ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਨੈਸ਼ਲਨ ਸਪੇਸ ਡੇਅ- 2025 'ਤੇ ਸੰਬੋਧਨ
ਨੈਸ਼ਨਲ ਸਪੇਸ ਡੇਅ ਭਾਰਤ ਦੇ ਨੌਜਵਾਨਾਂ ਲਈ ਉਤਸ਼ਾਹ ਅਤੇ ਪ੍ਰੇਰਣਾ ਦਾ ਮੌਕਾ ਬਣ ਗਿਆ ਹੈ, ਜੋ ਰਾਸ਼ਟਰ ਲਈ ਮਾਣ ਦੀ ਗੱਲ ਹੈ; ਮੈਂ ਇਸ ਮੌਕੇ 'ਤੇ ਪੁਲਾੜ ਖੇਤਰ ਨਾਲ ਜੁੜੇ ਸਾਰੇ ਲੋਕਾਂ - ਵਿਗਿਆਨੀਆਂ ਅਤੇ ਯੁਵਾ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ: ਪ੍ਰਧਾਨ ਮੰਤਰੀ
ਪੁਲਾੜ ਖੇਤਰ ਵਿੱਚ ਇੱਕ ਤੋਂ ਬਾਅਦ ਇੱਕ ਉਪਲਬਧੀ ਹਾਸਲ ਕਰਨਾ ਹੁਣ ਭਾਰਤ ਅਤੇ ਉਸ ਦੇ ਵਿਗਿਆਨੀਆਂ ਦਾ ਸੁਭਾਵਿਕ ਗੁਣ ਬਣ ਗਿਆ ਹੈ: ਪ੍ਰਧਾਨ ਮੰਤਰੀ ਮੋਦੀ
ਭਾਰਤ ਸੈਮੀ-ਕ੍ਰਾਇਓਜੇਨਿਕ ਇੰਜਣਾਂ ਅਤੇ ਇਲੈਕਟ੍ਰਿਕ ਪ੍ਰੋਪਲਸ਼ਨ ਜਿਹੀਆਂ ਸਫ਼ਲ ਟੈਕਨੋਲੋਜੀਆਂ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਬਹੁਤ ਜਲਦੀ, ਸਾਡੇ ਵਿਗਿਆਨੀਆਂ ਦੇ ਸਮਰਪਿਤ ਯਤਨਾਂ ਨਾਲ, ਭਾਰਤ ਗਗਨਯਾਨ ਮਿਸ਼ਨ ਸ਼ੁਰੂ ਕਰੇਗਾ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਆਪਣਾ ਖੁਦ ਦਾ ਸਪੇਸ ਸਟੇਸ਼ਨ ਬਣਾਏਗਾ: ਪ੍ਰਧਾਨ ਮੰਤਰੀ
ਸਪੇਸ ਟੈਕਨੋਲੋਜੀ ਤੇਜ਼ੀ ਨਾਲ ਭਾਰਤ ਵਿੱਚ ਸ਼ਾਸਨ ਦਾ ਹਿੱਸਾ ਬਣ ਰਹੀ ਹੈ – ਭਾਵੇਂ ਉਹ ਫ਼ਸਲ ਬੀਮਾ ਯੋਜਨਾਵਾਂ ਵਿੱਚ ਸੈਟੇਲਾਈਟ-ਅਧਾਰਿਤ ਮੁਲਾਂਕਣ ਹੋਵੇ, ਮਛੇਰਿਆਂ ਲਈ ਸੈਟੇਲਾਈਟ-ਅਧਾਰਿਤ ਸੂਚਨਾ ਅਤੇ ਸੁਰੱਖਿਆ, ਆਫ਼ਤ ਪ੍ਰਬੰਧਨ ਯਤਨ, ਜਾਂ ਪੀਐੱਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਵਿੱਚ ਭੂ-ਸਥਾਨਕ ਡੇਟਾ ਦੀ ਵਰਤੋਂ ਹੋਵੇ: ਪ੍ਰਧਾਨ ਮੰਤਰੀ ਮੋਦੀ
ਸਪੇਸ ਵਿੱਚ ਭਾਰਤ ਦੀ ਪ੍ਰਗਤੀ ਹੁਣ ਆਮ ਨਾਗਰਿਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਵਿੱਚ ਸਿੱਧੇ ਤੌਰ 'ਤੇ ਯੋਗਦਾਨ ਦੇ ਰਹੀ ਹੈ
Posted On:
