ਪ੍ਰਧਾਨ ਮੰਤਰੀ ਦਫਤਰ
79ਵੇਂ ਸੁਤੰਤਰਤਾ ਦਿਵਸ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦੇ ਮੁੱਖ ਅੰਸ਼
Posted On:
15 AUG 2025 3:52PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਲਾਲ ਕਿਲੇ ਦੀ ਫ਼ਸੀਲ ਤੋਂ 79ਵੇਂ ਸੁਤੰਤਰਤਾ ਦਿਵਸ 'ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਦਾ ਰਾਸ਼ਟਰ ਨੂੰ ਸੰਬੋਧਨ ਲਾਲ ਕਿਲੇ ਤੋਂ ਸਭ ਤੋਂ ਲੰਬਾ ਅਤੇ ਸਭ ਤੋਂ ਨਿਰਣਾਇਕ ਭਾਸ਼ਣ ਸੀ, ਜੋ 103 ਮਿੰਟ ਚਲਿਆ, ਜਿਸ ਵਿੱਚ 2047 ਤੱਕ ਵਿਕਸਿਤ ਭਾਰਤ ਲਈ ਇੱਕ ਸਾਹਸਿਕ ਰੋਡਮੈਪ ਤਿਆਰ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਦਾ ਸੰਬੋਧਨ ਆਤਮਨਿਰਭਰਤਾ, ਇਨੋਵੇਸ਼ਨ ਅਤੇ ਨਾਗਰਿਕ ਸਸ਼ਕਤੀਕਰਣ 'ਤੇ ਕੇਂਦ੍ਰਿਤ ਸੀ, ਜਿਸ ਵਿੱਚ ਦੂਸਰਿਆਂ 'ਤੇ ਇੱਕ ਨਿਰਭਰ ਰਾਸ਼ਟਰ ਦੇ ਆਲਮੀ ਰੂਪ ਤੋਂ ਇੱਕ ਆਤਮ-ਵਿਸ਼ਵਾਸੀ, ਤਕਨੀਕੀ ਤੌਰ 'ਤੇ ਉੱਨਤ ਅਤੇ ਆਰਥਿਕ ਤੌਰ 'ਤੇ ਲਚੀਲੇ ਦੇਸ਼ ਬਣਨ ਦੀ ਭਾਰਤ ਦੀ ਯਾਤਰਾ 'ਤੇ ਪ੍ਰਕਾਸ਼ ਪਾਇਆ ਗਿਆ।
ਸ਼੍ਰੀ ਮੋਦੀ ਨੇ ਵਿਕਸਿਤ ਭਾਰਤ 2047 ਲਈ ਦ੍ਰਿਸ਼ਟੀਕੋਣ ਦੀ ਰੂਪ-ਰੇਖਾ ਦਿੱਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੀ ਤਰੱਕੀ ਆਤਮਨਿਰਭਰਤਾ, ਇਨੋਵੇਸ਼ਨ ਅਤੇ ਨਾਗਰਿਕ ਸਸ਼ਕਤੀਕਰਣ 'ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ ਕਿ ਰਣਨੀਤਕ ਰੱਖਿਆ ਤੋਂ ਲੈ ਕੇ ਸੈਮੀਕੰਡਕਟਰਾਂ ਤੱਕ, ਸਵੱਛ ਊਰਜਾ ਤੋਂ ਲੈ ਕੇ ਖੇਤੀਬਾੜੀ ਤੱਕ, ਅਤੇ ਡਿਜੀਟਲ ਪ੍ਰਭੂਸੱਤਾ ਤੋਂ ਲੈ ਕੇ ਯੁਵਾ ਸਸ਼ਕਤੀਕਰਣ ਤੱਕ ਦੇ ਖੇਤਰਾਂ ਦੇ ਰੋਡਮੈਪ ਦਾ ਉਦੇਸ਼ 2047 ਤੱਕ ਭਾਰਤ ਨੂੰ 10 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਵਿੱਚ ਬਦਲਣਾ ਹੈ, ਜਿਸ ਨਾਲ ਇਸ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ, ਸਮਾਜਿਕ ਤੌਰ 'ਤੇ ਸੰਮਲਿਤ ਅਤੇ ਰਣਨੀਤਕ ਤੌਰ 'ਤੇ ਖ਼ੁਦਮੁਖਤਿਆਰ ਬਣਾਇਆ ਜਾ ਸਕੇ।
ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਮੁੱਖ ਅੰਸ਼ ਨਿਮਨਲਿਖਿਤ ਹਨ।
ਆਮ
- ਸੁਤੰਤਰਤਾ ਦਾ ਇਹ ਮਹਾਨ ਉਤਸਵ ਸਾਡੇ ਲੋਕਾਂ ਦੇ 140 ਕਰੋੜ ਸੰਕਲਪਾਂ ਦਾ ਜਸ਼ਨ ਹੈ।
- ਭਾਰਤ ਏਕਤਾ ਦੀ ਭਾਵਨਾ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ।
- 75 ਵਰ੍ਹਿਆਂ ਤੋਂ, ਭਾਰਤ ਦਾ ਸੰਵਿਧਾਨ ਸਾਡਾ ਇੱਕ ਚਾਨਣ ਮੁਨਾਰੇ ਵਾਂਗ ਮਾਰਗਦਰਸ਼ਨ ਕਰ ਰਿਹਾ ਹੈ।
- ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇਸ਼ ਪਹਿਲੀ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਲਈ ਆਪਣੀ ਜਾਨ ਕੁਰਬਾਨ ਕੀਤੀ।
- ਕੁਦਰਤ ਸਾਨੂੰ ਸਾਰਿਆਂ ਨੂੰ ਪਰਖ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ, ਅਸੀਂ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ - ਜ਼ਮੀਨ ਖਿਸਕਣਾ, ਬੱਦਲ ਫਟਣਾ ਅਤੇ ਅਣਗਿਣਤ ਹੋਰ ਆਫ਼ਤਾਂ ਦਾ ਸਾਹਮਣਾ ਕੀਤਾ ਹੈ।
