ਪ੍ਰਧਾਨ ਮੰਤਰੀ ਦਫਤਰ
ਰਾਜਸਥਾਨ ਦੇ ਬਾਂਸਵਾੜਾ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ
Posted On:
25 SEP 2025 6:11PM by PIB Chandigarh
ਮਾਂ ਤ੍ਰਿਪੁਰ ਸੁੰਦਰੀ ਦੀ ਜੈ, ਬੇਣੇਸ਼ਵਰ ਧਾਮ ਦੀ ਜੈ, ਮਾਨਗੜ੍ਹ ਧਾਮ ਦੀ ਜੈ, ਆਪ ਸਭ ਨੂੰ ਜੈ ਗੁਰੂ! ਰਾਮ-ਰਾਮ! ਰਾਜਪਾਲ ਸ਼੍ਰੀਮਾਨ ਹਰੀਭਾਊ ਬਾਗੜੇ ਜੀ, ਇੱਥੋਂ ਦੇ ਹਰਮਨ-ਪਿਆਰੇ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ ਜੀ, ਸਾਬਕਾ ਮੁੱਖ ਮੰਤਰੀ ਭੈਣ ਵਸੁੰਧਰਾ ਰਾਜੇ ਜੀ, ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਪ੍ਰਹਿਲਾਦ ਜੋਸ਼ੀ ਜੀ, ਜੋਧਪੁਰ ਤੋਂ ਸਾਡੇ ਨਾਲ ਜੁੜ ਰਹੇ ਭਾਈ ਗਜੇਂਦਰ ਸਿੰਘ ਸ਼ੇਖਾਵਤ ਜੀ, ਅਸ਼ਵਿਨੀ ਵੈਸ਼ਨਵ ਜੀ, ਬੀਕਾਨੇਰ ਤੋਂ ਸਾਡੇ ਨਾਲ ਜੁੜ ਰਹੇ ਸ਼੍ਰੀਮਾਨ ਅਰਜੁਨ ਰਾਮ ਮੇਘਵਾਲ ਜੀ, ਇੱਥੇ ਮੌਜੂਦ ਉਪ ਮੁੱਖ ਮੰਤਰੀ ਪ੍ਰੇਮ ਚੰਦ ਬੈਰਵਾ ਜੀ, ਦੀਆ ਕੁਮਾਰੀ ਜੀ, ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀਮਾਨ ਮਦਨ ਰਾਠੌੜ ਜੀ, ਰਾਜਸਥਾਨ ਸਰਕਾਰ ਦੇ ਮੰਤਰੀ ਸਾਹਿਬਾਨ, ਹੋਰ ਸਾਰੇ ਪਤਵੰਤੇ ਸੱਜਣੋ, ਭਰਾਵੋ ਅਤੇ ਭੈਣੋਂ।
ਅੱਜ ਨਰਾਤਿਆਂ ਦੇ ਚੌਥੇ ਦਿਨ ਮੈਨੂੰ ਬਾਂਸਵਾੜਾ ਵਿੱਚ ਮਾਂ ਤ੍ਰਿਪੁਰ ਸੁੰਦਰੀ ਦੀ ਧਰਤੀ ’ਤੇ ਆਉਣ ਦਾ ਮੌਕਾ ਮਿਲਿਆ ਹੈ। ਮੈਨੂੰ ਕਾਂਠਲ ਅਤੇ ਵਾਗੜ ਦੀ ਗੰਗਾ ਮੰਨੀ ਜਾਣ ਵਾਲੀ ਮਾਹੀ ਮਾਂ ਦੇ ਵੀ ਦਰਸ਼ਨ ਹੋਏ। ਮਾਹੀ ਦਾ ਪਾਣੀ ਸਾਡੇ ਆਦਿਵਾਸੀ ਭਰਾਵਾਂ-ਭੈਣਾਂ ਦੇ ਸੰਘਰਸ਼ ਅਤੇ ਉਨ੍ਹਾਂ ਦੀ ਜੀਵਨ-ਸ਼ਕਤੀ ਦਾ ਵੀ ਪ੍ਰਤੀਕ ਹੈ। ਮਹਾਨਾਇਕ ਗੋਵਿੰਦ ਗੁਰੂ ਜੀ ਦੀ ਪ੍ਰੇਰਨਾਦਾਇਕ ਅਗਵਾਈ ਨੇ ਜੋ ਅਲਖ ਜਗਾਈ, ਮਾਹੀ ਦਾ ਪਵਿੱਤਰ ਜਲ, ਉਸ ਮਹਾਨ ਗਾਥਾ ਦਾ ਗਵਾਹ ਹੈ। ਮੈਂ ਮਾਂ ਤ੍ਰਿਪੁਰ ਸੁੰਦਰੀ ਅਤੇ ਮਾਂ ਮਾਹੀ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ।
ਸਾਥੀਓ,
ਸਾਧਨਾ ਅਤੇ ਬਹਾਦਰੀ ਦੀ ਇਸ ਧਰਤੀ ਤੋਂ ਮੈਂ ਮਹਾਰਾਣਾ ਪ੍ਰਤਾਪ, ਰਾਜਾ ਬਾਂਸੀਆ ਭੀਲ ਨੂੰ ਸ਼ਰਧਾ ਨਾਲ ਯਾਦ ਕਰਦਾ ਹਾਂ ਅਤੇ ਉਨ੍ਹਾਂ ਨੂੰ ਨਮਨ ਕਰਦਾ ਹਾਂ।
ਸਾਥੀਓ,
ਨਰਾਤਿਆਂ ਵਿੱਚ ਅਸੀਂ ਸ਼ਕਤੀ ਦੇ ਨੌਂ ਰੂਪਾਂ ਦੀ ਪੂਜਾ ਕਰਦੇ ਹਾਂ ਅਤੇ ਅੱਜ ਇੱਥੇ ਊਰਜਾ ਸ਼ਕਤੀ ਯਾਨੀ ਬਿਜਲੀ ਉਤਪਾਦਨ ਨਾਲ ਜੁੜਿਆ ਇੰਨਾ ਵੱਡਾ ਆਯੋਜਨ ਹੋ ਰਿਹਾ ਹੈ। ਰਾਜਸਥਾਨ ਦੀ ਧਰਤੀ ਤੋਂ ਅੱਜ ਬਿਜਲੀ ਖੇਤਰ ਵਿੱਚ ਭਾਰਤ ਦੀ ਸਮਰੱਥਾ ਦਾ ਇੱਕ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ। ਅੱਜ ਰਾਜਸਥਾਨ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਵਿੱਚ 90 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਬਿਜਲੀ ਪ੍ਰੋਜੈਕਟ ਸ਼ੁਰੂ ਹੋਏ ਹਨ। 