azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਨੇ ਰਾਸ਼ਟਰ ਪ੍ਰਤੀ ਆਰਐੱਸਐੱਸ ਦੇ ਯੋਗਦਾਨ 'ਤੇ ਚਾਨਣਾ ਪਾਉਂਦੇ ਹੋਏ ਇੱਕ ਖ਼ਾਸ ਤੌਰ 'ਤੇ ਤਿਆਰ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਜਾਰੀ ਕੀਤਾ

ਇੱਕ ਸਦੀ ਪਹਿਲਾਂ ਆਰਐੱਸਐੱਸ ਦੀ ਸਥਾਪਨਾ ਰਾਸ਼ਟਰੀ ਚੇਤਨਾ ਦੀ ਸਥਾਈ ਭਾਵਨਾ ਨੂੰ ਦਰਸਾਉਂਦੀ ਹੈ, ਜੋ ਹਰ ਯੁੱਗ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਉੱਭਰੀ ਹੈ: ਪ੍ਰਧਾਨ ਮੰਤਰੀ

ਮੈਂ ਪਰਮ ਪੂਜਨੀਕ ਡਾ. ਹੇਡਗੇਵਾਰ ਜੀ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ: ਪ੍ਰਧਾਨ ਮੰਤਰੀ

ਆਰਐੱਸਐੱਸ ਵਲੰਟੀਅਰ ਰਾਸ਼ਟਰ ਸੇਵਾ ਅਤੇ ਸਮਾਜ ਨੂੰ ਮਜ਼ਬੂਤ ਬਣਾਉਣ ਲਈ ਅਣਥੱਕ ਤੌਰ 'ਤੇ ਸਮਰਪਿਤ ਰਹੇ ਹਨ: ਪ੍ਰਧਾਨ ਮੰਤਰੀ

ਅੱਜ ਜਾਰੀ ਕੀਤਾ ਗਿਆ ਯਾਦਗਾਰੀ ਡਾਕ ਟਿਕਟ 1963 ਦੀ ਗਣਤੰਤਰ ਦਿਵਸ ਪਰੇਡ ਵਿੱਚ ਮਾਣ ਨਾਲ ਮਾਰਚ ਕਰਨ ਵਾਲੇ ਆਰਐੱਸਐੱਸ ਵਲੰਟੀਅਰਾਂ ਦੀ ਯਾਦ ਵਿੱਚ ਇੱਕ ਸ਼ਰਧਾਂਜਲੀ ਹੈ: ਪ੍ਰਧਾਨ ਮੰਤਰੀ

ਆਪਣੀ ਸਥਾਪਨਾ ਤੋਂ ਬਾਅਦ, ਆਰਐੱਸਐੱਸ ਨੇ ਰਾਸ਼ਟਰ ਨਿਰਮਾਣ 'ਤੇ ਧਿਆਨ ਕੇਂਦ੍ਰਿਤ ਕੀਤਾ: ਪ੍ਰਧਾਨ ਮੰਤਰੀ

ਆਰਐੱਸਐੱਸ ਸ਼ਾਖ਼ਾ ਪ੍ਰੇਰਨਾ ਦੀ ਇੱਕ ਬੁਨਿਆਦ ਹੈ, ਜਿੱਥੇ 'ਮੈਂ' ਤੋਂ 'ਅਸੀਂ' ਤੱਕ ਦੀ ਯਾਤਰਾ ਸ਼ੁਰੂ ਹੁੰਦੀ ਹੈ: ਪ੍ਰਧਾਨ ਮੰਤਰੀ

ਆਰਐੱਸਐੱਸ ਦੇ ਇੱਕ ਸਦੀ ਦੇ ਕੰਮ ਦੀ ਨੀਂਹ ਰਾਸ਼ਟਰ ਨਿਰਮਾਣ ਦੇ ਟੀਚੇ, ਵਿਅਕਤੀਗਤ ਵਿਕਾਸ ਦੇ ਇੱਕ ਸਪੱਸ਼ਟ ਮਾਰਗ ਅਤੇ ਸ਼ਾਖ਼ਾ ਦੇ ਜੀਵੰਤ ਅਭਿਆਸ 'ਤੇ ਟਿਕੀ ਹੋਈ ਹੈ: ਪ੍ਰਧਾਨ ਮੰਤਰੀ

ਆਰਐੱਸਐੱਸ

Posted On: 01 OCT 2025 1:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਸ਼ਤਾਬਦੀ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੀ ਮੋਦੀ ਨੇ ਸਾਰੇ ਨਾਗਰਿਕਾਂ ਨੂੰ ਨਰਾਤਿਆਂ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਅੱਜ ਮਹਾਨੌਮੀ ਅਤੇ ਦੇਵੀ ਸਿੱਧਿਦਾਤਰੀ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਭਲਕੇ ਵਿਜੈ ਦਸ਼ਮੀ ਦਾ ਮਹਾਨ ਤਿਉਹਾਰ ਹੈ, ਜੋ ਭਾਰਤੀ ਸੱਭਿਆਚਾਰ ਦੇ ਸਦੀਵੀ ਐਲਾਨ - ਅਨਿਆਂ 'ਤੇ ਨਿਆਂ, ਝੂਠ 'ਤੇ ਸੱਚ ਅਤੇ ਹਨੇਰੇ 'ਤੇ ਚਾਨਣ ਦੀ ਜਿੱਤ - ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੇ ਪਵਿੱਤਰ ਮੌਕੇ 'ਤੇ, ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ ਸੌ ਵਰ੍ਹੇ ਪਹਿਲਾਂ ਕੀਤੀ ਗਈ ਸੀ ਅਤੇ ਇਹ ਕੋਈ ਸੰਜੋਗ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਹਜ਼ਾਰਾਂ ਸਾਲਾਂ ਦੀ ਇੱਕ ਪੁਰਾਤਨ ਪ੍ਰੰਪਰਾ ਦੀ ਬਹਾਲੀ ਸੀ, ਜਿੱਥੇ ਰਾਸ਼ਟਰੀ ਚੇਤਨਾ ਹਰ ਯੁੱਗ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਵੇਂ ਰੂਪਾਂ ਵਿੱਚ ਪ੍ਰਗਟ ਹੁੰਦੀ ਰਹੀ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਸ ਯੁੱਗ ਵਿੱਚ, ਸੰਘ ਉਸ ਸਦੀਵੀ ਰਾਸ਼ਟਰੀ ਚੇਤਨਾ ਦਾ ਇੱਕ ਨੇਕ ਅਵਤਾਰ ਹੈ।

ਇਹ ਉਜਾਗਰ ਕਰਦੇ ਹੋਏ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸ਼ਤਾਬਦੀ ਵਰ੍ਹੇ ਦਾ ਗਵਾਹ ਬਣਨਾ ਸਵੈਮ ਸੇਵਕਾਂ ਦੀ ਮੌਜੂਦਾ ਪੀੜ੍ਹੀ ਲਈ ਇੱਕ ਸਨਮਾਨ ਦੀ ਗੱਲ ਹੈ, ਸ਼੍ਰੀ ਮੋਦੀ ਨੇ ਰਾਸ਼ਟਰੀ ਸੇਵਾ ਦੇ ਸੰਕਲਪ ਲਈ ਸਮਰਪਿਤ ਅਣਗਿਣਤ ਸਵੈਮ ਸੇਵਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਸੰਘ ਦੇ ਸੰਸਥਾਪਕ ਅਤੇ ਸਤਿਕਾਰਯੋਗ ਆਦਰਸ਼, ਡਾ. ਹੇਡਗੇਵਾਰ ਦੇ ਚਰਨਾਂ ਵਿੱਚ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਸੰਘ ਦੀ ਸ਼ਾਨਦਾਰ 100 ਸਾਲਾ ਯਾਤਰਾ ਦੀ ਯਾਦ ਵਿੱਚ ਭਾਰਤ ਸਰਕਾਰ ਨੇ ਇੱਕ ਵਿਸ਼ੇਸ਼ ਡਾਕ ਟਿਕਟ ਅਤੇ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ। ₹100 ਦੇ ਸਿੱਕੇ ਵਿੱਚ ਇੱਕ ਪਾਸੇ ਰਾਸ਼ਟਰੀ ਚਿੰਨ੍ਹ ਅਤੇ ਦੂਜੇ ਪਾਸੇ ਸਵੈਮ ਸੇਵਕਾਂ ਵਲੋਂ ਸਲਾਮੀ ਦਿੱਤੀ ਜਾ ਰਹੀ ਵਰਦ ਮੁਦਰਾ ਵਿੱਚ ਭਾਰਤ ਮਾਤਾ ਦੀ ਸ਼ਾਨਦਾਰ ਤਸਵੀਰ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੈ ਜਦੋਂ ਭਾਰਤ ਮਾਤਾ ਦੀ ਤਸਵੀਰ ਭਾਰਤੀ ਮੁਦਰਾ 'ਤੇ ਦਿਖਾਈ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਕੇ 'ਤੇ ਸੰਘ ਦਾ ਮਾਰਗਦਰਸ਼ਕ ਆਦਰਸ਼ ਵਾਕ: "ਰਾਸ਼ਟਰਯ ਸਵਾਹਾ, ਇਦਮ ਰਾਸ਼ਟਰਯ, ਇਦਮ ਨਾ ਮਮ" ਵੀ ਉੱਕਰਿਆ ਹੈ।"

ਅੱਜ ਜਾਰੀ ਕੀਤੇ ਗਏ ਯਾਦਗਾਰੀ ਡਾਕ ਟਿਕਟ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਇਸ ਦੇ ਡੂੰਘੀ ਇਤਿਹਾਸਕ ਪ੍ਰਸੰਗਿਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ 26 ਜਨਵਰੀ ਦੀ ਗਣਤੰਤਰ ਦਿਵਸ ਪਰੇਡ ਦੇ ਮਹੱਤਵ ਨੂੰ ਯਾਦ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 1963 ਵਿੱਚ ਆਰਐੱਸਐੱਸ ਦੇ ਸਵੈਮ ਸੇਵਕਾਂ ਨੇ ਦੇਸ਼ਭਗਤੀ ਦੀਆਂ ਧੁਨਾਂ ਦੇ ਤਾਲ 'ਤੇ ਮਾਰਚ ਕਰਦਿਆਂ ਇਸ ਪਰੇਡ ਵਿੱਚ ਬਹੁਤ ਮਾਣ ਨਾਲ ਹਿੱਸਾ ਲਿਆ ਸੀ।