- ਅੱਜ ਲਾਲ ਕਿਲੇ ਦੀ ਫ਼ਸੀਲ ਤੋਂ ਅਪ੍ਰੇਸ਼ਨ ਸਿੰਦੂਰ ਦੇ ਬਹਾਦਰ ਜੋਧਿਆਂ ਨੂੰ ਸਲਾਮ ਕਰਨ ਦਾ ਇੱਕ ਵਧੀਆ ਮੌਕਾ ਹੈ।
- ਭਾਰਤ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਅਸੀਂ ਹੁਣ ਉਨ੍ਹਾਂ ਪਰਮਾਣੂ ਖ਼ਤਰਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੋ ਇੰਨੇ ਲੰਬੇ ਸਮੇਂ ਤੋਂ ਸਹਿਣ ਕੀਤੇ ਜਾ ਰਹੇ ਹਨ।
- ਜੇਕਰ ਸਾਡੇ ਦੁਸ਼ਮਣ ਭਵਿੱਖ ਵਿੱਚ ਆਤੰਕਵਾਦ ਦੀਆਂ ਕਾਰਵਾਈਆਂ ਜਾਰੀ ਰੱਖਦੇ ਹਨ, ਤਾਂ ਸਾਡੀ ਸੈਨਾ ਆਪਣੀਆਂ ਸ਼ਰਤਾਂ 'ਤੇ, ਆਪਣੀ ਮਨਚਾਹੇ ਸਮੇਂ, ਉਸ ਢੰਗ ਨਾਲ ਫ਼ੈਸਲਾ ਕਰੇਗੀ ਜਿਸ ਤਰ੍ਹਾਂ ਉਹ ਢੁਕਵਾਂ ਸਮਝਦੀ ਹੈ ਅਤੇ ਚੁਣੇ ਹੋਏ ਟੀਚਿਆਂ ਨੂੰ ਨਿਸ਼ਾਨਾ ਬਣਾਏਗੀ ਅਤੇ ਅਸੀਂ ਉਸ ਅਨੁਸਾਰ ਕਾਰਵਾਈ ਕਰਾਂਗੇ। ਅਸੀਂ ਇੱਕ ਢੁਕਵਾਂ ਅਤੇ ਕਰਾਰਾ ਜਵਾਬ ਦੇਵਾਂਗੇ।
- ਭਾਰਤ ਨੇ ਹੁਣ ਫ਼ੈਸਲਾ ਕਰ ਲਿਆ ਹੈ, ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿਣਗੇ। ਲੋਕਾਂ ਨੇ ਸਮਝ ਲਿਆ ਹੈ ਕਿ ਸਿੰਧੂ ਜਲ ਸੰਧੀ ਇੱਕ ਬੇਇਨਸਾਫ਼ੀ ਸੀ। ਸਿੰਧੂ ਨਦੀ ਪ੍ਰਣਾਲੀ ਦਾ ਪਾਣੀ ਦੁਸ਼ਮਣ ਦੀਆਂ ਜ਼ਮੀਨਾਂ ਨੂੰ ਸਿੰਜਦਾ ਸੀ ਜਦਕਿ ਸਾਡੇ ਕਿਸਾਨਾਂ ਨੂੰ ਨੁਕਸਾਨ ਝੱਲਣਾ ਪਿਆ।
- ਸਾਡੇ ਕਿਸਾਨਾਂ ਅਤੇ ਦੇਸ਼ ਦੇ ਹਿਤ ਵਿੱਚ ਸਿੰਧੂ ਜਲ ਸੰਧੀ ਸਾਡੇ ਲਈ ਅਸਵੀਕਾਰਯੋਗ ਹੈ।
- ਵਿਕਸਿਤ ਭਾਰਤ ਦੀ ਨੀਂਹ ਵੀ ਇੱਕ ਆਤਮਨਿਰਭਰ ਭਾਰਤ ਹੈ।