23 AUG 2025 11:57AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੈਸ਼ਨਲ ਸਪੇਸ ਡੇਅ 2025 'ਤੇ ਆਯੋਜਿਤ ਇੱਕ ਪ੍ਰੋਗਰਾਮ ਨੂੰ ਇੱਕ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਨਿੱਘੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਸਾਲ ਦਾ ਵਿਸ਼ਾ, "ਆਰੀਆਭੱਟ ਤੋਂ ਗਗਨਯਾਨ ਤੱਕ", ਭਾਰਤ ਦੇ ਅਤੀਤ ਦੇ ਆਤਮਵਿਸ਼ਵਾਸ ਅਤੇ ਭਵਿੱਖ ਦਾ ਸੰਕਲਪ, ਦੋਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਘੱਟ ਸਮੇਂ ਵਿੱਚ, ਨੈਸ਼ਨਲ ਸਪੇਸ ਡੇਅ ਭਾਰਤ ਦੇ ਨੌਜਵਾਨਾਂ ਲਈ ਉਤਸ਼ਾਹ ਅਤੇ ਆਕਰਸ਼ਣ ਦਾ ਮੌਕਾ ਬਣ ਗਿਆ ਹੈ, ਜੋ ਰਾਸ਼ਟਰੀ ਮਾਣ ਦੀ ਗੱਲ ਹੈ। ਉਨ੍ਹਾਂ ਨੇ ਵਿਗਿਆਨੀਆਂ ਅਤੇ ਨੌਜਵਾਨਾਂ ਸਮੇਤ ਪੁਲਾੜ ਖੇਤਰ ਨਾਲ ਜੁੜੇ ਸਾਰੇ ਵਿਅਕਤੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਦੱਸਿਆ ਕਿ ਭਾਰਤ ਵਰਤਮਾਨ ਵਿੱਚ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ 'ਤੇ ਅੰਤਰਰਾਸ਼ਟਰੀ ਓਲੰਪੀਆਡ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਵਿੱਚ ਸੱਠ ਤੋਂ ਵੱਧ ਦੇਸ਼ਾਂ ਦੇ ਲਗਭਗ 300 ਨੌਜਵਾਨ ਭਾਗੀਦਾਰ ਹਿੱਸਾ ਲੈ ਰਹੇ ਹਨ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਖੁਸ਼ੀ ਵਿਅਕਤ ਕੀਤੀ ਕਿ ਇਸ ਆਯੋਜਨ ਵਿੱਚ ਕਈ ਭਾਰਤੀ ਭਾਗੀਦਾਰਾਂ ਨੇ ਮੈਡਲ ਜਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਓਲੰਪੀਆਡ ਪੁਲਾੜ ਖੇਤਰ ਵਿੱਚ ਭਾਰਤ ਦੀ ਉੱਭਰਦੀ ਵਿਸ਼ਵ ਲੀਡਰਸ਼ਿਪ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਖੁਸ਼ੀ ਵਿਅਕਤ ਕੀਤੀ ਕਿ ਨੌਜਵਾਨਾਂ ਵਿੱਚ ਪੁਲਾੜ ਦੇ ਪ੍ਰਤੀ ਦਿਲਚਸਪੀ ਵਧਾਉਣ ਲਈ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇੰਡੀਅਨ ਸਪੇਸ ਹੈਕਾਥੌਨ ਅਤੇ ਰੋਬੋਟਿਕਸ ਚੈਲੇਂਜ ਜਿਹੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ।