"ਇਹ ਯਾਦਗਾਰੀ ਡਾਕ ਟਿਕਟ ਆਰਐੱਸਐੱਸ ਸਵੈਮ ਸੇਵਕਾਂ ਦੇ ਅਟੁੱਟ ਸਮਰਪਣ ਨੂੰ ਵੀ ਦਰਸਾਉਂਦੀ ਹੈ ਜੋ ਦੇਸ਼ ਸੇਵਾ ਵਿੱਚ ਜੁਟੇ ਹੋਏ ਹਨ ਅਤੇ ਸਮਾਜ ਨੂੰ ਮਜ਼ਬੂਤ ਬਣਾ ਰਹੇ ਹਨ", ਸ਼੍ਰੀ ਮੋਦੀ ਨੇ ਭਾਰਤ ਦੇ ਨਾਗਰਿਕਾਂ ਨੂੰ ਇਨ੍ਹਾਂ ਯਾਦਗਾਰੀ ਸਿੱਕਿਆਂ ਅਤੇ ਡਾਕ ਟਿਕਟਾਂ ਦੇ ਜਾਰੀ ਹੋਣ 'ਤੇ ਤਹਿ ਦਿਲੋਂ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਿਸ ਤਰ੍ਹਾਂ ਮਹਾਨ ਨਦੀਆਂ ਆਪਣੇ ਕੰਢਿਆਂ 'ਤੇ ਮਨੁੱਖੀ ਸੱਭਿਅਤਾਵਾਂ ਦਾ ਪਾਲਣ-ਪੋਸ਼ਣ ਕਰਦੀਆਂ ਹਨ, ਉਸੇ ਤਰ੍ਹਾਂ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਅਣਗਿਣਤ ਜ਼ਿੰਦਗੀਆਂ ਨੂੰ ਪਾਲ਼ਿਆ-ਪੋਸਿਆ ਅਤੇ ਅਮੀਰ ਬਣਾਇਆ ਹੈ। ਇੱਕ ਅਜਿਹੀ ਨਦੀ ਜੋ ਉਸ ਧਰਤੀ, ਪਿੰਡਾਂ ਅਤੇ ਖੇਤਰਾਂ ਨੂੰ ਅਸੀਸ ਦਿੰਦੀ ਹੈ ਅਤੇ ਸੰਘ, ਜਿਸਨੇ ਭਾਰਤੀ ਸਮਾਜ ਦੇ ਹਰ ਵਰਗ ਅਤੇ ਦੇਸ਼ ਦੇ ਹਰ ਖੇਤਰ ਨੂੰ ਛੂਹਿਆ ਹੈ, ਦਰਮਿਆਨ ਇੱਕ ਸਮਾਨਤਾ ਖਿੱਚਦੇ ਹੋਏ, ਸ਼੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਇਹ ਅਟੁੱਟ ਸਮਰਪਣ ਅਤੇ ਇੱਕ ਸ਼ਕਤੀਸ਼ਾਲੀ ਰਾਸ਼ਟਰੀ ਧਾਰਾ ਦਾ ਨਤੀਜਾ ਹੈ।

ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਕਈ ਧਾਰਾਵਾਂ ਵਿੱਚ ਵੰਡੀ ਜਾਂਦੀ ਅਤੇ ਵੱਖ-ਵੱਖ ਖੇਤਰਾਂ ਨੂੰ ਪੋਸ਼ਣ ਦਿੰਦੀ ਇੱਕ ਨਦੀ ਦੇ ਵਿਚਾਲੇ ਸਮਾਨਤਾ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸੰਘ ਦੀ ਯਾਤਰਾ ਇਸ ਨੂੰ ਦਰਸਾਉਂਦੀ ਹੈ, ਇਸਦੇ ਵੱਖ-ਵੱਖ ਸਬੰਧਤ ਸੰਗਠਨ ਜੀਵਨ ਦੇ ਸਾਰੇ ਪਹਿਲੂਆਂ - ਸਿੱਖਿਆ, ਖੇਤੀਬਾੜੀ, ਸਮਾਜ ਭਲਾਈ, ਆਦਿਵਾਸੀ ਉੱਨਤੀ, ਮਹਿਲਾ ਸਸ਼ਕਤੀਕਰਨ, ਕਲਾ ਅਤੇ ਵਿਗਿਆਨ ਅਤੇ ਕਿਰਤ ਖੇਤਰ ਵਿੱਚ ਰਾਸ਼ਟਰੀ ਸੇਵਾ ਵਿੱਚ ਲੱਗੇ ਹੋਏ ਹਨ। ਸ਼੍ਰੀ ਮੋਦੀ ਨੇ ਚਾਨਣਾ ਪਾਇਆ ਕਿ ਸੰਘ ਦੇ ਕਈ ਧਾਰਾਵਾਂ ਵਿੱਚ ਵਿਸਥਾਰ ਦੇ ਬਾਵਜੂਦ, ਉਨ੍ਹਾਂ ਵਿੱਚ ਕਦੇ ਵੀ ਵੰਡੀ ਨਹੀਂ ਪਈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਹਰ ਸ਼ਾਖ਼ਾ, ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਹਰੇਕ ਸੰਗਠਨ, ਇੱਕੋ ਮੰਤਵ ਅਤੇ ਭਾਵਨਾ ਨੂੰ ਸਾਂਝਾ ਕਰਦੇ ਹਨ: ਰਾਸ਼ਟਰ ਨੂੰ ਪਹਿਲ।"

"ਆਪਣੀ ਸ਼ੁਰੂਆਤ ਤੋਂ ਹੀ, ਰਾਸ਼ਟਰੀ ਸਵੈਮ ਸੇਵਕ ਸੰਘ ਨੇ ਇੱਕ ਮਹਾਨ ਮੰਤਵ- ਰਾਸ਼ਟਰ ਨਿਰਮਾਣ" ਨੂੰ ਅਪਣਾਇਆ ਹੈ, ਸ਼੍ਰੀ ਮੋਦੀ ਨੇ ਕਿਹਾ, ਇਸ ਮੰਤਵ ਨੂੰ ਪੂਰਾ ਕਰਨ ਲਈ, ਸੰਘ ਨੇ ਰਾਸ਼ਟਰੀ ਵਿਕਾਸ ਦੀ ਨੀਂਹ ਵਜੋਂ ਵਿਅਕਤੀਗਤ ਵਿਕਾਸ ਦਾ ਰਾਹ ਚੁਣਿਆ। ਇਸ ਮਾਰਗ 'ਤੇ ਨਿਰੰਤਰ ਅੱਗੇ ਵਧਣ ਲਈ, ਸੰਘ ਨੇ ਇੱਕ ਅਨੁਸ਼ਾਸਿਤ ਕਾਰਜ ਵਿਧੀ ਅਪਣਾਈ: ਸ਼ਾਖ਼ਾਵਾਂ ਦਾ ਰੋਜ਼ਾਨਾ ਅਤੇ ਨਿਯਮਤ ਆਚਰਣ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਸਤਿਕਾਰਯੋਗ ਡਾ. ਹੇਡਗੇਵਾਰ ਸਮਝਦੇ ਸਨ ਕਿ ਰਾਸ਼ਟਰ ਉਦੋਂ ਹੀ ਅਸਲ ਵਿੱਚ ਮਜ਼ਬੂਤ ​​ਹੋਵੇਗਾ ਜਦੋਂ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਹੋਵੇਗਾ; ਭਾਰਤ ਉਦੋਂ ਹੀ ਉੱਭਰੇਗਾ ਜਦੋਂ ਹਰ ਨਾਗਰਿਕ ਰਾਸ਼ਟਰ ਲਈ ਜਿਊਣਾ ਸਿੱਖੇਗਾ।" ਉਨ੍ਹਾਂ ਕਿਹਾ ਕਿ ਇਸੇ ਲਈ ਡਾ. ਹੇਡਗੇਵਾਰ ਇੱਕ ਵਿਲੱਖਣ ਪਹੁੰਚ ਅਪਣਾਉਂਦੇ ਹੋਏ ਵਿਅਕਤੀਗਤ ਵਿਕਾਸ ਲਈ ਵਚਨਬੱਧ ਰਹੇ। ਸ਼੍ਰੀ ਮੋਦੀ ਨੇ ਡਾ. ਹੇਡਗੇਵਾਰ ਦੇ ਮਾਰਗਦਰਸ਼ਕ ਸਿਧਾਂਤ ਦਾ ਹਵਾਲਾ ਦਿੱਤਾ: "ਲੋਕਾਂ ਨੂੰ ਉਸੇ ਤਰ੍ਹਾਂ ਲਓ ਜਿਵੇਂ ਉਹ ਹਨ, ਉਨ੍ਹਾਂ ਨੂੰ ਉਸ ਤਰ੍ਹਾਂ ਦਾ ਸਰੂਪ ਦਿਓ ਜਿਵੇਂ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ।" ਉਨ੍ਹਾਂ ਨੇ ਡਾ. ਹੇਡਗੇਵਾਰ ਦੇ ਲੋਕ ਸੰਪਰਕ ਦੇ ਢੰਗ ਦੀ ਤੁਲਨਾ ਇੱਕ ਘੁਮਿਆਰ ਨਾਲ ਕੀਤੀ - ਇੱਕ ਜੋ ਸਧਾਰਨ ਮਿੱਟੀ ਨਾਲ ਸ਼ੁਰੂਆਤ ਕਰਦਾ ਹੈ, ਇਸ 'ਤੇ ਮਿਹਨਤ ਕਰਦਾ ਹੈ, ਇਸਨੂੰ ਰੂਪ ਦਿੰਦਾ ਹੈ ਅਤੇ ਪਕਾਉਂਦਾ ਹੈ, ਅਤੇ ਅੰਤ ਵਿੱਚ ਇੱਟਾਂ ਦੀ ਵਰਤੋਂ ਕਰਕੇ ਇੱਕ ਸ਼ਾਨਦਾਰ ਢਾਂਚਾ ਤਿਆਰ ਕਰਦਾ ਹੈ। ਇਸੇ ਤਰ੍ਹਾਂ, ਡਾ. ਹੇਡਗੇਵਾਰ ਨੇ ਆਮ ਵਿਅਕਤੀਆਂ ਦੀ ਚੋਣ ਕੀਤੀ, ਉਨ੍ਹਾਂ ਨੂੰ ਸਿਖਲਾਈ ਦਿੱਤੀ, ਉਨ੍ਹਾਂ ਨੂੰ ਦ੍ਰਿਸ਼ਟੀਕੌਣ ਦਿੱਤਾ ਅਤੇ ਉਨ੍ਹਾਂ ਨੂੰ ਰਾਸ਼ਟਰ ਲਈ ਸਮਰਪਿਤ ਸਵੈਮ ਸੇਵਕਾਂ ਵਿੱਚ ਢਾਲਿਆ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸੇ ਲਈ ਸੰਘ ਬਾਰੇ ਕਿਹਾ ਜਾਂਦਾ ਹੈ ਕਿ ਆਮ ਲੋਕ ਅਸਾਧਾਰਨ ਅਤੇ ਬੇਮਿਸਾਲ ਕਾਰਜਾਂ ਨੂੰ ਪੂਰਾ ਕਰਨ ਲਈ ਇਕੱਠੇ ਹੁੰਦੇ ਹਨ।

ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਸ਼ਾਖ਼ਾਵਾਂ ਵਿੱਚ ਵਿਅਕਤੀਗਤ ਵਿਕਾਸ ਦੀ ਲਗਾਤਾਰ ਪ੍ਰਫੁੱਲਤ ਹੁੰਦੀ ਉੱਤਮ ਪ੍ਰਕਿਰਿਆ ਦੀ  ਗੱਲ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਸ਼ਾਖ਼ਾ ਮੈਦਾਨ ਨੂੰ ਪ੍ਰੇਰਨਾ ਦਾ ਇੱਕ ਪਵਿੱਤਰ ਸਥਾਨ ਦੱਸਿਆ, ਜਿੱਥੇ ਇੱਕ ਸਵੈਮ ਸੇਵਕ ਸਮੂਹਿਕ ਭਾਵਨਾ ਦੀ ਨੁਮਾਇੰਦਗੀ ਕਰਦੇ ਹੋਏ "ਮੈਂ" ਤੋਂ "ਅਸੀਂ" ਤੱਕ ਆਪਣੀ ਯਾਤਰਾ ਸ਼ੁਰੂ ਕਰਦਾ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਸ਼ਾਖ਼ਾਵਾਂ ਚਰਿੱਤਰ ਨਿਰਮਾਣ ਦਾ ਪਵਿੱਤਰ ਸਥਾਨ ਹਨ, ਜੋ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਸ਼ਾਖ਼ਾਵਾਂ ਦੇ ਅੰਦਰ, ਰਾਸ਼ਟਰ ਸੇਵਾ ਭਾਵਨਾ ਅਤੇ ਹਿੰਮਤ ਜੜ੍ਹ ਫੜਦੀ ਹੈ, ਕੁਰਬਾਨੀ ਅਤੇ ਸਮਰਪਣ ਕੁਦਰਤੀ ਹੋ ਜਾਂਦਾ ਹੈ, ਨਿੱਜੀ ਸਾਖ਼ ਫਿੱਕੀ ਪੈ ਜਾਂਦੀ ਹੈ ਅਤੇ ਸਵੈਮ ਸੇਵਕ ਸਮੂਹਿਕ ਫੈਸਲਾ ਲੈਣ ਅਤੇ ਟੀਮ ਵਰਕ ਦੀਆਂ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਦੇ ਹਨ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਸੌ ਸਾਲਾ ਸਫ਼ਰ ਤਿੰਨ ਬੁਨਿਆਦੀ ਥੰਮ੍ਹਾਂ - ਰਾਸ਼ਟਰ ਨਿਰਮਾਣ ਦਾ ਇੱਕ ਮਹਾਨ ਦ੍ਰਿਸ਼ਟੀਕੋਣ, ਵਿਅਕਤੀਗਤ ਵਿਕਾਸ ਦਾ ਇੱਕ ਸਪੱਸ਼ਟ ਮਾਰਗ, ਅਤੇ ਸ਼ਾਖ਼ਾਵਾਂ ਦੇ ਰੂਪ ਵਿੱਚ ਇੱਕ ਸਰਲ ਪਰ ਗਤੀਸ਼ੀਲ ਕਾਰਜ ਵਿਧੀ 'ਤੇ ਟਿਕਾ ਹੋਇਆ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਥੰਮ੍ਹਾਂ 'ਤੇ ਖੜ੍ਹੇ ਹੋ ਕੇ, ਸੰਘ ਨੇ ਲੱਖਾਂ ਸਵੈਮ ਸੇਵਕਾਂ ਨੂੰ ਢਾਲਿਆ ਹੈ ਜੋ ਸਮਰਪਣ, ਸੇਵਾ ਅਤੇ ਰਾਸ਼ਟਰੀ ਉੱਤਮਤਾ ਦੀ ਵਚਨਬੱਧਤਾ ਨਾਲ ਭਿੰਨ-ਭਿੰਨ ਖੇਤਰਾਂ ਵਿੱਚ ਦੇਸ਼ ਨੂੰ ਅੱਗੇ ਲਿਜਾ ਰਹੇ ਹਨ।

ਇਹ ਪੁਸ਼ਟੀ ਕਰਦੇ ਹੋਏ ਕਿ ਆਪਣੀ ਸ਼ੁਰੂਆਤ ਤੋਂ ਲੈ ਕੇ, ਰਾਸ਼ਟਰੀ ਸਵੈਮ ਸੇਵਕ ਸੰਘ ਨੇ ਆਪਣੀਆਂ ਤਰਜੀਹਾਂ ਨੂੰ ਰਾਸ਼ਟਰ ਦੀਆਂ ਤਰਜੀਹਾਂ ਨਾਲ ਜੋੜਿਆ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਹਰ ਯੁੱਗ ਵਿੱਚ, ਸੰਘ ਨੇ ਦੇਸ਼ ਦੇ ਸਾਹਮਣੇ ਆਉਣ ਵਾਲੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਆਜ਼ਾਦੀ ਦੀ ਲੜਾਈ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸਤਿਕਾਰਯੋਗ ਡਾ. ਹੇਡਗੇਵਾਰ ਅਤੇ ਹੋਰ ਬਹੁਤ ਸਾਰੇ ਕਾਰਕੁਨਾਂ ਨੇ ਆਜ਼ਾਦੀ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ, ਡਾ. ਹੇਡਗੇਵਾਰ ਨੂੰ ਕਈ ਵਾਰ ਕੈਦ ਵੀ ਹੋਈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੰਘ ਨੇ ਕਈ ਆਜ਼ਾਦੀ ਘੁਲਾਟੀਆਂ ਦੀ ਪੁਸ਼ਤ-ਪਨਾਹੀ ਕੀਤੀ, ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਉਨ੍ਹਾਂ ਨੇ ਚਿਮੂਰ ਵਿੱਚ 1942 ਦੇ ਅੰਦੋਲਨ ਦਾ ਹਵਾਲਾ ਦਿੱਤਾ, ਜਿੱਥੇ ਬਹੁਤ ਸਾਰੇ ਸਵੈਮ ਸੇਵਕਾਂ ਨੇ ਬਰਤਾਨਵੀ ਅੱਤਿਆਚਾਰਾਂ ਦਾ ਟਾਕਰਾ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ, ਹੈਦਰਾਬਾਦ ਵਿੱਚ ਨਿਜ਼ਾਮ ਦੇ ਜ਼ੁਲਮ ਦਾ ਵਿਰੋਧ ਕਰਨ ਤੋਂ ਲੈ ਕੇ ਗੋਆ ਅਤੇ ਦਾਦਰਾ ਅਤੇ ਨਗਰ ਹਵੇਲੀ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਤੱਕ, ਸੰਘ ਨੇ ਆਪਣੀਆਂ ਕੁਰਬਾਨੀਆਂ ਜਾਰੀ ਰੱਖੀਆਂ। ਇਸ ਦੌਰਾਨ, ਮਾਰਗਦਰਸ਼ਕ ਭਾਵਨਾ "ਰਾਸ਼ਟਰ ਨੂੰ ਪਹਿਲ" ਰਹੀ ਅਤੇ ਅਟੱਲ ਟੀਚਾ "ਏਕ ਭਾਰਤ, ਸ੍ਰੇਸ਼ਠ ਭਾਰਤ" ਸੀ।

