ਪ੍ਰਧਾਨ ਮੰਤਰੀ ਦਫਤਰ
ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
Posted On:
22 SEP 2025 3:28PM by PIB Chandigarh
ਭਾਰਤ ਮਾਤਾ ਦੀ ਜੈ! ਭਾਰਤ ਮਾਤਾ ਦੀ ਜੈ! ਭਾਰਤ ਮਾਤਾ ਦੀ ਜੈ!
ਜੈ ਹਿੰਦ! ਜੈ ਹਿੰਦ! ਜੈ ਹਿੰਦ!
ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਕੇ. ਟੀ. ਪਰਨਾਇਕ ਜੀ, ਸੂਬੇ ਦੇ ਪ੍ਰਸਿੱਧ ਨੌਜਵਾਨ ਮੁੱਖ ਮੰਤਰੀ ਪੇਮਾ ਖਾਂਡੂ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਕਿਰੇਨ ਰਿਜੀਜੂ, ਸੂਬਾ ਸਰਕਾਰ ਦੇ ਮੰਤਰੀ, ਸੰਸਦ ਵਿੱਚ ਮੇਰੇ ਸਾਥੀ ਨਾਬਮ ਰੇਬੀਆ ਜੀ, ਤਾਪਿਰ ਗਾਓ ਜੀ, ਸਾਰੇ ਵਿਧਾਇਕ ਸਾਥੀ, ਹੋਰ ਲੋਕ ਪ੍ਰਤੀਨਿਧ, ਅਰੁਣਾਚਲ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋਂ!
ਬੌਮ-ਯੇਰੂੰਗ, ਬੌਮ-ਯੇਰੂੰਗ ਦੋਨੀ ਪੋਲੋ! ਸਰਵਸ਼ਕਤੀਮਾਨ ਦੋਨੀ ਪੋਲੋ ਸਾਨੂੰ ਸਭ ਨੂੰ ਆਸ਼ੀਰਵਾਦ ਦੇਣ!
ਸਾਥੀਓ,
ਹੈਲੀਪੈਡ ਤੋਂ ਇੱਥੋਂ ਇਸ ਮੈਦਾਨ ਤੱਕ ਆਉਣਾ, ਰਸਤੇ ਵਿੱਚ ਇੰਨੇ ਸਾਰੇ ਲੋਕਾਂ ਨਾਲ ਮਿਲਣਾ, ਬੱਚਿਆਂ ਦੇ ਹੱਥਾਂ ਵਿੱਚ ਤਿਰੰਗਾ, ਬੇਟੇ-ਬੇਟੀਆਂ ਦੇ ਹੱਥਾਂ ਵਿੱਚ ਤਿਰੰਗਾ, ਅਰੁਣਾਚਲ ਦਾ ਇਹ ਆਦਰ-ਸਤਿਕਾਰ, ਮਾਣ ਨਾਲ ਭਰ ਦਿੰਦਾ ਹੈ। ਅਤੇ ਇਹ ਸਵਾਗਤ ਇੰਨਾ ਜ਼ਬਰਦਸਤ ਸੀ ਕਿ ਮੈਨੂੰ ਪਹੁੰਚਣ ਵਿੱਚ ਵੀ ਦੇਰੀ ਹੋ ਗਈ, ਅਤੇ ਇਸ ਲਈ ਵੀ ਮੈਂ ਆਪ ਸਭ ਤੋਂ ਮਾਫ਼ੀ ਮੰਗਦਾ ਹਾਂ। ਅਰੁਣਾਚਲ ਦੀ ਇਹ ਧਰਤੀ, ਚੜ੍ਹਦੇ ਸੂਰਜ ਦੀ ਧਰਤੀ ਦੇ ਨਾਲ ਹੀ ਦੇਸ਼ ਭਗਤੀ ਦੇ ਉਫਾਨ ਦੀ ਵੀ ਧਰਤੀ ਹੈ। ਜਿਵੇਂ ਤਿਰੰਗੇ ਦਾ ਪਹਿਲਾ ਰੰਗ ਕੇਸਰੀ ਹੈ, ਓਵੇਂ ਹੀ ਅਰੁਣਾਚਲ ਦਾ ਪਹਿਲਾ ਰੰਗ ਕੇਸਰੀ ਹੈ। ਇੱਥੇ ਦਾ ਹਰ ਵਿਅਕਤੀ ਮਾਣ ਦਾ ਪ੍ਰਤੀਕ ਹੈ, ਸਾਦਗੀ ਦਾ ਪ੍ਰਤੀਕ ਹੈ। ਅਤੇ ਇਸ ਲਈ ਅਰੁਣਾਚਲ ਤਾਂ ਮੈਂ ਕਈ ਵਾਰ ਆਇਆ ਹਾਂ, ਰਾਜਨੀਤੀ ਵਿੱਚ ਸੱਤਾ ਦੇ ਗਲਿਆਰਿਆਂ ਵਿੱਚ ਨਹੀਂ ਸੀ, ਓਦੋਂ ਵੀ ਆਇਆ ਹਾਂ, ਅਤੇ ਇਸ ਲਈ ਇੱਥੇ ਦੀਆਂ ਬਹੁਤ ਸਾਰੀਆਂ ਯਾਦਾਂ ਮੇਰੇ ਨਾਲ ਜੁੜੀਆਂ ਹੋਈਆਂ ਹਨ, ਅਤੇ ਉਸ ਦੀ ਯਾਦ ਵੀ ਮੈਨੂੰ ਬਹੁਤ ਚੰਗੀ ਲਗਦੀ ਹੈ। ਆਪ ਸਭ ਦੇ ਨਾਲ ਬਿਤਾਏ ਹਰ ਪਲ ਮੇਰੇ ਲਈ ਯਾਦਗਾਰ ਹੁੰਦੇ ਹਨ। ਤੁਸੀਂ ਜਿੰਨਾ ਪਿਆਰ ਮੈਨੂੰ ਦਿੰਦੇ ਹੋ, ਮੈਂ ਸਮਝਦਾ ਹਾਂ ਜੀਵਨ ਵਿੱਚ ਇਸ ਤੋਂ ਵੱਡਾ ਕੋਈ ਸੁਭਾਗ ਨਹੀਂ ਹੁੰਦਾ ਹੈ। ਤਵਾਂਗ ਮਠ ਤੋਂ ਲੈ ਕੇ ਨਮਸਾਈ ਦੇ ਸਵਰਣ ਪਗੋਡਾ ਤੱਕ ਅਰੁਣਾਚਲ ਸ਼ਾਂਤੀ ਅਤੇ ਸੱਭਿਆਚਾਰ ਦਾ ਸੰਗਮ ਹੈ। ਮਾਂ ਭਾਰਤੀ ਦਾ ਮਾਣ ਹੈ, ਮੈਂ ਇਸ ਪੂਜਨੀਕ ਧਰਤੀ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ।
ਸਾਥੀਓ,
