ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵੀਡੀਓ ਕਾਨਫ਼ਰੰਸਿੰਗ ਰਾਹੀਂ ਬਿਹਾਰ ਦੀ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੇ ਲਾਭਪਾਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ ਪਾਠ

Posted On: 26 SEP 2025 4:47PM by PIB Chandigarh

ਪੇਸ਼ਕਰਤਾ - ਹੁਣ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੇ ਚੁਣੇ ਹੋਏ ਲਾਭਪਾਤਰੀਆਂ ਵੱਲੋਂ ਤਜਰਬਾ ਸਾਂਝਾ ਕੀਤਾ ਜਾਵੇਗਾ। ਮੈਂ ਸਭ ਤੋਂ ਪਹਿਲਾਂ ਪੱਛਮੀ ਚੰਪਾਰਨ ਜ਼ਿਲ੍ਹੇ ਦੀ ਰੰਜੀਤਾ ਕਾਜ਼ੀ ਦੀਦੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਤਜਰਬਾ ਸਾਂਝਾ ਕਰਨ।

 

ਲਾਭਪਾਤਰੀ - ਮਾਣਯੋਗ ਪ੍ਰਧਾਨ ਮੰਤਰੀ ਜੀ ਅਤੇ ਮਾਣਯੋਗ ਮੁੱਖ ਮੰਤਰੀ ਜੀ ਨੂੰ ਮੇਰਾ ਸਤਿਕਾਰ ਸਹਿਤ ਪ੍ਰਣਾਮ। ਮੇਰਾ ਨਾਮ ਰੰਜੀਤਾ ਕਾਜ਼ੀ ਹੈ। ਮੈਂ ਜ਼ਿਲ੍ਹਾ ਪੱਛਮੀ ਚੰਪਾਰਨ ਦੇ ਬਲਾਕ ਬਗਹਾ ਦੋ ਦੇ ਵਾਲਮੀਕੀ ਜੰਗਲੀ ਖੇਤਰ ਤੋਂ ਹਾਂ। ਮੈਂ ਆਦਿਵਾਸੀ ਹਾਂ ਅਤੇ ਜੀਵਿਕਾ ਸਵੈ-ਸਹਾਇਤਾ ਗਰੁੱਪ ਨਾਲ ਜੁੜੀ ਹੋਈ ਹਾਂ। ਸਾਡਾ ਇਲਾਕਾ ਉਂਜ ਵੀ ਜੰਗਲੀ ਖੇਤਰ ਹੈ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡੇ ਖੇਤਰ ਵਿੱਚ ਸੜਕ, ਬਿਜਲੀ, ਪਾਣੀ, ਪਖਾਨੇ ਅਤੇ ਸਿੱਖਿਆ ਦੀ ਸਹੂਲਤ ਹੋਵੇਗੀ। ਪਰ ਅੱਜ ਉਹ ਸਾਰੀਆਂ ਸਹੂਲਤਾਂ ਉਪਲਬਧ ਹਨ। ਇਸ ਲਈ ਮੈਂ ਮਾਣਯੋਗ ਮੁੱਖ ਮੰਤਰੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਅਤੇ ਰਿਣੀ ਹਾਂ। ਤੁਸੀਂ ਸਾਡੀਆਂ ਔਰਤਾਂ ਲਈ ਕਈ ਤਰ੍ਹਾਂ ਦੇ ਕੰਮ ਕੀਤੇ ਹਨ। ਤੁਸੀਂ ਸਾਡੀਆਂ ਔਰਤਾਂ ਲਈ ਵੱਖਰੇ ਰਾਖਵੇਂਕਰਨ ਦਾ ਪ੍ਰਬੰਧ ਕੀਤਾ, ਜਿਸ ਕਾਰਨ ਅੱਜ ਸਰਕਾਰੀ ਨੌਕਰੀਆਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਔਰਤਾਂ ਦੇਖਣ ਨੂੰ ਮਿਲ ਰਹੀਆਂ ਹਨ। ਸਾਈਕਲ ਯੋਜਨਾ, ਪੋਸ਼ਾਕ ਯੋਜਨਾ, ਤੁਸੀਂ ਤਾਂ ਪਹਿਲਾਂ ਹੀ ਲਾਗੂ ਕਰ ਦਿੱਤੀਆਂ ਸਨ। ਬਹੁਤ ਚੰਗਾ ਲੱਗਦਾ ਹੈ, ਜਦੋਂ ਕੁੜੀਆਂ ਪੋਸ਼ਾਕ ਪਹਿਨ ਕੇ ਅਤੇ ਸਾਈਕਲ ਲੈ ਕੇ ਸਕੂਲ ਵੱਲ ਜਾਂਦੀਆਂ ਹਨ। ਮਾਣਯੋਗ ਪ੍ਰਧਾਨ ਮੰਤਰੀ ਜੀ, ਤੁਹਾਡੇ ਵੱਲੋਂ ਲਾਗੂ ਕੀਤੀ ਗਈ ਉੱਜਵਲਾ ਯੋਜਨਾ ਤਹਿਤ ਔਰਤਾਂ ਨੂੰ ਘੱਟ ਲਾਗਤ ’ਤੇ ਗੈਸ ਸਿਲੰਡਰ ਮਿਲ ਰਿਹਾ ਹੈ, ਜਿਸ ਸਦਕਾ ਹੁਣ ਸਾਡੀਆਂ ਔਰਤਾਂ ਧੂੰਏਂ ਵਿੱਚ ਖਾਣਾ ਨਹੀਂ ਬਣਾਉਂਦੀਆਂ। ਤੁਸੀਂ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਿਆ। ਆਵਾਸ ਯੋਜਨਾ ਤਹਿਤ ਤੁਹਾਡੇ ਆਸ਼ੀਰਵਾਦ ਨਾਲ ਅੱਜ ਅਸੀਂ ਪੱਕੇ ਘਰਾਂ ਵਿੱਚ ਰਹਿ ਰਹੇ ਹਾਂ। ਮਾਣਯੋਗ ਮੁੱਖ ਮੰਤਰੀ ਜੀ, ਤੁਸੀਂ ਹਾਲ ਹੀ ਵਿੱਚ 125 ਯੂਨਿਟ ਬਿਜਲੀ ਮੁਫ਼ਤ ਕਰ ਦਿੱਤੀ ਅਤੇ ਪੈਨਸ਼ਨ 400 ਤੋਂ ਵਧਾ ਕੇ 1100 ਕਰ ਦਿੱਤੀ, ਇਸ ਨਾਲ ਸਾਡੀਆਂ ਔਰਤਾਂ ਦਾ ਪਹਿਲਾਂ ਨਾਲੋਂ ਹੋਰ ਵੀ ਆਤਮ-ਵਿਸ਼ਵਾਸ ਵਧ ਗਿਆ ਹੈ। ਮੁੱਖ ਮੰਤਰੀ ਰੁਜ਼ਗਾਰ ਯੋਜਨਾ ਤਹਿਤ 2 ਲੱਖ ਅਤੇ 10 ਹਜ਼ਾਰ ਦੀ ਰਾਸ਼ੀ ਜੋ ਔਰਤਾਂ ਦੇ ਖਾਤੇ ਵਿੱਚ ਆਵੇਗੀ, ਉਸ ਨਾਲ ਔਰਤਾਂ ਬਹੁਤ ਖ਼ੁਸ਼ ਹਨ, ਅਤੇ ਮੈਂ ਵੀ ਖ਼ੁਸ਼ ਹਾਂ। ਜਦੋਂ ਮੇਰੇ ਖਾਤੇ ਵਿੱਚ 10,000 ਰੁਪਏ ਆਉਣਗੇ, ਤਾਂ ਮੈਂ ਉਸ ਨਾਲ ਪੰਪ ਸੈੱਟ ਖਰੀਦਾਂਗੀ, ਕਿਉਂਕਿ ਮੈਂ ਖੇਤੀਬਾੜੀ ਨਾਲ ਜੁੜੀ ਹੋਈ ਹਾਂ ਅਤੇ ਮੈਂ ਜਵਾਰ, ਬਾਜਰੇ ਦੀ ਖੇਤੀ ਕਰਾਂਗੀ ਅਤੇ ਉਸ ਤੋਂ ਬਾਅਦ ਜਦੋਂ 2 ਲੱਖ ਦੀ ਰਾਸ਼ੀ ਖਾਤੇ ਵਿੱਚ ਆਵੇਗੀ, ਤਾਂ ਉਸ ਨਾਲ ਮੈਂ ਜਵਾਰ-ਬਾਜਰੇ ਦੇ ਬਣੇ ਆਟੇ ਦਾ ਕਾਰੋਬਾਰ ਸ਼ੁਰੂ ਕਰਾਂਗੀ। ਇਸ ਨਾਲ ਸਵਦੇਸ਼ੀ ਸੋਚ ਨੂੰ ਹੁਲਾਰਾ ਮਿਲੇਗਾ, ਜੇ ਇਸੇ ਤਰ੍ਹਾਂ ਤੁਹਾਡਾ ਹੱਥ ਸਾਡੇ ਸਿਰ ’ਤੇ ਬਣਿਆ ਰਹੇਗਾ, ਤਾਂ ਸਾਡੇ ਰੁਜ਼ਗਾਰ ਨੂੰ ਹੁਲਾਰਾ ਮਿਲੇਗਾ, ਅਸੀਂ ਅੱਗੇ ਵਧਾਂਗੀਆਂ ਅਤੇ ਲਖਪਤੀ ਦੀਦੀਆਂ ਬਣਾਂਗੀਆਂ। ਸਾਡੀਆਂ ਦੀਦੀਆਂ ਇਸ ਸਮੇਂ ਬਹੁਤ ਖ਼ੁਸ਼ ਹਨ। ਇਸ ਨਰਾਤਿਆਂ ਦੇ ਤਿਉਹਾਰ ਦੇ ਨਾਲ-ਨਾਲ ਮਾਣਯੋਗ ਮੁੱਖ ਮੰਤਰੀ ਰੁਜ਼ਗਾਰ ਯੋਜਨਾ ਨੂੰ ਤਿਉਹਾਰ ਵਾਂਗ ਮਨਾ ਰਹੀਆਂ ਹਨ। ਮੈਂ ਆਪਣੇ ਪੂਰੇ ਪੱਛਮੀ ਚੰਪਾਰਨ ਦੀਆਂ ਦੀਦੀਆਂ ਵੱਲੋਂ ਮਾਣਯੋਗ ਪ੍ਰਧਾਨ ਮੰਤਰੀ ਜੀ ਅਤੇ ਮਾਣਯੋਗ ਮੁੱਖ ਮੰਤਰੀ ਜੀ ਦਾ ਆਪਣੇ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਆਪਣੇ ਦਿਲੋਂ ਧੰਨਵਾਦ ਕਰਦੀ ਹਾਂ ਅਤੇ ਰਿਣੀ ਹਾਂ। ਧੰਨਵਾਦ।

