ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ₹5,100 ਕਰੋੜ ਤੋਂ ਵੱਧ ਲਾਗਤ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ


ਅਰੁਣਾਚਲ ਪ੍ਰਦੇਸ਼ ਸ਼ਾਂਤੀ ਅਤੇ ਸੱਭਿਆਚਾਰ ਦਾ ਸੰਗਮ ਹੈ, ਇਹ ਭਾਰਤ ਦਾ ਮਾਣ ਹੈ: ਪ੍ਰਧਾਨ ਮੰਤਰੀ

ਉੱਤਰ-ਪੂਰਬ ਭਾਰਤ ਦੀ ਅਸ਼ਟਲਕਸ਼ਮੀ ਹੈ: ਪ੍ਰਧਾਨ ਮੰਤਰੀ

ਉੱਤਰ-ਪੂਰਬੀ ਖੇਤਰ ਰਾਸ਼ਟਰ ਦੇ ਵਿਕਾਸ ਦੀ ਪ੍ਰੇਰਣਾ ਸ਼ਕਤੀ ਬਣ ਰਿਹਾ ਹੈ: ਪ੍ਰਧਾਨ ਮੰਤਰੀ

ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੀ ਸਫ਼ਲਤਾ ਨੇ ਲੋਕਾਂ ਦੀ ਜ਼ਿੰਦਗੀ ਸੌਖੀ ਬਣਾ ਦਿੱਤੀ ਹੈ: ਪ੍ਰਧਾਨ ਮੰਤਰੀ

ਜੀਐੱਸਟੀ ਹੁਣ 5 ਫ਼ੀਸਦੀ ਅਤੇ 18 ਫ਼ੀਸਦੀ ਤੱਕ ਸੌਖਾ ਹੋ ਗਿਆ ਹੈ, ਜਿਸ ਨਾਲ ਜ਼ਿਆਦਾਤਰ ਵਸਤੂਆਂ 'ਤੇ ਟੈਕਸ ਘੱਟ ਹੋ ਗਿਆ ਹੈ: ਪ੍ਰਧਾਨ ਮੰਤਰੀ

Posted On: 22 SEP 2025 1:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ₹5,100 ਕਰੋੜ ਤੋਂ ਵੱਧ ਲਾਗਤ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਮੌਕੇ ’ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਸਰਬ-ਸ਼ਕਤੀਮਾਨ ਡੋਨਯੀ ਪੋਲੋ ਦੇ ਪ੍ਰਤੀ ਸ਼ਰਧਾ ਪ੍ਰਗਟ ਕੀਤੀ ਅਤੇ ਸਾਰਿਆਂ ‘ਤੇ ਕਿਰਪਾ ਦੀ ਪ੍ਰਾਰਥਨਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੈਲੀਪੈਡ ਤੋਂ ਮੈਦਾਨ ਤੱਕ ਦਾ ਸਫ਼ਰ, ਰਸਤੇ ਵਿੱਚ ਅਣਗਿਣਤ ਲੋਕਾਂ ਨੂੰ ਮਿਲਣਾ ਅਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਰਾਸ਼ਟਰੀ ਝੰਡੇ ਨੂੰ ਫੜੀ ਦੇਖਣਾ, ਇਨ੍ਹਾਂ ਸਾਰਿਆਂ ਨੇ ਅਤੇ ਅਰੁਣਾਚਲ ਪ੍ਰਦੇਸ਼ ਦੀ ਨਿੱਘੀ ਮਹਿਮਾਨ-ਨਿਵਾਜ਼ੀ ਨੇ ਮੈਨੂੰ ਮਾਣ ਮਹਿਸੂਸ ਕਰਵਾਇਆ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਰੁਣਾਚਲ ਨਾ ਸਿਰਫ਼ ਚੜ੍ਹਦੇ ਸੂਰਜ ਦੀ ਧਰਤੀ ਹੈ, ਸਗੋਂ ਦੇਸ਼ ਭਗਤੀ ਦੀ ਵੀ ਧਰਤੀ ਹੈ। ਜਿਸ ਤਰ੍ਹਾਂ ਰਾਸ਼ਟਰੀ ਝੰਡੇ ਦਾ ਪਹਿਲਾ ਰੰਗ ਕੇਸਰੀ ਹੁੰਦਾ ਹੈ, ਉਸੇ ਤਰ੍ਹਾਂ ਅਰੁਣਾਚਲ ਦੀ ਆਤਮਾ ਵੀ ਕੇਸਰੀ ਰੰਗ ਨਾਲ ਸ਼ੁਰੂ ਹੁੰਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅਰੁਣਾਚਲ ਦਾ ਹਰ ਵਿਅਕਤੀ ਬਹਾਦਰੀ ਅਤੇ ਸਾਦਗੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸੂਬੇ ਦੇ ਪ੍ਰਤੀ ਆਪਣੀ ਡੂੰਘੀ ਨੇੜਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਹਰ ਯਾਤਰਾ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਦਿੰਦੀ ਹੈ ਅਤੇ ਲੋਕਾਂ ਦੇ ਨਾਲ ਗੁਜ਼ਾਰਿਆ ਹਰ ਪਲ ਯਾਦਗਾਰੀ ਹੁੰਦਾ ਹੈ। ਉਨ੍ਹਾਂ ਨੇ ਆਪਣੇ ਪ੍ਰਤੀ ਦਿਖਾਏ ਗਏ ਪਿਆਰ ਅਤੇ ਸਨੇਹ ਨੂੰ ਇੱਕ ਵੱਡਾ ਸਨਮਾਨ ਦੱਸਿਆ। ਪ੍ਰਧਾਨ ਮੰਤਰੀ ਨੇ ਇਸ ਪਵਿੱਤਰ ਧਰਤੀ ਨੂੰ ਨਮਨ ਕਰਦੇ ਹੋਏ ਕਿਹਾ, "ਤਵਾਂਗ ਮੱਠ ਤੋਂ ਲੈ ਕੇ ਨਾਮਸਾਈ ਦੇ ਗੋਲਡਨ ਪੈਗੋਡਾ ਤੱਕ, ਅਰੁਣਾਚਲ ਪ੍ਰਦੇਸ਼ ਸ਼ਾਂਤੀ ਅਤੇ ਸੱਭਿਆਚਾਰ ਦੇ ਸੰਗਮ ਦੀ ਨੁਮਾਇੰਦਗੀ ਕਰਦਾ ਹੈ।" ਉਨ੍ਹਾਂ ਨੇ ਇਸ ਪਵਿੱਤਰ ਧਰਤੀ ਨੂੰ ਭਾਰਤ ਮਾਤਾ ਦਾ ਮਾਣ ਦੱਸਿਆ।

