਿੱਚ ਔਸਤਨ ਕੰਟੇਨਰ ਠਹਿਰਾਓ ਸਮਾਂ ਤਿੰਨ ਦਿਨ ਤੋਂ ਵੀ ਘੱਟ ਰਹਿ ਗਿਆ ਹੈ। ਇਹ ਕਈ ਵਿਕਸਤ ਦੇਸ਼ਾਂ ਤੋਂ ਵੀ ਬਿਹਤਰ ਹੈ। ਜਹਾਜ਼ਾਂ ਦਾ ਔਸਤਨ ਵਾਪਸੀ ਦਾ ਸਮਾਂ ਛਿਆਨਵੇਂ ਘੰਟਿਆਂ ਤੋਂ ਘਟ ਕੇ ਸਿਰਫ਼ ਅਠਤਾਲੀ ਘੰਟੇ ਰਹਿ ਗਿਆ ਹੈ। ਇਸ ਨਾਲ ਭਾਰਤੀ ਬੰਦਰਗਾਹਾਂ ਵਿਸ਼ਵ-ਵਿਆਪੀ ਸ਼ਿਪਿੰਗ ਕੰਪਨੀਆਂ ਲਈ ਹੋਰ ਵੱਧ ਮੁਕਾਬਲੇਯੋਗ ਅਤੇ ਆਕਰਸ਼ਕ ਬਣ ਗਈਆਂ ਹਨ। 'ਵਿਸ਼ਵ ਬੈਂਕ' ਦੇ 'ਲੌਜਿਸਟਿਕਸ ਪ੍ਰਦਰਸ਼ਨ ਸੂਚਕਾਂਕ' ਵਿੱਚ ਵੀ ਭਾਰਤ ਨੇ ਕਾਫ਼ੀ ਚੰਗਾ ਸੁਧਾਰ ਕੀਤਾ ਹੈ।
ਅਤੇ ਸਾਥੀਓ,
'ਸ਼ਿਪਿੰਗ' ਸੈਕਟਰ ਵਿੱਚ ਮਨੁੱਖੀ ਸਰੋਤ ਵਿੱਚ ਭਾਰਤ ਆਪਣਾ ਨਾਮ ਰੌਸ਼ਨ ਕਰ ਰਿਹਾ ਹੈ। ਭਾਰਤ ਦੇ ਮਲਾਹਾਂ ਦੀ ਗਿਣਤੀ ਪਿਛਲੇ ਇੱਕ ਦਹਾਕੇ ਵਿੱਚ ਸਵਾ ਲੱਖ ਤੋਂ ਵੱਧ ਕੇ 3 ਲੱਖ ਤੋਂ ਵੱਧ ਹੋ ਗਈ ਹੈ। ਤੁਸੀਂ ਦੁਨੀਆ ਦੇ ਕਿਸੇ ਵੀ ਸਮੁੰਦਰੀ ਤਟ 'ਤੇ ਜਾਓਗੇ, ਤਾਂ ਕੋਈ ਨਾ ਕੋਈ ਜਹਾਜ਼ ਹੋਵੇਗਾ, ਜਿੱਥੇ ਕੋਈ ਨਾ ਕੋਈ ਭਾਰਤੀ ਮਲਾਹ ਤੁਹਾਨੂੰ ਮਿਲੇਗਾ। ਅੱਜ ਭਾਰਤ ਮਲਾਹਾਂ ਦੀ ਗਿਣਤੀ ਦੇ ਮਾਮਲੇ ਵਿੱਚ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ ਵਿੱਚ ਆ ਚੁੱਕਾ ਹੈ।
ਸਾਥੀਓ,
21ਵੀਂ ਸਦੀ ਦਾ ਇੱਕ ਚੌਥਾਈ ਹਿੱਸਾ ਬੀਤ ਚੁੱਕਾ ਹੈ। ਇਸ ਸਦੀ ਦੇ ਅਗਲੇ 25 ਸਾਲ ਹੋਰ ਵੀ ਅਹਿਮ ਹਨ। ਇਸ ਲਈ ਸਾਡਾ ਧਿਆਨ ਬਲੂ ਇਕੋਨੌਮੀ 'ਤੇ ਹੈ, ਸਥਾਈ ਤਟਵਰਤੀ ਵਿਕਾਸ 'ਤੇ ਹੈ, ਅਸੀਂ 'ਗ੍ਰੀਨ ਲੌਜਿਸਟਿਕਸ', 'ਬੰਦਰਗਾਹ ਸੰਪਰਕ' ਅਤੇ 'ਤਟਵਰਤੀ ਉਦਯੋਗਿਕ ਸਮੂਹਾਂ' 'ਤੇ ਬਹੁਤ ਜ਼ੋਰ ਦੇ ਰਹੇ ਹਾਂ।
