ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਵਲੋਂ ਭਾਰਤੀ ਖੇਤੀਬਾੜੀ ਖੋਜ ਸੰਸਥਾਨ, ਨਵੀਂ ਦਿੱਲੀ ਵਿਖੇ ਪੀਐੱਮ ਧਨ ਧਾਨਯ ਕ੍ਰਿਸ਼ੀ ਯੋਜਨਾ ਦੀ ਅਰੰਭਤਾ ਅਤੇ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਮੌਕੇ ਸੰਬੋਧਨ ਦਾ ਪੰਜਾਬੀ ਅਨੁਵਾਦ
Posted On:
11 OCT 2025 3:31PM by PIB Chandigarh
ਮੰਚ ‘ਤੇ ਵਿਰਾਜਮਾਨ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੀ, ਸਾਡੇ ਨਾਲ ਤਕਨਾਲੋਜੀ ਨਾਲ ਜੁੜੇ ਹੋਏ ਰਾਜੀਵ ਰੰਜਨ ਸਿੰਘ ਜੀ, ਸ਼੍ਰੀਮਾਨ ਭਾਗੀਰਥ ਚੌਧਰੀ ਜੀ, ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ, ਸੰਸਦ ਮੈਂਬਰ, ਵਿਧਾਇਕ, ਹੋਰ ਮਹਾਨ ਹਸਤੀਆਂ ਅਤੇ ਦੇਸ਼ ਭਰ ਤੋਂ ਜੁੜੇ ਮੇਰੇ ਸਾਰੇ ਕਿਸਾਨ ਭਰਾਵੋ ਅਤੇ ਭੈਣੋ।
ਅੱਜ 11 ਅਕਤੂਬਰ ਦਾ ਇਹ ਦਿਨ ਬਹੁਤ ਹੀ ਇਤਿਹਾਸਕ ਹੈ। ਅੱਜ ਨਵਾਂ ਇਤਿਹਾਸ ਰਚਣ ਵਾਲੇ ਮਾਂ ਭਾਰਤੀ ਦੇ ਦੋ ਮਹਾਨ ਰਤਨਾਂ ਦੀ ਜਨਮ ਜਯੰਤੀ ਹੈ। ਭਾਰਤ ਰਤਨ ਸ਼੍ਰੀ ਜੈਪ੍ਰਕਾਸ਼ ਨਾਰਾਇਣ ਜੀ ਅਤੇ ਭਾਰਤ ਰਤਨ ਸ਼੍ਰੀ ਨਾਨਾਜੀ ਦੇਸ਼ਮੁਖ। ਇਹ ਦੋਵੇਂ ਮਹਾਨ ਸਪੂਤ ਪੇਂਡੂ ਭਾਰਤ ਦੀ ਅਵਾਜ਼ ਸਨ, ਲੋਕਤੰਤਰ ਦੀ ਕ੍ਰਾਂਤੀ ਦੇ ਆਗੂ ਸਨ, ਕਿਸਾਨਾਂ ਅਤੇ ਗਰੀਬਾਂ ਦੇ ਭਲੇ ਲਈ ਸਮਰਪਿਤ ਸਨ। ਅੱਜ ਇਸ ਇਤਿਹਾਸਕ ਦਿਨ ਦੇ ਮੌਕੇ 'ਤੇ ਦੇਸ਼ ਦੀ ਆਤਮਨਿਰਭਰਤਾ ਅਤੇ ਕਿਸਾਨਾਂ ਦੇ ਭਲੇ ਲਈ ਦੋ ਮਹੱਤਵਪੂਰਨ ਨਵੀਂ ਯੋਜਨਾਵਾਂ ਦੀ ਸ਼ੁਰੂਆਤ ਹੋ ਰਹੀ ਹੈ। ਪਹਿਲੀ – ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ ਅਤੇ ਦੂਜੀ – ਦਲਹਨ ਆਤਮਨਿਰਭਰਤਾ ਮਿਸ਼ਨ। ਇਹ ਦੋ ਯੋਜਨਾਵਾਂ ਭਾਰਤ ਦੇ ਕਰੋੜਾਂ ਕਿਸਾਨਾਂ ਦਾ ਭਾਗ ਬਦਲਣ ਦਾ ਕੰਮ ਕਰਨਗੀਆਂ। ਇਨ੍ਹਾਂ ਯੋਜਨਾਵਾਂ ‘ਤੇ ਭਾਰਤ ਸਰਕਾਰ ਲਗਭਗ 35 ਹਜ਼ਾਰ ਰੁਪਏ ਤੋਂ ਵੱਧ ਖਰਚ ਕਰਨ ਵਾਲੀ ਹੈ। ਮੈਂ ਸਾਰੇ ਕਿਸਾਨ ਸਾਥੀਆਂ ਨੂੰ ਪੀਐੱਮ ਧਨ ਧਾਨਯ ਕ੍ਰਿਸ਼ੀ ਯੋਜਨਾ ਅਤੇ ਦਲਹਨ ਆਤਮਨਿਰਭਰਤਾ ਮਿਸ਼ਨ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਖੇਤੀ ਅਤੇ ਕਿਸਾਨੀ ਹਮੇਸ਼ਾਂ ਤੋਂ ਸਾਡੀ ਵਿਕਾਸ ਯਾਤਰਾ ਦਾ ਇੱਕ ਮੁੱਖ ਹਿੱਸਾ ਰਹੀ ਹੈ। ਬਹੁਤ ਜ਼ਰੂਰੀ ਹੈ ਕਿ ਬਦਲਦੇ ਸਮੇਂ ਦੇ ਨਾਲ ਖੇਤੀ-ਕਿਸਾਨੀ ਨੂੰ ਸਰਕਾਰ ਦਾ ਸਹਿਯੋਗ ਮਿਲਦਾ ਰਹੇ, ਪਰ ਦੁੱਖ ਦੀ ਗੱਲ ਹੈ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਖੇਤੀ-ਕਿਸਾਨੀ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਸੀ। ਸਰਕਾਰ ਵੱਲੋਂ ਖੇਤੀ ਲਈ ਕੋਈ ਵਿਜ਼ਨ ਹੀ ਨਹੀਂ ਸੀ, ਕੋਈ ਸੋਚ ਹੀ ਨਹੀਂ ਸੀ। ਖੇਤੀ ਨਾਲ ਜੁੜੇ ਵੱਖ-ਵੱਖ ਸਰਕਾਰੀ ਵਿਭਾਗ ਵੀ ਆਪਣੇ-ਆਪਣੇ ਢੰਗ ਨਾਲ ਕੰਮ ਕਰਦੇ ਸਨ ਅਤੇ ਇਸ ਕਾਰਨ ਭਾਰਤ ਦੀ ਖੇਤੀ ਵਿਵਸਥਾ ਲਗਾਤਾਰ ਕਮਜ਼ੋਰ ਹੋ ਰਹੀ ਸੀ। 