ਪ੍ਰਧਾਨ ਮੰਤਰੀ ਨੇ ਅੱਜ ਅਰੁਣਾਚਲ ਪ੍ਰਦੇਸ਼ ਦੀ ਆਪਣੀ ਯਾਤਰਾ ਨੂੰ ਤਿੰਨ ਵੱਖ-ਵੱਖ ਕਾਰਨਾਂ ਕਰਕੇ ਵਿਸ਼ੇਸ਼ ਦੱਸਦੇ ਹੋਏ ਕਿਹਾ ਕਿ ਪਹਿਲਾ, ਨਰਾਤਿਆਂ ਦੇ ਪਵਿੱਤਰ ਪਹਿਲੇ ਦਿਨ ਉਨ੍ਹਾਂ ਨੂੰ ਸੁੰਦਰ ਪਹਾੜੀ ਸ਼੍ਰੇਣੀਆਂ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੋਇਆ। ਉਨ੍ਹਾਂ ਨੇ ਕਿਹਾ ਕਿ ਇਸ ਦਿਨ ਭਗਤ ਹਿਮਾਲਿਆ ਦੀ ਧੀ ਮਾਂ ਸ਼ੈਲਪੁੱਤਰੀ ਦੀ ਪੂਜਾ ਕਰਦੇ ਹਨ। ਦੂਜਾ, ਉਨ੍ਹਾਂ ਨੇ ਦੇਸ਼ ਭਰ ਵਿੱਚ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਨੂੰ ਲਾਗੂ ਕਰਨ ਅਤੇ ਜੀਐੱਸਟੀ ਬੱਚਤ ਮਹੋਤਸਵ ਦੀ ਸ਼ੁਰੂਆਤ ਦਾ ਐਲਾਨ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਤਿਉਹਾਰਾਂ ਦੇ ਮੌਸਮ ਵਿੱਚ ਨਾਗਰਿਕਾਂ ਨੂੰ ਦੋਹਰਾ ਲਾਭ ਮਿਲਿਆ ਹੈ। ਤੀਜਾ, ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਵਿੱਚ ਬਿਜਲੀ, ਕਨੈਕਟੀਵਿਟੀ, ਸੈਰ-ਸਪਾਟਾ ਅਤੇ ਸਿਹਤ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਦੋਹਰੇ ਲਾਭ ਨੂੰ ਦਰਸਾਉਂਦਾ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਲਈ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੀਐੱਸਟੀ ਬੱਚਤ ਮਹੋਤਸਵ ਭਾਰਤ ਦੇ ਲੋਕਾਂ ਲਈ ਖ਼ੁਸ਼ੀ, ਖ਼ੁਸ਼ਹਾਲੀ ਅਤੇ ਸਫ਼ਲਤਾ ਲੈ ਕੇ ਆਵੇਗਾ।

ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ਦੀਆਂ ਕਿਰਨਾਂ ਪਹਿਲਾਂ ਆਉਂਦੀਆਂ ਹਨ, ਪਰ ਇਹ ਮੰਦਭਾਗਾ ਹੈ ਕਿ ਤੇਜ਼ ਵਿਕਾਸ ਦੀਆਂ ਕਿਰਨਾਂ ਨੂੰ ਇਸ ਖੇਤਰ ਤੱਕ ਪਹੁੰਚਣ ਵਿੱਚ ਕਈ ਦਹਾਕੇ ਲੱਗ ਗਏ। ਸ਼੍ਰੀ ਮੋਦੀ ਨੇ 2014 ਤੋਂ ਪਹਿਲਾਂ ਕਈ ਵਾਰ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਅਤੇ ਉੱਥੇ ਦੇ ਲੋਕਾਂ ਵਿੱਚ ਰਹਿਣ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਸੂਬੇ ਨੂੰ - ਆਪਣੀ ਧਰਤੀ, ਮਿਹਨਤੀ ਨਾਗਰਿਕਾਂ ਅਤੇ ਅਥਾਹ ਸੰਭਾਵਨਾ ਨਾਲ ਕੁਦਰਤ ਦਾ ਭਰਪੂਰ ਅਸ਼ੀਰਵਾਦ ਪ੍ਰਾਪਤ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇਨ੍ਹਾਂ ਤਾਕਤਾਂ ਦੇ ਬਾਵਜੂਦ, ਦਿੱਲੀ ਤੋਂ ਸ਼ਾਸਨ ਕਰਨ ਵਾਲੇ ਪੁਰਾਣੇ ਲੋਕਾਂ ਨੇ ਅਰੁਣਾਚਲ ਪ੍ਰਦੇਸ਼ ਨੂੰ ਲਗਾਤਾਰ ਅਣਗੌਲ਼ਿਆ ਕੀਤਾ। ਉਨ੍ਹਾਂ ਨੇ ਕੁਝ ਰਾਜਨੀਤਿਕ ਦਲਾਂ ਦੀ ਇਸ ਸੋਚ ਲਈ ਆਲੋਚਨਾ ਕੀਤੀ ਕਿ ਘੱਟ ਆਬਾਦੀ ਅਤੇ ਸਿਰਫ਼ ਦੋ ਲੋਕ ਸਭਾ ਸੀਟਾਂ ਵਾਲੇ ਅਰੁਣਾਚਲ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਜ਼ਰੀਏ ਨੇ ਅਰੁਣਾਚਲ ਅਤੇ ਪੂਰੇ ਉੱਤਰ-ਪੂਰਬ ਨੂੰ ਬਹੁਤ ਨੁਕਸਾਨ ਪਹੁੰਚਾਇਆ, ਜੋ ਵਿਕਾਸ ਦੀ ਯਾਤਰਾ ਵਿੱਚ ਬਹੁਤ ਪਿੱਛੇ ਰਹਿ ਗਿਆ।