ਸਾਥੀਓ,
ਜਹਾਜ਼-ਨਿਰਮਾਣ ਵੀ ਅੱਜ ਦੇ ਭਾਰਤ ਦੀ ਮੁੱਖ ਤਰਜੀਹ ਵਿੱਚ ਹੈ। ਇੱਕ ਸਮਾਂ ਸੀ, ਜਦੋਂ ਭਾਰਤ ਦੁਨੀਆ ਦੇ ਜਹਾਜ਼-ਨਿਰਮਾਣ ਦਾ ਬਹੁਤ ਵੱਡਾ ਕੇਂਦਰ ਸੀ। ਇੱਥੋਂ ਅਜੰਤਾ ਦੀਆਂ ਗੁਫਾਵਾਂ ਬਹੁਤ ਦੂਰ ਨਹੀਂ ਹਨ। ਉੱਥੇ ਤੁਹਾਨੂੰ ਛੇਵੀਂ ਸਦੀ ਦਾ ਇੱਕ ਚਿੱਤਰ ਦਿਸੇਗਾ, ਇਸ ਵਿੱਚ ਇੱਕ ਤਿੰਨ ਮਸਤੂਲ ਵਾਲੇ ਜਹਾਜ਼ ਦੀ ਬਣਤਰ ਤੁਹਾਨੂੰ ਮਿਲੇਗੀ, ਤੁਸੀਂ ਕਲਪਨਾ ਕਰ ਸਕਦੇ ਹੋ, ਛੇਵੀਂ ਸਦੀ ਦੇ ਚਿੱਤਰ ਵਿੱਚ ਤਿੰਨ ਮਸਤੂਲ ਵਾਲੇ ਜਹਾਜ਼ ਦੀ ਬਣਤਰ, ਅਤੇ ਇਹ ਬਣਤਰ ਇਸ ਤੋਂ ਸਦੀਆਂ ਬਾਅਦ ਦੂਜੇ ਦੇਸ਼ਾਂ ਨੇ ਵਰਤਣੀ ਸ਼ੁਰੂ ਕੀਤੀ, ਸਦੀਆਂ ਦਾ ਫ਼ਰਕ ਸੀ।
ਭਾਰਤ ਵਿੱਚ ਬਣੇ ਜਹਾਜ਼, ਵਿਸ਼ਵ-ਵਿਆਪੀ ਵਪਾਰ ਦਾ ਅਹਿਮ ਹਿੱਸਾ ਹੁੰਦੇ ਸਨ। ਫਿਰ ਅਸੀਂ ਸ਼ਿਪ ਬ੍ਰੇਕਿੰਗ ਦੇ ਕੰਮ ਦੇ ਖੇਤਰ ਵਿੱਚ ਅੱਗੇ ਵਧੇ। ਹੁਣ ਭਾਰਤ ਫਿਰ ਤੋਂ ਜਹਾਜ਼-ਨਿਰਮਾਣ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਛੂਹਣ ਲਈ ਆਪਣੇ ਯਤਨ ਤੇਜ਼ ਕਰ ਰਿਹਾ ਹੈ। ਭਾਰਤ ਨੇ ਹੁਣ ਵੱਡੇ ਜਹਾਜ਼ਾਂ ਨੂੰ 'ਬੁਨਿਆਦੀ ਢਾਂਚੇ ਦੀਆਂ ਸੰਪਤੀਆਂ' ਦਾ ਦਰਜਾ ਵੀ ਦੇ ਦਿੱਤਾ ਹੈ। ਇਹ ਨੀਤੀਗਤ ਫੈਸਲਾ ਇਸ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਜਹਾਜ਼-ਨਿਰਮਾਤਾਵਾਂ ਲਈ ਨਵੇਂ ਰਾਹ ਖੋਲ੍ਹੇਗਾ। ਇਸ ਨਾਲ ਤੁਹਾਨੂੰ ਵਿੱਤ-ਪੋਸ਼ਣ ਦੇ ਨਵੇਂ ਬਦਲ ਮਿਲਣਗੇ, ਵਿਆਜ ਦੀ ਲਾਗਤ ਘਟੇਗੀ ਅਤੇ ਕਰਜ਼ੇ ਦੀ ਸਹੂਲਤ ਆਸਾਨ ਹੋਵੇਗੀ।
ਅਤੇ ਸਾਥੀਓ,