ਇਹ ਸਵੀਕਾਰ ਕਰਦੇ ਹੋਏ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਆਪਣੀ ਰਾਸ਼ਟਰ ਸੇਵਾ ਦੀ ਯਾਤਰਾ ਦੌਰਾਨ ਹਮਲਿਆਂ ਅਤੇ ਸਾਜ਼ਿਸ਼ਾਂ ਦਾ ਸਾਹਮਣਾ ਕੀਤਾ ਹੈ, ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਕਿਵੇਂ ਆਜ਼ਾਦੀ ਤੋਂ ਬਾਅਦ ਵੀ, ਸੰਘ ਨੂੰ ਦਬਾਉਣ ਅਤੇ ਮੁੱਖ ਧਾਰਾ ਵਿੱਚ ਇਸ ਦੇ ਏਕੀਕਰਨ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਤਿਕਾਰਯੋਗ ਗੁਰੂ ਜੀ ਨੂੰ ਝੂਠੇ ਦੋਸ਼ਾਂ ਵਿੱਚ ਫਸਾਇਆ ਗਿਆ ਸੀ ਅਤੇ ਜੇਲ੍ਹ ਭੇਜਿਆ ਗਿਆ ਸੀ। ਫਿਰ ਵੀ, ਉਨ੍ਹਾਂ ਦੀ ਰਿਹਾਈ 'ਤੇ, ਗੁਰੂ ਜੀ ਨੇ ਮਜ਼ਬੂਤ ਸੰਜਮ ਨਾਲ ਜਵਾਬ ਦਿੱਤਾ, "ਕਈ ਵਾਰ ਜੀਭ ਦੰਦਾਂ ਹੇਠ ਆ ਜਾਂਦੀ ਹੈ ਅਤੇ ਚਿੱਥੀ ਜਾਂਦੀ ਹੈ। ਪਰ ਅਸੀਂ ਦੰਦ ਨਹੀਂ ਤੋੜਦੇ, ਕਿਉਂਕਿ ਦੰਦ ਅਤੇ ਜੀਭ ਦੋਵੇਂ ਸਾਡੇ ਹਨ।" ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰੀ ਤਸ਼ੱਦਦ ਅਤੇ ਕਈ ਤਰ੍ਹਾਂ ਦੇ ਜ਼ੁਲਮ ਸਹਿਣ ਦੇ ਬਾਵਜੂਦ, ਗੁਰੂ ਜੀ ਨੇ ਕੋਈ ਨਰਾਜ਼ਗੀ ਜਾਂ ਬੁਰਾਈ ਦੀ ਭਾਵਨਾ ਨਹੀਂ ਰੱਖੀ। ਉਨ੍ਹਾਂ ਨੇ ਗੁਰੂ ਜੀ ਦੀ ਰਿਸ਼ੀ ਵਰਗੀ ਸ਼ਖਸੀਅਤ ਅਤੇ ਵਿਚਾਰਧਾਰਕ ਸਪੱਸ਼ਟਤਾ ਨੂੰ ਹਰੇਕ ਸਵੈਮ ਸੇਵਕ ਲਈ ਇੱਕ ਮਾਰਗਦਰਸ਼ਕ ਚਾਨਣ ਮੁਨਾਰੇ ਵਜੋਂ ਦਰਸਾਇਆ, ਜੋ ਸਮਾਜ ਪ੍ਰਤੀ ਏਕਤਾ ਅਤੇ ਹਮਦਰਦੀ ਦੀਆਂ ਕਦਰਾਂ ਕੀਮਤਾਂ ਨੂੰ ਮਜ਼ਬੂਤ ​​ਕਰਦਾ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਭਾਵੇਂ ਪਾਬੰਦੀਆਂ, ਸਾਜ਼ਿਸ਼ਾਂ ਜਾਂ ਝੂਠੇ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ ਹੋਵੇ, ਸਵੈਮ ਸੇਵਕਾਂ ਨੇ ਕਦੇ ਵੀ ਕੁੜੱਤਣ ਨੂੰ ਜਗ੍ਹਾ ਨਹੀਂ ਦਿੱਤੀ, ਕਿਉਂਕਿ ਉਹ ਸਮਝਦੇ ਸਨ ਕਿ ਉਹ ਸਮਾਜ ਤੋਂ ਵੱਖਰੇ ਨਹੀਂ ਹਨ - ਸਮਾਜ ਉਨ੍ਹਾਂ ਤੋਂ ਬਣਿਆ ਹੈ। ਜੋ ਚੰਗਾ ਹੈ ਉਹ ਉਨ੍ਹਾਂ ਦਾ ਹੈ ਅਤੇ ਜੋ ਘੱਟ ਚੰਗਾ ਹੈ ਉਹ ਵੀ ਉਨ੍ਹਾਂ ਦਾ ਹੈ।

ਇਹ ਦੱਸਦੇ ਹੋਏ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਕਦੇ ਵੀ ਕੁੜੱਤਣ ਨਹੀਂ ਰੱਖੀ, ਇਸ ਦਾ ਇੱਕ ਮੁੱਖ ਕਾਰਨ ਹਰ ਸਵੈਮ ਸੇਵਕ ਦਾ ਲੋਕਤੰਤਰ ਅਤੇ ਸੰਵਿਧਾਨਕ ਸੰਸਥਾਵਾਂ ਵਿੱਚ ਅਟੁੱਟ ਵਿਸ਼ਵਾਸ ਹੈ, ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਐਮਰਜੈਂਸੀ ਦੌਰਾਨ, ਇਸੇ ਵਿਸ਼ਵਾਸ ਨੇ ਸਵੈਮ ਸੇਵਕਾਂ ਨੂੰ ਸ਼ਕਤੀ ਦਿੱਤੀ ਅਤੇ ਉਨ੍ਹਾਂ ਨੂੰ ਵਿਰੋਧ ਕਰਨ ਦੀ ਤਾਕਤ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਦੋ ਮੁੱਖ ਕਦਰਾਂ-ਕੀਮਤਾਂ - ਸਮਾਜ ਨਾਲ ਏਕਤਾ ਅਤੇ ਸੰਵਿਧਾਨਕ ਸੰਸਥਾਵਾਂ ਵਿੱਚ ਵਿਸ਼ਵਾਸ - ਨੇ ਸਵੈਮ ਸੇਵਕਾਂ ਨੂੰ ਹਰ ਸੰਕਟ ਵਿੱਚ ਸਥਿਰ ਅਤੇ ਸਮਾਜਿਕ ਲੋੜਾਂ ਪ੍ਰਤੀ ਸੰਵੇਦਨਸ਼ੀਲ ਰੱਖਿਆ ਹੈ। ਸਮੇਂ ਦੇ ਨਾਲ ਕਈ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ, ਸੰਘ ਇੱਕ ਸ਼ਕਤੀਸ਼ਾਲੀ ਬੋਹੜ ਦੇ ਰੁੱਖ ਵਾਂਗ ਦ੍ਰਿੜ੍ਹ ਖੜ੍ਹਾ ਹੈ, ਜੋ ਲਗਾਤਾਰ ਦੇਸ਼ ਅਤੇ ਸਮਾਜ ਦੀ ਸੇਵਾ ਕਰ ਰਿਹਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਆਪਣੀ ਸ਼ੁਰੂਆਤ ਤੋਂ ਹੀ, ਰਾਸ਼ਟਰੀ ਸਵੈਮ ਸੇਵਕ ਸੰਘ ਦੇਸ਼ ਭਗਤੀ ਅਤੇ ਸੇਵਾ ਦਾ ਸਮਾਨਾਰਥੀ ਰਿਹਾ ਹੈ। ਉਨ੍ਹਾਂ ਯਾਦ ਕੀਤਾ ਕਿ ਵੰਡ ਦੇ ਦਰਦਨਾਕ ਸਮੇਂ ਦੌਰਾਨ, ਜਦੋਂ ਲੱਖਾਂ ਪਰਿਵਾਰ ਬੇਘਰ ਹੋ ਗਏ ਸਨ, ਸਵੈਮ ਸੇਵਕ ਸ਼ਰਨਾਰਥੀਆਂ ਦੀ ਸੇਵਾ ਲਈ ਸੀਮਤ ਸਰੋਤਾਂ ਨਾਲ ਸਭ ਤੋਂ ਅੱਗੇ ਖੜ੍ਹੇ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਰਾਹਤ ਕਾਰਜ ਨਹੀਂ ਸਨ - ਇਹ ਰਾਸ਼ਟਰ ਦੀ ਆਤਮਾ ਨੂੰ ਮਜ਼ਬੂਤ ​​ਕਰਨ ਦਾ ਕਾਰਜ ਸੀ।

ਪ੍ਰਧਾਨ ਮੰਤਰੀ ਨੇ 1956 ਵਿੱਚ ਗੁਜਰਾਤ ਦੇ ਅੰਜਾਰ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਬਾਰੇ ਹੋਰ ਜਾਣਕਾਰੀ ਦਿੱਤੀ, ਵਿਆਪਕ ਤਬਾਹੀ ਦਾ ਵਰਣਨ ਕੀਤਾ। ਉਦੋਂ ਵੀ, ਸਵੈਮ ਸੇਵਕ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਰਗਰਮੀ ਨਾਲ ਜੁਟੇ ਹੋਏ ਸਨ। ਉਨ੍ਹਾਂ ਜ਼ਿਕਰ ਕੀਤਾ ਕਿ ਸਤਿਕਾਰਯੋਗ ਗੁਰੂ ਜੀ ਨੇ ਗੁਜਰਾਤ ਵਿੱਚ ਸੰਘ ਦੇ ਤਤਕਾਲੀ ਮੁਖੀ ਵਕੀਲ ਸਾਹਿਬ ਨੂੰ ਇੱਕ ਚਿੱਠੀ ਲਿਖੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਦੂਜੇ ਦੇ ਦੁੱਖ ਨੂੰ ਦੂਰ ਕਰਨ ਲਈ ਨਿਰਸਵਾਰਥ ਮੁਸ਼ਕਲਾਂ ਨੂੰ ਸਹਿਣਾ ਇੱਕ ਨੇਕ ਦਿਲ ਦੀ ਨਿਸ਼ਾਨੀ ਹੈ।

"ਦੂਜਿਆਂ ਦੇ ਦੁੱਖ ਨੂੰ ਦੂਰ ਕਰਨ ਲਈ ਮੁਸ਼ਕਲਾਂ ਨੂੰ ਸਹਿਣਾ ਹਰ ਸਵੈਮ ਸੇਵਕ ਦੀ ਪਛਾਣ ਹੈ", ਸ਼੍ਰੀ ਮੋਦੀ ਨੇ 1962 ਦੀ ਜੰਗ ਨੂੰ ਯਾਦ ਕਰਦਿਆਂ ਕਿਹਾ, ਉਦੋਂ ਆਰਐੱਸਐੱਸ ਦੇ ਸਵੈਮ ਸੇਵਕ ਹਥਿਆਰਬੰਦ ਫੌਜਾਂ ਦਾ ਸਮਰਥਨ ਕਰਨ ਲਈ ਅਣਥੱਕ ਖੜ੍ਹੇ ਸਨ, ਉਨ੍ਹਾਂ ਦਾ ਮਨੋਬਲ ਵਧਾ ਰਹੇ ਸਨ, ਅਤੇ ਸਰਹੱਦ ਦੇ ਨੇੜਲੇ ਪਿੰਡਾਂ ਵਿੱਚ ਸਹਾਇਤਾ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ 1971 ਦੇ ਸੰਕਟ ਬਾਰੇ ਹੋਰ ਜਾਣਕਾਰੀ ਦਿੱਤੀ, ਜਦੋਂ ਪੂਰਬੀ ਪਾਕਿਸਤਾਨ ਤੋਂ ਲੱਖਾਂ ਸ਼ਰਨਾਰਥੀ ਬਿਨਾਂ ਸ਼ਰਨ ਜਾਂ ਸਰੋਤਾਂ ਦੇ ਭਾਰਤ ਪਹੁੰਚੇ। ਉਸ ਮੁਸ਼ਕਲ ਸਮੇਂ ਦੌਰਾਨ, ਸਵੈਮ ਸੇਵਕਾਂ ਨੇ ਭੋਜਨ ਇਕੱਠਾ ਕੀਤਾ, ਆਸਰਾ ਦਿੱਤਾ, ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕੀਤੀਆਂ, ਉਨ੍ਹਾਂ ਦੇ ਹੰਝੂ ਪੂੰਝੇ ਅਤੇ ਉਨ੍ਹਾਂ ਦਾ ਦਰਦ ਵੰਡਾਇਆ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਸਵੈਮ ਸੇਵਕਾਂ ਨੇ 1984 ਦੇ ਦੰਗਿਆਂ ਦੌਰਾਨ ਬਹੁਤ ਸਾਰੇ ਸਿੱਖਾਂ ਨੂੰ ਪਨਾਹ ਵੀ ਦਿੱਤੀ ਸੀ।