21ਵੀਂ ਸਦੀ ਦੇ ਭਾਰਤ ਨੂੰ ਤੇਜ਼ ਵਿਕਾਸ ਲਈ ਆਪਣੀ ਖੇਤੀ ਵਿਵਸਥਾ ਵਿੱਚ ਸੁਧਾਰ ਕਰਨਾ ਲਾਜ਼ਮੀ ਸੀ। ਅਤੇ ਇਸ ਦੀ ਸ਼ੁਰੂਆਤ 2014 ਤੋਂ ਹੋਈ, ਅਸੀਂ ਖੇਤੀ ਨੂੰ ਲੈ ਕੇ ਪੁਰਾਣੀਆਂ ਸਰਕਾਰਾਂ ਦੇ ਲਾਪਰਵਾਹ ਰਵੱਈਏ ਨੂੰ ਬਦਲ ਦਿੱਤਾ, ਅਸੀਂ ਆਪ ਸਭ ਕਿਸਾਨਾਂ ਲਈ ਉਨ੍ਹਾਂ ਦੇ ਹਿੱਤ ਵਿੱਚ ਬੀਜ ਤੋਂ ਲੈ ਕੇ ਬਜ਼ਾਰ ਤੱਕ ਅਨੇਕ ਰਿਫਾਰਮ ਕੀਤੇ, ਸੁਧਾਰ ਕੀਤੇ। ਇਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ। ਪਿਛਲੇ 11 ਸਾਲਾਂ ਵਿੱਚ, ਭਾਰਤ ਦਾ ਖੇਤੀ ਨਿਰਯਾਤ ਲਗਭਗ ਦੁੱਗਣਾ ਹੋ ਗਿਆ, ਅਨਾਜ ਉਤਪਾਦਨ ਪਹਿਲਾਂ ਜੋ ਹੁੰਦਾ ਸੀ ਲਗਭਗ 900 ਲੱਖ ਮੀਟ੍ਰਿਕ ਟਨ ਹਰੋ ਵਧ ਗਿਆ, ਫ਼ਲ ਅਤੇ ਸਬਜ਼ੀਆਂ ਦਾ ਉਤਪਾਦਨ 640 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਵਧ ਗਿਆ। ਅੱਜ ਦੁੱਧ ਉਤਪਾਦਨ ਵਿੱਚ ਅਸੀਂ ਦੁਨੀਆ ਵਿੱਚ ਨੰਬਰ ਵਨ ਹਾਂ, ਭਾਰਤ ਦੁਨੀਆ ਦਾ ਦੂਜਾ ਵੱਡਾ ਮੱਛੀ ਉਤਪਾਦਕ ਹੈ, ਭਾਰਤ ਵਿੱਚ ਸ਼ਹਿਦ ਉਤਪਾਦਨ ਵੀ 2014 ਨਾਲੋਂ ਦੁੱਗਣਾ ਹੋ ਗਿਆ ਹੈ, ਅੰਡੇ ਦਾ ਉਤਪਾਦਨ ਵੀ ਪਿਛਲੇ 11 ਸਾਲਾਂ ਵਿੱਚ ਡਬਲ ਹੋ ਗਿਆ ਹੈ। ਇਸ ਦੌਰਾਨ ਦੇਸ਼ ਵਿੱਚ 6 ਵੱਡੀਆਂ ਫਰਟੀਲਾਈਜ਼ਰ ਫੈਕਟਰੀਆਂ ਬਣਾਈਆਂ ਗਈਆਂ ਹਨ। 25 ਕਰੋੜ ਤੋਂ ਵੱਧ ਸੌਇਲ ਹੈਲਥ ਕਾਰਡ ਕਿਸਾਨਾਂ ਨੂੰ ਮਿਲੇ ਹਨ, 100 ਲੱਖ ਹੈਕਟੇਅਰ ਵਿੱਚ ਸੂਖ਼ਮ ਸਿੰਚਾਈ ਦੀ ਸਹੂਲਤ ਪਹੁੰਚੀ ਹੈ। ਪੀਐੱਮ ਫਸਲ ਬੀਮਾ ਯੋਜਨਾ ਨਾਲ ਲਗਭਗ 2 ਲੱਖ ਕਰੋੜ ਰੁਪਏ, ਇਹ ਅੰਕੜਾ ਛੋਟਾ ਨਹੀਂ ਹੈ, 2 ਲੱਖ ਕਰੋੜ ਰੁਪਏ ਕਲੇਮ ਦੇ ਰੂਪ ਵਿੱਚ ਕਿਸਾਨਾਂ ਨੂੰ ਮਿਲੇ ਹਨ। ਪਿਛਲੇ 11 ਸਾਲਾਂ ਵਿੱਚ 10 ਹਜ਼ਾਰ ਤੋਂ ਵੱਧ ਕਿਸਾਨ ਉਤਪਾਦ ਸੰਘ-ਐੱਫਪੀਓਜ਼ ਵੀ ਬਣੇ ਹਨ। ਅਜੇ ਮੈਨੂੰ ਆਉਣ ਵਿੱਚ ਦੇਰੀ ਇਸ ਲਈ ਹੋਈ ਕਿ ਮੈਂ ਕਈ ਕਿਸਾਨਾਂ ਨਾਲ ਗੱਪਾ-ਗੋਸ਼ਟੀ ਕਰ ਰਿਹਾ ਸੀ, ਅਨੇਕ ਕਿਸਾਨਾਂ ਨਾਲ ਗੱਲ ਕੀਤੀ, ਮਛੇਰਿਆਂ ਨਾਲ ਗੱਲ ਕੀਤੀ, ਔਰਤਾਂ ਜੋ ਖੇਤੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ, ਉਨ੍ਹਾਂ ਦੇ ਤਜ਼ਰਬੇ ਸੁਣਨ ਦਾ ਮੌਕਾ ਮਿਲਿਆ। ਅਜਿਹੀਆਂ ਅਨੇਕ ਪ੍ਰਾਪਤੀਆਂ ਹਨ ਜੋ ਦੇਸ਼ ਦੇ ਕਿਸਾਨ ਨੇ ਪਿਛਲੇ 11 ਸਾਲਾਂ ਵਿੱਚ ਮਹਿਸੂਸ ਕੀਤੀਆਂ ਹਨ।
ਪਰ ਸਾਥੀਓ,
ਅੱਜ ਦੇਸ਼ ਦਾ ਮਿਜ਼ਾਜ ਇਹ ਹੈ ਕਿ ਉਹ ਕੁਝ ਪ੍ਰਾਪਤੀਆਂ ਨਾਲ ਹੀ ਸੰਤੁਸ਼ਟ ਨਹੀਂ ਹੁੰਦਾ ਹੈ। ਅਸੀਂ ਵਿਕਸਿਤ ਬਣਨਾ ਹੈ ਤਾਂ ਫਿਰ ਹਰ ਖੇਤਰ ਵਿੱਚ ਲਗਾਤਾਰ ਬਿਹਤਰ ਕਰਦੇ ਰਹਿਣਾ ਹੋਵੇਗਾ, ਸੁਧਾਰ ਕਰਨਾ ਹੀ ਕਰਨਾ ਪਵੇਗਾ। ਇਸੇ ਸੋਚ ਦਾ ਨਤੀਜਾ ਹੈ ਪੀਐੱਮ ਧਨ-ਧਾਨਯ ਕ੍ਰਿਸ਼ੀ ਯੋਜਨਾ। ਅਤੇ ਇਸ ਯੋਜਨਾ ਦੀ ਪ੍ਰੇਰਣਾ ਬਣੀ ਹੈ ਖਾਹਿਸ਼ੀ ਜ਼ਿਲ੍ਹਾ ਯੋਜਨਾ ਦੀ ਸਫਲਤਾ। ਪਹਿਲਾਂ ਦੀਆਂ ਸਰਕਾਰਾਂ ਦੇਸ਼ ਦੇ 100 ਤੋਂ ਵੱਧ ਜ਼ਿਲ੍ਹਿਆਂ ਨੂੰ ਪੱਛੜਿਆ ਐਲਾਨ ਕੇ ਭੁੱਲ ਗਈਆਂ ਸਨ। ਅਸੀਂ ਉਨ੍ਹਾਂ ਜ਼ਿਲ੍ਹਿਆਂ ‘ਤੇ ਖ਼ਾਸ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਨੂੰ ਖਾਹਿਸ਼ੀ ਜ਼ਿਲ੍ਹਾ ਐਲਾਨਿਆ। ਇਨ੍ਹਾਂ ਜ਼ਿਲ੍ਹਿਆਂ ਵਿੱਚ ਬਦਲਾਅ ਦਾ ਸਾਡਾ ਮੰਤਰ ਸੀ – ਕਨਵਰਜੈਂਸ, ਕੋਲੇਬੋਰੇਸ਼ਨ ਅਤੇ ਕੰਪਟੀਸ਼ਨ। ਯਾਨੀ ਪਹਿਲਾਂ ਹਰ ਸਰਕਾਰੀ ਵਿਭਾਗ, ਵੱਖ-ਵੱਖ ਯੋਜਨਾਵਾਂ, ਜ਼ਿਲ੍ਹੇ ਦੇ ਹਰ ਨਾਗਰਿਕ, ਸਭ ਨੂੰ ਜੋੜੋ, ਫਿਰ 'ਸਬਕਾ ਪ੍ਰਯਾਸ' ਦੇ ਰੂਪ ਵਿੱਚ ਕੰਮ ਕਰੋ ਅਤੇ ਫਿਰ ਬਾਕੀ ਜ਼ਿਲ੍ਹਿਆਂ ਨਾਲ ਸਿਹਤਮੰਦ ਮੁਕਾਬਲਾ ਕਰੋ। ਇਸ ਅਪ੍ਰੋਚ ਦਾ ਫਾਇਦਾ ਅੱਜ ਦਿਖ ਰਿਹਾ ਹੈ।
ਸਾਥੀਓ,
ਇਨ੍ਹਾਂ 100 ਤੋਂ ਵੱਧ ਪੱਛੜੇ ਜ਼ਿਲ੍ਹਿਆਂ ਵਿੱਚ, ਜਿਨ੍ਹਾਂ ਨੂੰ ਅਸੀਂ ਹੁਣ aspirational districts ਕਹਿੰਦੇ ਹਾਂ, ਹੁਣ ਅਸੀਂ ਉਨ੍ਹਾਂ ਨੂੰ ਪੱਛੜੇ ਜ਼ਿਲ੍ਹੇ ਨਹੀਂ ਆਖਦੇ। 20 ਪ੍ਰਤੀਸ਼ਤ ਬਸਤੀਆਂ ਅਜਿਹੀਆਂ ਸਨ, ਜਿਨ੍ਹਾਂ ਨੇ ਅਜ਼ਾਦੀ ਦੇ ਬਾਅਦ ਤੋਂ ਸੜਕ ਹੀ ਨਹੀਂ ਦੇਖੀ ਸੀ। ਅੱਜ ਖਾਹਿਸ਼ੀ ਜ਼ਿਲ੍ਹਾ ਯੋਜਨਾ ਦੀ ਵਜ੍ਹਾ ਨਾਲ ਹੁਣ ਅਜਿਹੀਆਂ ਜ਼ਿਆਦਾਤਰ ਬਸਤੀਆਂ ਨੂੰ ਵੀ ਸੜਕਾਂ ਨਾਲ ਜੋੜ ਦਿੱਤਾ ਗਿਆ ਹੈ। ਉਸ ਸਮੇਂ ਜਿਨ੍ਹਾਂ ਨੂੰ ਪੱਛੜੇ ਜ਼ਿਲ੍ਹੇ ਕਹਿੰਦੇ ਸਨ, ਉਨ੍ਹਾਂ ਵਿੱਚ 17 ਪ੍ਰਤੀਸ਼ਤ ਅਜਿਹੇ ਬੱਚੇ ਸਨ, ਜੋ ਟੀਕਾਕਰਨ ਦੇ ਦਾਇਰੇ ਤੋਂ ਬਾਹਰ ਸਨ। ਅੱਜ ਖਾਹਿਸ਼ੀ ਜ਼ਿਲ੍ਹਾ ਯੋਜਨਾ ਦੀ ਵਜ੍ਹਾ ਨਾਲ ਐਸੇ ਬਹੁਤ ਸਾਰੇ ਬੱਚਿਆਂ ਨੂੰ ਟੀਕਾਕਰਨ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਪੱਛੜੇ ਜ਼ਿਲ੍ਹਿਆਂ ਵਿੱਚ 15 ਪ੍ਰਤੀਸ਼ਤ ਤੋਂ ਵੱਧ ਸਕੂਲ ਅਜਿਹੇ ਸਨ ਜਿੱਥੇ ਬਿਜਲੀ ਹੀ ਨਹੀਂ ਸੀ। ਅੱਜ ਖਾਹਿਸ਼ੀ ਜ਼ਿਲ੍ਹਾ ਯੋਜਨਾ ਸਦਕਾ ਹਰ ਸਕੂਲ ਨੂੰ ਬਿਜਲੀ ਕਨੈਕਸ਼ਨ ਦਿੱਤਾ ਜਾ ਚੁੱਕਾ ਹੈ।
ਸਾਥੀਓ,
ਜਦੋਂ ਵੰਚਿਤਾਂ ਨੂੰ ਪਹਿਲ ਮਿਲਦੀ ਹੈ, ਪੱਛੜਿਆਂ ਨੂੰ ਤਰਜੀਹ ਮਿਲਦੀ ਹੈ, ਤਾਂ ਉਸਦੇ ਨਤੀਜੇ ਵੀ ਬਹੁਤ ਵਧੀਆ ਮਿਲਦੇ ਹਨ। ਅੱਜ ਖਾਹਿਸ਼ੀ ਜ਼ਿਲ੍ਹਿਆਂ ਵਿੱਚ ਜੱਚਾ ਮੌਤ ਦਰ ਘੱਟ ਹੋਈ ਹੈ, ਬੱਚਿਆਂ ਦੀ ਸਿਹਤ ਸੁਧਰੀ ਹੈ, ਪੜ੍ਹਾਈ ਦਾ ਪੱਧਰ ਸੁਧਰਿਆ ਹੈ। ਕਿੰਨੇ ਹੀ ਪੈਰਾਮੀਟਰਾਂ ਵਿੱਚ ਇਹ ਜ਼ਿਲ੍ਹੇ, ਹੁਣ ਹੋਰ ਜ਼ਿਲਿਆਂ ਨਾਲੋਂ ਬਿਹਤਰ ਕਰ ਰਹੇ ਹਨ।
ਸਾਥੀਓ,
ਹੁਣ ਇਸੇ ਮਾਡਲ ‘ਤੇ ਅਸੀਂ ਖੇਤੀ ਦੇ ਮਾਮਲੇ ਵਿੱਚ ਪੱਛੜੇ ਦੇਸ਼ ਦੇ 100 ਜ਼ਿਲ੍ਹਿਆਂ ਦਾ, ਜੋ ਖੇਤੀ ਖੇਤਰ ਵਿੱਚ, ਹੋਰ ਚੀਜ਼ਾਂ ਵਿੱਚ ਅੱਗੇ ਹੋਣਗੇ, ਅਜਿਹੇ 100 ਜ਼ਿਲ੍ਹਿਆਂ ਦਾ ਅਸੀਂ ਵਿਕਾਸ ਕਰਨਾ ਚਾਹੁੰਦੇ ਹਾਂ, ਉਸ ‘ਤੇ ਧਿਆਨ ਕੇਂਦ੍ਰਿਤ ਕਰਕੇ ਕੰਮ ਕਰਨਾ ਚਾਹੁੰਦੇ ਹਾਂ। ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਦੀ ਪ੍ਰੇਰਣਾ, ਉਹੀ ਖਾਹਿਸ਼ੀ ਜ਼ਿਲ੍ਹਿਆਂ ਦਾ ਮਾਡਲ ਹੈ। ਇਸ ਯੋਜਨਾ ਲਈ 100 ਜ਼ਿਲ੍ਹਿਆਂ ਦੀ ਚੋਣ ਬਹੁਤ ਸੋਚ-ਸਮਝ ਕੇ ਕੀਤੀ ਗਈ ਹੈ। ਤਿੰਨ ਪੈਰਾਮੀਟਰਾਂ ‘ਤੇ ਇਨ੍ਹਾਂ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ। ਪਹਿਲਾ – ਖੇਤ ਤੋਂ ਕਿੰਨੀ ਪੈਦਾਵਾਰ ਹੁੰਦੀ ਹੈ। ਦੂਜਾ – ਇੱਕ ਖੇਤ ਵਿੱਚ ਕਿੰਨੀ ਵਾਰ ਖੇਤੀ ਹੁੰਦੀ ਹੈ ਅਤੇ ਤੀਜਾ – ਕਿਸਾਨਾਂ ਨੂੰ ਲੋਨ ਜਾਂ ਨਿਵੇਸ਼ ਦੀ ਕੋਈ ਸਹੂਲਤ ਹੈ ਤਾਂ ਹੈ ਅਤੇ ਕਿੰਨੀ ਮਾਤਰਾ ਵਿੱਚ ਹੈ।
ਸਾਥੀਓ,