- ਇਹ ਇੱਕ ਵੱਡੀ ਬਦਕਿਸਮਤੀ ਹੈ ਜਦੋਂ ਨਿਰਭਰਤਾ ਇੱਕ ਆਦਤ ਬਣ ਜਾਂਦੀ ਹੈ ਅਤੇ ਜਦੋਂ ਅਸੀਂ ਆਤਮਨਿਰਭਰਤਾ ਨੂੰ ਮਹਿਸੂਸ ਵੀ ਨਹੀਂ ਕਰਦੇ ਅਤੇ ਛੱਡ ਦਿੰਦੇ ਹਾਂ ਅਤੇ ਦੂਸਰਿਆਂ 'ਤੇ ਨਿਰਭਰ ਹੋ ਜਾਂਦੇ ਹਾਂ।
- ਆਤਮਨਿਰਭਰਤਾ ਸਾਡੀ ਸਮਰੱਥਾ ਨਾਲ ਜੁੜੀ ਹੋਈ ਹੈ ਅਤੇ ਜਦੋਂ ਆਤਮਨਿਰਭਰਤਾ ਘਟਣੀ ਸ਼ੁਰੂ ਹੋ ਜਾਂਦੀ ਹੈ, ਤਾਂ ਸਾਡੀ ਸਮਰੱਥਾ ਵੀ ਲਗਾਤਾਰ ਘਟਦੀ ਜਾਂਦੀ ਹੈ। ਇਸ ਲਈ, ਆਪਣੀ ਸਮਰੱਥਾ ਨੂੰ ਸੁਰੱਖਿਅਤ ਰੱਖਣ, ਬਰਕਰਾਰ ਰੱਖਣ ਅਤੇ ਵਧਾਉਣ ਲਈ ਆਤਮਨਿਰਭਰ ਹੋਣਾ ਲਾਜ਼ਮੀ ਹੈ।
- ਭਾਰਤ ਅੱਜ ਹਰ ਖੇਤਰ ਵਿੱਚ ਇੱਕ ਆਧੁਨਿਕ ਈਕੋਸਿਸਟਮ ਬਣਾ ਰਿਹਾ ਹੈ ਅਤੇ ਆਧੁਨਿਕ ਈਕੋਸਿਸਟਮ ਸਾਡੇ ਦੇਸ਼ ਨੂੰ ਹਰ ਖੇਤਰ ਵਿੱਚ ਆਤਮਨਿਰਭਰ ਬਣਾਏਗਾ।
- ਮੈਂ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਇਨੋਵੇਸ਼ਨਕਾਰੀ ਵਿਚਾਰਾਂ ਨੂੰ ਅੱਗੇ ਲਿਆਉਣ ਦਾ ਸੱਦਾ ਦਿੰਦਾ ਹਾਂ। ਅੱਜ ਦਾ ਵਿਚਾਰ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸਰੂਪ ਦੇ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ, "ਮੈਂ ਇਸ ਯਾਤਰਾ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਹਾਂਗਾ।"
- ਭਾਰਤ ਦੀ ਕੋਵਿਡ-19 ਪ੍ਰਤੀਕਿਰਿਆ ਤੋਂ ਪ੍ਰੇਰਨਾ ਲੈ ਕੇ, ਜਿੱਥੇ ਸਵਦੇਸ਼ੀ ਟੀਕਿਆਂ ਅਤੇ ਕੋਵਿਨ ਜਿਹੇ ਪਲੇਟਫੌਰਮਾਂ ਨੇ ਵਿਸ਼ਵ ਪੱਧਰ 'ਤੇ ਲੱਖਾਂ ਜਾਨਾਂ ਬਚਾਈਆਂ, ਸਾਨੂੰ ਇਨੋਵੇਸ਼ਨ ਦੀ ਇਸ ਭਾਵਨਾ ਦਾ ਵਿਸਤਾਰ ਕਰਨਾ ਚਾਹੀਦਾ ਹੈ।
