ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦੇਸ਼ ਭਰ ਦੇ ਸਕੂਲੀ ਵਿਦਿਆਰਥੀਆਂ ਵਿੱਚ ਨਵੀਨਤਾ ਨੂੰ ਉਤਸਾਹਿਤ ਕਰਨ ਲਈ ਵਿਕਸਿਤ ਭਾਰਤ ਬਿਲਡਥੌਨ 2025 ਲਾਂਚ ਕੀਤਾ


ਵਿਕਸਿਤ ਭਾਰਤ ਬਿਲਡਥੌਨ 2025 ਇੱਕ ਨਵੀਨਤਾ ਪੁਨਰਜਾਗਰਣ ਨੂੰ ਜਨਮ ਦੇਵੇਗਾ ਅਤੇ ਨੌਜਵਾਨ ਨਵੀਨਤਾਕਾਰਾਂ ਨੂੰ ਆਤਮ-ਨਿਰਭਰ ਭਾਰਤ ਦੇ ਚਾਲਕ ਵਜੋਂ ਸਸ਼ਕਤ ਬਣਾਏਗਾ - ਸ਼੍ਰੀ ਧਰਮੇਂਦਰ ਪ੍ਰਧਾਨ

ਬਿਲਡਥੌਨ ਦੀ ਸਮਾਪਤੀ ਜਨਵਰੀ 2026 ਵਿੱਚ ਹੋਵੇਗੀ ਅਤੇ 1,000 ਤੋਂ ਵੱਧ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ

Posted On: 23 SEP 2025 5:25PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਵਿਕਸਿਤ ਭਾਰਤ ਬਿਲਡਥੌਨ 2025 ਦੀ ਸ਼ੁਰੂਆਤ ਕੀਤੀ, ਜੋ ਕਿ ਇੱਕ ਬੇਮਿਸਾਲ ਰਾਸ਼ਟਰਵਿਆਪੀ ਨਵੀਨਤਾ ਅਭਿਆਨ ਹੈ ਜਿਸਦਾ ਉਦੇਸ਼ ਪੂਰੇ ਭਾਰਤ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਨਾ ਹੈ। 'ਵਿਕਸਿਤ ਭਾਰਤ ਬਿਲਡਥੌਨ 2025' ਦਾ ਆਯੋਜਨ ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖ਼ਰਤਾ ਵਿਭਾਗ (DoSEL), ਦੁਆਰਾ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਅਤੇ AICTE ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੌਰਾਨ, ਮੰਤਰੀ ਨੇ ਵਿਕਸਿਤ ਭਾਰਤ ਬਿਲਡਥੌਨ ਦਾ ਜਿੰਗਲ ਅਤੇ ਲੋਗੋ ਲਾਂਚ ਕੀਤੇ।

ਇਸ ਮੌਕੇ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੇ ਸਕੱਤਰ, ਸ਼੍ਰੀ ਸੰਜੈ ਕੁਮਾਰ; ਪ੍ਰੈੱਸ ਇਨਫੋਰਮੇਸ਼ਨ ਬਿਊਰੋ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ, ਸ਼੍ਰੀ ਧੀਰੇਂਦਰ ਓਝਾ; ਏਆਈਸੀਟੀਈ ਦੇ ਚੇਅਰਮੈਨ, ਪ੍ਰੋਫੈਸਰ ਟੀ.ਜੀ ਸੀਤਾਰਾਮ; ਏਆਈਸੀਟੀਈ ਦੇ ਵਾਈਸ ਚੇਅਰਮੈਨ, ਡਾ. ਅਭੈ ਜੇਰੇ; ਏਆਈਐਮ, ਨੀਤੀ ਆਯੋਗ ਦੇ ਮਿਸ਼ਨ ਡਾਇਰੈਕਟਰ, ਸ਼੍ਰੀ ਦੀਪਕ ਬਾਗਲਾ; ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੇ ਵਧੀਕ ਸਕੱਤਰ, ਸ਼੍ਰੀ ਧੀਰਜ ਸਾਹੂ; ਮੰਤਰਾਲੇ, ਕੇਵੀਐੱਸ ਅਤੇ ਐੱਨਵੀਐੱਸ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਸ ਮੌਕੇ 'ਤੇ ਬੋਲਦਿਆਂ, ਮੰਤਰੀ ਨੇ ਕਿਹਾ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਸਕੂਲ ਹੈਕਾਥੌਨ, ਵਿਕਸਿਤ ਭਾਰਤ ਬਿਲਡਥੌਨ, ਵਿਦਿਆਰਥੀਆਂ ਨੂੰ ਚਾਰ ਵਿਸ਼ਾ-ਵਸਤੂਆਂ: ‘ਵੋਕਲ ਫਾਰ ਲੋਕਲ, ਆਤਮਨਿਰਭਰ ਭਾਰਤ, ਸਵਦੇਸ਼ੀ ਅਤੇ ਸਮ੍ਰਿੱਧੀ  'ਤੇ ਵਿਚਾਰ ਕਰਨ ਅਤੇ ਉਤਪਾਦਾਂ ਦਾ ਨਿਰਮਾਣ ਕਰਨ ਲਈ ਉਤਸ਼ਾਹਿਤ ਕਰਕੇ ਜ਼ਮੀਨੀ ਪੱਧਰ 'ਤੇ ਨਵੀਨਤਾ ਦੇ ਸੱਭਿਆਚਾਰ ਨੂੰ ਹੋਰ ਮਜ਼ਬੂਤ ​​ਕਰੇਗਾ।’ ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲ ਵਿਦਿਆਰਥੀਆਂ ਦੀਆਂ ਨਵੀਨਤਾਵਾਂ ਨੂੰ ਸਨਮਾਨਿਤ ਕਰੇਗੀ, ਦੇਸ਼ ਵਿੱਚ ਇੱਕ ਨਵੀਨਤਾ ਪੁਨਰਜਾਗਰਣ ਦਾ ਨਿਰਮਾਣ ਕਰੇਗੀ, ਅਤੇ ਇਹ ਯਕੀਨੀ ਬਣਾਏਗੀ ਕਿ ਨੌਜਵਾਨ ਪੀੜ੍ਹੀ ਸਮ੍ਰਿੱਧੀ, ਵਿਕਸਿਤ ਅਤੇ ਆਤਮਨਿਰਭਰ ਭਾਰਤ ਦੇ ਮੁੱਖ ਚਾਲਕ ਬਣਨ।