ਸ਼੍ਰੀ ਮੋਦੀ ਨੇ ਕਿਹਾ, "ਪੁਲਾੜ ਖੇਤਰ ਵਿੱਚ ਇੱਕ ਤੋਂ ਬਾਅਦ ਇੱਕ ਉਪਲਬਧੀਆਂ ਹਾਸਲ ਕਰਨਾ ਭਾਰਤ ਅਤੇ ਉਸ ਦੇ ਵਿਗਿਆਨੀਆਂ ਦਾ ਸੁਭਾਵਿਕ ਗੁਣ ਬਣ ਗਿਆ ਹੈ।" ਇਹ ਯਾਦ ਕਰਦੇ ਹੋਏ ਕਿ ਦੋ ਸਾਲ ਪਹਿਲਾਂ, ਭਾਰਤ ਚੰਦ੍ਰਮਾ ਦੇ ਦੱਖਣੀ ਧਰੁਵ 'ਤੇ ਪਹੁੰਚ ਕੇ ਇਤਿਹਾਸ ਰਚਣ ਵਾਲਾ ਪਹਿਲਾ ਦੇਸ਼ ਬਣਿਆ ਸੀ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਭਾਰਤ ਪੁਲਾੜ ਵਿੱਚ ਡੌਕਿੰਗ-ਅਣਡੌਕਿੰਗ ਸਮਰੱਥਾਵਾਂ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਵੀ ਬਣ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਦੀ ਮੁਲਾਕਾਤ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨਾਲ ਹੋਈ ਸੀ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਰਾਸ਼ਟਰੀ ਝੰਡਾ ਲਹਿਰਾਇਆ ਸੀ, ਜਿਸ ਨਾਲ ਹਰ ਭਾਰਤੀ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਗਰੁੱਪ ਕੈਪਟਨ ਸ਼ੁਕਲਾ ਨੇ ਉਨ੍ਹਾਂ ਨੂੰ ਤਿਰੰਗਾ ਦਿਖਾਇਆ, ਤਾਂ ਉਸ ਨੂੰ ਛੂਹਣ ਦਾ ਅਹਿਸਾਸ ਸ਼ਬਦਾਂ ਤੋਂ ਪਰ੍ਹੇ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਗਰੁੱਪ ਕੈਪਟਨ ਸ਼ੁਕਲਾ ਨਾਲ ਗੱਲਬਾਤ ਵਿੱਚ, ਉਨ੍ਹਾਂ ਨੇ ਨਵੇਂ ਭਾਰਤ ਦੇ ਨੌਜਵਾਨਾਂ ਦੀ ਅਥਾਹ ਹਿੰਮਤ ਅਤੇ ਅਨੰਤ ਸੁਪਨਿਆਂ ਨੂੰ ਦੇਖਿਆ। ਇਨ੍ਹਾਂ ਸੁਪਨਿਆਂ ਨੂੰ ਅੱਗੇ ਵਧਾਉਣ ਲਈ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਇੱਕ "ਪੁਲਾੜ ਯਾਤਰੀ ਪੂਲ" ਤਿਆਰ ਕਰ ਰਿਹਾ ਹੈ। ਪੁਲਾੜ ਦਿਵਸ 'ਤੇ, ਉਨ੍ਹਾਂ ਨੇ ਨੌਜਵਾਨ ਨਾਗਰਿਕਾਂ ਨੂੰ ਇਸ ਪੂਲ ਵਿੱਚ ਸ਼ਾਮਲ ਹੋਣ ਅਤੇ ਭਾਰਤ ਦੀਆਂ ਇੱਛਾਵਾਂ ਨੂੰ ਉਡਾਣ ਦੇਣ ਵਿੱਚ ਸਹਾਇਤਾ ਕਰਨ ਲਈ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਸੈਮੀ-ਕ੍ਰਾਇਓਜੇਨਿਕ ਇੰਜਣ ਅਤੇ ਇਲੈਕਟ੍ਰਿਕ ਪ੍ਰੋਪਲਸ਼ਨ ਜਿਹੀਆਂ ਮਹੱਤਵਪੂਰਨ ਟੈਕਨੋਲੋਜੀਆਂ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਵਿਗਿਆਨੀਆਂ ਦੇ ਅਣਥੱਕ ਯਤਨਾਂ ਦੀ ਬਦੌਲਤ, ਭਾਰਤ ਜਲਦੀ ਹੀ ਗਗਨਯਾਨ ਮਿਸ਼ਨ ਸ਼ੁਰੂ ਕਰੇਗਾ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ, ਭਾਰਤ ਆਪਣਾ ਪੁਲਾੜ ਸਟੇਸ਼ਨ ਵੀ ਸਥਾਪਿਤ ਕਰੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਪਹਿਲਾਂ ਹੀ ਚੰਦ੍ਰਮਾ ਅਤੇ ਮੰਗਲ ਗ੍ਰਹਿ 'ਤੇ ਪਹੁੰਚ ਚੁੱਕਿਆ ਹੈ ਅਤੇ ਹੁਣ ਇਸ ਨੂੰ ਪੁਲਾੜ ਦੇ ਹੋਰ ਵੀ ਡੂੰਘੇ ਖੇਤਰਾਂ ਦੀ ਖੋਜ ਕਰਨੀ ਹੋਵੇਗੀ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇਹ ਅਣਛੂਹੇ ਖੇਤਰ ਮਨੁੱਖਤਾ ਦੇ ਭਵਿੱਖ ਲਈ ਮਹੱਤਵਪੂਰਨ ਰਾਜ਼ ਸਮੇਟੇ ਹੋਏ ਹਨ, ਪ੍ਰਧਾਨ ਮੰਤਰੀ ਨੇ ਕਿਹਾ, "ਆਕਾਸ਼ਗੰਗਾਵਾਂ ਤੋਂ ਪਰ੍ਹੇ ਸਾਡਾ ਹੋਰੀਜ਼ਨ ਹੈ!"
ਸ਼੍ਰੀ ਮੋਦੀ ਨੇ ਕਿਹਾ ਕਿ ਪੁਲਾੜ ਦਾ ਅਨੰਤ ਵਿਸਤਾਰ ਸਾਨੂੰ ਲਗਾਤਾਰ ਯਾਦ ਦਿਵਾਉਂਦਾ ਹੈ ਕਿ ਕੋਈ ਵੀ ਮੰਜ਼ਿਲ ਅੰਤਿਮ ਨਹੀਂ ਹੁੰਦੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸੇ ਤਰ੍ਹਾਂ, ਪੁਲਾੜ ਖੇਤਰ ਵਿੱਚ ਨੀਤੀਗਤ ਪ੍ਰਗਤੀ ਦਾ ਵੀ ਕੋਈ ਅੰਤਿਮ ਟੀਚਾ ਨਹੀਂ ਹੋਣਾ ਚਾਹੀਦਾ। ਲਾਲ ਕਿਲ੍ਹੇ ਤੋਂ ਆਪਣੇ ਸੰਬੋਧਨ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਦਾ ਰਸਤਾ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਗਿਆਰਾਂ ਵਰ੍ਹਿਆਂ ਵਿੱਚ, ਦੇਸ਼ ਨੇ ਪੁਲਾੜ ਖੇਤਰ ਵਿੱਚ ਕਈ ਵੱਡੇ ਸੁਧਾਰਾਂ ਨੂੰ ਲਾਗੂ ਕੀਤਾ ਹੈ। ਇਹ ਜ਼ਿਕਰ ਕਰਦੇ ਹੋਏ ਕਿ ਇੱਕ ਸਮਾਂ ਸੀ ਜਦੋਂ ਪੁਲਾੜ ਜਿਹੇ ਭਵਿੱਖ ਦੇ ਖੇਤਰ ਅਨੇਕਾਂ ਪਾਬੰਦੀਆਂ ਨਾਲ ਬੱਝੇ ਸੀ, ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਇਨ੍ਹਾਂ ਰੁਕਾਵਟਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਨਿਜੀ ਖੇਤਰ ਨੂੰ ਸਪੇਸ-ਟੈਕਨੋਲੋਜੀ ਵਿੱਚ ਹਿੱਸਾ ਲੈਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅੱਜ, 350 ਤੋਂ ਵੱਧ ਸਟਾਰਟਅੱਪ ਅੱਜ ਦੇ ਪ੍ਰੋਗਰਾਮ ਵਿੱਚ ਆਪਣੀ ਸਰਗਰਮ ਭਾਗੀਦਾਰੀ ਨਾਲ ਸਪੇਸ ਟੈਕਨੋਲੋਜੀ ਵਿੱਚ ਇਨੋਵੇਸ਼ਨ ਅਤੇ ਤੇਜ਼ ਇੰਜਣ ਦੇ ਰੂਪ ਵਿੱਚ ਉਭਰ ਰਹੇ ਹਨ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਨਿਜੀ ਖੇਤਰ ਦੁਆਰਾ ਨਿਰਮਿਤ ਪਹਿਲਾ ਪੀਐੱਸਐੱਲਵੀ ਰਾਕੇਟ ਜਲਦੀ ਹੀ ਲਾਂਚ ਕੀਤਾ ਜਾਵੇਗਾ। ਉਨ੍ਹਾਂ ਨੇ ਖੁਸ਼ੀ ਵਿਅਕਤ ਕੀਤੀ ਕਿ ਭਾਰਤ ਦਾ ਪਹਿਲਾ ਨਿਜੀ ਸੰਚਾਰ ਸੈਟੇਲਾਈਟ ਵੀ ਵਿਕਾਸ ਦੇ ਅਧੀਨ ਹੈ। ਉਨ੍ਹਾਂ ਨੇ ਕਿਹਾ ਕਿ ਜਨਤਕ-ਨਿਜੀ ਭਾਈਵਾਲੀ ਰਾਹੀਂ ਇੱਕ ਧਰਤੀ ਨਿਰੀਖਣ ਸੈਟੇਲਾਈਟ ਤਾਰਾਮੰਡਲ ਨੂੰ ਲਾਂਚ ਕਰਨ ਦੀ ਤਿਆਰੀ ਚੱਲ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਪੁਲਾੜ ਖੇਤਰ ਵਿੱਚ ਭਾਰਤ ਦੇ ਨੌਜਵਾਨਾਂ ਲਈ ਵੱਡੀ ਸੰਖਿਆ ਵਿੱਚ ਮੌਕੇ ਪੈਦਾ ਕੀਤੇ ਜਾ ਰਹੇ ਹਨ।"
15 ਅਗਸਤ, 2025 ਨੂੰ ਲਾਲ ਕਿਲ੍ਹੇ ਤੋਂ ਦਿੱਤੇ ਗਏ ਆਪਣੇ ਸੰਬੋਧਨ ਨੂੰ ਯਾਦ ਕਰਦੇ ਹੋਏ, ਜਿੱਥੇ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਆਤਮਨਿਰਭਰਤਾ ਦੇ ਮਹੱਤਵ 'ਤੇ ਜ਼ੋਰ ਦਿੱਤਾ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਖੇਤਰ ਨੂੰ ਆਪਣੇ ਟੀਚੇ ਨਿਰਧਾਰਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ ਹੈ। ਭਾਰਤ ਦੇ ਪੁਲਾੜ ਸਟਾਰਟਅੱਪਸ ਦੇ ਲਈ ਇੱਕ ਚੁਣੌਤੀ ਪੇਸ਼ ਕਰਦੇ ਹੋਏ ਆਪਣੇ ਸੰਬੋਧਨ ਵਿੱਚ ਸ਼੍ਰੀ ਮੋਦੀ ਨੇ ਪੁੱਛਿਆ, "ਕੀ ਅਸੀਂ ਅਗਲੇ ਪੰਜ ਵਰ੍ਹਿਆਂ ਵਿੱਚ ਪੁਲਾੜ ਖੇਤਰ ਵਿੱਚ ਪੰਜ ਯੂਨੀਕੌਰਨ ਬਣਾ ਸਕਦੇ ਹਾਂ?" ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ, ਭਾਰਤ ਆਪਣੀ ਧਰਤੀ ਤੋਂ ਸਲਾਨਾ 5-6 ਵੱਡੇ ਲਾਂਚ ਦਾ ਗਵਾਹ ਬਣਦਾ ਹੈ। ਪ੍ਰਧਾਨ ਮੰਤਰੀ ਨੇ ਨਿਜੀ ਖੇਤਰ ਦੇ ਅੱਗੇ ਆਉਣ ਦੀ ਇੱਛਾ ਵਿਅਕਤ ਕੀਤੀ ਤਾਕਿ ਭਾਰਤ ਅਗਲੇ ਪੰਜ ਵਰ੍ਹਿਆਂ ਵਿੱਚ ਹਰ ਸਾਲ 50 ਰਾਕੇਟ ਲਾਂਚ ਕਰਨ ਦੀ ਸਥਿਤੀ 'ਤੇ ਪਹੁੰਚ ਸਕੇ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਸਰਕਾਰ ਕੋਲ ਇਸ ਪਰਿਕਲਪਨਾ ਨੂੰ ਪੂਰਾ ਕਰਨ ਲਈ ਜ਼ਰੂਰੀ ਅਗਲੀ ਪੀੜ੍ਹੀ ਦੇ ਸੁਧਾਰਾਂ ਨੂੰ ਲਾਗੂ ਕਰਨ ਦਾ ਇਰਾਦਾ ਅਤੇ ਇੱਛਾ ਸ਼ਕਤੀ ਦੋਵੇਂ ਹਨ। ਪ੍ਰਧਾਨ ਮੰਤਰੀ ਨੇ ਪੁਲਾੜ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਰ ਕਦਮ 'ਤੇ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਪੇਸ ਟੈਕਨੋਲੋਜੀ ਨੂੰ ਨਾ ਸਿਰਫ਼ ਵਿਗਿਆਨਕ ਖੋਜ ਦੇ ਇੱਕ ਸਾਧਨ ਦੇ ਰੂਪ ਵਿੱਚ ਦੇਖਦਾ ਹੈ, ਸਗੋਂ ਜੀਵਨ ਨੂੰ ਆਸਾਨ ਬਣਾਉਣ ਦੇ ਇੱਕ ਸਾਧਨ ਦੇ ਰੂਪ ਵਿੱਚ ਵੀ ਦੇਖਦਾ ਹੈ। ਸ਼੍ਰੀ ਮੋਦੀ ਨੇ ਫ਼ਸਲ ਬੀਮਾ ਯੋਜਨਾਵਾਂ ਵਿੱਚ ਸੈਟੇਲਾਈਟ-ਅਧਾਰਿਤ ਮੁਲਾਂਕਣ, ਮਛੇਰਿਆਂ ਲਈ ਸੈਟੇਲਾਈਟ-ਅਧਾਰਿਤ ਸੂਚਨਾ ਅਤੇ ਸੁਰੱਖਿਆ, ਆਫ਼ਤ ਪ੍ਰਬੰਧਨ ਐਪਲੀਕੇਸ਼ਨਾਂ ਅਤੇ ਪੀਐੱਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਵਿੱਚ ਭੂ-ਸਥਾਨਕ ਡੇਟਾ ਦੀ ਵਰਤੋਂ ਜਿਹੀਆਂ ਉਦਾਹਰਣਾਂ ਦਾ ਹਵਾਲਾ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, "ਸਪੇਸ-ਟੈਕਨੋਲੋਜੀ ਭਾਰਤ ਵਿੱਚ ਸ਼ਾਸਨ ਦਾ ਇੱਕ ਅਨਿੱਖੜਵਾਂ ਅੰਗ ਬਣਦੀ ਜਾ ਰਹੀ ਹੈ।" ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੁਲਾੜ ਵਿੱਚ ਭਾਰਤ ਦੀ ਪ੍ਰਗਤੀ ਸਿੱਧੇ ਤੌਰ 'ਤੇ ਆਪਣੇ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਨੂੰ ਆਸਾਨ ਬਣਾਉਣ ਵਿੱਚ ਯੋਗਦਾਨ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਸਪੇਸ-ਟੈਕਨੋਲੋਜੀ ਦੀ ਵਰਤੋਂ ਨੂੰ ਹੋਰ ਪ੍ਰੋਤਸਾਹਨ ਦੇਣ ਲਈ ਕੱਲ੍ਹ ਇੱਕ ਰਾਸ਼ਟਰੀ ਸੰਮੇਲਨ 2.0 ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਨੇ ਅਜਿਹੀਆਂ ਪਹਿਲਕਦਮੀਆਂ ਨੂੰ ਜਾਰੀ ਰੱਖਣ ਅਤੇ ਵਿਸਤਾਰਿਤ ਕਰਨ ਦੀ ਇੱਛਾ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਸਪੇਸ ਸਟਾਰਟਅੱਪਸ ਨੂੰ ਜਨਤਕ ਸੇਵਾ ਦੇ ਉਦੇਸ਼ ਨਾਲ ਨਵੇਂ ਸਮਾਧਾਨ ਅਤੇ ਇਨੋਵੇਸ਼ਨ ਵਿਕਸਿਤ ਕਰਨ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਇਸ ਵਿਸ਼ਵਾਸ ਦੇ ਨਾਲ ਆਪਣੇ ਸੰਬੋਧਨ ਨੂੰ ਸਮਾਪਤ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪੁਲਾੜ ਵਿੱਚ ਭਾਰਤ ਦੀ ਯਾਤਰਾ ਨਵੀਆਂ ਉਚਾਈਆਂ ਨੂੰ ਛੂਹੇਗੀ। ਸ਼੍ਰੀ ਮੋਦੀ ਨੇ ਸਾਰਿਆਂ ਨੂੰ ਇੱਕ ਵਾਰ ਫਿਰ ਨੈਸ਼ਨਲ ਸਪੇਸ ਡੇਅ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ, ਇਸਰੋ ਦੇ ਅਧਿਕਾਰੀ, ਵਿਗਿਆਨੀ ਅਤੇ ਇੰਜੀਨੀਅਰ ਅਤੇ ਹੋਰ ਪਤਵੰਤੇ ਮੌਜੂਦ ਸਨ।
https://x.com/narendramodi/status/1959127092261519778
https://x.com/PMOIndia/status/1959127964836077802
https://x.com/PMOIndia/status/1959128587912557019
https://x.com/PMOIndia/status/1959128954306011487
https://x.com/PMOIndia/status/1959129861160567040
***
ਐੱਮਜੇਪੀਐੱਸ/ ਐੱਸਆਰ
(Release ID: 2160139)
Read this release in:
Kannada
,
Assamese
,
English
,
Urdu
,
Hindi
,
Marathi
,
Bengali
,
Manipuri
,
Gujarati
,
Odia
,
Tamil
,
Malayalam