- ਸਾਡੇ ਵਿਗਿਆਨੀਆਂ ਅਤੇ ਨੌਜਵਾਨਾਂ ਨੂੰ ਇਸ ਨੂੰ ਇੱਕ ਸਿੱਧੀ ਚੁਣੌਤੀ ਵਜੋਂ ਲੈਂਦੇ ਹੋਏ ਆਪਣੇ ਜੈੱਟ ਇੰਜਣ ਬਣਾਉਣੇ ਚਾਹੀਦੇ ਹਨ।
- ਖੋਜਕਰਤਾਵਾਂ ਅਤੇ ਉੱਦਮੀਆਂ ਨੂੰ ਨਵੀਆਂ ਦਵਾਈਆਂ ਅਤੇ ਮੈਡੀਕਲ ਟੈਕਨੋਲੋਜੀਆਂ ਲਈ ਪੇਟੈਂਟ ਸੁਰੱਖਿਅਤ ਕਰਨੇ ਚਾਹੀਦੇ ਹਨ, ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਾਰਤ ਨਾ ਸਿਰਫ਼ ਆਪਣੀਆਂ ਸਿਹਤ ਸੰਭਾਲ਼ ਜ਼ਰੂਰਤਾਂ ਨੂੰ ਪੂਰਾ ਕਰੇ ਬਲਕਿ ਡਾਕਟਰੀ ਆਤਮਨਿਰਭਰਤਾ ਅਤੇ ਇਨੋਵੇਸ਼ਨ ਦਾ ਇੱਕ ਆਲਮੀ ਕੇਂਦਰ ਵੀ ਬਣੇ, ਜੋ ਵਿਗਿਆਨ, ਟੈਕਨੋਲੋਜੀ ਅਤੇ ਮਨੁੱਖੀ ਭਲਾਈ ਵਿੱਚ ਦੇਸ਼ ਦੀ ਅਗਵਾਈ ਕਰਨ ਦੀ ਯੋਗਤਾ ਦਾ ਪ੍ਰਦਰਸ਼ਨ ਕਰਦਾ ਹੈ।
- ਨੈਸ਼ਨਲ ਮੈਨੂਫੈਕਚਰਿੰਗ ਮਿਸ਼ਨ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
- ਭਾਰਤ ਦੇ ਬਜਟ ਦਾ ਇੱਕ ਵੱਡਾ ਹਿੱਸਾ ਅਜੇ ਵੀ ਪੈਟਰੋਲ, ਡੀਜ਼ਲ ਅਤੇ ਗੈਸ ਆਯਾਤ ਕਰਨ ਵੱਲ ਜਾਂਦਾ ਹੈ। ਨੈਸ਼ਨਲ ਡੀਪ ਵਾਟਰ ਐਕਸਪਲੋਰੇਸ਼ਨ ਮਿਸ਼ਨ ਭਾਰਤ ਦੇ ਤਟੀ ਊਰਜਾ ਸਰੋਤਾਂ ਦੀ ਵਰਤੋਂ ਕਰਨ, ਊਰਜਾ ਆਤਮਨਿਰਭਰਤਾ ਨੂੰ ਵਧਾਉਣ ਅਤੇ ਵਿਦੇਸ਼ੀ ਈਂਧਣ ਆਯਾਤ 'ਤੇ ਨਿਰਭਰਤਾ ਘਟਾਉਣ ਲਈ ਸ਼ੁਰੂ ਕੀਤਾ ਜਾਵੇਗਾ, ਜੋ ਕਿ ਇੱਕ ਪੂਰੀ ਤਰ੍ਹਾਂ ਸੁਤੰਤਰ ਅਤੇ ਸ਼ਕਤੀਸ਼ਾਲੀ ਭਾਰਤ ਵੱਲ ਇੱਕ ਹੋਰ ਕਦਮ ਹੈ।
- ਨਾਗਰਿਕਾਂ ਅਤੇ ਦੁਕਾਨਦਾਰਾਂ ਨੂੰ "ਵੋਕਲ ਫੌਰ ਲੋਕਲ" ਪਹਿਲ ਦੇ ਤਹਿਤ ਭਾਰਤ ਦੁਆਰਾ ਬਣਾਏ ਗਏ ਸਮਾਨ ਦਾ ਸਮਰਥਨ ਕਰਨਾ ਚਾਹੀਦਾ ਹੈ।