90 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਇੱਕੋ ਸਮੇਂ ਸ਼ੁਰੂ ਹੋਣਾ ਇਹ ਦਰਸਾਉਂਦਾ ਹੈ ਕਿ ਦੇਸ਼ ਅੱਜ ਬਿਜਲੀ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਅਤੇ ਇਸ ਰਫ਼ਤਾਰ ਵਿੱਚ ਦੇਸ਼ ਦੇ ਸਾਰੇ ਹਿੱਸੇ ਸ਼ਾਮਲ ਹਨ। ਹਰ ਸੂਬੇ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇੱਥੇ ਰਾਜਸਥਾਨ ਵਿੱਚ ਵੀ ਕਲੀਨ ਐਨਰਜੀ ਪ੍ਰੋਜੈਕਟ ਅਤੇ ਟਰਾਂਸਮਿਸ਼ਨ ਲਾਈਨ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਬਾਂਸਵਾੜਾ ਵਿੱਚ ਰਾਜਸਥਾਨ ਐਟੋਮਿਕ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇੱਥੇ ਸੋਲਰ ਐਨਰਜੀ ਪ੍ਰੋਜੈਕਟ ਦਾ ਉਦਘਾਟਨ ਵੀ ਹੋਇਆ ਹੈ ਯਾਨੀ ਸੂਰਜੀ ਊਰਜਾ ਤੋਂ ਲੈ ਕੇ ਪ੍ਰਮਾਣੂ ਊਰਜਾ ਤੱਕ, ਦੇਸ਼ ਆਪਣੀ ਬਿਜਲੀ ਉਤਪਾਦਨ ਸਮਰੱਥਾ ਨੂੰ ਨਵੀਂ ਉਚਾਈ ਤੱਕ ਲੈ ਕੇ ਜਾ ਰਿਹਾ ਹੈ।
ਸਾਥੀਓ,
ਅੱਜ ਤਕਨੀਕ ਅਤੇ ਉਦਯੋਗਾਂ ਦੇ ਜ਼ਮਾਨੇ ਵਿੱਚ ਵਿਕਾਸ ਦੀ ਗੱਡੀ ਬਿਜਲੀ ਨਾਲ ਹੀ ਦੌੜਦੀ ਹੈ। ਬਿਜਲੀ ਹੈ, ਤਾਂ ਉਜਾਲਾ ਹੈ! ਬਿਜਲੀ ਹੈ, ਤਾਂ ਗਤੀ ਹੈ! ਬਿਜਲੀ ਹੈ, ਤਾਂ ਤਰੱਕੀ ਹੈ! ਬਿਜਲੀ ਹੈ, ਤਾਂ ਦੂਰੀਆਂ ਮਿਟਦੀਆਂ ਹਨ! ਅਤੇ ਬਿਜਲੀ ਹੈ, ਤਾਂ ਦੁਨੀਆ ਸਾਡੇ ਨੇੜੇ ਹੈ।
ਪਰ ਮੇਰੇ ਭਰਾਵੋ ਅਤੇ ਭੈਣੋਂ,
ਸਾਡੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਨੇ ਬਿਜਲੀ ਦੀ ਮਹੱਤਤਾ ਵੱਲ ਧਿਆਨ ਹੀ ਨਹੀਂ ਦਿੱਤਾ। ਜਦੋਂ 2014 ਵਿੱਚ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿੱਤਾ ਅਤੇ ਜਦੋਂ ਮੈਂ ਜ਼ਿੰਮੇਵਾਰੀ ਸੰਭਾਲੀ, ਤਾਂ ਦੇਸ਼ ਦੇ ਢਾਈ ਕਰੋੜ ਘਰ ਅਜਿਹੇ ਸਨ, ਜਿੱਥੇ ਬਿਜਲੀ ਦਾ ਕੁਨੈਕਸ਼ਨ ਨਹੀਂ ਸੀ। ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਦੇਸ਼ ਦੇ 18 ਹਜ਼ਾਰ ਪਿੰਡਾਂ ਵਿੱਚ ਬਿਜਲੀ ਦਾ ਖੰਭਾ ਤੱਕ ਨਹੀਂ ਲੱਗਿਆ ਸੀ। ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਘੰਟਿਆਂ-ਬੱਧੀ ਬਿਜਲੀ ਦੀ ਕਟੌਤੀ ਹੁੰਦੀ ਸੀ। ਪਿੰਡਾਂ ਵਿੱਚ ਤਾਂ 4-5 ਘੰਟੇ ਬਿਜਲੀ ਆ ਜਾਵੇ ਤਾਂ ਵੱਡੀ ਗੱਲ ਹੁੰਦੀ ਸੀ। ਅਤੇ ਉਸ ਸਮੇਂ ਲੋਕ ਚੁਟਕਲਾ ਸੁਣਾਉਂਦੇ ਸਨ ਕਿ ਸਾਡੇ ਇੱਥੇ ਬਿਜਲੀ ਜਾਂਦੀ ਹੈ, ਇਹ ਖ਼ਬਰ ਨਹੀਂ ਹੈ, ਲੋਕ ਕਹਿੰਦੇ ਸਨ ਕਿ ਬਿਜਲੀ ਆਈ, ਉਹ ਖ਼ਬਰ ਹੁੰਦੀ ਸੀ। ਲੋਕ ਇੱਕ-ਦੂਜੇ ਨੂੰ ਵਧਾਈ ਦਿੰਦੇ ਸਨ ਕਿ ਅੱਜ ਇੱਕ ਘੰਟਾ ਬਿਜਲੀ ਆਈ ਸੀ, ਉਹ ਹਾਲਾਤ ਸਨ ਅਤੇ ਬਿਜਲੀ ਨਹੀਂ ਸੀ ਤਾਂ ਫੈਕਟਰੀਆਂ ਵੀ ਨਹੀਂ ਚੱਲ ਸਕਦੀਆਂ ਸਨ। ਨਵੇਂ ਉਦਯੋਗ ਨਹੀਂ ਲੱਗ ਸਕਦੇ ਸਨ। ਰਾਜਸਥਾਨ ਸਮੇਤ ਪੂਰੇ ਦੇਸ਼ ਵਿੱਚ ਇਹੀ ਹਾਲਤ ਸੀ।
ਭਰਾਵੋ-ਭੈਣੋਂ,
2014 ਵਿੱਚ ਸਾਡੀ ਸਰਕਾਰ ਨੇ ਇਨ੍ਹਾਂ ਹਾਲਾਤ ਨੂੰ ਬਦਲਣ ਦਾ ਅਹਿਦ ਲਿਆ। ਅਸੀਂ ਦੇਸ਼ ਦੇ ਹਰ ਪਿੰਡ ਤੱਕ ਬਿਜਲੀ ਪਹੁੰਚਾਈ। ਅਸੀਂ ਢਾਈ ਕਰੋੜ ਘਰਾਂ ਨੂੰ ਮੁਫ਼ਤ ਬਿਜਲੀ ਕੁਨੈਕਸ਼ਨ ਦਿੱਤਾ। ਅਤੇ ਜਿੱਥੇ-ਜਿੱਥੇ ਬਿਜਲੀ ਦੀਆਂ ਤਾਰਾਂ ਪਹੁੰਚੀਆਂ, ਉੱਥੇ ਬਿਜਲੀ ਵੀ ਪਹੁੰਚੀ, ਉੱਥੇ ਲੋਕਾਂ ਦੀ ਜ਼ਿੰਦਗੀ ਸੌਖੀ ਹੋਈ, ਉੱਥੇ ਨਵੇਂ-ਨਵੇਂ ਉਦਯੋਗ ਪਹੁੰਚੇ।
