ਰੇਲ ਮੰਤਰਾਲਾ
azadi ka amrit mahotsav

ਦੀਵਾਲੀ ਅਤੇ ਛਟ ਲਈ 12,000 ਤੋਂ ਵੱਧ ਸਪੈਸ਼ਲ ਟ੍ਰੇਨਾਂ, 13 ਤੋਂ 26 ਅਕਤੂਬਰ ਤੱਕ ਅੱਗੇ ਦੀ ਯਾਤਰਾ ਅਤੇ 17 ਨਵੰਬਰ ਤੋਂ 1 ਦਸੰਬਰ ਤੱਕ ਵਾਪਸੀ ਯਾਤਰਾ ਦੀਆਂ ਟਿਕਟਾਂ 'ਤੇ 20% ਦੀ ਛੋਟ: ਸ਼੍ਰੀ ਅਸ਼ਵਿਨੀ ਵੈਸ਼ਣਵ


ਬਿਹਾਰ ਨੂੰ ਦਿੱਲੀ, ਅੰਮ੍ਰਿਤਸਰ ਅਤੇ ਹੈਦਰਾਬਾਦ ਨਾਲ ਜੋੜਨ ਵਾਲੀਆਂ ਚਾਰ ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਚੱਲਣਗੀਆਂ: ਸ਼੍ਰੀ ਅਸ਼ਵਿਨੀ ਵੈਸ਼ਣਵ

ਵੰਦੇ ਭਾਰਤ ਐਕਸਪ੍ਰੈੱਸ ਪੂਰਨੀਆ ਅਤੇ ਪਟਨਾ ਦਰਮਿਆਨ ਚੱਲੇਗੀ, ਵੈਸ਼ਾਲੀ, ਹਾਜੀਪੁਰ, ਸੋਨਪੁਰ, ਪਟਨਾ, ਰਾਜਗੀਰ, ਗਯਾ ਅਤੇ ਕੋਡਰਮਾ ਨੂੰ ਜੋੜਨ ਵਾਲੀ ਬੁੱਧਿਸਟ ਸਰਕਿਟ ਟ੍ਰੇਨ ਚਲਾਈ ਜਾਵੇਗੀ: ਸ਼੍ਰੀ ਅਸ਼ਵਿਨੀ ਵੈਸ਼ਣਵ

ਬਿਹਾਰ ਲਈ ਵੱਡਾ ਰੇਲ ਵਿਸਤਾਰ, ਬਕਸਰ-ਲਖੀਸਰਾਏ ਚਾਰ-ਲਾਈਨ ਕੌਰੀਡੋਰ ਬਣਾਇਆ ਜਾਵੇਗਾ, ਪਟਨਾ ਰਿੰਗ ਰੇਲਵੇ, ਸੁਲਤਾਨਗੰਜ-ਦਿਓਘਰ ਰੇਲ ਲਿੰਕ, ਅਤੇ ਪਟਨਾ-ਅਯੁੱਧਿਆ ਟ੍ਰੇਨ ਚਲਾਈ ਜਾਵੇਗੀ

Posted On: 21 AUG 2025 2:09PM by PIB Chandigarh

ਭਾਰਤੀ ਰੇਲਵੇ ਨੇ ਦੀਵਾਲੀ ਅਤੇ ਛਟ ਤਿਉਹਾਰਾਂ ਦੌਰਾਨ ਯਾਤਰੀਆਂ ਦੀ ਸੁਵਿਧਾ ਲਈ 12,000 ਤੋਂ ਵੱਧ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ।

 

ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਰੇਲ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਹਾਰ ਦੇ ਉਪ ਮੁੱਖ ਮੰਤਰੀ ਸ਼੍ਰੀ ਸਮਰਾਟ ਚੌਧਰੀ, ਸੰਸਦ ਮੈਂਬਰ ਡਾ. ਸੰਜੈ ਜੈਸਵਾਲ, ਕੇਂਦਰੀ ਮੰਤਰੀ ਸ਼੍ਰੀ ਲੱਲਨ ਸਿੰਘ ਅਤੇ ਸੰਸਦ ਮੈਂਬਰ ਸ਼੍ਰੀ ਸੰਜੈ ਕੁਮਾਰ ਝਾ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ, ਆਉਣ ਵਾਲੀ ਦੀਵਾਲੀ ਅਤੇ ਛਟ ਪਰਵ ਲਈ ਵਿਸ਼ੇਸ਼ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯਾਤਰੀਆਂ ਨੂੰ ਉਨ੍ਹਾਂ ਦੀ ਵਾਪਸੀ ਯਾਤਰਾ ਦੌਰਾਨ ਵੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

 

ਸੀਨੀਅਰ ਜਨ ਪ੍ਰਤੀਨਿਧੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਇਹ ਫੈਸਲਾ ਲਿਆ ਗਿਆ ਕਿ ਦੀਵਾਲੀ ਅਤੇ ਛਟ ਲਈ 12,000 ਤੋਂ ਵੱਧ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ। ਨਾਲ ਹੀ, ਇਹ ਯਕੀਨੀ ਬਣਾਇਆ ਜਾਵੇਗਾ ਕਿ ਯਾਤਰੀਆਂ ਨੂੰ ਵਾਪਸੀ ਯਾਤਰਾ ਵਿੱਚ ਕੋਈ ਮੁਸ਼ਕਲ ਨਾ ਆਵੇ।

ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ 13 ਤੋਂ 26 ਅਕਤੂਬਰ ਵਿਚਕਾਰ ਅੱਗੇ ਦੀ ਯਾਤਰਾ ਕਰਨ ਵਾਲੇ ਅਤੇ 17 ਨਵੰਬਰ ਤੋਂ 1 ਦਸੰਬਰ ਵਿਚਕਾਰ ਵਾਪਸੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵਾਪਸੀ ਟਿਕਟਾਂ 'ਤੇ 20 ਪ੍ਰਤੀਸ਼ਤ ਦੀ ਛੋਟ ਦਿੱਤੀ ਜਾਵੇਗੀ। ਇਹ ਪਹਿਲ ਇਸ ਤਿਉਹਾਰੀ ਸੀਜ਼ਨ ਦੌਰਾਨ ਲਾਗੂ ਕੀਤੀ ਜਾਵੇਗੀ ਅਤੇ ਇਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਭ ਹੋਵੇਗਾ।

ਇਸ ਤੋਂ ਇਲਾਵਾ, ਗਯਾ ਤੋਂ ਦਿੱਲੀ, ਸਹਰਸਾ ਤੋਂ ਅੰਮ੍ਰਿਤਸਰ, ਛਪਰਾ ਤੋਂ ਦਿੱਲੀ ਅਤੇ ਮੁਜ਼ੱਫਰਪੁਰ ਤੋਂ ਹੈਦਰਾਬਾਦ ਲਈ ਚਾਰ ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਸ਼ੁਰੂ ਕੀਤੀਆਂ ਜਾਣਗੀਆਂ। ਮੰਤਰੀ ਨੇ ਐਲਾਨ ਕੀਤਾ ਕਿ ਭਗਵਾਨ ਬੁੱਧ ਨਾਲ ਜੁੜੇ ਮਹੱਤਵਪੂਰਨ ਸਥਾਨਾਂ ਅਤੇ ਖਾਸ ਕਰਕੇ ਮੱਧ ਵਰਗ ਦੇ ਪਰਿਵਾਰਾਂ ਲਈ ਇੱਕ ਨਵੀਂ ਸਰਕਿਟ ਟ੍ਰੇਨ ਵੀ ਸ਼ੁਰੂ ਕੀਤੀ ਜਾਵੇਗੀ, ਜੋ ਵੈਸ਼ਾਲੀ, ਹਾਜੀਪੁਰ, ਸੋਨਪੁਰ, ਪਟਨਾ, ਰਾਜਗੀਰ, ਗਯਾ ਅਤੇ ਕੋਡਰਮਾ ਨੂੰ ਕਵਰ ਕਰੇਗੀ।

ਬਕਸਰ-ਲਖੀਸਰਾਏ ਰੇਲ ਸੈਕਸ਼ਨ ਨੂੰ ਚਾਰ-ਲਾਈਨ ਕੌਰੀਡੋਰ ਵਿੱਚ ਵਧਾਇਆ ਜਾਵੇਗਾ, ਜਿਸ ਨਾਲ ਹੋਰ ਜ਼ਿਆਦਾ ਟ੍ਰੇਨਾਂ ਚੱਲ ਸਕਣਗੀਆਂ। ਪਟਨਾ ਦੇ ਆਲੇ-ਦੁਆਲੇ ਇੱਕ ਰਿੰਗ ਰੇਲਵੇ ਸਿਸਟਮ ਵਿਕਸਿਤ ਕੀਤਾ ਜਾਵੇਗਾ। ਸੁਲਤਾਨਗੰਜ ਅਤੇ ਦਿਓਘਰ ਨੂੰ ਰੇਲ ਰਾਹੀਂ ਜੋੜਿਆ ਜਾਵੇਗਾ। ਪਟਨਾ ਅਤੇ ਅਯੁੱਧਿਆ ਵਿਚਕਾਰ ਇੱਕ ਨਵੀਂ ਰੇਲ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ। ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਦੱਸਿਆ ਕਿ ਲੌਖਾ ਬਾਜ਼ਾਰ ਵਿਖੇ ਇੱਕ ਵਾਸ਼ਿੰਗ ਪਿਟ ਸਹੂਲਤ ਸਥਾਪਿਤ ਕੀਤੀ ਜਾਵੇਗੀ ਅਤੇ ਬਿਹਾਰ ਵਿੱਚ ਕਈ ਨਵੇਂ ਮਨਜ਼ੂਰ ਕੀਤੇ ਗਏ ਰੋਡ ਓਵਰਬ੍ਰਿਜਾਂ 'ਤੇ ਕੰਮ ਕੀਤਾ ਜਾਵੇਗਾ।

ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ ਉਰਫ਼ ਲੱਲਨ ਸਿੰਘ, ਸੰਸਦ ਮੈਂਬਰ ਡਾ: ਸੰਜੈ ਜੈਸਵਾਲ ਅਤੇ ਸੰਸਦ ਮੈਂਬਰ ਸੰਜੈ ਕੁਮਾਰ ਝਾ ਨੇ ਬਿਹਾਰ ਲਈ ਹੋਰ ਵੱਧ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਅਤੇ ਅੰਮ੍ਰਿਤ ਭਾਰਤ ਅਤੇ ਵੰਦੇ ਭਾਰਤ ਸਮੇਤ ਕਈ ਨਵੀਆਂ ਟ੍ਰੇਨਾਂ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ।

https://x.com/AshwiniVaishnaw/status/1958200411082391553 

*****

ਧਰਮੇਂਦਰ ਤਿਵਾਰੀ/ ਡਾ. ਨਯਨ ਸੋਲੰਕੀ / ਰਿਤੂ ਰਾਜ


(Release ID: 2159551)