- ਸਵਦੇਸ਼ੀ ਦਾ ਜਨਮ ਮਾਣ ਅਤੇ ਤਾਕਤ ਵਿੱਚੋਂ ਹੋਣਾ ਚਾਹੀਦਾ ਹੈ, ਮਜਬੂਰੀ ਵਿੱਚੋਂ ਨਹੀਂ।
- ਸਾਨੂੰ ਦੁਕਾਨਾਂ ਦੇ ਬਾਹਰ "ਸਵਦੇਸ਼ੀ" ਬੋਰਡਾਂ ਜਿਹੇ ਪ੍ਰਤੱਖ ਪ੍ਰਚਾਰ ਲਈ ਜ਼ੋਰ ਦੇਣਾ ਚਾਹੀਦਾ ਹੈ, ਤਾਂ ਜੋ ਆਤਮਨਿਰਭਰਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ, ਉੱਦਮਤਾ ਦਾ ਸਮਰਥਨ ਕੀਤਾ ਜਾ ਸਕੇ ਅਤੇ ਭਾਰਤ ਦੇ ਆਰਥਿਕ ਅਤੇ ਉਦਯੋਗਿਕ ਅਧਾਰ ਨੂੰ ਮਜ਼ਬੂਤ ਕੀਤਾ ਜਾ ਸਕੇ।
- ਭਾਰਤ ਦੀ ਤਾਕਤ ਇਸ ਦੇ ਲੋਕਾਂ, ਇਨੋਵੇਸ਼ਨ ਅਤੇ ਆਤਮਨਿਰਭਰਤਾ ਪ੍ਰਤੀ ਪ੍ਰਤੀਬੱਧਤਾ ਵਿੱਚ ਹੈ।
- ਪਿਛਲੇ ਦਹਾਕੇ ਤੋਂ, ਭਾਰਤ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਕਰ ਰਿਹਾ ਹੈ, ਪਰ ਹੁਣ ਹੋਰ ਵੀ ਤਾਕਤ ਨਾਲ ਅੱਗੇ ਵਧਣ ਦਾ ਸਮਾਂ ਆ ਗਿਆ ਹੈ।
- ਸਾਡੀ ਸਰਕਾਰ ਇੱਕ ਆਧੁਨਿਕ, ਕੁਸ਼ਲ ਅਤੇ ਨਾਗਰਿਕ-ਅਨੁਕੂਲ ਈਕੋਸਿਸਟਮ ਬਣਾਉਣ ਲਈ ਪ੍ਰਤੀਬੱਧ ਹੈ, ਜਿੱਥੇ ਕਾਨੂੰਨ, ਨਿਯਮ ਅਤੇ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਜਾਂਦਾ ਹੈ, ਉੱਦਮਤਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਅਤੇ ਹਰ ਭਾਰਤੀ ਵਿਕਸਿਤ ਭਾਰਤ ਬਣਾਉਣ ਵਿੱਚ ਯੋਗਦਾਨ ਪਾ ਸਕਦਾ ਹੈ।
- ਅਗਲੀ ਪੀੜ੍ਹੀ ਦੇ ਸੁਧਾਰਾਂ ਲਈ ਇੱਕ ਟਾਸਕ ਫੋਰਸ ਬਣਾਈ ਜਾਵੇਗੀ, ਜੋ ਆਰਥਿਕ ਗਤੀਵਿਧੀਆਂ ਨਾਲ ਸਬੰਧਿਤ ਸਾਰੇ ਮੌਜੂਦਾ ਕਾਨੂੰਨਾਂ, ਨਿਯਮਾਂ ਅਤੇ ਪ੍ਰਕਿਰਿਆਵਾਂ ਦਾ ਮੁੱਲਾਂਕਣ ਕਰੇਗੀ। ਟਾਸਕ ਫੋਰਸ ਇੱਕ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਕੰਮ ਕਰੇਗੀ