ਸਾਥੀਓ,
21ਵੀਂ ਸਦੀ ਵਿੱਚ ਜਿਸ ਦੇਸ਼ ਨੇ ਤੇਜ਼ ਗਤੀ ਨਾਲ ਵਿਕਾਸ ਕਰਨਾ ਹੈ, ਉਸ ਨੂੰ ਆਪਣੇ ਇੱਥੇ ਬਿਜਲੀ ਉਤਪਾਦਨ ਵਧਾਉਣਾ ਹੀ ਪਵੇਗਾ। ਅਤੇ ਇਸ ਵਿੱਚ ਵੀ ਸਭ ਤੋਂ ਸਫਲ ਉਹੀ ਦੇਸ਼ ਹੋਣਗੇ ਜੋ ਸਵੱਛ ਊਰਜਾ ਯਾਨੀ ਕਲੀਨ ਐਨਰਜੀ ਵਿੱਚ ਅੱਗੇ ਰਹਿਣਗੇ। ਇਸ ਲਈ ਸਾਡੀ ਸਰਕਾਰ ਸਵੱਛ ਊਰਜਾ ਦੀ ਮੁਹਿੰਮ ਨੂੰ ਲੋਕ-ਅੰਦੋਲਨ ਬਣਾ ਕੇ ਕੰਮ ਕਰ ਰਹੀ ਹੈ। ਅਸੀਂ ਪੀ ਐੱਮ ਸੂਰਯਾ ਘਰ ਮੁਫ਼ਤ ਬਿਜਲੀ ਯੋਜਨਾ ਸ਼ੁਰੂ ਕੀਤੀ। ਅੱਜ ਇਸ ਯੋਜਨਾ ਤਹਿਤ ਸ਼ਹਿਰਾਂ ਅਤੇ ਪਿੰਡਾਂ ਵਿੱਚ ਛੱਤਾਂ 'ਤੇ ਸੋਲਰ ਪੈਨਲ ਲੱਗ ਰਹੇ ਹਨ। ਸਾਡੇ ਕਿਸਾਨਾਂ ਨੂੰ ਸਸਤੀ ਬਿਜਲੀ ਮਿਲੇ, ਇਸ ਲਈ ਪੀ ਐੱਮ-ਕੁਸੁਮ ਯੋਜਨਾ ਤਹਿਤ ਖੇਤਾਂ ਵਿੱਚ ਵੀ ਸੋਲਰ ਪੰਪ ਲਾਏ ਜਾ ਰਹੇ ਹਨ। ਅੱਜ ਇਸ ਦਿਸ਼ਾ ਵਿੱਚ ਕਈ ਰਾਜਾਂ ਵਿੱਚ ਸੋਲਰ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਲੱਖਾਂ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ। ਯਾਨੀ, ਘਰ ਵਿੱਚ ਮੁਫ਼ਤ ਬਿਜਲੀ ਲਈ ਪੀ ਐੱਮ-ਸੂਰਯਾ ਘਰ ਮੁਫ਼ਤ ਬਿਜਲੀ ਯੋਜਨਾ ਅਤੇ ਖੇਤਾਂ ਵਿੱਚ ਮੁਫ਼ਤ ਬਿਜਲੀ ਲਈ ਪੀ ਐੱਮ-ਕੁਸੁਮ ਯੋਜਨਾ, ਹੁਣੇ ਮੈਂ ਕੁਝ ਦੇਰ ਪਹਿਲਾਂ ਪੀ ਐੱਮ ਕੁਸੁਮ ਯੋਜਨਾ ਦੇ ਕਈ ਮੇਰੇ ਕਿਸਾਨ ਭਰਾਵਾਂ-ਭੈਣਾਂ ਨਾਲ, ਜੋ ਇਨ੍ਹਾਂ ਦੇ ਲਾਭਪਾਤਰੀ ਹਨ, ਨਾਲ ਗੱਲ ਕਰ ਰਿਹਾ ਸੀ, ਮੈਂ ਮਹਾਰਾਸ਼ਟਰ ਦੇ ਵੀ ਕਿਸਾਨ ਭਰਾਵਾਂ-ਭੈਣਾਂ ਨਾਲ ਗੱਲ ਕਰ ਰਿਹਾ ਸੀ ਅਤੇ ਉਹ ਆਪਣੇ ਜੋ ਤਜਰਬੇ ਦੱਸ ਰਹੇ ਸਨ, ਉਹ ਬਹੁਤ ਹੀ ਉਤਸ਼ਾਹ ਵਾਲੇ ਸਨ, ਸੂਰਜੀ ਊਰਜਾ ਤੋਂ ਮੁਫ਼ਤ ਬਿਜਲੀ, ਉਨ੍ਹਾਂ ਲਈ ਬਹੁਤ ਵੱਡਾ ਵਰਦਾਨ ਸਾਬਤ ਹੋ ਰਹੀ ਹੈ।
ਸਾਥੀਓ,
ਅੱਜ ਭਾਰਤ ਵਿਕਸਤ ਹੋਣ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਅਤੇ ਇਸ ਵਿੱਚ ਰਾਜਸਥਾਨ ਦੀ ਵੀ ਵੱਡੀ ਭੂਮਿਕਾ ਹੈ। ਅੱਜ ਇੱਥੇ ਰਾਜਸਥਾਨ ਦੇ ਲੋਕਾਂ ਲਈ 30 ਹਜ਼ਾਰ ਕਰੋੜ ਰੁਪਏ ਦੇ ਹੋਰ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ। ਪਾਣੀ-ਬਿਜਲੀ-ਸਿਹਤ, ਇਸ ਨਾਲ ਜੁੜੇ ਇਨ੍ਹਾਂ ਪ੍ਰੋਜੈਕਟਾਂ ਨਾਲ ਤੁਹਾਡੇ ਲੋਕਾਂ ਦੀਆਂ ਸਹੂਲਤਾਂ ਵਧਣਗੀਆਂ। ਮੈਂ ਹੁਣੇ ਵੰਦੇਭਾਰਤ ਸਮੇਤ ਤਿੰਨ ਨਵੀਂਆਂ ਰੇਲ ਗੱਡੀਆਂ ਨੂੰ ਹਰੀ ਝੰਡੀ ਵੀ ਦਿਖਾਈ ਹੈ। ਇਸ ਸਮੇਂ ਦੇਸ਼ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਵੀ ਵੱਡੀ ਮੁਹਿੰਮ ਚੱਲ ਰਹੀ ਹੈ, ਉਸੇ ਕੜੀ ਵਿੱਚ ਅੱਜ ਰਾਜਸਥਾਨ ਦੇ 15 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੀ ਮਿਲੇ ਹਨ। ਮੈਂ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਜੀਵਨ ਦੇ ਇਸ ਨਵੇਂ ਸਫ਼ਰ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਰਾਜਸਥਾਨ ਦੇ ਲੋਕਾਂ ਨੂੰ ਵਿਕਾਸ ਦੇ ਇਨ੍ਹਾਂ ਪ੍ਰੋਜੈਕਟਾਂ ਲਈ ਵੀ ਵਧਾਈ ਦਿੰਦਾ ਹਾਂ।
