ਪ੍ਰਧਾਨ ਮੰਤਰੀ ਦਫਤਰ
ਗੁਜਰਾਤ ਦੇ ਭਾਵਨਗਰ ਵਿੱਚ "ਸਮੁੰਦਰ ਸੇ ਸਮ੍ਰਿੱਧੀ" ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ
Posted On:
20 SEP 2025 2:33PM by PIB Chandigarh
ਗੁਜਰਾਤ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸਰਬਾਨੰਦ ਸੋਨੋਵਾਲ ਜੀ, ਸੀਆਰ ਪਾਟਿਲ, ਮਨਸੁਖ ਭਾਈ ਮਾਂਡਵੀਆ, ਸ਼ਾਂਤਨੂ ਠਾਕੁਰ, ਨਿਮੁਬੇਨ ਬਾਭੰਣਿਆਂ, ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ 40 ਤੋਂ ਵੱਧ ਸਥਾਨਾਂ ਤੋਂ ਜੁੜੇ, ਸਾਰੀਆਂ ਪ੍ਰਮੁੱਖ ਬੰਦਰਗਾਹਾਂ ਤੋਂ ਜੁੜੇ, ਵੱਖ-ਵੱਖ ਸੂਬਿਆਂ ਦੇ ਮੰਤਰੀ ਸਾਹਿਬਾਨ, ਸੀਨੀਅਰ ਅਧਿਕਾਰੀ ਸਾਹਿਬਾਨ, ਹੋਰ ਪਤਵੰਤੇ ਅਤੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਤੁਹਾਡਾ ਸਾਰਿਆਂ ਦਾ ਅਭਿਨੰਦਨ।
ਸਾਡੇ ਭਾਵਨਗਰ ਨੇ ਧੂਮ ਮਚਾ ਦਿੱਤੀ ਹੈ, ਹਾਂ ਹੁਣ ਕਰੰਟ ਆਇਆ। ਮੈਂ ਇੱਥੇ ਦੇਖ ਸਕਦਾ ਹਾਂ ਕਿ ਪੰਡਾਲ ਦੇ ਬਾਹਰ ਲੋਕਾਂ ਦਾ ਸਮੁੰਦਰ ਦਿਖਾਈ ਦੇ ਰਿਹਾ ਹੈ। ਏਨੀ ਵੱਡੀ ਗਿਣਤੀ ਵਿੱਚ ਤੁਸੀਂ ਸਾਰੇ ਆਸ਼ੀਰਵਾਦ ਦੇਣ ਲਈ ਆਏ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ।
ਸਾਥੀਓ,
ਇਹ ਪ੍ਰੋਗਰਾਮ ਭਾਵਨਗਰ ਵਿੱਚ ਹੋ ਰਿਹਾ ਹੈ, ਪਰ ਇਹ ਪ੍ਰੋਗਰਾਮ ਪੂਰੇ ਦੇਸ਼ ਦਾ ਹੈ। ਅੱਜ, ਭਾਵਨਗਰ ਇੱਕ ਮਾਧਿਅਮ ਹੈ ਅਤੇ ਸਮੁੱਚੇ ਭਾਰਤ ਵਿੱਚ ਸਮੁੰਦਰ ਤੋਂ ਖੁਸ਼ਹਾਲੀ ਵੱਲ ਜਾਣ ਦੀ ਸਾਡੀ ਦਿਸ਼ਾ ਕੀ ਹੈ, ਉਸ ਦ ਲਈ ਅੱਜ ਇਸ ਮਹੱਤਵਪੂਰਨ ਪ੍ਰੋਗਰਾਮ ਦਾ ਕੇਂਦਰ ਭਾਵਨਗਰ ਨੂੰ ਚੁਣਿਆ ਗਿਆ ਹੈ। ਗੁਜਰਾਤ ਦੇ ਲੋਕਾਂ ਨੂੰ, ਭਾਵਨਗਰ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ।
ਸਾਥੀਓ,
ਹੁਣੇ 17 ਸਤੰਬਰ ਨੂੰ ਤੁਸੀਂ ਸਾਰਿਆਂ ਨੇ ਆਪਣੇ ਨਰੇਂਦਰ ਭਾਈ ਨੂੰ ਜੋ ਸ਼ੁਭਕਾਮਨਾਵਾਂ ਭੇਜੀਆਂ ਹਨ, ਦੇਸ਼ ਅਤੇ ਦੁਨੀਆ ਤੋਂ ਜੋ ਸ਼ੁਭਕਾਮਨਾਵਾਂ ਮਿਲੀਆਂ ਹਨ, ਵਿਅਕਤੀਗਤ ਤੌਰ 'ਤੇ ਸਾਰਿਆਂ ਦਾ ਧੰਨਵਾਦ ਕਰਨਾ ਸੰਭਵ ਨਹੀਂ ਹੈ, ਪਰ, ਭਾਰਤ ਅਤੇ ਦੁਨੀਆ ਦੇ ਕੋਨੇ-ਕੋਨੇ ਤੋਂ ਮੈਨੂੰ ਜੋ ਪਿਆਰ ਅਤੇ ਆਸ਼ੀਰਵਾਦ ਮਿਲਿਆ ਹੈ, ਉਹ ਮੇਰੀ ਸਭ ਤੋਂ ਵੱਡੀ ਸੰਪਤੀ ਹੈ, ਮੇਰੀ ਸਭ ਤੋਂ ਵੱਡੀ ਤਾਕਤ ਹੈ। ਇਸ ਲਈ, ਮੈਂ ਜਨਤਕ ਤੌਰ 'ਤੇ ਅੱਜ ਦੇਸ਼ ਅਤੇ ਦੁਨੀਆ ਦੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਇੱਥੇ, ਇੱਕ ਬੇਟੀ ਇੱਕ ਚਿੱਤਰ ਬਣਾਕੇ ਲਿਆਈ, ਉੱਥੇ ਇੱਕ ਬੇਟਾ ਲੈ ਕੇ ਆਇਆ ਹੈ, ਜ਼ਰਾ ਇਸ ਨੂੰ ਲੈ ਲਓ। ਇਨ੍ਹਾਂ ਬੱਚਿਆਂ ਨੂੰ ਮੇਰਾ ਬਹੁਤ-ਬਹੁਤ ਆਸ਼ੀਰਵਾਦ। ਧੰਨਵਾਦ, ਜੋ ਲੋਕ ਲਿਆਏ ਹਨ। ਮੈਂ ਤੁਹਾਡੇ ਪਿਆਰ ਲਈ ਤੁਹਾਡਾ ਧੰਨਵਾਦੀ ਹਾਂ। ਤੁਸੀਂ ਬਹੁਤ ਮਿਹਨਤ ਕੀਤੀ ਹੈ। ਧੰਨਵਾਦ, ਜੀ। ਧੰਨਵਾਦ, ਬੇਟਾ। ਧੰਨਵਾਦ, ਦੋਸਤ।
ਸਾਥੀਓ,
