ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 22 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਦਾ ਦੌਰਾ ਕਰਨਗੇ
ਅਰੁਣਾਚਲ ਪ੍ਰਦੇਸ਼ ਦੀ ਵੱਡੀ ਪਣ-ਬਿਜਲੀ ਸਮਰੱਥਾ ਦਾ ਲਾਭ ਲੈਂਦੇ ਹੋਏ, ਪ੍ਰਧਾਨ ਮੰਤਰੀ ਈਟਾਨਗਰ ਵਿੱਚ 3,700 ਕਰੋੜ ਰੁਪਏ ਤੋਂ ਵੱਧ ਦੇ ਦੋ ਵੱਡੇ ਪਣ-ਬਿਜਲੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਜੀਵਨ ਗੁਣਵੱਤਾ ਵਧਾਉਣ ਦੇ ਮੰਤਵ ਨਾਲ ਸੰਪਰਕ, ਸਿਹਤ ਅਤੇ ਹੋਰ ਵਿਕਾਸ ਪਹਿਲਕਦਮੀਆਂ ਨਾਲ ਸਬੰਧਤ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ
ਪ੍ਰਧਾਨ ਮੰਤਰੀ ਤ੍ਰਿਪੁਰਾ ਵਿੱਚ ਮਾਤਾ ਤ੍ਰਿਪੁਰਾ ਸੁੰਦਰੀ ਮੰਦਰ ਕੰਪਲੈਕਸ ਦਾ ਦੌਰਾ ਕਰਨਗੇ ਅਤੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ
Posted On:
21 SEP 2025 9:54AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 22 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਦਾ ਦੌਰਾ ਕਰਨਗੇ। ਉਹ ਈਟਾਨਗਰ ਵਿਖੇ 5,100 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਉਹ ਇੱਕ ਜਨਤਕ ਸਮਾਗਮ ਨੂੰ ਵੀ ਸੰਬੋਧਨ ਕਰਨਗੇ।
ਇਸ ਤੋਂ ਬਾਅਦ, ਉਹ ਤ੍ਰਿਪੁਰਾ ਜਾਣਗੇ ਅਤੇ ਮਾਤਾਬਾੜੀ ਵਿਖੇ 'ਮਾਤਾ ਤ੍ਰਿਪੁਰਾ ਸੁੰਦਰੀ ਮੰਦਰ ਕੰਪਲੈਕਸ' ਵਿੱਚ ਪੂਜਾ-ਅਰਚਨਾ ਕਰਨਗੇ ਅਤੇ ਵਿਕਾਸ ਕਾਰਜ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਅਰੁਣਾਚਲ ਪ੍ਰਦੇਸ਼ ਵਿੱਚ