ਸ਼੍ਰੀ ਮੋਦੀ ਨੇ ਕਿਹਾ ਕਿ 2014 ਵਿੱਚ ਰਾਸ਼ਟਰ ਦੀ ਸੇਵਾ ਕਰਨ ਦਾ ਮੌਕਾ ਮਿਲਣ ਤੋਂ ਬਾਅਦ, ਉਨ੍ਹਾਂ ਨੇ ਦੇਸ਼ ਨੂੰ ਪਿਛਲੀ ਸਰਕਾਰ ਦੀ ਮਾਨਸਿਕਤਾ ਤੋਂ ਮੁਕਤ ਕਰਨ ਦਾ ਸੰਕਲਪ ਲਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਮਾਰਗਦਰਸ਼ਕ ਪ੍ਰੇਰਨਾ ਕਿਸੇ ਸੂਬੇ ਵਿੱਚ ਵੋਟਾਂ ਜਾਂ ਸੀਟਾਂ ਦੀ ਗਿਣਤੀ ਨਹੀਂ, ਸਗੋਂ "ਰਾਸ਼ਟਰ ਪਹਿਲਾਂ" ਦਾ ਸਿਧਾਂਤ ਹੈ। ਉਨ੍ਹਾਂ ਨੇ ਸਰਕਾਰ ਦੇ ਮੂਲ ਮੰਤਰ - "ਨਾਗਰਿਕ ਦੇਵੋਭਵ" ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਕਦੇ ਸਨਮਾਨ ਨਹੀਂ ਮਿਲਿਆ, ਉਹ ਹੁਣ ਮੋਦੀ ਲਈ ਪੂਜਣ ਵਾਲੇ ਹਨ। ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਵਿਰੋਧੀ ਧਿਰ ਦੇ ਸ਼ਾਸਨ ਦੌਰਾਨ ਅਣਗੌਲ਼ਿਆ ਰਿਹਾ ਉੱਤਰ-ਪੂਰਬ 2014 ਤੋਂ ਬਾਅਦ ਵਿਕਾਸ ਤਰਜੀਹਾਂ ਦਾ ਕੇਂਦਰ ਬਣ ਗਿਆ। ਖੇਤਰ ਦੇ ਵਿਕਾਸ ਲਈ ਬਜਟ ਕਈ ਗੁਣਾ ਵਧਾ ਦਿੱਤਾ ਗਿਆ, ਅਤੇ ਆਖ਼ਰੀ ਮੀਲ ਤੱਕ ਕਨੈਕਟੀਵਿਟੀ ਅਤੇ ਡਿਲੀਵਰੀ ਨੂੰ ਸਾਡੇ ਪ੍ਰਸ਼ਾਸਨ ਦੀ ਪਹਿਚਾਣ ਬਣਾ ਦਿੱਤਾ ਗਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਾਸਨ ਹੁਣ ਦਿੱਲੀ ਤੱਕ ਸੀਮਤ ਨਹੀਂ ਰਹੇਗਾ; ਅਧਿਕਾਰੀਆਂ ਅਤੇ ਮੰਤਰੀਆਂ ਨੂੰ ਨਿਯਮਿਤ ਤੌਰ 'ਤੇ ਉੱਤਰ-ਪੂਰਬ ਦਾ ਦੌਰਾ ਕਰਨਾ ਹੋਵੇਗਾ ਅਤੇ ਉੱਥੇ ਰਹਿਣਾ ਹੋਵੇਗਾ।

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਕੇਂਦਰੀ ਮੰਤਰੀ ਦੋ-ਤਿੰਨ ਮਹੀਨਿਆਂ ਵਿੱਚ ਸਿਰਫ਼ ਇੱਕ ਵਾਰ ਉੱਤਰ-ਪੂਰਬ ਦਾ ਦੌਰਾ ਕਰਦੇ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਦੇ ਉਲਟ, ਸਾਡੀ ਸਰਕਾਰ ਵਿੱਚ ਕੇਂਦਰੀ ਮੰਤਰੀਆਂ ਨੇ 800 ਤੋਂ ਵੱਧ ਵਾਰ ਉੱਤਰ-ਪੂਰਬ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੌਰੇ ਸੰਕੇਤਕ ਨਹੀਂ ਹਨ; ਸਾਡੇ ਕੇਂਦਰੀ ਮੰਤਰੀ ਰਾਤ ਭਰ ਰੁਕਣ ਅਤੇ ਖੇਤਰ ਨਾਲ ਅਰਥਪੂਰਨ ਸੰਵਾਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖ਼ੁਦ 70 ਤੋਂ ਵੱਧ ਵਾਰ ਉੱਤਰ-ਪੂਰਬ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਹੀ ਉਨ੍ਹਾਂ ਨੇ ਮਿਜ਼ੋਰਮ, ਮਣੀਪੁਰ ਅਤੇ ਅਸਾਮ ਦਾ ਦੌਰਾ ਕੀਤਾ ਅਤੇ ਗੁਵਾਹਾਟੀ ਵਿੱਚ ਰਾਤ ਬਿਤਾਈ। ਉੱਤਰ-ਪੂਰਬ ਦੇ ਪ੍ਰਤੀ ਆਪਣੇ ਡੂੰਘੇ ਪਿਆਰ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਵਨਾਤਮਕ ਪਾੜੇ ਨੂੰ ਭਰ ਕੇ ਦਿੱਲੀ ਨੂੰ ਲੋਕਾਂ ਦੇ ਹੋਰ ਨੇੜੇ ਲਿਆ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉੱਤਰ-ਪੂਰਬ ਦੇ ਅੱਠ ਸੂਬੇ ਅਸ਼ਟਲਕਸ਼ਮੀ ਵਜੋਂ ਪੂਜਣਯੋਗ ਹਨ, ਕਿਹਾ ਕਿ ਉਨ੍ਹਾਂ ਨੂੰ ਵਿਕਾਸ ਦੀ ਯਾਤਰਾ ਵਿੱਚ ਪਿੱਛੇ ਨਹੀਂ ਛੱਡਿਆ ਜਾ ਸਕਦਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਖੇਤਰ ਦੀ ਤਰੱਕੀ ਲਈ ਢੁਕਵੇਂ ਫ਼ੰਡ ਅਲਾਟ ਕਰ ਰਹੀ ਹੈ। ਇੱਕ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕੇਂਦਰ ਵੱਲੋਂ ਇਕੱਠੇ ਕੀਤੇ ਗਏ ਟੈਕਸਾਂ ਦਾ ਇੱਕ ਹਿੱਸਾ ਸੂਬਿਆਂ ਨੂੰ ਵੰਡਿਆ ਜਾਂਦਾ ਹੈ। ਪਿਛਲੀ ਸਰਕਾਰ ਦੌਰਾਨ, ਅਰੁਣਾਚਲ ਪ੍ਰਦੇਸ਼ ਨੂੰ ਦਸ ਸਾਲਾਂ ਵਿੱਚ ਕੇਂਦਰੀ ਟੈਕਸਾਂ ਤੋਂ ਸਿਰਫ਼ 6,000 ਕਰੋੜ ਰੁਪਏ ਮਿਲੇ ਸੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਸਦੇ ਉਲਟ, ਉਨ੍ਹਾਂ ਦੀ ਸਰਕਾਰ ਅਧੀਨ, ਅਰੁਣਾਚਲ ਨੂੰ ਇਸ ਮਿਆਦ ਦੌਰਾਨ 16 ਗੁਣਾ ਜ਼ਿਆਦਾ - 1 ਲੱਖ ਕਰੋੜ ਰੁਪਏ ਤੋਂ ਵੱਧ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਅੰਕੜਾ ਸਿਰਫ਼ ਟੈਕਸ ਹਿੱਸੇਦਾਰੀ ਨਾਲ ਸਬੰਧਿਤ ਹੈ, ਅਤੇ ਇਸ ਵਿੱਚ ਸੂਬੇ ਵਿੱਚ ਲਾਗੂ ਕੀਤੇ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਅਤੇ ਪ੍ਰਮੁੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਅਧੀਨ ਵਾਧੂ ਖ਼ਰਚ ਸ਼ਾਮਲ ਨਹੀਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਅਰੁਣਾਚਲ ਵਿੱਚ ਅੱਜ ਇੰਨਾ ਵਿਆਪਕ ਅਤੇ ਤੇਜ਼ ਵਿਕਾਸ ਦਿਖ ਰਿਹਾ ਹੈ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਜਦੋਂ ਇਰਾਦੇ ਨੇਕ ਅਤੇ ਯਤਨ ਇਮਾਨਦਾਰ ਹੋਣ, ਤਾਂ ਨਤੀਜੇ ਸਪਸ਼ਟ ਦਿਖਾਈ ਦਿੰਦੇ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਉੱਤਰ-ਪੂਰਬ ਸ਼ਾਸਨ ‘ਤੇ ਮਜ਼ਬੂਤ ਫੋਕਸ ਨਾਲ ਦੇਸ਼ ਦੇ ਵਿਕਾਸ ਵਿੱਚ ਇੱਕ ਪ੍ਰੇਰਕ ਸ਼ਕਤੀ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਸਰਕਾਰ ਲਈ ਆਪਣੇ ਨਾਗਰਿਕਾਂ ਦੀ ਭਲਾਈ ਤੋਂ ਵਧ ਕੇ ਕੁਝ ਵੀ ਨਹੀਂ ਹੈ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਜ਼ਿੰਦਗੀ ਨੂੰ ਸੌਖਾ ਬਣਾਉਣ ਲਈ ਸਰਕਾਰ ਈਜ਼ ਆਫ਼ ਲਿਵਿੰਗ; ਯਾਤਰਾ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ, ਈਜ਼ ਆਫ਼ ਟ੍ਰੈਵਲ; ਸਿਹਤ ਸੰਭਾਲ ਦੀ ਪਹੁੰਚ ਵਿੱਚ ਸੁਧਾਰ ਕਰਨ ਲਈ, ਈਜ਼ ਆਫ਼ ਮੈਡੀਕਲ ਟ੍ਰੀਟਮੈਂਟ; ਸਿੱਖਿਆ ਵਿੱਚ ਸਹਾਇਤਾ ਲਈ, ਈਜ਼ ਆਫ਼ ਐਜੂਕੇਸ਼ਨ; ਅਤੇ ਕਾਰੋਬਾਰ ਨੂੰ ਸੁਵਿਧਾਜਨਕ ਬਣਾਉਣ ਲਈ, ਈਜ਼ ਆਫ਼ ਡਾਇੰਗ ਬਿਜ਼ਨਸ 'ਤੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਕੇਂਦਰ ਅਤੇ ਸੂਬੇ ਦੀਆਂ ਉਨ੍ਹਾਂ ਦੀਆਂ ਸਰਕਾਰਾਂ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਰਗਰਮੀ ਨਾਲ ਯਤਨ ਕਰ ਰਹੀਆਂ ਹਨ। ਜਿਨ੍ਹਾਂ ਖੇਤਰਾਂ ਵਿੱਚ ਸੜਕਾਂ ਕਦੇ ਕਲਪਨਾਯੋਗ ਨਹੀਂ ਸਨ, ਹੁਣ ਉੱਥੇ ਗੁਣਵੱਤਾਪੂਰਨ ਰਾਜ ਮਾਰਗਾਂ ਦਾ ਨਿਰਮਾਣ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੇਲਾ ਸੁਰੰਗ ਵਰਗਾ ਬੁਨਿਆਦੀ ਢਾਂਚਾ, ਜਿਸ ਨੂੰ ਕਦੇ ਅਸੰਭਵ ਮੰਨਿਆ ਜਾਂਦਾ ਸੀ, ਹੁਣ ਅਰੁਣਾਚਲ ਪ੍ਰਦੇਸ਼ ਦੀ ਤਰੱਕੀ ਦਾ ਪ੍ਰਤੀਕ ਬਣ ਗਿਆ ਹੈ।

ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕੇਂਦਰ ਸਰਕਾਰ ਅਰੁਣਾਚਲ ਪ੍ਰਦੇਸ਼ ਅਤੇ ਉੱਤਰ-ਪੂਰਬ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਹੈਲੀਪੋਰਟ ਸਥਾਪਿਤ ਕਰਨ ਅਤੇ ਇਨ੍ਹਾਂ ਖੇਤਰਾਂ ਨੂੰ ਉਡਾਣ ਯੋਜਨਾ ਦੇ ਤਹਿਤ ਏਕੀਕ੍ਰਿਤ ਕਰਨ ਲਈ ਕੰਮ ਕਰ ਰਹੀ ਹੈ, ਕਿਹਾ ਕਿ ਹੋਲੋਂਗੀ ਹਵਾਈ ਅੱਡੇ 'ਤੇ ਇੱਕ ਨਵਾਂ ਟਰਮੀਨਲ ਭਵਨ ਬਣਾਇਆ ਗਿਆ ਹੈ, ਜਿੱਥੋਂ ਹੁਣ ਦਿੱਲੀ ਲਈ ਸਿੱਧੀਆਂ ਉਡਾਣਾਂ ਉਪਲਬਧ ਹਨ। ਇਸ ਵਿਕਾਸ ਨਾਲ ਨਾ ਸਿਰਫ਼ ਨਿਯਮਿਤ ਯਾਤਰੀਆਂ, ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ, ਸਗੋਂ ਸਥਾਨਕ ਕਿਸਾਨਾਂ ਅਤੇ ਛੋਟੇ ਉਦਯੋਗਾਂ ਨੂੰ ਵੀ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫਲ਼ਾਂ, ਸਬਜ਼ੀਆਂ ਅਤੇ ਹੋਰ ਉਤਪਾਦਾਂ ਨੂੰ ਹੁਣ ਦੇਸ਼ ਭਰ ਦੇ ਪ੍ਰਮੁੱਖ ਬਜ਼ਾਰਾਂ ਤੱਕ ਪਹੁੰਚਾਉਣਾ ਹੁਣ ਬਹੁਤ ਸੌਖਾ ਹੋ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ 2047 ਤੱਕ ਇੱਕ ਵਿਕਸਿਤ ਦੇਸ਼ ਬਣਨ ਦੇ ਟੀਚੇ ਵੱਲ ਸਮੂਹਿਕ ਤੌਰ 'ਤੇ ਕੰਮ ਕਰ ਰਿਹਾ ਹੈ, ਅਤੇ ਇਹ ਵਿਜ਼ਨ ਓਦੋਂ ਹੀ ਸਾਕਾਰ ਹੋ ਸਕਦਾ ਹੈ ਜਦੋਂ ਹਰੇਕ ਸੂਬਾ ਰਾਸ਼ਟਰੀ ਉਦੇਸ਼ਾਂ ਦੇ ਅਨੁਸਾਰ ਤਰੱਕੀ ਕਰੇ। ਉਨ੍ਹਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਉੱਤਰ-ਪੂਰਬ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਬਿਜਲੀ ਖੇਤਰ ਦਾ ਇੱਕ ਪ੍ਰਮੁੱਖ ਉਦਾਹਰਣ ਦਿੰਦੇ ਹੋਏ ਕਿਹਾ ਕਿ ਭਾਰਤ ਨੇ 2030 ਤੱਕ ਸੂਰਜੀ, ਹਵਾ ਅਤੇ ਪਣ-ਬਿਜਲੀ ਸਮੇਤ ਗੈਰ-ਰਿਵਾਇਤੀ ਸਰੋਤਾਂ ਤੋਂ 500 ਗੀਗਾਵਾਟ ਬਿਜਲੀ ਉਤਪਾਦਨ ਦਾ ਟੀਚਾ ਰੱਖਿਆ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅਰੁਣਾਚਲ ਪ੍ਰਦੇਸ਼ ਇਸ ਮਿਸ਼ਨ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਨੇ ਦੋ ਨਵੇਂ ਬਿਜਲੀ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦਾ ਐਲਾਨ ਕੀਤਾ ਜੋ ਇੱਕ ਬਿਜਲੀ ਉਤਪਾਦਕ ਵਜੋਂ ਅਰੁਣਾਚਲ ਦੀ ਸਥਿਤੀ ਨੂੰ ਮਜ਼ਬੂਤ ਕਰਨਗੇ, ਹਜ਼ਾਰਾਂ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨਗੇ ਅਤੇ ਵਿਕਾਸ ਗਤੀਵਿਧੀਆਂ ਲਈ ਕਿਫ਼ਾਇਤੀ ਬਿਜਲੀ ਉਪਲਬਧ ਕਰਾਉਣਗੇ। ਪ੍ਰਧਾਨ ਮੰਤਰੀ ਨੇ ਔਖੇ ਵਿਕਾਸ ਕਾਰਜਾਂ ਨੂੰ ਟਾਲਣ ਦੀ ਵਿਰੋਧੀ ਧਿਰ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਰੁਝਾਨ ਦੀ ਆਲੋਚਨਾ ਕੀਤੀ, ਜਿਸ ਦਾ ਅਰੁਣਾਚਲ ਅਤੇ ਪੂਰੇ ਉੱਤਰ-ਪੂਰਬ ‘ਤੇ ਪ੍ਰਤੀਕੂਲ ਅਸਰ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਚੁਣੌਤੀਪੂਰਨ ਭੂਮੀ - ਪਹਾੜੀ ਖੇਤਰ, ਜੰਗਲੀ ਖੇਤਰ - ਨੂੰ ਅਕਸਰ ਵਿਰੋਧੀ ਧਿਰ ਵੱਲੋਂ ਪਛੜਿਆ ਅਤੇ ਅਣਗੌਲ਼ਿਆ ਐਲਾਨ ਕੀਤਾ ਜਾਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉੱਤਰ-ਪੂਰਬ ਦੇ ਕਬਾਇਲੀ ਖੇਤਰਾਂ ਅਤੇ ਜ਼ਿਲ੍ਹਿਆਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਸਰਹੱਦੀ ਪਿੰਡਾਂ ਨੂੰ "ਆਖ਼ਰੀ ਪਿੰਡ" ਦੱਸ ਕੇ ਖ਼ਾਰਜ ਕਰ ਦਿੱਤਾ ਗਿਆ, ਜਿਸ ਨਾਲ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰੀ ਤੋਂ ਭੱਜਣ ਅਤੇ ਆਪਣੀਆਂ ਅਸਫਲਤਾਵਾਂ ਨੂੰ ਲੁਕੋਣ ਦਾ ਮੌਕਾ ਮਿਲਿਆ। ਇਸ ਅਣਗਹਿਲੀ ਕਾਰਨ ਕਬਾਇਲੀ ਅਤੇ ਸਰਹੱਦੀ ਖੇਤਰਾਂ ਦੇ ਲੋਕਾਂ ਦਾ ਲਗਾਤਾਰ ਪ੍ਰਵਾਸ ਹੋਇਆ।

ਖੇਤਰੀ ਵਿਕਾਸ ਦੇ ਪ੍ਰਤੀ ਆਪਣੀ ਪੁਰਾਣੀ ਸੋਚ ਵਿੱਚ ਬਦਲਾਅ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ "ਪਛੜੇ" ਕਹੇ ਜਾਣ ਵਾਲੇ ਜ਼ਿਲ੍ਹਿਆਂ ਨੂੰ ਹੁਣ "ਖ਼ਾਹਿਸ਼ ਜ਼ਿਲ੍ਹਿਆਂ" ਵਜੋਂ ਮੁੜ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਵਿਕਾਸ ਨੂੰ ਤਰਜੀਹ ਦਿੱਤੀ ਗਈ ਹੈ। ਸਰਹੱਦੀ ਪਿੰਡ, ਜਿਨ੍ਹਾਂ ਨੂੰ ਕਦੇ "ਆਖ਼ਰੀ ਪਿੰਡ" ਮੰਨਿਆ ਜਾਂਦਾ ਸੀ, ਹੁਣ ਦੇਸ਼ ਦੇ "ਪਹਿਲੇ ਪਿੰਡ" ਵਜੋਂ ਪਹਿਚਾਣੇ ਗਏ ਹਨ। ਪ੍ਰਧਾਨ ਮੰਤਰੀ ਨੇ ਇਸ ਤਬਦੀਲੀ ਦੇ ਸਕਾਰਾਤਮਕ ਨਤੀਜਿਆਂ ‘ਤੇ ਚਾਨਣਾ ਪਾਇਆ ਅਤੇ ਸਰਹੱਦੀ ਖੇਤਰਾਂ ਵਿੱਚ ਵਿਕਾਸ ਦੀ ਤੇਜ਼ ਰਫ਼ਤਾਰ ਦਾ ਜ਼ਿਕਰ ਕੀਤਾ। ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੀ ਸਫ਼ਲਤਾ ਨੇ ਜੀਵਨ ਦੀ ਗੁਣਵੱਤਾ ਵਿੱਚ ਜ਼ਿਕਰਯੋਗ ਸੁਧਾਰ ਕੀਤਾ ਹੈ। ਇਕੱਲੇ ਅਰੁਣਾਚਲ ਪ੍ਰਦੇਸ਼ ਵਿੱਚ ਹੀ, 450 ਤੋਂ ਵੱਧ ਅਜਿਹੇ ਸਰਹੱਦੀ ਪਿੰਡਾਂ ਵਿੱਚ ਤੇਜ਼ੀ ਨਾਲ ਵਿਕਾਸ ਹੋਇਆ ਹੈ ਅਤੇ ਹੁਣ ਇਨ੍ਹਾਂ ਖੇਤਰਾਂ ਵਿੱਚ ਸੜਕਾਂ, ਬਿਜਲੀ ਅਤੇ ਇੰਟਰਨੈੱਟ ਵਰਗੀਆਂ ਜ਼ਰੂਰੀ ਬੁਨਿਆਦੀ ਸਹੂਲਤਾਂ ਪਹੁੰਚ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਸਰਹੱਦੀ ਖੇਤਰਾਂ ਤੋਂ ਸ਼ਹਿਰਾਂ ਵੱਲ ਪ੍ਰਵਾਸ ਕਦੇ ਆਮ ਸੀ, ਉੱਥੇ ਹੀ ਹੁਣ ਇਹ ਪਿੰਡ ਸੈਰ-ਸਪਾਟੇ ਦੇ ਨਵੇਂ ਕੇਂਦਰਾਂ ਵਜੋਂ ਉੱਭਰ ਰਹੇ ਹਨ।

ਅਰੁਣਾਚਲ ਪ੍ਰਦੇਸ਼ ਵਿੱਚ ਸੈਰ-ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ-ਜਿਵੇਂ ਨਵੇਂ ਖੇਤਰਾਂ ਤੱਕ ਕਨੈਕਟੀਵਿਟੀ ਦਾ ਵਿਸਥਾਰ ਹੋ ਰਿਹਾ ਹੈ, ਸੈਰ-ਸਪਾਟਾ ਵੀ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਤੁਸ਼ਟੀ ਪ੍ਰਗਟ ਕੀਤੀ ਕਿ ਪਿਛਲੇ ਇੱਕ ਦਹਾਕੇ ਵਿੱਚ ਅਰੁਣਾਚਲ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਉਨ੍ਹਾਂ ਨੇ ਸੰਮੇਲਨ ਅਤੇ ਕੰਸਰਟ ਟੂਰਿਜ਼ਮ ਵਿੱਚ ਵਿਸ਼ਵ-ਵਿਆਪੀ ਵਾਧੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਰੁਣਾਚਲ ਦੀ ਸੈਰ-ਸਪਾਟਾ ਤਾਕਤ ਕੁਦਰਤ ਅਤੇ ਸੱਭਿਆਚਾਰ ਤੋਂ ਕਿਤੇ ਅੱਗੇ ਤੱਕ ਫੈਲੀ ਹੋਈ ਹੈ। ਇਸ ਸੰਦਰਭ ਵਿੱਚ, ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਤਵਾਂਗ ਵਿੱਚ ਬਣਨ ਵਾਲਾ ਆਧੁਨਿਕ ਕਨਵੈਨਸ਼ਨ ਸੈਂਟਰ ਸੂਬੇ ਦੇ ਸੈਰ-ਸਪਾਟੇ ਦੇ ਲੈਂਡਸਕੇਪ ਵਿੱਚ ਇੱਕ ਨਵਾਂ ਆਯਾਮ ਜੋੜੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਸਰਹੱਦੀ ਪਿੰਡਾਂ ਲਈ ਇੱਕ ਮੀਲ ਪੱਥਰ ਸਾਬਤ ਹੋ ਰਿਹਾ ਹੈ, ਜੋ ਅਰੁਣਾਚਲ ਦੇ ਵਿਕਾਸ ਵਿੱਚ ਅਹਿਮ ਸਹਾਇਕ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅੱਜ ਅਰੁਣਾਚਲ ਪ੍ਰਦੇਸ਼ ਵਿੱਚ ਜੋ ਤੇਜ਼ ਵਿਕਾਸ ਦਿਖਾਈ ਦੇ ਰਿਹਾ ਹੈ, ਉਹ ਦਿੱਲੀ ਅਤੇ ਈਟਾਨਗਰ, ਦੋਵਾਂ ਵਿੱਚ ਕੰਮ ਕਰਨ ਵਾਲੀਆਂ ਉਨ੍ਹਾਂ ਦੀਆਂ ਸਰਕਾਰਾਂ ਦਾ ਨਤੀਜਾ ਹੈ, ਅਤੇ ਕਿਹਾ ਕਿ ਕੇਂਦਰ ਅਤੇ ਸੂਬੇ ਦੀ ਸਾਂਝੀ ਊਰਜਾ ਵਿਕਾਸ ਵਿੱਚ ਲੱਗ ਰਹੀ ਹੈ। ਉਨ੍ਹਾਂ ਨੇ ਕੈਂਸਰ ਅਦਾਰੇ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਅਤੇ ਖੇਤਰ ਵਿੱਚ ਮੈਡੀਕਲ ਕਾਲਜਾਂ ਦੀ ਸਥਾਪਨਾ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ, ਅਣਗਿਣਤ ਨਾਗਰਿਕਾਂ ਨੂੰ ਮੁਫ਼ਤ ਇਲਾਜ ਮਿਲਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਉਪਲਬਧੀਆਂ ਕੇਂਦਰ ਅਤੇ ਸੂਬਾ ਦੋਵੇਂ ਜਗ੍ਹਾ 'ਤੇ ਉਨ੍ਹਾਂ ਦੀਆਂ ਸਰਕਾਰਾਂ ਕਾਰਨ ਹੀ ਸੰਭਵ ਹੋਈਆਂ ਹਨ।

ਕੇਂਦਰ ਅਤੇ ਸੂਬਾ ਸਰਕਾਰਾਂ ਦੇ ਯਤਨਾਂ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਖੇਤੀਬਾੜੀ ਅਤੇ ਬਾਗ਼ਬਾਨੀ ਦੇ ਖੇਤਰਾਂ ਵਿੱਚ ਜ਼ਿਕਰਯੋਗ ਤਰੱਕੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੀਵੀ, ਸੰਤਰਾ, ਇਲਾਇਚੀ ਅਤੇ ਅਨਾਨਾਸ ਵਰਗੇ ਸਥਾਨਕ ਉਤਪਾਦ ਸੂਬੇ ਨੂੰ ਇੱਕ ਨਵੀਂ ਪਛਾਣ ਦੇ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਇਸ ਯੋਜਨਾ ਖੇਤਰ ਦੇ ਕਿਸਾਨਾਂ ਲਈ ਬਹੁਤ ਜ਼ਿਆਦਾ ਲਾਭਦਾਇਕ ਸਾਬਤ ਹੋ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਵਾਂ, ਭੈਣਾਂ ਅਤੇ ਧੀਆਂ ਨੂੰ ਸਸ਼ਕਤ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਇੱਕ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਨੇ ਦੇਸ਼ ਭਰ ਵਿੱਚ ਤਿੰਨ ਕਰੋੜ "ਲਖਪਤੀ ਦੀਦੀਆਂ" ਬਣਾਉਣ ਦੇ ਆਪਣੇ ਮਿਸ਼ਨ ਨੂੰ ਦੁਹਰਾਇਆ ਅਤੇ ਇਸ ਗੱਲ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਅਤੇ ਉਨ੍ਹਾਂ ਦੀ ਟੀਮ ਇਸ ਮਿਸ਼ਨ ਨੂੰ ਸਰਗਰਮੀ ਨਾਲ ਅੱਗੇ ਵਧਾ ਰਹੀ ਹੈ। ਉਨ੍ਹਾਂ ਨੇ ਸੂਬੇ ਵਿੱਚ ਕਈ ਕੰਮਕਾਜੀ ਮਹਿਲਾ ਹੋਸਟਲਾਂ ਦੀ ਸ਼ੁਰੂਆਤ ਦਾ ਵੀ ਜ਼ਿਕਰ ਕੀਤਾ, ਜਿਸ ਨਾਲ ਮੁਟਿਆਰਾਂ ਨੂੰ ਬਹੁਤ ਲਾਭ ਹੋਵੇਗਾ।

ਸਮਾਗਮ ਵਿੱਚ ਮਹਿਲਾਵਾਂ ਦੀ ਵੱਡੀ ਹਾਜ਼ਰੀ ਦੀ ਸ਼ਲਾਘਾ ਕਰਦੇ ਹੋਏ ਅਤੇ ਜੀਐੱਸਟੀ ਬੱਚਤ ਮਹੋਤਸਵ ਲਈ ਇੱਕ ਵਾਰ ਫਿਰ ਵਧਾਈ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਦਾ ਉਨ੍ਹਾਂ 'ਤੇ ਡੂੰਘਾ ਪ੍ਰਭਾਵ ਪਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਪਰਿਵਾਰਾਂ ਨੂੰ ਆਪਣੇ ਮਾਸਿਕ ਬਜਟ ਵਿੱਚ ਕਾਫ਼ੀ ਰਾਹਤ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਸੋਈ ਦਾ ਸਮਾਨ, ਬੱਚਿਆਂ ਲਈ ਸਿੱਖਿਆ ਸਮਗਰੀ, ਜੁੱਤੇ-ਚੱਪਲ ਅਤੇ ਕੱਪੜੇ ਵਰਗੀਆਂ ਜ਼ਰੂਰੀ ਵਸਤੂਆਂ ਹੁਣ ਵਧੇਰੇ ਸਸਤੀਆਂ ਹੋ ਗਈਆਂ ਹਨ।

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ 2014 ਤੋਂ ਪਹਿਲਾਂ ਦੇ ਦੌਰ ਨੂੰ ਯਾਦ ਕਰਨ ਦੀ ਅਪੀਲ ਕਰਦੇ ਹੋਏ ਅਤੇ ਉਸ ਸਮੇਂ ਦੀਆਂ ਅਨੇਕਾਂ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਸ ਸਮੇਂ ਮਹਿੰਗਾਈ ਅਸਮਾਨ ਛੂਹ ਰਹੀ ਸੀ, ਵੱਡੇ-ਵੱਡੇ ਘੁਟਾਲੇ ਹੋ ਰਹੇ ਸਨ, ਅਤੇ ਉਸ ਸਮੇਂ ਦੀ ਸਰਕਾਰ ਜਨਤਾ 'ਤੇ ਟੈਕਸ ਦਾ ਬੋਝ ਲਗਾਤਾਰ ਵਧਾ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ 2014 ਤੋਂ ਪਹਿਲਾਂ ਦੀ ਸਰਕਾਰ ਵਿੱਚ 2 ਲੱਖ ਰੁਪਏ ਦੀ ਸਲਾਨਾ ਆਮਦਨ 'ਤੇ ਵੀ ਆਮਦਨ ਟੈਕਸ ਲਗਾਇਆ ਜਾਂਦਾ ਸੀ, ਅਤੇ ਕਈ ਸਾਰੀਆਂ ਜ਼ਰੂਰੀ ਵਸਤੂਆਂ 'ਤੇ 30 ਪ੍ਰਤੀਸ਼ਤ ਤੋਂ ਵੱਧ ਦੀ ਦਰ ਨਾਲ ਟੈਕਸ ਲੱਗਦਾ ਸੀ।

ਨਾਗਰਿਕਾਂ ਦੀ ਆਮਦਨ ਅਤੇ ਬੱਚਤ ਦੋਵਾਂ ਨੂੰ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਾਲਾਂ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ, ਉਨ੍ਹਾਂ ਦੀ ਸਰਕਾਰ ਨੇ ਆਮਦਨ ਟੈਕਸ ਦੀਆਂ ਦਰਾਂ ਵਿੱਚ ਲਗਾਤਾਰ ਕਮੀ ਕੀਤੀ ਹੈ। ਇਸ ਸਾਲ, 12 ਲੱਖ ਰੁਪਏ ਤੱਕ ਦੀ ਸਲਾਨਾ ਆਮਦਨ ਨੂੰ ਪੂਰੀ ਤਰ੍ਹਾਂ ਨਾਲ ਟੈਕਸ-ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਜੀਐੱਸਟੀ ਨੂੰ ਹੁਣ ਸਿਰਫ਼ ਦੋ ਸਲੈਬਾਂ - 5 ਫ਼ੀਸਦੀ ਅਤੇ 18 ਫ਼ੀਸਦੀ ਤੱਕ ਸੀਮਤ ਕਰ ਦਿੱਤਾ ਗਿਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਕਈ ਵਸਤੂਆਂ ਟੈਕਸ-ਮੁਕਤ ਹੋ ਗਈਆਂ ਹਨ ਅਤੇ ਹੋਰ ਵਸਤੂਆਂ 'ਤੇ ਟੈਕਸ ਵਿੱਚ ਜ਼ਿਕਰਯੋਗ ਕਮੀ ਕੀਤੀ ਗਈ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਘਰ ਬਣਾਉਣਾ, ਸਕੂਟਰ ਜਾਂ ਬਾਈਕ ਖ਼ਰੀਦਣਾ, ਬਾਹਰ ਖਾਣਾ ਖਾਣਾ ਅਤੇ ਯਾਤਰਾ ਕਰਨਾ, ਇਹ ਸਭ ਕੁਝ ਹੁਣ ਵਧੇਰੇ ਕਿਫ਼ਾਇਤੀ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੀਐੱਸਟੀ ਬੱਚਤ ਮਹੋਤਸਵ ਲੋਕਾਂ ਲਈ ਇੱਕ ਯਾਦਗਾਰ ਉਪਲਬਧੀ ਹੋਵੇਗੀ।

ਅਰੁਣਾਚਲ ਪ੍ਰਦੇਸ਼ ਦੀ ਦੇਸ਼ ਭਗਤੀ ਦੀ ਭਾਵਨਾ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇੱਥੋਂ ਦੇ ਲੋਕ "ਨਮਸਕਾਰ" ਤੋਂ ਪਹਿਲਾਂ ਹੀ "ਜੈ ਹਿੰਦ" ਕਹਿੰਦੇ ਹਨ, ਅਤੇ ਰਾਸ਼ਟਰ ਨੂੰ ਆਪਣੇ ਆਪ ਤੋਂ ਉੱਪਰ ਰੱਖਦੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਦਿੱਤਾ ਕਿ ਜਿਵੇਂ-ਜਿਵੇਂ ਦੇਸ਼ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਮੂਹਿਕ ਤੌਰ 'ਤੇ ਕੋਸ਼ਿਸ਼ ਕਰਦਾ ਹੈ, ਸਵੈ-ਨਿਰਭਰਤਾ ਦੀ ਰਾਸ਼ਟਰੀ ਉਮੀਦ ਵੀ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਉਦੋਂ ਹੀ ਵਿਕਸਿਤ ਹੋਵੇਗਾ ਜਦੋਂ ਉਹ ਸਵੈ-ਨਿਰਭਰ ਬਣੇਗਾ, ਅਤੇ ਇਸ ਦੇ ਲਈ, "ਸਵਦੇਸ਼ੀ" ਦਾ ਮੰਤਰ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਸਵਦੇਸ਼ੀ ਅਪਣਾਉਣ ਦੀ ਅਪੀਲ ਕੀਤੀ ਅਤੇ ਸਿਰਫ਼ ਭਾਰਤ ਵਿੱਚ ਬਣੇ ਉਤਪਾਦਾਂ ਨੂੰ ਖ਼ਰੀਦਣ ਅਤੇ ਵੇਚਣ ਅਤੇ ਉਨ੍ਹਾਂ ਨੂੰ ਮਾਣ ਨਾਲ ਸਵਦੇਸ਼ੀ ਐਲਾਨਣ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਮੰਤਰ ਦੀ ਪਾਲਣਾ ਕਰਨ ਨਾਲ ਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਪੂਰੇ ਉੱਤਰ-ਪੂਰਬ ਦਾ ਵਿਕਾਸ ਗਤੀ ਫੜੇਗਾ। ਉਨ੍ਹਾਂ ਨੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਵਿਕਾਸ ਪ੍ਰੋਜੈਕਟਾਂ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਭਾਸ਼ਣ ਦੀ ਸਮਾਪਤੀ ਕੀਤੀ।

ਇਸ ਸਮਾਗਮ ਵਿੱਚ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਲੈਫ਼ਟੀਨੈਂਟ ਜਨਰਲ ਕੇ.ਟੀ. ਪਰਨਾਈਕ (ਸੇਵਾਮੁਕਤ), ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ, ਕੇਂਦਰੀ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਸਮੇਤ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਖੇਤਰ ਵੱਡੀ ਪਣ-ਬਿਜਲੀ ਸਮਰੱਥਾ ਨੂੰ ਵਰਤਣ ਅਤੇ ਟਿਕਾਊ ਊਰਜਾ ਉਤਪਾਦਨ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਈਟਾਨਗਰ ਵਿੱਚ 3,700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਦੋ ਪ੍ਰਮੁੱਖ ਪਣ-ਬਿਜਲੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਹੀਓ ਪਣ-ਬਿਜਲੀ ਪ੍ਰੋਜੈਕਟ (240 ਮੈਗਾਵਾਟ) ਅਤੇ ਟਾਟੋ-1 ਪਣ-ਬਿਜਲੀ ਪ੍ਰੋਜੈਕਟ (186 ਮੈਗਾਵਾਟ) ਅਰੁਣਾਚਲ ਪ੍ਰਦੇਸ਼ ਦੇ ਸਿਓਮ ਉੱਪ-ਬੇਸਿਨ ਵਿੱਚ ਵਿਕਸਿਤ ਕੀਤੇ ਜਾਣਗੇ।

ਪ੍ਰਧਾਨ ਮੰਤਰੀ ਨੇ ਤਵਾਂਗ ਵਿੱਚ ਇੱਕ ਅਤਿ-ਆਧੁਨਿਕ ਕਨਵੈਨਸ਼ਨ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ। ਸਰਹੱਦੀ ਜ਼ਿਲ੍ਹੇ ਤਵਾਂਗ ਵਿੱਚ 9,820 ਫੁੱਟ ਤੋਂ ਵੀ ਵੱਧ ਦੀ ਉਚਾਈ 'ਤੇ ਸਥਿਤ ਇਹ ਕੇਂਦਰ ਰਾਸ਼ਟਰੀ ਅਤੇ ਕੌਮਾਂਤਰੀ ਸੰਮੇਲਨਾਂ, ਸਭਿਆਚਾਰਕ ਤਿਉਹਾਰਾਂ ਅਤੇ ਪ੍ਰਦਰਸ਼ਨੀਆਂ ਦੇ ਆਯੋਜਨ ਲਈ ਇੱਕ ਅਹਿਮ ਸਹੂਲਤ ਕੇਂਦਰ ਵਜੋਂ ਕੰਮ ਕਰੇਗਾ। 1,500 ਤੋਂ ਵੱਧ ਡੈਲੀਗੇਟਾਂ ਦੀ ਮੇਜ਼ਬਾਨੀ ਕਰਨ ਦੀ ਸਮਰੱਥਾ ਵਾਲਾ ਇਹ ਕੇਂਦਰ ਵਿਸ਼ਵ-ਵਿਆਪੀ ਮਾਪਦੰਡਾਂ ਨੂੰ ਪੂਰਾ ਕਰੇਗਾ ਅਤੇ ਖੇਤਰ ਦੀ ਸੈਰ-ਸਪਾਟਾ ਅਤੇ ਸਭਿਆਚਾਰਕ ਸਮਰੱਥਾ ਨੂੰ ਹੁਲਾਰਾ ਦੇਵੇਗਾ।

ਪ੍ਰਧਾਨ ਮੰਤਰੀ ਨੇ ₹1,290 ਕਰੋੜ ਤੋਂ ਵੱਧ ਦੇ ਕਈ ਪ੍ਰਮੁੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਵੀ ਸ਼ੁਰੂਆਤ ਕੀਤੀ, ਜੋ ਕਨੈਕਟੀਵਿਟੀ, ਸਿਹਤ, ਅੱਗ ਸੁਰੱਖਿਆ ਅਤੇ ਕੰਮਕਾਜੀ ਮਹਿਲਾਵਾਂ ਲਈ ਹੋਸਟਲ ਸਮੇਤ ਵੱਖ-ਵੱਖ ਖੇਤਰਾਂ ਨੂੰ ਲਾਭ ਪਹੁੰਚਾਉਣਗੇ। ਇਨ੍ਹਾਂ ਪਹਿਲਕਦਮੀਆਂ ਨਾਲ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਗਤੀ ਮਿਲਣ, ਜੀਵਨ ਪੱਧਰ ਵਿੱਚ ਸੁਧਾਰ ਹੋਣ ਅਤੇ ਕਨੈਕਟੀਵਿਟੀ ਵਧਣ ਦੀ ਉਮੀਦ ਹੈ।

ਕਾਰੋਬਾਰ ਕਰਨ ਵਿੱਚ ਸੌਖ ਯਕੀਨੀ ਬਣਾਉਣ ਅਤੇ ਇੱਕ ਜੀਵਤ ਉੱਦਮੀ ਈਕੋਸਿਸਟਮ ਨੂੰ ਹੁਲਾਰਾ ਦੇਣ ਦੇ ਆਪਣੇ ਵਿਜ਼ਨ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਜੀਐੱਸਟੀ ਦਰ ਤਰਕਸੰਗਤੀਕਰਨ ਦੇ ਪ੍ਰਭਾਵ 'ਤੇ ਚਰਚਾ ਕਰਨ ਲਈ ਸਥਾਨਕ ਟੈਕਸਦਾਤਾਵਾਂ, ਵਪਾਰੀਆਂ ਅਤੇ ਉਦਯੋਗ ਨੁਮਾਇੰਦਿਆਂ ਦੇ ਨਾਲ ਗੱਲਬਾਤ ਕੀਤੀ।

 

https://x.com/narendramodi/status/1970011848456958461 

https://x.com/PMOIndia/status/1970014135300596002 

https://x.com/PMOIndia/status/1970014706187513884 

https://x.com/PMOIndia/status/1970015515327234170 

https://x.com/PMOIndia/status/1970017063860306251 

https://x.com/PMOIndia/status/1970018833223319914 

************

ਐੱਮਜੇਪੀਐੱਸ/ ਐੱਸਆਰ


(Release ID: 2169976)