ਸਕੱਤਰ, ਸ਼੍ਰੀ ਸੰਜੈ ਕੁਮਾਰ ਨੇ ਇੱਕ ਵਿਆਪਕ ਸੰਖੇਪ ਜਾਣਕਾਰੀ ਪੇਸ਼ ਕੀਤੀ, ਜਿਸ ਵਿੱਚ ਬਿਲਡਥੌਨ ਲਈ ਮੰਚ ਤਿਆਰ ਕੀਤਾ ਗਿਆ ਅਤੇ ਭਾਰਤ ਭਰ ਵਿੱਚ ਵਿਦਿਆਰਥੀ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਇਸ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਬਿਲਡਥੌਨ ਦਾ ਉਦੇਸ਼ ਰਾਸ਼ਟਰੀ ਵਿਕਾਸ ਲਈ ਰਚਨਾਤਮਕ ਸੋਚ ਨੂੰ ਪ੍ਰੇਰਿਤ ਕਰਨਾ, ਆਤਮ-ਨਿਰਭਰਤਾ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨਾ, ਸਕੂਲਾਂ ਨੂੰ ਸਮਕਾਲੀ ਨਵੀਨਤਾ ਵਿੱਚ ਸ਼ਾਮਲ ਕਰਨਾ, ਇੱਕ ਸੰਭਾਵੀ ਵਿਸ਼ਵ ਰਿਕਾਰਡ ਰਾਹੀਂ ਭਾਰਤ ਨੂੰ ਇੱਕ ਗਲੋਬਲ ਇਨੋਵੇਸ਼ਨ ਪੂੰਜੀ ਵਜੋਂ ਪੇਸ਼ ਕਰਨਾ, ਅਤੇ ਰਾਸ਼ਟਰੀ ਅਤੇ ਗਲੋਬਲ ਪਲੈਟਫਾਰਮਾਂ 'ਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਵਾਲਿਆਂ ਦਾ ਸਨਮਾਨ ਕਰਨਾ ਹੈ। ਇਹ ਸਕੂਲ ਇਨੋਵੇਸ਼ਨ ਮੈਰਾਥੌਨ 2024 ਦੀ ਸਫਲਤਾ 'ਤੇ ਅਧਾਰਿਤ ਹੈ, ਜਿਸ ਨੇ ਨਤੀਜੇ ਵਜੋਂ ਸਟੂਡੈਂਟ ਇਨੋਵੇਟਰ ਪ੍ਰੋਗਰਾਮ (SIP) ਅਤੇ ਸਟੂਡੈਂਟ ਐਂਟਰਪ੍ਰਨਿਓਰਸ਼ਿਪ ਪ੍ਰੋਗਰਾਮ (SEP) ਵਰਗੇ ਪ੍ਰੋਗਰਾਮਾਂ ਦੇ ਨਾਲ-ਨਾਲ ਅਟਲ ਟਿੰਕਰਿੰਗ ਲੈਬਜ਼ ਦੇ ਪੇਟੈਂਟ ਅਤੇ ਸਟਾਰਟਅੱਪ ਉੱਦਮ ਵੀ ਸ਼ੁਰੂ ਹੋਏ।