ਇਹ ਯਾਦ ਕਰਦੇ ਹੋਏ ਕਿ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਚਿਤਰਕੂਟ ਵਿੱਚ ਨਾਨਾਜੀ ਦੇਸ਼ਮੁਖ ਦੇ ਆਸ਼ਰਮ ਵਿੱਚ ਸੇਵਾ ਗਤੀਵਿਧੀਆਂ ਨੂੰ ਦੇਖ ਕੇ ਬਹੁਤ ਹੈਰਾਨ ਹੋ ਗਏ ਸਨ, ਸ਼੍ਰੀ ਮੋਦੀ ਨੇ ਇਹ ਵੀ ਜ਼ਿਕਰ ਕੀਤਾ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਆਪਣੀ ਨਾਗਪੁਰ ਫੇਰੀ ਦੌਰਾਨ ਸੰਘ ਦੇ ਅਨੁਸ਼ਾਸਨ ਅਤੇ ਸਾਦਗੀ ਤੋਂ ਬਹੁਤ ਪ੍ਰਭਾਵਿਤ ਹੋਏ ਸਨ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਵੀ ਪੰਜਾਬ ਵਿੱਚ ਹੜ੍ਹ, ਹਿਮਾਚਲ ਅਤੇ ਉੱਤਰਾਖੰਡ ਵਿੱਚ ਆਫ਼ਤਾਂ ਅਤੇ ਕੇਰਲ ਦੇ ਵਾਇਨਾਡ ਵਿੱਚ ਦੁਖਾਂਤ ਵਰਗੀਆਂ ਆਫ਼ਤਾਂ ਵਿੱਚ, ਸਵੈਮ ਸੇਵਕ ਸਭ ਤੋਂ ਪਹਿਲਾਂ ਪ੍ਰਤੀਕਿਰਿਆ ਕਰਨ ਵਾਲਿਆਂ ਵਿੱਚ ਸ਼ਾਮਲ ਹਨ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਕੋਵਿਡ-19 ਮਹਾਮਾਰੀ ਦੌਰਾਨ, ਪੂਰੀ ਦੁਨੀਆ ਨੇ ਸੰਘ ਦੀ ਹਿੰਮਤ ਅਤੇ ਸੇਵਾ ਦੀ ਭਾਵਨਾ ਨੂੰ ਖੁਦ ਦੇਖਿਆ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੇ 100 ਸਾਲਾਂ ਦੇ ਸਫ਼ਰ ਦੌਰਾਨ ਸਮਾਜ ਦੇ ਭਿੰਨ-ਭਿੰਨ ਵਰਗਾਂ ਵਿੱਚ ਸਵੈ-ਚੇਤਨਾ ਅਤੇ ਮਾਣ ਦੀ ਭਾਵਨਾ ਨੂੰ ਜਗਾਉਣਾ ਸਭ ਤੋਂ ਮਹੱਤਵਪੂਰਨ ਯੋਗਦਾਨ ਰਿਹਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਘ ਨੇ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਅਤੇ ਪਹੁੰਚ ਤੋਂ ਦੂਰ ਦੇ ਖੇਤਰਾਂ ਵਿੱਚ, ਖਾਸ ਕਰਕੇ ਭਾਰਤ ਦੇ ਲਗਭਗ ਦਸ ਕਰੋੜ ਆਦਿਵਾਸੀ ਭਰਾਵਾਂ ਅਤੇ ਭੈਣਾਂ ਲਈ ਲਗਾਤਾਰ ਕੰਮ ਕੀਤਾ ਹੈ। ਜਦਕਿ ਇੱਕ ਤੋਂ ਬਾਅਦ ਇੱਕ ਸਰਕਾਰਾਂ ਨੇ ਅਕਸਰ ਇਨ੍ਹਾਂ ਭਾਈਚਾਰਿਆਂ ਨੂੰ ਨਜ਼ਰਅੰਦਾਜ਼ ਕੀਤਾ, ਸੰਘ ਨੇ ਉਨ੍ਹਾਂ ਦੇ ਸੱਭਿਆਚਾਰ, ਤਿਉਹਾਰਾਂ, ਭਾਸ਼ਾਵਾਂ ਅਤੇ ਪ੍ਰੰਪਰਾਵਾਂ ਨੂੰ ਤਰਜੀਹ ਦਿੱਤੀ। ਸੇਵਾ ਭਾਰਤੀ, ਵਿਦਿਆ ਭਾਰਤੀ ਅਤੇ ਵਨਵਾਸੀ ਕਲਿਆਣ ਆਸ਼ਰਮ ਵਰਗੇ ਸੰਗਠਨ ਆਦਿਵਾਸੀ ਸਸ਼ਕਤੀਕਰਨ ਦੇ ਥੰਮ੍ਹਾਂ ਵਜੋਂ ਉੱਭਰੇ ਹਨ। ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਅੱਜ ਆਦਿਵਾਸੀ ਭਾਈਚਾਰਿਆਂ ਵਿੱਚ ਵਧ ਰਿਹਾ ਆਤਮ-ਵਿਸ਼ਵਾਸ ਉਨ੍ਹਾਂ ਦੇ ਜੀਵਨ ਨੂੰ ਬਦਲ ਰਿਹਾ ਹੈ।

ਭਾਰਤ ਦੇ ਦੂਰ-ਦੁਰਾਡੇ ਕੋਨਿਆਂ ਵਿੱਚ ਆਦਿਵਾਸੀ ਭਾਈਚਾਰਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੇ ਲੱਖਾਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਲੰਟੀਅਰਾਂ ਦੀ ਪ੍ਰਸ਼ੰਸਾ ਪ੍ਰਗਟ ਕਰਦੇ ਹੋਏ, ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਸਮਰਪਣ ਨੇ ਦੇਸ਼ ਦੀ ਸੱਭਿਆਚਾਰਕ ਪਛਾਣ ਨੂੰ ਸੁਰੱਖਿਅਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਕਬਾਇਲੀ ਖੇਤਰਾਂ ਨੂੰ ਇਤਿਹਾਸਕ ਤੌਰ 'ਤੇ ਨਿਸ਼ਾਨਾ ਬਣਾਉਣ ਵਾਲੀਆਂ ਚੁਣੌਤੀਆਂ ਅਤੇ ਸ਼ੋਸ਼ਣਕਾਰੀ ਮੁਹਿੰਮਾਂ ਨੂੰ ਸਵੀਕਾਰ ਕੀਤਾ ਅਤੇ ਜ਼ੋਰ ਦਿੱਤਾ ਕਿ ਸੰਘ ਨੇ ਚੁੱਪ-ਚਾਪ ਅਤੇ ਦ੍ਰਿੜ੍ਹਤਾ ਨਾਲ ਆਪਣੀ ਕੁਰਬਾਨੀ ਦਿੱਤੀ ਹੈ ਅਤੇ ਦਹਾਕਿਆਂ ਤੋਂ ਦੇਸ਼ ਨੂੰ ਅਜਿਹੇ ਸੰਕਟਾਂ ਤੋਂ ਬਚਾਉਣ ਲਈ ਆਪਣਾ ਫਰਜ਼ ਨਿਭਾਇਆ ਹੈ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਾਤ-ਅਧਾਰਤ ਵਿਤਕਰੇ ਅਤੇ ਪ੍ਰਤੀਕਿਰਿਆਸ਼ੀਲ ਅਭਿਆਸਾਂ ਵਰਗੀਆਂ ਡੂੰਘੀਆਂ ਜੜ੍ਹਾਂ ਵਾਲੀਆਂ ਸਮਾਜਿਕ ਬਿਮਾਰੀਆਂ ਨੇ ਲੰਬੇ ਸਮੇਂ ਤੋਂ ਹਿੰਦੂ ਸਮਾਜ ਲਈ ਇੱਕ ਗੰਭੀਰ ਚੁਣੌਤੀ ਖੜ੍ਹੀ ਕੀਤੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਇਸ ਚਿੰਤਾ ਨੂੰ ਹੱਲ ਕਰਨ ਲਈ ਲਗਾਤਾਰ ਕੰਮ ਕੀਤਾ ਹੈ। ਵਰਧਾ ਵਿੱਚ ਸੰਘ ਕੈਂਪ ਵਿੱਚ ਮਹਾਤਮਾ ਗਾਂਧੀ ਦੀ ਫੇਰੀ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਗਾਂਧੀ ਜੀ ਨੇ ਸੰਘ ਦੀ ਸਮਾਨਤਾ, ਦਇਆ ਅਤੇ ਸਦਭਾਵਨਾ ਦੀ ਭਾਵਨਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਡਾ. ਹੇਡਗੇਵਾਰ ਤੋਂ ਲੈ ਕੇ ਅੱਜ ਤੱਕ, ਸੰਘ ਦੀ ਹਰ ਉੱਘੀ ਸ਼ਖਸੀਅਤ ਅਤੇ ਸਰਸੰਘਚਾਲਕ ਨੇ ਵਿਤਕਰੇ ਅਤੇ ਛੂਤ-ਛਾਤ ਵਿਰੁੱਧ ਲੜਾਈ ਲੜੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਤਿਕਾਰਯੋਗ ਗੁਰੂ ਜੀ ਨੇ "ਨਾ ਹਿੰਦੂ ਪਤਿਤੋ ਭਵੇਤ" ਦੀ ਭਾਵਨਾ ਨੂੰ ਲਗਾਤਾਰ ਅੱਗੇ ਵਧਾਇਆ, ਜਿਸਦਾ ਅਰਥ ਹੈ ਕਿ ਹਰ ਹਿੰਦੂ ਇੱਕ ਪਰਿਵਾਰ ਦਾ ਹਿੱਸਾ ਹੈ ਅਤੇ ਕੋਈ ਵੀ ਨੀਵਾਂ ਜਾਂ ਪਤਿਤ ਨਹੀਂ ਹੈ। ਉਨ੍ਹਾਂ ਨੇ ਪੂਜਨੀਕ ਬਾਲਾਸਾਹਿਬ ਦੇਵਰਸ ਦਾ ਹਵਾਲਾ ਦਿੱਤਾ, ਜਿਨ੍ਹਾਂ ਨੇ ਕਿਹਾ ਸੀ, "ਜੇ ਛੂਤ-ਛਾਤ ਪਾਪ ਨਹੀਂ ਹੈ, ਤਾਂ ਦੁਨੀਆ ਵਿੱਚ ਕੁਝ ਵੀ ਪਾਪ ਨਹੀਂ ਹੈ।" ਉਨ੍ਹਾਂ ਅੱਗੇ ਕਿਹਾ ਕਿ ਸਰਸੰਘਚਾਲਕ ਵਜੋਂ ਆਪਣੇ ਕਾਰਜਕਾਲ ਦੌਰਾਨ, ਪੂਜਨੀਕ ਰੱਜੂ ਭਈਆ ਅਤੇ ਪੂਜਨੀਕ ਸੁਦਰਸ਼ਨ ਜੀ ਨੇ ਵੀ ਇਸ ਭਾਵਨਾ ਨੂੰ ਅੱਗੇ ਵਧਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਸੰਘਚਾਲਕ, ਸ਼੍ਰੀ ਮੋਹਨ ਭਾਗਵਤ ਜੀ ਨੇ ਸਮਾਜ ਦੇ ਸਾਹਮਣੇ ਸਮਾਜਿਕ ਸਦਭਾਵਨਾ ਲਈ ਇੱਕ ਸਪੱਸ਼ਟ ਟੀਚਾ ਰੱਖਿਆ ਹੈ, ਜੋ "ਇੱਕ ਖੂਹ, ਇੱਕ ਮੰਦਰ ਅਤੇ ਇੱਕ ਸ਼ਮਸ਼ਾਨਘਾਟ" ਦੇ ਦ੍ਰਿਸ਼ਟੀਕੋਣ ਵਿੱਚ ਸਮਾਇਆ ਹੋਇਆ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਸੰਘ ਇਸ ਸੁਨੇਹੇ ਨੂੰ ਦੇਸ਼ ਦੇ ਹਰ ਕੋਨੇ ਵਿੱਚ ਲੈ ਕੇ ਗਿਆ ਹੈ, ਜੋ ਭੇਦਭਾਵ, ਵੰਡ ਅਤੇ ਮਤਭੇਦ ਤੋਂ ਮੁਕਤ ਸਮਾਜ ਨੂੰ ਹੱਲ੍ਹਾਸ਼ੇਰੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਦਭਾਵਨਾ ਦੀ ਬੁਨਿਆਦ ਹੈ ਅਤੇ ਇੱਕ ਸੰਮਲਿਤ ਸਮਾਜ ਦਾ ਸੰਕਲਪ ਹੈ, ਜਿਸ ਨੂੰ ਸੰਘ ਨਵੇਂ ਜੋਸ਼ ਨਾਲ ਮਜ਼ਬੂਤ ​​ਕਰ ਰਿਹਾ ਹੈ।

ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਜਦੋਂ ਇੱਕ ਸਦੀ ਪਹਿਲਾਂ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ ਹੋਈ ਸੀ, ਤਾਂ ਉਸ ਸਮੇਂ ਦੀਆਂ ਲੋੜਾਂ ਅਤੇ ਸੰਘਰਸ਼ ਵੱਖਰੇ ਸਨ। ਭਾਰਤ ਸਦੀਆਂ ਦੀ ਰਾਜਨੀਤਿਕ ਗੁਲਾਮੀ ਤੋਂ ਮੁਕਤ ਹੋਣ ਅਤੇ ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਰਾਖੀ ਲਈ ਯਤਨਸ਼ੀਲ ਸੀ। ਉਨ੍ਹਾਂ ਕਿਹਾ ਕਿ ਅੱਜ, ਜਿਵੇਂ ਕਿ ਭਾਰਤ ਇੱਕ ਵਿਕਸਿਤ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ ਅਤੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ ਹੈ, ਚੁਣੌਤੀਆਂ ਵੀ ਵਿਕਸਿਤ ਹੋਈਆਂ ਹਨ। ਅਬਾਦੀ ਦਾ ਇੱਕ ਵੱਡਾ ਹਿੱਸਾ ਗਰੀਬੀ 'ਤੇ ਕਾਬੂ ਪਾ ਰਿਹਾ ਹੈ, ਨਵੇਂ ਖੇਤਰ ਨੌਜਵਾਨਾਂ ਲਈ ਮੌਕੇ ਪੈਦਾ ਕਰ ਰਹੇ ਹਨ ਅਤੇ ਭਾਰਤ ਕੂਟਨੀਤੀ ਤੋਂ ਲੈ ਕੇ ਜਲਵਾਯੂ ਨੀਤੀਆਂ ਤੱਕ - ਆਲਮੀ ਪੱਧਰ 'ਤੇ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਦੀਆਂ ਚੁਣੌਤੀਆਂ ਵਿੱਚ ਦੂਜੇ ਦੇਸ਼ਾਂ 'ਤੇ ਆਰਥਿਕ ਨਿਰਭਰਤਾ, ਰਾਸ਼ਟਰੀ ਏਕਤਾ ਨੂੰ ਭੰਗ ਕਰਨ ਦੀਆਂ ਸਾਜ਼ਿਸ਼ਾਂ ਅਤੇ ਅਬਾਦੀ ਸਬੰਧੀ ਹੇਰਾਫੇਰੀ ਸ਼ਾਮਲ ਹਨ। ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਉਨ੍ਹਾਂ ਨੇ ਇਸ ਗੱਲ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਸਰਕਾਰ ਇਨ੍ਹਾਂ ਮੁੱਦਿਆਂ ਨਾਲ ਤੇਜ਼ੀ ਨਾਲ ਨਜਿੱਠ ਰਹੀ ਹੈ। ਇੱਕ ਸਵੈਮ ਸੇਵਕ ਹੋਣ ਦੇ ਨਾਤੇ, ਉਨ੍ਹਾਂ ਨੇ ਮਾਣ ਪ੍ਰਗਟ ਕੀਤਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਨਾ ਸਿਰਫ਼ ਇਨ੍ਹਾਂ ਚੁਣੌਤੀਆਂ ਦੀ ਪਛਾਣ ਕੀਤੀ ਹੈ ਬਲਕਿ ਇਨ੍ਹਾਂ ਦਾ ਟਾਕਰਾ ਕਰਨ ਲਈ ਇੱਕ ਠੋਸ ਰੂਪ-ਰੇਖਾ ਵੀ ਤਿਆਰ ਕੀਤੀ ਹੈ।

ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪੰਜ ਪਰਿਵਰਤਨਸ਼ੀਲ ਸੰਕਲਪਾਂ - ਸਵੈ-ਚੇਤਨਾ, ਸਮਾਜਿਕ ਸਦਭਾਵਨਾ, ਪਰਿਵਾਰਕ ਚੇਤਨਾ, ਨਾਗਰਿਕ ਅਨੁਸ਼ਾਸਨ ਅਤੇ ਵਾਤਾਵਰਣ ਚੇਤਨਾ - ਨੂੰ ਰਾਸ਼ਟਰ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਵੈਮ ਸੇਵਕਾਂ ਲਈ ਸ਼ਕਤੀਸ਼ਾਲੀ ਪ੍ਰੇਰਨਾ ਵਜੋਂ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਵਿਸਥਾਰ ਨਾਲ ਦੱਸਿਆ ਕਿ ਸਵੈ-ਚੇਤਨਾ ਦਾ ਅਰਥ ਹੈ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਅਤੇ ਆਪਣੀ ਵਿਰਾਸਤ ਅਤੇ ਮੂਲ ਭਾਸ਼ਾ 'ਤੇ ਮਾਣ ਕਰਨਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਵੈ-ਚੇਤਨਾ ਦਾ ਅਰਥ ਸਵਦੇਸ਼ੀ ਨੂੰ ਅਪਣਾਉਣਾ ਵੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਤਮਨਿਰਭਰਤਾ ਹੁਣ ਇੱਕ ਵਿਕਲਪ ਨਹੀਂ ਸਗੋਂ ਇੱਕ ਲੋੜ ਹੈ। ਪ੍ਰਧਾਨ ਮੰਤਰੀ ਨੇ ਸਮਾਜ ਨੂੰ ਸਵਦੇਸ਼ੀ ਦੇ ਮੰਤਰ ਨੂੰ ਸਮੂਹਿਕ ਸੰਕਲਪ ਵਜੋਂ ਅਪਣਾਉਣ ਦਾ ਸੱਦਾ ਦਿੱਤਾ ਅਤੇ ਸਾਰਿਆਂ ਨੂੰ "ਵੋਕਲ ਫਾਰ ਲੋਕਲ" ਮੁਹਿੰਮ ਨੂੰ ਸ਼ਾਨਦਾਰ ਤੌਰ 'ਤੇ ਸਫਲ ਬਣਾਉਣ ਲਈ ਆਪਣੀ ਪੂਰੀ ਊਰਜਾ ਸਮਰਪਿਤ ਕਰਨ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ, "ਰਾਸ਼ਟਰੀ ਸਵੈਮ ਸੇਵਕ ਸੰਘ ਨੇ ਸਮਾਜਿਕ ਸਦਭਾਵਨਾ ਨੂੰ ਲਗਾਤਾਰ ਤਰਜੀਹ ਦਿੱਤੀ ਹੈ ਅਤੇ ਸਮਾਜਿਕ ਸਦਭਾਵਨਾ ਨੂੰ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਨੂੰ ਪਹਿਲ ਦੇ ਕੇ ਸਮਾਜਿਕ ਨਿਆਂ ਸਥਾਪਤ ਕਰਨ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ​​ਕਰਨ ਵਜੋਂ ਪਰਿਭਾਸ਼ਿਤ ਕੀਤਾ।" ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਦੇਸ਼ ਨੂੰ - ਵੱਖਵਾਦੀ ਵਿਚਾਰਧਾਰਾਵਾਂ ਅਤੇ ਖੇਤਰਵਾਦ ਤੋਂ ਲੈ ਕੇ ਜਾਤ ਅਤੇ ਭਾਸ਼ਾ ਦੇ ਵਿਵਾਦਾਂ ਤੱਕ, ਅਤੇ ਬਾਹਰੀ ਤਾਕਤਾਂ ਦੁਆਰਾ ਭੜਕਾਏ ਗਏ ਵੰਡਣ ਵਾਲੇ ਰੁਝਾਨਾਂ ਤੱਕ, ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਇਸ ਦੀ ਏਕਤਾ, ਸੱਭਿਆਚਾਰ ਅਤੇ ਸੁਰੱਖਿਆ ਨੂੰ ਸਿੱਧੇ ਤੌਰ 'ਤੇ ਨਿਸ਼ਾਨਾ ਬਣਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਭਾਰਤ ਦੀ ਆਤਮਾ ਹਮੇਸ਼ਾ "ਅਨੇਕਤਾ ਵਿੱਚ ਏਕਤਾ" ਨਾਲ ਜੜ੍ਹੀ ਰਹੀ ਹੈ ਅਤੇ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਸਿਧਾਂਤ ਟੁੱਟ ਜਾਂਦਾ ਹੈ, ਤਾਂ ਭਾਰਤ ਦੀ ਤਾਕਤ ਘਟ ਜਾਵੇਗੀ। ਇਸ ਲਈ, ਉਨ੍ਹਾਂ ਨੇ ਇਸ ਬੁਨਿਆਦੀ ਸਿਧਾਂਤ ਨੂੰ ਲਗਾਤਾਰ ਮਜ਼ਬੂਤ ​​ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜਿਕ ਸਦਭਾਵਨਾ ਅੱਜ ਜਨਸੰਖਿਆ ਦੀ ਹੇਰਾਫੇਰੀ ਅਤੇ ਘੁਸਪੈਠ ਤੋਂ ਇੱਕ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ, ਜੋ ਸਿੱਧੇ ਤੌਰ 'ਤੇ ਅੰਦਰੂਨੀ ਸੁਰੱਖਿਆ ਅਤੇ ਭਵਿੱਖ ਦੀ ਸ਼ਾਂਤੀ ਨੂੰ ਪ੍ਰਭਾਵਤ ਕਰਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਚਿੰਤਾ ਨੇ ਉਨ੍ਹਾਂ ਨੂੰ ਲਾਲ ਕਿਲ੍ਹੇ ਤੋਂ ਡੈਮੋਗ੍ਰਾਫੀ ਮਿਸ਼ਨ ਦਾ ਐਲਾਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਸ ਖ਼ਤਰੇ ਦਾ ਸਾਹਮਣਾ ਕਰਨ ਲਈ ਚੌਕਸੀ ਅਤੇ ਦ੍ਰਿੜ੍ਹ ਕਾਰਵਾਈ ਦੀ ਮੰਗ ਕੀਤੀ।

ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਪਰਿਵਾਰਕ ਚੇਤਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਇਸ ਨੂੰ ਪਰਿਵਾਰਕ ਸੱਭਿਆਚਾਰ ਦੇ ਪਾਲਣ-ਪੋਸ਼ਣ ਵਜੋਂ ਪਰਿਭਾਸ਼ਿਤ ਕੀਤਾ ਜੋ ਭਾਰਤੀ ਸੱਭਿਅਤਾ ਦੀ ਨੀਂਹ ਦਾ ਨਿਰਮਾਣ ਕਰਦਾ ਹੈ ਅਤੇ ਭਾਰਤੀ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਪਰਿਵਾਰਕ ਸਿਧਾਂਤਾਂ ਨੂੰ ਕਾਇਮ ਰੱਖਣ, ਬਜ਼ੁਰਗਾਂ ਦਾ ਸਤਿਕਾਰ ਕਰਨ, ਔਰਤਾਂ ਨੂੰ ਸਮਰੱਥ ਬਣਾਉਣ, ਨੌਜਵਾਨਾਂ ਵਿੱਚ ਕਦਰਾਂ-ਕੀਮਤਾਂ ਪੈਦਾ ਕਰਨ ਅਤੇ ਆਪਣੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਮੋਰਚੇ 'ਤੇ ਪਰਿਵਾਰਾਂ ਅਤੇ ਸਮਾਜ ਦੋਵਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਹਰ ਯੁੱਗ ਵਿੱਚ ਤਰੱਕੀ ਕਰਨ ਵਾਲੇ ਦੇਸ਼ਾਂ ਨੇ ਨਾਗਰਿਕ ਅਨੁਸ਼ਾਸਨ ਦੀ ਮਜ਼ਬੂਤ ​​ਨੀਂਹ ਨਾਲ ਤਰੱਕੀ ਕੀਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਾਗਰਿਕ ਅਨੁਸ਼ਾਸਨ ਦਾ ਅਰਥ ਹੈ ਫਰਜ਼ ਦੀ ਭਾਵਨਾ ਵਿਕਸਿਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਕਿ ਹਰ ਨਾਗਰਿਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋਵੇ। ਉਨ੍ਹਾਂ ਨੇ ਸਵੱਛਤਾ ਨੂੰ ਉਤਸ਼ਾਹਿਤ ਕਰਨ, ਰਾਸ਼ਟਰੀ ਅਸਾਸਿਆਂ ਦਾ ਸਤਿਕਾਰ ਕਰਨ ਅਤੇ ਕਾਨੂੰਨਾਂ ਅਤੇ ਨਿਯਮਾਂ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ। ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਇਹ ਸੰਵਿਧਾਨ ਦੀ ਭਾਵਨਾ ਹੈ ਕਿ ਨਾਗਰਿਕ ਆਪਣੇ ਫਰਜ਼ਾਂ ਨੂੰ ਪੂਰਾ ਕਰਦੇ ਹਨ ਅਤੇ ਇਸ ਸੰਵਿਧਾਨਕ ਨੈਤਿਕਤਾ ਨੂੰ ਲਗਾਤਾਰ ਮਜ਼ਬੂਤ ​​ਕੀਤਾ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਵਾਤਾਵਰਣ ਦੀ ਰਾਖੀ ਮੌਜੂਦਾ ਅਤੇ ਭਵਿੱਖੀ ਪੀੜ੍ਹੀਆਂ ਦੋਵਾਂ ਲਈ ਜ਼ਰੂਰੀ ਹੈ, ਅਤੇ ਇਹ ਸਿੱਧੇ ਤੌਰ 'ਤੇ ਮਨੁੱਖਤਾ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਨਾ ਸਿਰਫ਼ ਆਰਥਿਕਤਾ 'ਤੇ ਸਗੋਂ ਵਾਤਾਵਰਣ 'ਤੇ ਵੀ ਧਿਆਨ ਕੇਂਦ੍ਰਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਪਾਣੀ ਦੀ ਸੰਭਾਲ, ਹਰੀ ਊਰਜਾ ਅਤੇ ਸਵੱਛ ਊਰਜਾ ਵਰਗੀਆਂ ਮੁਹਿੰਮਾਂ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹਨ।

ਪ੍ਰਧਾਨ ਮੰਤਰੀ ਨੇ ਕਿਹਾ, "ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪੰਜ ਪਰਿਵਰਤਨਸ਼ੀਲ ਸੰਕਲਪ - ਸਵੈ-ਚੇਤਨਾ, ਸਮਾਜਿਕ ਸਦਭਾਵਨਾ, ਪਰਿਵਾਰਕ ਚੇਤਨਾ, ਨਾਗਰਿਕ ਅਨੁਸ਼ਾਸਨ ਅਤੇ ਵਾਤਾਵਰਣ ਚੇਤਨਾ - ਮਹੱਤਵਪੂਰਨ ਸਾਧਨ ਹਨ, ਜੋ ਰਾਸ਼ਟਰ ਦੀ ਤਾਕਤ ਨੂੰ ਵਧਾਉਣਗੇ, ਭਾਰਤ ਨੂੰ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕਰਨਗੇ ਅਤੇ 2047 ਤੱਕ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਨੀਂਹ ਪੱਥਰ ਵਜੋਂ ਕੰਮ ਕਰਨਗੇ।"

ਪ੍ਰਧਾਨ ਮੰਤਰੀ ਨੇ ਕਿਹਾ ਕਿ 2047 ਵਿੱਚ ਭਾਰਤ ਫ਼ਲਸਫ਼ੇ ਅਤੇ ਵਿਗਿਆਨ, ਸੇਵਾ ਅਤੇ ਸਮਾਜਿਕ ਸਦਭਾਵਨਾ ਨਾਲ ਨਵਾਂ ਸਰੂਪ ਹਾਸਲ ਇੱਕ ਸ਼ਾਨਦਾਰ ਰਾਸ਼ਟਰ ਹੋਵੇਗਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਦ੍ਰਿਸ਼ਟੀਕੋਣ ਹੈ, ਸਾਰੇ ਸਵੈਮ ਸੇਵਕਾਂ ਦਾ ਸਮੂਹਿਕ ਯਤਨ ਅਤੇ ਉਨ੍ਹਾਂ ਦਾ ਦ੍ਰਿੜ੍ਹ ਸੰਕਲਪ। ਉਨ੍ਹਾਂ ਨੇ ਰਾਸ਼ਟਰ ਨੂੰ ਯਾਦ ਦਿਵਾਇਆ ਕਿ ਸੰਘ ਰਾਸ਼ਟਰ ਵਿੱਚ ਅਟੁੱਟ ਵਿਸ਼ਵਾਸ 'ਤੇ ਬਣਿਆ ਸੀ, ਸੇਵਾ ਦੀ ਡੂੰਘੀ ਭਾਵਨਾ ਨਾਲ ਸੰਚਾਲਿਤ, ਤਿਆਗ ਅਤੇ ਤਪੱਸਿਆ ਦੀ ਅੱਗ ਵਿੱਚ ਝੁਕਿਆ ਹੋਇਆ, ਕਦਰਾਂ-ਕੀਮਤਾਂ ਅਤੇ ਅਨੁਸ਼ਾਸਨ ਨਾਲ ਸ਼ੁੱਧ ਕੀਤਾ ਗਿਆ ਅਤੇ ਰਾਸ਼ਟਰੀ ਫਰਜ਼ ਨੂੰ ਜੀਵਨ ਦਾ ਸਰਵਉੱਚ ਫਰਜ਼ ਮੰਨ ਕੇ ਦ੍ਰਿੜ੍ਹ ਖੜ੍ਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਘ ਭਾਰਤ ਮਾਤਾ ਦੀ ਸੇਵਾ ਦੇ ਮਹਾਨ ਸੁਪਨੇ ਨਾਲ ਅੰਦਰੂਨੀ ਤੌਰ 'ਤੇ ਜੁੜਿਆ ਹੋਇਆ ਹੈ।

 ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, "ਸੰਘ ਦਾ ਆਦਰਸ਼ ਭਾਰਤੀ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਡੂੰਘਾ ਅਤੇ ਮਜ਼ਬੂਤ ​​ਕਰਨਾ ਹੈ। ਇਸਦਾ ਯਤਨ ਸਮਾਜ ਵਿੱਚ ਆਤਮਵਿਸ਼ਵਾਸ ਅਤੇ ਮਾਣ ਪੈਦਾ ਕਰਨਾ ਹੈ। ਇਸਦਾ ਟੀਚਾ ਹਰ ਦਿਲ ਵਿੱਚ ਲੋਕ ਸੇਵਾ ਦੀ ਲਾਟ ਨੂੰ ਜਗਾਉਣਾ ਹੈ। ਇਸਦਾ ਦ੍ਰਿਸ਼ਟੀਕੋਣ ਭਾਰਤੀ ਸਮਾਜ ਨੂੰ ਸਮਾਜਿਕ ਨਿਆਂ ਦਾ ਪ੍ਰਤੀਕ ਬਣਾਉਣਾ ਹੈ। ਇਸਦਾ ਮਿਸ਼ਨ ਆਲਮੀ ਪੱਧਰ 'ਤੇ ਭਾਰਤ ਦੀ ਆਵਾਜ਼ ਨੂੰ ਬੁਲੰਦ ਕਰਨਾ ਹੈ। ਇਸਦਾ ਸੰਕਲਪ ਰਾਸ਼ਟਰ ਲਈ ਇੱਕ ਸੁਰੱਖਿਅਤ ਅਤੇ ਰੌਸ਼ਨ ਭਵਿੱਖ ਨੂੰ ਯਕੀਨੀ ਬਣਾਉਣਾ ਹੈ।" ਇਸ ਇਤਿਹਾਸਕ ਮੌਕੇ 'ਤੇ ਸਾਰਿਆਂ ਨੂੰ ਵਧਾਈਆਂ ਦਿੰਦੇ ਹੋਏ ਉਨ੍ਹਾਂ ਆਪਣਾ ਭਾਸ਼ਣ ਸਮਾਪਤ ਕੀਤਾ।

ਇਸ ਸਮਾਗਮ ਵਿੱਚ ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ, ਆਰਐੱਸਐੱਸ ਦੇ ਸਰਕਾਰਿਆਵਾਹ (ਜਨਰਲ ਸਕੱਤਰ) ਸ਼੍ਰੀ ਦੱਤਾਤ੍ਰੇਯ ਹੋਸਾਬਲੇ ਹੋਰ ਪਤਵੰਤਿਆਂ ਸਮੇਤ ਮੌਜੂਦ ਸਨ।

ਪਿਛੋਕੜ

ਆਰਐੱਸਐੱਸ ਦੇ ਸ਼ਤਾਬਦੀ ਜਸ਼ਨਾਂ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ ਨੇ ਰਾਸ਼ਟਰ ਪ੍ਰਤੀ ਆਰਐੱਸਐੱਸ ਦੇ ਯੋਗਦਾਨ ਨੂੰ ਉਜਾਗਰ ਕਰਨ ਵਾਲੀ ਇੱਕ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਜਾਰੀ ਕੀਤਾ।

ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਵਲੋਂ 1925 ਵਿੱਚ ਨਾਗਪੁਰ, ਮਹਾਰਾਸ਼ਟਰ ਵਿੱਚ ਆਰਐੱਸਐੱਸ ਨੂੰ ਇੱਕ ਸਵੈਮ ਸੇਵਕ ਸੰਗਠਨ ਵਜੋਂ ਸਥਾਪਿਤ ਕੀਤਾ ਗਿਆ ਸੀ, ਜਿਸਦਾ ਮੰਤਵ ਨਾਗਰਿਕਾਂ ਵਿੱਚ ਸੱਭਿਆਚਾਰਕ ਚੇਤਨਾ, ਅਨੁਸ਼ਾਸਨ, ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਪ੍ਰਫੁੱਲਤ ਕਰਨਾ ਸੀ।

ਆਰਐੱਸਐੱਸ ਰਾਸ਼ਟਰੀ ਮੁੜ ਨਿਰਮਾਣ ਲਈ ਇੱਕ ਵਿਲੱਖਣ ਲੋਕ ਅੰਦੋਲਨ ਹੈ। ਇਸਦੇ ਉਭਾਰ ਨੂੰ ਸਦੀਆਂ ਦੇ ਵਿਦੇਸ਼ੀ ਸ਼ਾਸਨ ਦੀ ਪ੍ਰਤੀਕਿਰਿਆ ਵਜੋਂ ਦੇਖਿਆ ਗਿਆ ਹੈ, ਜਿਸ ਦੇ ਨਿਰੰਤਰ ਵਿਕਾਸ ਦਾ ਕਾਰਨ ਭਾਰਤ ਦੇ ਰਾਸ਼ਟਰੀ ਮਾਣ ਦੇ ਇਸਦੇ ਦ੍ਰਿਸ਼ਟੀਕੋਣ ਦੀ ਭਾਵਨਾਤਮਕ ਗੂੰਜ ਹੈ, ਜੋ ਧਰਮ ਨਾਲ ਜੁੜੀ ਹੋਈ ਹੈ।

ਸੰਘ ਦਾ ਮੁੱਖ ਜ਼ੋਰ ਦੇਸ਼ ਭਗਤੀ ਅਤੇ ਰਾਸ਼ਟਰੀ ਚਰਿੱਤਰ ਨਿਰਮਾਣ 'ਤੇ ਹੈ। ਇਹ ਮਾਤ ਭੂਮੀ ਪ੍ਰਤੀ ਸ਼ਰਧਾ, ਅਨੁਸ਼ਾਸਨ, ਸਵੈ-ਸੰਜਮ, ਹਿੰਮਤ ਅਤੇ ਬਹਾਦਰੀ ਪੈਦਾ ਕਰਨ ਦਾ ਯਤਨ ਕਰਦਾ ਹੈ। ਸੰਘ ਦਾ ਅੰਤਮ ਟੀਚਾ ਭਾਰਤ ਦਾ "ਸਰਵੰਗੀਨਾ ਉੱਨਤੀ" (ਸਮੁੱਚਾ ਵਿਕਾਸ) ਹੈ, ਜਿਸ ਲਈ ਹਰ ਸਵੈਮ ਸੇਵਕ ਆਪਣੇ ਆਪ ਨੂੰ ਸਮਰਪਿਤ ਕਰਦਾ ਹੈ।

ਪਿਛਲੀ ਸਦੀ ਦੌਰਾਨ ਆਰਐੱਸਐੱਸ ਨੇ ਸਿੱਖਿਆ, ਸਿਹਤ, ਸਮਾਜ ਭਲਾਈ ਅਤੇ ਆਫ਼ਤ ਰਾਹਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਰਐੱਸਐੱਸ ਵਲੰਟੀਅਰਾਂ ਨੇ ਹੜ੍ਹ, ਭੂਚਾਲ ਅਤੇ ਚੱਕਰਵਾਤ ਸਮੇਤ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਅਤੇ ਮੁੜ ਵਸੇਬਾ ਯਤਨਾਂ ਵਿੱਚ ਸਰਗਰਮੀ ਨਾਲ ਭਾਗ ਲਿਆ ਹੈ। ਇਸ ਤੋਂ ਇਲਾਵਾ, ਆਰਐੱਸਐੱਸ ਦੇ ਵੱਖ-ਵੱਖ ਸਹਿਯੋਗੀ ਸੰਗਠਨਾਂ ਨੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਮਜ਼ਬੂਤ ਬਣਾਉਣ, ਲੋਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਸਥਾਨਕ ਭਾਈਚਾਰਿਆਂ ਨੂੰ ਮਜ਼ਬੂਤ ​​ਕਰਨ ਵਿੱਚ ਯੋਗਦਾਨ ਪਾਇਆ ਹੈ।

ਸ਼ਤਾਬਦੀ ਸਮਾਗਮ ਨਾ ਸਿਰਫ਼ ਆਰਐੱਸਐੱਸ ਦੀਆਂ ਇਤਿਹਾਸਕ ਪ੍ਰਾਪਤੀਆਂ ਦਾ ਸਨਮਾਨ ਕਰਦੇ ਹਨ, ਸਗੋਂ ਭਾਰਤ ਦੀ ਸੱਭਿਆਚਾਰਕ ਯਾਤਰਾ ਅਤੇ ਰਾਸ਼ਟਰੀ ਏਕਤਾ ਦੇ ਸੁਨੇਹੇ ਵਿੱਚ ਇਸਦੇ ਸਥਾਈ ਯੋਗਦਾਨ ਨੂੰ ਵੀ ਉਜਾਗਰ ਕਰਦੇ ਹਨ।

https://x.com/narendramodi/status/1973263616271913272

https://x.com/PMOIndia/status/1973266083147903032

https://x.com/PMOIndia/status/1973266333845615046

https://x.com/PMOIndia/status/1973267235977437636

https://x.com/PMOIndia/status/1973268230912483674

https://x.com/PMOIndia/status/1973268504980890027

https://x.com/PMOIndia/status/1973269961482313734

https://x.com/PMOIndia/status/1973270939703058478

https://x.com/PMOIndia/status/1973271453807288767

https://x.com/PMOIndia/status/1973273198159601818

https://x.com/PMOIndia/status/1973273451919188253

https://x.com/PMOIndia/status/1973273729162744255

https://x.com/PMOIndia/status/1973275312097247476

https://x.com/PMOIndia/status/1973277243234459802

https://youtu.be/1X2jwn-l2p4

**** 

ਐੱਮਜੇਪੀਐੱਸ/ਐੱਸਆਰ


(Release ID: 2174068) Visitor Counter : 8