- ਸਟਾਰਟਅਪ,ਐੱਮਐੱਸਐੱਮਈਜ਼ (MSMEs) ਅਤੇ ਉੱਦਮੀਆਂ ਲਈ ਪਾਲਣਾ ਲਾਗਤਾਂ ਨੂੰ ਘਟਾਉਣਾ
- ਮਨਮਾਨੀਆਂ ਕਾਨੂੰਨੀ ਕਾਰਵਾਈਆਂ ਦੇ ਡਰ ਤੋਂ ਆਜ਼ਾਦੀ ਦੇਣਾ
- ਇਹ ਯਕੀਨੀ ਬਣਾਉਣਾ ਕਿ ਈਜ਼ ਆਵ੍ ਡੂਇੰਗ ਬਿਜ਼ਨਸ ਲਈ ਕਾਨੂੰਨਾਂ ਨੂੰ ਸੁਚਾਰੂ ਬਣਾਇਆ ਜਾਵੇ
- ਇਨ੍ਹਾਂ ਸੁਧਾਰਾਂ ਦਾ ਉਦੇਸ਼ ਇਨੋਵੇਸ਼ਨ, ਉੱਦਮਤਾ ਅਤੇ ਆਰਥਿਕ ਵਿਕਾਸ ਲਈ ਇੱਕ ਸਹਾਇਕ ਈਕੋਸਿਸਟਮ ਬਣਾਉਣਾ ਹੈ।
- ਅਸੀਂ ਸਮਾਜਿਕ ਨਿਆਂ ਨੂੰ ਯਕੀਨੀ ਬਣਾਉਣ ਲਈ ਸੰਤ੍ਰਿਪਤ ਪਹੁੰਚ ਨਾਲ ਕੰਮ ਕਰ ਰਹੇ ਹਾਂ।
- ਅੱਜ, ਸਰਕਾਰ ਸੰਤ੍ਰਿਪਤ ਪਹੁੰਚ ਨਾਲ ਤੁਹਾਡੇ ਦਰਵਾਜ਼ੇ 'ਤੇ ਆ ਰਹੀ ਹੈ। ਕਰੋੜਾਂ ਲਾਭਾਰਥੀ ਸਰਕਾਰੀ ਯੋਜਨਾਵਾਂ ਦੇ ਲਾਭ ਪ੍ਰਾਪਤ ਕਰ ਰਹੇ ਹਨ, ਅਤੇ ਡਾਇਰੈਕਟ ਬੈਨੇਫਿਟ ਟ੍ਰਾਂਸਫਰ ਇੱਕ ਸੱਚਮੁੱਚ ਕ੍ਰਾਂਤੀਕਾਰੀ ਕਦਮ ਰਿਹਾ ਹੈ।
- ਅੱਜ, ਪਿਛਲੇ 10 ਵਰ੍ਹਿਆਂ ਵਿੱਚ 25 ਕਰੋੜ ਤੋਂ ਵੱਧ ਗ਼ਰੀਬ ਲੋਕ - ਗ਼ਰੀਬੀ 'ਤੇ ਕਾਬੂ ਪਾ ਕੇ ਇਸ ਤੋਂ ਬਾਹਰ ਨਿਕਲ ਆਏ ਹਨ, ਜੋ ਇੱਕ ਨਵਾਂ "ਨਵ-ਮੱਧ ਵਰਗ" ਬਣਾ ਰਹੇ ਹਨ।
- ਅਸੀਂ ਸਿਰਫ਼ ਸਮਾਜਿਕ ਤੌਰ 'ਤੇ ਪਿਛੜੇ ਸਮੂਹਾਂ ਨਾਲ ਹੀ ਸਬੰਧਿਤ ਨਹੀਂ ਹਾਂ, ਅਸੀਂ ਖ਼ਾਹਿਸ਼ੀ ਜ਼ਿਲ੍ਹਿਆਂ ਅਤੇ ਬਲਾਕ ਪ੍ਰੋਗਰਾਮਾਂ ਰਾਹੀਂ ਪਿਛੜੇ ਖੇਤਰਾਂ ਨੂੰ ਵੀ ਪ੍ਰਾਥਮਿਕਤਾ ਦੇਣਾ ਚਾਹੁੰਦੇ ਹਾਂ।