ਸਾਥੀਓ,
ਮੈਨੂੰ ਖ਼ੁਸ਼ੀ ਹੈ ਕਿ ਅੱਜ ਰਾਜਸਥਾਨ ਦੀ ਭਾਜਪਾ ਸਰਕਾਰ, ਰਾਜ ਦੇ ਵਿਕਾਸ ਵਿੱਚ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਕਾਂਗਰਸ ਨੇ ਰਾਜਸਥਾਨ ਨੂੰ ਲੁੱਟ ਕੇ ਜੋ ਜ਼ਖ਼ਮ ਦਿੱਤੇ, ਉਸ ਨੂੰ ਭਰਨ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ। ਕਾਂਗਰਸ ਸਰਕਾਰ ਵਿੱਚ ਰਾਜਸਥਾਨ ਪੇਪਰ-ਲੀਕ ਦਾ ਸੈਂਟਰ ਬਣ ਗਿਆ ਸੀ। ਜਲ ਜੀਵਨ ਮਿਸ਼ਨ ਨੂੰ ਵੀ ਕਾਂਗਰਸ ਨੇ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਾ ਦਿੱਤਾ ਸੀ। ਮਹਿਲਾਵਾਂ ’ਤੇ ਅੱਤਿਆਚਾਰ ਸਿਖਰ 'ਤੇ ਸੀ, ਬਲਾਤਕਾਰੀਆਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਸੀ। ਕਾਂਗਰਸ ਰਾਜ ਵਿੱਚ ਬਾਂਸਵਾੜਾ, ਡੂੰਗਰਪੁਰ, ਪ੍ਰਤਾਪਗੜ੍ਹ ਵਰਗੇ ਖੇਤਰਾਂ ਵਿੱਚ ਅਪਰਾਧ ਅਤੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਖ਼ੂਬ ਵਧਿਆ-ਫੁੱਲਿਆ। ਪਰ ਜਦੋਂ ਇੱਥੇ ਤੁਸੀਂ ਭਾਜਪਾ ਨੂੰ ਮੌਕਾ ਦਿੱਤਾ, ਤਾਂ ਅਸੀਂ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕੀਤਾ, ਯੋਜਨਾਵਾਂ ਵਿੱਚ ਤੇਜ਼ੀ ਲਿਆਂਦੀ। ਅਸੀਂ ਇੱਥੇ ਵੱਡੇ-ਵੱਡੇ ਪ੍ਰੋਜੈਕਟ ਲਗਾ ਰਹੇ ਹਾਂ। ਅੱਜ ਰਾਜਸਥਾਨ ਵਿੱਚ ਹਾਈਵੇਅ, ਐਕਸਪ੍ਰੈਸਵੇਅ ਦਾ ਨੈੱਟਵਰਕ ਵਿਛਾਇਆ ਜਾ ਰਿਹਾ ਹੈ। ਅੱਜ ਭਾਜਪਾ ਸਰਕਾਰ ਰਾਜਸਥਾਨ ਨੂੰ, ਦੱਖਣੀ ਰਾਜਸਥਾਨ ਨੂੰ ਤੇਜ਼ ਵਿਕਾਸ ਦੀ ਰਾਹ 'ਤੇ ਅੱਗੇ ਵਧਾ ਰਹੀ ਹੈ।
ਸਾਥੀਓ,
ਅੱਜ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੀ ਜਨਮ ਜਯੰਤੀ ਹੈ। ਉਨ੍ਹਾਂ ਨੇ ਸਾਨੂੰ ਅੰਤਯੋਦਯ ਦਾ ਸਿਧਾਂਤ ਦਿੱਤਾ ਸੀ। ਅੰਤਯੋਦਯ, ਯਾਨੀ ਜੋ ਸਭ ਤੋਂ ਅਖੀਰ ਵਿੱਚ ਹੈ, ਉਸ ਦੀ ਤਰੱਕੀ। ਉਨ੍ਹਾਂ ਦਾ ਇਹ ਨਜ਼ਰੀਆ ਅੱਜ ਸਾਡਾ ਮਿਸ਼ਨ ਬਣ ਚੁੱਕਾ ਹੈ। ਅੱਜ ਅਸੀਂ ਬਹੁਤ ਸੇਵਾ ਭਾਵਨਾ ਨਾਲ ਗ਼ਰੀਬ, ਦਲਿਤ, ਪੱਛੜੇ, ਆਦਿਵਾਸੀ, ਸਾਰਿਆਂ ਦੇ ਹਿਤ ਵਿੱਚ ਕੰਮ ਕਰ ਰਹੇ ਹਾਂ। ਸਭ ਦਾ ਸਾਥ, ਸਭ ਦਾ ਵਿਕਾਸ, ਇਸੇ ਮੰਤਰ ਨੂੰ ਲੈ ਕੇ ਚੱਲ ਰਹੇ ਹਾਂ।
ਸਾਥੀਓ,
ਕਾਂਗਰਸ ਨੇ ਆਦਿਵਾਸੀ ਸਮਾਜ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਕਦੇ ਸਮਝਿਆ ਹੀ ਨਹੀਂ। ਇਹ ਭਾਜਪਾ ਸਰਕਾਰ ਹੈ, ਜਿਸ ਨੇ ਆਦਿਵਾਸੀ ਕਲਿਆਣ ਨੂੰ ਪਹਿਲ ਦਿੰਦੇ ਹੋਏ ਵੱਖਰਾ ਮੰਤਰਾਲਾ ਬਣਾਇਆ। ਜਦੋਂ ਅਟਲ ਜੀ ਦੀ ਸਰਕਾਰ ਆਈ, ਤਾਂ ਪਹਿਲੀ ਵਾਰ ਆਦਿਵਾਸੀ ਮੰਤਰਾਲਾ ਬਣਿਆ। ਉਸ ਤੋਂ ਪਹਿਲਾਂ ਇੰਨੇ ਦਹਾਕੇ ਚਲੇ ਗਏ, ਇੰਨੇ ਵੱਡੇ ਮਹਾਨ ਆਗੂ ਪੈਦਾ ਹੋਏ, ਪਰ ਆਦਿਵਾਸੀਆਂ ਲਈ ਇੱਕ ਵੱਖਰਾ ਮੰਤਰਾਲਾ ਨਹੀਂ ਬਣਿਆ, ਇਹ ਭਾਜਪਾ ਸਰਕਾਰ ਆਈ, ਜਦੋਂ ਅਟਲ ਜੀ ਆਏ, ਓਦੋਂ ਬਣਿਆ। ਕਾਂਗਰਸ ਦੇ ਦੌਰ ਵਿੱਚ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ ਕਿ ਆਦਿਵਾਸੀ ਇਲਾਕੇ ਵਿੱਚ ਇੰਨੇ ਵੱਡੇ ਪ੍ਰੋਜੈਕਟ ਆਉਣਗੇ! ਅੱਜ ਭਾਜਪਾ ਸਰਕਾਰ ਵਿੱਚ ਉਹ ਸਭ ਕੁਝ ਸੰਭਵ ਹੈ। ਹੁਣੇ ਅਸੀਂ ਮੱਧ ਪ੍ਰਦੇਸ਼ ਦੇ ਧਾਰ ਵਿੱਚ ਇੱਕ ਬਹੁਤ ਵੱਡਾ ਪੀ ਐੱਮ ਮਿੱਤਰ ਪਾਰਕ ਸ਼ੁਰੂ ਕੀਤਾ ਹੈ ਅਤੇ ਇਹ ਵੀ ਆਦਿਵਾਸੀ ਖੇਤਰ ਹੈ। ਇਸ ਨਾਲ ਆਦਿਵਾਸੀ ਕਿਸਾਨਾਂ ਨੂੰ, ਕਪਾਹ ਉਤਪਾਦਕ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਹੋਣ ਵਾਲਾ ਹੈ।
ਸਾਥੀਓ,
ਭਾਜਪਾ ਦੀਆਂ ਕੋਸ਼ਿਸ਼ਾਂ ਨਾਲ ਹੀ ਅੱਜ ਗ਼ਰੀਬ ਆਦਿਵਾਸੀ ਪਰਿਵਾਰ ਦੀ ਬੇਟੀ ਸਤਿਕਾਰਯੋਗ ਦ੍ਰੌਪਦੀ ਮੁਰਮੂ ਜੀ, ਦੇਸ਼ ਦੀ ਰਾਸ਼ਟਰਪਤੀ ਬਣੀ ਹੈ ਅਤੇ ਰਾਸ਼ਟਰਪਤੀ ਜੀ ਨੇ ਹੀ ਆਦਿਵਾਸੀਆਂ ਵਿੱਚ ਵੀ ਅਤਿ ਪੱਛੜੇ ਆਦਿਵਾਸੀ ਸਮਾਜ ਦਾ ਵਿਸ਼ਾ ਚੁੱਕਿਆ ਸੀ। ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਅਸੀਂ ਪੀ ਐੱਮ ਜਨਮਨ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਆਦਿਵਾਸੀਆਂ ਵਿੱਚ ਵੀ ਅਤਿ ਪੱਛੜੇ ਸਮਾਜ ਨੂੰ ਪਹਿਲ ਦਿੱਤੀ ਜਾ ਰਹੀ ਹੈ। ਅੱਜ ‘ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼’ ਅਭਿਆਨ ਤਹਿਤ ਜਨਜਾਤੀ ਪਿੰਡਾਂ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ, ਭਗਵਾਨ ਬਿਰਸਾ ਮੁੰਡਾ ਨੂੰ ਲੋਕ ਧਰਤੀ ਆਬਾ ਦੇ ਰੂਪ ਵਿੱਚ ਵੀ ਜਾਣਦੇ ਹਨ। ਇਸ ਦਾ ਲਾਭ 5 ਕਰੋੜ ਤੋਂ ਵੱਧ ਆਦਿਵਾਸੀਆਂ ਤੱਕ ਪਹੁੰਚੇਗਾ। ਅੱਜ ਦੇਸ਼ ਵਿੱਚ ਸੈਂਕੜੇ ਏਕਲਵਿਆ ਮਾਡਲ ਆਦਿਵਾਸੀ ਵਿਦਿਆਲੇ ਖੋਲ੍ਹੇ ਜਾ ਰਹੇ ਹਨ। ਅਸੀਂ ਵਣਵਾਸੀਆਂ ਅਤੇ ਅਨੁਸੂਚਿਤ ਜਨ ਜਾਤੀਆਂ ਦੇ ਵਣ ਅਧਿਕਾਰਾਂ ਨੂੰ ਵੀ ਮਾਨਤਾ ਦਿੱਤੀ।
ਸਾਥੀਓ,
ਤੁਸੀਂ ਇਹ ਵੀ ਜਾਣਦੇ ਹੋ, ਸਾਡੇ ਆਦਿਵਾਸੀ ਭਰਾ-ਭੈਣ ਹਜ਼ਾਰਾਂ ਸਾਲਾਂ ਤੋਂ ਜੰਗਲ ਦੇ ਸੰਸਾਧਨਾਂ ਦੀ ਵਰਤੋਂ ਕਰਦੇ ਆਏ ਹਨ। ਇਹ ਵਣ ਸੰਸਾਧਨ ਉਨ੍ਹਾਂ ਦੀ ਤਰੱਕੀ ਦਾ ਜ਼ਰੀਆ ਬਣਨ, ਇਸ ਲਈ ਅਸੀਂ ‘ਵਣ ਧਨ’ ਯੋਜਨਾ ਸ਼ੁਰੂ ਕੀਤੀ। ਵਣ ਉਪਜ ਦੀਆਂ ਚੀਜ਼ਾਂ’'ਤੇ ਅਸੀਂ ਐੱਮਐੱਸਪੀ ਨੂੰ ਵਧਾਇਆ। ਅਸੀਂ ਜਨਜਾਤੀ ਸਮਾਜ ਦੇ ਉਤਪਾਦਾਂ ਨੂੰ ਬਾਜ਼ਾਰ ਨਾਲ ਜੋੜਿਆ। ਇਸ ਦਾ ਨਤੀਜਾ ਹੈ, ਅੱਜ ਦੇਸ਼ ਵਿੱਚ ਵਣ ਉਪਜ ਵਿੱਚ ਰਿਕਾਰਡ ਵਾਧਾ ਹੋਇਆ ਹੈ।
ਸਾਥੀਓ,
ਆਦਿਵਾਸੀ ਸਮਾਜ ਨੂੰ ਸਵੈਮਾਣ ਨਾਲ ਜੀਵਨ ਜਿਊਣ ਦਾ ਮੌਕਾ ਮਿਲੇ, ਇਹ ਸਾਡੀ ਵਚਨਬੱਧਤਾ ਹੈ। ਉਨ੍ਹਾਂ ਦੀ ਆਸਥਾ, ਉਨ੍ਹਾਂ ਦੇ ਆਤਮ-ਸਨਮਾਨ ਅਤੇ ਉਨ੍ਹਾਂ ਦੇ ਸੱਭਿਆਚਾਰ ਦੀ ਰਾਖੀ ਕਰਨਾ, ਇਹ ਸਾਡਾ ਅਹਿਦ ਹੈ।
ਸਾਥੀਓ,
