ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਕੁਆਲਾਲੰਪੁਰ ਵਿੱਚ 22ਵੇਂ ਆਸੀਆਨ-ਭਾਰਤ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ

Posted On: 26 OCT 2025 9:31PM by PIB Chandigarh

22ਵਾਂ ਆਸੀਆਨ-ਭਾਰਤ ਸਿਖਰ ਸੰਮੇਲਨ 26 ਅਕਤੂਬਰ 2024 ਨੂੰ ਕਰਵਾਇਆ ਗਿਆ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸਿਖਰ ਸੰਮੇਲਨ ਵਿੱਚ ਵਰਚੁਅਲ ਮਾਧਿਅਮ ਰਾਹੀਂ ਹਿੱਸਾ ਲਿਆ। ਪ੍ਰਧਾਨ ਮੰਤਰੀ ਅਤੇ ਆਸੀਆਨ ਆਗੂਆਂ ਨੇ ਸਾਂਝੇ ਤੌਰ 'ਤੇ ਆਸੀਆਨ-ਭਾਰਤ ਸਬੰਧਾਂ ਵਿੱਚ ਹੋਈ ਤਰੱਕੀ ਦੀ ਸਮੀਖਿਆ ਕੀਤੀ ਅਤੇ ਵਿਆਪਕ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀਆਂ ਪਹਿਲਕਦਮੀਆਂ 'ਤੇ ਚਰਚਾ ਕੀਤੀ। ਇਹ ਭਾਰਤ-ਆਸੀਆਨ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੀ 12ਵੀਂ ਭਾਗੀਦਾਰੀ ਸੀ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਤਿਮੋਰ-ਲੇਸਤੇ ਨੂੰ ਆਸੀਆਨ ਦਾ 11ਵਾਂ ਮੈਂਬਰ ਬਣਨ 'ਤੇ ਵਧਾਈ ਦਿੱਤੀ, ਆਸੀਆਨ ਦੇ ਪੂਰਨ ਮੈਂਬਰ ਵਜੋਂ ਪਹਿਲੇ ਆਸੀਆਨ-ਭਾਰਤ ਸਿਖਰ ਸੰਮੇਲਨ ਵਿੱਚ ਵਫ਼ਦ ਦਾ ਸਵਾਗਤ ਕੀਤਾ ਅਤੇ ਉਸ ਦੇ ਮਨੁੱਖੀ ਵਿਕਾਸ ਲਈ ਭਾਰਤ ਵੱਲੋਂ ਨਿਰੰਤਰ ਸਮਰਥਨ ਦਾ ਭਰੋਸਾ ਦਿੱਤਾ।

ਆਸੀਆਨ ਏਕਤਾ, ਆਸੀਆਨ ਕੇਂਦਰੀਅਤਾ ਅਤੇ ਹਿੰਦ-ਪ੍ਰਸ਼ਾਂਤ ਖੇਤਰ 'ਤੇ ਆਸੀਆਨ ਦ੍ਰਿਸ਼ਟੀਕੋਣ ਪ੍ਰਤੀ ਭਾਰਤ ਦੇ ਸਮਰਥਨ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਆਸੀਆਨ ਕਮਿਊਨਿਟੀ ਵਿਜ਼ਨ 2045 ਨੂੰ ਅਪਣਾਉਣ ਲਈ ਆਸੀਆਨ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਸੀਆਨ-ਭਾਰਤ ਐੱਫਟੀਏ (ਏਆਈਟੀਆਈਜੀਏ) ਦੀ ਛੇਤੀ ਸਮੀਖਿਆ ਨਾਲ ਸਾਡੇ ਲੋਕਾਂ ਦੇ ਲਾਭ ਲਈ ਸਾਡੇ ਸਬੰਧਾਂ ਦੀ ਪੂਰੀ ਆਰਥਿਕ ਸਮਰੱਥਾ ਦੀ ਵਰਤੋਂ ਹੋ ਸਕੇਗੀ ਅਤੇ ਖੇਤਰੀ ਸਹਿਯੋਗ ਹੋਰ ਮਜ਼ਬੂਤ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਇੱਕ ਗੰਭੀਰ ਚੁਣੌਤੀ ਹੈ ਅਤੇ ਉਨ੍ਹਾਂ ਨੇ ਅੱਤਵਾਦ ਖ਼ਿਲਾਫ਼ ਲੜਾਈ ਵਿੱਚ ਏਕਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਮਲੇਸ਼ੀਆਈ ਚੇਅਰ ਦੇ ਥੀਮ "ਸਮਾਵੇਸ਼ਤਾ ਅਤੇ ਸਥਿਰਤਾ" ਦੇ ਸਮਰਥਨ ਵਿੱਚ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ:

*   ਆਸੀਆਨ-ਭਾਰਤ ਵਿਆਪਕ ਰਣਨੀਤਕ ਭਾਈਵਾਲੀ (2026-2030) ਨੂੰ ਲਾਗੂ ਕਰਨ ਲਈ ਆਸੀਆਨ-ਭਾਰਤ ਕਾਰਜ ਯੋਜਨਾ ਨੂੰ ਲਾਗੂ ਕਰਨ ਲਈ ਵਧਿਆ ਹੋਇਆ ਸਮਰਥਨ।

*   ਆਸੀਆਨ-ਭਾਰਤ ਸੈਰ-ਸਪਾਟਾ ਸਾਲ ਮਨਾਉਂਦੇ ਹੋਏ, ਸੈਰ-ਸਪਾਟਾ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਸਥਾਈ ਸੈਰ-ਸਪਾਟੇ 'ਤੇ ਆਸੀਆਨ-ਭਾਰਤ ਆਗੂਆਂ ਦੇ ਸਾਂਝੇ ਬਿਆਨ ਨੂੰ ਅਪਣਾਉਣਾ।

*   ਨੀਲੀ ਅਰਥਵਿਵਸਥਾ (ਬਲੂ ਇਕੋਨੌਮੀ) ਵਿੱਚ ਭਾਈਵਾਲੀ ਬਣਾਉਣ ਲਈ ਸਾਲ 2026 ਨੂੰ "ਆਸੀਆਨ-ਭਾਰਤ ਸਮੁੰਦਰੀ ਸਹਿਯੋਗ ਦਾ ਸਾਲ" ਵਜੋਂ ਨਾਮਜ਼ਦ ਕਰਨਾ।

*   ਦੂਜੀ ਆਸੀਆਨ-ਭਾਰਤ ਰੱਖਿਆ ਮੰਤਰੀਆਂ ਦੀ ਮੀਟਿੰਗ ਅਤੇ ਇੱਕ ਸੁਰੱਖਿਅਤ ਸਮੁੰਦਰੀ ਵਾਤਾਵਰਨ ਲਈ ਦੂਜੇ ਆਸੀਆਨ-ਭਾਰਤ ਸਮੁੰਦਰੀ ਅਭਿਆਸ ਨੂੰ ਆਯੋਜਿਤ ਕਰਨ ਦਾ ਪ੍ਰਸਤਾਵ।

*   ਭਾਰਤ ਗੁਆਂਢ ਵਿੱਚ ਸੰਕਟ ਦੇ ਸਮੇਂ ਪਹਿਲੇ ਹੁੰਗਾਰਾ ਦੇਣ ਵਾਲੇ ਵਜੋਂ ਆਪਣੀ ਭੂਮਿਕਾ ਜਾਰੀ ਰੱਖੇਗਾ ਅਤੇ ਆਫ਼ਤ ਦੀ ਤਿਆਰੀ ਅਤੇ ਐੱਚਏਡੀਆਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ।

*   ਆਸੀਆਨ ਪਾਵਰ ਗਰਿੱਡ ਪਹਿਲਕਦਮੀ ਦਾ ਸਮਰਥਨ ਕਰਨ ਲਈ ਨਵਿਆਉਣਯੋਗ ਊਰਜਾ ਵਿੱਚ 400 ਪੇਸ਼ਾਵਰਾਂ ਨੂੰ ਸਿਖਲਾਈ।