ਖੇਤਰ ਦੀਆ ਵੱਡੀ ਪਣ-ਬਿਜਲੀ ਸਮਰੱਥਾ ਨੂੰ ਵਰਤਣ ਅਤੇ ਟਿਕਾਊ ਊਰਜਾ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ, ਪ੍ਰਧਾਨ ਮੰਤਰੀ ਈਟਾਨਗਰ ਵਿਖੇ 3,700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਦੋ ਵੱਡੇ ਪਣ-ਬਿਜਲੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਹੀਓ ਪਣ-ਬਿਜਲੀ ਪ੍ਰੋਜੈਕਟ (240 ਮੈਗਾਵਾਟ) ਅਤੇ ਤਾਟੋ-1 ਪਣ-ਬਿਜਲੀ ਪ੍ਰੋਜੈਕਟ (186 ਮੈਗਾਵਾਟ) ਅਰੁਣਾਚਲ ਪ੍ਰਦੇਸ਼ ਦੇ ਸਿਓਮ ਉਪ-ਘਾਟੀ ਵਿੱਚ ਵਿਕਸਤ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਤਵਾਂਗ ਵਿਖੇ ਇੱਕ ਅਤਿ-ਆਧੁਨਿਕ ਕਨਵੈਨਸ਼ਨ ਸੈਂਟਰ ਦਾ ਨੀਂਹ ਪੱਥਰ ਵੀ ਰੱਖਣਗੇ। ਤਵਾਂਗ ਦੇ ਸਰਹੱਦੀ ਜ਼ਿਲ੍ਹੇ ਵਿੱਚ 9,820 ਫੁੱਟ ਤੋਂ ਵੱਧ ਦੀ ਉਚਾਈ 'ਤੇ ਸਥਿਤ, ਇਹ ਕੇਂਦਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ, ਸੱਭਿਆਚਾਰਕ ਉਤਸਵਾਂ ਅਤੇ ਪ੍ਰਦਰਸ਼ਨੀਆਂ ਦੀ ਮੇਜ਼ਬਾਨੀ ਲਈ ਇੱਕ ਮਹੱਤਵਪੂਰਨ ਸਹੂਲਤ ਵਜੋਂ ਕੰਮ ਕਰੇਗਾ। 1,500 ਤੋਂ ਵੱਧ ਡੈਲੀਗੇਟਾਂ ਦੀ ਮੇਜ਼ਬਾਨੀ ਕਰਨ ਦੀ ਸਮਰੱਥਾ ਵਾਲਾ, ਇਹ ਕੇਂਦਰ ਆਲਮੀ ਮਿਆਰਾਂ ਦੇ ਮੁਤਾਬਕ ਹੋਵੇਗਾ ਅਤੇ ਖੇਤਰ ਦੀ ਸੈਰ-ਸਪਾਟਾ ਅਤੇ ਸੱਭਿਆਚਾਰਕ ਸੰਭਾਵਨਾ ਨੂੰ ਪ੍ਰਫੁੱਲਤ ਕਰੇਗਾ।
ਪ੍ਰਧਾਨ ਮੰਤਰੀ 1,290 ਕਰੋੜ ਰੁਪਏ ਤੋਂ ਵੱਧ ਦੇ ਕਈ ਬੁਨਿਆਦੀ ਢਾਂਚੇ ਦੇ ਮੁੱਖ ਪ੍ਰੋਜੈਕਟ ਵੀ ਸ਼ੁਰੂ ਕਰਨਗੇ, ਜੋ ਕਿ ਸੰਪਰਕ, ਸਿਹਤ, ਅੱਗ ਸੁਰੱਖਿਆ, ਕੰਮਕਾਜੀ ਮਹਿਲਾ ਹੋਸਟਲਾਂ ਸਮੇਤ ਵੱਖ-ਵੱਖ ਖੇਤਰਾਂ ਨੂੰ ਸੇਵਾਵਾਂ ਪ੍ਰਦਾਨ ਕਰਨਗੇ। ਇਨ੍ਹਾਂ ਪਹਿਲਕਦਮੀਆਂ ਨਾਲ ਆਰਥਿਕ ਗਤੀਵਿਧੀਆਂ ਨੂੰ ਹੱਲ੍ਹਾਸ਼ੇਰੀ ਮਿਲਣ, ਜੀਵਨ ਗੁਣਵੱਤਾ ਵਿੱਚ ਸੁਧਾਰ ਅਤੇ ਖੇਤਰ ਵਿੱਚ ਸੰਪਰਕ ਵਧਣ ਦੀ ਉਮੀਦ ਹੈ।