ਇਸ ਸੁਧਾਰ ਨੂੰ ਗਤੀ ਦੇਣ ਲਈ ਸਰਕਾਰ ਵੀ ਲਗਭਗ 70 ਹਜ਼ਾਰ ਕਰੋੜ ਰੁਪਏ ਨਿਵੇਸ਼ ਕਰੇਗੀ। ਇਸ ਨਾਲ ਘਰੇਲੂ ਸਮਰੱਥਾ ਵਧੇਗੀ, ਲੰਬੇ-ਸਮੇਂ ਦੇ ਵਿੱਤ-ਪੋਸ਼ਣ ਨੂੰ ਉਤਸ਼ਾਹ ਮਿਲੇਗਾ, ਨਵੇਂ ਅਤੇ ਪੁਰਾਣੇ ਪ੍ਰੋਜੈਕਟਾਂ ਵਾਲੇ ਸ਼ਿਪਯਾਰਡਾਂ ਦਾ ਵਿਕਾਸ ਹੋਵੇਗਾ, ਉੱਨਤ ਸਮੁੰਦਰੀ ਹੁਨਰ ਤਿਆਰ ਹੋਣਗੇ ਅਤੇ ਨੌਜਵਾਨਾਂ ਲਈ ਲੱਖਾਂ ਨੌਕਰੀਆਂ ਪੈਦਾ ਹੋਣਗੀਆਂ। ਅਤੇ ਤੁਹਾਡੇ ਸਾਰਿਆਂ ਲਈ ਵੀ ਇਸ ਨਾਲ ਨਿਵੇਸ਼ ਦੇ ਨਵੇਂ ਰਾਹ ਖੁੱਲ੍ਹਣਗੇ।
ਸਾਥੀਓ,
ਇਹ ਧਰਤੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਧਰਤੀ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਨੇ, ਨਾ ਸਿਰਫ਼ ਸਮੁੰਦਰੀ ਸੁਰੱਖਿਆ ਦੀ ਨੀਂਹ ਰੱਖੀ, ਬਲਕਿ ਅਰਬ ਸਾਗਰ ਦੇ ਵਪਾਰਕ ਮਾਰਗਾਂ 'ਤੇ ਭਾਰਤੀ ਸਮਰੱਥਾ ਦਾ ਝੰਡਾ ਵੀ ਲਹਿਰਾਇਆ ਸੀ। ਉਨ੍ਹਾਂ ਦੇ ਨਜ਼ਰੀਏ ਨੇ ਸਾਨੂੰ ਦਿਖਾਇਆ ਹੈ ਕਿ ਸਮੁੰਦਰ ਸਿਰਫ ਸਰਹੱਦਾਂ ਨਹੀਂ, ਮੌਕਿਆਂ ਦੇ ਦਰਵਾਜ਼ੇ ਵੀ ਹੁੰਦੇ ਹਨ। ਅੱਜ ਭਾਰਤ ਉਸੇ ਸੋਚ ਨਾਲ ਅੱਗੇ ਵੱਧ ਰਿਹਾ ਹੈ।
ਸਾਥੀਓ,
ਭਾਰਤ ਅੱਜ ਆਲਮੀ ਪੱਧਰ 'ਤੇ ਸਪਲਾਈ ਲੜੀ ਦੀ ਲਚਕਤਾ ਨੂੰ ਮਜ਼ਬੂਤੀ ਦੇਣਾ ਚਾਹੁੰਦਾ ਹੈ। ਅਸੀਂ ਵਿਸ਼ਵ-ਪੱਧਰੀ ਵੱਡੀਆਂ ਬੰਦਰਗਾਹਾਂ ਦੇ ਨਿਰਮਾਣ ਵਿੱਚ ਜੁਟੇ ਹਾਂ, ਇੱਥੇ ਮਹਾਰਾਸ਼ਟਰ ਦੇ ਵਾਢਵਣ ਵਿੱਚ ਹੀ 76 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਬੰਦਰਗਾਹ ਬਣਾਈ ਜਾ ਰਹੀ ਹੈ। ਅਸੀਂ ਆਪਣੀਆਂ ਪ੍ਰਮੁੱਖ ਬੰਦਰਗਾਹਾਂ ਦੀ ਸਮਰੱਥਾ ਨੂੰ ਚਾਰ ਗੁਣਾ ਵਧਾਉਣ ਲਈ ਕੰਮ ਕਰ ਰਹੇ ਹਾਂ। ਅਸੀਂ 'ਕੰਟੇਨਰਾਈਜ਼ਡ ਕਾਰਗੋ ਸ਼ੇਅਰ' ਦੇ ਹਿੱਸੇ ਵਿੱਚ ਵੀ ਭਾਰਤ ਦਾ ਹਿੱਸਾ ਵਧਾਉਣਾ ਚਾਹੁੰਦੇ ਹਾਂ ਅਤੇ ਇਨ੍ਹਾਂ ਸਾਰੇ ਟੀਚਿਆਂ ਦੀ ਪ੍ਰਾਪਤੀ ਵਿੱਚ, ਤੁਸੀਂ ਸਾਰੇ ਸਾਡੇ ਅਹਿਮ ਭਾਈਵਾਲ ਹੋ। ਅਸੀਂ ਤੁਹਾਡੇ ਵਿਚਾਰਾਂ, ਨਵੀਨਤਾਵਾਂ ਅਤੇ ਨਿਵੇਸ਼ਾਂ ਦਾ ਸਵਾਗਤ ਕਰਦੇ ਹਾਂ। ਤੁਸੀਂ ਵੀ ਜਾਣਦੇ ਹੋ, ਭਾਰਤ ਵਿੱਚ ਬੰਦਰਗਾਹਾਂ ਅਤੇ ਸ਼ਿਪਿੰਗ ਵਿੱਚ 100 ਪ੍ਰਤੀਸ਼ਤ 'ਐੱਫਡੀਆਈ' ਦੀ ਇਜਾਜ਼ਤ ਹੈ। ਹੁਣ ਜਨਤਕ-ਨਿੱਜੀ ਭਾਈਵਾਲੀ ਤੇਜ਼ੀ ਨਾਲ ਵੱਧ ਰਹੀ ਹੈ। ‘ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲਡ’ ਇਸ ਦ੍ਰਿਸ਼ਟੀ ਤਹਿਤ ਪ੍ਰੋਤਸਾਹਨ ਵੀ ਦਿੱਤੇ ਜਾ ਰਹੇ ਹਨ। ਅਸੀਂ ਰਾਜਾਂ ਨੂੰ ਵੀ ਉਤਸ਼ਾਹਿਤ ਕਰ ਰਹੇ ਹਾਂ ਕਿ ਉਹ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ, ਇਸ ਲਈ ਤੁਹਾਡੇ ਸਾਰਿਆਂ ਵੱਖ-ਵੱਖ ਦੇਸ਼ਾਂ ਦੇ ਨਿਵੇਸ਼ਕਾਂ ਲਈ ਵੀ, ਭਾਰਤ ਦੇ ਸ਼ਿਪਿੰਗ ਖੇਤਰ ਵਿੱਚ ਕੰਮ ਕਰਨ ਦਾ, ਆਪਣਾ ਵਿਸਤਾਰ ਕਰਨ ਦਾ, ਇਹੀ ਸਮਾਂ ਹੈ, ਸਹੀ ਸਮਾਂ ਹੈ।
ਦੋਸਤੋ,
ਭਾਰਤ ਦੀ ਇੱਕ ਹੋਰ ਵਿਸ਼ੇਸ਼ਤਾ ਹੈ- ਸਾਡੀ ਜਿਊਂਦਾ-ਜਾਗਦਾ ਲੋਕਤੰਤਰ ਅਤੇ ਭਰੋਸੇਯੋਗਤਾ। ਜਦੋਂ ਵਿਸ਼ਵ ਦੇ ਸਮੁੰਦਰਾਂ ਵਿੱਚ ਤੂਫ਼ਾਨ ਹੋਵੇ, ਤਾਂ ਦੁਨੀਆ ਇੱਕ ਸਥਿਰ ਰੌਸ਼ਨੀ ਦੇ ਮੀਨਾਰ ਦੀ ਭਾਲ ਕਰਦੀ ਹੈ। ਅਤੇ ਭਾਰਤ ਅਜਿਹੇ ਮੀਨਾਰ ਦੀ ਭੂਮਿਕਾ ਨੂੰ ਬਹੁਤ ਮਜ਼ਬੂਤੀ ਨਾਲ ਨਿਭਾ ਸਕਦਾ ਹੈ। ਵਿਸ਼ਵ-ਵਿਆਪੀ ਤਣਾਅ, ਵਪਾਰਕ ਰੁਕਾਵਟਾਂ ਅਤੇ ਬਦਲਦੀਆਂ ਸਪਲਾਈ ਲੜੀਆਂ ਦੇ ਵਿਚਕਾਰ, ਭਾਰਤ ਰਣਨੀਤਕ ਖ਼ੁਦਮੁਖ਼ਤਿਆਰੀ, ਸ਼ਾਂਤੀ ਅਤੇ ਸਮਾਵੇਸ਼ੀ ਵਿਕਾਸ ਦਾ ਪ੍ਰਤੀਕ ਹੈ। ਸਾਡੇ 'ਮੈਰੀਟਾਈਮ' ਅਤੇ ਵਪਾਰਕ ਪਹਿਲਕਦਮੀਆਂ ਇਸੇ ਵੱਡੇ ਨਜ਼ਰੀਏ ਦਾ ਹਿੱਸਾ ਹਨ। ਇਸ ਦੀ ਇੱਕ ਮਿਸਾਲ ਹੈ, 'ਇੰਡੀਆ-ਮਿਡਲ ਈਸਟ-ਯੂਰਪ ਇਕੋਨਾਮਿਕ ਕੌਰੀਡੋਰ'। ਇਹ ਵਪਾਰਕ ਮਾਰਗਾਂ ਨੂੰ ਫਿਰ ਤੋਂ ਪਰਿਭਾਸ਼ਿਤ ਕਰੇਗਾ, ਇਹ 'ਕਲੀਨ ਐਨਰਜੀ' ਅਤੇ 'ਸਮਾਰਟ ਲੌਜਿਸਟਿਕਸ' ਨੂੰ ਉਤਸ਼ਾਹਿਤ ਕਰੇਗਾ।
ਸਾਥੀਓ,
ਅੱਜ ਸਾਡਾ ਧਿਆਨ ਸਮਾਵੇਸ਼ੀ ਸਮੁੰਦਰੀ ਵਿਕਾਸ 'ਤੇ ਵੀ ਹੈ। ਇਹ ਉਦੋਂ ਹੀ ਸੰਭਵ ਹੈ, ਜਦੋਂ ਛੋਟੇ ਟਾਪੂ ਵਿਕਾਸਸ਼ੀਲ ਦੇਸ਼ਾਂ ਅਤੇ ਘੱਟ ਵਿਕਸਤ ਦੇਸ਼ਾਂ ਨੂੰ ਤਕਨਾਲੋਜੀ, ਸਿਖਲਾਈ ਅਤੇ ਬੁਨਿਆਦੀ ਢਾਂਚੇ ਰਾਹੀਂ ਸਸ਼ਕਤ ਕੀਤਾ ਜਾਵੇ। ਜਲਵਾਯੂ ਪਰਿਵਰਤਨ, ਸਪਲਾਈ ਲੜੀ ਦੀਆਂ ਰੁਕਾਵਟਾਂ, ਆਰਥਿਕ ਅਨਿਸ਼ਚਿਤਤਾ ਅਤੇ ਸਮੁੰਦਰੀ ਸੁਰੱਖਿਆ, ਸਾਨੂੰ ਮਿਲ ਕੇ ਇਨ੍ਹਾਂ ਸਾਰਿਆਂ ਦਾ ਸਾਹਮਣਾ ਕਰਨਾ ਹੋਵੇਗਾ।
ਸਾਥੀਓ,
ਆਓ, ਅਸੀਂ ਸਭ ਮਿਲ ਕੇ ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਈਏ, ਇੱਕ ਸਥਾਈ ਭਵਿੱਖ ਦਾ ਨਿਰਮਾਣ ਕਰੀਏ। ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਇਸ ਸੰਮੇਲਨ ਦਾ ਹਿੱਸਾ ਬਣਨ ਲਈ ਸਵਾਗਤ, ਤੁਹਾਡੇ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਧੰਨਵਾਦ।
************
ਐੱਮਜੇਪੀਐੱਸ/ਐੱਸਟੀ/ਐੱਸਐੱਸ/ਡੀਕੇ
(Release ID: 2184124)
Visitor Counter : 2