ਅਸੀਂ ਅਕਸਰ 36 ਦੇ ਅੰਕੜੇ ਦੀ ਚਰਚਾ ਸੁਣੀ ਹੈ। ਅਸੀਂ ਵਾਰ-ਵਾਰ ਆਖਦੇ ਹਾਂ ਕਿ ਉਨ੍ਹਾਂ ਵਿੱਚ 36 ਦਾ ਅੰਕੜਾ ਹੈ। ਪਰ ਹਰ ਚੀਜ਼ ਨੂੰ ਅਸੀਂ ਚੁਣੌਤੀ ਦਿੰਦੇ ਹਾਂ, ਉਸਦਾ ਉਲਟ ਕਰਦੇ ਹਾਂ। ਇਸ ਯੋਜਨਾ ਵਿੱਚ ਅਸੀਂ ਸਰਕਾਰ ਦੀਆਂ 36 ਯੋਜਨਾਵਾਂ ਨੂੰ ਇੱਕਠੇ ਜੋੜ ਰਹੇ ਹਾਂ। ਜਿਵੇਂ ਕੁਦਰਤੀ ਖੇਤੀ ‘ਤੇ ਰਾਸ਼ਟਰੀ ਮਿਸ਼ਨ ਹੈ, ਸਿੰਚਾਈ ਲਈ 'ਡ੍ਰਾਪ ਮੋਰ ਕ੍ਰਾਪ' ਅਭਿਆਨ ਹੈ, ਤੇਲ ਉਤਪਾਦਨ ਵਧਾਉਣ ਲਈ 'ਤਿਲਹਨ ਮਿਸ਼ਨ' ਹੈ, ਅਜਿਹੀਆਂ ਅਨੇਕ ਯੋਜਨਾਵਾਂ ਨੂੰ ਇੱਕਠੇ ਲਿਆਂਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਵਿੱਚ ਸਾਡੇ ਪਸ਼ੂਧਨ ‘ਤੇ ਵੀ ਵਿਸ਼ੇਸ਼ ਫੋਕਸ ਕੀਤਾ ਜਾ ਰਿਹਾ ਹੈ। ਤੁਸੀਂ ਜਾਣਦੇ ਹੋ, Foot and Mouth Disease, ਯਾਨੀ ਮੂੰਹ-ਖੁਰ ਜਿਹੀਆਂ ਬੀਮਾਰੀਆਂ ਤੋਂ ਪਸ਼ੂਆਂ ਨੂੰ ਬਚਾਉਣ ਲਈ 125 ਕਰੋੜ ਤੋਂ ਵੱਧ ਟੀਕੇ ਮੁਫ਼ਤ ਲਗਾਏ ਗਏ ਹਨ। ਇਸ ਨਾਲ ਪਸ਼ੂ ਵੀ ਸਿਹਤਮੰਦ ਹੋਏ ਹਨ ਅਤੇ ਕਿਸਾਨਾਂ ਦੀ ਚਿੰਤਾ ਵੀ ਘੱਟ ਹੋਈ ਹੈ। ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਵਿੱਚ ਸਥਾਨਕ ਪੱਧਰ ‘ਤੇ ਪਸ਼ੂਆਂ ਦੀ ਸਿਹਤ ਨਾਲ ਜੁੜੀਆਂ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ।
ਸਾਥੀਓ,
ਖਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਦੀ ਤਰ੍ਹਾਂ ਓਸੇ ਤਰ੍ਹਾਂ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਦਾ ਬਹੁਤ ਵੱਡੀ ਜਿੰਮੇਵਾਰੀ, ਕਿਸਾਨਾਂ ਦੇ ਨਾਲ ਹੀ, ਸਥਾਨਕ ਸਰਕਾਰੀ ਕਰਮਚਾਰੀਆਂ ਅਤੇ ਉਸ ਜ਼ਿਲ੍ਹੇ ਦੇ ਡੀਐੱਮ ਜਾਂ ਕਲੇਕਟਰ ‘ਤੇ ਹੈ। ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਦਾ ਡਿਜ਼ਾਈਨ ਅਜਿਹਾ ਹੈ ਕਿ ਹਰ ਜ਼ਿਲ੍ਹੇ ਦੀ ਆਪਣੀ ਲੋੜ ਦੇ ਹਿਸਾਬ ਨਾਲ ਇਸ ਦੀ ਪਲੈਨਿੰਗ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। ਇਸ ਲਈ ਮੈਂ ਕਿਸਾਨਾਂ ਅਤੇ ਸਬੰਧਤ ਜ਼ਿਲ੍ਹਿਆਂ ਦੇ ਮੁਖੀਆਂ ਨੂੰ ਅਪੀਲ ਕਰਾਂਗਾ, ਹੁਣ ਤੁਹਾਨੂੰ ਜ਼ਿਲ੍ਹਾ ਪੱਧਰ ‘ਤੇ ਅਜਿਹੀ ਕਾਰਜ-ਯੋਜਨਾ ਬਣਾਉਣੀ ਹੈ, ਜੋ ਓਥੇ ਦੀ ਮਿੱਟੀ ਅਤੇ ਓਥੇ ਦੀ ਜਲਵਾਯੂ ਦੇ ਅਨੁਕੂਲ ਹੋਵੇ। ਓਥੇ ਕਿਹੜੀ ਫਸਲ ਹੋਵੇਗੀ, ਬੀਜ ਦੀ ਕਿਹੜੀ ਵੈਰਾਇਟੀ ਲੱਗੇਗੀ, ਕਿਹੜੀ ਖਾਦ ਕਦੋਂ ਢੁਕਵੀਂ ਰਹੇਗੀ, ਇਹ ਸਭ ਤੁਹਾਨੂੰ ਮਿਲ ਕੇ ਨਵੇਂ ਢੰਗ ਨਾਲ ਸੋਚ-ਸਮਝ ਕੇ ਤੈਅ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ। ਤੁਹਾਨੂੰ ਹਰ ਖੇਤਰ, ਹਰ ਖੇਤ ਦੇ ਹਿਸਾਬ ਨਾਲ ਪਲੈਨਿੰਗ ਕਰਨੀ ਹੋਵੇਗੀ। ਹੁਣ ਜਿਵੇਂ ਕਿਤੇ ਪਾਣੀ ਵੱਧ ਹੈ, ਓਥੇ ਓਦਾਂ ਦੀ ਕੋਈ ਜਿਣਸ ਹੋਵੇਗੀ, ਜਿੱਥੇ ਪਾਣੀ ਦੀ ਘਾਟ ਹੈ, ਓਥੇ ਉਸ ਤਰ੍ਹਾਂ ਦੀਆਂ ਫਸਲਾਂ ਉਗਾਉਣੀਆਂ ਪੈਣਗੀਆਂ। ਜਿੱਥੇ ਖੇਤੀ ਸੰਭਵ ਨਹੀਂ, ਉੱਥੇ ਪਸ਼ੂਪਾਲਣ ਅਤੇ ਮੱਛੀ ਪਾਲਣ ਨੂੰ ਵਧਾਉਣਾ ਹੋਵੇਗਾ। ਕੁਝ ਖੇਤਰਾਂ ਵਿੱਚ ਮੱਖੀ ਪਾਲਣ ਇੱਕ ਵਧੀਆ ਬਦਲ ਹੋਵੇਗਾ। ਤੱਟੀ ਖੇਤਰਾਂ ਵਿੱਚ ਸੀਵੀਡ ਫਾਰਮਿੰਗ ਇੱਕ ਸ਼ਾਨਦਾਰ ਬਦਲ ਹੋ ਸਕਦਾ ਹੈ। ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਦੀ ਸਫਲਤਾ, ਲੋਕਲ ਪੱਧਰ ‘ਤੇ ਇਸਦੇ ਇੰਪਲੀਮੇਨਟੇਸ਼ਨ ਨਾਲ ਹੀ ਹੋਵੇਗੀ। ਇਸ ਲਈ ਸਾਡੇ ਨੌਜਵਾਨ ਅਧਿਕਾਰੀਆਂ ‘ਤੇ ਬਹੁਤ ਜ਼ਿੰਮੇਵਾਰੀ ਹੋਵੇਗੀ। ਉਨ੍ਹਾਂ ਕੋਲ ਕੁਝ ਕਰਕੇ ਦਿਖਾਉਣ ਦਾ ਮੌਕਾ ਹੈ। ਮੈਨੂੰ ਭਰੋਸਾ ਹੈ ਕਿ ਨੌਜਵਾਨ ਸਾਥੀ, ਕਿਸਾਨਾਂ ਨਾਲ ਮਿਲ ਕੇ ਦੇਸ਼ ਦੇ 100 ਜ਼ਿਲ੍ਹਿਆਂ ਦੀ ਖੇਤੀ ਦੀ ਤਸਵੀਰ ਬਦਲ ਦੇਣਗੇ। ਅਤੇ ਮੈਂ ਤੁਹਾਨੂੰ ਵਿਸ਼ਵਾਸ ਨਾਲ ਆਖ ਸਕਦਾ ਹਾਂ, ਜਿਵੇਂ ਹੀ ਇਸ ਪਿੰਡ ਵਿੱਚ ਖੇਤੀ ਦੀ ਤਸਵੀਰ ਬਦਲੀ, ਉਸ ਪੂਰੇ ਪਿੰਡ ਦੀ ਅਰਥਵਿਵਸਥਾ ਬਦਲ ਜਾਵੇਗੀ।
ਸਾਥੀਓ,
ਅੱਜ ਤੋਂ ਦਲਹਨ ਆਤਮਨਿਰਭਰਤਾ ਮਿਸ਼ਨ ਵੀ ਸ਼ੁਰੂ ਹੋ ਰਿਹਾ ਹੈ। ਇਹ ਸਿਰਫ਼ ਦਾਲ ਉਤਪਾਦਨ ਵਧਾਉਣ ਦਾ ਮਿਸ਼ਨ ਨਹੀਂ ਹੈ, ਬਲਕਿ ਸਾਡੀ ਭਵਿੱਖੀ ਪੀੜ੍ਹੀ ਨੂੰ ਸਮਰੱਥ ਬਣਾਉਣ ਦਾ ਵੀ ਅਭਿਆਨ ਹੈ। ਜਿਵੇਂ ਮੈਂ ਹੁਣ ਪਹਿਲਾਂ ਕਿਹਾ, ਪਿਛਲੇ ਸਾਲਾਂ ਵਿੱਚ ਭਾਰਤ ਦੇ ਕਿਸਾਨਾਂ ਨੇ ਰਿਕਾਰਡ ਅਨਾਜ ਉਤਪਾਦਨ ਕੀਤਾ ਹੈ, ਕਣਕ ਹੋਵੇ, ਝੋਨਾ ਹੋਵੇ, ਅੱਜ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਉਤਪਾਦਕਾਂ ਵਿੱਚੋਂ ਇੱਕ ਹੈ। ਪਰ ਸਾਥੀਓ, ਸਾਨੂੰ ਆਟੇ ਅਤੇ ਚੌਲ ਤੋਂ ਵੀ ਅੱਗੇ ਸੋਚਣਾ ਹੀ ਪਵੇਗਾ, ਅਸੀਂ ਆਪਣੇ ਘਰ ਵਿੱਚ ਵੀ ਆਟੇ ਅਤੇ ਚੌਲ ਨਾਲ ਹੀ ਗੁਜ਼ਾਰਾ ਨਹੀਂ ਕਰਦੇ, ਅਤੇ ਹੋਰ ਚੀਜ਼ਾਂ ਵੀ ਲੋੜੀਂਦੀਆਂ ਹਨ। ਆਟਾ-ਚੌਲ ਨਾਲ ਭੁੱਖ ਤਾਂ ਮਿਟ ਸਕਦੀ ਹੈ, ਪਰ ਪੂਰਨ ਪੋਸ਼ਣ ਲਈ ਹੋਰ ਚੀਜ਼ਾਂ ਦੀ ਲੋੜ ਹੈ, ਉਸ ਲਈ ਯੋਜਨਾ ਬਣਾਉਣੀ ਪੈਂਦੀ ਹੈ। ਅੱਜ ਭਾਰਤ ਨੂੰ, ਅਤੇ ਖ਼ਾਸ ਕਰਕੇ ਜੋ ਵੇਜੀਟੇਰੀਅਨ ਆਦਿ ਆਦਤ ਦੇ ਲੋਕ ਹਨ, ਉਨ੍ਹਾਂ ਦੇ ਪੋਸ਼ਣ ਲਈ ਪ੍ਰੋਟੀਨ ਬਹੁਤ ਮਹੱਤਵਪੂਰਨ ਹੈ। ਹੋਰ ਵੀ ਚੀਜ਼ਾਂ ਦੀ ਲੋੜ ਹੈ, ਜਿਸ ਵਿੱਚ ਪ੍ਰੋਟੀਨ ਵੀ ਹੈ। ਸਾਡੇ ਬੱਚਿਆਂ ਨੂੰ, ਸਾਡੀ ਭਵਿੱਖੀ ਪੀੜ੍ਹੀ ਨੂੰ, ਉਨ੍ਹਾਂ ਦੇ ਸਰੀਰਿਕ ਵਿਕਾਸ ਲਈ ਅਤੇ ਉਸਦੇ ਨਾਲ ਮਾਨਸਿਕ ਵਿਕਾਸ ਲਈ ਵੀ ਪ੍ਰੋਟੀਨ ਦਾ ਓਨਾ ਹੀ ਮਹੱਤਵ ਹੈ। ਅਤੇ ਸੁਭਾਵਿਕ ਹੈ, ਖ਼ਾਸ ਕਰਕੇ ਜੋ ਵੇਜੀਟੇਰੀਅਨ ਲੋਕ ਹਨ ਅਤੇ ਭਾਰਤ ਵਿੱਚ ਕਾਫੀ ਵੱਡਾ ਸਮਾਜ ਹੈ, ਉਨ੍ਹਾਂ ਲਈ ਦਾਲ ਹੀ ਪ੍ਰੋਟੀਨ ਦਾ ਸਭ ਤੋਂ ਵੱਡਾ ਸਰੋਤ ਹੈ। ਪਲਸਿਸ ਉਸਦਾ ਰਸਤਾ ਹੁੰਦੀਆਂ ਹਨ। ਪਰ ਚੁਣੌਤੀ ਇਹ ਵੀ ਹੈ ਕਿ ਭਾਰਤ ਅੱਜ ਵੀ, ਅਸੀਂ ਖੇਤੀ ਪ੍ਰਧਾਨ ਦੇਸ਼ ਹਾਂ, ਪਰ ਮਾੜੇ ਭਾਗ ਦੇਖੋ, ਭਾਰਤ ਅੱਜ ਵੀ ਇਸ ਤਰ੍ਹਾਂ ਦੀਆਂ ਲੋੜਾਂ ਲਈ ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ। ਅੱਜ ਦੇਸ਼ ਵੱਡੀ ਮਾਤਰਾ ਵਿੱਚ ਦਾਲ ਦਾ ਆਯਾਤ ਕਰ ਰਿਹਾ ਹੈ, ਦੂਜੇ ਦੇਸ਼ਾਂ ਤੋਂ ਮੰਗਵਾਉਂਦਾ ਹੈ। ਅਤੇ ਇਸ ਲਈ ਦਲਹਨ ਆਤਮਨਿਰਭਰਤਾ ਮਿਸ਼ਨ ਬਹੁਤ ਜ਼ਰੂਰੀ ਹੈ।
ਸਾਥੀਓ,
