ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੁਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ


ਅੱਜ ਕੀਤੀਆਂ ਗਈਆਂ ਨਿਯੁਕਤੀਆਂ ਸਿਰਫ਼ ਸਰਕਾਰੀ ਨੌਕਰੀਆਂ ਨਹੀਂ ਹਨ, ਸਗੋਂ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਯੋਗਦਾਨ ਦੇਣ ਦੇ ਮੌਕੇ ਹਨ: ਪ੍ਰਧਾਨ ਮੰਤਰੀ

ਜਦੋਂ ਨੌਜਵਾਨ ਸਫਲ ਹੁੰਦੇ ਹਨ ਤਾਂ ਦੇਸ਼ ਸਫਲ ਹੁੰਦਾ ਹੈ: ਪ੍ਰਧਾਨ ਮੰਤਰੀ

ਸਾਡੀ ਸਰਕਾਰ ਨੇ ਸਿਰਫ਼ ਰੁਜ਼ਗਾਰ ਮੇਲਿਆਂ ਰਾਹੀਂ 11 ਲੱਖ ਤੋਂ ਵੱਧ ਨਿਯੁਕਤੀ ਪੱਤਰ ਜਾਰੀ ਕੀਤੇ: ਪ੍ਰਧਾਨ ਮੰਤਰੀ

ਦੀਵਾਲੀ ਦੀ ਰਿਕਾਰਡ ਵਿੱਕਰੀ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਜੀਐੱਸਟੀ ਬੱਚਤ ਉਤਸਵ ਨੇ ਮੰਗ, ਉਤਪਾਦਨ ਅਤੇ ਰੁਜ਼ਗਾਰ ਵਿੱਚ ਵਾਧਾ ਕੀਤਾ ਹੈ: ਪ੍ਰਧਾਨ ਮੰਤਰੀ

ਪ੍ਰਤਿਭਾ ਸੇਤੂ ਪੋਰਟਲ ਯਕੀਨੀ ਬਣਾਉਂਦਾ ਹੈ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰਤਿਭਾ ਬਰਬਾਦ ਨਾ ਹੋਵੇ - ਇਸ ਨੂੰ ਰਾਸ਼ਟਰ ਨਿਰਮਾਣ ਲਈ ਮੁੜ ਨਿਰਦੇਸ਼ਤ ਕੀਤਾ ਗਿਆ ਹੈ: ਪ੍ਰਧਾਨ ਮੰਤਰੀ

ਨੌਜਵਾਨ ਕਰਮਯੋਗੀ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ: ਪ੍ਰਧਾਨ ਮੰਤਰੀ

