ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਐੱਨਐੱਸ ਵਿਕਰਾਂਤ 'ਤੇ ਦੀਵਾਲੀ ਮਨਾਈ
ਆਈਐੱਨਐੱਸ ਵਿਕਰਾਂਤ ਸਿਰਫ਼ ਇੱਕ ਜੰਗੀ ਜਹਾਜ਼ ਨਹੀਂ ਹੈ, ਇਹ 21ਵੀਂ ਸਦੀ ਦੇ ਭਾਰਤ ਦੀ ਸਖ਼ਤ ਮਿਹਨਤ, ਪ੍ਰਤਿਭਾ, ਪ੍ਰਭਾਵ ਅਤੇ ਵਚਨਬੱਧਤਾ ਦਾ ਸਬੂਤ ਹੈ: ਪ੍ਰਧਾਨ ਮੰਤਰੀ
ਆਈਐੱਨਐੱਸ ਵਿਕਰਾਂਤ ਆਤਮ-ਨਿਰਭਰ ਭਾਰਤ ਅਤੇ ਮੇਡ ਇਨ ਇੰਡੀਆ ਦਾ ਇੱਕ ਵੱਡਾ ਪ੍ਰਤੀਕ ਹੈ: ਪ੍ਰਧਾਨ ਮੰਤਰੀ
ਤਿੰਨਾਂ ਸੈਨਾਵਾਂ ਦੇ ਵਿੱਚ ਅਸਾਧਾਰਨ ਤਾਲਮੇਲ ਨੇ ਪਾਕਿਸਤਾਨ ਨੂੰ ਆਪ੍ਰੇਸ਼ਨ ਸਿੰਧੂਰ ਦੌਰਾਨ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ: ਪ੍ਰਧਾਨ ਮੰਤਰੀ
ਪਿਛਲੇ ਇੱਕ ਦਹਾਕੇ ਵਿੱਚ ਸਾਡੇ ਰੱਖਿਆ ਬਲ ਲਗਾਤਾਰ ਆਤਮ-ਨਿਰਭਰ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਨ: ਪ੍ਰਧਾਨ ਮੰਤਰੀ
ਸਾਡਾ ਟੀਚਾ ਭਾਰਤ ਨੂੰ ਦੁਨੀਆ ਦੇ ਚੋਟੀ ਦੇ ਰੱਖਿਆ ਨਿਰਯਾਤਕ ਦੇਸ਼ਾਂ ਵਿੱਚੋਂ ਇੱਕ ਬਣਾਉਣਾ ਹੈ: ਪ੍ਰਧਾਨ ਮੰਤਰੀ
ਭਾਰਤੀ ਜਲ ਸੈਨਾ ਹਿੰਦ ਮਹਾਸਾਗਰ ਦੇ ਰੱਖਿਅਕ ਵਜੋਂ ਖੜ੍ਹੀ ਹੈ: ਪ੍ਰਧਾਨ ਮੰਤਰੀ
ਸਾਡੇ ਸੁਰੱਖਿਆ ਬਲਾਂ ਦੀ ਬਹਾਦਰੀ ਅਤੇ ਦ੍ਰਿੜ੍ਹ ਸੰਕਲਪ ਦੀ ਵਜ੍ਹਾ ਕਰਕੇ, ਦੇਸ਼ ਨੇ ਇੱਕ ਅਹਿਮ ਉਪਲਬਧੀ ਹਾਸਲ ਕੀਤੀ ਹੈ; ਅਸੀਂ ਮਾਓਵਾਦੀ ਅੱਤਵਾਦ ਨੂੰ ਖ਼ਤਮ ਕਰ ਰਹੇ ਹਾਂ: ਪ੍ਰਧਾਨ ਮੰਤਰੀ
Posted On:
20 OCT 2025 12:53PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਈਐੱਨਐੱਸ ਵਿਕਰਾਂਤ 'ਤੇ ਦੀਵਾਲੀ ਸਮਾਗਮ ਦੌਰਾਨ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਸੰਬੋਧਨ ਕੀਤਾ। ਅੱਜ ਦੇ ਦਿਨ ਨੂੰ ਇੱਕ ਸ਼ਾਨਦਾਰ ਦਿਨ, ਇੱਕ ਸ਼ਾਨਦਾਰ ਪਲ ਅਤੇ ਇੱਕ ਸ਼ਾਨਦਾਰ ਦ੍ਰਿਸ਼ ਦਸਦੇ ਹੋਏ ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇੱਕ ਪਾਸੇ ਵੱਡਾ ਸਮੁੰਦਰ ਹੈ ਤਾਂ ਦੂਜੇ ਪਾਸੇ ਭਾਰਤ ਮਾਤਾ ਦੇ ਬਹਾਦਰ ਸੈਨਿਕਾਂ ਦੀ ਅਥਾਹ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਅਨੰਤ ਦੂਰੀ ਅਤੇ ਬੇਅੰਤ ਅਸਮਾਨ ਹੈ, ਉੱਥੇ ਦੂਜੇ ਪਾਸੇ ਆਈਐੱਨਐੱਸ ਵਿਕਰਾਂਤ ਦੀ ਅਥਾਹ ਤਾਕਤ ਹੈ, ਜੋ ਅਨੰਤ ਤਾਕਤ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੰਦਰ 'ਤੇ ਸੂਰਜ ਦੀ ਰੌਸ਼ਨੀ ਦੀ ਚਮਕ, ਦੀਵਾਲੀ ਦੌਰਾਨ ਬਹਾਦਰ ਫ਼ੌਜੀਆਂ ਵੱਲੋਂ ਜਗਾਏ ਗਏ ਦੀਵਿਆਂ ਦੀ ਤਰ੍ਹਾਂ ਹੈ, ਜੋ ਦੀਵਿਆਂ ਦੀ ਇੱਕ ਬ੍ਰਹਮ ਮਾਲਾ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਂ ਭਾਰਤੀ ਜਲ ਸੈਨਾ ਦੇ ਬਹਾਦਰ ਜਵਾਨਾਂ ਦੇ ਵਿੱਚ ਇਹ ਦੀਵਾਲੀ ਮਨਾ ਰਿਹਾ ਹਾਂ।
ਆਈਐੱਨਐੱਸ ਵਿਕਰਾਂਤ 'ਤੇ ਬਿਤਾਈ ਆਪਣੀ ਰਾਤ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਜਰਬੇ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਉਨ੍ਹਾਂ ਨੇ ਦੱਸਿਆ ਕਿ ਸਮੁੰਦਰ ਵਿੱਚ ਡੂੰਘੀ ਰਾਤ ਅਤੇ ਸੂਰਜ ਚੜ੍ਹਨ ਨੇ ਇਸ ਦੀਵਾਲੀ ਨੂੰ ਕਈ ਮਾਅਨਿਆਂ ਵਿੱਚ ਯਾਦਗਾਰ ਬਣਾ ਦਿੱਤਾ। ਆਈਐੱਨਐੱਸ ਵਿਕਰਾਂਤ ਤੋਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਾਰੇ 140 ਕਰੋੜ ਨਾਗਰਿਕਾਂ ਨੂੰ ਦੀਵਾਲੀ ਦੀਆਂ ਸੱਚੇ ਦਿਲੋਂ ਵਧਾਈਆਂ ਦਿੱਤੀਆਂ।
ਆਈਐੱਨਐੱਸ ਵਿਕਰਾਂਤ ਨੂੰ ਰਾਸ਼ਟਰ ਨੂੰ ਸੌਂਪੇ ਜਾਣ ਦੇ ਪਲ ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੇ ਕਿਹਾ ਸੀ - ਵਿਕਰਾਂਤ ਵੱਡਾ, ਅਪਾਰ, ਦ੍ਰਿਸ਼ਮਾਨ, ਵਿਲੱਖਣ ਅਤੇ ਅਸਾਧਾਰਨ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਵਿਕਰਾਂਤ ਸਿਰਫ਼ ਇੱਕ ਜੰਗੀ ਜਹਾਜ਼ ਨਹੀਂ ਹੈ; ਇਹ 21ਵੀਂ ਸਦੀ ਦੇ ਭਾਰਤ ਦੀ ਸਖ਼ਤ ਮਿਹਨਤ, ਪ੍ਰਤਿਭਾ, ਪ੍ਰਭਾਵ ਅਤੇ ਵਚਨਬੱਧਤਾ ਦਾ ਸਬੂਤ ਹੈ।" ਉਨ੍ਹਾਂ ਨੇ ਯਾਦ ਦਿਵਾਇਆ ਕਿ ਜਿਸ ਦਿਨ ਰਾਸ਼ਟਰ ਨੂੰ ਸਵਦੇਸ਼ੀ ਤੌਰ 'ਤੇ ਬਣਾਇਆ ਆਈਐੱਨਐੱਸ ਵਿਕਰਾਂਤ ਪ੍ਰਾਪਤ ਹੋਇਆ, ਉਸੇ ਦਿਨ ਭਾਰਤੀ ਜਲ ਸੈਨਾ ਨੇ ਬਸਤੀਵਾਦੀ ਵਿਰਾਸਤ ਦੇ ਇੱਕ ਪ੍ਰਮੁੱਖ ਚਿੰਨ੍ਹ ਦਾ ਤਿਆਗ ਕਰ ਦਿੱਤਾ ਸੀ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਿਤ ਹੋ ਕੇ, ਜਲ ਸੈਨਾ ਨੇ ਇੱਕ ਨਵਾਂ ਝੰਡਾ ਅਪਣਾਇਆ।
ਪ੍ਰਧਾਨ ਮੰਤਰੀ ਨੇ ਕਿਹਾ, "ਆਈਐੱਨਐੱਸ ਵਿਕਰਾਂਤ ਅੱਜ ਆਤਮ-ਨਿਰਭਰ ਭਾਰਤ ਅਤੇ ਮੇਡ ਇਨ ਇੰਡੀਆ ਦਾ ਇੱਕ ਤਾਕਤਵਰ ਪ੍ਰਤੀਕ ਹੈ।" ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਵਦੇਸ਼ੀ ਤੌਰ 'ਤੇ ਬਣਾਇਆ ਗਿਆ ਆਈਐੱਨਐੱਸ ਵਿਕਰਾਂਤ, ਸਮੁੰਦਰਾਂ ਨੂੰ ਚੀਰਦਾ ਹੋਇਆ, ਭਾਰਤ ਦੀ ਫ਼ੌਜੀ ਤਾਕਤ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਕੁਝ ਮਹੀਨੇ ਪਹਿਲਾਂ ਹੀ, ਵਿਕਰਾਂਤ ਦੇ ਨਾਮ ਨੇ ਪਾਕਿਸਤਾਨ ਦੀ ਨੀਂਦ ਉਡਾ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਈਐੱਨਐੱਸ ਵਿਕਰਾਂਤ ਇੱਕ ਅਜਿਹਾ ਜੰਗੀ ਜਹਾਜ਼ ਹੈ, ਜਿਸ ਦਾ ਨਾਮ ਹੀ ਦੁਸ਼ਮਣ ਦੀ ਗੁਸਤਾਖ਼ੀ ਦਾ ਖ਼ਾਤਮਾ ਕਰਨ ਲਈ ਕਾਫ਼ੀ ਹੈ।
ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਖ਼ਾਸ ਸਲਾਮੀ ਦਿੱਤੀ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤੀ ਜਲ ਸੈਨਾ ਵੱਲੋਂ ਪੈਦਾ ਕੀਤਾ ਗਿਆ ਡਰ, ਭਾਰਤੀ ਹਵਾਈ ਸੈਨਾ ਵੱਲੋਂ ਪ੍ਰਦਰਸ਼ਿਤ ਅਸਾਧਾਰਨ ਹੁਨਰ, ਭਾਰਤੀ ਥਲ ਸੈਨਾ ਦੀ ਬਹਾਦਰੀ ਅਤੇ ਤਿੰਨਾਂ ਸੈਨਾਵਾਂ ਦੇ ਵਿੱਚ ਅਸਾਧਾਰਨ ਤਾਲਮੇਲ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨੂੰ ਜਲਦੀ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਸ਼ਾਮਿਲ ਸਾਰੇ ਫ਼ੌਜੀ ਕਰਮਚਾਰੀ ਵਧਾਈ ਦੇ ਹੱਕਦਾਰ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਦੁਸ਼ਮਣ ਸਾਹਮਣੇ ਹੋਵੇ ਅਤੇ ਯੁੱਧ ਅਟੱਲ ਹੋਵੇ ਤਾਂ ਜਿਸ ਪੱਖ ਕੋਲ ਅਜ਼ਾਦ ਤੌਰ ’ਤੇ ਲੜਨ ਦੀ ਤਾਕਤ ਹੁੰਦੀ ਹੈ, ਉਸ ਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਮਜ਼ਬੂਤ ਬਣਾਉਣ ਲਈ ਆਤਮ-ਨਿਰਭਰਤਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਮਾਣ ਪ੍ਰਗਟ ਕੀਤਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੀਆਂ ਸੈਨਾਵਾਂ ਆਤਮ-ਨਿਰਭਰਤਾ ਵੱਲ ਲਗਾਤਾਰ ਅੱਗੇ ਵਧੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਥਿਆਰਬੰਦ ਬਲਾਂ ਨੇ ਹਜ਼ਾਰਾਂ ਅਜਿਹੀਆਂ ਵਸਤੂਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਹੁਣ ਆਯਾਤ ਨਹੀਂ ਕੀਤਾ ਜਾਵੇਗਾ, ਜਿਸ ਦੇ ਨਤੀਜੇ ਵਜੋਂ ਹੁਣ ਜ਼ਿਆਦਾਤਰ ਜ਼ਰੂਰੀ ਫ਼ੌਜੀ ਉਪਕਰਨ ਘਰੇਲੂ ਪੱਧਰ 'ਤੇ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪਿਛਲੇ 11 ਸਾਲਾਂ ਵਿੱਚ ਭਾਰਤ ਦਾ ਰੱਖਿਆ ਉਤਪਾਦਨ ਤਿੰਨ ਗੁਣਾ ਤੋਂ ਵੀ ਜ਼ਿਆਦਾ ਵਧ ਕੇ ਪਿਛਲੇ ਸਾਲ 1.5 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਇੱਕ ਹੋਰ ਮਿਸਾਲ ਦਿੰਦੇ ਹੋਏ ਸ਼੍ਰੀ ਮੋਦੀ ਨੇ ਰਾਸ਼ਟਰ ਨੂੰ ਦੱਸਿਆ ਕਿ 2014 ਤੋਂ ਹੁਣ ਤੱਕ ਭਾਰਤੀ ਸ਼ਿਪਯਾਰਡਾਂ ਨੇ ਜਲ ਸੈਨਾ ਨੂੰ 40 ਤੋਂ ਵੱਧ ਸਵਦੇਸ਼ੀ ਜੰਗੀ ਜਹਾਜ਼ ਅਤੇ ਪਣਡੁੱਬੀਆਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਵਰਤਮਾਨ ਵਿੱਚ ਔਸਤਨ ਹਰ 40 ਦਿਨਾਂ ਵਿੱਚ ਇੱਕ ਨਵਾਂ ਸਵਦੇਸ਼ੀ ਜੰਗੀ ਜਹਾਜ਼ ਜਾਂ ਪਣਡੁੱਬੀ ਜਲ ਸੈਨਾ ਵਿੱਚ ਸ਼ਾਮਿਲ ਹੋ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, "ਆਪ੍ਰੇਸ਼ਨ ਸਿੰਧੂਰ ਦੇ ਦੌਰਾਨ ਬ੍ਰਹਮੋਸ ਅਤੇ ਆਕਾਸ਼ ਵਰਗੀਆਂ ਮਿਸਾਈਲਾਂ ਨੇ ਆਪਣੀ ਸਮਰੱਥਾ ਸਾਬਤ ਕੀਤੀ ਹੈ। ਦੁਨੀਆ ਭਰ ਦੇ ਕਈ ਦੇਸ਼ਾਂ ਨੇ ਹੁਣ ਇਨ੍ਹਾਂ ਮਿਸਾਈਲਾਂ ਨੂੰ ਖ਼ਰੀਦਣ ਵਿੱਚ ਦਿਲਚਸਪੀ ਦਿਖਾਈ ਹੈ।" ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਤਿੰਨਾਂ ਸੈਨਾਵਾਂ ਲਈ ਹਥਿਆਰਾਂ ਅਤੇ ਉਪਕਰਣਾਂ ਦੇ ਨਿਰਯਾਤ ਦੀ ਸਮਰੱਥਾ ਦਾ ਨਿਰਮਾਣ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਦਾ ਟੀਚਾ ਦੁਨੀਆ ਦੇ ਚੋਟੀ ਦੇ ਰੱਖਿਆ ਨਿਰਯਾਤਕ ਦੇਸ਼ਾਂ ਵਿੱਚ ਸ਼ਾਮਿਲ ਹੋਣਾ ਹੈ।" ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੇ ਰੱਖਿਆ ਨਿਰਯਾਤ ਵਿੱਚ 30 ਗੁਣਾ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਇਸ ਸਫ਼ਲਤਾ ਦਾ ਸਿਹਰਾ ਰੱਖਿਆ ਸਟਾਰਟਅੱਪਸ ਅਤੇ ਸਵਦੇਸ਼ੀ ਰੱਖਿਆ ਇਕਾਈਆਂ ਦੇ ਯੋਗਦਾਨ ਨੂੰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਕਤ ਅਤੇ ਸਮਰੱਥਾ ਦੇ ਸਬੰਧ ਵਿੱਚ ਭਾਰਤ ਦੀ ਰਿਵਾਇਤ ਹਮੇਸ਼ਾ ਤੋਂ "ਗਿਆਨਾਯ ਦਾਨਾਯ ਚ ਰਕਸ਼ਣਾਯ" ਦੇ ਸਿਧਾਂਤ 'ਤੇ ਅਧਾਰਿਤ ਰਹੀ ਹੈ, ਜਿਸਦਾ ਮਤਲਬ ਹੈ ਕਿ ਸਾਡਾ ਵਿਗਿਆਨ, ਖ਼ੁਸ਼ਹਾਲੀ ਅਤੇ ਤਾਕਤ ਮਨੁੱਖਤਾ ਦੀ ਸੇਵਾ ਅਤੇ ਸੁਰੱਖਿਆ ਲਈ ਸਮਰਪਿਤ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ ਦੀ ਆਪਸ ਵਿੱਚ ਦੁਨੀਆ ਵਿੱਚ, ਜਿੱਥੇ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਅਤੇ ਤਰੱਕੀ ਸਮੁੰਦਰੀ ਮਾਰਗਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ, ਭਾਰਤੀ ਜਲ ਸੈਨਾ ਵਿਸ਼ਵ ਸਥਿਰਤਾ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਦੁਨੀਆ ਦੀ 66 ਫ਼ੀਸਦੀ ਤੇਲ ਸਪਲਾਈ ਅਤੇ 50 ਫ਼ੀਸਦੀ ਕੰਟੇਨਰ ਸ਼ਿਪਮੈਂਟ ਹਿੰਦ ਮਹਾਂਸਾਗਰ ਤੋਂ ਹੋ ਕੇ ਲੰਘਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਲ ਸੈਨਾ ਇਨ੍ਹਾਂ ਮਾਰਗਾਂ ਦੀ ਸੁਰੱਖਿਆ ਲਈ ਹਿੰਦ ਮਹਾਸਾਗਰ ਦੇ ਰੱਖਿਅਕ ਵਜੋਂ ਤਾਇਨਾਤ ਹੈ। ਇਸ ਤੋਂ ਇਲਾਵਾ, ਮਿਸ਼ਨ-ਅਧਾਰਿਤ ਤਾਇਨਾਤੀਆਂ, ਸਮੁੰਦਰੀ ਡਾਕੂ ਵਿਰੋਧੀ ਗਸ਼ਤ ਅਤੇ ਮਨੁੱਖੀ ਸਹਾਇਤਾ ਮੁਹਿੰਮਾਂ ਰਾਹੀਂ, ਭਾਰਤੀ ਜਲ ਸੈਨਾ ਪੂਰੇ ਖੇਤਰ ਵਿੱਚ ਇੱਕ ਵਿਸ਼ਵ ਸੁਰੱਖਿਆ ਭਾਈਵਾਲ ਵਜੋਂ ਕੰਮ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਭਾਰਤੀ ਜਲ ਸੈਨਾ ਭਾਰਤ ਦੇ ਟਾਪੂਆਂ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।" ਉਨ੍ਹਾਂ ਨੇ ਕੁਝ ਸਮਾਂ ਪਹਿਲਾਂ 26 ਜਨਵਰੀ ਨੂੰ ਦੇਸ਼ ਦੇ ਹਰੇਕ ਟਾਪੂ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਦੇ ਫ਼ੈਸਲੇ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਜਲ ਸੈਨਾ ਨੇ ਇਸ ਰਾਸ਼ਟਰੀ ਸੰਕਲਪ ਨੂੰ ਪੂਰਾ ਕੀਤਾ ਅਤੇ ਅੱਜ, ਜਲ ਸੈਨਾ ਵੱਲੋਂ ਹਰੇਕ ਭਾਰਤੀ ਟਾਪੂ 'ਤੇ ਮਾਣ ਨਾਲ ਤਿਰੰਗਾ ਲਹਿਰਾਇਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ, ਇਹ ਯਕੀਨੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿ ਵਿਸ਼ਵ ਦੱਖਣੀ ਦੇ ਸਾਰੇ ਦੇਸ਼ ਇਕੱਠੇ ਅੱਗੇ ਵਧਣ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ 'ਮਹਾਸਾਗਰ ਸਮੁੰਦਰੀ ਵਿਜ਼ਨ' 'ਤੇ ਕੰਮ ਕਰ ਰਿਹਾ ਹੈ ਅਤੇ ਕਈ ਦੇਸ਼ਾਂ ਲਈ ਵਿਕਾਸ ਭਾਈਵਾਲ ਬਣ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਵੀ ਜ਼ਰੂਰਤ ਪਈ ਹੈ, ਭਾਰਤ ਦੁਨੀਆ ਵਿੱਚ ਕਿਤੇ ਵੀ ਮਨੁੱਖੀ ਸਹਾਇਤਾ ਦੇਣ ਲਈ ਤਿਆਰ ਰਿਹਾ ਹੈ। ਅਫ਼ਰੀਕਾ ਤੋਂ ਲੈ ਕੇ ਦੱਖਣ-ਪੂਰਬੀ ਏਸ਼ੀਆ ਤੱਕ, ਆਫ਼ਤ ਦੇ ਸਮੇਂ, ਦੁਨੀਆ ਭਾਰਤ ਨੂੰ ਇੱਕ ਵਿਸ਼ਵ ਸਾਥੀ ਵਜੋਂ ਦੇਖਦੀ ਹੈ। ਸ਼੍ਰੀ ਮੋਦੀ ਨੇ ਯਾਦ ਕਰਵਾਇਆ ਕਿ 2014 ਵਿੱਚ, ਜਦੋਂ ਗੁਆਂਢੀ ਮਾਲਦੀਵ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪਿਆ, ਤਾਂ ਭਾਰਤ ਨੇ 'ਆਪ੍ਰੇਸ਼ਨ ਨੀਰ' ਸ਼ੁਰੂ ਕੀਤਾ ਅਤੇ ਜਲ ਸੈਨਾ ਨੇ ਉਸ ਦੇਸ਼ ਵਿੱਚ ਸਾਫ਼ ਪਾਣੀ ਪਹੁੰਚਾਇਆ। 2017 ਵਿੱਚ, ਜਦੋਂ ਸ਼੍ਰੀਲੰਕਾ ਵਿਨਾਸ਼ਕਾਰੀ ਹੜ੍ਹਾਂ ਨਾਲ ਜੂਝ ਰਿਹਾ ਸੀ ਤਾਂ ਭਾਰਤ ਨੇ ਸਭ ਤੋਂ ਪਹਿਲਾਂ ਮਦਦ ਦਾ ਹੱਥ ਵਧਾਇਆ ਸੀ। 