ਜਦੋਂ ਦੇਸ਼ ਦੇ ਆਮ ਮਨੁੱਖ ਦਾ ਜੀਵਨ ਸੌਖਾ ਹੁੰਦਾ ਹੈ ਤਾਂ ਉਹ ਖ਼ੁਦ ਅੱਗੇ ਵਧ ਕੇ ਦੇਸ਼ ਦੀ ਤਰੱਕੀ ਦੀ ਅਗਵਾਈ ਕਰਦਾ ਹੈ। ਤੁਹਾਨੂੰ ਲੋਕਾਂ ਨੂੰ ਯਾਦ ਹੋਵੇਗਾ, ਅੱਜ ਤੋਂ 11 ਸਾਲ ਪਹਿਲਾਂ, ਕਾਂਗਰਸ ਦੇ ਸਮੇਂ ਹਾਲਾਤ ਇੰਨੇ ਖ਼ਰਾਬ ਸਨ ਅਤੇ ਖ਼ਰਾਬ ਕਿਉਂ ਸਨ? ਕਿਉਂਕਿ, ਕਾਂਗਰਸ ਸਰਕਾਰ ਦੇਸ਼ ਵਾਸੀਆਂ ਦੇ ਹੀ ਸ਼ੋਸ਼ਣ ਵਿੱਚ ਲੱਗੀ ਸੀ, ਕਾਂਗਰਸ ਸਰਕਾਰ ਦੇਸ਼ ਦੇ ਲੋਕਾਂ ਨੂੰ ਹੀ ਲੁੱਟ ਰਹੀ ਸੀ। ਕਾਂਗਰਸ ਦੇ ਸਮੇਂ ਵਿੱਚ ਟੈਕਸ ਅਤੇ ਮਹਿੰਗਾਈ, ਦੋਵੇਂ ਅਸਮਾਨ ’ਤੇ ਸਨ, ਜਦੋਂ ਤੁਸੀਂ ਮੋਦੀ ਨੂੰ ਆਸ਼ੀਰਵਾਦ ਦਿੱਤਾ ਤਾਂ ਸਾਡੀ ਸਰਕਾਰ ਨੇ ਕਾਂਗਰਸ ਦੀ ਲੁੱਟ ਨੂੰ ਬੰਦ ਕੀਤਾ।
ਸਾਥੀਓ,
ਇਹ ਅੱਜ-ਕੱਲ੍ਹ ਮੇਰੇ ’ਤੇ ਬਹੁਤ ਗ਼ੁੱਸੇ ਵਿੱਚ ਰਹਿੰਦੇ ਹਨ ਨਾ, ਇਸ ਦਾ ਕਾਰਨ ਵੀ ਇਹੀ ਹੈ।
ਸਾਥੀਓ,
2017 ਵਿੱਚ ਅਸੀਂ ਜੀਐੱਸਟੀ ਲਾਗੂ ਕਰਕੇ ਦੇਸ਼ ਨੂੰ ਟੈਕਸ ਅਤੇ ਟੋਲ ਦੇ ਜੰਜਾਲ ਤੋਂ ਮੁਕਤੀ ਦਿਵਾਈ ਸੀ। ਹੁਣੇ ਨਰਾਤਿਆਂ ਦੇ ਪਹਿਲੇ ਦਿਨ ਤੋਂ ਫਿਰ ਜੀਐੱਸਟੀ ਵਿੱਚ ਬਹੁਤ ਵੱਡਾ ਸੁਧਾਰ ਕੀਤਾ ਗਿਆ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਅੱਜ ਪੂਰਾ ਭਾਰਤ ਜੀਐੱਸਟੀ ਬੱਚਤ ਉਤਸਵ ਮਨਾ ਰਿਹਾ ਹੈ। ਹਰ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਜ਼ਿਆਦਾਤਰ ਚੀਜ਼ਾਂ ਸਸਤੀਆਂ ਹੋ ਗਈਆਂ ਹਨ। ਇੱਥੇ ਇੰਨੀ ਵੱਡੀ ਗਿਣਤੀ ਵਿੱਚ ਮਾਤਾਵਾਂ-ਭੈਣਾਂ ਆਈਆਂ ਹਨ ਅਤੇ ਜਦੋਂ ਮੈਂ ਹੁਣੇ ਜੀਪ ਵਿੱਚ ਆ ਰਿਹਾ ਸੀ, ਸਭ ਮਾਤਾਵਾਂ-ਭੈਣਾਂ ਆਸ਼ੀਰਵਾਦ ਦੇ ਰਹੀਆਂ ਸਨ, ਘਰ ਵਿੱਚ ਮਾਤਾਵਾਂ-ਭੈਣਾਂ ਲਈ ਰਸੋਈ ਦਾ ਖ਼ਰਚਾ ਘੱਟ ਹੋ ਗਿਆ ਹੈ।
ਸਾਥੀਓ,
ਸਾਲ 2014 ਤੋਂ ਪਹਿਲਾਂ ਜੇ ਤੁਸੀਂ ਸਾਬਣ, ਸ਼ੈਂਪੂ, ਟੁੱਥਪੇਸਟ, ਟੁੱਥ ਪਾਊਡਰ, ਅਜਿਹੇ ਰੋਜ਼ਮੱਰਾ ਦੇ ਸਾਮਾਨ ਵਰਗੀ ਸੌ ਰੁਪਏ ਦੀ ਚੀਜ਼ ਖ਼ਰੀਦਦੇ ਸੀ, ਤਾਂ ਇਹ ਸੌ ਰੁਪਏ ਦਾ ਸਾਮਾਨ ਤੁਹਾਨੂੰ 131 ਰੁਪਏ ਦਾ ਪੈਂਦਾ ਸੀ, ਸਾਮਾਨ ਸੌ ਦਾ ਅਤੇ ਦੇਣੇ ਪੈਂਦੇ ਸਨ 131 ਰੁਪਏ ਅਤੇ 2014 ਤੋਂ ਪਹਿਲਾਂ ਦੀ ਗੱਲ ਕਰ ਰਿਹਾ ਹਾਂ, ਜੋ ਅੱਜ-ਕੱਲ੍ਹ ਬਿਆਨ ਬਹਾਦਰ ਭਾਂਤ-ਭਾਂਤ ਦੇ ਝੂਠ ਫੈਲਾ ਰਹੇ ਹਨ ਨਾ, ਯਾਨੀ ਕਾਂਗਰਸ ਸਰਕਾਰ 100 ਰੁਪਏ ਦੀ ਖ਼ਰੀਦ 'ਤੇ 31 ਰੁਪਏ ਟੈਕਸ ਲਾਉਂਦੀ ਸੀ। 2017 ਵਿੱਚ ਜਦੋਂ ਪਹਿਲੀ ਵਾਰ ਅਸੀਂ ਜੀਐੱਸਟੀ ਲਾਗੂ ਕੀਤਾ, ਤਾਂ ਉਹੀ ਸੌ ਰੁਪਏ ਦਾ ਸਾਮਾਨ ਸਿਰਫ਼ 18 ਰੁਪਏ ਵਧਿਆ ਅਤੇ 118 ਰੁਪਏ ਵਿੱਚ ਆਉਣ ਲੱਗਾ। ਯਾਨੀ ਕਾਂਗਰਸ ਸਰਕਾਰ ਤੋਂ ਭਾਜਪਾ ਸਰਕਾਰ ਆਉਂਦੇ-ਆਉਂਦੇ ਸੌ ਰੁਪਏ ’ਤੇ 13 ਰੁਪਏ ਦੀ ਬੱਚਤ ਹੋਈ। ਹੁਣ 22 ਸਤੰਬਰ ਨੂੰ ਅਸੀਂ ਮੁੜ ਜੀਐੱਸਟੀ ਵਿੱਚ ਸੁਧਾਰ ਕੀਤਾ, ਜੀਐੱਸਟੀ ਸੁਧਾਰ ਤੋਂ ਬਾਅਦ ਜੋ 2014 ਤੋਂ ਪਹਿਲਾਂ ਸੌ ਰੁਪਏ ਦਾ 131 ਰੁਪਿਆ ਦੇਣਾ ਪੈਂਦਾ ਸੀ, ਹੁਣ ਸੌ ਰੁਪਏ ਵਿੱਚ ਸਿਰਫ਼ 5 ਰੁਪਏ ਟੈਕਸ ਲੱਗਦਾ ਹੈ, ਸਿਰਫ਼ 105 ਰੁਪਿਆ ਦੇਣਾ ਪੈਂਦਾ ਹੈ। ਕਿੱਥੇ 31 ਰੁਪਏ ਅਤੇ ਕਿੱਥੇ 5 ਰੁਪਏ। ਯਾਨੀ ਕਾਂਗਰਸ ਦੇ ਜ਼ਮਾਨੇ ਦੇ ਮੁਕਾਬਲੇ ਅੱਜ ਤੁਹਾਨੂੰ ਸੌ ਰੁਪਏ ਦੀ ਖ਼ਰੀਦਦਾਰੀ 'ਤੇ 26 ਰੁਪਏ ਦੀ ਬੱਚਤ ਹੋ ਰਹੀ ਹੈ। ਮਾਤਾਵਾਂ-ਭੈਣਾਂ ਤਾਂ ਮਹੀਨੇ ਦੇ ਬਜਟ ਦਾ ਪੂਰਾ ਹਿਸਾਬ ਰੱਖਦੀਆਂ ਹਨ। ਇਸ ਹਿਸਾਬ ਨਾਲ ਤਾਂ ਹਰ ਮਹੀਨੇ ਹੁਣ ਤੁਹਾਨੂੰ ਸੈਂਕੜੇ ਰੁਪਏ ਦੀ ਬੱਚਤ ਹੋਣ ਵਾਲੀ ਹੈ।
ਸਾਥੀਓ,
ਜੁੱਤੀ-ਚੱਪਲ ਤਾਂ ਸਭ ਦੀ ਲੋੜ ਹੁੰਦੇ ਹਨ। ਕਾਂਗਰਸ ਦੇ ਰਾਜ ਵਿੱਚ ਜੇ ਤੁਹਾਨੂੰ ਪੰਜ ਸੌ ਰੁਪਏ ਦੀ ਜੁੱਤੀ ਖ਼ਰੀਦਣੀ ਹੁੰਦੀ ਸੀ, ਤਾਂ ਉਹ 575 ਰੁਪਏ ਦੀ ਆਉਂਦੀ ਸੀ। ਯਾਨੀ 500 ਦੀ ਜੁੱਤੀ ਅਤੇ ਬਿੱਲ ਆਉਂਦਾ ਸੀ 575, ਯਾਨੀ ਕਾਂਗਰਸ 500 ਰੁਪਏ ਦੀ ਜੁੱਤੀ ’ਤੇ 75 ਰੁਪਏ ਦਾ ਟੈਕਸ ਤੁਹਾਡੇ ਤੋਂ ਵਸੂਲਦੀ ਸੀ। ਅਸੀਂ ਜੀਐੱਸਟੀ ਲਾਗੂ ਕੀਤਾ, ਤਾਂ ਟੈਕਸ 15 ਰੁਪਏ ਘੱਟ ਗਿਆ। ਹੁਣ ਨਵੇਂ ਜੀਐੱਸਟੀ ਤੋਂ ਬਾਅਦ, ਤੁਹਾਨੂੰ ਇਸੇ ਜੁੱਤੀ ’ਤੇ 50 ਰੁਪਏ ਘੱਟ ਦੇਣੇ ਪੈਣਗੇ। ਪਹਿਲਾਂ 500 ਤੋਂ ਉੱਪਰ ਦੀਆਂ ਜੁੱਤੀਆਂ ’ਤੇ ਹੋਰ ਵੀ ਜ਼ਿਆਦਾ ਟੈਕਸ ਲੱਗਦਾ ਸੀ। ਅਸੀਂ ਉਹ 500 ਵਾਲਾ ਸਲੈਬ ਵੀ ਹਟਾ ਦਿੱਤਾ। ਹੁਣ ਅਸੀਂ ਜੋ 500 ਤੱਕ ਦਾ ਸਲੈਬ ਸੀ, ਉਸ ਨੂੰ ਹਟਾ ਕੇ 2500 ਰੁਪਏ ਤੱਕ ਦੀ ਜੁੱਤੀ, ਉਸ ਦਾ ਟੈਕਸ ਵੀ ਘੱਟ ਕਰ ਦਿੱਤਾ।
ਸਾਥੀਓ,
ਇੱਕ ਆਮ ਪਰਿਵਾਰ ਦਾ ਸੁਪਨਾ ਹੁੰਦਾ ਹੈ ਕਿ ਉਸ ਕੋਲ ਇੱਕ ਸਕੂਟਰ ਜਾਂ ਮੋਟਰਸਾਈਕਲ ਹੋਵੇ। ਕਾਂਗਰਸ ਰਾਜ ਵਿੱਚ ਇਹ ਵੀ ਪਹੁੰਚ ਤੋਂ ਬਾਹਰ ਸੀ। ਕਾਂਗਰਸ 60 ਹਜ਼ਾਰ ਦੇ ਮੋਟਰਸਾਈਕਲ ’ਤੇ 19 ਹਜ਼ਾਰ ਰੁਪਏ ਤੋਂ ਵੱਧ ਟੈਕਸ ਲੈਂਦੀ ਸੀ, ਦੱਸੋ। 60 ਹਜ਼ਾਰ ਰੁਪਏ ਦੇ ਸਾਹਮਣੇ 19 ਹਜ਼ਾਰ ਤੋਂ ਵੱਧ ਟੈਕਸ, 2017 ਵਿੱਚ ਅਸੀਂ ਜੀਐੱਸਟੀ ਲਿਆਂਦਾ ਤਾਂ ਇਹ ਟੈਕਸ ਦੋ-ਢਾਈ ਹਜ਼ਾਰ ਰੁਪਏ ਘੱਟ ਕੀਤਾ ਅਤੇ ਹੁਣ 22 ਸਤੰਬਰ ਨੂੰ ਜੋ ਦਰਾਂ ਲਾਗੂ ਕੀਤੀਆਂ, ਉਸ ਤੋਂ ਬਾਅਦ ਹੁਣ ਸੱਠ ਹਜ਼ਾਰ ਦੇ ਮੋਟਰਸਾਈਕਲ ’ਤੇ ਸਿਰਫ਼ 10 ਹਜ਼ਾਰ ਰੁਪਏ ਟੈਕਸ ਅਸੀਂ ਹੇਠਾਂ ਲੈ ਆਏ, ਯਾਨੀ 2014 ਦੀ ਤੁਲਨਾ ਵਿੱਚ ਲਗਭਗ 9 ਹਜ਼ਾਰ ਰੁਪਏ ਦਾ ਫ਼ਾਇਦਾ ਹੋਇਆ।
ਸਾਥੀਓ,
ਕਾਂਗਰਸ ਦੇ ਰਾਜ ਵਿੱਚ ਆਪਣਾ ਘਰ ਬਣਾਉਣਾ ਵੀ ਬਹੁਤ ਮਹਿੰਗਾ ਸੀ। ਤਿੰਨ ਸੌ ਰੁਪਏ ਦੇ ਸੀਮਿੰਟ ਦੇ ਬੈਗ 'ਤੇ ਕਾਂਗਰਸ ਸਰਕਾਰ 90 ਰੁਪਏ ਤੋਂ ਵੱਧ ਟੈਕਸ ਲੈਂਦੀ ਸੀ। 2017 ਵਿੱਚ ਜੀਐੱਸਟੀ ਆਉਣ ਤੋਂ ਬਾਅਦ ਇਹ ਲਗਭਗ ਦਸ ਰੁਪਏ ਘੱਟ ਹੋਇਆ ਅਤੇ ਹੁਣ ਜਦੋਂ ਦੁਬਾਰਾ ਅਸੀਂ ਸੁਧਾਰ ਕਰਕੇ ਜੀਐੱਸਟੀ ਲਿਆਂਦਾ, ਤਾਂ 22 ਸਤੰਬਰ ਤੋਂ ਬਾਅਦ ਸੀਮਿੰਟ ਦੇ ਉਸੇ ਬੈਗ 'ਤੇ ਲਗਭਗ ਪੰਜਾਹ ਰੁਪਏ ਹੀ ਜੀਐੱਸਟੀ ਲੱਗ ਰਿਹਾ ਹੈ। ਯਾਨੀ ਸੀਮਿੰਟ ਦੇ ਹਰ ਬੈਗ ’ਤੇ ਵੀ 2014 ਦੇ ਮੁਕਾਬਲੇ ਅੱਜ 40 ਰੁਪਏ ਦੀ ਬੱਚਤ ਹੋ ਰਹੀ ਹੈ। ਯਾਨੀ ਕਾਂਗਰਸ ਰਾਜ ਵਿੱਚ ਜਿੱਥੇ ਲੁੱਟ ਹੀ ਲੁੱਟ ਸੀ, ਉੱਥੇ ਹੀ ਅੱਜ ਭਾਜਪਾ ਦੀ ਸਰਕਾਰ ਵਿੱਚ ਬੱਚਤ ਹੀ ਬੱਚਤ ਹੈ। ਅਤੇ ਤਾਂ ਹੀ ਤਾਂ ਦੇਸ਼ ਜੀਐੱਸਟੀ ਬੱਚਤ ਉਤਸਵ ਮਨਾ ਰਿਹਾ ਹੈ ਅਤੇ ਜੀਐੱਸਟੀ ਬੱਚਤ ਉਤਸਵ ਨੂੰ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ।
ਪਰ ਭਰਾਵੋ ਅਤੇ ਭੈਣੋਂ,