Posted On: 24 OCT 2025 12:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਰੁਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਕਿਹਾ ਕਿ ਇਸ ਸਾਲ ਦਾ ਰੌਸ਼ਨੀ ਦਾ ਤਿਉਹਾਰ ਦੀਵਾਲੀ, ਹਰ ਕਿਸੇ ਦੇ ਜੀਵਨ ਵਿੱਚ ਨਵੀਂ ਰੌਸ਼ਨੀ ਲੈ ਕੇ ਆਇਆ ਹੈ। ਤਿਉਹਾਰਾਂ ਵਿਚਾਲੇ ਸਥਾਈ ਨੌਕਰੀਆਂ ਲਈ ਨਿਯੁਕਤੀ ਪੱਤਰ ਮਿਲਣ ਨਾਲ ਤਿਉਹਾਰ ਦੀ ਖ਼ੁਸ਼ੀ ਅਤੇ ਰੁਜ਼ਗਾਰ ਦੀ ਸਫਲਤਾ- ਦੋਵਾਂ ਦੀ ਖ਼ੁਸ਼ੀ ਮਿਲਦੀ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਇਹ ਖ਼ੁਸ਼ੀ ਅੱਜ ਦੇਸ਼ ਭਰ ਦੇ 51,000 ਤੋਂ ਵੱਧ ਨੌਜਵਾਨਾਂ ਨੂੰ ਹਾਸਲ ਹੋਈ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਨਾਲ ਮਿਲਣ ਵਾਲੀ ਅਥਾਹ ਖ਼ੁਸ਼ੀ ਬਾਰੇ ਗੱਲ ਕੀਤੀ ਅਤੇ ਨਿਯੁਕਤੀ ਪਾਉਣ ਵਾਲੇ ਸਾਰੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਉਨ੍ਹਾਂ ਦੇ ਜੀਵਨ ਦੀ ਇਸ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਸ਼੍ਰੀ ਮੋਦੀ ਨੇ ਨਵ-ਨਿਯੁਕਤ ਨੌਜਵਾਨਾਂ ਵਿੱਚ ਉਤਸ਼ਾਹ, ਸਖ਼ਤ ਮਿਹਨਤ ਦੀ ਸਮਰੱਥਾ ਅਤੇ ਪੂਰੇ ਹੋਏ ਸੁਪਨਿਆਂ ਤੋਂ ਪੈਦਾ ਹੋਏ ਆਤਮ-ਵਿਸ਼ਵਾਸ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਜਦੋਂ ਇਹ ਭਾਵਨਾ ਰਾਸ਼ਟਰ ਸੇਵਾ ਲਈ ਜਨੂਨ ਦੇ ਨਾਲ ਜੁੜ ਜਾਂਦੀ ਹੈ, ਤਾਂ ਉਨ੍ਹਾਂ ਦੀ ਸਫਲਤਾ ਨਿੱਜੀ ਪ੍ਰਾਪਤੀ ਤੋਂ ਵੱਧ ਕੇ ਦੇਸ਼ ਦੀ ਸਫਲਤਾ ਬਣ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀਆਂ ਨਿਯੁਕਤੀਆਂ ਸਿਰਫ਼ ਸਰਕਾਰੀ ਨੌਕਰੀਆਂ ਨਹੀਂ ਹਨ, ਸਗੋਂ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਯੋਗਦਾਨ ਦੇਣ ਦੇ ਮੌਕੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਨਿਯੁਕਤ ਵਿਅਕਤੀ ਸਮਰਪਣ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਭਾਰਤ ਦੇ ਭਵਿੱਖ ਲਈ ਬਿਹਤਰ ਪ੍ਰਣਾਲੀਆਂ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਪ੍ਰਧਾਨ ਮੰਤਰੀ ਨੇ ਨਵ ਨਿਯੁਕਤ ਲੋਕਾਂ ਤੋਂ "ਨਾਗਰਿਕ ਦੇਵੋ ਭਵ" ਦੇ ਮੰਤਰ ਨੂੰ ਨਾ ਭੁੱਲਣ ਅਤੇ ਸੇਵਾ ਅਤੇ ਸਮਰਪਣ ਦੀ ਭਾਵਨਾ ਨੂੰ ਕਾਇਮ ਰੱਖਦੇ ਹੋਏ ਕੰਮ ਕਰਨ ਦੀ ਤਾਕੀਦ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ, "ਪਿਛਲੇ 11 ਵਰ੍ਹਿਆਂ ਤੋਂ ਰਾਸ਼ਟਰ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ ਅਤੇ ਇਸ ਯਾਤਰਾ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਹੈ।" ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਯੁਵਾ ਸਸ਼ਕਤੀਕਰਨ ਉਨ੍ਹਾਂ ਦੀ ਸਰਕਾਰ ਦੀ ਪ੍ਰਮੁੱਖ ਤਰਜੀਹ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਮੇਲੇ ਨੌਜਵਾਨ ਭਾਰਤੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਇੱਕ ਸਸ਼ਕਤ ਮਾਧਿਅਮ ਬਣ ਗਏ ਹਨ ਅਤੇ ਹਾਲ ਦੇ ਦਿਨਾਂ ਵਿੱਚ ਇਨ੍ਹਾਂ ਮੇਲਿਆਂ ਰਾਹੀਂ 11 ਲੱਖ ਤੋਂ ਵੱਧ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਯਤਨ ਸਿਰਫ਼ ਸਰਕਾਰੀ ਨੌਕਰੀਆਂ ਤੱਕ ਹੀ ਸੀਮਤ ਨਹੀਂ ਹਨ। 

ਸਰਕਾਰ ਨੇ 3.5 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਦੇ ਟੀਚੇ ਨਾਲ "ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ" ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕਿੱਲ ਇੰਡੀਆ ਮਿਸ਼ਨ ਵਰਗੀਆਂ ਪਹਿਲਕਦਮੀਆਂ ਨੌਜਵਾਨਾਂ ਨੂੰ ਜ਼ਰੂਰੀ ਸਿਖਲਾਈ ਪ੍ਰਦਾਨ ਕਰ ਰਹੀਆਂ ਹਨ, ਜਦੋਂ ਕਿ ਨੈਸ਼ਨਲ ਕਰੀਅਰ ਸਰਵਿਸ ਵਰਗੇ ਪਲੇਟਫ਼ਾਰਮ ਨਵੇਂ ਮੌਕਿਆਂ ਨਾਲ ਜੋੜ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪਲੇਟਫ਼ਾਰਮ ਰਾਹੀਂ 7 ਕਰੋੜ ਤੋਂ ਵੱਧ ਖ਼ਾਲੀ ਅਸਾਮੀਆਂ ਦੀ ਜਾਣਕਾਰੀ ਨੌਜਵਾਨਾਂ ਨਾਲ ਸਾਂਝੀਆਂ ਕੀਤੀਆਂ ਜਾ ਚੁੱਕੀਆਂ ਹਨ।