ਵਿਸ਼ਵਕਰਮਾ ਜਯੰਤੀ ਤੋਂ ਲੈ ਕੇ ਗਾਂਧੀ ਜਯੰਤੀ ਤੱਕ, ਭਾਵ 17 ਸਤੰਬਰ ਤੋਂ 2 ਅਕਤੂਬਰ ਤੱਕ, ਦੇਸ਼ ਭਰ ਵਿੱਚ ਲੱਖਾਂ ਲੋਕ ਸੇਵਾ ਪੰਦਰਵਾੜਾ ਮਨਾ ਰਹੇ ਹਨ। ਮੈਨੂੰ ਦੱਸਿਆ ਗਿਆ ਹੈ ਕਿ ਗੁਜਰਾਤ ਵੀ ਇਸ ਸਮੇਂ 15 ਦਿਨਾਂ ਦਾ ਸੇਵਾ ਪੰਦਰਵਾੜਾ ਮਨਾ ਰਿਹਾ ਹੈ। ਪਰ, ਪਿਛਲੇ ਦੋ ਜਾਂ ਤਿੰਨ ਦਿਨਾਂ ਵਿੱਚ, ਸੇਵਾ ਪੰਦਰਵਾੜੇ ਦੌਰਾਨ ਕਈ ਸਮਾਗਮ ਹੋਏ ਹਨ, ਸੈਂਕੜੇ ਥਾਵਾਂ 'ਤੇ ਖ਼ੂਨਦਾਨ ਕੈਂਪ ਲਗਾਏ ਗਏ ਅਤੇ ਇਨ੍ਹਾਂ ਵਿੱਚ ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕ ਖ਼ੂਨਦਾਨ ਕਰ ਚੁੱਕੇ ਹਨ। ਇਹ ਸਿਰਫ਼ ਮੈਨੂੰ ਜੋ ਗੁਜਰਾਤ ਦੀ ਜਾਣਕਾਰੀ ਮਿਲੀ ਹੈ, ਉਹ ਦੱਸ ਰਿਹਾ ਹਾਂ। ਕਈ ਸ਼ਹਿਰਾਂ ਵਿੱਚ ਸਫਾਈ ਮੁਹਿੰਮਾਂ ਚਲਾਈਆਂ ਗਈਆਂ, ਅਤੇ ਲੱਖਾਂ ਲੋਕਾਂ ਨੇ ਇਨ੍ਹਾਂ ਸਫਾਈ ਮੁਹਿੰਮਾਂ ਵਿੱਚ ਹਿੱਸਾ ਲਿਆ। ਸੂਬੇ ਭਰ ਵਿੱਚ 30,000 ਤੋਂ ਵੱਧ ਥਾਵਾਂ 'ਤੇ, ਇਹ ਅੰਕੜਾ ਬਹੁਤ ਵੱਡਾ ਹੈ, ਸਿਹਤ ਕੈਂਪ ਲਗਾਏ ਗਏ ਹਨ- ਜਿੱਥੇ ਲੋਕਾਂ ਨੂੰ ਜਾਂਚ ਅਤੇ ਇਲਾਜ ਦੀ ਮਦਦ ਦਿੱਤੀ ਜਾ ਰਹੀ ਹੈ, ਖ਼ਾਸਕਰ ਔਰਤਾਂ ਨੂੰ ਸਿਹਤ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ। ਦੇਸ਼-ਭਰ ਵਿੱਚ ਸੇਵਾ ਕਾਰਜਾਂ ਨਾਲ ਜੁੜੇ ਹਰ ਇੱਕ ਦਾ ਮੈਂ ਅਭਿਨੰਦਨ ਕਰਦਾ ਹਾਂ ਅਤੇ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
ਸਾਥੀਓ,
ਅੱਜ, ਇਸ ਸਮਾਗਮ ਵਿੱਚ, ਮੈਂ ਸਭ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਸਿੰਘ ਜੀ ਨੂੰ ਯਾਦ ਕਰਦਾ ਹਾਂ। ਸਰਦਾਰ ਸਾਹਿਬ ਦੇ ਮਿਸ਼ਨ ਨਾਲ ਜੁੜਦੇ ਹੋਏ ਉਨ੍ਹਾਂ ਨੇ ਭਾਰਤ ਦੀ ਏਕਤਾ ਲਈ ਬਹੁਤ ਵੱਡਾ ਯੋਗਦਾਨ ਦਿੱਤਾ। ਅੱਜ ਅਜਿਹੇ ਹੀ ਮਹਾਨ ਦੇਸ਼-ਭਗਤਾਂ ਦੀ ਪ੍ਰੇਰਣਾ ਨਾਲ ਅਸੀਂ ਭਾਰਤ ਦੀ ਏਕਤਾ ਨੂੰ ਮਜ਼ਬੂਤ ਕਰ ਰਹੇ ਹਾਂ, ਇਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਮਜ਼ਬੂਤ ਕਰ ਰਹੇ ਹਾਂ।
ਸਾਥੀਓ,
ਅੱਜ ਮੈਂ ਅਜਿਹੇ ਸਮੇਂ ਵਿੱਚ ਭਾਵਨਗਰ ਆਇਆ ਹਾਂ, ਜਦੋਂ ਨਵਰਾਤਰੀ ਦਾ ਪਵਿੱਤਰ ਤਿਉਹਾਰ ਸ਼ੁਰੂ ਹੋਣ ਵਾਲਾ ਹੈ। ਇਸ ਵਾਰ ਜੀਐੱਸਟੀ ਵਿੱਚ ਕਟੌਤੀ ਨਾਲ, ਬਜ਼ਾਰਾਂ ਵਿੱਚ ਰੌਣਕ ਹੋਰ ਵੀ ਵਧਣ ਵਾਲੀ ਹੈ, ਅਤੇ ਇਸੇ ਤਿਉਹਾਰੀ ਮਾਹੌਲ ਵਿੱਚ ਅੱਜ ਅਸੀਂ ਸਮੁੰਦਰ ਤੋਂ ਸਮ੍ਰਿਧੀ ਦਾ ਮਹਾ ਉਤਸਵ ਮਨਾ ਰਹੇ ਹਾਂ। ਭਾਵਨਗਰ ਦੇ ਭਰਾਵੋ, ਮੈਨੂੰ ਮਾਫ ਕਰਨਾ, ਮੈਨੂੰ ਹਿੰਦੀ ਵਿੱਚ ਹੀ ਬੋਲਣਾ ਪੈ ਰਿਹਾ ਹੈ, ਕਿਉਂਕਿ ਦੇਸ਼-ਭਰ ਦੇ ਲੋਕ ਇਸ ਵਿੱਚ ਸ਼ਾਮਲ ਹਨ। ਦੇਸ਼-ਭਰ ਦੇ ਲੱਖਾਂ ਲੋਕ ਜਦੋਂ ਇਸ ਪ੍ਰੋਗਰਾਮ ਨਾਲ ਜੁੜੇ ਹੋਣ, ਤਾਂ ਤੁਹਾਡੇ ਕੋਲੋਂ ਖ਼ਿਮਾ ਮੰਗਦੇ ਹੋਏ ਮੈਨੂੰ ਹਿੰਦੀ ਵਿੱਚ ਹੀ ਗੱਲ ਕਰਨੀ ਪਵੇਗੀ।
ਸਾਥੀਓ,
21ਵੀਂ ਸਦੀ ਦਾ ਭਾਰਤ, ਅੱਜ ਸਮੁੰਦਰ ਨੂੰ ਬਹੁਤ ਵੱਡੇ ਮੌਕੇ ਵਜੋਂ ਦੇਖ ਰਿਹਾ ਹੈ। ਥੋੜ੍ਹੀ ਦੇਰ ਪਹਿਲਾਂ, ਇੱਥੇ ਪੋਰਟ-ਲੇਡ ਡਿਵੈਲਪਮੈਂਟ ਨੂੰ ਤੇਜ਼ ਕਰਨ ਲਈ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ ਗਿਆ ਹੈ। ਦੇਸ਼ ਵਿੱਚ ਕਰੂਜ਼ ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਲਈ ਅੱਜ ਮੁੰਬਈ ਵਿੱਚ ਇੰਟਰਨੈਸ਼ਨਲ ਕਰੂਜ਼ ਟਰਮੀਨਲ ਦਾ ਵੀ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਭਾਵਨਗਰ ਦੇ, ਗੁਜਰਾਤ ਦੇ ਵਿਕਾਸ ਨਾਲ ਜੁੜੇ ਕਈ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ। ਮੈਂ ਸਾਰੇ ਦੇਸ਼ਵਾਸੀਆਂ ਅਤੇ ਗੁਜਰਾਤ ਦੇ ਲੋਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਭਾਰਤ ਅੱਜ ਵਿਸ਼ਵ-ਬੰਧੁ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ। ਦੁਨੀਆਂ ਵਿੱਚ ਸਾਡਾ ਕੋਈ ਵੱਡਾ ਦੁਸ਼ਮਣ ਨਹੀਂ ਹੈ। ਸੱਚੇ ਅਰਥਾਂ ਵਿੱਚ ਜੇ ਸਾਡਾ ਕੋਈ ਦੁਸ਼ਮਣ ਹੈ, ਤਾਂ ਉਹ ਹੈ—ਦੂਜੇ ਦੇਸ਼ਾਂ 'ਤੇ ਸਾਡੀ ਨਿਰਭਰਤਾ। ਇਹੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ। ਅਤੇ ਸਾਨੂੰ ਮਿਲ ਕੇ ਭਾਰਤ ਦੇ ਇਸ ਦੁਸ਼ਮਣ ਨੂੰ, ਨਿਰਭਰਤਾ ਵਾਲੇ ਦੁਸ਼ਮਣ ਨੂੰ ਹਰਾਉਣਾ ਪਵੇਗਾ। ਇਹ ਗੱਲ ਅਸੀਂ ਹਮੇਸ਼ਾ ਦੁਹਰਾਉਣੀ ਹੈ—ਜਿੰਨੀ ਜ਼ਿਆਦਾ ਵਿਦੇਸ਼ੀ ਨਿਰਭਰਤਾ, ਓਨੀ ਜ਼ਿਆਦਾ ਦੇਸ਼ ਦੀ ਅਸਫ਼ਲਤਾ, ਵਿਸ਼ਵ ਵਿੱਚ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਲਈ, ਦੁਨੀਆਂ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਨੂੰ ਆਤਮਨਿਰਭਰ ਬਣਨਾ ਹੀ ਪਵੇਗਾ। ਅਸੀਂ ਦੂਜਿਆਂ 'ਤੇ ਨਿਰਭਰ ਰਹਾਂਗੇ, ਤਾਂ ਸਾਡੇ ਆਤਮ-ਸਨਮਾਨ ਨੂੰ ਵੀ ਸੱਟ ਖਾਣੀ ਪਵੇਗੀ। 140 ਕਰੋੜ ਦੇਸ਼ਵਾਸੀਆਂ ਦੇ ਭਵਿੱਖ ਨੂੰ ਅਸੀਂ ਦੂਜਿਆਂ 'ਤੇ ਨਹੀਂ ਛੱਡ ਸਕਦੇ, ਦੇਸ਼ ਦੇ ਵਿਕਾਸ ਦੇ ਸੰਕਲਪ ਨੂੰ ਅਸੀਂ ਦੂਜਿਆਂ ਦੀ ਨਿਰਭਰਤਾ 'ਤੇ ਨਹੀਂ ਛੱਡ ਸਕਦੇ, ਅਸੀਂ ਭਵਿੱਖ ਦੀ ਪੀੜ੍ਹੀ ਦੇ ਭਵਿੱਖ ਨੂੰ ਦਾਅ 'ਤੇ ਨਹੀਂ ਲਾ ਸਕਦੇ।
ਅਤੇ ਇਸ ਲਈ, ਭਰਾਵੋ ਅਤੇ ਭੈਣੋ,
ਸਾਡੇ ਇੱਥੇ ਗੁਜਰਾਤੀ ਵਿੱਚ ਕਿਹਾ ਜਾਂਦਾ ਹੈ, ‘ਸੌ ਦੁੱਖਾਂ ਦੀ ਇੱਕੋ ਦਵਾਈ’। ਸੌ ਦੁੱਖਾਂ ਦੀ ਇੱਕੋ ਦਵਾਈ ਹੈ ਅਤੇ ਉਹ ਹੈ ਆਤਮ-ਨਿਰਭਰ ਭਾਰਤ। ਪਰ ਇਸ ਲਈ ਸਾਨੂੰ ਚੁਣੌਤੀਆਂ ਦਾ ਟਾਕਰਾ ਕਰਨਾ ਹੋਵੇਗਾ, ਸਾਨੂੰ ਦੂਜੇ ਦੇਸ਼ਾਂ 'ਤੇ ਆਪਣੀ ਨਿਰਭਰਤਾ ਲਗਾਤਾਰ ਘਟਾਉਣੀ ਹੋਵੇਗੀ। ਅਤੇ ਹੁਣ ਭਾਰਤ ਨੂੰ ਆਤਮਨਿਰਭਰ ਬਣ ਕੇ ਦੁਨੀਆ ਦੇ ਸਾਹਮਣੇ ਮਜ਼ਬੂਤੀ ਨਾਲ ਖੜ੍ਹਾ ਹੋਣਾ ਹੀ ਹੋਵੇਗਾ।
ਭਰਾਵੋ ਅਤੇ ਭੈਣੋ,
ਭਾਰਤ ਵਿੱਚ ਸਮਰੱਥਾ ਦੀ ਕੋਈ ਘਾਟ ਨਹੀਂ ਹੈ। ਪਰ ਅਜ਼ਾਦੀ ਦੇ ਬਾਅਦ ਕਾਂਗਰਸ ਨੇ ਭਾਰਤ ਦੀ ਹਰ ਸਮਰੱਥਾ ਨੂੰ ਨਜ਼ਰਅੰਦਾਜ਼ ਕੀਤਾ। ਇਸ ਲਈ, ਆਜ਼ਾਦੀ ਦੇ 6-7 ਦਹਾਕਿਆਂ ਬਾਅਦ ਵੀ ਭਾਰਤ ਉਹ ਸਫਲਤਾ ਹਾਸਲ ਨਹੀਂ ਕਰ ਸਕਿਆ, ਜਿਸਦੇ ਅਸੀਂ ਹੱਕਦਾਰ ਸੀ। ਇਸਦੇ ਦੋ ਵੱਡੇ ਕਾਰਨ ਰਹੇ—ਲੰਬੇ ਸਮੇਂ ਤੱਕ ਕਾਂਗਰਸ ਸਰਕਾਰ ਨੇ ਦੇਸ਼ ਨੂੰ ਲਾਇਸੈਂਸ-ਕੋਟਾ ਰਾਜ ਵਿੱਚ ਉਲਝਾ ਕੇ ਰੱਖਿਆ ਅਤੇ ਦੁਨੀਆ ਦੇ ਬਜ਼ਾਰ ਤੋਂ ਵੱਖ ਰੱਖਿਆ। ਅਤੇ ਫਿਰ ਜਦੋਂ ਗਲੋਬਲਾਈਜ਼ੇਸ਼ਨ ਦਾ ਦੌਰ ਆਇਆ, ਤਾਂ ਸਿਰਫ਼ ਅਯਾਤ ਦਾ ਹੀ ਰਸਤਾ ਅਪਣਾਇਆ ਗਿਆ। ਅਤੇ ਉਸ ਵਿੱਚ ਵੀ ਹਜ਼ਾਰਾਂ-ਲੱਖਾਂ ਕਰੋੜ ਰੁਪਏ ਦੇ ਘੋਟਾਲੇ ਕੀਤੇ ਗਏ। ਕਾਂਗਰਸ ਸਰਕਾਰਾਂ ਦੀਆਂ ਇਹ ਨੀਤੀਆਂ ਦੇਸ਼ ਦੇ ਨੌਜਵਾਨਾਂ ਲਈ ਬਹੁਤ ਹਾਨੀਕਾਰਕ ਸਾਬਿਤ ਹੋਈਆਂ। ਇਨ੍ਹਾਂ ਨੀਤੀਆਂ ਨੇ ਭਾਰਤ ਦੀ ਅਸਲੀ ਤਾਕਤ ਨੂੰ ਸਾਹਮਣੇ ਆਉਣ ਤੋਂ ਰੋਕ ਦਿੱਤਾ।
ਸਾਥੀਓ,
ਦੇਸ਼ ਨੂੰ ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਇੱਕ ਵੱਡਾ ਉਦਾਹਰਣ ਸਾਡਾ ਸ਼ਿਪਿੰਗ ਸੈਕਟਰ ਹੈ। ਤੁਸੀਂ ਵੀ ਜਾਣਦੇ ਹੋ ਕਿ ਭਾਰਤ ਸਦੀਆਂ ਤੋਂ ਦੁਨੀਆਂ ਦੀ ਇੱਕ ਵੱਡੀ ਸਮੁੰਦਰੀ ਤਾਕਤ ਰਿਹਾ ਹੈ, ਅਸੀਂ ਦੁਨੀਆਂ ਵਿੱਚ ਸ਼ਿਪ ਬਿਲਡਿੰਗ ਦੇ ਸਭ ਤੋਂ ਵੱਡੇ ਸੈਂਟਰਾਂ ਵਿੱਚੋਂ ਇੱਕ ਸੀ। ਭਾਰਤ ਦੇ ਤਟਵਰਤੀ ਸੂਬਿਆਂ ਵਿੱਚ ਬਣੇ ਜਹਾਜ਼, ਦੇਸ਼ ਅਤੇ ਦੁਨੀਆਂ ਦੇ ਵਪਾਰ-ਕਾਰੋਬਾਰ ਨੂੰ ਗਤੀ ਦਿੰਦੇ ਸਨ। ਇੱਥੋਂ ਤੱਕ ਕਿ ਅੱਜ ਤੋਂ 50 ਸਾਲ ਪਹਿਲਾਂ ਤੱਕ ਵੀ ਅਸੀਂ ਭਾਰਤ ਵਿੱਚ ਬਣੇ ਜਹਾਜ਼ਾਂ ਦਾ ਇਸਤੇਮਾਲ ਕਰਦੇ ਸੀ। ਉਸ ਦੌਰ ਵਿੱਚ ਭਾਰਤ ਦਾ ਚਾਲੀ ਪ੍ਰਤੀਸ਼ਤ (40%) ਤੋਂ ਵੱਧ ਅਯਾਤ-ਨਿਰਯਾਤ ਦੇ ਕਾਰੋਬਾਰ, ਦੇਸ਼ ਵਿੱਚ ਬਣੇ ਜਹਾਜ਼ਾਂ ਨਾਲ ਹੁੰਦਾ ਸੀ। ਪਰ ਫਿਰ, ਦੇਸ਼ ਦਾ ਸ਼ਿਪਿੰਗ ਸੈਕਟਰ ਵੀ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਦਾ ਸ਼ਿਕਾਰ ਹੋ ਗਿਆ। ਕਾਂਗਰਸ ਨੇ ਭਾਰਤ ਵਿੱਚ ਜਹਾਜ਼ ਨਿਰਮਾਣ 'ਤੇ ਜ਼ੋਰ ਦੇਣ ਦੀ ਬਜਾਏ, ਵਿਦੇਸ਼ੀ ਜਹਾਜ਼ਾਂ ਨੂੰ ਕਿਰਾਇਆ - ਭਾੜਾ ਦੇਣਾ ਬਿਹਤਰ ਸਮਝਿਆ। ਇਸ ਨਾਲ ਭਾਰਤ ਵਿੱਚ ਸ਼ਿਪ-ਬਿਲਡਿੰਗ ਦਾ ਈਕੋਸਿਸਟਮ ਠੱਪ ਹੋ ਗਿਆ ਅਤੇ ਵਿਦੇਸ਼ੀ ਜਹਾਜ਼ਾਂ 'ਤੇ ਨਿਰਭਰਤਾ ਸਾਡੀ ਮਜ਼ਬੂਰੀ ਬਣ ਗਈ। ਨਤੀਜਾ ਇਹ ਹੋਇਆ ਕਿ 50 ਸਾਲ ਪਹਿਲਾਂ ਜਿੱਥੇ ਚਾਲੀ ਪ੍ਰਤੀਸ਼ਤ ਵਪਾਰ ਭਾਰਤੀ ਜਹਾਜ਼ਾਂ 'ਤੇ ਹੁੰਦਾ ਸੀ, ਉਹ ਹਿੱਸਾ ਘਟ ਕੇ ਸਿਰਫ਼ ਪੰਜ ਪ੍ਰਤੀਸ਼ਤ ਰਹਿ ਗਿਆ। ਮਤਲਬ, ਸਾਡੇ 95 ਪ੍ਰਤੀਸ਼ਤ ਵਪਾਰ ਲਈ ਅਸੀਂ ਵਿਦੇਸ਼ੀ ਜਹਾਜ਼ਾਂ 'ਤੇ ਨਿਰਭਰ ਹੋ ਗਏ। ਵਿਦੇਸ਼ੀ ਜਹਾਜ਼ਾਂ 'ਤੇ ਇਸ ਨਿਰਭਰਤਾ ਕਾਰਨ ਸਾਨੂੰ ਬਹੁਤ ਵੱਡਾ ਨੁਕਸਾਨ ਸਹਿਣਾ ਪਾਇਆ।
ਸਾਥੀਓ,
ਅੱਜ ਮੈਂ ਦੇਸ਼ ਦੇ ਸਾਹਮਣੇ ਕੁਝ ਅੰਕੜੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਦੇਸ਼ਵਾਸੀ ਇਹ ਜਾਣ ਕੇ ਹੈਰਾਨ ਰਹਿ ਜਾਣਗੇ ਕਿ ਅੱਜ ਭਾਰਤ ਹਰ ਸਾਲ ਲਗਭਗ 75 ਬਿਲੀਅਨ ਡਾਲਰ, ਯਾਨੀ ਤਕਰੀਬਨ ਛੇ ਲੱਖ ਕਰੋੜ ਰੁਪਏ ਵਿਦੇਸ਼ੀ ਸ਼ਿਪਿੰਗ ਕੰਪਨੀਆਂ ਨੂੰ ਸ਼ਿਪਿੰਗ ਸੇਵਾਵਾਂ ਲਈ ਦਿੰਦਾ ਹੈ, ਕਿਰਾਇਆ ਦਿੰਦਾ ਹੈ। ਇਹ ਅੱਜ ਭਾਰਤ ਦੇ ਰੱਖਿਆ ਬਜਟ ਦੇ ਬਰਾਬਰ ਹੈ। ਤੁਸੀਂ ਕਲਪਨਾ ਕਰੋ, ਸੱਤ ਦਹਾਕਿਆਂ ਵਿੱਚ ਅਸੀਂ ਸਿਰਫ਼ ਕਿਰਾਏ ਦੇ ਰੂਪ ਵਿੱਚ ਕਿੰਨਾ ਪੈਸਾ ਦੂਜੇ ਦੇਸ਼ਾਂ ਨੂੰ ਦਿੱਤਾ ਹੈ। ਸਾਡੇ ਪੈਸਿਆਂ ਨਾਲ ਵਿਦੇਸ਼ਾਂ ਵਿੱਚ ਲੱਖਾਂ ਨੌਕਰੀਆਂ ਪੈਦਾ ਹੋਈਆਂ। ਸੋਚੋ, ਏਨੇ ਸਾਰੇ ਪੈਸਿਆਂ ਦਾ, ਜੇ ਇੱਕ ਛੋਟਾ ਜਿਹਾ ਹਿੱਸਾ ਪਹਿਲੀਆਂ ਸਰਕਾਰਾਂ ਆਪਣੇ ਸ਼ਿਪਿੰਗ ਉਦਯੋਗ 'ਤੇ ਲਾਉਂਦੀਆਂ, ਤਾਂ ਅੱਜ ਦੁਨੀਆਂ ਸਾਡੇ ਜਹਾਜ਼ਾਂ ਦੀ ਵਰਤੋਂ ਕਰ ਰਹੀ ਹੁੰਦੀ, ਸਾਨੂੰ ਲੱਖਾਂ-ਕਰੋੜ ਰੁਪਏ ਸ਼ਿਪਿੰਗ ਸੇਵਾਵਾਂ ਦੇ ਰੂਪ ਵਿੱਚ ਮਿਲ ਰਹੇ ਹੁੰਦੇ ਅਤੇ ਸਾਡੇ ਬਚ ਜਾਂਦੇ ਉਹ ਵੱਖ।
ਸਾਥੀਓ,
ਭਾਰਤ ਨੂੰ ਜੇ 2047 ਤੱਕ, ਜਦੋਂ ਦੇਸ਼ ਦੀ ਆਜ਼ਾਦੀ ਦੇ 100 ਸਾਲ ਹੋਣਗੇ, 2047 ਤੱਕ ਵਿਕਸਤ ਹੋਣਾ ਹੈ, ਤਾਂ ਭਾਰਤ ਨੂੰ ਆਤਮ-ਨਿਰਭਰ ਹੋਣਾ ਹੀ ਪਵੇਗਾ। ਆਤਮਨਿਰਭਰ ਹੋਣ ਤੋਂ ਇਲਾਵਾ ਭਾਰਤ ਕੋਲ ਕੋਈ ਬਦਲ ਨਹੀਂ ਹੈ। 140 ਕਰੋੜ ਦੇਸ਼ਵਾਸੀਆਂ ਦਾ ਇੱਕੋ ਹੀ ਸੰਕਲਪ ਹੋਣਾ ਚਾਹੀਦਾ ਹੈ—ਚਿੱਪ ਹੋਵੇ ਜਾਂ ਸ਼ਿਪ, ਸਾਨੂੰ ਸਭ ਕੁਝ ਭਾਰਤ ਵਿੱਚ ਹੀ ਬਣਾਉਣਾ ਹੋਵੇਗਾ। ਇਸੀ ਸੋਚ ਦੇ ਨਾਲ ਅੱਜ ਭਾਰਤ ਦਾ ਸਮੁੰਦਰੀ ਸੈਕਟਰ ਵੀ ਅਗਲੀ ਪੀੜ੍ਹੀ ਦੇ ਸੁਧਾਰ ਕਰਨ ਜਾ ਰਿਹਾ ਹੈ। ਅੱਜ ਤੋਂ ਦੇਸ਼ ਦੇ ਹਰ ਮੁੱਖ ਬੰਦਰਗਾਹ ਨੂੰ ਵੱਖ-ਵੱਖ ਦਸਤਾਵੇਜ਼ਾਂਨੌਸ ਅਤੇ ਵੱਖ-ਵੱਖ ਪ੍ਰਕਿਰਿਆਵਾਂ ਤੋਂ ਮੁਕਤੀ ਮਿਲੇਗੀ। ‘ਵਨ ਨੇਸ਼ਨ, ਵਨ ਡੌਕੂਮੈਂਟ’ ਅਤੇ ‘ਵਨ ਨੇਸ਼ਨ, ਵਨ ਪੋਰਟ ਪ੍ਰੋਸੈਸ’ ਨਾਲ ਵਪਾਰ-ਕਾਰੋਬਾਰ ਹੋਰ ਸੌਖਾ ਹੋ ਜਾਵੇਗਾ। ਹਾਲ ਹੀ ਵਿੱਚ, ਜਿਵੇਂ ਸਾਡੇ ਮੰਤਰੀ ਸਰਬਾਨੰਦ ਸੋਨੋਵਾਲ ਜੀ ਨੇ ਦੱਸਿਆ, ਮੌਨਸੂਨ ਸੈਸ਼ਨ ਦੌਰਾਨ ਸੰਸਦ ਵਿੱਚ ਅਸੀਂ ਇਨ੍ਹਾਂ ਕਈ ਪੁਰਾਣੇ ਕਾਨੂੰਨਾਂ ਨੂੰ ਬਦਲਿਆ ਹੈ, ਜੋ ਅੰਗਰੇਜ਼ਾਂ ਦੇ ਸਮੇਂ ਤੋਂ ਚੱਲ ਰਹੇ ਸਨ। ਅਸੀਂ ਸਮੁੰਦਰੀ ਸੈਕਟਰ ਵਿੱਚ ਕਈ ਸੁਧਾਰ ਕਰਨ ਦੀ ਸ਼ੁਰੂਆਤ ਕੀਤੀ ਹੈ। ਸਾਡੀ ਸਰਕਾਰ ਨੇ ਪੰਜ ਮੇਰੀਟਾਈਮ ਕਾਨੂੰਨਾਂ ਨੂੰ ਨਵੇਂ ਅਵਤਾਰ ਵਿੱਚ ਦੇਸ਼ ਦੇ ਸਾਹਮਣੇ ਰੱਖਿਆ ਹੈ। ਇਨ੍ਹਾਂ ਕਾਨੂੰਨਾਂ ਨਾਲ ਅਤੇ ਇਨ੍ਹਾਂ ਦੇ ਆਉਣ ਨਾਲ ਸ਼ਿਪਿੰਗ ਸੈਕਟਰ ਵਿੱਚ, ਪੋਰਟ ਗਵਰਨੈਂਸ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਵੇਗਾ।
ਸਾਥੀਓ,
ਭਾਰਤ ਸਦੀਆਂ ਤੋਂ ਵੱਡੇ-ਵੱਡੇ ਜਹਾਜ਼ ਬਣਾਉਣ ਵਿੱਚ ਮਾਹਰ ਰਿਹਾ ਹੈ। ‘ਨੇਕਸਟ ਜੇਨਰੇਸ਼ਨ ਰਿਫਾਰਮਸ’ ਦੇਸ਼ ਦੇ ਇਸ ਭੁੱਲੇ ਹੋਏ ਮਾਣ ਨੂੰ ਮੁੜ ਲਿਆਉਣ ਵਿੱਚ ਸਹਾਇਕ ਸਾਬਤ ਹੋਣਗੇ। ਪਿਛਲੇ ਦਹਾਕੇ ਵਿੱਚ ਅਸੀਂ 40 ਤੋਂ ਵੱਧ ਜਹਾਜ਼ ਅਤੇ ਪਣਡੁੱਬੀਆਂ ਨੇਵੀ ਵਿੱਚ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਵਿੱਚੋਂ ਇੱਕ-ਦੋ ਨੂੰ ਛੱਡ ਕੇ, ਇਹ ਸਾਰੇ ਜਹਾਜ਼ ਅਸੀਂ ਭਾਰਤ ਵਿੱਚ ਹੀ ਬਣਾਏ ਹਨ। ਤੁਸੀਂ ਆਈਐੱਨਐੱਸ ਵਿਕਰਾਂਤ ਬਾਰੇ ਸੁਣਿਆ ਹੋਵੇਗਾ—ਏਨਾ ਵਿਸ਼ਾਲ ਆਈਐੱਨਐੱਸ -ਵਿਕਰਾਂਤ ਵੀ ਭਾਰਤ ਵਿੱਚ ਹੀ ਬਣਿਆ ਹੈ। ਇਸਨੂੰ ਬਣਾਉਣ ਲਈ ਵਰਤੀ ਗਈ ਉੱਚ ਗੁਣਵੱਤਾ ਵਾਲੀ ਸਟੀਲ ਵੀ ਭਾਰਤ ਵਿੱਚ ਹੀ ਬਣੀ ਸੀ। ਮਤਲਬ ਸਾਡੇ ਕੋਲ ਸਮਰੱਥਾ ਹੈ, ਸਾਡੀ ਕੋਲ ਹੁਨਰ ਦੀ ਕੋਈ ਘਾਟ ਨਹੀਂ ਹੈ। ਵੱਡੇ ਜਹਾਜ਼ ਬਣਾਉਣ ਲਈ ਜੋ ਸਿਆਸੀ ਇੱਛਾ ਸ਼ਕਤੀ ਦੀ ਲੋੜ ਹੈ, ਉਸਦਾ ਭਰੋਸਾ ਮੈਂ ਅੱਜ ਦੇਸ਼ਵਾਸੀਆਂ ਨੂੰ ਦਿੰਦਾ ਹਾਂ।
ਸਾਥੀਓ,
ਦੇਸ਼ ਦੇ ਸਮੁੰਦਰੀ ਸੈਕਟਰ ਨੂੰ ਮਜ਼ਬੂਤੀ ਦੇਣ ਲਈ ਕੱਲ੍ਹ ਵੀ ਇੱਕ ਬਹੁਤ ਹੀ ਇਤਿਹਾਸਕ ਫੈਸਲਾ ਲਿਆ ਗਿਆ ਹੈ। ਅਸੀਂ ਦੇਸ਼ ਦੀ ਨੀਤੀ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਹੁਣ ਸਰਕਾਰ ਨੇ ਵੱਡੇ ਜਹਾਜ਼ਾਂ ਨੂੰ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ। ਜਦੋਂ ਕਿਸੇ ਸੈਕਟਰ ਨੂੰ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਮਾਨਤਾ ਮਿਲਦੀ ਹੈ, ਤਾਂ ਉਸਨੂੰ ਬਹੁਤ ਫਾਇਦੇ ਹੁੰਦੇ ਹਨ। ਹੁਣ ਵੱਡੇ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਨੂੰ ਬੈਂਕਾਂ ਤੋਂ ਲੋਨ ਹਾਸਲ ਕਰਨ ਵਿੱਚ ਅਸਾਨੀ ਹੋਵੇਗੀ, ਉਨ੍ਹਾਂ ਨੂੰ ਵਿਆਜ ਦੀ ਦਰ ਵਿੱਚ ਵੀ ਛੋਟ ਮਿਲੇਗੀ, ਅਤੇ ਇੰਫਰਾਸਟਰਕਚਰ ਫਾਇਨੈਂਸਿੰਗ ਦੇ ਹੋਰ ਸਾਰੇ ਲਾਭ ਵੀ ਇਨ੍ਹਾਂ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਨੂੰ ਮਿਲਣਗੇ। ਸਰਕਾਰ ਦੇ ਇਸ ਫੈਸਲੇ ਨਾਲ, ਭਾਰਤੀ ਸ਼ਿਪਿੰਗ ਕੰਪਨੀਆਂ 'ਤੇ ਪੈਣ ਵਾਲਾ ਬੋਝ ਘਟੇਗਾ, ਉਨ੍ਹਾਂ ਨੂੰ ਆਲਮੀ ਮੁਕਾਬਲੇ ਵਿੱਚ ਅੱਗੇ ਆਉਣ ਵਿੱਚ ਮਦਦ ਮਿਲੇਗੀ।
ਸਾਥੀਓ,
ਭਾਰਤ ਨੂੰ ਦੁਨੀਆ ਦੀ ਇੱਕ ਵੱਡੀ ਸਮੁੰਦਰੀ ਤਾਕਤ ਬਣਾਉਣ ਲਈ, ਭਾਰਤ ਸਰਕਾਰ ਤਿੰਨ ਹੋਰ ਵੱਡੀਆਂ ਸਕੀਮਾਂ ‘ਤੇ ਕੰਮ ਕਰ ਰਹੀ ਹੈ। ਇਨ੍ਹਾਂ ਤਿੰਨ ਯੋਜਨਾਵਾਂ ਨਾਲ ਸ਼ਿਪ ਬਿਲਡਿੰਗ ਸੈਕਟਰ ਨੂੰ ਆਰਥਿਕ ਮਦਦ ਪ੍ਰਾਪਤ ਕਰਨ ਵਿੱਚ ਅਸਾਨੀ ਹੋਵੇਗੀ, ਸਾਡੇ ਸ਼ਿਪ-ਯਾਰਡਾਂ ਨੂੰ ਆਧੁਨਿਕ ਤਕਨਾਲੋਜੀ ਅਪਣਾਉਣ ਵਿੱਚ ਮਦਦ ਮਿਲੇਗੀ, ਅਤੇ ਡਿਜ਼ਾਈਨ ਅਤੇ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਵੀ ਬਹੁਤ ਸਹਾਇਤਾ ਮਿਲੇਗੀ। ਆਉਂਦੇ ਕੁਝ ਸਾਲਾਂ ਵਿੱਚ ਇਨ੍ਹਾਂ ‘ਤੇ ਸੱਤਰ ਹਜ਼ਾਰ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾਣਗੇ।