ਮੇਰਾ ਇੱਥੇ ਅੱਜ ਅਰੁਣਾਚਲ ਆਉਣਾ ਤਿੰਨ-ਤਿੰਨ ਕਾਰਨਾਂ ਨਾਲ ਬਹੁਤ ਵਿਸ਼ੇਸ਼ ਹੋ ਗਿਆ ਹੈ। ਪਹਿਲਾਂ ਤਾਂ ਇਹ ਕਿ ਅੱਜ ਨਰਾਤੇ ਦੇ ਪਹਿਲੇ ਦਿਨ ਮੈਨੂੰ ਅਜਿਹੇ ਖ਼ੂਬਸੂਰਤ ਪਹਾੜਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਨਰਾਤਿਆਂ ਵਿੱਚ ਅੱਜ ਦੇ ਦਿਨ ਅਸੀਂ ਮਾਂ ਸ਼ੈਲਪੁਤ੍ਰੀ ਦੀ ਪੂਜਾ ਕਰਦੇ ਹਾਂ ਅਤੇ ਸ਼ੈਲਪੁਤ੍ਰੀ ਉਹ ਪਰਵਤਰਾਜ ਹਿਮਾਲਿਆ ਦੀ ਹੀ ਬੇਟੀ ਹੈ। ਦੂਸਰਾ ਕਾਰਨ ਇਹ ਕਿ ਅੱਜ ਤੋਂ ਦੇਸ਼ ਵਿੱਚ ਨੈਕਸਟ ਜਨਰੇਸ਼ਨ ਜੀਐੱਸਟੀ ਰਿਫੌਰਮਸ ਲਾਗੂ ਹੋਏ ਹਨ, ਜੀਐੱਸਟੀ ਬੱਚਤ ਉਤਸਵ ਦੀ ਸ਼ੁਰੂਆਤ ਹੋਈ ਹੈ। ਤਿਉਹਾਰਾਂ ਦੇ ਇਸ ਮੌਸਮ ਵਿੱਚ ਜਨਤਾ-ਜਨਾਰਦਨ ਨੂੰ ਇਹ ਡਬਲ ਬੋਨਾਂਜ਼ਾ ਮਿਲਿਆ ਹੈ। ਅਤੇ ਤੀਸਰਾ ਕਾਰਨ ਹੈ, ਅੱਜ ਦੇ ਇਸ ਪਵਿੱਤਰ ਦਿਨ ਅਰੁਣਾਚਲ ਵਿੱਚ ਵਿਕਾਸ ਦੇ ਇਹ ਕਈ ਸਾਰੇ ਨਵੇਂ ਪ੍ਰੋਜੈਕਟ। ਅੱਜ ਅਰੁਣਾਚਲ ਪ੍ਰਦੇਸ਼ ਨੂੰ ਪਾਵਰ, ਕਨੈਕਟੀਵਿਟੀ, ਟੂਰਿਜ਼ਮ ਅਤੇ ਹੈਲਥ ਸਹਿਤ ਕਈ ਸੈਕਟਰਾਂ ਨਾਲ ਜੁੜੇ ਪ੍ਰੋਜੈਕਟ ਮਿਲੇ ਹਨ। ਇਹ ਬੀਜੇਪੀ ਦੀ ਡਬਲ ਇੰਜਣ ਸਰਕਾਰ ਦੇ ਡਬਲ ਬੈਨੇਫਿਟ ਦਾ ਬਿਹਤਰੀਨ ਉਦਾਹਰਣ ਹੈ। ਮੈਂ ਅਰੁਣਾਚਲ ਵਾਸੀਆਂ ਨੂੰ ਇਨ੍ਹਾਂ ਪ੍ਰੋਜੈਕਟਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇੱਥੇ ਮੰਚ ’ਤੇ ਆਉਣ ਤੋਂ ਪਹਿਲਾਂ ਮੈਨੂੰ ਇੱਥੇ ਛੋਟੇ-ਛੋਟੇ ਸਭ ਵਪਾਰੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਉਨ੍ਹਾਂ ਦੀਆਂ ਦੁਕਾਨਾਂ ਵਿੱਚ ਉਨ੍ਹਾਂ ਦੇ ਪ੍ਰੋਡਕਟਸ ਦੇਖਣ ਦਾ ਮੌਕਾ ਮਿਲਿਆ, ਅਤੇ ਉਸ ਤੋਂ ਵੀ ਜ਼ਿਆਦਾ ਮੈਂ ਉਨ੍ਹਾਂ ਦੇ ਉਤਸ਼ਾਹ ਨੂੰ ਮਹਿਸੂਸ ਕੀਤਾ, ਉਨ੍ਹਾਂ ਦੇ ਉਮੰਗ ਨੂੰ ਮਹਿਸੂਸ ਕੀਤਾ। ਅਤੇ ਇਹ ਬੱਚਤ ਉਤਸਵ, ਮੈਂ ਦੇਖ ਰਿਹਾ ਸੀ ਕਿ ਉੱਥੇ ਵਪਾਰੀਆਂ ਵਿੱਚ, ਵੱਖ-ਵੱਖ ਕਿਸਮਾਂ ਦੀਆਂ ਚੀਜ਼ਾਂ ਦਾ ਨਿਰਮਾਣ ਕਰਨ ਵਾਲਿਆਂ ਵਿੱਚ, ਅਤੇ ਅੱਜ ਜਨਤਾ-ਜਨਾਰਦਨ ਦੇ ਇੰਨੇ ਵਿਸ਼ਾਲ ਰੂਪ ਵਿੱਚ, ਮੈਨੂੰ ਸਾਫ-ਸਾਫ ਨਜ਼ਰ ਆ ਰਿਹਾ ਹੈ।
ਸਾਥੀਓ,
ਸਾਡੇ ਅਰੁਣਾਚਲ ਪ੍ਰਦੇਸ਼ ਵਿੱਚ ਉਂਜ ਤਾਂ ਸੂਰਜ ਦੀ ਕਿਰਣ ਸਭ ਤੋਂ ਪਹਿਲਾਂ ਆਉਂਦੀ ਹੈ, ਪਰ ਬਦਕਿਸਮਤੀ ਨਾਲ ਇੱਥੇ ਤੇਜ਼ ਵਿਕਾਸ ਦੀਆਂ ਕਿਰਣਾਂ ਪਹੁੰਚਦੇ-ਪਹੁੰਚਦੇ ਕਈ ਦਹਾਕੇ ਲੱਗ ਗਏ। ਮੈਂ 2014 ਤੋਂ ਪਹਿਲਾਂ ਵੀ ਇੱਥੇ ਕਈ ਵਾਰ ਆਇਆ ਹਾਂ, ਤੁਹਾਡੇ ਵਿੱਚ ਰਿਹਾ ਹਾਂ, ਅਰੁਣਾਚਲ ਨੂੰ ਕੁਦਰਤ ਨੇ ਇੰਨਾ ਕੁਝ ਦਿੱਤਾ ਹੈ, ਇਹ ਧਰਤੀ, ਇੱਥੇ ਦੇ ਮਿਹਨਤੀ ਲੋਕ, ਇੱਥੇ ਦਾ ਸਮਰੱਥ, ਇੱਥੇ ਇੰਨਾ ਕੁਝ ਹੈ, ਪਰ ਓਦੋਂ ਜੋ ਲੋਕ ਦਿੱਲੀ ਵਿੱਚ ਬੈਠ ਕੇ ਦੇਸ਼ ਚਲਾਉਂਦੇ ਸਨ, ਉਨ੍ਹਾਂ ਨੇ ਅਰੁਣਾਚਲ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ। ਕਾਂਗਰਸ ਜਿਹੇ ਦਲ ਸੋਚਦੇ ਸਨ ਕਿ ਅਰੁਣਾਚਲ ਵਿੱਚ ਇੰਨੇ ਘੱਟ ਲੋਕ ਹਨ, ਲੋਕ ਸਭਾ ਦੀ ਦੋ ਹੀ ਸੀਟਾਂ ਹਨ, ਤਾਂ ਕਿਉਂ ਅਰੁਣਾਚਲ ’ਤੇ ਧਿਆਨ ਦਿੱਤਾ ਜਾਵੇ? ਕਾਂਗਰਸ ਦੀ ਇਸ ਸੋਚ ਦਾ ਅਰੁਣਾਚਲ ਨੂੰ, ਪੂਰੇ ਨੌਰਥ ਈਸਟ ਨੂੰ ਬਹੁਤ ਨੁਕਸਾਨ ਹੋਇਆ। ਸਾਡਾ ਪੂਰਾ ਨੌਰਥ ਈਸਟ ਵਿਕਾਸ ਵਿੱਚ ਬਹੁਤ ਪਿੱਛੇ ਰਹਿ ਗਿਆ।
ਸਾਥੀਓ,
ਤੁਸੀਂ ਜਦੋਂ 2014 ਵਿੱਚ ਮੈਨੂੰ ਦੇਸ਼ ਦੀ ਸੇਵਾ ਦਾ ਮੌਕਾ ਦਿੱਤਾ, ਤਾਂ ਮੈਂ ਕਾਂਗਰਸੀ ਸੋਚ ਤੋਂ ਦੇਸ਼ ਨੂੰ ਮੁਕਤੀ ਦਿਵਾਉਣ ਦਾ ਫੈਸਲਾ ਲਿਆ। ਸਾਡੀ ਪ੍ਰੇਰਣਾ, ਕਿਸੇ ਸੂਬੇ ਵਿੱਚ ਵੋਟਾਂ ਅਤੇ ਸੀਟਾਂ ਦੀ ਗਿਣਤੀ ਨਹੀਂ, ਨੇਸ਼ਨ ਫਸਟ ਦੀ ਭਾਵਨਾ ਹੈ, ਦੇਸ਼ ਪਹਿਲਾਂ। ਸਾਡਾ ਇੱਕ ਹੀ ਮੰਤਰ ਹੈ- ਨਾਗਰਿਕ ਦੇਵੋ ਭਵ:। ਜਿਨ੍ਹਾਂ ਨੂੰ ਕਦੇ ਵਿਕਾਸ ਨੇ ਨਹੀਂ ਪੁੱਛਿਆ, ਉਸ ਨੂੰ ਮੋਦੀ ਪੂਜਦਾ ਹੈ। ਇਸ ਲਈ, ਜਿਸ ਨੌਰਥ ਈਸਟ ਨੂੰ ਕਾਂਗਰਸ ਦੇ ਸਮੇਂ ਵਿੱਚ ਭੁਲਾ ਦਿੱਤਾ ਗਿਆ ਸੀ, ਉਹ ਸਾਲ 2014 ਦੇ ਬਾਅਦ, ਵਿਕਾਸ ਦੀ ਪਹਿਲ ਦਾ ਕੇਂਦਰ ਬਣ ਗਿਆ ਹੈ। ਅਸੀਂ ਪੂਰੇ ਨੌਰਥ ਈਸਟ ਦੇ ਵਿਕਾਸ ਦੇ ਲਈ ਬਜਟ ਕਈ ਗੁਣਾ ਵਧਾਇਆ, ਅਸੀਂ ਲਾਸਟ ਮਾਈਲ ਕਨੈਕਟੀਵਿਟੀ ਅਤੇ ਲਾਸਟ ਮਾਈਲ ਡਿਲੀਵਰੀ ਨੂੰ ਆਪਣੀ ਸਰਕਾਰ ਦੀ ਪਹਿਚਾਣ ਬਣਾਇਆ, ਅਤੇ ਇੰਨਾ ਹੀ ਨਹੀਂ, ਅਸੀਂ ਇਹ ਪੱਕਾ ਕੀਤਾ ਕਿ ਸਰਕਾਰ ਦਿੱਲੀ ਵਿੱਚ ਬੈਠ ਕੇ ਨਹੀਂ ਚੱਲੇਗੀ। ਅਫ਼ਸਰਾਂ ਨੂੰ, ਮੰਤਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਨੌਰਥ ਈਸਟ ਆਉਣਾ ਹੋਵੇਗਾ, ਇੱਥੇ ਰਾਤ ਰੁਕਣਾ ਹੋਵੇਗਾ।
ਸਾਥੀਓ,
ਕਾਂਗਰਸ ਸਰਕਾਰ ਦੇ ਸਮੇਂ ਵਿੱਚ 2-3 ਮਹੀਨੇ ਵਿੱਚ ਇੱਕ-ਅੱਧੀ ਵਾਰ ਕੋਈ ਮੰਤਰੀ ਨੌਰਥ ਈਸਟ ਆਉਂਦਾ ਸੀ। ਬੀਜੇਪੀ ਸਰਕਾਰ ਵਿੱਚ ਹੁਣ ਤੱਕ 800 ਤੋਂ ਜ਼ਿਆਦਾ ਵਾਰ ਕੇਂਦਰੀ ਮੰਤਰੀ ਨੌਰਥ ਈਸਟ ਆ ਚੁੱਕੇ ਹਨ। ਅਤੇ ਅਜਿਹਾ ਨਹੀਂ ਹੈ ਕਿ ਸਿਰਫ ਆਏ ਅਤੇ ਚਲੇ ਗਏ। ਸਾਡੇ ਮੰਤਰੀ ਆਉਂਦੇ ਹਨ, ਤਾਂ ਯਤਨ ਰਹਿੰਦਾ ਹੈ ਕਿ ਉਹ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਜਾਣ, ਜ਼ਿਲ੍ਹਿਆਂ ਵਿੱਚ ਜਾਣ, ਬਲਾਕ ਵਿੱਚ ਜਾਣ, ਇੰਨਾ ਹੀ ਨਹੀਂ, ਘੱਟ ਤੋਂ ਘੱਟ ਇੱਕ ਰਾਤ ਰੁਕ ਕੇ ਜਾਣ। ਮੈਂ ਖ਼ੁਦ ਹੀ ਪ੍ਰਧਾਨ ਮੰਤਰੀ ਦੇ ਤੌਰ ‘ਤੇ 70 ਤੋਂ ਜ਼ਿਆਦਾ ਵਾਰ ਨੌਰਥ ਈਸਟ ਆਇਆ ਹਾਂ। ਹੁਣ ਪਿਛਲੇ ਹਫਤੇ ਹੀ ਮੈਂ ਮਿਜ਼ੋਰਮ, ਮਣੀਪੁਰ ਅਤੇ ਅਸਾਮ ਗਿਆ ਸੀ, ਅਤੇ ਰਾਤ ਗੁਵਾਹਾਟੀ ਵਿੱਚ ਰੁਕਿਆ ਸੀ। ਨੌਰਥ ਈਸਟ ਮੈਨੂੰ ਦਿਲ ਤੋਂ ਪਸੰਦ ਹੈ। ਅਤੇ ਇਸ ਲਈ ਅਸੀਂ ਦਿਲ ਦੀ ਦੂਰੀ ਵੀ ਮਿਟਾਈ ਹੈ, ਦਿੱਲੀ ਨੂੰ ਤੁਹਾਡੇ ਕੋਲ ਲੈ ਕੇ ਆਏ ਹਾਂ।
ਸਾਥੀਓ,
ਅਸੀਂ ਨੌਰਥ ਈਸਟ ਦੇ ਅੱਠਾਂ ਸੂਬਿਆਂ ਨੂੰ ਅਸ਼ਟਲਕਸ਼ਮੀ ਦੇ ਰੂਪ ਵਿੱਚ ਪੂਜਦੇ ਹਾਂ। ਇਸ ਲਈ ਇਸ ਖੇਤਰ ਨੂੰ ਵਿਕਾਸ ਵਿੱਚ ਪਿੱਛੇ ਨਹੀਂ ਦੇਖ ਸਕਦੇ। ਇੱਥੇ ਵਿਕਾਸ ਦੇ ਲਈ ਕੇਂਦਰ ਸਰਕਾਰ ਜ਼ਿਆਦਾ ਤੋਂ ਜ਼ਿਆਦਾ ਪੈਸੇ ਖ਼ਰਚ ਕਰ ਰਹੀ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਪਤਾ ਹੋਵੇਗਾ, ਦੇਸ਼ ਵਿੱਚ ਜੋ ਟੈਕਸ ਇਕੱਠਾ ਹੁੰਦਾ ਹੈ, ਉਸ ਦਾ ਇੱਕ ਹਿੱਸਾ ਸੂਬਿਆਂ ਨੂੰ ਮਿਲਦਾ ਹੈ। ਜਦੋਂ ਕਾਂਗਰਸ ਸਰਕਾਰ ਸੀ, ਤਾਂ ਦਸ ਸਾਲ ਵਿੱਚ ਅਰੁਣਾਚਲ ਪ੍ਰਦੇਸ਼ ਨੂੰ ਸੈਂਟ੍ਰਲ ਟੈਕਸ ਵਿੱਚੋਂ ਸਿਰਫ ਛੇ ਹਜ਼ਾਰ ਕਰੋੜ ਰੁਪਏ ਹੀ ਮਿਲੇ ਸਨ। ਜਦਕਿ ਸਾਡੀ ਬੀਜੇਪੀ ਸਰਕਾਰ ਦੇ ਦਸ ਸਾਲਾਂ ਵਿੱਚ, ਅਰੁਣਾਚਲ ਨੂੰ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਮਿਲ ਚੁੱਕੇ ਹਨ। ਯਾਨੀ ਬੀਜੇਪੀ ਦੀ ਸਰਕਾਰ ਨੇ ਅਰੁਣਾਚਲ ਨੂੰ 16 ਗੁਣਾ ਜ਼ਿਆਦਾ ਪੈਸਾ ਦਿੱਤਾ ਹੈ। ਅਤੇ ਇਹ ਸਿਰਫ ਟੈਕਸ ਦਾ ਹਿੱਸਾ ਹੈ। ਇਸ ਦੇ ਇਲਾਵਾ, ਇੱਥੇ ਵੱਖ-ਵੱਖ ਯੋਜਨਾਵਾਂ ਦੇ ਤਹਿਤ ਜੋ ਭਾਰਤ ਸਰਕਾਰ ਖ਼ਰਚ ਕਰ ਰਹੀ ਹੈ, ਜੋ ਵੱਡੇ-ਵੱਡੇ ਪ੍ਰੋਜੈਕਟ ਇੱਥੇ ਬਣ ਰਹੇ ਹਨ, ਉਹ ਤਾਂ ਅਲੱਗ ਹੀ ਹਨ। ਇਸ ਲਈ, ਅੱਜ ਤੁਸੀਂ ਅਰੁਣਾਚਲ ਵਿੱਚ ਇੰਨਾ ਵਿਆਪਕ, ਇੰਨਾ ਤੇਜ਼ ਵਿਕਾਸ ਹੁੰਦਾ ਦੇਖ ਰਹੇ ਹੋ।
ਸਾਥੀਓ,
ਜਦੋਂ ਨੇਕ ਨੀਅਤ ਨਾਲ ਕੰਮ ਹੁੰਦਾ ਹੈ, ਜਦੋਂ ਯਤਨਾਂ ਵਿੱਚ ਇਮਾਨਦਾਰੀ ਹੁੰਦੀ ਹੈ, ਤਾਂ ਉਸ ਦੇ ਨਤੀਜੇ ਵੀ ਦਿਖਦੇ ਹਨ। ਅੱਜ ਸਾਡਾ ਨੌਰਥ ਈਸਟ ਦੇਸ਼ ਦੇ ਵਿਕਾਸ ਦੀ ਡ੍ਰਾਇਵਿੰਗ ਫੋਰਸ ਬਣ ਰਿਹਾ ਹੈ। ਅਤੇ ਬਹੁਤ ਵੱਡਾ ਫੋਕਸ ਇੱਥੇ ਸੁਸ਼ਾਸਨ ’ਤੇ ਹੈ, Good Governance ’ਤੇ ਹੈ। ਸਾਡੀ ਸਰਕਾਰ ਦੇ ਲਈ ਨਾਗਰਿਕਾਂ ਦੇ ਹਿਤਾਂ ਤੋਂ ਵੱਡਾ ਕੁਝ ਵੀ ਨਹੀਂ। ਤੁਹਾਡਾ ਜੀਵਨ ਅਸਾਨ ਬਣੇ, ਹੋਰ ਅਸਾਨ ਬਣੇ ਇਸ ਲਈ Ease of Living, ਤੁਹਾਨੂੰ ਆਉਣ-ਜਾਣ ਵਿੱਚ ਮੁਸ਼ਕਿਲਾਂ ਨਾ ਹੋਣ, ਇਸ ਲਈ Ease of Travel, ਤੁਹਾਨੂੰ ਇਲਾਜ ਵਿੱਚ ਪਰੇਸ਼ਾਨੀ ਨਾ ਹੋਵੇ, ਇਸ ਲਈ Ease of Medical Treatment, ਤੁਹਾਡੇ ਬੱਚਿਆਂ ਨੂੰ ਪੜ੍ਹਾਈ ਵਿੱਚ ਦਿੱਕਤ ਨਾ ਹੋਵੇ, ਇਸ ਲਈ Ease of Education, ਤੁਹਾਨੂੰ ਵਪਾਰ-ਕਾਰੋਬਾਰ ਵਿੱਚ ਪਰੇਸ਼ਾਨੀ ਨਾ ਹੋਵੇ, ਇਸ ਲਈ Ease of Doing Business, ਇਨ੍ਹਾਂ ਸਾਰੇ ਟੀਚਿਆਂ ਨੂੰ ਲੈ ਕੇ ਇੱਥੇ ਡਬਲ ਇੰਜਣ ਦੀ ਬੀਜੇਪੀ ਸਰਕਾਰ ਕੰਮ ਕਰ ਰਹੀ ਹੈ। ਜਿਨ੍ਹਾਂ ਇਲਾਕਿਆਂ ਵਿੱਚ ਪਹਿਲਾਂ ਕੋਈ ਸੜਕਾਂ ਬਾਰੇ ਸੋਚ ਵੀ ਨਹੀਂ ਸਕਦਾ ਸੀ, ਅੱਜ ਉੱਥੇ ਚੰਗੇ ਹਾਈਵੇਅ ਬਣ ਰਹੇ ਹਨ। ਸੇਲਾ ਟਨਲ ਜਿਹਾ ਇਨਫ੍ਰਾਸਟ੍ਰਕਚਰ ਕੁਝ ਸਾਲ ਪਹਿਲਾਂ ਤੱਕ, ਇਹ ਸੋਚਣਾ ਵੀ ਅਸੰਭਵ ਸੀ, ਪਰ ਅੱਜ ਸੇਲਾ ਟਨਲ ਅਰੁਣਾਚਲ ਦੀ ਪਹਿਚਾਣ ਬਣ ਚੁੱਕੀ ਹੈ।
ਸਾਥੀਓ,
ਕੇਂਦਰ ਸਰਕਾਰ ਦੀ ਕੋਸ਼ਿਸ਼ ਹੈ ਕਿ ਅਰੁਣਾਚਲ ਸਮੇਤ ਨੌਰਥ ਈਸਟ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਹੈਲੀਪੋਰਟ ਬਣਨ, ਇਸ ਲਈ ਇਨ੍ਹਾਂ ਖੇਤਰਾਂ ਨੂੰ ਉਡਾਨ ਸਕੀਮ ਨਾਲ ਜੋੜਿਆ ਗਿਆ ਹੈ। ਇੱਥੇ ਜੋ ਹੋਲੋਂਗੀ ਏਅਰਪੋਰਟ ਹਨ, ਉੱਥੇ ਵੀ ਨਵੀਂ ਟਰਮੀਨਲ ਬਿਲਡਿੰਗ ਬਣ ਚੁੱਕੀ ਹੈ। ਹੁਣ ਇੱਥੋਂ ਸਿੱਧਾ ਦਿੱਲੀ ਦੀ ਫਲਾਈਟ ਮਿਲਦੀ ਹੈ। ਇਸ ਨਾਲ ਆਮ ਪੈਸੇਂਜਰਾਂ ਨੂੰ, ਸਟੂਡੈਂਟਾਂ ਨੂੰ, ਟੂਰਿਸਟਾਂ ਨੂੰ ਤਾਂ ਫਾਇਦਾ ਹੁੰਦਾ ਹੀ ਹੈ, ਇੱਥੇ ਦੇ ਕਿਸਾਨਾਂ, ਅਤੇ ਛੋਟੇ ਉਦਯੋਗਾਂ ਨੂੰ ਵੀ ਲਾਭ ਹੋ ਰਿਹਾ ਹੈ। ਇੱਥੋਂ ਦੇਸ਼ ਦੇ ਵੱਡੇ ਬਜ਼ਾਰਾਂ ਤੱਕ ਫਲ-ਸਬਜ਼ੀਆਂ ਪਹੁੰਚਾਉਣਾ, ਆਪਣੀ ਉਪਜ ਪਹੁੰਚਾਉਣਾ, ਹੁਣ ਹੋਰ ਅਸਾਨ ਹੋ ਗਿਆ ਹੈ।