 

ਪੇਸ਼ਕਰਤਾ - ਧੰਨਵਾਦ ਦੀਦੀ। ਹੁਣ ਮੈਂ ਭੋਜਪੁਰ ਜ਼ਿਲ੍ਹੇ ਦੀ ਰੀਤਾ ਦੇਵੀ ਦੀਦੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਤਜਰਬਾ ਸਾਂਝਾ ਕਰਨ।

 

ਲਾਭਪਾਤਰੀ - ਮਾਣਯੋਗ ਪ੍ਰਧਾਨ ਮੰਤਰੀ ਜੀ ਅਤੇ ਮੁੱਖ ਮੰਤਰੀ ਜੀ ਨੂੰ ਪੂਰੇ ਆਰਾ ਜ਼ਿਲ੍ਹੇ ਵੱਲੋਂ ਪ੍ਰਣਾਮ ਕਰਦੀ ਹਾਂ। ਮੇਰਾ ਨਾਮ ਰੀਤਾ ਦੇਵੀ ਹੈ, ਪਿੰਡ ਮੁਹੰਮਦਪੁਰ ਅਤੇ ਪੰਚਾਇਤ ਦੌਲਤਪੁਰ, ਥਾਣਾ ਕੋਇਲਾ, ਜ਼ਿਲ੍ਹਾ ਆਰਾ ਦੀ ਰਹਿਣ ਵਾਲੀ ਹਾਂ ਮੈਂ। ਸਾਲ 2015 ਵਿੱਚ ਮੈਂ ਸਵੈ-ਸਹਾਇਤਾ ਗਰੁੱਪ ਦੀ ਮੈਂਬਰ ਬਣ ਗਈ ਅਤੇ ਮੈਂਬਰ ਬਣਨ ਤੋਂ ਬਾਅਦ, ਪਹਿਲੀ ਕਿਸ਼ਤ 5000 ਰੁਪਏ ਲੈ ਕੇ ਮੈਂ ਚਾਰ ਬੱਕਰੀਆਂ ਖ਼ਰੀਦੀਆਂ ਅਤੇ ਬੱਕਰੀਆਂ ਨਾਲ ਆਪਣਾ ਰੁਜ਼ਗਾਰ ਸ਼ੁਰੂ ਕੀਤਾ। ਉਸ ਤੋਂ ਜੋ ਆਮਦਨ ਹੋਈ, ਉਸ ਨਾਲ 50 ਮੁਰਗੀਆਂ ਖ਼ਰੀਦੀਆਂ ਅਤੇ ਮੁਰਗੀਆਂ ਖ਼ਰੀਦ ਕੇ ਆਪਣਾ ਆਂਡਿਆਂ ਦਾ ਕਾਰੋਬਾਰ ਵੀ ਸ਼ੁਰੂ ਕੀਤਾ, 15 ਰੁਪਏ ਕਰਕੇ ਆਂਡਾ ਵੀ ਵੇਚਿਆ ਅਤੇ ਜੋ ਮੁਰਗੀ ਦੇ ਆਂਡੇ ਹੁੰਦੇ ਸੀ, ਉਨ੍ਹਾਂ ਨੂੰ ਮੈਂ ਇੱਕ ਮੱਛੀ ਦੇ ਡੱਬੇ ਵਿੱਚ ਲਾਈਟ ਨਾਲ ਚੂਚੇ ਤਿਆਰ ਕਰਨ ਲੱਗੀ ਅਤੇ ਉਸ ਨਾਲ ਸਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਬਹੁਤ ਸੁਧਾਰ ਹੋਇਆ, ਮੈਂ ਲਖਪਤੀ ਦੀਦੀ ਵੀ ਬਣ ਗਈ ਅਤੇ ਡਰੋਨ ਦੀਦੀ ਵੀ ਬਣ ਗਈ ਹਾਂ। ਸਾਡਾ ਬਹੁਤ ਵਿਕਾਸ ਹੋਇਆ ਹੈ ਅਤੇ ਇੱਕ ਵਾਰ ਫਿਰ ਤੋਂ ਅਸੀਂ ਆਰਾ ਜ਼ਿਲ੍ਹੇ ਦੀਆਂ ਦੀਦੀਆਂ ਵੱਲੋਂ ਪ੍ਰਧਾਨ ਮੰਤਰੀ ਜੀ ਦਾ, ਮੁੱਖ ਮੰਤਰੀ ਜੀ ਦਾ, ਪੂਰੇ ਦਿਲ ਨਾਲ ਧੰਨਵਾਦ ਕਰਦੇ ਹਾਂ ਕਿ ਜਦੋਂ ਤੋਂ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਆਈ ਹੈ ਨਾ, ਉਦੋਂ ਤੋਂ ਪਿੰਡ-ਮੁਹੱਲੇ ਵਿੱਚ ਤਾਂ ਪੂਰੀ ਚਹਿਲ-ਪਹਿਲ ਮਚ ਗਈ, ਮੰਨੋ ਕਿ ਦੀਦੀਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ, ਸਾਰੀਆਂ ਦੀਦੀਆਂ ਕਹਿੰਦੀਆਂ ਹਨ ਕਿ ਅਸੀਂ ਗਾਂ ਦਾ, ਬੱਕਰੀ ਦਾ ਰੁਜ਼ਗਾਰ ਕੀਤਾ, ਕੋਈ ਦੀਦੀ ਕਹਿ ਰਹੀ ਹੈ ਕਿ ਅਸੀਂ ਆਪਣੀ ਚੂੜੀਆਂ ਦੀ ਦੁਕਾਨ ਖੋਲ੍ਹੀ, ਤਾਂ ਮੈਂ ਇਹੀ ਕਹਿੰਦੀ ਹਾਂ ਕਿ ਜਦੋਂ ਮੇਰੀ 10,000 ਰੁਪਏ ਦੀ ਪਹਿਲੀ ਕਿਸ਼ਤ ਆਈ, ਤਾਂ ਮੈਂ 100 ਮੁਰਗੀਆਂ ਹੋਰ ਲੈ ਲਈਆਂ, ਤਾਂ ਕਿ ਸਰਦੀਆਂ ਦੇ ਦਿਨ ਆਉਂਦੇ ਹਨ ਤਾਂ ਆਂਡਿਆਂ ਦੀ ਮੰਗ ਵਧ ਜਾਂਦੀ ਹੈ, ਅਤੇ 100 ਹੋਰ ਲੈ ਕੇ ਅਸੀਂ ਆਪਣਾ ਮੁਰਗੀਆਂ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਜਦੋਂ 2 ਲੱਖ ਮਿਲਣਗੇ, ਤਾਂ ਮੈਂ ਪੋਲਟਰੀ ਫਾਰਮ ਖੋਲ੍ਹਾਂਗੀ ਅਤੇ ਉਸ ਵਿੱਚ ਆਪਣੀ ਮਸ਼ੀਨ ਵੀ ਲਗਾਵਾਂਗੀ, ਆਪਣਾ ਰੁਜ਼ਗਾਰ ਵਧਾਵਾਂਗੀ ਅਤੇ ਜੋ ਵੀ ਸਰਕਾਰੀ ਯੋਜਨਾਵਾਂ ਚਲਦੀਆਂ ਹਨ, ਜਿਵੇਂ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਿਸ ਕਰਕੇ ਪਹਿਲਾਂ ਅਸੀਂ ਮਿੱਟੀ ਦੇ ਘਰ ਵਿੱਚ ਰਹਿੰਦੇ ਸੀ, ਸਾਨੂੰ ਬਹੁਤ ਦਿੱਕਤ ਹੁੰਦੀ ਸੀ, ਬਰਸਾਤ ਵਿੱਚ ਪਾਣੀ ਚੋਣ ਲੱਗ ਜਾਂਦਾ ਸੀ, ਪਰ ਹੁਣ ਪੂਰੇ ਪਿੰਡ ਵਿੱਚ ਸਭ ਦੇ ਪੱਕੇ ਮਕਾਨ ਹੋ ਗਏ ਹਨ। ਸਭ ਦੀਦੀਆਂ ਆਪੋ-ਆਪਣੇ ਘਰ ਵਿੱਚ ਬਹੁਤ ਖ਼ੁਸ਼ ਰਹਿੰਦੀਆਂ ਹਨ ਅਤੇ ਪਖਾਨੇ ਦੀ ਗੱਲ ਕਰੀਏ ਤਾਂ ਬਹੁਤ ਸ਼ਰਮ ਆਉਂਦੀ ਸੀ, ਜਦੋਂ ਅਸੀਂ ਪਖਾਨੇ ਲਈ ਖੇਤ ਵਿੱਚ ਜਾਂਦੇ ਸੀ, ਪਰ ਹੁਣ ਪੂਰੇ ਪਿੰਡ ਵਿੱਚ, ਹਰ ਘਰ ਵਿੱਚ ਦੀਦੀਆਂ ਦੇ ਪਖਾਨੇ ਬਣ ਗਏ ਹਨ, ਬਾਹਰ ਕੋਈ ਦੀਦੀ ਨਹੀਂ ਜਾਂਦੀ ਉਸ ਲਈ, ਅਤੇ ਜਦੋਂ ਤੋਂ ਨਲ-ਜਲ ਆਇਆ ਹੈ ਨਾ ਜੀ ਉਦੋਂ ਤੋਂ ਪਿੰਡ ਵਿੱਚ ਸਾਨੂੰ ਸ਼ੁੱਧ ਪਾਣੀ ਪੀਣ ਨੂੰ ਮਿਲਣ ਲੱਗਾ ਅਤੇ ਰੋਗ-ਦੁੱਖ ਤੋਂ ਵੀ ਸਾਨੂੰ ਬਹੁਤ ਛੁਟਕਾਰਾ ਮਿਲ ਗਿਆ ਹੈ ਕਿਉਂਕਿ, ਸਾਨੂੰ ਸ਼ੁੱਧ ਪਾਣੀ ਪੀਣ ਨੂੰ ਮਿਲ ਗਿਆ। ਜਦੋਂ ਤੋਂ ਸਾਨੂੰ ਉੱਜਵਲਾ ਗੈਸ ਯੋਜਨਾ ਤਹਿਤ ਪੂਰਾ ਗੈਸ ਕਨੈਕਸ਼ਨ ਮਿਲਿਆ ਹੈ, ਉਦੋਂ ਤੋਂ ਅਸੀਂ ਚੁੱਲ੍ਹੇ ’ਤੇ ਖਾਣਾ ਬਣਾਉਣਾ ਛੱਡ ਦਿੱਤਾ ਹੈ। ਚੁੱਲ੍ਹਾ ਬਾਲਣ ਨਾਲ ਬਹੁਤ ਧੂੰਆਂ ਹੁੰਦਾ ਸੀ, ਜਿਸ ਨਾਲ ਅੱਖਾਂ ਵਿੱਚ ਜਲਣ ਹੁੰਦੀ ਸੀ। ਹੁਣ ਅਸੀਂ ਗੈਸ ’ਤੇ ਖਾਣਾ ਬਣਾਉਂਦੇ ਹਾਂ ਅਤੇ ਇਸ ਨਾਲ ਬਹੁਤ ਖ਼ੁਸ਼ ਹਾਂ। ਜੋ ਆਯੁਸ਼ਮਾਨ ਸਿਹਤ ਕਾਰਡ ਬਣਿਆ ਹੈ, ਉਸ ਕਾਰਡ ਰਾਹੀਂ ਸਾਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲ ਰਿਹਾ ਹੈ। ਇੱਕ ਰੁਪਿਆ ਵੀ ਨਹੀਂ ਲੱਗ ਰਿਹਾ, 5 ਲੱਖ ਰੁਪਏ ਤੱਕ ਦਾ ਇਲਾਜ ਬਿਲਕੁਲ ਮੁਫ਼ਤ ਹੈ ਅਤੇ ਜਦੋਂ ਤੋਂ ਪਿੰਡ ਵਿੱਚ 125 ਯੂਨਿਟ ਤੱਕ ਬਿਜਲੀ ਮੁਫ਼ਤ ਮਿਲੀ ਹੈ, ਪਹਿਲਾਂ ਜੋ ਸ਼ਾਮ ਹੁੰਦਿਆਂ ਹੀ ਹਨੇਰਾ ਹੋ ਜਾਂਦਾ ਸੀ, ਹੁਣ ਚਾਰੇ ਪਾਸੇ ਰੌਸ਼ਨੀ ਰਹਿੰਦੀ ਹੈ, ਸ਼ਾਮ ਨੂੰ ਚਾਰੇ ਪਾਸੇ ਰੌਸ਼ਨੀ ਰਹਿੰਦੀ ਹੈ। ਪਹਿਲਾਂ ਅਸੀਂ ਬੱਚਿਆਂ ਨੂੰ ਕਹਿੰਦੇ ਸੀ ਕਿ ਜਲਦੀ-ਜਲਦੀ ਲਾਈਟ ਬੰਦ ਕਰ ਦਿਓ, ਪਰ ਹੁਣ ਬੱਚੇ ਬੇਫਿਕਰ ਹੋ ਕੇ ਲਾਈਟ ਵਿੱਚ ਪੜ੍ਹਾਈ ਕਰ ਸਕਦੇ ਹਨ। ਲਾਈਟ ਜਗਾ ਕੇ ਖ਼ੁਸ਼ੀ ਨਾਲ ਚੰਗੀ ਤਰ੍ਹਾਂ ਪੜ੍ਹਾਈ ਕਰ ਰਹੇ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਔਰਤਾਂ ਨੂੰ ਯੋਜਨਾਵਾਂ ਦਾ ਲਾਭ ਮਿਲਦਾ ਹੈ, ਤਾਂ ਉਨ੍ਹਾਂ ਦੇ ਬੱਚਿਆਂ ਨੂੰ ਵੀ ਇਸ ਦਾ ਲਾਭ ਮਿਲਦਾ ਹੈ। ਜਿਵੇਂ, ਪਹਿਲਾਂ ਦੀਦੀ ਨੂੰ ਬਹੁਤ ਦੂਰ ਜਾਣਾ ਪੈਂਦਾ ਸੀ, ਪਰ ਹੁਣ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਲਈ ਸਾਈਕਲ ਵੀ ਮਿਲ ਰਹੀ ਹੈ। ਬੱਚੇ ਸਾਈਕਲ ਚਲਾ ਕੇ ਸਕੂਲ ਜਾਂਦੇ ਹਨ ਅਤੇ ਪੋਸ਼ਾਕ ਵਿੱਚ ਜਦੋਂ ਇਹ ਲੋਕ ਇੱਕ ਰੰਗ ਦੀ ਵਰਦੀ ਪਹਿਨ ਕੇ ਸੜਕ 'ਤੇ ਨਿਕਲਦੇ ਹਨ ਤਾਂ ਬਹੁਤ ਚੰਗਾ ਲੱਗਦਾ ਹੈ। ਅਤੇ ਉਸ ਤੋਂ ਵੀ ਵੱਡੀ ਗੱਲ ਹੈ ਜੀ, ਜਦੋਂ ਮੈਂ ਪੜ੍ਹਦੀ ਸੀ ਤਾਂ ਸਾਨੂੰ ਵੀ ਸਾਈਕਲ ਅਤੇ ਪੋਸ਼ਾਕ ਮਿਲੀ ਸੀ। ਅਸੀਂ ਵੀ ਪੋਸ਼ਾਕ ਪਹਿਨ ਕੇ ਸਕੂਲ ਜਾਂਦੇ ਸੀ, ਆਪਣੀ ਸਾਈਕਲ 'ਤੇ। ਇਸੇ ਕਰਕੇ ਮੈਂ ਪੂਰੇ ਆਰਾ ਜ਼ਿਲ੍ਹੇ ਵੱਲੋਂ, ਪ੍ਰਧਾਨ ਮੰਤਰੀ ਜੀ ਅਤੇ ਨਿਤੀਸ਼ ਜੀ ਨੂੰ ਅਤੇ ਸਾਰੀਆਂ ਦੀਦੀਆਂ, ਸਾਰੀਆਂ ਔਰਤਾਂ ਵੱਲੋਂ ਬਹੁਤ-ਬਹੁਤ ਧੰਨਵਾਦ ਅਤੇ ਆਸ਼ੀਰਵਾਦ ਦਿੰਦੇ ਹਾਂ। (ਡਿਸਕਲੇਮਰ- ਆਰਾ ਜ਼ਿਲ੍ਹੇ ਦੀ ਲਾਭਪਾਤਰੀ ਰੀਤਾ ਦੇਵੀ ਨੇ ਸਥਾਨਕ ਭਾਸ਼ਾ ਵਿੱਚ ਗੱਲਬਾਤ ਕੀਤੀ ਹੈ, ਜਿਸ ਦਾ ਇੱਥੇ ਪੰਜਾਬੀ ਅਨੁਵਾਦ ਕੀਤਾ ਗਿਆ ਹੈ)

 

ਪ੍ਰਧਾਨ ਮੰਤਰੀ - ਰੀਤਾ ਦੀਦੀ, ਤੁਸੀਂ ਤਾਂ ਬਹੁਤ ਸੁਪਰਫਾਸਟ ਬੋਲਦੇ ਹੋ ਅਤੇ ਸਾਰੀਆਂ ਯੋਜਨਾਵਾਂ ਦੇ ਨਾਮ ਵੀ ਗਿਣਾ ਦਿੱਤੇ ਤੁਸੀਂ। ਬਹੁਤ ਵਧੀਆ ਬੋਲਦੇ ਹੋ ਤੁਸੀਂ, ਬਹੁਤ ਵਧੀਆ ਤਰੀਕੇ ਨਾਲ ਗੱਲਾਂ ਦੱਸੀਆਂ ਤੁਸੀਂ। ਤੁਹਾਡੀ ਪੜ੍ਹਾਈ ਕਿੰਨੀ ਹੋਈ ਹੈ ਰੀਤਾ ਦੀਦੀ?

 

ਲਾਭਪਾਤਰੀ (ਰੀਤਾ ਦੀਦੀ) - ਜੀ, ਅਸੀਂ ਜੀਵਿਕਾ (ਸਵੈ-ਸਹਾਇਤਾ ਗਰੁੱਪ) ਵਿੱਚ ਆ ਕੇ ਪੜ੍ਹਾਈ ਸ਼ੁਰੂ ਕੀਤੀ, ਮੈਟ੍ਰਿਕ ਕੀਤੀ, ਇੰਟਰ ਕੀਤੀ, ਬੀ.ਏ. ਵੀ ਕੀਤੀ। ਹੁਣ ਮੈਂ ਐਮ.ਏ. ਵਿੱਚ ਦਾਖਲਾ ਲਿਆ ਹੈ।

 

ਪ੍ਰਧਾਨ ਮੰਤਰੀ - ਅਰੇ ਵਾਹ!