ਸਾਥੀਓ,
ਮੈਨੂੰ ਯਾਦ ਹੈ, ਸਾਲ 2007 ਵਿੱਚ ਜਦੋਂ ਮੈਂ ਇੱਥੇ ਮੁੱਖ ਮੰਤਰੀ ਦੇ ਰੂਪ ਵਿੱਚ ਤੁਹਾਡੀ ਸੇਵਾ ਕਰ ਰਿਹਾ ਸੀ, ਉਸ ਸਮੇਂ ਜਹਾਜ਼ ਨਿਰਮਾਣ ਦੇ ਮੌਕਿਆਂ ਨੂੰ ਧਿਆਨ ਵਿੱਚ ਰੱਖ ਕੇ ਗੁਜਰਾਤ ਨੇ ਇੱਕ ਬਹੁਤ ਵੱਡਾ ਸੈਮੀਨਾਰ ਆਯੋਜਿਤ ਕੀਤਾ ਸੀ। ਉਸੇ ਦੌਰਾਨ ਹੀ ਅਸੀਂ ਗੁਜਰਾਤ ਵਿੱਚ ਸ਼ਿਪ-ਬਿਲਡਿੰਗ ਇਕੋਸਿਸਟਮ ਨੂੰ ਸਹਿਯੋਗ ਦਿੱਤਾ ਸੀ। ਹੁਣ ਅਸੀਂ ਦੇਸ਼ ਭਰ ਵਿੱਚ ਸ਼ਿਪ-ਬਿਲਡਿੰਗ ਲਈ ਵਿਆਪਕ ਕਦਮ ਚੁੱਕ ਰਹੇ ਹਾਂ। ਇੱਥੇ ਮੌਜੂਦ ਮਾਹਰ ਜਾਣਦੇ ਹਨ ਕਿ ਸ਼ਿਪ-ਬਿਲਡਿੰਗ ਕੋਈ ਆਮ ਉਦਯੋਗ ਨਹੀਂ ਹੈ। ਸ਼ਿਪ-ਬਿਲਡਿੰਗ ਇੰਡਸਟਰੀ ਨੂੰ ਪੂਰੀ ਦੁਨੀਆਂ ਵਿੱਚ ‘ਮਦਰ ਆਫ ਆਲ ਇੰਡਸਟ੍ਰੀਜ਼’ ਕਿਹਾ ਜਾਂਦਾ ਹੈ, ਉਦਯੋਗਾਂ ਦੀ ਜਣਨੀ ਕਹਿੰਦੇ ਹਨ। ਕਿਉਂਕਿ ਇਸ ਵਿੱਚ ਸਿਰਫ਼ ਇੱਕ ਜਹਾਜ਼ ਹੀ ਨਹੀਂ ਬਣਦਾ, ਇਸਦੇ ਨਾਲ ਜੁੜੇ ਹੋਏ ਉਦਯੋਗਾਂ ਦਾ ਵੀ ਵਿਸਥਾਰ ਹੁੰਦਾ ਹੈ। ਸਟੀਲ, ਮਸ਼ੀਨਰੀ, ਇਲੈਕਟ੍ਰਾਨਿਕਸ, ਟੈਕਸਟਾਈਲ, ਪੇਂਟ, ਆਈਟੀ ਸਿਸਟਮ—ਇਨ੍ਹਾਂ ਅਤੇ ਹੋਰ ਕਈ ਉਦਯੋਗਾਂ ਨੂੰ ਸ਼ਿਪਿੰਗ ਇੰਡਸਟਰੀ ਤੋਂ ਸਹਿਯੋਗ ਮਿਲਦਾ ਹੈ। ਇਸ ਨਾਲ ਛੋਟੇ ਅਤੇ ਲਘੂ ਉਦਯੋਗਾਂ ਨੂੰ, ਐੱਮਐੱਸਐੱਮਈਜ਼ ਨੂੰ ਫਾਇਦਾ ਹੁੰਦਾ ਹੈ। ਰਿਸਰਚ ਦੱਸਦੀ ਹੈ ਕਿ ਸ਼ਿਪ-ਬਿਲਡਿੰਗ ਵਿੱਚ ਹੋਣ ਵਾਲੇ ਹਰ ਇੱਕ ਰੁਪਏ ਦੇ ਨਿਵੇਸ਼ ਨਾਲ ਅਰਥਵਿਵਸਥਾ ਵਿੱਚ ਲਗਭਗ ਦੁੱਗਣਾ ਨਿਵੇਸ਼ ਵਧਦਾ ਹੈ। ਅਤੇ ਸ਼ਿਪ-ਯਾਰਡ ਵਿੱਚ ਪੈਦਾ ਹੋਣ ਵਾਲੀ ਹਰ ਇੱਕ ਨੌਕਰੀ, ਸਪਲਾਈ ਚੇਨ ਵਿੱਚ ਛੇ ਤੋਂ ਸੱਤ ਨਵੀਆਂ ਨੌਕਰੀਆਂ ਪੈਦਾ ਕਰਦੀ ਹੈ। ਮਤਲਬ, ਜੇ ਸ਼ਿਪ-ਬਿਲਡਿੰਗ ਇੰਡਸਟਰੀ ਵਿੱਚ 100 ਨੌਕਰੀਆਂ ਬਣਦੀਆਂ ਹਨ, ਤਾਂ ਇਸ ਨਾਲ ਜੁੜੇ ਹੋਰ ਸੈਕਟਰਾਂ ਵਿੱਚ 600 ਤੋਂ ਵੱਧ ਨੌਕਰੀਆਂ ਬਣਦੀਆਂ ਹਨ। ਇਹ ਸ਼ਿਪ-ਬਿਲਡਿੰਗ ਦਾ ਬਹੁਤ ਵੱਡਾ ਗੁਣਾਤਮਕ ਪ੍ਰਭਾਵ ਹੈ।
ਸਾਥੀਓ,
ਅਸੀਂ ਸ਼ਿਪ-ਬਿਲਡਿੰਗ ਦੇ ਜ਼ਰੂਰੀ ਸਕਿੱਲ ਸੈਟਾਂ ‘ਤੇ ਵੀ ਧਿਆਨ ਦੇ ਰਹੇ ਹਾਂ। ਇਸ ਵਿੱਚ ਸਾਡੀਆਂ ਆਈਟੀਆਈ ਕੰਮ ਆਉਣਗੀਆਂ, ਮੇਰੀਟਾਈਮ ਯੂਨੀਵਰਸਿਟੀ ਦੀ ਭੂਮਿਕਾ ਵਧੇਗੀ। ਪਿਛਲੇ ਕੁਝ ਸਾਲਾਂ ਵਿੱਚ ਅਸੀਂ ਤੱਟੀ ਇਲਾਕਿਆਂ ਵਿੱਚ ਨੌ-ਸੈਨਾ ਅਤੇ ਐੱਨਸੀਸੀ ਦੇ ਸਹਿਯੋਗ ਨਾਲ ਨਵੀਆਂ ਪ੍ਰਣਾਲੀਆਂ ਬਣਾਈਆਂ ਹਨ। ਇਨ੍ਹਾਂ ਐੱਨਸੀਸੀ ਕੈਡਟਸ ਨੂੰ ਨਾ ਸਿਰਫ਼ ਨੌ-ਸੈਨਾ ਲਈ, ਬਲਕਿ ਕਮਰਸ਼ੀਅਲ ਸੈਕਟਰ ਵਿੱਚ ਭੂਮਿਕਾਵਾਂ ਲਈ ਵੀ ਤਿਆਰ ਕੀਤਾ ਜਾਵੇਗਾ।
ਸਾਥੀਓ,
ਅੱਜ ਦਾ ਭਾਰਤ ਇੱਕ ਵੱਖਰੇ ਮਿਜ਼ਾਜ ਨਾਲ ਅੱਗੇ ਵਧ ਰਿਹਾ ਹੈ। ਅਸੀਂ ਜੋ ਟੀਚੇ ਤੈਅ ਕਰਦੇ ਹਾਂ, ਉਸ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਕੇ ਵੀ ਦਿਖਾਉਂਦੇ ਹਾਂ। ਸੋਲਰ ਸੈਕਟਰ ਵਿੱਚ ਭਾਰਤ ਹੁਣ ਆਪਣੇ ਟੀਚਿਆਂ ਨੂੰ ਚਾਰ-ਚਾਰ, ਪੰਜ-ਪੰਜ ਸਾਲ ਪਹਿਲਾਂ ਹੀ ਹਾਸਲ ਕਰ ਰਿਹਾ ਹੈ। ਬੰਦਰਗਾਹ ਅਧਾਰਤ ਵਿਕਾਸ ਲਈ ਵੀ 11 ਸਾਲ ਪਹਿਲਾਂ ਜੋ ਟੀਚੇ ਅਸੀਂ ਤੈਅ ਕੀਤੇ ਸਨ, ਭਾਰਤ ਨੂੰ ਉਨ੍ਹਾਂ ਵਿੱਚ ਸ਼ਾਨਦਾਰ ਸਫਲਤਾਵਾਂ ਮਿਲ ਰਹੀਆਂ ਹਨ। ਅਸੀਂ ਦੇਸ਼ ਵਿੱਚ ਵੱਡੇ-ਵੱਡੇ ਜਹਾਜ਼ਾਂ ਲਈ ਵੱਡੀਆਂ ਬੰਦਰਗਾਹਾਂ ਬਣਾ ਰਹੇ ਹਾਂ ਅਤੇ ਸਾਗਰਮਾਲਾ ਵਰਗੀਆਂ ਯੋਜਨਾਵਾਂ ਰਾਹੀਂ ਬੰਦਰਗਾਹਾਂ ਦੀ ਕਨੈਕਟਿਵਿਟੀ ਵਧਾ ਰਹੇ ਹਾਂ।