ਵਿਕਸਿਤ ਭਾਰਤ ਬਿਲਡਥੌਨ ਦੀ ਯਾਤਰਾ ਅੱਜ 23 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਵਿਦਿਆਰਥੀਆਂ ਕੋਲ ਵਿਕਸਿਤ ਭਾਰਤ ਬਿਲਡਥੌਨ ਪੋਰਟਲ (https://vbb.mic.gov.in/) 'ਤੇ ਰਜਿਸਟ੍ਰੇਸ਼ਨ ਕਰਨ ਲਈ 23 ਸਤੰਬਰ ਤੋਂ 6 ਅਕਤੂਬਰ ਤੱਕ ਦਾ ਸਮਾਂ ਹੋਵੇਗਾ। ਇਸ ਤੋਂ ਬਾਅਦ ਸਕੂਲਾਂ ਲਈ 6 ਅਕਤੂਬਰ ਤੋਂ 13 ਅਕਤੂਬਰ ਤੱਕ ਸਕੂਲਾਂ ਦੇ ਲਈ ਤਿਆਰੀ ਦੀ ਮਿਆਦ ਹੋਵੇਗੀ, ਜਿਸ ਵਿੱਚ ਅਧਿਆਪਕ ਪੋਰਟਲ 'ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਰਾਹੀਂ ਵਿਦਿਆਰਥੀ ਟੀਮਾਂ ਦਾ ਮਾਰਗਦਰਸ਼ਨ ਕਰਨਗੇ। ਫਿਰ ਇਸ ਤੋਂ ਬਾਅਦ ਵਿਦਿਆਰਥੀ ਪੋਰਟਲ 'ਤੇ ਆਪਣੇ ਵਿਚਾਰ ਅਤੇ ਪ੍ਰੋਟੋਟਾਈਪ ਜਮ੍ਹਾਂ ਕਰਾਉਣਗੇ। ਬਿਲਡਥੌਨ ਦਾ ਮੁੱਖ ਪ੍ਰੋਗਰਾਮ, ਲਾਈਵ ਸਿੰਕ੍ਰੋਨਾਈਜ਼ਡ ਇਨੋਵੇਸ਼ਨ ਈਵੈਂਟ, 13 ਅਕਤੂਬਰ ਨੂੰ ਹੋਵੇਗਾ। ਇਸ ਪ੍ਰੋਗਰਾਮ ਤੋਂ ਬਾਅਦ, ਵਿਦਿਆਰਥੀ 13 ਅਕਤੂਬਰ ਤੋਂ 31 ਅਕਤੂਬਰ ਤੱਕ ਆਪਣੀਆਂ ਅੰਤਿਮ ਐਂਟਰੀਆਂ ਜਮ੍ਹਾਂ ਕਰਾਉਣਗੇ। ਫਿਰ ਮਾਹਿਰਾਂ ਦਾ ਇੱਕ ਪੈਨਲ 1 ਨਵੰਬਰ ਤੋਂ 31 ਦਸੰਬਰ ਤੱਕ ਦੋ ਮਹੀਨਿਆਂ ਦੀ ਮਿਆਦ ਵਿੱਚ ਸਬਮਿਸ਼ਨਾਂ ਦਾ ਮੁਲਾਂਕਣ ਕਰੇਗਾ। ਬਿਲਡਥੌਨ ਦੀ ਸਮਾਪਤੀ ਜਨਵਰੀ 2026 ਵਿੱਚ ਨਤੀਜਿਆਂ ਦੇ ਐਲਾਨ ਅਤੇ ਚੋਟੀ ਦੇ 1,000+ ਤੋਂ ਵੱਧ ਜੇਤੂਆਂ ਦੇ ਸਨਮਾਨ ਨਾਲ ਹੋਵੇਗੀ।

ਵਿਕਸਿਤ ਭਾਰਤ ਬਿਲਡਥੌਨ 2025 ਬਾਰੇ ਇੱਕ ਵੀਡੀਓ ਪ੍ਰਦਰਸ਼ਿਤ ਕੀਤਾ ਗਿਆ, ਜਿਸ ਵਿੱਚ ਇਸ ਦੇ ਵਿਸ਼ਿਆਂ ਅਤੇ ਉਦੇਸ਼ਾਂ ਨੂੰ ਰੇਖਾਂਕਿਤ ਕੀਤਾ ਗਿਆ।

*****

ਐੱਮਵੀ/ਏਕੇ/ਏਕੇ


(Release ID: 2170474) ਵਿਜ਼ੀਟਰ ਕਾਊਂਟਰ : 52