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਲਈ ਇੱਕ ਵੱਡੀ ਪਹਿਲ - "ਪ੍ਰਤਿਭਾ ਸੇਤੂ ਪੋਰਟਲ" - ਦਾ ਐਲਾਨ ਕੀਤਾ, ਜੋ ਉਨ੍ਹਾਂ ਉਮੀਦਵਾਰਾਂ ਨੂੰ ਮੌਕੇ ਪ੍ਰਦਾਨ ਕਰਦਾ ਹੈ ਜੋ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੀ ਅੰਤਿਮ ਸੂਚੀ ਵਿੱਚ ਤਾਂ ਪਹੁੰਚ ਗਏ ਸਨ, ਪਰ ਚੁਣੇ ਨਹੀਂ ਗਏ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਯਤਨ ਫ਼ਜ਼ੂਲ ਨਹੀਂ ਜਾਣਗੇ, ਕਿਉਂਕਿ ਨਿੱਜੀ ਅਤੇ ਜਨਤਕ ਦੋਵੇਂ ਅਦਾਰੇ ਹੁਣ ਇਸ ਪੋਰਟਲ ਰਾਹੀਂ ਇਨ੍ਹਾਂ ਪ੍ਰਤਿਭਾਸ਼ਾਲੀ ਵਿਅਕਤੀਆਂ ਨਾਲ ਜੁੜ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਨੌਜਵਾਨ ਪ੍ਰਤਿਭਾਵਾਂ ਦਾ ਇਹ ਜ਼ਿਆਦਾਤਰ ਵਰਤੋਂ ਵਿਸ਼ਵ ਨੂੰ ਭਾਰਤ ਦੀ ਨੌਜਵਾਨ ਸਮਰੱਥਾ ਦਾ ਪ੍ਰਦਰਸ਼ਨ ਕਰਵਾਏਗੀ।

ਸ਼੍ਰੀ ਮੋਦੀ ਨੇ ਇਹ ਉਜਾਗਰ ਕਰਦੇ ਹੋਏ ਕਿ ਜੀਐੱਸਟੀ ਬੱਚਤ ਉਤਸਵ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਖ਼ੁਸ਼ਹਾਲ ਬਣਾਇਆ ਹੈ, ਦੇਸ਼ ਭਰ ਵਿੱਚ ਜੀਐੱਸਟੀ ਦਰਾਂ ਵਿੱਚ ਕਟੌਤੀ ਵਰਗੇ ਮਹੱਤਵਪੂਰਨ ਸੁਧਾਰਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਦਾ ਪ੍ਰਭਾਵ ਖਪਤਕਾਰ ਬੱਚਤ ਤੋਂ ਕਿਤੇ ਵੱਧ ਹੈ, ਕਿਉਂਕਿ ਅਗਲੀ ਪੀੜ੍ਹੀ ਦੇ ਜੀਐਸਟੀ ਸੁਧਾਰ ਰੁਜ਼ਗਾਰ ਦੇ ਮੌਕੇ ਦਾ ਵੀ ਵਿਸਥਾਰ ਕਰ ਰਹੇ ਹਨ। ਜਦੋਂ ਰੋਜ਼ਾਨਾ ਦੀਆਂ ਚੀਜ਼ਾਂ ਸਸਤੀਆਂ ਹੁੰਦੀਆਂ ਹਨ, ਤਾਂ ਮੰਗ ਵਧਦੀ ਹੈ; ਮੰਗ ਵਧਣ ਨਾਲ ਉਤਪਾਦਨ ਅਤੇ ਸਪਲਾਈ ਚੇਨਾਂ ਵਿੱਚ ਤੇਜ਼ੀ ਆਉਂਦੀ ਹੈ; ਅਤੇ ਫ਼ੈਕਟਰੀ ਵਿੱਚ ਉਤਪਾਦਨ ਵਧਣ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੁੰਦੇ ਹਨ। ਇਸ ਲਈ, ਜੀਐੱਸਟੀ ਬੱਚਤ ਉਤਸਵ ਇੱਕ ਰੁਜ਼ਗਾਰ ਉਤਸਵ ਵਿੱਚ ਵੀ ਬਦਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਧਨਤੇਰਸ ਅਤੇ ਦੀਵਾਲੀ ਦੌਰਾਨ ਹੋਈ ਰਿਕਾਰਡ ਤੋੜ ਵਿੱਕਰੀ ਦਾ ਜ਼ਿਕਰ ਕੀਤਾ, ਜਿਸ ਵਿੱਚ ਨਵੇਂ ਰਿਕਾਰਡ ਬਣੇ ਅਤੇ ਪੁਰਾਣੇ ਰਿਕਾਰਡ ਤੋੜ ਦਿੱਤੇ, ਜਿਸ ਨਾਲ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਜੀਐੱਸਟੀ ਸੁਧਾਰਾਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਨਵੀਂ ਗਤੀ ਦਿੱਤੀ ਹੈ। ਉਨ੍ਹਾਂ ਨੇ ਐੱਮਐੱਸਐੱਮਈ ਸੈਕਟਰ ਅਤੇ ਪ੍ਰਚੂਨ ਵਪਾਰ 'ਤੇ ਇਨ੍ਹਾਂ ਸੁਧਾਰਾਂ ਦੇ ਸਕਾਰਾਤਮਕ ਪ੍ਰਭਾਵ ਦਾ ਜ਼ਿਕਰ ਕੀਤਾ, ਜੋ ਹੁਣ ਨਿਰਮਾਣ, ਲੌਜਿਸਟਿਕਸ, ਪੈਕੇਜਿੰਗ ਅਤੇ ਵੰਡ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਹੇ ਹਨ।