2018 ਵਿੱਚ, ਇੰਡੋਨੇਸ਼ੀਆ ਵਿੱਚ ਸੁਨਾਮੀ ਆਫ਼ਤ ਤੋਂ ਬਾਅਦ, ਭਾਰਤ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਇੰਡੋਨੇਸ਼ੀਆ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਿਹਾ। ਇਸੇ ਤਰ੍ਹਾਂ, ਭਾਵੇਂ ਇਹ ਮਿਆਂਮਾਰ ਵਿੱਚ ਭੂਚਾਲ ਕਾਰਨ ਹੋਈ ਤਬਾਹੀ ਹੋਵੇ ਜਾਂ 2019 ਵਿੱਚ ਮੋਜ਼ਾਮਬੀਕ ਅਤੇ 2020 ਵਿੱਚ ਮੈਡਾਗਾਸਕਰ ਵਿੱਚ ਸੰਕਟ, ਭਾਰਤ ਸੇਵਾ ਦੀ ਭਾਵਨਾ ਨਾਲ ਹਰ ਜਗ੍ਹਾ ਪਹੁੰਚਿਆ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਹਥਿਆਰਬੰਦ ਬਲਾਂ ਨੇ ਸਮੇਂ-ਸਮੇਂ 'ਤੇ ਵਿਦੇਸ਼ਾਂ ਵਿੱਚ ਫ਼ਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਕਈ ਮੁਹਿੰਮਾਂ ਚਲਾਈਆਂ ਹਨ। ਯਮਨ ਤੋਂ ਲੈ ਕੇ ਸੁਡਾਨ ਤੱਕ, ਜਦੋਂ ਵੀ ਅਤੇ ਜਿੱਥੇ ਵੀ ਲੋੜ ਪਈ, ਉਨ੍ਹਾਂ ਦੀ ਬਹਾਦਰੀ ਅਤੇ ਹਿੰਮਤ ਨੇ ਦੁਨੀਆ ਭਰ ਵਿੱਚ ਰਹਿਣ ਵਾਲੇ ਭਾਰਤੀਆਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਇਨ੍ਹਾਂ ਮੁਹਿੰਮਾਂ ਰਾਹੀਂ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਦੀ ਜਾਨ ਵੀ ਬਚਾਈ ਹੈ।
ਸ਼੍ਰੀ ਮੋਦੀ ਨੇ ਕਿਹਾ, "ਭਾਰਤ ਦੇ ਹਥਿਆਰਬੰਦ ਬਲਾਂ ਨੇ ਸਾਰੇ ਖੇਤਰਾਂ - ਜ਼ਮੀਨ, ਸਮੁੰਦਰ ਅਤੇ ਹਵਾ - ਅਤੇ ਹਰ ਹਾਲਾਤ ਵਿੱਚ ਰਾਸ਼ਟਰ ਦੀ ਸੇਵਾ ਕੀਤੀ ਹੈ।" ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਲ ਸੈਨਾ ਭਾਰਤ ਦੀਆਂ ਸਮੁੰਦਰੀ ਸਰਹੱਦਾਂ ਅਤੇ ਵਪਾਰਕ ਹਿੱਤਾਂ ਦੀ ਰੱਖਿਆ ਲਈ ਸਮੁੰਦਰ ਵਿੱਚ ਤਾਇਨਾਤ ਹੈ, ਜਦੋਂ ਕਿ ਹਵਾਈ ਸੈਨਾ ਅਸਮਾਨ ਦੀ ਸੁਰੱਖਿਆ ਲਈ ਵਚਨਬੱਧ ਹੈ। ਜ਼ਮੀਨ 'ਤੇ, ਤਪਦੇ ਰੇਗਿਸਤਾਨ ਤੋਂ ਲੈ ਕੇ ਬਰਫੀਲੇ ਗਲੇਸ਼ੀਅਰਾਂ ਤੱਕ, ਫ਼ੌਜ, ਬੀਐੱਸਐੱਫ ਅਤੇ ਆਈਟੀਬੀਪੀ ਦੇ ਜਵਾਨਾਂ ਦੇ ਨਾਲ, ਚੱਟਾਨ ਵਾਂਗ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵੱਖ-ਵੱਖ ਮੋਰਚਿਆਂ 'ਤੇ, ਐੱਸਐੱਸਬੀ, ਅਸਾਮ ਰਾਈਫਲਜ਼, ਸੀਆਰਪੀਐੱਫ, ਸੀਆਈਐੱਸਐੱਫ ਅਤੇ ਖੂਫ਼ੀਆ ਏਜੰਸੀਆਂ ਦੇ ਜਵਾਨ ਭਾਰਤ ਮਾਤਾ ਦੀ ਲਗਾਤਾਰ ਸੇਵਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰੱਖਿਆ ਵਿੱਚ ਅਹਿਮ ਭੂਮਿਕਾ ਲਈ ਭਾਰਤੀ ਤਟ ਰੱਖਿਅਕ ਬਲ ਦੀ ਵੀ ਸ਼ਲਾਘਾ ਕੀਤੀ ਅਤੇ ਭਾਰਤ ਦੇ ਸਮੁੰਦਰੀ ਤੱਟਾਂ ਦੀ ਦਿਨ-ਰਾਤ ਸੁਰੱਖਿਆ ਲਈ ਜਲ ਸੈਨਾ ਨਾਲ ਉਨ੍ਹਾਂ ਦੇ ਲਗਾਤਾਰ ਤਾਲਮੇਲ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਦੀ ਇਸ ਮਹਾਨ ਮੁਹਿੰਮ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਜ਼ਿਆਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਸੁਰੱਖਿਆ ਬਲਾਂ ਦੀ ਬਹਾਦਰੀ ਅਤੇ ਹਿੰਮਤ ਦੇ ਕਾਰਨ, ਰਾਸ਼ਟਰ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ - ਮਾਓਵਾਦੀ ਅੱਤਵਾਦ ਦਾ ਖ਼ਾਤਮਾ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ ਹੁਣ ਨਕਸਲ-ਮਾਓਵਾਦੀ ਉਗਰਵਾਦ ਤੋਂ ਪੂਰੀ ਤਰ੍ਹਾਂ ਮੁਕਤੀ ਦੀ ਕਗਾਰ 'ਤੇ ਹੈ। 2014 ਤੋਂ ਪਹਿਲਾਂ, ਲਗਭਗ 125 ਜ਼ਿਲ੍ਹੇ ਮਾਓਵਾਦੀ ਹਿੰਸਾ ਤੋਂ ਪ੍ਰਭਾਵਿਤ ਸਨ; ਅੱਜ, ਇਹ ਗਿਣਤੀ ਘਟ ਕੇ ਸਿਰਫ 11 ਰਹਿ ਗਈ ਹੈ, ਅਤੇ ਸਿਰਫ਼ 3 ਜ਼ਿਲ੍ਹੇ ਹੀ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਸ਼੍ਰੀ ਮੋਦੀ ਨੇ ਕਿਹਾ ਕਿ 100 ਤੋਂ ਵੱਧ ਜ਼ਿਲ੍ਹੇ ਹੁਣ ਮਾਓਵਾਦੀ ਅੱਤਵਾਦ ਦੇ ਪਰਛਾਵੇਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕੇ ਹਨ ਅਤੇ ਪਹਿਲੀ ਵਾਰ ਆਜ਼ਾਦੀ ਦੀ ਸਾਹ ਲੈ ਰਹੇ ਹਨ ਅਤੇ ਦੀਵਾਲੀ ਮਨਾ ਰਹੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੀੜ੍ਹੀਆਂ ਤੋਂ ਡਰ ਵਿੱਚ ਜਿਉਣ ਦੀ ਮਜਬੂਰੀ ਤੋਂ ਬਾਅਦ, ਲੱਖਾਂ ਲੋਕ ਹੁਣ ਵਿਕਾਸ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋ ਰਹੇ ਹਨ। ਜਿਨ੍ਹਾਂ ਇਲਾਕਿਆਂ ਵਿੱਚ ਮਾਓਵਾਦੀ ਕਦੇ ਸੜਕਾਂ, ਸਕੂਲਾਂ, ਹਸਪਤਾਲਾਂ ਅਤੇ ਮੋਬਾਈਲ ਟਾਵਰਾਂ ਦੇ ਨਿਰਮਾਣ ਵਿੱਚ ਰੁਕਾਵਟ ਪਾਉਂਦੇ ਸੀ, ਉੱਥੇ ਹੁਣ ਹਾਈਵੇਅ ਬਣ ਰਹੇ ਹਨ ਅਤੇ ਨਵੇਂ ਉਦਯੋਗ ਉੱਭਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਫ਼ਲਤਾ ਭਾਰਤ ਦੇ ਸੁਰੱਖਿਆ ਬਲਾਂ ਦੇ ਸਮਰਪਣ, ਕੁਰਬਾਨੀ ਅਤੇ ਬਹਾਦਰੀ ਕਾਰਨ ਸੰਭਵ ਹੋਈ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਖ਼ੁਸ਼ੀ ਪ੍ਰਗਟ ਕੀਤੀ ਕਿ ਅਜਿਹੇ ਕਈ ਜ਼ਿਲ੍ਹਿਆਂ ਵਿੱਚ ਲੋਕ ਪਹਿਲੀ ਵਾਰ ਦੀਵਾਲੀ ਮਨਾ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜੀਐੱਸਟੀ ਬੱਚਤ ਤਿਉਹਾਰ ਦੌਰਾਨ ਇਨ੍ਹਾਂ ਖੇਤਰਾਂ ਵਿੱਚ ਰਿਕਾਰਡ ਵਿਕਰੀ ਅਤੇ ਖ਼ਰੀਦਦਾਰੀ ਦੇਖੀ ਜਾ ਰਹੀ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਕਦੇ ਮਾਓਵਾਦੀ ਦਹਿਸ਼ਤ ਕਾਰਨ ਸੰਵਿਧਾਨ ਦਾ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਸੀ, ਉੱਥੇ ਹੁਣ ਸਵਦੇਸ਼ੀ ਦਾ ਮੰਤਰ ਗੂੰਜ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਭਾਰਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਅਤੇ 140 ਕਰੋੜ ਨਾਗਰਿਕਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਿਹਾ ਹੈ। ਜ਼ਮੀਨ ਤੋਂ ਲੈ ਕੇ ਪੁਲਾੜ ਤੱਕ, ਕਦੇ ਕਲਪਨਾ ਤੋਂ ਪਰ੍ਹੇ ਮੰਨੀਆਂ ਜਾਣ ਵਾਲੀਆਂ ਪ੍ਰਾਪਤੀਆਂ ਹੁਣ ਹਕੀਕਤ ਬਣ ਰਹੀਆਂ ਹਨ।" ਉਨ੍ਹਾਂ ਨੇ ਰਾਸ਼ਟਰ ਦੀ ਗਤੀ, ਤਰੱਕੀ, ਤਬਦੀਲੀ ਅਤੇ ਵਧਦੇ ਵਿਕਾਸ ਅਤੇ ਆਤਮ-ਵਿਸ਼ਵਾਸ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਦੇ ਇਸ ਵੱਡੇ ਕਾਰਜ ਵਿੱਚ ਹਥਿਆਰਬੰਦ ਬਲਾਂ ਦੀ ਅਹਿਮ ਭੂਮਿਕਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸੈਨਾਵਾਂ ਸਿਰਫ਼ ਪ੍ਰਵਾਹ ਦੇ ਪੈਰੋਕਾਰ ਨਹੀਂ ਹਨ; ਉਨ੍ਹਾਂ ਵਿੱਚ ਪ੍ਰਵਾਹ ਨੂੰ ਦਿਸ਼ਾ ਦੇਣ ਦੀ ਸਮਰੱਥਾ ਹੈ, ਸਮੇਂ ਦੀ ਅਗਵਾਈ ਕਰਨ ਦੀ ਹਿੰਮਤ ਹੈ, ਅਨੰਤ ਨੂੰ ਪਾਰ ਕਰਨ ਦੀ ਤਾਕਤ ਹੈ, ਅਤੇ ਨਾ ਟੱਪਣਯੋਗ ਨੂੰ ਪਾਰ ਕਰਨ ਦੀ ਭਾਵਨਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਜਿਨ੍ਹਾਂ ਪਹਾੜੀ ਚੋਟੀਆਂ 'ਤੇ ਸਾਡੇ ਸੈਨਿਕ ਮਜ਼ਬੂਤੀ ਨਾਲ ਖੜ੍ਹੇ ਹਨ, ਉਹ ਭਾਰਤ ਦੀ ਜਿੱਤ ਦੇ ਥੰਮ੍ਹ ਬਣੇ ਰਹਿਣਗੇ ਅਤੇ ਸਮੁੰਦਰ ਦੇ ਹੇਠਾਂ ਦੀਆਂ ਵੱਡੀਆਂ ਲਹਿਰਾਂ ਭਾਰਤ ਦੀ ਜਿੱਤ ਨਾਲ ਗੂੰਜਦੀਆਂ ਰਹਿਣਗੀਆਂ। ਇਸ ਗਰਜ ਦੇ ਵਿੱਚ, ਇੱਕ ਹੀ ਆਵਾਜ਼ ਉੱਠੇਗੀ - "ਭਾਰਤ ਮਾਤਾ ਦੀ ਜੈ!" ਇਸੇ ਉਤਸ਼ਾਹ ਅਤੇ ਦ੍ਰਿੜ੍ਹ ਭਰੋਸੇ ਦੇ ਨਾਲ, ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਸਾਰਿਆਂ ਨੂੰ ਦੀਵਾਲੀ ਦੀਆਂ ਸੱਚੇ ਦਿਲੋਂ ਵਧਾਈਆਂ ਦਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।
***************
ਐੱਮਜੇਪੀਐੱਸ/ ਐੱਸਆਰ
(Release ID: 2181750)
Visitor Counter : 4
Read this release in:
English
,
Urdu
,
Marathi
,
हिन्दी
,
Nepali
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam