ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਕੌਮਾਂਤਰੀ ਵਪਾਰ ਸ਼ੋਅ ਨੂੰ ਸੰਬੋਧਨ ਕੀਤਾ


ਭਾਰਤ ਨੇ ਸਾਰਿਆਂ ਲਈ ਮੌਕੇ ਪ੍ਰਦਾਨ ਕਰਨ ਵਾਲੇ ਖੁੱਲ੍ਹੇ ਮੰਚ ਉਪਲਬਧ ਕਰਾਏ ਹਨ, ਸਾਰਿਆਂ ਲਈ ਮੰਚ, ਸਭ ਦੀ ਤਰੱਕੀ: ਪ੍ਰਧਾਨ ਮੰਤਰੀ

ਵਿਸ਼ਵ-ਵਿਆਪੀ ਰੁਕਾਵਟਾਂ ਅਤੇ ਅਨਿਸ਼ਚਿਤਤਾ ਦੇ ਬਾਵਜੂਦ, ਭਾਰਤ ਦਾ ਵਿਕਾਸ ਜ਼ਿਕਰਯੋਗ ਬਣਿਆ ਹੋਇਆ ਹੈ: ਪ੍ਰਧਾਨ ਮੰਤਰੀ

ਭਾਰਤ ਨੂੰ ਸਵੈ-ਨਿਰਭਰ ਬਣਨਾ ਹੋਵੇਗਾ; ਭਾਰਤ ਵਿੱਚ ਬਣਾਏ ਜਾ ਸਕਣ ਵਾਲੇ ਹਰੇਕ ਉਤਪਾਦ ਨੂੰ ਦੇਸ਼ ਵਿੱਚ ਹੀ ਬਣਾਇਆ ਜਾਣਾ ਚਾਹੀਦਾ ਹੈ: ਪ੍ਰਧਾਨ ਮੰਤਰੀ

ਭਾਰਤ ਵਿੱਚ, ਅਸੀਂ ਇੱਕ ਜੀਵੰਤ ਰੱਖਿਆ ਖੇਤਰ ਵਿਕਸਿਤ ਕਰ ਰਹੇ ਹਾਂ, ਇੱਕ ਅਜਿਹਾ ਈਕੋਸਿਸਟਮ ਤਿਆਰ ਕਰ ਰਹੇ ਹਾਂ ਜਿੱਥੇ ਹਰ ਉਤਪਾਦ ’ਤੇ 'ਮੇਡ ਇਨ ਇੰਡੀਆ' ਦੀ ਮੋਹਰ ਹੋਵੇ: ਪ੍ਰਧਾਨ ਮੰਤਰੀ

ਜੀਐੱਸਟੀ ਵਿੱਚ ਢਾਂਚਾਗਤ ਸੁਧਾਰ ਭਾਰਤ ਦੀ ਵਿਕਾਸ ਗਾਥਾ ਨੂੰ ਨਵੇਂ ਖੰਭ ਦੇਣ ਲਈ ਤਿਆਰ ਹਨ: ਪ੍ਰਧਾਨ ਮੰਤਰੀ

Posted On: 25 SEP 2025 11:55AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਕੌਮਾਂਤਰੀ ਵਪਾਰ ਸ਼ੋਅ 2025 ਦਾ ਉਦਘਾਟਨ ਕਰਦੇ ਹੋਏ ਇਸ ਮੇਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਪਾਰੀਆਂ, ਨਿਵੇਸ਼ਕਾਂ, ਉੱਦਮੀਆਂ ਅਤੇ ਨੌਜਵਾਨ ਭਾਗੀਦਾਰਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਇਸ ਆਯੋਜਨ ਵਿੱਚ 2,200 ਤੋਂ ਵੱਧ ਪ੍ਰਦਰਸ਼ਕ ਆਪਣੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਇਸ ਵਾਰ ਦੇ ਸ਼ੋਅ ਵਿੱਚ ਰੂਸ ਭਾਈਵਾਲ ਦੇਸ਼ ਹੈ ਅਤੇ ਇਹ ਸਮੇਂ ਦੀ ਕਸੌਟੀ ’ਤੇ ਖਰੀ ਉੱਤਰੀ ਸਾਂਝੀਦਾਰੀ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਨੇ ਇਸ ਆਯੋਜਨ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਸਰਕਾਰ ਦੇ ਸਹਿਯੋਗੀਆਂ ਅਤੇ ਹੋਰ ਹਿੱਤਧਾਰਕਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ੋਅ ਦਾ ਆਯੋਜਨ ਪੰਡਿਤ ਦੀਨਦਿਆਲ ਉਪਾਧਿਆਏ ਦੀ ਜਨਮ ਵਰ੍ਹੇਗੰਢ ਦੇ ਨਾਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਦੇਸ਼ ਨੂੰ ਅਖ਼ੀਰ ’ਤੇ ਖੜ੍ਹੇ ਵਿਅਕਤੀ ਨੂੰ ਉੱਚਾ ਚੁੱਕਣ ਲਈ ਅੰਤਯੋਦਯ ਦੇ ਰਾਹ 'ਤੇ ਅਗਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਅੰਤਯੋਦਯ ਦਾ ਮਤਲਬ ਹੈ ਇਹ ਯਕੀਨੀ ਬਣਾਉਣਾ ਕਿ ਵਿਕਾਸ ਸਭ ਤੋਂ ਗ਼ਰੀਬ ਵਿਅਕਤੀ ਤੱਕ ਪਹੁੰਚੇ ਅਤੇ ਹਰ ਤਰ੍ਹਾਂ ਦੇ ਵਿਤਕਰੇ ਨੂੰ ਖ਼ਤਮ ਕਰੇ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਸਮਾਵੇਸ਼ੀ ਵਿਕਾਸ ਦਾ ਇਹੀ ਮਾਡਲ ਦੁਨੀਆ ਵਿੱਚ ਪੇਸ਼ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇੱਕ ਉਦਾਹਰਣ ਦਿੰਦੇ ਹੋਏ ਭਾਰਤ ਦੇ ਫਿਨਟੈਕ ਖੇਤਰ ਦੀ ਵਿਸ਼ਵ-ਵਿਆਪੀ ਮਾਨਤਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਦੀ ਸਭ ਤੋਂ ਅਹਿਮ ਖ਼ਾਸੀਅਤ ਸਮਾਵੇਸ਼ੀ ਵਿਕਾਸ ਵਿੱਚ ਇਸਦਾ ਯੋਗਦਾਨ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਯੂਪੀਆਈ, ਆਧਾਰ, ਡਿਜੀਲੌਕਰ ਅਤੇ ਓਐੱਨਡੀਸੀ ਵਰਗੇ ਖੁੱਲ੍ਹੇ ਮੰਚ ਤਿਆਰ ਕੀਤੇ ਹਨ ਅਤੇ ਇਹ ਸਾਰਿਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ "ਸਭ ਦੇ ਲਈ ਮੰਚ, ਸਭ ਦੀ ਤਰੱਕੀ" ਦੇ ਸਿਧਾਂਤ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੰਚਾਂ ਦਾ ਅਸਰ ਪੂਰੇ ਭਾਰਤ ਵਿੱਚ ਦਿਖਾਈ ਦੇ ਰਿਹਾ ਹੈ, ਜਿੱਥੇ ਮਾਲ ਵਿੱਚ ਖ਼ਰੀਦਦਾਰੀ ਕਰਨ ਵਾਲੇ ਅਤੇ ਸੜਕ ਕਿਨਾਰੇ ਚਾਹ ਵੇਚਣ ਵਾਲੇ, ਦੋਵੇਂ ਹੀ ਯੂਪੀਆਈ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਰਸਮੀ ਕ੍ਰੈਡਿਟ, ਜੋ ਕਦੇ ਸਿਰਫ਼ ਵੱਡੀਆਂ ਕੰਪਨੀਆਂ ਲਈ ਪਹੁੰਚਯੋਗ ਸੀ, ਹੁਣ ਪੀਐੱਮ ਸਵਨਿਧੀ ਯੋਜਨਾ ਰਾਹੀਂ ਰੇਹੜੀ-ਫੜੀ ਵਾਲਿਆਂ ਤੱਕ ਪਹੁੰਚ ਰਿਹਾ ਹੈ।

ਸਰਕਾਰੀ ਈ-ਮਾਰਕੀਟਪਲੇਸ (ਜੇਮ) ਨੂੰ ਇੱਕ ਹੋਰ ਪਰਿਵਰਤਨਸ਼ੀਲ ਉਦਾਹਰਣ ਦੱਸਦੇ ਹੋਏ ਸ਼੍ਰੀ ਮੋਦੀ ਨੇ ਯਾਦ ਕਰਵਾਇਆ ਕਿ ਇੱਕ ਸਮਾਂ ਸੀ ਜਦੋਂ ਸਰਕਾਰ ਨੂੰ ਸਾਮਾਨ ਵੇਚਣਾ ਸਿਰਫ਼ ਵੱਡੇ ਵਪਾਰੀਆਂ ਤੱਕ ਹੀ ਸੀਮਤ ਸੀ। ਅੱਜ, ਲਗਭਗ 25 ਲੱਖ ਵਿਕਰੇਤਾ ਅਤੇ ਸੇਵਾ ਪ੍ਰਦਾਤਾ ਜੇਮ ਪੋਰਟਲ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿੱਚ ਛੋਟੇ ਵਪਾਰੀ, ਉੱਦਮੀ ਅਤੇ ਦੁਕਾਨਦਾਰ ਸ਼ਾਮਿਲ ਹਨ ਜੋ ਹੁਣ ਸਿੱਧੇ ਭਾਰਤ ਸਰਕਾਰ ਨੂੰ ਸਾਮਾਨ ਵੇਚ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹੁਣ ਤੱਕ ਜੇਮ ਦੇ ਜ਼ਰੀਏ ₹15 ਲੱਖ ਕਰੋੜ ਮੁੱਲ ਦੀਆਂ ਵਸਤੂਆਂ ਅਤੇ ਸੇਵਾਵਾਂ ਦੀ ਖ਼ਰੀਦ ਕੀਤੀ ਹੈ। ਇਸ ਵਿੱਚੋਂ ਲਗਭਗ ₹7 ਲੱਖ ਕਰੋੜ ਦੀ ਖ਼ਰੀਦਦਾਰੀ ਸੂਖ਼ਮ, ਲਘੂ, ਦਰਮਿਆਨੇ ਉੱਦਮਾਂ ਅਤੇ ਛੋਟੇ ਉਦਯੋਗਾਂ ਤੋਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਅਜਿਹਾ ਦ੍ਰਿਸ਼ ਕਲਪਨਾਯੋਗ ਨਹੀਂ ਸੀ। ਹੁਣ, ਦੇਸ਼ ਦੇ ਦੂਰ-ਦੁਰਾਡੇ ਕੋਨੇ ਵਿੱਚ ਇੱਕ ਛੋਟਾ ਦੁਕਾਨਦਾਰ ਵੀ ਜੇਮ ਪੋਰਟਲ 'ਤੇ ਉਤਪਾਦ ਵੇਚ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅੰਤਯੋਦਯ ਦਾ ਸਾਰ ਹੈ ਅਤੇ ਭਾਰਤ ਦੇ ਵਿਕਾਸ ਮਾਡਲ ਦੀ ਨੀਂਹ ਹੈ।

2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਟੀਚੇ ਵੱਲ ਤੇਜ਼ੀ ਨਾਲ ਵਧ ਰਹੇ ਭਾਰਤ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ-ਵਿਆਪੀ ਰੁਕਾਵਟਾਂ ਅਤੇ ਅਨਿਸ਼ਚਿਤਤਾਵਾਂ ਦੇ ਬਾਵਜੂਦ, ਭਾਰਤ ਦਾ ਵਿਕਾਸ ਪ੍ਰਭਾਵਸ਼ਾਲੀ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਰੁਕਾਵਟਾਂ ਭਾਰਤ ਨੂੰ ਭਟਕਾਉਂਦੀਆਂ ਨਹੀਂ ਹਨ - ਉਹ ਨਵੀਆਂ ਦਿਸ਼ਾਵਾਂ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਚੁਣੌਤੀਆਂ ਦੇ ਵਿਚਕਾਰ, ਭਾਰਤ ਆਉਣ ਵਾਲੇ ਦਹਾਕਿਆਂ ਲਈ ਇੱਕ ਮਜ਼ਬੂਤ ਨੀਂਹ ਰੱਖ ਰਿਹਾ ਹੈ। ਸ਼੍ਰੀ ਮੋਦੀ ਨੇ ਦੁਹਰਾਇਆ ਕਿ ਦੇਸ਼ ਦਾ ਸੰਕਲਪ ਅਤੇ ਮਾਰਗਦਰਸ਼ਕ ਮੰਤਰ ਆਤਮ-ਨਿਰਭਰ ਭਾਰਤ ਹੈ। ਉਨ੍ਹਾਂ ਨੇ ਕਿਹਾ ਕਿ ਦੂਜਿਆਂ 'ਤੇ ਨਿਰਭਰਤਾ ਤੋਂ ਵੱਡੀ ਕੋਈ ਲਾਚਾਰੀ ਨਹੀਂ ਹੈ। ਬਦਲਦੀ ਦੁਨੀਆ ਵਿੱਚ, ਕੋਈ ਦੇਸ਼ ਜਿੰਨਾ ਜ਼ਿਆਦਾ ਦੂਜਿਆਂ 'ਤੇ ਨਿਰਭਰ ਹੁੰਦਾ ਹੈ, ਉਸ ਦਾ ਵਿਕਾਸ ਓਨਾ ਹੀ ਪ੍ਰਭਾਵਿਤ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਸਵੈ-ਨਿਰਭਰ ਬਣਨਾ ਹੋਵੇਗਾ। ਭਾਰਤ ਵਿੱਚ ਬਣਾਏ ਜਾ ਸਕਣ ਵਾਲੇ ਹਰੇਕ ਉਤਪਾਦ ਨੂੰ ਭਾਰਤ ਵਿੱਚ ਹੀ ਬਣਾਇਆ ਜਾਣਾ ਚਾਹੀਦਾ ਹੈ। ਉੱਦਮੀਆਂ, ਕਾਰੋਬਾਰੀਆਂ ਅਤੇ ਇਨੋਵੇਟਰਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਤਮ-ਨਿਰਭਰ ਭਾਰਤ ਅਭਿਆਨ ਦੇ ਪ੍ਰਮੁੱਖ ਹਿੱਤਧਾਰਕ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਅਜਿਹੇ ਕਾਰੋਬਾਰੀ ਮਾਡਲ ਤਿਆਰ ਕਰਨ ਦੀ ਅਪੀਲ ਕੀਤੀ ਜੋ ਭਾਰਤ ਦੀ ਸਵੈ-ਨਿਰਭਰਤਾ ਨੂੰ ਮਜ਼ਬੂਤ ਕਰਨ।

ਸਰਕਾਰ ਦੇ ਮੇਕ ਇਨ ਇੰਡੀਆ ਅਤੇ ਘਰੇਲੂ ਮੈਨੁਫੈਕਚਰਿੰਗ ਨੂੰ ਹੁਲਾਰਾ ਦੇਣ ਦੇ ਵਿਜ਼ਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਚਿੱਪ ਤੋਂ ਲੈ ਕੇ ਜਹਾਜ਼ਾਂ ਤੱਕ, ਸਭ ਕੁਝ ਦੇਸ਼ ਵਿੱਚ ਹੀ ਬਣਾਉਣ ਦੀ ਆਪਣੀ ਧਾਰਨਾ 'ਤੇ ਜ਼ੋਰ ਦਿੱਤਾ। ਇਸ ਦੇ ਸਮਰਥਨ ਵਿੱਚ, ਸਰਕਾਰ ਕਾਰੋਬਾਰ ਕਰਨ ਦੀ ਸੌਖ ਨੂੰ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ 40,000 ਤੋਂ ਵੱਧ ਪਾਲਣਾ ਨਿਯਮਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਸੈਂਕੜੇ ਨਿਯਮਾਂ ਨੂੰ, ਜੋ ਪਹਿਲਾਂ ਛੋਟੀਆਂ-ਮੋਟੀਆਂ ਕਾਰੋਬਾਰੀ ਗ਼ਲਤੀਆਂ ਦੇ ਕਾਰਨ ਕਾਨੂੰਨੀ ਮਾਮਲਿਆਂ ਦਾ ਕਾਰਨ ਬਣਦੇ ਸਨ, ਹੁਣ ਡੀਕ੍ਰਿਮੀਨਲਾਈਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਉੱਦਮੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਹਾਲਾਂਕਿ, ਉਨ੍ਹਾਂ ਨੇ ਕੁਝ ਮੁੱਖ ਉਮੀਦਾਂ ਵੀ ਸਾਂਝੀਆਂ ਕੀਤੀਆਂ ਅਤੇ ਤਾਕੀਦ ਕੀਤੀ ਕਿ ਸਾਰੇ ਬਣਾਏ ਹੋਏ ਉਤਪਾਦ ਉੱਚ ਗੁਣਵੱਤਾ ਦੇ ਹੋਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕ ਸਵਦੇਸ਼ੀ ਉਤਪਾਦਾਂ ਦੀ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਦੀ ਉਮੀਦ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਹੁਣ ਹਰ ਭਾਰਤੀ ਸਵਦੇਸ਼ੀ ਨਾਲ ਜੁੜ ਰਿਹਾ ਹੈ ਅਤੇ ਸਥਾਨਕ ਉਤਪਾਦ ਖ਼ਰੀਦਣਾ ਚਾਹੁੰਦਾ ਹੈ। ਪੂਰੇ ਦੇਸ਼ ਵਿੱਚ ਮਾਣ ਨਾਲ "ਇਹ ਸਵਦੇਸ਼ੀ ਹੈ" ਕਹਿਣ ਦੀ ਭਾਵਨਾ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਵਪਾਰੀਆਂ ਨੂੰ ਇਸ ਮੰਤਰ ਨੂੰ ਅਪਣਾਉਣ ਅਤੇ ਭਾਰਤ ਵਿੱਚ ਬਣੇ ਉਤਪਾਦਾਂ ਨੂੰ ਤਰਜੀਹ ਦੇਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਖੋਜ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਖੇਤਰ ਵਿੱਚ ਨਿਵੇਸ਼ ਕਈ ਗੁਣਾ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਸ ਵਿਸਥਾਰ ਨੂੰ ਹੁਲਾਰਾ ਦੇਣ ਲਈ ਪਹਿਲਾਂ ਹੀ ਜ਼ਰੂਰੀ ਕਦਮ ਚੁੱਕੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਖੋਜ ਵਿੱਚ ਨਿੱਜੀ ਨਿਵੇਸ਼ ਹੁਣ ਜ਼ਰੂਰੀ ਹੈ ਅਤੇ ਇਸ ਨੂੰ ਸਰਗਰਮੀ ਨਾਲ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਨੂੰ ਸਮੇਂ ਦੀ ਲੋੜ ਦੱਸਿਆ ਅਤੇ ਸਵਦੇਸ਼ੀ ਖੋਜ, ਡਿਜ਼ਾਈਨ ਅਤੇ ਵਿਕਾਸ ਲਈ ਇੱਕ ਵੱਡਾ ਈਕੋਸਿਸਟਮ ਬਣਾਉਣ ਦਾ ਸੱਦਾ ਦਿੱਤਾ।

ਉੱਤਰ ਪ੍ਰਦੇਸ਼ ਵਿੱਚ ਅਸਧਾਰਨ ਨਿਵੇਸ਼ ਸੰਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਸੰਪਰਕ ਕ੍ਰਾਂਤੀ ਨੇ ਰਸਦ ਲਾਗਤਾਂ ਨੂੰ ਕਾਫ਼ੀ ਘੱਟ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਵਿੱਚ ਹੁਣ ਦੇਸ਼ ਵਿੱਚ ਸਭ ਤੋਂ ਜ਼ਿਆਦਾ ਐਕਸਪ੍ਰੈਸਵੇਅ ਹਨ ਅਤੇ ਕੌਮਾਂਤਰੀ ਹਵਾਈ ਅੱਡਿਆਂ ਦੀ ਗਿਣਤੀ ਦੇ ਮਾਮਲੇ ਵਿੱਚ ਵੀ ਇਹ ਮੋਹਰੀ ਹੈ। ਇਹ ਦੋ ਪ੍ਰਮੁੱਖ ਸਮਰਪਿਤ ਮਾਲ ਢੁਆਈ ਲਾਂਘਿਆਂ ਦਾ ਕੇਂਦਰ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਰਾਸਤੀ ਸੈਰ-ਸਪਾਟੇ ਵਿੱਚ ਪਹਿਲੇ ਸਥਾਨ 'ਤੇ ਹੈ ਅਤੇ ਨਮਾਮਿ ਗੰਗੇ ਵਰਗੀਆਂ ਪਹਿਲਕਦਮੀਆਂ ਨੇ ਸੂਬੇ ਨੂੰ ਕਰੂਜ਼ ਸੈਰ-ਸਪਾਟੇ ਦੇ ਨਕਸ਼ੇ 'ਤੇ ਲਿਆ ਕੇ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਜ਼ਿਲ੍ਹਾ - ਇੱਕ ਉਤਪਾਦ ਯੋਜਨਾ ਨੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਉਤਪਾਦਾਂ ਨੂੰ ਕੌਮਾਂਤਰੀ ਬਜ਼ਾਰਾਂ ਤੱਕ ਪਹੁੰਚਾਉਣ ਦੇ ਯੋਗ ਬਣਾਇਆ ਹੈ। ਮੈਨੁਫੈਕਚਰਿੰਗ ਖੇਤਰ ਵਿੱਚ ਖ਼ਾਸ ਕਰਕੇ ਇਲੈਕਟ੍ਰੋਨਿਕਸ ਅਤੇ ਮੋਬਾਈਲ ਫੋਨ ਉਤਪਾਦਨ ਵਿੱਚ ਉੱਤਰ ਪ੍ਰਦੇਸ਼ ਨਵੇਂ ਰਿਕਾਰਡ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਉਤਪਾਦਕ ਬਣ ਗਿਆ ਹੈ, ਜਿਸ ਵਿੱਚ ਉੱਤਰ ਪ੍ਰਦੇਸ਼ ਦੀ ਮੁੱਖ ਭੂਮਿਕਾ ਹੈ। ਦੇਸ਼ ਵਿੱਚ ਬਣਾਏ ਜਾਣ ਵਾਲੇ ਸਾਰੇ ਮੋਬਾਈਲ ਫੋਨਾਂ ਵਿੱਚੋਂ ਲਗਭਗ 55 ਫ਼ੀਸਦੀ ਸਿਰਫ਼ ਉੱਤਰ ਪ੍ਰਦੇਸ਼ ਵਿੱਚ ਬਣਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸੈਮੀਕੰਡਕਟਰ ਖੇਤਰ ਵਿੱਚ ਭਾਰਤ ਦੀ ਸਵੈ-ਨਿਰਭਰਤਾ ਨੂੰ ਵੀ ਮਜ਼ਬੂਤ ਕਰੇਗਾ, ਇੱਥੋਂ ਕੁਝ ਕੁ ਕਿਲੋਮੀਟਰ ਦੀ ਦੂਰੀ ’ਤੇ ਇੱਕ ਮੁੱਖ ਸੈਮੀਕੰਡਕਟਰ ਸਹੂਲਤ ਦਾ ਸੰਚਾਲਨ ਸ਼ੁਰੂ ਹੋਣ ਵਾਲਾ ਹੈ।

ਸ਼੍ਰੀ ਮੋਦੀ ਨੇ ਰੱਖਿਆ ਖੇਤਰ ਦਾ ਇੱਕ ਹੋਰ ਮੁੱਖ ਉਦਾਹਰਣ ਦਿੰਦੇ ਹੋਏ ਕਿਹਾ ਕਿ ਭਾਰਤ ਦੀਆਂ ਹਥਿਆਰਬੰਦ ਫੌਜਾਂ ਸਵਦੇਸ਼ੀ ਹੱਲ ਚਾਹੁੰਦੀਆਂ ਹਨ ਅਤੇ ਉਨ੍ਹਾਂ ਦਾ ਟੀਚਾ ਬਾਹਰੀ ਨਿਰਭਰਤਾ ਨੂੰ ਘੱਟ ਕਰਨਾ ਹੈ। ਪ੍ਰਧਾਨ ਮੰਤਰੀ ਨੇ ਇਸ ਤਬਦੀਲੀ ਵਿੱਚ ਉੱਤਰ ਪ੍ਰਦੇਸ਼ ਦੀ ਅਹਿਮ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਅਸੀਂ ਇੱਕ ਜੀਵੰਤ ਰੱਖਿਆ ਖੇਤਰ ਵਿਕਸਿਤ ਕਰ ਰਹੇ ਹਾਂ, ਇੱਕ ਅਜਿਹਾ ਈਕੋਸਿਸਟਮ ਬਣਾ ਰਹੇ ਹਾਂ ਜਿੱਥੇ ਹਰ ਉਤਪਾਦ ‘ਤੇ 'ਮੇਡ ਇਨ ਇੰਡੀਆ' ਦੀ ਮੋਹਰ ਹੋਵੇ। ਉਨ੍ਹਾਂ ਨੇ ਕਿਹਾ ਕਿ ਰੂਸ ਦੇ ਸਹਿਯੋਗ ਨਾਲ ਸਥਾਪਿਤ ਇੱਕ ਕਾਰਖਾਨੇ ਵਿੱਚ ਜਲਦੀ ਹੀ ਏਕੇ-203 ਰਾਈਫਲਾਂ ਦਾ ਨਿਰਮਾਣ ਸ਼ੁਰੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਇੱਕ ਰੱਖਿਆ ਲਾਂਘਾ ਵਿਕਸਿਤ ਕੀਤਾ ਜਾ ਰਿਹਾ ਹੈ, ਜਿੱਥੇ ਬ੍ਰਹਮੋਸ ਮਿਸਾਈਲਾਂ ਅਤੇ ਹੋਰ ਹਥਿਆਰ ਪ੍ਰਣਾਲੀਆਂ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਸਾਰੇ ਹਿੱਤਧਾਰਕਾਂ ਨੂੰ ਉੱਤਰ ਪ੍ਰਦੇਸ਼ ਵਿੱਚ ਨਿਵੇਸ਼ ਅਤੇ ਨਿਰਮਾਣ ਕਰਨ ਦਾ ਸੱਦਾ ਦਿੱਤਾ, ਜਿੱਥੇ ਲੱਖਾਂ ਐੱਮਐੱਸਐੱਮਈ ਦਾ ਇੱਕ ਮਜ਼ਬੂਤ ਅਤੇ ਵਿਸਥਾਰਤ ਨੈੱਟਵਰਕ ਹੈ। ਉਨ੍ਹਾਂ ਨੇ ਸੂਬੇ ਦੇ ਅੰਦਰ ਸਮੁੱਚੇ ਉਤਪਾਦਾਂ ਦਾ ਉਤਪਾਦਨ ਕਰਨ ਲਈ ਆਪਣੀਆਂ ਸਮਰੱਥਾਵਾਂ ਦਾ ਲਾਭ ਚੁੱਕਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉੱਤਰ ਪ੍ਰਦੇਸ਼ ਸਰਕਾਰ ਅਤੇ ਭਾਰਤ ਸਰਕਾਰ ਦੋਵੇਂ ਪੂਰੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਨ।

ਭਾਰਤ ਦੇ ਆਪਣੇ ਉਦਯੋਗਾਂ, ਵਪਾਰੀਆਂ ਅਤੇ ਨਾਗਰਿਕਾਂ ਦੇ ਨਾਲ ਸੁਧਾਰ, ਪ੍ਰਦਰਸ਼ਨ ਅਤੇ ਤਬਦੀਲੀ ਦੀ ਵਚਨਬੱਧਤਾ ਤੋਂ ਪ੍ਰੇਰਿਤ ਹੋ ਕੇ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਪੁਸ਼ਟੀ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸਿਰਫ਼ ਤਿੰਨ ਦਿਨ ਪਹਿਲਾਂ, ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ ਲਾਗੂ ਕੀਤੇ ਗਏ ਸਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ "ਢਾਂਚਾਗਤ ਬਦਲਾਅ" ਦੱਸਦੇ ਹੋਏ ਕਿਹਾ ਕਿ ਇਹ ਭਾਰਤ ਦੀ ਵਿਕਾਸ ਕਹਾਣੀ ਨੂੰ ਰਫ਼ਤਾਰ ਦੇਣਗੇ। ਇਹ ਸੁਧਾਰ ਜੀਐੱਸਟੀ ਰਜਿਸਟ੍ਰੇਸ਼ਨ ਨੂੰ ਸੌਖਾ ਬਣਾਉਣਗੇ, ਟੈਕਸ ਵਿਵਾਦਾਂ ਨੂੰ ਘੱਟ ਕਰਨਗੇ ਅਤੇ ਐੱਮਐੱਸਐੱਮਈ ਲਈ ਰਿਫੰਡ ਵਿੱਚ ਤੇਜ਼ੀ ਲਿਆਉਣਗੇ, ਜਿਸ ਨਾਲ ਹਰ ਖੇਤਰ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੱਤਧਾਰਕਾਂ ਨੇ ਤਿੰਨ ਵੱਖ-ਵੱਖ ਪੜਾਵਾਂ ਦਾ ਤਜ਼ਰਬਾ ਦੇਖਿਆ ਹੈ - ਜੀਐੱਸਟੀ ਤੋਂ ਪਹਿਲਾਂ, ਜੀਐੱਸਟੀ ਤੋਂ ਬਾਅਦ ਅਤੇ ਹੁਣ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ। ਉਨ੍ਹਾਂ ਨੇ ਇਨ੍ਹਾਂ ਸੁਧਾਰਾਂ ਨਾਲ ਆਏ ਅਹਿਮ ਬਦਲਾਅ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮਿਸਾਲਾਂ ਦੇ ਕੇ ਇਸ ਨੂੰ ਸਪਸ਼ਟ ਕਰਦੇ ਹੋਏ ਕਿਹਾ ਕਿ 2014 ਤੋਂ ਪਹਿਲਾਂ, ਉੱਚ ਟੈਕਸਾਂ ਦੇ ਕਾਰਨ ਕਾਰੋਬਾਰੀ ਲਾਗਤਾਂ ਅਤੇ ਘਰੇਲੂ ਬਜਟ ਦੋਵਾਂ ਦਾ ਪ੍ਰਬੰਧਨ ਕਰਨਾ ਮੁਸ਼ਕਲ ਹੋ ਜਾਂਦਾ ਸੀ। 2014 ਤੋਂ ਪਹਿਲਾਂ, ₹1,000 ਦੀ ਕੀਮਤ ਵਾਲੀ ਕਮੀਜ਼ 'ਤੇ ਲਗਭਗ ₹170 ਟੈਕਸ ਲਗਾਇਆ ਜਾਂਦਾ ਸੀ। ਸਾਲ 2017 ਵਿੱਚ ਜੀਐੱਸਟੀ ਲਾਗੂ ਹੋਣ ਤੋਂ ਬਾਅਦ, ਇਹ ਰਕਮ ਘਟ ਕੇ ₹50 ਰਹਿ ਗਈ। 22 ਸਤੰਬਰ ਨੂੰ ਸੋਧੀਆਂ ਦਰਾਂ ਲਾਗੂ ਹੋਣ ਤੋਂ ਬਾਅਦ, ₹1,000 ਰੁਪਏ ਦੀ ਕਮੀਜ਼ 'ਤੇ ਸਿਰਫ ₹35 ਦਾ ਟੈਕਸ ਲੱਗੇਗਾ।