11 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਦਲਹਨ ਆਤਮਨਿਰਭਰਤਾ ਮਿਸ਼ਨ, ਇਸ ਵਿੱਚ ਕਿਸਾਨਾਂ ਦੀ ਬਹੁਤ ਮਦਦ ਕਰੇਗਾ। ਟੀਚਾ ਇਹ ਹੈ ਕਿ ਦਾਲਾਂ ਦੀ ਖੇਤੀ ਵਿੱਚ 35 ਲੱਖ ਹੈਕਟੇਅਰ ਦਾ ਵਾਧਾ, ਅਸੀਂ ਕਿਵੇਂ ਵੀ ਕਰਨਾ ਹੈ। ਇਸ ਮਿਸ਼ਨ ਹੇਠ ਅਰਹਰ, ਮਾਂਹ ਅਤੇ ਮਸਰ ਦਾਲ ਦੀ ਪੈਦਾਵਾਰ ਵਧਾਈ ਜਾਵੇਗੀ, ਦਾਲ ਦੀ ਖਰੀਦ ਦੀ ਢੁਕਵੀਂ ਵਿਵਸਥਾ ਕੀਤੀ ਜਾਵੇਗੀ। ਇਸ ਨਾਲ ਦੇਸ਼ ਦੇ ਲਗਭਗ ਦੋ ਕਰੋੜ ਦਾਲ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ। ਥੋੜੀ ਦੇਰ ਪਹਿਲਾਂ ਕੁਝ ਦਾਲ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਮੇਰੀ ਗੱਲਬਾਤ ਵੀ ਹੋਈ, ਅਤੇ ਮੈਂ ਦੇਖਿਆ ਕਿ ਉਹ ਆਤਮਵਿਸ਼ਵਾਸ ਨਾਲ ਭਰੇ ਹੋਏ ਸਨ, ਬਹੁਤ ਉਤਸ਼ਾਹਿਤ ਹਨ, ਅਤੇ ਉਨ੍ਹਾਂ ਦਾ ਖੁਦ ਦਾ ਤਜ਼ਰਬਾ ਪੂਰੀ ਤਰ੍ਹਾਂ ਸਫਲ ਰਿਹਾ ਹੈ, ਅਤੇ ਉਨ੍ਹਾਂ ਨੇ ਕਿਹਾ ਕਿ ਕਈ ਕਿਸਾਨ ਹੁਣ ਦੇਖਣ ਆਉਂਦੇ ਹਨ, ਕਿ ਭਾਈ ਏਨਾ ਵੱਡਾ ਕਿਵੇਂ ਕਰ ਲਿਆ। ਦੇਸ਼ ਨੂੰ ਦਲਹਨ ਵਿੱਚ ਆਤਮਨਿਰਭਰ ਬਣਾਉਣ ਲਈ ਮੈਂ ਉਨ੍ਹਾਂ ਨੂੰ ਬਹੁਤ ਮਜ਼ਬੂਤੀ ਅਤੇ ਵਿਸ਼ਵਾਸ ਦੇ ਨਾਲ, ਗੱਲਾਂ ਕਰਦੇ ਹੋਏ ਦੇਖਿਆ।
ਸਾਥੀਓ,
ਮੈਂ ਲਾਲ ਕਿਲੇ ਤੋਂ ਵਿਕਸਿਤ ਭਾਰਤ ਦੇ ਚਾਰ ਮਜ਼ਬੂਤ ਥੰਮ੍ਹਾਂ ਦੀ ਚਰਚਾ ਕੀਤੀ ਹੈ। ਇਹ ਚਾਰ ਥੰਮ੍ਹਾਂ ਵਿੱਚ ਤੁਸੀਂ ਮੇਰੇ ਸਾਰੇ ਕਿਸਾਨ ਸਾਥੀ, ਸਾਡੇ ਸਭ ਤੋਂ ਅੰਨਦਾਤਾ ਇੱਕ ਮਜ਼ਬੂਤ ਥੰਮ੍ਹ ਹੋ। ਪਿਛਲੇ 11 ਸਾਲਾਂ ਤੋਂ ਸਰਕਾਰ ਦਾ ਲਗਾਤਾਰ ਯਤਨ ਰਿਹਾ ਹੈ ਕਿ ਕਿਸਾਨ ਸਮਰੱਥ ਹੋਵੇ, ਖੇਤੀ ‘ਤੇ ਵਧੇਰੇ ਨਿਵੇਸ਼ ਹੋਵੇ। ਸਾਡੀ ਇਹ ਤਰਜੀਹ ਖੇਤੀ ਦੇ ਬਜਟ ਵਿੱਚ ਵੀ ਦਿਖਦੀ ਹੈ। ਪਿਛਲੇ 11 ਸਾਲਾਂ ਵਿੱਚ ਖੇਤੀ ਦਾ ਬਜਟ ਲਗਭਗ ਛੇ ਗੁਣਾ ਵਧ ਗਿਆ ਹੈ। ਇਸ ਵਧੇ ਹੋਏ ਬਜਟ ਦਾ ਸਭ ਤੋਂ ਵੱਧ ਫਾਇਦਾ ਸਾਡੇ ਛੋਟੇ ਕਿਸਾਨਾਂ ਨੂੰ ਹੋਇਆ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਤੁਹਾਨੂੰ ਪਤਾ ਹੈ ਕਿ ਭਾਰਤ ਆਪਣੇ ਕਿਸਾਨਾਂ ਨੂੰ ਖਾਦ ‘ਤੇ ਸਬਸਿਡੀ ਦਿੰਦਾ ਹੈ। ਕਾਂਗਰਸ ਸਰਕਾਰ ਨੇ ਆਪਣੇ 10 ਸਾਲਾਂ ਵਿੱਚ ਖਾਦ ‘ਤੇ 5 ਲੱਖ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਸੀ। ਮੇਰੇ ਆਉਣ ਤੋਂ ਪਹਿਲਾਂ 10 ਸਾਲਾਂ ਵਿੱਚ 5 ਲੱਖ ਕਰੋੜ। ਸਾਡੀ ਸਰਕਾਰ ਨੇ, ਭਾਜਪਾ-NDA ਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਖਾਦ ਵਿੱਚ ਜੋ ਸਬਸਿਡੀ ਹੈ, ਉਹ 13 ਲੱਖ ਕਰੋੜ ਰੁਪਏ ਤੋਂ ਵੱਧ ਦਿੱਤੀ ਹੈ।
ਸਾਥੀਓ,
ਕਾਂਗਰਸ ਸਰਕਾਰ, ਇੱਕ ਸਾਲ ਵਿੱਚ ਖੇਤੀ ‘ਤੇ ਜਿਨ੍ਹਾਂ ਖਰਚ ਕਰਦੀ ਸੀ, ਇੱਕ ਸਾਲ ਵਿੱਚ ਖੇਤੀ ‘ਤੇ ਜੋ ਖਰਚ ਹੁੰਦਾ ਸੀ, ਓਨਾ ਤਾਂ BJP-NDA ਦੀ ਸਰਕਾਰ, ਇੱਕ ਵਾਰ ਵਿੱਚ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਰੂਪ ਵਿੱਚ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰ ਦਿੰਦੀ ਹੈ। ਹੁਣ ਤੱਕ 3 ਲੱਖ 75 ਹਜ਼ਾਰ ਕਰੋੜ ਰੁਪਏ ਸਿੱਧੇ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤੁਹਾਡੇ ਬੈਂਕ ਖਾਤਿਆਂ ਵਿੱਚ ਭੇਜੇ ਜਾ ਚੁੱਕੇ ਹਨ।
ਸਾਥੀਓ,