ਇਹ ਜੀਐੱਸਟੀ ਬੱਚਤ ਉਤਸਵ ਤਾਂ ਚੱਲ ਰਿਹਾ ਹੈ, ਪਰ ਸਾਡਾ ਇੱਕ ਹੋਰ ਟੀਚਾ ਹੈ- ਆਤਮ-ਨਿਰਭਰ ਭਾਰਤ ਦਾ, ਅਸੀਂ ਕਿਸੇ ਹੋਰ ’ਤੇ ਨਿਰਭਰ ਨਾ ਰਹੀਏ, ਇਹ ਹੁਣ ਬਹੁਤ ਜ਼ਰੂਰੀ ਹੈ ਅਤੇ ਉਸ ਦਾ ਰਸਤਾ ਜਾਂਦਾ ਹੈ ਸਵਦੇਸ਼ੀ ਦੇ ਮੰਤਰ ਤੋਂ ਅਤੇ ਇਸ ਲਈ ਸਾਨੂੰ ਸਵਦੇਸ਼ੀ ਦੇ ਮੰਤਰ ਨੂੰ ਭੁੱਲਣਾ ਨਹੀਂ ਹੈ। ਮੈਂ ਤੁਹਾਨੂੰ ਸਭ ਨੂੰ ਅਪੀਲ ਕਰਾਂਗਾ ਅਤੇ ਰਾਜਸਥਾਨ ਤੇ ਦੇਸ਼ ਦੇ ਕੋਨੇ-ਕੋਨੇ ਵਿੱਚ ਜੋ ਲੋਕ ਮੈਨੂੰ ਸੁਣ ਰਹੇ ਹਨ, ਉਨ੍ਹਾਂ ਸਭ ਨੂੰ ਵੀ ਅਪੀਲ ਕਰਾਂਗਾ, ਖ਼ਾਸ ਕਰਕੇ ਆਪਣੇ ਦੁਕਾਨਦਾਰ ਵਪਾਰੀਆਂ ਨੂੰ ਅਪੀਲ ਕਰਾਂਗਾ, ਅਸੀਂ ਜੋ ਵੇਚਾਂਗੇ, ਉਹ ਸਵਦੇਸ਼ੀ ਹੀ ਵੇਚਾਂਗੇ ਅਤੇ ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਾਂਗਾ, ਅਸੀਂ ਜੋ ਖ਼ਰੀਦਾਂਗੇ, ਉਹ ਵੀ ਸਵਦੇਸ਼ੀ ਹੀ ਖ਼ਰੀਦਾਂਗੇ। ਅਸੀਂ ਦੁਕਾਨਦਾਰ ਨੂੰ ਪੁੱਛਾਂਗੇ, ਦੱਸੋ ਭਾਈ ਇਹ ਸਵਦੇਸ਼ੀ ਹੈ ਕਿ ਨਹੀਂ ਹੈ ਅਤੇ ਮੇਰੀ ਤਾਂ ਸਵਦੇਸ਼ੀ ਦੀ ਵਿਆਖਿਆ ਬਹੁਤ ਸਧਾਰਨ ਹੈ, ਕੰਪਨੀ ਦੁਨੀਆ ਦੇ ਕਿਸੇ ਵੀ ਦੇਸ਼ ਦੀ ਕਿਉਂ ਨਾ ਹੋਵੇ, ਬ੍ਰਾਂਡ ਦੁਨੀਆ ਦੇ ਕਿਸੇ ਵੀ ਦੇਸ਼ ਦਾ ਕਿਉਂ ਨਾ ਹੋਵੇ, ਪਰ ਉਹ ਹਿੰਦੁਸਤਾਨ ਵਿੱਚ ਬਣਨ ਵਾਲਾ ਹੋਣਾ ਚਾਹੀਦਾ ਹੈ, ਹਿੰਦੁਸਤਾਨ ਦੇ ਮੇਰੇ ਨੌਜਵਾਨਾਂ ਦੀ ਮਿਹਨਤ ਨਾਲ ਬਣਿਆ ਹੋਇਆ ਹੋਣਾ ਚਾਹੀਦਾ ਹੈ, ਮੇਰੇ ਦੇਸ਼ ਦੇ ਲੋਕਾਂ ਦੇ ਪਸੀਨੇ ਦੀ ਉਸ ਵਿੱਚ ਮਹਿਕ ਹੋਵੇ, ਉਸ ਵਿੱਚ ਮੇਰੇ ਦੇਸ਼ ਦੀ ਮਿੱਟੀ ਦੀ ਮਹਿਕ ਹੋਵੇ, ਮੇਰੇ ਲਈ ਉਹ ਸਭ ਸਵਦੇਸ਼ੀ ਹੈ। ਅਤੇ ਇਸ ਲਈ ਮੈਂ ਸਾਰੇ ਵਪਾਰੀਆਂ ਨੂੰ ਕਹਿੰਦਾ ਹਾਂ, ਦੁਕਾਨ 'ਤੇ ਇੱਕ ਬੋਰਡ ਲਾਓ, ਮਾਣ ਨਾਲ ਕਹੋ- ਇਹ ਸਵਦੇਸ਼ੀ ਹੈ। ਜਦੋਂ ਤੁਸੀਂ ਸਵਦੇਸ਼ੀ ਖ਼ਰੀਦਦੇ ਹੋ, ਤਾਂ ਉਹ ਪੈਸਾ ਦੇਸ਼ ਦੇ ਹੀ ਕਿਸੇ ਕਾਰੀਗਰ ਅਤੇ ਵਪਾਰੀ ਕੋਲ ਜਾਂਦਾ ਹੈ। ਉਹ ਪੈਸਾ ਦੇਸ਼ ਤੋਂ ਬਾਹਰ ਨਾ ਜਾ ਕੇ, ਦੇਸ਼ ਦੇ ਵਿਕਾਸ ਵਿੱਚ ਲੱਗਦਾ ਹੈ। ਉਸ ਨਾਲ ਨਵੇਂ ਹਾਈਵੇ ਬਣਦੇ ਹਨ, ਨਵੀਆਂ ਸੜਕਾਂ ਬਣਦੀਆਂ ਹਨ, ਸਕੂਲ ਬਣਦੇ ਹਨ, ਹਸਪਤਾਲ ਬਣਦੇ ਹਨ, ਗ਼ਰੀਬਾਂ ਲਈ ਘਰ ਬਣਦੇ ਹਨ। ਅਤੇ ਇਸ ਲਈ ਸਾਥੀਓ, ਅਸੀਂ ਸਵਦੇਸ਼ੀ ਨੂੰ ਆਪਣਾ ਸਵੈਮਾਣ ਬਣਾਉਣਾ ਹੈ। ਮੈਂ ਚਾਹਾਂਗਾ, ਤਿਉਹਾਰਾਂ ਦੇ ਇਸ ਮੌਸਮ ਵਿੱਚ ਤੁਸੀਂ ਸਭ ਸਵਦੇਸ਼ੀ ਹੀ ਖ਼ਰੀਦਣ ਦਾ ਅਹਿਦ ਲਵੋ। ਇਸੇ ਸੰਕਲਪ ਨਾਲ ਮੈਂ ਇੱਕ ਵਾਰ ਫਿਰ ਵਿਕਾਸ ਅਤੇ ਰੁਜ਼ਗਾਰ ਨਾਲ ਜੁੜੇ ਢੇਰ ਸਾਰੇ ਪ੍ਰੋਜੈਕਟਾਂ ਲਈ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ! ਮੇਰੇ ਨਾਲ ਜ਼ੋਰ ਨਾਲ ਬੋਲੋ, ਭਾਰਤ ਮਾਤਾ ਦੀ ਜੈ! ਦੋਵੇਂ ਹੱਥ ਉੱਪਰ ਕਰਕੇ ਮਾਂ ਭਾਰਤੀ ਦੀ ਜੈ-ਜੈਕਾਰ ਕਰੋ। ਭਾਰਤ ਮਾਤਾ ਦੀ ਜੈ! ਭਾਰਤ ਮਾਤਾ ਦੀ ਜੈ! ਭਾਰਤ ਮਾਤਾ ਦੀ ਜੈ! ਬਹੁਤ-ਬਹੁਤ ਧੰਨਵਾਦ।
************
ਐੱਮਜੇਪੀਐੱਸ/ਐੱਸਟੀ/ਐੱਸਐੱਸ/ਏਵੀ
(Release ID: 2171584)
Visitor Counter : 7