ਸਾਥੀਓ,
ਅਸੀਂ ਸਾਰੇ 2047 ਤੱਕ ਆਪਣੇ ਦੇਸ਼ ਨੂੰ ਵਿਕਸਿਤ ਬਣਾਉਣ ਦੇ ਟੀਚੇ ਨੂੰ ਲੈ ਕੇ ਚੱਲ ਰਹੇ ਹਾਂ। ਅਤੇ ਭਾਰਤ ਓਦੋਂ ਹੀ ਵਿਕਸਿਤ ਹੋਵੇਗਾ, ਜਦੋਂ ਦੇਸ਼ ਦਾ ਹਰ ਸੂਬਾ ਵਿਕਸਿਤ ਹੋਵੇਗਾ। ਭਾਰਤ ਓਦੋਂ ਵਿਕਸਿਤ ਹੋਵੇਗਾ, ਜਦੋਂ ਦੇਸ਼ ਦਾ ਸੂਬਾ, ਰਾਸ਼ਟਰ ਦੇ ਟੀਚਿਆਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲੇਗਾ। ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਵੱਡੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਨੌਰਥ ਈਸਟ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ ਹੈ, ਪਾਵਰ ਸੈਕਟਰ ਇਸ ਦਾ ਬਿਹਤਰੀਨ ਉਦਾਹਰਣ ਹੈ। ਭਾਰਤ ਨੇ 2030 ਤੱਕ 500 ਗੀਗਾਵਾਟ ਬਿਜਲੀ ਗ਼ੈਰ ਪਰੰਪਰਾਗਤ ਸਰੋਤਾਂ ਨਾਲ ਪੈਦਾ ਕਰਨ ਦਾ ਟੀਚਾ ਰੱਖਿਆ ਹੈ। ਇਹ ਟੀਚਾ ਸੋਲਰ ਪਾਵਰ, ਵਿੰਡ ਐਨਰਜੀ, ਪਾਣੀ ਤੋਂ ਬਿਜਲੀ ਬਣਾ ਕੇ ਪੂਰਾ ਕੀਤਾ ਜਾਵੇਗਾ। ਸਾਡਾ ਅਰੁਣਾਚਲ ਪ੍ਰਦੇਸ਼ ਇਸ ਵਿੱਚ ਦੇਸ਼ ਦੇ ਨਾਲ ਕਦਮਤਾਲ ਕਰਦੇ ਹੋਏ ਚਲ ਰਿਹਾ ਹੈ। ਅੱਜ ਜਿਨ੍ਹਾਂ ਦੋ ਪਾਵਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਹ ਪਾਵਰ ਪ੍ਰੋਡਿਊਸਰ ਦੇ ਰੂਪ ਵਿੱਚ ਅਰੁਣਾਚਲ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਗੇ।
ਇਸ ਨਾਲ ਅਰੁਣਾਚਲ ਦੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਮਿਲੇਗੀ, ਅਤੇ ਇੱਥੇ ਵਿਕਾਸ ਦੇ ਕਾਰਜਾਂ ਦੇ ਲਈ ਸਸਤੀ ਬਿਜਲੀ ਵੀ ਉਪਲਬਧ ਹੋਵੇਗੀ। ਕਾਂਗਰਸ ਦੀ ਇੱਕ ਪੁਰਾਣੀ ਆਦਤ ਹੈ ਕਿ ਵਿਕਾਸ ਦਾ ਜੋ ਵੀ ਕੰਮ ਮੁਸ਼ਕਿਲ ਹੁੰਦਾ ਹੈ, ਉਸ ਕੰਮ ਨੂੰ ਉਹ ਕਦੇ ਹੱਥ ਹੀ ਨਹੀਂ ਲਗਾਉਂਦੇ, ਭੱਜ ਜਾਂਦੇ ਹਨ। ਕਾਂਗਰਸ ਦੀ ਇਸ ਆਦਤ ਦਾ ਨੌਰਥ ਈਸਟ ਨੂੰ, ਅਰੁਣਾਚਲ ਨੂੰ ਵੀ ਬਹੁਤ ਨੁਕਸਾਨ ਹੋਇਆ। ਜੋ ਮੁਸ਼ਕਿਲ ਇਲਾਕੇ ਹੁੰਦੇ ਸਨ, ਜੋ ਪਹਾੜਾਂ ਵਿੱਚ ਹੋਣ, ਜੰਗਲਾਂ ਦੇ ਵਿੱਚ ਹੋਣ, ਜਿੱਥੇ ਵਿਕਾਸ ਦੇ ਕੰਮ ਕਰਨਾ ਚੁਣੌਤੀ ਹੁੰਦੀ ਸੀ, ਉਨ੍ਹਾਂ ਖੇਤਰਾਂ ਨੂੰ ਕਾਂਗਰਸ ਪਛੜਿਆ ਐਲਾਨ ਕਰਕੇ ਭੁੱਲ ਜਾਂਦੀ ਸੀ। ਇਸ ਵਿੱਚ ਦੇਸ਼ ਦੇ ਟ੍ਰਾਇਬਲ ਇਲਾਕੇ, ਨੌਰਥ ਈਸਟ ਦੇ ਜ਼ਿਲ੍ਹੇ, ਸਭ ਤੋਂ ਵੱਧ ਸਨ। ਜੋ ਬਾਰਡਰ ਨਾਲ ਲਗਦੇ ਪਿੰਡ ਸਨ, ਉਨ੍ਹਾਂ ਨੂੰ ਦੇਸ਼ ਦਾ ਲਾਸਟ ਵਿਲੇਜ ਕਹਿ ਕੇ ਕਾਂਗਰਸ ਆਪਣਾ ਪੱਲਾ ਝਾੜ ਲੈਂਦੀ ਸੀ। ਅਤੇ ਅਜਿਹਾ ਕਰਕੇ ਕਾਂਗਰਸ ਆਪਣੀਆਂ ਨਾਕਾਮੀਆਂ ਨੂੰ ਛੁਪਾ ਲੈ ਜਾਂਦੀ ਸੀ। ਇਹੀ ਕਾਰਨ ਹੈ ਕਿ ਆਦਿਵਾਸੀ ਖੇਤਰਾਂ ਨਾਲ, ਬਾਰਡਰ ਦੇ ਏਰੀਆਜ਼ (ਖੇਤਰਾਂ) ਨਾਲ ਲੋਕਾਂ ਦਾ ਨਿਰੰਤਰ ਪਲਾਇਨ ਹੁੰਦਾ ਗਿਆ।
ਸਾਥੀਓ,