 

ਲਾਭਪਾਤਰੀ (ਰੀਤਾ ਦੀਦੀ) - ਮੈਂ ਹੁਣ ਜੀਵਿਕਾ ਰਾਹੀਂ ਪੜ੍ਹਾਈ ਕਰ ਰਹੀ ਹਾਂ। ਜੀ ਮੈਂ ਪੜ੍ਹੀ-ਲਿਖੀ ਨਹੀਂ ਸੀ।

 

ਪ੍ਰਧਾਨ ਮੰਤਰੀ - ਚਲੋ, ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!

 

ਲਾਭਪਾਤਰੀ (ਰੀਤਾ ਦੀਦੀ) - ਜੀ, ਤੁਹਾਨੂੰ ਸਾਰੀਆਂ ਦੀਦੀਆਂ ਵੱਲੋਂ ਬਹੁਤ-ਬਹੁਤ ਆਸ਼ੀਰਵਾਦ ਜੀ।

 

ਪੇਸ਼ਕਰਤਾ - ਧੰਨਵਾਦ ਰੀਤਾ ਦੇਵੀ ਦੀਦੀ। ਹੁਣ ਮੈਂ ਗਯਾ ਜ਼ਿਲ੍ਹੇ ਦੀ ਨੂਰਜਹਾਂ ਖਾਤੂਨ ਦੀਦੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਤਜਰਬਾ ਸਾਂਝਾ ਕਰਨ।

 

ਲਾਭਪਾਤਰੀ - ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਮੇਰਾ ਪ੍ਰਣਾਮ, ਮਾਣਯੋਗ ਮੁੱਖ ਮੰਤਰੀ ਜੀ ਨੂੰ ਮੇਰਾ ਪ੍ਰਣਾਮ। ਮੇਰਾ ਨਾਮ ਨੂਰਜਹਾਂ ਖਾਤੂਨ, ਝਿਕਟੀਆ ਪਿੰਡ ਝਿਕਟੀਆ ਬਲਾਕ ਬੋਧਗਯਾ, ਗਯਾ ਜ਼ਿਲ੍ਹੇ ਦੀ ਮੈਂ ਵਸਨੀਕ ਹਾਂ। ਮੈਂ ਗੁਲਾਬ ਜੀ ਵਿਕਾਸ ਸਵੈ-ਸਹਾਇਤਾ ਦੀ ਪ੍ਰਧਾਨ ਹਾਂ ਅਤੇ ਜੋ ਸਭ ਤੋਂ ਪਹਿਲਾਂ ਸਾਨੂੰ ਸਾਰੀਆਂ ਔਰਤਾਂ ਨੂੰ 10,000 ਰੁਪਏ ਦੀ ਰਾਸ਼ੀ ਦੀ ਪਹਿਲੀ ਕਿਸ਼ਤ ਰੁਜ਼ਗਾਰ ਕਰਨ ਲਈ ਮਿਲੇਗੀ, ਇਹ ਸੁਣ ਕੇ ਸਾਰੀਆਂ ਔਰਤਾਂ ਬਹੁਤ ਖ਼ੁਸ਼ ਹਨ ਅਤੇ ਸਾਰਿਆਂ ਦੇ ਘਰ, ਮੁਹੱਲੇ ਅਤੇ ਪਿੰਡ ਵਿੱਚ ਇਹ ਹਲਚਲ ਮਚੀ ਹੋਈ ਹੈ। ਸਾਰੀਆਂ ਔਰਤਾਂ ਇੱਕ ਥਾਂ 'ਤੇ ਬੈਠ ਕੇ ਚਰਚਾ ਕਰ ਰਹੀਆਂ ਹਨ, ਕਿ ਹੁਣ ਅਸੀਂ ਆਪਣਾ ਮਨਪਸੰਦ ਰੁਜ਼ਗਾਰ ਕਰਾਂਗੀਆਂ। ਖ਼ੁਸ਼ੀ ਦਾ ਮਾਹੌਲ ਦਿਖਾਈ ਦੇ ਰਿਹਾ ਹੈ ਅਤੇ ਸਾਨੂੰ ਵੀ ਜੋ ਪਹਿਲੀ 10,000 ਰੁਪਏ ਦੀ ਰਾਸ਼ੀ ਮਿਲੇਗੀ, ਉਸ ਨਾਲ ਮੈਂ ਵੀ ਆਪਣੀ ਸਿਲਾਈ ਦੀ ਦੁਕਾਨ ਵਿੱਚ ਇੱਕ ਵੱਡਾ ਕਾਊਂਟਰ ਬਣਾਵਾਂਗੀ। ਉਸ ਕਾਊਂਟਰ 'ਤੇ ਮੈਂ ਆਪਣਾ ਸਾਮਾਨ ਰੱਖ ਕੇ ਵੇਚਾਂਗੀ ਅਤੇ ਪਹਿਲਾਂ ਤੋਂ ਵੀ ਮੇਰੀ ਸਿਲਾਈ ਦੀ ਦੁਕਾਨ ਚੱਲ ਰਹੀ ਹੈ। ਅਤੇ ਸਾਡੇ ਪਤੀ ਪਹਿਲਾਂ ਸਿਲਾਈ ਦਾ ਕੰਮ ਬਾਹਰ ਕਰਦੇ ਸਨ। ਅਸੀਂ ਆਪਣੇ ਪਤੀ ਨੂੰ ਵੀ ਇੱਥੇ ਬੁਲਾ ਕੇ ਅਤੇ ਦੋਵੇਂ ਪਤੀ-ਪਤਨੀ ਦੁਕਾਨ 'ਤੇ ਬੈਠ ਕੇ ਆਪਣਾ ਰੁਜ਼ਗਾਰ ਚਲਾਉਂਦੇ ਹਾਂ, ਅਤੇ 10 ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੋਇਆ ਹੈ, ਅਤੇ ਸਾਡੀ ਅਗਲੀ ਸੋਚ ਹੈ ਕਿ ਜੇ ਸਾਨੂੰ 2 ਲੱਖ ਦੀ ਰਾਸ਼ੀ ਹੋਰ ਮਿਲੇਗੀ ਤਾਂ ਉਸ ਨਾਲ ਅਸੀਂ ਹੋਰ ਵੀ ਵੱਡਾ ਰੁਜ਼ਗਾਰ ਕਰਾਂਗੇ ਅਤੇ ਆਪਣੀ ਮਸ਼ੀਨ ਨੂੰ ਵੀ ਵਧਾਵਾਂਗੇ ਅਤੇ 10 ਲੋਕਾਂ ਨੂੰ ਹੋਰ ਵੀ ਰੁਜ਼ਗਾਰ ਦੇਵਾਂਗੇ, ਅਤੇ ਇੱਕ ਹੋਰ ਸਾਡੇ ਜੋ ਮੁੱਖ ਮੰਤਰੀ ਜੀ ਬਹੁਤ ਹੀ ਵੱਡਾ ਕੰਮ ਜੋ ਸਾਡੀਆਂ ਔਰਤਾਂ ਲਈ ਹਮੇਸ਼ਾ ਯਾਦ ਰੱਖਦੇ ਸਨ ਅਤੇ ਅੱਜ ਵੀ ਲਗਾਤਾਰ ਸਾਨੂੰ ਅੱਗੇ ਵਧਾਉਣ ਲਈ ਕੋਸ਼ਿਸ਼ ਕਰ ਰਹੇ ਹਨ, ਅਤੇ ਇੱਕ ਬਹੁਤ ਵੱਡੀ ਗੱਲ ਹੈ, ਕਿ ਜਦੋਂ ਅਸੀਂ ਪਹਿਲਾਂ ਲਾਲਟੈਨ ਅਤੇ ਦੀਵੇ ਨਾਲ ਆਪਣੇ ਘਰ ਦੀ ਰਸੋਈ ਵਿੱਚ ਕੰਮ ਕਰਦੇ ਸੀ। ਅੱਜ ਤਾਂ ਜਦੋਂ ਤੋਂ 125 ਯੂਨਿਟ ਬਿਜਲੀ ਦਾ ਬਿੱਲ ਮੁਫ਼ਤ ਹੋਇਆ ਹੈ, ਉਦੋਂ ਤੋਂ ਤਾਂ ਮੇਰਾ ਬਿੱਲ ਅੱਜ ਤੱਕ ਆਇਆ ਹੀ ਨਹੀਂ ਹੈ। ਇਹ ਜੋ ਪੈਸਾ ਬਚਦਾ ਹੈ, ਅਸੀਂ ਬੱਚਿਆਂ ਦੀ ਟਿਊਸ਼ਨ ਫ਼ੀਸ 'ਤੇ ਖਰਚ ਕਰਦੇ ਹਾਂ, ਅਤੇ ਇੱਕ ਬਹੁਤ ਵੱਡੀ ਗੱਲ ਹੈ ਕਿ ਜੋ ਗਰੀਬ ਤੋਂ ਗਰੀਬ ਔਰਤਾਂ ਆਪਣਾ ਬਿਜਲੀ ਦਾ ਬਿੱਲ ਭਰਨ ਕਰਕੇ ਕੁਨੈਕਸ਼ਨ ਨਹੀਂ ਕਰਵਾਉਂਦੀਆਂ ਸਨ। ਅੱਜ ਤਾਂ 100% ਸਾਨੂੰ ਲੱਗਦਾ ਹੈ ਕਿ ਗਰੀਬ ਤੋਂ ਗਰੀਬ ਔਰਤਾਂ ਨੇ ਵੀ ਆਪਣੇ ਘਰ ਵਿੱਚ ਬਿਜਲੀ ਦਾ ਕੁਨੈਕਸ਼ਨ ਲਿਆ ਹੋਇਆ ਹੈ ਅਤੇ ਉਨ੍ਹਾਂ ਦੇ ਘਰਾਂ ਵਿੱਚ ਲਾਈਟ-ਬੱਤੀ ਹਮੇਸ਼ਾ ਰੌਸ਼ਨੀ ਵਿੱਚ ਰਹਿੰਦੀ ਹੈ, ਉਨ੍ਹਾਂ ਦੇ ਵੀ ਬੱਚੇ ਰਾਤ ਨੂੰ ਬਲਬ ਜਗਾ ਕੇ ਹੇਠਾਂ ਪੜ੍ਹਾਈ ਵੀ ਕਰਦੇ ਹਨ। ਅਤੇ ਪਹਿਲਾਂ ਜੀ, ਜਦੋਂ ਸਾਡਾ ਗਰੁੱਪ ਹੀ ਨਹੀਂ ਸੀ ਤਾਂ ਅਸੀਂ ਘਰੋਂ ਨਿਕਲਦੇ ਨਹੀਂ ਸੀ, ਅਤੇ ਜਦੋਂ ਅਸੀਂ ਘਰੋਂ ਨਿਕਲਣਾ ਸ਼ੁਰੂ ਕੀਤਾ ਗਰੁੱਪ ਵਿੱਚ, ਤਾਂ ਘਰੋਂ ਬਹੁਤ ਝਿੜਕਾਂ ਪੈਂਦੀਆਂ ਸਨ। ਕਿਸੇ-ਕਿਸੇ ਦੇ ਪਤੀ ਤਾਂ ਕੁੱਟਮਾਰ ਵੀ ਕਰਦੇ ਸਨ ਅਤੇ ਅਸੀਂ ਡਰਦੇ ਮਾਰੇ ਬਾਹਰ ਨਹੀਂ ਨਿਕਲਦੇ ਸੀ। ਪਰ ਅੱਜ ਉਹ ਦਿਨ ਹੈ ਕਿ ਜੇ ਕੋਈ ਵੀ ਜੈਂਟਸ ਹੋਵੇ ਜਾਂ ਕੋਈ ਵੀ ਸਾਡੇ ਦਰਵਾਜ਼ੇ ’ਤੇ ਆ ਜਾਵੇ, ਤਾਂ ਸਾਡੇ ਘਰ ਦੇ ਪਤੀ ਹੋਣ ਜਾਂ ਕੋਈ ਵੀ ਪਰਿਵਾਰ, ਸਭ ਤੋਂ ਪਹਿਲਾਂ ਸਾਨੂੰ ਕਹਿਣਗੇ ਕਿ ਜਾਓ ਬਾਹਰ ਕੋਈ ਤੁਹਾਨੂੰ ਮਿਲਣ ਲਈ ਆਇਆ ਹੈ। ਹੁਣ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਤਾਂ ਸਾਡੇ ਘਰ-ਪਰਿਵਾਰ ਦੇ ਲੋਕ ਬਹੁਤ ਖ਼ੁਸ਼ ਹੁੰਦੇ ਹਨ ਕਿ ਸਾਡੇ ਘਰ ਦੀ ਔਰਤ ਬਾਹਰ ਜਾ ਰਹੀ ਹੈ ਅਤੇ ਬਾਹਰ ਇਸ ਰੁਜ਼ਗਾਰ ਵਿੱਚ ਸਾਨੂੰ ਕੰਮ ਕਰਨ ਵਿੱਚ ਬਹੁਤ ਮਨ ਲੱਗਦਾ ਹੈ ਕਿ ਅਸੀਂ ਹੋਰ ਵੀ ਰੁਜ਼ਗਾਰ ਦੇ ਕੇ ਕਾਫੀ ਲੋਕਾਂ ਨੂੰ ਅੱਗੇ ਸਿੱਖਿਆ ਦੇਈਏ, ਸਿਖਾ ਕੇ, ਟ੍ਰੇਨਿੰਗ ਦੇ ਕੇ ਸਿਖਾਈਏ, ਕਿਉਂਕਿ ਸਾਡੇ ਪਤੀ ਆਲ ਰਾਊਂਡਰ ਟੇਲਰ ਮਾਸਟਰ ਹਨ ਅਤੇ ਜੀ ਪਹਿਲਾਂ ਤਾਂ ਅਸੀਂ ਆਪਣੇ ਪਤੀਆਂ ਨੂੰ ਹੀ ਆਪਣੀ ਜਾਇਦਾਦ ਸਮਝਦੀਆਂ ਸੀ, ਪਰ ਅੱਜ ਸਾਡੇ ਪਤੀ ਸਾਨੂੰ ਲਖਪਤੀ ਸਮਝਦੇ ਹਨ ਕਿ ਇਹ ਸਾਡੇ ਘਰ ਦੀ ਲਖਪਤੀ ਹੈ। ਅਤੇ ਅਸੀਂ ਪਹਿਲਾਂ ਬਹੁਤ ਗਰੀਬੀ ਵਿੱਚੋਂ ਉੱਠੇ ਹਾਂ। ਤੂੜੀ ਦੇ ਘਰ ਵਿੱਚ ਰਹਿੰਦੇ ਸੀ, ਪਰ ਹੁਣ ਅਸੀਂ ਤੂੜੀ ਦੇ ਘਰ ਵਿੱਚ ਰਹਿ ਕੇ ਬਹੁਤ ਖ਼ੁਸ਼ ਹਾਂ, ਕਿਉਂਕਿ ਅਸੀਂ ਮਹਿਲ ਬਣਾ ਲਿਆ ਹੈ। ਅਤੇ ਮੈਂ ਆਪਣੇ ਗਯਾ ਜ਼ਿਲ੍ਹੇ ਦੀਆਂ ਔਰਤਾਂ ਵੱਲੋਂ ਆਪਣੇ ਪ੍ਰਧਾਨ ਮੰਤਰੀ ਜੀ ਨੂੰ ਦਿਲੋਂ ਦੁਆਵਾਂ ਦਿੰਦੀਆਂ ਹਾਂ, ਕਰਦੀਆਂ ਹਾਂ ਅਤੇ ਮੈਂ ਆਪਣੇ ਮੁੱਖ ਮੰਤਰੀ ਜੀ ਨੂੰ, ਗਯਾ ਜ਼ਿਲ੍ਹੇ ਦੀਆਂ ਦੀਦੀਆਂ ਵੱਲੋਂ ਦਿਲੋਂ ਦੁਆ ਦਿੰਦੀ ਹਾਂ ਅਤੇ ਮੈਂ ਧੰਨਵਾਦ ਕਰਦੀ ਹਾਂ।