ਕਿਸਾਨਾਂ ਦੀ ਆਮਦਨੀ ਵਧਾਉਣ ਲਈ, ਸਾਡੀ ਸਰਕਾਰ ਪ੍ਰੰਪਰਾਗਤ ਖੇਤੀ ਤੋਂ ਵੀ ਅੱਗੇ ਬਦਲ ਉਨ੍ਹਾਂ ਨੂੰ ਦੇ ਰਹੀ ਹੈ। ਇਸ ਲਈ ਪਸ਼ੂ ਪਾਲਣ, ਮੱਛੀ ਪਾਲਣ, ਮੱਖੀ ਪਾਲਣ ਉਨ੍ਹਾਂ ‘ਤੇ ਵੀ ਵਾਧੂ ਆਮਦਨੀ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਨਾਲ ਛੋਟੇ ਕਿਸਾਨਾਂ ਨੂੰ, ਭੂਮਿਹੀਣ ਪਰਿਵਾਰਾਂ ਨੂੰ ਵੀ ਤਾਕਤ ਮਿਲਦੀ ਹੈ। ਅਤੇ ਇਸਦਾ ਫਾਇਦਾ ਦੇਸ਼ ਦੇ ਕਿਸਾਨ ਲੈ ਰਹੇ ਹਨ। ਹੁਣ ਜਿਵੇਂ ਸ਼ਹਿਦ ਉਤਪਾਦਨ ਦਾ ਸੈਕਟਰ ਹੈ, 11 ਸਾਲ ਪਹਿਲਾਂ ਜਿੰਨਾ ਸ਼ਹਿਦ ਭਾਰਤ ਵਿੱਚ ਪੈਦਾ ਹੁੰਦਾ ਸੀ, ਅੱਜ ਉਸਦਾ ਲਗਭਗ ਦੁੱਗਣਾ ਸ਼ਹਿਦ ਉਤਪਾਦਨ ਭਾਰਤ ਵਿੱਚ ਹੁੰਦਾ ਹੈ। 6-7 ਸਾਲ ਪਹਿਲਾਂ ਲਗਭਗ ਸਾਢੇ 400 ਕਰੋੜ ਰੁਪਏ ਦਾ ਸ਼ਹਿਦ ਅਸੀਂ ਐਕਸਪੋਰਟ ਕਰਦੇ ਸੀ। ਪਰ ਪਿਛਲੇ ਸਾਲ, 1500 ਕਰੋੜ ਰੁਪਏ ਤੋਂ ਵੱਧ ਦਾ ਸ਼ਹਿਦ ਵਿਦੇਸ਼ਾਂ ਨੂੰ ਨਿਰਯਾਤ ਹੋਇਆ ਹੈ। ਇਹ ਤਿੰਨ ਗੁਣਾ ਵੱਧ ਪੈਸਾ ਸਾਡੇ ਕਿਸਾਨਾਂ ਨੂੰ ਹੀ ਮਿਲਿਆ ਹੈ।
ਸਾਥੀਓ,
ਪਿੰਡ ਦੀ ਖੁਸ਼ਹਾਲੀ ਅਤੇ ਖੇਤੀ ਨੂੰ ਆਧੁਨਿਕ ਬਣਾਉਣ ਵਿੱਚ, ਅੱਜ ਸਾਡੀਆਂ ਭੈਣਾਂ ਦੀ ਭਾਗੀਦਾਰੀ ਲਗਾਤਾਰ ਵਧ ਰਹੀ ਹੈ। ਹੁਣੀ ਇੱਕ ਦੇਵੀ ਜੀ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਰਾਜਸਥਾਨ ਤੋਂ ਸੀ, ਉਹ ਆਪਣੇ ਸਵੈ ਸਹਾਇਤਾ ਸਮੂਹ ਨਾਲ ਜੁੜੀ ਹੈ, ਉਹ ਮੈਨੂੰ ਕਹਿ ਰਹੀ ਸੀ ਕਿ ਅੱਜ ਉਨ੍ਹਾਂ ਦੇ ਮੈਂਬਰ 90 thousand ਹਨ, 90 ਹਜ਼ਾਰ, ਕਿੰਨਾ ਵੱਡਾ ਕੰਮ ਕੀਤਾ ਹੋਵੇਗਾ। ਇੱਕ ਡਾਕਟਰ ਭੈਣ ਮਿਲੀ, ਖ਼ੁਦ ਪੜ੍ਹੀ ਲਿਖੀ ਡਾਕਟਰ ਹੈ। ਪਰ ਹੁਣ ਪਸ਼ੂ ਪਾਲਣ ਵਿੱਚ ਲੱਗ ਗਈ ਹੈ। ਦੇਖੋ, ਖ਼ੇਤ ਵਿੱਚ ਫਸਲ ਦਾ ਕੰਮ ਹੋਵੇ ਜਾਂ ਪਸ਼ੂ ਪਾਲਣ, ਅੱਜ ਪਿੰਡ ਦੀਆਂ ਧੀਆਂ ਲਈ ਮੌਕੇ ਹੀ ਮੌਕੇ ਹਨ। ਦੇਸ਼ ਭਰ ਵਿੱਚ ਤਿੰਨ ਕਰੋੜ ਲਖਪਤੀ ਦੀਦੀਆਂ ਬਣਾਉਣ ਦਾ ਜੋ ਅਭਿਆਨ ਹੈ, ਉਸ ਤੋਂ ਖੇਤੀ ਨੂੰ ਬਹੁਤ ਮਦਦ ਮਿਲ ਰਹੀ ਹੈ। ਅੱਜ ਪਿੰਡਾਂ ਵਿੱਚ ਨਮੋ ਡ੍ਰੋਨ ਦੀਦੀਆਂ, ਖਾਦ ਅਤੇ ਕੀਟਨਾਸ਼ਕ ਛਿੜਕਾਅ ਦੇ ਆਧੁਨਿਕ ਢੰਗਾਂ ਦੀ ਅਗਵਾਈ ਕਰ ਰਹੀਆਂ ਹਨ। ਇਸ ਨਾਲ ਨਮੋ ਡ੍ਰੋਨ ਦੀਦੀਆਂ ਨੂੰ ਹਜ਼ਾਰਾਂ ਰੁਪਏ ਦੀ ਕਮਾਈ ਹੋ ਰਹੀ ਹੈ। ਇਸੇ ਤਰ੍ਹਾਂ, ਖੇਤੀ ਦੀ ਲਾਗਤ ਘੱਟ ਕਰਨ ਵਿੱਚ ਵੀ ਭੈਣਾਂ ਦੀ ਭੂਮਿਕਾ ਵਧ ਰਹੀ ਹੈ। ਕਿਸਾਨ ਕੁਦਰਤੀ ਖੇਤੀ ਨਾਲ ਜੁੜਨ, ਇਸ ਲਈ ਦੇਸ਼ ਵਿੱਚ ਸਤਾਰਾਂ ਹਜ਼ਾਰ ਤੋਂ ਵੱਧ ਐਸੇ ਕਲੱਸਟਰ ਬਣਾਏ ਗਏ ਹਨ, ਜੋ ਜ਼ਰੂਰੀ ਮਦਦ ਦਿੰਦੇ ਹਨ। ਲਗਭਗ 70 ਹਜ਼ਾਰ ਕ੍ਰਿਸ਼ੀ ਸਖੀਆਂ, ਕੁਦਰਤੀ ਖੇਤੀ ਨੂੰ ਲੈ ਕੇ ਜ਼ਰੂਰੀ ਮਾਰਗਦਰਸ਼ਨ ਕਿਸਾਨਾਂ ਨੂੰ ਦੇਣ ਲਈ ਤਿਆਰ ਹਨ।
ਸਾਥੀਓ,