ਸਾਥੀਓ,
ਪਿਛਲੇ 11 ਸਾਲਾਂ ਵਿੱਚ ਭਾਰਤ ਨੇ ਆਪਣੀ ਪੋਰਟ ਕੈਪੇਸਿਟੀ ਦੁੱਗਣੀ ਕਰ ਲਈ ਹੈ। 2014 ਤੋਂ ਪਹਿਲਾਂ ਭਾਰਤ ਵਿੱਚ ਸ਼ਿਪ ਟਰਨ-ਅਰਾਉਂਡ ਟਾਈਮ ਔਸਤਨ 2 ਦਿਨ ਹੁੰਦਾ ਸੀ। ਹੁਣ ਭਾਰਤ ਵਿੱਚ ਸ਼ਿਪ ਟਰਨ-ਅਰਾਉਂਡ ਟਾਈਮ ਇੱਕ ਦਿਨ ਤੋਂ ਵੀ ਘੱਟ ਹੋ ਗਿਆ ਹੈ। ਅਸੀਂ ਦੇਸ਼ ਵਿੱਚ ਨਵੀਆਂ ਅਤੇ ਵੱਡੀਆਂ ਬੰਦਰਗਾਹਾਂ ਦਾ ਨਿਰਮਾਣ ਵੀ ਕਰ ਰਹੇ ਹਾਂ। ਹਾਲ ਹੀ ਵਿੱਚ ਕੇਰਲ ਵਿੱਚ ਦੇਸ਼ ਦਾ ਪਹਿਲਾ ਡੀਪ ਵਾਟਰ ਕੰਟੇਨਰ ਟ੍ਰਾਂਸ-ਸ਼ਿਪਮੈਂਟ ਪੋਰਟ ਸ਼ੁਰੂ ਕੀਤਾ ਗਿਆ ਹੈ। 75 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮਹਾਰਾਸ਼ਟਰ ਵਿੱਚ ਵਾਧਵਨ ਪੋਰਟ ਬਣ ਰਿਹਾ ਹੈ। ਇਹ ਦੁਨੀਆਂ ਦੇ ਟੌਪ-ਟੈੱਨ ਪੋਰਟਾਂ ਵਿੱਚੋਂ ਇੱਕ ਹੋਵੇਗਾ।
ਸਾਥੀਓ,
ਅੱਜ ਸਮੁੰਦਰ ਰਾਹੀਂ ਹੋਣ ਵਾਲੇ ਵਪਾਰ ਵਿੱਚ ਭਾਰਤ ਦਾ ਹਿੱਸਾ ਸਿਰਫ਼ 10 ਪ੍ਰਤੀਸ਼ਤ ਹੈ। ਅਸੀਂ ਇਸ ਨੂੰ ਹੋਰ ਵਧਾਉਣਾ ਹੈ। ਅਸੀਂ 2047 ਤੱਕ ਦੁਨੀਆਂ ਦੇ ਸਮੁੰਦਰੀ ਵਪਾਰ ਵਿੱਚ ਆਪਣੀ ਹਿੱਸੇਦਾਰੀ ਲਗਭਗ ਤਿੰਨ ਗੁਣਾ ਵਧਾਉਣਾ ਚਾਹੁੰਦੇ ਹਾਂ। ਅਤੇ ਇਹ ਅਸੀਂ ਕਰਕੇ ਦਿਖਾਵਾਂਗੇ।
ਸਾਥੀਓ,
ਜਿਵੇਂ-ਜਿਵੇਂ ਸਾਡਾ ਸਮੁੰਦਰੀ ਵਪਾਰ ਵਧ ਰਿਹਾ ਹੈ, ਸਾਡੇ ਸਮੁੰਦਰੀ ਨਾਵਿਕਾਂ, ਯਾਨੀ ਸੀ-ਫੇਰਰਜ਼, ਦੀ ਗਿਣਤੀ ਵੀ ਵਧ ਰਹੀ ਹੈ। ਇਹ ਉਹ ਮਿਹਨਤੀ ਪ੍ਰੋਫੈਸ਼ਨਲ ਹਨ, ਜੋ ਸਮੁੰਦਰ ਵਿੱਚ ਜਹਾਜ਼ ਚਲਾਉਂਦੇ ਹਨ, ਇੰਜਣ ਅਤੇ ਮਸ਼ੀਨਰੀ ਸੰਭਾਲਦੇ ਹਨ, ਲੋਡਿੰਗ-ਅਨਲੋਡਿੰਗ ਦਾ ਕੰਮ ਵੇਖਦੇ ਹਨ। ਇੱਕ ਦਹਾਕੇ ਪਹਿਲਾਂ ਸਾਡੇ ਇੱਥੇ ਸੀ-ਫੇਰਰਜ਼ ਸਵਾ ਲੱਖ ਤੋਂ ਵੀ ਘੱਟ ਸਨ। ਪਰ ਅੱਜ ਇਨ੍ਹਾਂ ਦੀ ਗਿਣਤੀ ਤਿੰਨ ਲੱਖ ਤੋਂ ਵੱਧ ਹੋ ਚੁੱਕੀ ਹੈ। ਅੱਜ ਭਾਰਤ ਦੁਨੀਆ ਦੇ ਟੌਪ-3 ਦੇਸ਼ਾਂ ਵਿੱਚ ਆ ਗਿਆ ਹੈ, ਜੋ ਸਭ ਤੋਂ ਵੱਧ ਸੀ-ਫੇਰਰਜ਼ ਦੁਨੀਆ ਨੂੰ ਉਪਲਬਧ ਕਰਵਾਉਂਦਾ ਹੈ, ਅਤੇ ਇਸ ਨਾਲ ਭਾਰਤ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵਧ ਰਹੇ ਹਨ। ਮਤਲਬ, ਭਾਰਤ ਦੀ ਵੱਧਦੀ ਸ਼ਿਪ ਇੰਡਸਟਰੀ ਦੁਨੀਆ ਦੀ ਤਾਕਤ ਨੂੰ ਵੀ ਵਧਾ ਰਹੀ ਹੈ।
ਸਾਥੀਓ,
ਭਾਰਤ ਦੀ ਇੱਕ ਅਮੀਰ ਸਮੁੰਦਰੀ ਵਿਰਾਸਤ ਹੈ। ਸਾਡੇ ਮਛੇਰੇ, ਸਾਡੇ ਪ੍ਰਾਚੀਨ ਬੰਦਰਗਾਹ ਸ਼ਹਿਰ ਇਸ ਵਿਰਾਸਤ ਦੇ ਪ੍ਰਤੀਕ ਹਨ। ਸਾਡਾ ਇਹ ਭਾਵਨਗਰ, ਇਹ ਸੌਰਾਸ਼ਟਰ ਇਸਦਾ ਇੱਕ ਵੱਡਾ ਉਦਾਹਰਣ ਹੈ। ਇਸ ਵਿਰਾਸਤ ਨੂੰ ਅਸੀਂ ਭਵਿੱਖ ਦੀ ਪੀੜ੍ਹੀ ਤੱਕ ਪਹੁੰਚਾਉਣਾ ਹੈ ਅਤੇ ਦੁਨੀਆ ਨੂੰ ਆਪਣੀ ਸਮਰੱਥਾ ਦਿਖਾਉਣੀ ਹੈ। ਇਸ ਲਈ ਲੋਥਲ ਵਿੱਚ ਅਸੀਂ ਇੱਕ ਸ਼ਾਨਦਾਰ ਮੇਰੀਟਾਈਮ ਮਿਊਜ਼ੀਅਮ ਬਣਾ ਰਹੇ ਹਾਂ। ਇਹ ਵੀ ਦੁਨੀਆ ਦਾ ਸਭ ਤੋਂ ਵੱਡਾ ਮੇਰੀਟਾਈਮ ਮਿਊਜ਼ੀਅਮ ਬਣੇਗਾ। ਸਟੈਚੂ ਆਫ ਯੂਨਿਟੀ ਵਾਂਗ ਇਹ ਭਾਰਤ ਦੀ ਨਵੀਂ ਪਛਾਣ ਬਣੇਗਾ। ਥੋੜ੍ਹੀ ਦੇਰ ਬਾਅਦ ਮੈਂ ਅੱਜ ਉੱਥੇ ਵੀ ਜਾ ਰਿਹਾ ਹਾਂ।
ਸਾਥੀਓ,
ਭਾਰਤ ਦੇ ਸਮੁੰਦਰੀ ਤਟ, ਭਾਰਤ ਦੀ ਖ਼ੁਸ਼ਹਾਲੀ ਦੇ ਦਾਖ਼ਲਾ ਦਰਵਾਜ਼ੇ ਬਣਨਗੇ। ਅਤੇ ਮੈਂ ਬਹੁਤ ਮਾਣ ਅਤੇ ਮੈਂ ਦੂਰ ਤੱਕ ਦੇਖ ਸਕਦਾ ਹਾਂ ਕਿ ਭਾਰਤ ਦੇ ਸਮੁੰਦਰੀ ਤਟ, ਭਾਰਤ ਦੀ ਖ਼ੁਸ਼ਹਾਲੀ ਦੇ ਦਰਵਾਜ਼ੇ ਬਣਨ ਵਾਲੇ ਹਨ। ਮੈਨੂੰ ਖੁਸ਼ੀ ਹੈ ਕਿ ਗੁਜਰਾਤ ਦੀ ਇਹ ਕੋਸਟਲਾਈਨ ਵੀ ਇੱਕ ਵਾਰ ਫਿਰ ਇੱਥੇ ਲਈ ਵਰਦਾਨ ਬਣ ਰਹੀ ਹੈ। ਅੱਜ ਇਹ ਪੂਰਾ ਖੇਤਰ ਦੇਸ਼ ਨੂੰ ਬੰਦਰਗਾਹ ਅਧਾਰਤ ਵਿਕਾਸ ਦਾ ਨਵਾਂ ਰਸਤਾ ਦਿਖਾ ਰਿਹਾ ਹੈ। ਅੱਜ ਦੇਸ਼ ਵਿੱਚ ਸਮੁੰਦਰ ਰਾਹੀਂ ਜੋ ਕਾਰਗੋ ਆਉਂਦਾ ਹੈ, ਉਸਦਾ ਚਾਲੀ ਪ੍ਰਤੀਸ਼ਤ ਗੁਜਰਾਤ ਦੇ ਪੋਰਟਾਂ ਵਲੋਂ ਹੈਂਡਲ ਕੀਤਾ ਜਾਂਦਾ ਹੈ। ਹੁਣ ਇਨ੍ਹਾਂ ਪੋਰਟਾਂ ਨੂੰ ਡੈਡੀਕੇਟਿਡ ਫ੍ਰੇਟ ਕੋਰੀਡੋਰ ਦਾ ਵੀ ਫਾਇਦਾ ਮਿਲਣ ਵਾਲਾ ਹੈ। ਇਸ ਨਾਲ ਦੇਸ਼ ਦੇ ਹੋਰ ਹਿੱਸਿਆਂ ਤੱਕ ਸਮਾਨ ਤੇਜ਼ੀ ਨਾਲ ਪਹੁੰਚਾਉਣਾ ਅਸਾਨ ਹੋਵੇਗਾ ਅਤੇ ਬੰਦਰਗਾਹਾਂ ਦੀ ਕੁਸ਼ਲਤਾ ਹੋਰ ਵੀ ਵਧੇਗੀ।
ਸਾਥੀਓ,
ਇੱਥੇ ਸ਼ਿਪ ਬ੍ਰੇਕਿੰਗ ਦਾ ਵੀ ਇੱਕ ਵੱਡਾ ਇਕੋਸਿਸਟਮ ਬਣ ਰਿਹਾ ਹੈ। ਅਲੰਗ ਦਾ ਸ਼ਿਪ ਬ੍ਰੇਕਿੰਗ ਯਾਰਡ ਇਸਦਾ ਸ਼ਾਨਦਾਰ ਉਦਾਹਰਣ ਹੈ। ਇਸ ਨਾਲ ਇੱਥੇ ਬਹੁਤ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਹੇ ਹਨ।
ਸਾਥੀਓ,
ਵਿਕਸਤ ਭਾਰਤ ਲਈ ਅਸੀਂ ਹਰ ਖੇਤਰ ਵਿੱਚ, ਹਰ ਸੈਕਟਰ ਵਿੱਚ ਤੇਜ਼ੀ ਨਾਲ ਕੰਮ ਕਰਨਾ ਹੈ। ਅਤੇ ਅਸੀਂ ਸਭ ਜਾਣਦੇ ਹਾਂ ਕਿ ਵਿਕਸਤ ਭਾਰਤ ਦਾ ਰਸਤਾ ਆਤਮਨਿਰਭਰ ਭਾਰਤ ਤੋਂ ਹੋ ਕੇ ਜਾਂਦਾ ਹੈ। ਇਸ ਲਈ ਅਸੀਂ ਯਾਦ ਰੱਖਣਾ ਹੈ, ਜੋ ਕੁਝ ਵੀ ਅਸੀਂ ਖਰੀਦਦੇ ਹਾਂ, ਉਹ ਸਵਦੇਸ਼ੀ ਹੋਵੇ। ਜੋ ਕੁਝ ਵੀ ਅਸੀਂ ਵੇਚਦੇ ਹਾਂ, ਉਹ ਵੀ ਸਵਦੇਸ਼ੀ ਹੋਵੇ। ਮੈਂ ਸਾਰੇ ਦੁਕਾਨਦਾਰ ਸਾਥੀਆਂ ਨੂੰ ਕਹਾਂਗਾ, ਆਪਣੇ ਦੁਕਾਨਾਂ ‘ਤੇ ਇੱਕ ਪੋਸਟਰ ਲਗਾਓ, ਜਿਸ 'ਤੇ ਲਿਖਿਆ ਹੋਵੇ—‘ਮਾਣ ਨਾਲ ਕਹੋ, ਇਹ ਸਵਦੇਸ਼ੀ ਹੈ।’ ਸਾਡਾ ਇਹ ਯਤਨ ਹਰ ਤਿਉਹਾਰ ਨੂੰ ਭਾਰਤ ਦੀ ਖ਼ੁਸ਼ਹਾਲੀ ਦਾ ਮਹੋਤਸਵ ਬਣਾ ਦੇਵੇਗਾ। ਇਸੀ ਭਾਵਨਾ ਦੇ ਨਾਲ, ਮੈਂ ਤੁਹਾਨੂੰ ਨਵਰਾਤਰੀ ਦੀਆਂ ਇੱਕ ਵਾਰ ਫਿਰ ਤੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਇੱਕ ਛੋਟਾ ਬਾਲ ਚਿੱਤਰ ਬਣਾਕੇ ਲਿਆਇਆ ਹੈ, ਕਦੋਂ ਤੋਂ ਖੜ੍ਹਾ ਹੈ, ਉਸਦੇ ਹੱਥ ਦੁਖਦੇ ਹੋਣਗੇ, ਕੋਈ ਜ਼ਰਾ ਇਸਨੂੰ ਕਲੇਕਟ ਕਰੇ, ਛੋਟਾ ਜਿਹਾ ਬਾਲ ਹੈ, ਸ਼ਾਬਾਸ਼ ਬੇਟਾ। ਚਲੋ ਬੇਟਾ, ਤੁਹਾਡਾ ਚਿੱਤਰ ਮਿਲ ਗਿਆ ਹੈ, ਰੋਣ ਦੀ ਲੋੜ ਨਹੀਂ ਹੈ ਬੇਟਾ। ਮਿਲ ਗਿਆ, ਮਿਲ ਗਿਆ, ਤੁਹਾਡਾ ਚਿੱਤਰ ਮਿਲ ਗਿਆ। ਜੇ ਤੁਹਾਡਾ ਐਡਰੈੱਸ ਉਸ ਵਿੱਚ ਲਿਖਿਆ ਹੋਵੇਗਾ, ਤਾਂ ਮੈਂ ਤੁਹਾਨੂੰ ਜ਼ਰੂਰ ਚਿੱਠੀ ਲਿਖਾਂਗਾ।
ਸਾਥੀਓ,
ਇਹ ਛੋਟੇ-ਛੋਟੇ ਬੱਚਿਆਂ ਦਾ ਪਿਆਰ—ਇਸ ਤੋਂ ਵੱਡੀ ਜੀਵਨ ਦੀ ਪੂੰਜੀ ਹੋਰ ਕੀ ਹੋ ਸਕਦੀ ਹੈ? ਮੈਂ ਇੱਕ ਵਾਰ ਫਿਰ ਅੱਜ ਜੋ ਸ਼ਾਨਦਾਰ ਸਵਾਗਤ, ਸਤਿਕਾਰ ਅਤੇ ਸਨਮਾਨ ਕੀਤਾ, ਉਸ ਲਈ ਮੈਂ ਤੁਹਾਡਾ ਧੰਨਵਾਦ ਮੰਨਦਾ ਹਾਂ। ਅਤੇ ਮੈਨੂੰ ਪਤਾ ਹੈ, ਜਦੋਂ ਆਪਰੇਸ਼ਨ ਸਿੰਧੂਰ ਹੋਇਆ, ਤਾਂ ਸਾਰਾ ਭਾਵਨਗਰ ਮੈਦਾਨ ਵਿੱਚ ਸੀ। ਤੁਹਾਡੇ ਮਿਜ਼ਾਜ ਦਾ ਮੈਨੂੰ ਪਤਾ ਹੈ, ਇਸ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਭਾਵਨਗਰ ਦੇ ਭਰਾਵੋ ਅਤੇ ਭੈਣੋ, ਨਵਰਾਤਰੀ ਦੀ ਮਾਂਡਵੀ (ਮੰਡਪ) ਤੋਂ ਜ਼ਰਾ ਜ਼ੋਰ ਲਗਾਉਣਾ, ਤਾਂ ਕਿ ਦੇਸ਼ ਦੇ ਸਾਰੇ ਲੋਕਾਂ ਨੂੰ ਆਤਮ-ਨਿਰਭਰ ਭਾਰਤ ਦਾ ਸੁਨੇਹਾ ਆਪਣੀ ਮਾਂਡਵੀ (ਮੰਡਪ) ਰਾਹੀਂ ਵੀ ਮਿਲੇ। ਬਹੁਤ-ਬਹੁਤ ਧੰਨਵਾਦ ਭਰਾਵੋ!
************
ਐੱਮਜੇਪੀਐੱਸ/ਵੀਜੇ/ਏਕੇ/ਆਈਜੀ
(Release ID: 2169213)