ਕਾਰੋਬਾਰ ਕਰਨ ਵਿੱਚ ਸੌਖ ਨੂੰ ਯਕੀਨੀ ਬਣਾਉਣ ਅਤੇ ਇੱਕ ਜੀਵੰਤ ਉੱਦਮੀ ਮਾਹੌਲ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਦੇ ਅਨੁਸਾਰ, ਪ੍ਰਧਾਨ ਮੰਤਰੀ ਸਥਾਨਕ ਕਰਦਾਤਾਵਾਂ, ਵਪਾਰੀਆਂ ਅਤੇ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕਰਨਗੇ ਤਾਂ ਜੋ ਹਾਲ ਹੀ ਵਿੱਚ ਜੀਐੱਸਟੀ ਦਰ ਤਰਕਸੰਗਤੀਕਰਨ ਦੇ ਅਸਰ 'ਤੇ ਚਰਚਾ ਕੀਤੀ ਜਾ ਸਕੇ।
ਪ੍ਰਧਾਨ ਮੰਤਰੀ ਤ੍ਰਿਪੁਰਾ ਵਿੱਚ
ਭਾਰਤ ਦੀ ਅਧਿਆਤਮਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਅਤੇ ਸੁਰੱਖਿਅਤ ਰੱਖਣ ਦੀ ਆਪਣੀ ਵਚਨਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਤੀਰਥ ਯਾਤਰਾ ਮੁੜ ਸੁਰਜੀਤੀ ਅਤੇ ਅਧਿਆਤਮਿਕ ਵਿਰਾਸਤ ਵਾਧਾ ਅਭਿਆਨ (ਪ੍ਰਸਾਦ) ਯੋਜਨਾ ਦੇ ਤਹਿਤ ਮਾਤਾਬਾੜੀ ਵਿਖੇ 'ਮਾਤਾ ਤ੍ਰਿਪੁਰਾ ਸੁੰਦਰੀ ਮੰਦਰ ਕੰਪਲੈਕਸ' ਦੇ ਵਿਕਾਸ ਕਾਰਜ ਦਾ ਉਦਘਾਟਨ ਕਰਨਗੇ। ਇਹ ਤ੍ਰਿਪੁਰਾ ਦੇ ਗੋਮਤੀ ਜ਼ਿਲ੍ਹੇ ਦੇ ਉਦੈਪੁਰ ਸ਼ਹਿਰ ਵਿੱਚ ਸਥਿਤ ਪ੍ਰਾਚੀਨ 51 ਸ਼ਕਤੀ ਪੀਠਾਂ ਵਿੱਚੋਂ ਇੱਕ ਹੈ।
ਉੱਪਰੋਂ ਕੱਛੂਆਂ ਦੇ ਦ੍ਰਿਸ਼ ਦੀ ਸ਼ਕਲ ਵਾਲੇ ਇਸ ਪ੍ਰੋਜੈਕਟ ਵਿੱਚ ਮੰਦਰ ਦੇ ਅਹਾਤੇ ਵਿੱਚ ਸੋਧਾਂ, ਨਵੇਂ ਰਸਤੇ, ਮੁਰੰਮਤ ਕੀਤੇ ਪ੍ਰਵੇਸ਼ ਦੁਆਰ ਅਤੇ ਵਾੜ, ਨਿਕਾਸੀ ਪ੍ਰਣਾਲੀ, ਇੱਕ ਨਵਾਂ ਤਿੰਨ-ਮੰਜ਼ਿਲਾ ਕੰਪਲੈਕਸ ਸ਼ਾਮਲ ਹੈ ਜਿਸ ਵਿੱਚ ਸਟਾਲ, ਧਿਆਨ ਹਾਲ, ਮਹਿਮਾਨ ਰਿਹਾਇਸ਼, ਦਫਤਰੀ ਕਮਰੇ ਸ਼ਾਮਲ ਹਨ। ਇਹ ਸੈਰ-ਸਪਾਟੇ ਨੂੰ ਹੁਲਾਰਾ ਦੇਣ, ਰੋਜ਼ਗਾਰ ਅਤੇ ਕਾਰੋਬਾਰੀ ਮੌਕੇ ਪੈਦਾ ਕਰਨ ਅਤੇ ਖੇਤਰ ਦੇ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਵੱਲ ਲੈ ਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
************
ਐੱਮਜੇਪੀਐੱਸ/ਵੀਜੇ
(Release ID: 2169225)