ਸਾਡਾ ਯਤਨ ਹੈ ਹਰ ਕਿਸਾਨ, ਹਰ ਪਸ਼ੂ ਪਾਲਕ ਦਾ ਖਰਚ ਘੱਟ ਕਰਨਾ ਅਤੇ ਲਾਭ ਵੱਧ ਦੇਣਾ। ਹੁਣ ਜੋ GST ਵਿੱਚ ਨਵਾਂ ਸੁਧਾਰ ਹੋਇਆ ਹੈ, ਹੁਣੀ ਸ਼ਿਵਰਾਜ ਜੀ ਬੜੇ ਉਤਸ਼ਾਹ ਨਾਲ ਉਸਦੀ ਗੱਲ ਕਰ ਰਹੇ ਸਨ, ਇਸਦਾ ਵੀ ਬਹੁਤ ਵੱਡਾ ਫਾਇਦਾ ਪਿੰਡ ਦੇ ਲੋਕਾਂ ਨੂੰ, ਕਿਸਾਨਾਂ-ਪਸ਼ੂ ਪਾਲਕਾਂ ਨੂੰ ਹੋਇਆ ਹੈ। ਹੁਣੀ ਜੋ ਬਜ਼ਾਰ ਵਿੱਚ ਖਬਰਾਂ ਆ ਰਹੀਆਂ ਹਨ, ਉਹ ਦੱਸਦੀਆਂ ਹਨ ਕਿ ਤਿਉਹਾਰਾਂ ਦੇ ਇਸ ਸੀਜ਼ਨ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਟ੍ਰੈਕਟਰ ਖਰੀਦ ਰਹੇ ਹਨ। ਕਿਉਂਕਿ ਟ੍ਰੈਕਟਰ ਹੋਰ ਵੀ ਸਸਤੇ ਹੋਏ ਹਨ। ਜਦੋਂ ਦੇਸ਼ ਵਿੱਚ ਕਾਂਗਰਸ ਸਰਕਾਰ ਸੀ, ਤਾਂ ਕਿਸਾਨ ਨੂੰ ਹਰ ਚੀਜ਼ ਮਹਿੰਗੀ ਪੈਂਦੀ ਸੀ। ਤੁਸੀਂ ਟ੍ਰੈਕਟਰ ਹੀ ਦੇਖੋ, ਇੱਕ ਟ੍ਰੈਕਟਰ ‘ਤੇ ਕਾਂਗਰਸ ਸਰਕਾਰ 70 ਹਜ਼ਾਰ ਰੁਪਏ ਟੈਕਸ ਲੈਂਦੀ ਸੀ। ਉੱਥੇ GST ਵਿੱਚ ਨਵੇਂ ਸੁਧਾਰ ਦੇ ਬਾਅਦ ਉਹੀ ਟ੍ਰੈਕਟਰ ਲਗਭਗ 40 ਹਜ਼ਾਰ ਰੁਪਏ ਸਸਤਾ ਹੋ ਗਿਆ ਹੈ।
ਸਾਥੀਓ,
ਕਿਸਾਨਾਂ ਦੀ ਵਰਤੋਂ ਦੀਆਂ ਬਾਕੀ ਮਸ਼ੀਨਾਂ ‘ਤੇ ਵੀ GST ਬਹੁਤ ਘੱਟ ਕੀਤਾ ਗਿਆ ਹੈ। ਜਿਵੇਂ ਝੋਨਾ ਬੀਜਣ ਦੀ ਮਸ਼ੀਨ ਹੈ, ਉਸ ‘ਤੇ ਹੁਣ 15 ਹਜ਼ਾਰ ਰੁਪਏ ਦੀ ਬਚਤ ਹੋਵੇਗੀ। ਇਸੇ ਤਰ੍ਹਾਂ ਪਾਵਰ ਟਿਲਰ ‘ਤੇ 10 ਹਜ਼ਾਰ ਰੁਪਏ ਦੀ ਬਚਤ ਪੱਕੀ ਹੋ ਗਈ ਹੈ, ਥ੍ਰੈਸ਼ਰ ‘ਤੇ ਵੀ ਤੁਹਾਨੂੰ 25 ਹਜ਼ਾਰ ਰੁਪਏ ਤੱਕ ਦੀ ਬਚਤ ਹੋਵੇਗੀ। ਤੁਪਕਾ ਸਿੰਚਾਈ, ਫੁਆਰਾ ਸਿੰਚਾਈ ਨਾਲ ਜੁੜੇ ਉਪਕਰਣ ਹੋਣ, ਵਾਢੀ ਮਸ਼ੀਨ ਹੋਵੇ, ਸਾਰੀਆਂ ‘ਤੇ GST ਵਿੱਚ ਭਾਰੀ ਕਮੀ ਕੀਤੀ ਗਈ ਹੈ।
ਸਾਥੀਓ,
ਕੁਦਰਤੀ ਖੇਤੀ 'ਤੇ ਜ਼ੋਰ ਦੇਣ ਵਾਲੀ ਜੋ ਖਾਦ ਹੈ, ਕੀਟਨਾਸ਼ਕ ਹਨ, ਉਹ ਵੀ GST ਘਟਣ ਨਾਲ ਸਸਤੇ ਹੋ ਗਏ ਹਨ। ਕੁੱਲ ਮਿਲਾ ਕੇ ਦੇਖੋ ਤਾਂ ਪਿੰਡ ਦੇ ਇੱਕ ਪਰਿਵਾਰ ਨੂੰ ਡਬਲ ਬਚਤ ਹੋਈ ਹੈ। ਇੱਕ ਤਾਂ ਰੋਜ਼ਮਰਾ ਦਾ ਸਮਾਨ ਸਸਤਾ ਹੋਇਆ ਹੈ ਅਤੇ ਉੱਪਰੋਂ ਖੇਤੀ ਦੇ ਸੰਦ ਵੀ ਹੁਣ ਘੱਟ ਕੀਮਤ ‘ਤੇ ਮਿਲ ਰਹੇ ਹਨ।
ਮੇਰੇ ਪਿਆਰੇ ਕਿਸਾਨ ਸਾਥੀਓ,
ਤੁਸੀਂ ਅਜ਼ਾਦੀ ਦੇ ਬਾਅਦ ਭਾਰਤ ਨੂੰ ਅੰਨ ਉਤਪਾਦਨ ਵਿੱਚ ਆਤਮਨਿਰਭਰ ਬਣਾਇਆ। ਹੁਣ ਵਿਕਸਿਤ ਭਾਰਤ ਬਣਾਉਣ ਵਿੱਚ ਤੁਹਾਡੀ ਬਹੁਤ ਵੱਡੀ ਭੂਮਿਕਾ ਹੈ। ਇੱਕ ਪਾਸੇ ਅਸੀਂ ਆਤਮਨਿਰਭਰ ਬਣਨਾ ਹੀ ਹੈ। ਦੂਜੇ ਪਾਸੇ ਅਸੀਂ, ਆਲਮੀ ਬਜ਼ਾਰ ਲਈ ਵੀ ਉਤਪਾਦਨ ਕਰਨਾ ਹੈ। ਹੁਣ ਅਸੀਂ ਦੁਨੀਆ ਦੇ ਦਰਵਾਜਿਆਂ ‘ਤੇ ਦਸਤਕ ਦੇਣੀ ਹੈ ਦੋਸਤੋ। ਅਸੀਂ ਅਜਿਹੀਆਂ ਫਸਲਾਂ ‘ਤੇ ਵੀ ਜ਼ੋਰ ਦੇਣਾ ਹੈ ਜੋ ਦੁਨੀਆ ਦੀਆਂ ਮੰਡੀਆਂ ਵਿੱਚ ਛਾਅ ਜਾਣ। ਅਸੀਂ ਅਯਾਤ ਘੱਟ ਕਰਨਾ ਹੀ ਹੈ ਅਤੇ ਨਿਰਯਾਤ ਵਧਾਉਣ ਵਿੱਚ ਪਿੱਛੇ ਨਹੀਂ ਰਹਿਣਾ ਹੈ। ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ, ਦਲਹਨ ਆਤਮਨਿਰਭਰਤਾ ਮਿਸ਼ਨ, ਇਹ ਦੋਵੇਂ ਇਸ ਵਿੱਚ ਵੱਡੀ ਭੂਮਿਕਾ ਨਿਭਾਉਣਗੇ। ਅੱਜ ਇਸ ਮਹੱਤਵਪੂਰਨ ਮੌਕੇ ‘ਤੇ ਇੱਕ ਵਾਰ ਫਿਰ ਇਨ੍ਹਾਂ ਯੋਜਨਾਵਾਂ ਲਈ, ਮੇਰੇ ਕਿਸਾਨ ਭਰਾਵਾਂ-ਭੈਣਾਂ ਨੂੰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਨੂੰ ਆਉਣ ਵਾਲੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।
****
ਐੱਮਜੇਪੀਐੱਸ/ਐੱਸਟੀ/ਡੀਕੇ
(Release ID: 2177973)
Visitor Counter : 9
Read this release in:
Telugu
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Kannada
,
Malayalam