*   ਤੁਰੰਤ ਪ੍ਰਭਾਵ ਵਾਲੇ ਪ੍ਰੋਜੈਕਟਾਂ (ਕਿਊਆਈਪੀਐੱਸ) ਦਾ ਤਿਮੋਰ-ਲੇਸਤੇ ਤੱਕ ਵਿਸਤਾਰ।

*   ਖੇਤਰੀ ਮੁਹਾਰਤ ਵਿਕਸਤ ਕਰਨ ਲਈ ਨਾਲੰਦਾ ਯੂਨੀਵਰਸਿਟੀ ਵਿੱਚ ਦੱਖਣ-ਪੂਰਬੀ ਏਸ਼ੀਆਈ ਅਧਿਐਨ ਕੇਂਦਰ ਦੀ ਸਥਾਪਨਾ ਦਾ ਪ੍ਰਸਤਾਵ।

*   ਸਿੱਖਿਆ, ਊਰਜਾ, ਵਿਗਿਆਨ ਅਤੇ ਤਕਨਾਲੋਜੀ, ਫਿਨਟੈੱਕ ਅਤੇ ਸਭਿਆਚਾਰਕ ਸੰਭਾਲ ਦੇ ਖੇਤਰ ਵਿੱਚ ਚੱਲ ਰਹੇ ਸਹਿਯੋਗ ਦਾ ਸਮਰਥਨ ਕਰਦੇ ਹੋਏ ਬੁਨਿਆਦੀ ਢਾਂਚੇ, ਸੈਮੀਕੰਡਕਟਰ, ਉੱਭਰਦੀਆਂ ਤਕਨਾਲੋਜੀਆਂ, ਦੁਰਲੱਭ ਭੂ-ਤੱਤਾਂ ਅਤੇ ਮਹੱਤਵਪੂਰਨ ਖਣਿਜਾਂ ਵਿੱਚ ਸਹਿਯੋਗ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ।

*   ਲੋਥਲ, ਗੁਜਰਾਤ ਵਿੱਚ ਪੂਰਬੀ ਏਸ਼ੀਆ ਸਿਖਰ ਸੰਮੇਲਨ (ਈਏਐੱਸ) ਸਮੁੰਦਰੀ ਵਿਰਾਸਤ ਤਿਉਹਾਰ ਅਤੇ ਸਮੁੰਦਰੀ ਸੁਰੱਖਿਆ ਸਹਿਯੋਗ 'ਤੇ ਇੱਕ ਸੰਮੇਲਨ ਦਾ ਆਯੋਜਨ।

ਮਾਣਯੋਗ ਪ੍ਰਧਾਨ ਮੰਤਰੀ ਨੇ 22ਵੇਂ ਆਸੀਆਨ-ਭਾਰਤ ਸਿਖਰ ਸੰਮੇਲਨ ਨੂੰ ਵਰਚੁਅਲ ਢੰਗ ਨਾਲ ਆਯੋਜਿਤ ਕਰਨ ਲਈ ਮੇਜ਼ਬਾਨੀ ਵਿੱਚ ਲਚਕੀਲਾਪਣ ਦਿਖਾਉਣ ਅਤੇ ਮੀਟਿੰਗ ਦੇ ਸ਼ਾਨਦਾਰ ਪ੍ਰਬੰਧਾਂ ਲਈ ਪ੍ਰਧਾਨ ਮੰਤਰੀ ਦਾਤੋ ਸੇਰੀ ਅਨਵਰ ਇਬਰਾਹਿਮ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਫਿਲਪੀਨਜ਼ ਦੇ ਪ੍ਰਭਾਵਸ਼ਾਲੀ ਦੇਸ਼-ਤਾਲਮੇਲ ਲਈ ਰਾਸ਼ਟਰਪਤੀ ਮਾਰਕੋਸ ਜੂਨੀਅਰ ਦਾ ਵੀ ਧੰਨਵਾਦ ਕੀਤਾ। ਆਸੀਆਨ ਆਗੂਆਂ ਨੇ ਆਸੀਆਨ ਪ੍ਰਤੀ ਭਾਰਤ ਦੇ ਲੰਬੇ ਸਮੇਂ ਦੇ ਸਮਰਥਨ ਅਤੇ ਆਪਣੀ 'ਐਕਟ ਈਸਟ ਨੀਤੀ' ਰਾਹੀਂ ਇਸ ਖੇਤਰ ਨਾਲ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਦੀ ਭਾਰਤ ਦੀ ਨਿਰੰਤਰ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ।

 

************

ਐੱਮਜੇਪੀਐੱਸ/ਐੱਸਆਰ


(Release ID: 2182953) Visitor Counter : 2