 

ਪ੍ਰਧਾਨ ਮੰਤਰੀ - ਨੂਰਜਹਾਂ ਦੀਦੀ ਤੁਸੀਂ ਇੰਨਾ ਵਧੀਆ ਤਰੀਕੇ ਨਾਲ ਦੱਸਿਆ, ਤੁਸੀਂ ਮੇਰਾ ਇੱਕ ਕੰਮ ਕਰੋਗੇ?

 

ਲਾਭਪਾਤਰੀ - ਜੀ ਹਾਂ।

 

ਪ੍ਰਧਾਨ ਮੰਤਰੀ - ਤਾਂ ਤੁਸੀਂ ਦੇਖੋ, ਤੁਸੀਂ ਇੰਨੇ ਵਧੀਆ ਤਰੀਕੇ ਨਾਲ ਚੀਜ਼ਾਂ ਸਮਝਾਉਂਦੇ ਹੋ। ਜੇ ਤੁਸੀਂ ਹਫ਼ਤੇ ਵਿੱਚ ਇੱਕ ਦਿਨ ਕੱਢੋ ਅਤੇ ਵੱਖ-ਵੱਖ ਇਲਾਕਿਆਂ ਜਾਂ ਵੱਖ-ਵੱਖ ਪਿੰਡਾਂ ਵਿੱਚ, 50-100 ਦੀਦੀਆਂ ਨੂੰ ਇਕੱਠਾ ਕਰਕੇ ਜੇ ਤੁਸੀਂ ਉਨ੍ਹਾਂ ਨੂੰ ਇਹ ਸਮਝਾਓਗੇ, ਤਾਂ ਉਨ੍ਹਾਂ ਨੂੰ ਜੀਵਨ ਵਿੱਚ ਵੀ ਬਹੁਤ ਵੱਡੀ ਪ੍ਰੇਰਣਾ ਮਿਲੇਗੀ, ਕਿਉਂਕਿ ਤੁਸੀਂ ਸਾਰੀਆਂ ਗੱਲਾਂ ਬਿਲਕੁਲ ਆਪਣੇ ਤਜਰਬਾ ਤੋਂ ਬੋਲ ਰਹੇ ਹੋ, ਦਿਲੋਂ ਬੋਲ ਰਹੇ ਹੋ, ਘਰ ਦੀ ਗੱਲ ਵੀ ਦੱਸ ਰਹੇ ਹੋ, ਤਾਂ ਮੈਂ ਸਮਝਦਾ ਹਾਂ ਕਿ ਇਹ ਸਾਡੀਆਂ ਮਾਤਾਵਾਂ-ਭੈਣਾਂ ਸੁਣਨਗੀਆਂ, ਉਨ੍ਹਾਂ ਨੂੰ ਬਹੁਤ ਪ੍ਰੇਰਣਾ ਮਿਲੇਗੀ। ਬਹੁਤ ਚੰਗੇ ਤਰੀਕੇ ਨਾਲ ਤੁਸੀਂ ਦੱਸਿਆ। ਬਹੁਤ-ਬਹੁਤ ਵਧਾਈ ਤੁਹਾਨੂੰ। ਬਹੁਤ ਧੰਨਵਾਦ।

 

ਲਾਭਪਾਤਰੀ - ਬਿਲਕੁਲ ਅਸੀਂ ਸਮਝਾਵਾਂਗੇ ਜੀ।

 

ਪੇਸ਼ਕਰਤਾ - ਧੰਨਵਾਦ ਦੀਦੀ। ਹੁਣ ਮੈਂ ਅੰਤ ਵਿੱਚ ਪੂਰਨੀਆ ਜ਼ਿਲ੍ਹੇ ਦੀ ਪੁਤੁਲ ਦੇਵੀ ਦੀਦੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਤਜਰਬਾ ਸਾਂਝਾ ਕਰਨ।

 

ਲਾਭਪਾਤਰੀ - ਮਾਣਯੋਗ ਪ੍ਰਧਾਨ ਮੰਤਰੀ ਜੀ ਅਤੇ ਮਾਣਯੋਗ ਮੁੱਖ ਮੰਤਰੀ ਜੀ ਨੂੰ ਮੇਰਾ ਪ੍ਰਣਾਮ। ਮੇਰਾ ਨਾਮ ਪੁਤੁਲ ਦੇਵੀ ਹੈ, ਮੈਂ ਭਵਾਨੀਪੁਰ ਦੀ ਰਹਿਣ ਵਾਲੀ ਹਾਂ। ਮੁਸਕਾਨ ਗਰੁੱਪ ਦੀ ਮੈਂ ਸਕੱਤਰ ਹਾਂ। ਅੱਜ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਤਹਿਤ ਜੋ 10-10 ਹਜ਼ਾਰ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਮੈਂ ਪਹਿਲਾਂ ਉਸ ਵਿੱਚ ਲੱਡੂ-ਪਤਾਸੇ ਦੀ ਦੁਕਾਨ ਕਰਦੀ ਸੀ, ਹੁਣ ਮੈਂ ਟਿਕਰੀ, ਬਾਲੂਸ਼ਾਹੀ, ਜਲੇਬੀ ਅਤੇ ਬਰਫੀ ਵੀ ਬਣਾਵਾਂਗੀ। ਦੁਬਾਰਾ ਮਿਹਨਤ ਕਰਕੇ ਮੈਂ ਉਹ 2 ਲੱਖ ਰੁਪਏ ਦੀ ਰਾਸ਼ੀ ਵੀ ਪ੍ਰਾਪਤ ਕਰਾਂਗੀ, ਜਿਸ ਨਾਲ ਮੈਂ ਆਪਣੀ ਦੁਕਾਨ ਨੂੰ ਵੱਡਾ ਕਰਾਂਗੀ ਅਤੇ ਸਟਾਫ ਨੂੰ ਵੀ ਵਧਾਵਾਂਗੀ। ਨਾਲ ਹੀ, ਜੋ ਤੁਸੀਂ ਜੀਵਿਕਾ ਬੈਂਕ ਸ਼ੁਰੂ ਕੀਤਾ ਹੈ, ਉਸ ਤੋਂ ਮੈਂ ਘੱਟ ਵਿਆਜ ਦਰ ’ਤੇ ਲੋਨ ਲੈ ਕੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਾਂਗੀ। ਮਾਣਯੋਗ ਪ੍ਰਧਾਨ ਮੰਤਰੀ ਜੀ ਦੇ ਸਵਦੇਸ਼ੀ ਦੇ ਨਾਅਰੇ ਨਾਲ ਦੇਸ਼ ਨੂੰ ਵੀ ਮਜ਼ਬੂਤ ਕਰਾਂਗੀ। ਮੈਨੂੰ ਬਹੁਤ ਖ਼ੁਸ਼ੀ ਹੈ ਕਿ ਅੱਜ ਮੇਰੀ ਸੱਸ ਦੀ ਪੈਨਸ਼ਨ 400 ਰੁਪਏ ਤੋਂ 1100 ਰੁਪਏ ਕਰ ਦਿੱਤੀ ਗਈ ਹੈ ਅਤੇ 125 ਯੂਨਿਟ ਬਿਜਲੀ ਵੀ ਮੁਫ਼ਤ ਮਿਲਦੀ ਹੈ, ਜਿਸ ਨਾਲ ਮੈਂ ਬੱਚਤ ਕਰਾਂਗੀ ਅਤੇ ਆਪਣੇ ਬੱਚੇ ਨੂੰ ਅੱਗੇ ਪੜ੍ਹਾਵਾਂਗੀ। ਮਾਣਯੋਗ ਪ੍ਰਧਾਨ ਮੰਤਰੀ ਜੀ ਅਤੇ ਮਾਣਯੋਗ ਮੁੱਖ ਮੰਤਰੀ ਜੀ ਦਾ, ਤੁਹਾਡੇ ਪੂਰੇ ਪੂਰਨੀਆ ਜ਼ਿਲ੍ਹੇ ਦੇ ਵਾਸੀਆਂ ਵੱਲੋਂ, ਮੈਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਅਜਿਹੀ ਯੋਜਨਾ ਲਿਆਂਦੀ, ਜਿਸ ਨੇ ਸਾਡੇ ਘਰ ਨੂੰ ਖ਼ੁਸ਼ੀਆਂ ਨਾਲ ਭਰ ਦਿੱਤਾ। ਤੁਹਾਨੂੰ ਮੈਂ ਤਹਿ ਦਿਲੋਂ ਨਮਨ ਕਰਦੀ ਹਾਂ, ਧੰਨਵਾਦ।

 

ਪ੍ਰਧਾਨ ਮੰਤਰੀ - ਪੁਤੁਲ ਜੀ, ਪੁਤੁਲ ਦੀਦੀ, ਤੁਸੀਂ ਖੁਦ ਕਾਰੋਬਾਰ ਵਿੱਚ ਗਏ ਹੋ, ਤਾਂ ਤੁਹਾਨੂੰ ਸ਼ੁਰੂਆਤ ਵਿੱਚ ਪਰਿਵਾਰ ਵੱਲੋਂ ਕੁਝ ਮੁਸ਼ਕਿਲਾਂ ਆਈਆਂ ਹੋਣਗੀਆਂ, ਇਸ ਤਰ੍ਹਾਂ ਦੁਕਾਨ ’ਤੇ ਬੈਠਣਾ, ਸਭ ਮੁਹੱਲੇ ਵਾਲੇ ਮਨ੍ਹਾ ਕਰਦੇ ਹੋਣਗੇ, ਪਿੰਡ ਵਾਲੇ ਮਨ੍ਹਾ ਕਰਦੇ ਹੋਣਗੇ।

 

ਲਾਭਪਾਤਰੀ - ਜੀ, ਮੇਰਾ ਰੁਜ਼ਗਾਰ ਦੇਖ ਕੇ ਸਾਰੇ ਮੇਰੇ ’ਤੇ ਹੱਸਦੇ ਸਨ, ਪਰ ਮੈਂ ਆਪਣਾ ਕੰਮ ਨਹੀਂ ਛੱਡਿਆ ਸਰ। ਮੈਂ ਆਪਣੀ ਹਿੰਮਤ ਨਾਲ ਲੱਡੂ ਅਤੇ ਪਤਾਸੇ ਬਣਾ ਕੇ ਪਹਿਲਾਂ ਛੋਟਾ ਰੁਜ਼ਗਾਰ ਸ਼ੁਰੂ ਕੀਤਾ। ਜਦੋਂ ਮੈਂ ਜੀਵਿਕਾ ਨਾਲ ਜੁੜੀ ਤਾਂ ਉਸ ਤੋਂ ਮੈਂ ਲੋਨ ਲੈ ਕੇ, ਸਰ ਮੇਰੇ ਕੋਲ ਘਰ ਨਹੀਂ ਸੀ। ਪਰ ਮੈਂ ਉਸੇ ਨਾਲ ਆਪਣਾ ਘਰ ਵੀ ਬਣਾਇਆ ਅਤੇ ਆਪਣੇ ਬੱਚੇ ਨੂੰ ਪੜ੍ਹਾ ਰਹੀ ਹਾਂ। ਅੱਜ ਮੇਰਾ ਬੱਚਾ ਸਰ, ਕਟਿਹਾਰ ਵਿੱਚ ਬੀ.ਟੈੱਕ ਕਰ ਰਿਹਾ ਹੈ। ਆਪਣੇ ਦਮ 'ਤੇ ਸਰਕਾਰੀ ਕਾਲਜ ਵਿੱਚ ਦਾਖਲਾ ਲਿਆ ਹੈ।

 

ਪ੍ਰਧਾਨ ਮੰਤਰੀ - ਅੱਛਾ ਪੁਤੁਲ ਦੇਵੀ ਜੀ, ਤੁਸੀਂ ਜਲੇਬੀ ਦੀ ਗੱਲ ਕਹੀ। ਤੁਹਾਨੂੰ ਪਤਾ ਹੈ ਨਾ, ਵਿੱਚ ਜਿਹੇ ਸਾਡੇ ਦੇਸ਼ ਵਿੱਚ ਜਲੇਬੀ 'ਤੇ ਬਹੁਤ ਰਾਜਨੀਤੀ ਚਲਦੀ ਸੀ।

 

ਲਾਭਪਾਤਰੀ - ਜੀ ਜੀ।

 

ਪ੍ਰਧਾਨ ਮੰਤਰੀ - ਚਲੋ ਬਹੁਤ-ਬਹੁਤ ਧੰਨਵਾਦ।

 

ਪੇਸ਼ਕਰਤਾ - ਧੰਨਵਾਦ ਦੀਦੀ। ਹੁਣ ਮੈਂ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਤਹਿਤ 75 ਲੱਖ ਮਹਿਲਾ ਲਾਭਪਾਤਰੀਆਂ ਨੂੰ 10,000 ਰੁਪਏ ਪ੍ਰਤੀ ਲਾਭਪਾਤਰੀ ਦੀ ਦਰ ਨਾਲ 7500 ਕਰੋੜ ਰੁਪਏ ਦੀ ਰਾਸ਼ੀ ਦੀ ਟਰਾਂਸਫ਼ਰ ਰਿਮੋਟ ਦਾ ਬਟਨ ਦਬਾ ਕੇ ਕਰਨ ਦੀ ਕਿਰਪਾ ਕਰਨ।

 

************

ਐੱਮਜੇਪੀਐੱਸ/ਐੱਸਟੀ/ਡੀਕੇ


(Release ID: 2172098) Visitor Counter : 2