ਸਾਡੀ ਸਰਕਾਰ ਨੇ, ਬੀਜੇਪੀ ਨੇ ਇਸ ਅਪ੍ਰੋਚ ਨੂੰ ਵੀ ਬਦਲ ਦਿੱਤਾ। ਜਿਨ੍ਹਾਂ ਨੂੰ ਕਾਂਗਰਸ ਬੈਕਵਰਡ ਡਿਸਟ੍ਰਿਕਟ ਕਹਿੰਦੀ ਸੀ, ਅਸੀਂ ਉਨ੍ਹਾਂ ਨੂੰ ਐਸਪੀਰੇਸ਼ਨਲ ਡਿਸਟ੍ਰਿਕਟ ਬਣਾਇਆ ਅਤੇ ਉੱਥੇ ਵਿਕਾਸ ਨੂੰ ਪਹਿਲ ਦਿੱਤੀ ਗਈ। ਬਾਰਡਰ ਦੇ ਜਿਨ੍ਹਾਂ ਪਿੰਡਾਂ ਨੂੰ ਕਾਂਗਰਸ ਲਾਸਟ ਵਿਲੇਜ ਕਹਿੰਦੀ ਸੀ, ਉਨ੍ਹਾਂ ਨੂੰ ਅਸੀਂ ਦੇਸ਼ ਦੇ ਫਸਟ ਵਿਲੇਜ ਮੰਨਿਆ। ਇਸ ਦੇ ਚੰਗੇ ਨਤੀਜੇ ਅੱਜ ਅਸੀਂ ਦੇਖ ਰਹੇ ਹਾਂ। ਅੱਜ ਬਾਰਡਰ ਦੇ ਪਿੰਡਾਂ ਵਿੱਚ ਵਿਕਾਸ ਦੀ ਨਵੀਂ ਰਫਤਾਰ ਦੇਖੀ ਜਾ ਰਹੀ ਹੈ, ਵਾਇਬ੍ਰੈਂਟ ਵਿਲੇਜ ਪ੍ਰੋਗਰਾਮ ਦੀ ਸਫਲਤਾ ਨੇ ਲੋਕਾਂ ਦਾ ਜੀਵਨ ਅਸਾਨ ਬਣਾਇਆ ਹੈ। ਅਰੁਣਾਚਲ ਪ੍ਰਦੇਸ਼ ਦੇ ਵੀ ਸਾਢੇ ਚਾਰ ਸੌ ਤੋਂ ਵੱਧ ਅਜਿਹੇ ਬਾਰਡਰ ਵਿਲੇਜਜ਼ ਵਿੱਚ ਤੇਜ਼ੀ ਆਈ ਹੈ। ਉੱਥੇ ਰੋਡ, ਬਿਜਲੀ ਅਤੇ ਇੰਟਰਨੈੱਟ ਜਿਹੀਆਂ ਸਹੂਲਤਾਂ ਪਹੁੰਚੀਆਂ ਹਨ। ਪਹਿਲਾਂ ਬਾਰਡਰ ਤੋਂ ਸ਼ਹਿਰਾਂ ਵੱਲ ਪਲਾਇਨ ਹੁੰਦਾ ਸੀ, ਪਰ ਹੁਣ ਬਾਰਡਰ ਦੇ ਪਿੰਡ, ਟੂਰਿਜ਼ਮ ਦੇ ਨਵੇਂ ਕੇਂਦਰ ਬਣ ਰਹੇ ਹਨ।
ਸਾਥੀਓ,
ਅਰੁਣਾਚਲ ਵਿੱਚ ਟੂਰਿਜ਼ਮ ਦੇ ਲਈ ਬਹੁਤ ਸੰਭਾਵਨਾਵਾਂ ਹਨ। ਜਿਵੇਂ-ਜਿਵੇਂ ਕਨੈਕਟੀਵਿਟੀ, ਨਵੇਂ-ਨਵੇਂ ਇਲਾਕਿਆਂ ਨੂੰ ਜੋੜ ਰਹੀ ਹੈ, ਓਵੇਂ-ਓਵੇਂ ਇੱਥੇ ਟੂਰਿਜ਼ਮ ਵਧ ਰਿਹਾ ਹੈ। ਮੈਨੂੰ ਖ਼ੁਸ਼ੀ ਹੈ ਕਿ ਬੀਤੇ ਦਹਾਕੇ ਵਿੱਚ ਇੱਥੇ ਟੂਰਿਸਟਾਂ ਦੀ ਗਿਣਤੀ ਵਿੱਚ ਦੁੱਗਣਾ ਵਾਧਾ ਹੋਇਆ ਹੈ। ਪਰ ਅਰੁਣਾਚਲ ਦਾ ਸਮਰੱਥ ਕੁਦਰਤ ਅਤੇ ਸੱਭਿਆਚਾਰ ਨਾਲ ਜੁੜੇ ਟੂਰਿਜ਼ਮ ਤੋਂ ਵੀ ਕਿਤੇ ਜ਼ਿਆਦਾ ਹੈ। ਅੱਜ ਕੱਲ੍ਹ ਦੁਨੀਆ ਵਿੱਚ ਕਾਨਫਰੰਸ ਅਤੇ ਕੰਸਰਟ ਟੂਰਿਜ਼ਮ ਦਾ ਵੀ ਬਹੁਤ ਹੜ੍ਹ ਆ ਰਿਹਾ ਹੈ, ਬਹੁਤ ਵਧ ਰਿਹਾ ਹੈ। ਇਸ ਲਈ, ਤਵਾਂਗ ਵਿੱਚ ਬਣਨ ਜਾ ਰਿਹਾ ਆਧੁਨਿਕ ਕਨਵੈਂਸ਼ਨ ਸੈਂਟਰ, ਅਰੁਣਾਚਲ ਦੇ ਟੂਰਿਜ਼ਮ ਵਿੱਚ ਇੱਕ ਨਵਾਂ ਆਯਾਮ ਜੋੜੇਗਾ। ਅਰੁਣਾਚਲ ਨੂੰ ਭਾਰਤ ਸਰਕਾਰ ਦੇ ਵਾਇਬ੍ਰੈਂਟ ਵਿਲੇਜ ਅਭਿਆਨ ਨਾਲ ਵੀ ਬਹੁਤ ਮਦਦ ਮਿਲੇਗੀ। ਇਹ ਅਭਿਆਨ ਸਾਡੇ ਬਾਰਡਰ ਕਿਨਾਰੇ ਵੱਸੇ ਪਿੰਡਾਂ ਦੇ ਲਈ ਮੀਲ ਪੱਥਰ ਸਾਬਿਤ ਹੋ ਰਿਹਾ ਹੈ।
ਸਾਥੀਓ,
ਅੱਜ ਅਰੁਣਾਚਲ ਵਿੱਚ ਤੇਜ਼ੀ ਨਾਲ ਵਿਕਾਸ ਇਸ ਲਈ ਦਿਖ ਰਿਹਾ ਹੈ, ਕਿਉਂਕਿ ਦਿੱਲੀ ਅਤੇ ਈਟਾਨਗਰ, ਦੋਨੋਂ ਥਾਵਾਂ ’ਤੇ ਬੀਜੇਪੀ ਦੀ ਸਰਕਾਰ ਹੈ। ਕੇਂਦਰ ਅਤੇ ਸੂਬਾ, ਦੋਨਾਂ ਦੀ ਊਰਜਾ ਵਿਕਾਸ ਵਿੱਚ ਲੱਗ ਰਹੀ ਹੈ। ਹੁਣ ਜਿਵੇਂ ਇੱਥੇ ਕੈਂਸਰ ਇੰਸਟੀਚਿਊਟ ਦਾ ਕੰਮ ਸ਼ੁਰੂ ਹੋਇਆ ਹੈ, ਇੱਥੇ ਮੈਡੀਕਲ ਕਾਲਜ ਬਣ ਰਹੇ ਹਨ, ਆਯੁਸ਼ਮਾਨ ਸਕੀਮ ਨਾਲ ਇੱਥੇ ਕਈ ਸਾਥੀਆਂ ਨੂੰ ਮੁਫਤ ਇਲਾਜ ਮਿਲਿਆ ਹੈ। ਇਹ ਕੇਂਦਰ ਅਤੇ ਸੂਬਾ ਦੇ ਡਬਲ ਇੰਜਣ ਨਾਲ ਸੰਭਵ ਹੋ ਪਾ ਰਿਹਾ ਹੈ।
ਸਾਥੀਓ,
ਡਬਲ ਇੰਜਣ ਸਰਕਾਰ ਦੇ ਯਤਨਾਂ ਨਾਲ ਹੀ ਅਰੁਣਾਚਲ ਹੁਣ ਖੇਤੀਬਾੜੀ ਅਤੇ ਬਾਗ਼ਬਾਨੀ ਵਿੱਚ ਅੱਗੇ ਵਧ ਰਿਹਾ ਹੈ। ਇੱਥੇ ਦੇ ਕੀਵੀ, ਸੰਤਰੇ, ਇਲਾਇਚੀ, ਪਾਇਨ ਐੱਪਲ, ਅਰੁਣਾਚਲ ਨੂੰ ਨਵੀਂ ਪਹਿਚਾਣ ਦੇ ਰਹੇ ਹਨ। ਪੀਐੱਮ ਕਿਸਾਨ ਸਨਮਾਨ ਨਿਧੀ ਦਾ ਪੈਸਾ ਵੀ ਇੱਥੇ ਦੇ ਕਿਸਾਨਾਂ ਦੇ ਬਹੁਤ ਕੰਮ ਆ ਰਿਹਾ ਹੈ।
ਸਾਥੀਓ,
ਮਾਤਾਵਾਂ-ਭੈਣਾਂ-ਬੇਟੀਆਂ ਨੂੰ ਸਸ਼ਕਤ ਕਰਨਾ, ਸਾਡੀ ਬਹੁਤ ਵੱਡੀ ਪਹਿਲ ਹੈ। ਦੇਸ਼ ਵਿੱਚ ਤਿੰਨ ਕਰੋੜ ਲਖਪਤੀ ਦੀਦੀਆਂ ਬਣਾਉਣਾ, ਇਹ ਇੱਕ ਬਹੁਤ ਵੱਡਾ ਮਿਸ਼ਨ ਹੈ, ਪਰ ਇਹ ਮੋਦੀ ਦਾ ਮਿਸ਼ਨ ਹੈ। ਮੈਨੂੰ ਖ਼ੁਸ਼ੀ ਹੈ ਕਿ ਪੇਮਾ ਖਾਂਡੂ ਜੀ ਅਤੇ ਇਨ੍ਹਾਂ ਦੀ ਟੀਮ ਇਸ ਮਿਸ਼ਨ ਨੂੰ ਵੀ ਰਫਤਾਰ ਦੇ ਰਹੀ ਹੈ। ਇੱਥੇ ਵੱਡੀ ਗਿਣਤੀ ਵਿੱਚ ਵਰਕਿੰਗ ਵੁਮੇਨ ਹੌਸਟਲਸ ਬਣਾਉਣ ਦਾ ਜੋ ਕੰਮ ਸ਼ੁਰੂ ਹੋਇਆ ਹੈ, ਉਸ ਨਾਲ ਵੀ ਬੇਟੀਆਂ ਨੂੰ ਬਹੁਤ ਸਹੂਲਤ ਹੋਵੇਗੀ।
ਸਾਥੀਓ,
ਇੱਥੇ ਬਹੁਤ ਵੱਡੀ ਗਿਣਤੀ ਵਿੱਚ ਮਾਤਾਵਾਂ-ਭੈਣਾਂ ਆਈਆਂ ਹਨ, ਮੈਂ ਤੁਹਾਨੂੰ ਜੀਐੱਸਟੀ ਬੱਚਤ ਉਤਸਵ ਦੀ ਫਿਰ ਤੋਂ ਇੱਕ ਵਾਰ ਵਧਾਈ ਦੇਵਾਂਗਾ। ਨੈਕਸਟ ਜਨਰੇਸ਼ਨ ਜੀਐੱਸਟੀ ਰਿਫੌਰਮ ਦਾ ਵੀ ਬਹੁਤ ਵੱਡਾ ਫਾਇਦਾ ਉਨ੍ਹਾਂ ਨੂੰ ਹੀ ਮਿਲਣ ਵਾਲਾ ਹੈ। ਤੁਹਾਨੂੰ ਹੁਣ ਹਰ ਮਹੀਨੇ ਘਰ ਦੇ ਬਜਟ ਵਿੱਚ ਬਹੁਤ ਰਾਹਤ ਮਿਲਣ ਵਾਲੀ ਹੈ। ਕਿਚਨ (ਰਸੋਈ) ਦਾ ਸਾਮਾਨ ਹੋਵੇ, ਬੱਚਿਆਂ ਦੀ ਪੜ੍ਹਾਈ ਦੀਆਂ ਚੀਜ਼ਾਂ ਹੋਣ, ਜੁੱਤੇ-ਕੱਪੜੇ ਹੋਣ, ਹੁਣ ਇਹ ਹੋਰ ਸਸਤੇ ਹੋ ਗਏ ਹਨ।
ਸਾਥੀਓ,
ਤੁਸੀਂ ਸਾਲ 2014 ਦੇ ਪਹਿਲੇ ਦੇ ਦਿਨ ਯਾਦ ਕਰੋ, ਕਿੰਨੀਆਂ ਸਾਰੀਆਂ ਪਰੇਸ਼ਾਨੀਆਂ ਸਨ। ਮਹਿੰਗਾਈ ਆਸਮਾਨ ਛੂਹ ਰਹੀ ਸੀ, ਚਾਰੇ ਪਾਸੇ ਵੱਡੇ ਘੋਟਾਲੇ ਹੋ ਰਹੇ ਸਨ, ਅਤੇ ਓਦੋਂ ਦੀ ਕਾਂਗਰਸ ਸਰਕਾਰ, ਜਨਤਾ ’ਤੇ ਟੈਕਸ ਦਾ ਭਾਰ ਵਧਾਉਂਦੀ ਹੀ ਜਾ ਰਹੀ ਸੀ। ਉਸ ਸਮੇਂ ਸਾਲ ਵਿੱਚ ਦੋ ਲੱਖ ਰੁਪਏ ਕਮਾਉਣ ‘ਤੇ ਵੀ ਇਨਕਮ ਟੈਕਸ ਲੱਗ ਜਾਂਦਾ ਸੀ, ਇਹ ਮੈਂ 11 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਹਾਂ, ਜੇਕਰ ਤੁਸੀਂ 2 ਲੱਖ ਰੁਪਏ ਕਮਾਇਆ, ਤਾਂ ਤੁਹਾਨੂੰ ਇਨਕਮ ਟੈਕਸ ਦੇਣਾ ਪੈਂਦਾ ਸੀ। ਅਤੇ ਆਮ ਜ਼ਰੂਰਤ ਦੀਆਂ ਕਈ ਚੀਜ਼ਾਂ ‘ਤੇ ਕਾਂਗਰਸ ਦੀ ਸਰਕਾਰ, ਤੀਹ ਪਰਸੈਂਟ ਤੋਂ ਵੱਧ ਟੈਕਸ ਤੱਕ ਲੈਂਦੀ ਸੀ, ਬੱਚਿਆਂ ਦੀ ਟੌਫੀ ‘ਤੇ ਵੀ ਇੰਨਾ ਟੈਕਸ ਲਗਾਇਆ ਜਾਂਦਾ ਸੀ।
ਸਾਥੀਓ,
ਓਦੋਂ ਮੈਂ ਕਿਹਾ ਸੀ, ਮੈਂ ਤੁਹਾਡੀ ਕਮਾਈ ਅਤੇ ਤੁਹਾਡੀ ਬੱਚਤ, ਦੋਨਾਂ ਨੂੰ ਵਧਾਉਣ ਦਾ ਕੰਮ ਕਰਾਂਗਾ। ਬੀਤੇ ਸਾਲਾਂ ਵਿੱਚ ਦੇਸ਼ ਦੇ ਸਾਹਮਣੇ ਕਈ ਵੱਡੀਆਂ-ਵੱਡੀਆਂ ਚੁਣੌਤੀਆਂ ਆਈਆਂ। ਪਰ ਅਸੀਂ ਇਨਕਮ ਟੈਕਸ ਘਟਾਉਂਦੇ ਗਏ, ਇਸੇ ਸਾਲ ਅਸੀਂ ਹੁਣ ਵਿਚਾਰ ਕਰੋ 11 ਸਾਲ ਪਹਿਲਾਂ 2 ਲੱਖ, ਇਸੇ ਸਾਲ ਅਸੀਂ 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ‘ਤੇ ਇਨਕਮ ਟੈਕਸ ਜ਼ੀਰੋ ਕਰ ਦਿੱਤਾ। ਅਤੇ ਅੱਜ ਤੋਂ ਜੀਐੱਸਟੀ ਨੂੰ ਵੀ ਅਸੀਂ ਸਿਰਫ ਦੋ ਸਲੈਬਸ ਤੱਕ ਸੀਮਿਤ ਕਰ ਦਿੱਤਾ ਹੈ, 5 ਪਰਸੈਂਟ ਅਤੇ 18 ਪਰਸੈਂਟ। ਬਹੁਤ ਸਾਰੀਆਂ ਚੀਜ਼ਾਂ ਹੁਣ ਟੈਕਸ ਫ੍ਰੀ ਹੋ ਗਈਆਂ ਹਨ, ਬਾਕੀ ਸਾਮਾਨ ‘ਤੇ ਵੀ ਟੈਕਸ ਬਹੁਤ ਘੱਟ ਹੋ ਗਿਆ ਹੈ। ਤੁਸੀਂ ਆਰਾਮ ਨਾਲ ਹੁਣ ਆਪਣਾ ਨਵਾਂ ਘਰ ਬਣਾ ਸਕਦੇ ਹੋ, ਕੋਈ ਸਕੂਟਰ-ਬਾਈਕ ਖਰੀਦਣਾ ਹੈ, ਬਾਹਰ ਖਾਣਾ-ਪੀਣ ਦੇ ਲਈ ਜਾਣਾ ਹੈ, ਕਿਤੇ ਘੁੰਮਣ-ਫਿਰਣ ਜਾਣਾ ਹੈ, ਇਹ ਸਭ ਪਹਿਲਾਂ ਨਾਲੋਂ ਸਸਤੇ ਹੋ ਗਏ ਹਨ। ਇਹ ਜੀਐੱਸਟੀ ਬੱਚਤ ਉਤਸਵ ਤੁਹਾਡੇ ਲਈ ਬਹੁਤ ਯਾਦਗਾਰ ਬਣਨ ਵਾਲਾ ਹੈ।