ਪ੍ਰਧਾਨ ਮੰਤਰੀ ਨੇ ਜੀਐੱਸਟੀ ਸੁਧਾਰਾਂ ਦੇ ਠੋਸ ਫਾਇਦਿਆਂ ਨੂੰ ਇੱਕ ਉਦਾਹਰਣ ਦੇ ਨਾਲ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਨੇ ਦੱਸਿਆ ਕਿ ਸਾਲ 2014 ਵਿੱਚ ਟੁੱਥਪੇਸਟ, ਸ਼ੈਂਪੂ, ਹੇਅਰ ਓਆਇਲ ਅਤੇ ਸ਼ੇਵਿੰਗ ਕ੍ਰੀਮ ਵਰਗੀਆਂ ਜ਼ਰੂਰੀ ਚੀਜ਼ਾਂ 'ਤੇ ₹100 ਖ਼ਰਚ ਕਰਨ 'ਤੇ ₹31 ਟੈਕਸ ਲਗਦਾ ਸੀ, ਜਿਸ ਨਾਲ ਬਿਲ ₹131 ਦਾ ਹੋ ਜਾਂਦਾ ਸੀ। 2017 ਵਿੱਚ ਜੀਐੱਸਟੀ ਲਾਗੂ ਹੋਣ ਤੋਂ ਬਾਅਦ, ਉਨ੍ਹਾਂ ਹੀ ₹100 ਦੀਆਂ ਚੀਜ਼ਾਂ ਦੀ ਕੀਮਤ ₹118 ਹੋ ਗਈ, ਜਿਸ ਨਾਲ ₹13 ਦੀ ਸਿੱਧੀ ਬੱਚਤ ਹੋਈ। ਨਵੀਂ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਨਾਲ ਇਹ ਲਾਗਤ ਹੋਰ ਘਟ ਕੇ ₹105 ਹੋ ਗਈ ਹੈ – ਜਿਸ ਨਾਲ ਸਾਲ 2014 ਤੋਂ ਪਹਿਲਾਂ ਦੀਆਂ ਦਰਾਂ ਦੇ ਮੁਕਾਬਲੇ ਵਿੱਚ ਕੁੱਲ ₹26 ਦੀ ਬੱਚਤ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਆਮ ਪਰਿਵਾਰਾਂ ਲਈ ਅਹਿਮ ਮਹੀਨਾਵਾਰ ਬੱਚਤ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਲ 2014 ਵਿੱਚ ਜ਼ਰੂਰਤ ਦੀਆਂ ਚੀਜ਼ਾਂ 'ਤੇ ਸਲਾਨਾ ₹1 ਲੱਖ ਖਰਚ ਕਰਨ ਵਾਲਾ ਪਰਿਵਾਰ ₹20,000-₹25,000 ਟੈਕਸ ਅਦਾ ਕਰਦਾ ਸੀ। ਅੱਜ, ਨਵੀਂ ਜੀਐੱਸਟੀ ਵਿਵਸਥਾ ਦੇ ਤਹਿਤ, ਉਹੀ ਪਰਿਵਾਰ ਸਲਾਨਾ ਸਿਰਫ ₹5,000-₹6,000 ਟੈਕਸ ਅਦਾ ਕਰਦਾ ਹੈ, ਕਿਉਂਕਿ ਜ਼ਿਆਦਾਤਰ ਜ਼ਰੂਰੀ ਵਸਤੂਆਂ ‘ਤੇ ਹੁਣ ਸਿਰਫ਼ 5 ਫ਼ੀਸਦੀ ਜੀਐੱਸਟੀ ਲਗਦਾ ਹੈ।

ਪ੍ਰਧਾਨ ਮੰਤਰੀ ਨੇ ਭਾਰਤ ਦੀ ਪੇਂਡੂ ਅਰਥਵਿਵਸਥਾ ਵਿੱਚ ਟ੍ਰੈਕਟਰਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਲ 2014 ਤੋਂ ਪਹਿਲਾਂ, ਇੱਕ ਟ੍ਰੈਕਟਰ ਖ਼ਰੀਦਣ 'ਤੇ ₹70,000 ਤੋਂ ਵੱਧ ਦਾ ਟੈਕਸ ਲਗਦਾ ਸੀ। ਅੱਜ ਉਸੇ ਟ੍ਰੈਕਟਰ 'ਤੇ ਸਿਰਫ਼ ₹30,000 ਦਾ ਟੈਕਸ ਲਗਦਾ ਹੈ, ਜਿਸ ਨਾਲ ਕਿਸਾਨਾਂ ਨੂੰ ₹40,000 ਤੋਂ ਵੱਧ ਦੀ ਸਿੱਧੀ ਬੱਚਤ ਹੋ ਰਹੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗ਼ਰੀਬਾਂ ਲਈ ਰੁਜ਼ਗਾਰ ਦਾ ਇੱਕ ਵੱਡਾ ਜ਼ਰੀਆ, ਤਿੰਨ ਪਹੀਆ ਵਾਹਨ ਹੈ, ਜਿਸ 'ਤੇ ਪਹਿਲਾਂ ₹55,000 ਦਾ ਟੈਕਸ ਲਗਦਾ ਸੀ, ਹੁਣ ਘਟ ਕੇ ₹35,000 ਰਹਿ ਗਿਆ ਹੈ, ਜਿਸ ਨਾਲ ₹20,000 ਦੀ ਬੱਚਤ ਹੋ ਰਹੀ ਹੈ। ਇਸੇ ਤਰ੍ਹਾਂ, ਜੀਐੱਸਟੀ ਦੀਆਂ ਘੱਟ ਦਰਾਂ ਕਾਰਨ, 2014 ਦੇ ਮੁਕਾਬਲੇ ਹੁਣ ਸਕੂਟਰ ₹8,000 ਅਤੇ ਮੋਟਰਸਾਈਕਲ ₹9,000 ਸਸਤੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਬੱਚਤ ਨਾਲ ਗ਼ਰੀਬਾਂ, ਨਵ-ਮੱਧ ਵਰਗ ਅਤੇ ਮੱਧ ਵਰਗ ਸਮੇਤ ਸਾਰਿਆਂ ਨੂੰ ਲਾਭ ਹੁੰਦਾ ਹੈ। ਇਸ ਦੇ ਬਾਵਜੂਦ, ਉਨ੍ਹਾਂ ਨੇ ਆਗਾਹ ਕੀਤਾ ਕਿ ਕੁਝ ਸਿਆਸੀ ਦਲ ਜਨਤਾ ਨੂੰ ਗੁੰਮਰਾਹ ਕਰਨ ਦਾ ਜਤਨ ਕਰ ਰਹੇ ਹਨ। ਉਨ੍ਹਾਂ ਨੇ ਵਿਰੋਧੀ ਦਲਾਂ 'ਤੇ ਆਪਣੀਆਂ ਸ਼ਾਸਨ ਸਬੰਧੀ ਅਸਫ਼ਲਤਾਵਾਂ ਨੂੰ ਲੁਕੋਣ ਲਈ ਝੂਠ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਬਹੁਤ ਜ਼ਿਆਦਾ ਟੈਕਸਾਂ ਨੇ ਆਮ ਨਾਗਰਿਕਾਂ 'ਤੇ ਬੋਝ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਟੈਕਸਾਂ ਵਿੱਚ ਜ਼ਿਕਰਯੋਗ ਕਮੀ ਕੀਤੀ ਹੈ, ਮਹਿੰਗਾਈ ‘ਤੇ ਰੋਕ ਲਗਾਈ ਹੈ ਅਤੇ ਲੋਕਾਂ ਦੀ ਆਮਦਨ ਅਤੇ ਬੱਚਤ ਦੋਵਾਂ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ₹12 ਲੱਖ ਤੱਕ ਦੀ ਆਮਦਨ ਨੂੰ ਟੈਕਸ-ਮੁਕਤ ਕਰਕੇ ਅਤੇ ਨਵੇਂ ਜੀਐੱਸਟੀ ਸੁਧਾਰਾਂ ਨੂੰ ਲਾਗੂ ਕਰਕੇ, ਨਾਗਰਿਕ ਇਕੱਲੇ ਇਸ ਸਾਲ ਹੀ ₹2.5 ਲੱਖ ਕਰੋੜ ਦੀ ਬੱਚਤ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਦੇਸ਼ ਜੀਐੱਸਟੀ ਬੱਚਤ ਤਿਉਹਾਰ ਮਨਾ ਰਿਹਾ ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜਨਤਾ ਦੇ ਸਮਰਥਨ ਨਾਲ, ਜੀਐੱਸਟੀ ਸੁਧਾਰਾਂ ਦੀ ਗਤੀ ਲਗਾਤਾਰ ਜਾਰੀ ਰਹੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਵਿੱਚ ਸੁਧਾਰਾਂ ਲਈ ਦ੍ਰਿੜ੍ਹ ਇੱਛਾ ਸ਼ਕਤੀ ਹੈ, ਜੋ ਲੋਕਤੰਤਰੀ ਅਤੇ ਰਾਜਨੀਤਿਕ ਸਥਿਰਤਾ ਦੇ ਨਾਲ-ਨਾਲ ਨੀਤੀਗਤ ਭਵਿੱਖਬਾਣੀ 'ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕੋਲ ਇੱਕ ਵੱਡਾ, ਹੁਨਰਮੰਦ ਕਾਰਜਬਲ ਅਤੇ ਇੱਕ ਗਤੀਸ਼ੀਲ ਨੌਜਵਾਨ ਖ਼ਪਤਕਾਰ ਅਧਾਰ ਹੈ - ਇੱਕ ਅਜਿਹਾ ਬੇਜੋੜ ਸੁਮੇਲ ਜੋ ਦੁਨੀਆ ਦੇ ਕਿਸੇ ਵੀ ਹੋਰ ਖੇਤਰ ਵਿੱਚ ਦੇਖਣ ਨੂੰ ਨਹੀਂ ਮਿਲਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਪਣੇ ਵਿਕਾਸ ਨੂੰ ਵਧਾਉਣ ਦੇ ਇੱਛੁਕ ਕਿਸੇ ਵੀ ਨਿਵੇਸ਼ਕ ਜਾਂ ਕੰਪਨੀ ਲਈ, ਭਾਰਤ ਵਿੱਚ ਨਿਵੇਸ਼ ਕਰਨਾ ਸਭ ਤੋਂ ਆਕਰਸ਼ਕ ਮੌਕਾ ਪੇਸ਼ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਅਤੇ ਖ਼ਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਨਿਵੇਸ਼ ਕਰਨਾ ਦੋਵਾਂ ਧਿਰਾਂ ਲਈ ਲਾਭਕਾਰੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਨੂੰ ਸਮਾਪਤ ਕਰਦੇ ਹੋਏ ਕਿਹਾ ਕਿ ਸਮੂਹਿਕ ਯਤਨਾਂ ਨਾਲ ਇੱਕ ਵਿਕਸਿਤ ਭਾਰਤ ਅਤੇ ਇੱਕ ਵਿਕਸਿਤ ਉੱਤਰ ਪ੍ਰਦੇਸ਼ ਦਾ ਨਿਰਮਾਣ ਸੰਭਵ ਹੋਵੇਗਾ। ਉਨ੍ਹਾਂ ਨੇ ਕੌਮਾਂਤਰੀ ਵਪਾਰ ਮੇਲੇ ਦੇ ਸਾਰੇ ਭਾਗੀਦਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਸਮਾਗਮ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।

ਪਿਛੋਕੜ:

ਮੇਕ ਇਨ ਇੰਡੀਆ, ਵੋਕਲ ਫਾਰ ਲੋਕਲ ਅਤੇ ਆਤਮਨਿਰਭਰ ਭਾਰਤ ਪ੍ਰਤੀ ਆਪਣੀ ਵਚਨਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਕੌਮਾਂਤਰੀ ਵਪਾਰ ਸ਼ੋਅ-2025 (ਯੂਪੀਆਈਟੀਐੱਸ-2025) ਦਾ ਉਦਘਾਟਨ ਕੀਤਾ।

ਇਹ ਵਪਾਰ ਮੇਲਾ "ਅੰਤਿਮ ਸਰੋਤ ਇੱਥੋਂ ਹੀ ਸ਼ੁਰੂ ਹੁੰਦਾ ਹੈ" ਵਿਸ਼ੇ ’ਤੇ 25 ਤੋਂ 29 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਦੇ ਤਿੰਨ ਮੁੱਖ ਮੰਤਵ ਨਵੀਨਤਾ, ਏਕੀਕਰਨ ਅਤੇ ਕੌਮਾਂਤਰੀਕਰਨ ਹੋਣਗੇ। ਇੱਕ ਤਿੰਨ-ਪੱਖੀ ਖ਼ਰੀਦਦਾਰ ਰਣਨੀਤੀ ਕੌਮਾਂਤਰੀ ਖ਼ਰੀਦਦਾਰਾਂ, ਘਰੇਲੂ ਕਾਰੋਬਾਰ-ਤੋਂ-ਕਾਰੋਬਾਰ (ਬੀ2ਬੀ) ਖ਼ਰੀਦਦਾਰਾਂ ਅਤੇ ਘਰੇਲੂ ਕਾਰੋਬਾਰ-ਤੋਂ-ਖ਼ਪਤਕਾਰ (ਬੀ2ਸੀ) ਖ਼ਰੀਦਦਾਰਾਂ ਨੂੰ ਨਿਸ਼ਾਨਾ ਬਣਾਏਗੀ, ਜਿਸ ਨਾਲ ਨਿਰਯਾਤਕਾਂ, ਛੋਟੇ ਕਾਰੋਬਾਰਾਂ ਅਤੇ ਖ਼ਪਤਕਾਰਾਂ, ਸਾਰਿਆਂ ਨੂੰ ਬਰਾਬਰ ਮੌਕੇ ਪ੍ਰਾਪਤ ਹੋਣਗੇ। 

ਯੂਪੀਆਈਟੀਐੱਸ-2025 ਸੂਬੇ ਦੀਆਂ ਵੱਖ-ਵੱਖ ਸ਼ਿਲਪਕਾਰੀ ਪਰੰਪਰਾਵਾਂ, ਆਧੁਨਿਕ ਉਦਯੋਗਾਂ, ਮਜ਼ਬੂਤ ਐੱਮਐੱਸਐੱਮਈ ਅਤੇ ਉੱਭਰਦੇ ਉੱਦਮੀਆਂ ਨੂੰ ਇੱਕ ਹੀ ਮੰਚ 'ਤੇ ਪ੍ਰਦਰਸ਼ਿਤ ਕਰੇਗਾ। ਇਸ ਵਿੱਚ ਦਸਤਕਾਰੀ, ਕੱਪੜਾ, ਚਮੜਾ, ਖੇਤੀਬਾੜੀ, ਫੂਡ ਪ੍ਰੋਸੈਸਿੰਗ, ਆਈਟੀ, ਇਲੈਕਟ੍ਰੋਨਿਕਸ, ਆਯੁਸ਼ ਆਦਿ ਮੁੱਖ ਖੇਤਰਾਂ ਦੀ ਨੁਮਾਇੰਦਗੀ ਹੋਵੇਗੀ। ਇਸ ਵਿੱਚ ਉੱਤਰ ਪ੍ਰਦੇਸ਼ ਦੀ ਖ਼ੁਸ਼ਹਾਲ ਕਲਾ, ਸੱਭਿਆਚਾਰ ਅਤੇ ਪਕਵਾਨਾਂ ਨੂੰ ਵੀ ਇੱਕ ਹੀ ਮੰਚ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।

ਰੂਸ ਇੱਕ ਭਾਈਵਾਲ ਦੇਸ਼ ਵਜੋਂ ਹਿੱਸਾ ਲਵੇਗਾ, ਜਿਸ ਨਾਲ ਦੁਵੱਲੇ ਵਪਾਰ, ਤਕਨਾਲੋਜੀ ਦੇ ਆਦਾਨ-ਪ੍ਰਦਾਨ ਅਤੇ ਲੰਬੇ ਸਮੇਂ ਦੇ ਸਹਿਯੋਗ ਲਈ ਨਵੇਂ ਰਸਤੇ ਖੁੱਲ੍ਹਣਗੇ ਅਤੇ ਰਣਨੀਤਕ ਮਹੱਤਵ ਵਧੇਗਾ। ਇਸ ਵਪਾਰ ਮੇਲੇ ਵਿੱਚ 2,400 ਤੋਂ ਵੱਧ ਪ੍ਰਦਰਸ਼ਕ, 125,000 ਬੀ2ਬੀ ਵਿਜ਼ਟਰ ਅਤੇ 450,000 ਬੀ2ਸੀ ਵਿਜ਼ਟਰ ਹਿੱਸਾ ਲੈਣਗੇ।


 

************

ਐੱਮਜੇਪੀਐੱਸ/ ਐੱਸਆਰ


(Release ID: 2171590) Visitor Counter : 4