ਸ਼੍ਰੀ ਮੋਦੀ ਨੇ ਕਿਹਾ, "ਭਾਰਤ ਵਰਤਮਾਨ ਵਿੱਚ ਵਿਸ਼ਵ ਦਾ ਸਭ ਤੋਂ ਨੌਜਵਾਨ ਦੇਸ਼ ਹੈ ਅਤੇ ਭਾਰਤ ਦੇ ਨੌਜਵਾਨਾਂ ਦੀ ਸ਼ਕਤੀ ਇਸ ਦੀ ਸਭ ਤੋਂ ਵੱਡੀ ਸੰਪਤੀ ਹੈ।" ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਵਿਸ਼ਵਾਸ ਅਤੇ ਆਤਮ-ਵਿਸ਼ਵਾਸ ਵਿਦੇਸ਼ ਨੀਤੀ ਸਮੇਤ ਸਾਰੇ ਖੇਤਰਾਂ ਵਿੱਚ ਦੇਸ਼ ਦੀ ਤਰੱਕੀ ਦਾ ਮਾਰਗਦਰਸ਼ਨ ਕਰਦਾ ਹੈ, ਜਿਸ ਨੂੰ ਹੁਣ ਨੌਜਵਾਨ ਭਾਰਤੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਅਕਾਰ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਭਾਰਤ ਦੇ ਕੂਟਨੀਤਕ ਸਬੰਧ ਅਤੇ ਗਲੋਬਲ ਸਹਿਮਤੀ ਪੱਤਰਾਂ ਵਿੱਚ ਨੌਜਵਾਨਾਂ ਦੀ ਸਿਖਲਾਈ, ਹੁਨਰ ਵਿਕਾਸ ਅਤੇ ਰੁਜ਼ਗਾਰ ਪੈਦਾ ਕਰਨ ਦੇ ਪ੍ਰਬੰਧ ਤੇਜ਼ੀ ਨਾਲ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਹਾਲ ਦੀ ਯਾਤਰਾ ਦੌਰਾਨ, ਦੋਵੇਂ ਦੇਸ਼ਾਂ ਨੇ ਏਆਈ, ਫਿਨਟੈਕ ਅਤੇ ਸਾਫ਼ ਊਰਜਾ ਵਰਗੇ ਖੇਤਰਾਂ ਵਿੱਚ ਨਿਵੇਸ਼ ਵਧਾਉਣ ‘ਤੇ ਸਹਿਮਤ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਭਾਰਤ ਅਤੇ ਯੂਕੇ ਵਿਚਕਾਰ ਹਸਤਾਖ਼ਰ ਕੀਤੇ ਗਏ ਮੁਕਤ ਵਪਾਰ ਸਮਝੌਤਾ ਵੀ ਨਵੇਂ ਮੌਕੇ ਖੋਲ੍ਹੇਗਾ। ਇਸੇ ਤਰ੍ਹਾਂ, ਕਈ ਯੂਰਪੀਅਨ ਦੇਸ਼ਾਂ ਨਾਲ ਨਿਵੇਸ਼ ਸਾਂਝੇਦਾਰੀ ਨਾਲ ਹਜ਼ਾਰਾਂ ਨਵੇਂ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਬ੍ਰਾਜ਼ੀਲ, ਸਿੰਗਾਪੁਰ, ਕੋਰੀਆ ਅਤੇ ਕੈਨੇਡਾ ਵਰਗੇ ਦੇਸ਼ਾਂ ਨਾਲ ਸਮਝੌਤੇ ਨਿਵੇਸ਼ ਨੂੰ ਹੁਲਾਰਾ ਦੇਣਗੇ, ਸਟਾਰਟਅੱਪ ਅਤੇ ਐੱਮਐੱਸਐੱਮਈ ਦੀ ਸਹਾਇਤਾ ਕਰਨਗੇ, ਨਿਰਯਾਤ ਵਧਾਉਣਗੇ ਅਤੇ ਨੌਜਵਾਨਾਂ ਲਈ ਗਲੋਬਲ ਪ੍ਰੋਜੈਕਟਾਂ 'ਤੇ ਕੰਮ ਕਰਨ ਦੇ ਨਵੇਂ ਮੌਕੇ ਪੈਦਾ ਕਰਨਗੇ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਜਿਨ੍ਹਾਂ ਸਫਲਤਾਵਾਂ ਅਤੇ ਦ੍ਰਿਸ਼ਟੀਕੋਣ 'ਤੇ ਚਰਚਾ ਕੀਤੀ ਜਾ ਰਹੀ ਹੈ,ਆਉਣ ਵਾਲੇ ਸਮੇਂ ਵਿੱਚ ਉਸ ਵਿੱਚ ਨਵ-ਨਿਯੁਕਤ ਨੌਜਵਾਨਾਂ ਦਾ ਮਹੱਤਵਪੂਰਨ ਯੋਗਦਾਨ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਵਿਕਸਿਤ ਭਾਰਤ ਦੇ ਟੀਚੇ ਦੀ ਦਿਸ਼ਾ ਵਿੱਚ ਨਿਰੰਤਰ ਯਤਨਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਵਰਗੇ ਯੁਵਾ ਕਰਮਯੋਗੀ ਇਸ ਸੰਕਲਪ ਨੂੰ ਪੂਰਾ ਕਰਨਗੇ। ਉਨ੍ਹਾਂ ਨੇ ਇਸ ਯਾਤਰਾ ਵਿੱਚ "ਆਈ-ਗੌਟ ਕਰਮਯੋਗੀ ਭਾਰਤ ਪਲੇਟਫ਼ਾਰਮ" ਦੀ ਉਪਯੋਗਤਾ ਨੂੰ ਉਜਾਗਰ ਕੀਤਾ ਅਤੇ ਦੱਸਿਆ ਕਿ ਲਗਭਗ 1.5 ਕਰੋੜ ਸਰਕਾਰੀ ਕਰਮਚਾਰੀ ਪਹਿਲਾਂ ਤੋਂ ਹੀ ਇਸ ਰਾਹੀਂ ਸਿੱਖ ਰਹੇ ਹਨ। ਉਨ੍ਹਾਂ ਨੇ ਨਵ-ਨਿਯੁਕਤ ਲੋਕਾਂ ਨੂੰ ਇਸ ਪਲੇਟਫ਼ਾਰਮ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ, ਜੋ ਇੱਕ ਨਵੀਂ ਕਾਰਜ ਸਭਿਆਚਾਰ ਅਤੇ ਚੰਗੇ ਸ਼ਾਸਨ ਦੀ ਭਾਵਨਾ ਦਾ ਸੰਚਾਰ ਕਰੇਗਾ। ਸ਼੍ਰੀ ਮੋਦੀ ਨੇ ਇਹ ਟਿੱਪਣੀ ਕਰਦੇ ਹੋਏ ਸਮਾਪਤ ਕੀਤਾ ਕਿ ਨੌਜਵਾਨਾਂ ਦੇ ਯਤਨਾਂ ਨਾਲ ਹੀ ਭਾਰਤ ਦਾ ਭਵਿੱਖ ਮਜ਼ਬੂਤ ਅਤੇ ਇਸ ਦੇ ਨਾਗਰਿਕਾਂ ਦੇ ਸੁਪਨੇ ਪੂਰੇ ਹੋਣਗੇ। ਉਨ੍ਹਾਂ ਨੇ ਇੱਕ ਵਾਰ ਫਿਰ ਸਾਰੇ ਨਿਯੁਕਤ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

https://x.com/narendramodi/status/1981605835227943367

https://www.youtube.com/watch?v=C6wn1JY-T7Y

 

***

MJPS/SR

ਐੱਮਜੇਪੀਐੱਸ/ਐੱਸਆਰ


(Release ID: 2182343) Visitor Counter : 5