ਸਾਥੀਓ,
ਮੈਂ ਅਰੁਣਾਚਲ ਪ੍ਰਦੇਸ਼ ਦੀ ਹਮੇਸ਼ਾ ਇਸ ਗੱਲ ਦੇ ਲਈ ਪ੍ਰਸ਼ੰਸਾ ਕਰਦਾ ਹਾਂ ਕਿ ਤੁਸੀਂ ਸਾਰੇ ਨਮਸਕਾਰ ਤੋਂ ਵੀ ਪਹਿਲਾਂ ਜੈ ਹਿੰਦ ਕਹਿੰਦੇ ਹੋ, ਤੁਸੀਂ ਉਹ ਲੋਕ ਹੋ, ਜੋ ਦੇਸ਼ ਨੂੰ ਖੁਦ ਤੋਂ ਵੀ ਪਹਿਲਾਂ ਰੱਖਦੇ ਹੋ। ਅੱਜ ਜਦੋਂ ਅਸੀਂ ਸਾਰੇ ਮਿਲ ਕੇ ਵਿਕਸਿਤ ਭਾਰਤ ਬਣਾਉਣ ਦੇ ਲਈ ਇੰਨੀ ਮਿਹਨਤ ਕਰ ਰਹੇ ਹਾਂ, ਤਾਂ ਦੇਸ਼ ਦੀ ਸਾਡੇ ਤੋਂ ਵੀ ਇੱਕ ਉਮੀਦ ਹੈ। ਇਹ ਉਮੀਦ ਹੈ- ਆਤਮ-ਨਿਰਭਰਤਾ ਦੀ। ਭਾਰਤ ਵਿਕਸਿਤ ਓਦੋਂ ਹੋਵੇਗਾ, ਜਦੋਂ ਭਾਰਤ ਆਤਮ-ਨਿਰਭਰ ਹੋਵੇਗਾ। ਅਤੇ ਭਾਰਤ ਦੀ ਆਤਮ-ਨਿਰਭਰਤਾ ਦੇ ਲਈ ਜ਼ਰੂਰੀ ਹੈ- ਸਵਦੇਸ਼ੀ ਦਾ ਮੰਤਰ। ਅੱਜ ਸਮੇਂ ਦੀ ਮੰਗ ਹੈ, ਦੇਸ਼ ਦੀ ਮੰਗ ਹੈ ਕਿ ਅਸੀਂ ਸਵਦੇਸ਼ੀ ਅਪਣਾਈਏ। ਖਰੀਦੋ ਉਹੀ, ਜੋ ਦੇਸ਼ ਵਿੱਚ ਬਣਿਆ ਹੋਵੇ, ਵੇਚੋ ਉਹੀ, ਜੋ ਦੇਸ਼ ਵਿੱਚ ਬਣਿਆ ਹੋਵੇ, ਮਾਣ ਨਾਲ ਕਹੋ- ਇਹ ਸਵਦੇਸ਼ੀ ਹੈ। ਮੇਰੇ ਨਾਲ ਬੋਲੋਗੇ? ਤੁਸੀਂ ਲੋਕ ਮੇਰੇ ਨਾਲ ਬੋਲੋਗੇ? ਮੈਂ ਕਹਾਂਗਾ ਮਾਣ ਨਾਲ ਕਹੋ, ਤੁਸੀਂ ਕਹੋ, ਇਹ ਸਵਦੇਸ਼ੀ ਹੈ- ਮਾਣ ਨਾਲ ਕਹੋ- ਇਹ ਸਵਦੇਸ਼ੀ ਹੈ, ਮਾਣ ਨਾਲ ਕਹੋ- ਇਹ ਸਵਦੇਸ਼ੀ ਹੈ, ਮਾਣ ਨਾਲ ਕਹੋ- ਇਹ ਸਵਦੇਸ਼ੀ ਹੈ। ਇਸੇ ਮੰਤਰ ‘ਤੇ ਚਲਦੇ ਹੋਏ ਦੇਸ਼ ਦਾ ਵਿਕਾਸ ਹੋਵੇਗਾ, ਅਰੁਣਾਚਲ ਦਾ, ਨੌਰਥ ਈਸਟ ਦਾ ਵਿਕਾਸ ਤੇਜ਼ ਹੋਵੇਗਾ।
ਇੱਕ ਵਾਰ ਫਿਰ ਤੁਹਾਨੂੰ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਨਰਾਤਿਆਂ ਦਾ ਪਵਿੱਤਰ ਤਿਉਹਾਰ ਵੀ ਹੈ, ਬੱਚਤ ਉਤਸਵ ਵੀ ਹੈ, ਦੇਵ ਉਤਸਵ ਵਿੱਚ ਸ਼ਾਮਲ ਹੋਣ ਦੇ ਲਈ ਮੇਰੀ ਇੱਕ ਰਿਕਵੈਸਟ (ਬੇਨਤੀ) ਹੈ ਤੁਹਾਨੂੰ, ਆਪਣਾ ਮੋਬਾਈਲ ਫੋਨ ਬਾਹਰ ਕੱਢੋ, ਅਤੇ ਮੋਬਾਈਲ ਫੋਨ ਦੀ ਫਲੈਸ਼ਲਾਈਟ ਚਾਲੂ ਕਰੋ, ਸਭ ਆਪਣੇ ਮੋਬਾਈਲ ਦੀ ਫਲੈਸ਼ਲਾਈਟ ਚਾਲੂ ਕਰੋ, ਸਭ ਦੇ ਮੋਬਾਈਲ ਦੀ ਫਲੈਸ਼ਲਾਈਟ ਚਾਲੂ ਕਰੋ ਅਤੇ ਹੱਥ ਉੱਪਰ ਕਰੋ ਸਭ ਦਾ, ਸਭ ਆਪਣੇ ਮੋਬਾਈਲ ਦੀ ਫਲੈਸ਼ਲਾਈਟ, ਇਹ ਬੱਚਤ ਉਤਸਵ ਦਾ ਨਜ਼ਾਰਾ ਹੈ, ਇਹ ਬੱਚਤ ਉਤਸਵ ਦੀ ਤਾਕਤ ਹੈ, ਇਹ ਨਰਾਤਿਆਂ ਦਾ ਪਹਿਲਾ ਦਿਨ ਹੈ, ਦੇਖੋ ਚਾਨਣਾ ਹੀ ਚਾਨਣਾ ਹੈ, ਅਤੇ ਅਰੁਣਾਚਲ ਦਾ ਚਾਨਣਾ ਪੂਰੇ ਦੇਸ਼ ਵਿੱਚ ਫੈਲ ਜਾਂਦਾ ਹੈ। ਦੇਖੋ, ਚਾਰੇ ਪਾਸੇ ਨਜ਼ਾਰਾ ਦੇਖੋ, ਚਾਰੇ ਪਾਸੇ ਨਜ਼ਾਰਾ ਦੇਖੋ, ਰੋਸ਼ਨੀ ਹੀ ਰੋਸ਼ਨੀ ਚਮਕਦੇ ਤਾਰਿਆਂ ਦੀ ਤਰ੍ਹਾਂ। ਮੇਰੀ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ!
*********
MJPS/ST/RK
ਐੱਮਜੇਪੀਐੱਸ/ਐੱਸਟੀ/ਆਰਕੇ
(Release ID: 2169974)