- ਭਾਰਤ ਹੁਣ ਆਪਣੇ ਰਾਸ਼ਟਰੀ ਹਿਤਾਂ ਨਾਲ ਸਮਝੌਤਾ ਨਹੀਂ ਕਰੇਗਾ, ਅਤੇ ਇਸ ਕਾਰਵਾਈ ਨੇ ਦੇਸ਼ ਦੀ ਤੇਜ਼ੀ ਨਾਲ ਅਤੇ ਨਿਰਣਾਇਕ ਢੰਗ ਨਾਲ ਕੰਮ ਕਰਨ ਦੀ ਯੋਗਤਾ, ਪੂਰੀ ਤਰ੍ਹਾਂ ਸਵਦੇਸ਼ੀ ਟੈਕਨੋਲੋਜੀ ਅਤੇ ਰੱਖਿਆ ਪਲੇਟਫੌਰਮਾਂ 'ਤੇ ਨਿਰਭਰਤਾ ਨੂੰ ਉਜਾਗਰ ਕੀਤਾ।
- ਦੂਜਿਆਂ 'ਤੇ ਨਿਰਭਰਤਾ ਕਿਸੇ ਦੇਸ਼ ਦੀ ਆਜ਼ਾਦੀ 'ਤੇ ਸਵਾਲ ਖੜ੍ਹੇ ਕਰਦੀ ਹੈ। ਇਹ ਮੰਦਭਾਗਾ ਹੈ ਜਦੋਂ ਨਿਰਭਰਤਾ ਇੱਕ ਆਦਤ ਬਣ ਜਾਂਦੀ ਹੈ, ਇਹ ਖ਼ਤਰਨਾਕ ਹੈ। ਇਸ ਲਈ ਸਾਨੂੰ ਆਤਮਨਿਰਭਰ ਬਣਨ ਲਈ ਜਾਗਰੂਕ ਅਤੇ ਪ੍ਰਤੀਬੱਧ ਰਹਿਣਾ ਚਾਹੀਦਾ ਹੈ। ਆਤਮਨਿਰਭਰਤਾ ਸਿਰਫ਼ ਨਿਰਯਾਤ, ਆਯਾਤ, ਰੁਪਏ ਜਾਂ ਡਾਲਰ ਬਾਰੇ ਨਹੀਂ ਹੈ। ਇਹ ਸਾਡੀਆਂ ਸਮਰੱਥਾਵਾਂ, ਆਪਣੇ ਆਪ ਖੜ੍ਹੇ ਹੋਣ ਦੀ ਸਾਡੀ ਤਾਕਤ ਬਾਰੇ ਹੈ।
- ਸੁਧਾਰ ਸਿਰਫ਼ ਅਰਥਸ਼ਾਸਤਰ ਬਾਰੇ ਨਹੀਂ ਹੈ, ਇਹ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਨੂੰ ਬਦਲਣ ਬਾਰੇ ਹੈ।
- ਸਾਡੀ ਸਰਕਾਰ ਦੁਆਰਾ ਕੀਤੇ ਗਏ ਸੁਧਾਰ ਇੱਕ ਆਧੁਨਿਕ, ਨਾਗਰਿਕ-ਕੇਂਦ੍ਰਿਤ ਸਰਕਾਰ ਦਾ ਸੰਕੇਤ ਦਿੰਦੇ ਹਨ ਜਿੱਥੇ ਆਮ ਲੋਕ ਸੌਖ, ਨਿਰਪੱਖਤਾ ਅਤੇ ਸਸ਼ਕਤੀਕਰਣ ਦਾ ਅਨੁਭਵ ਕਰ ਸਕਦੇ ਹਨ।
- ਭਾਰਤ ਢਾਂਚਾਗਤ, ਰੈਗੂਲੇਟਰੀ, ਨੀਤੀ, ਪ੍ਰਕਿਰਿਆ ਅਤੇ ਪ੍ਰਕਿਰਿਆਤਮਕ ਸੁਧਾਰਾਂ ਲਈ ਪ੍ਰਤੀਬੱਧ ਹੈ, ਇੱਕ ਅਜਿਹਾ ਰਾਸ਼ਟਰ ਬਣਾਉਣ ਲਈ ਜਿੱਥੇ ਸ਼ਾਸਨ ਲੋਕਾਂ ਲਈ ਕੰਮ ਕਰਦਾ ਹੈ, ਨਾ ਕਿ ਲੋਕ ਇਸ ਦੇ ਲਈ।
- ਦੂਜਿਆਂ ਦੀਆਂ ਸੀਮਾਵਾਂ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ, ਭਾਰਤ ਨੂੰ ਆਪਣੀ ਤਰੱਕੀ ਦੀ ਰੇਖਾ ਨੂੰ ਵਧਾਉਣਾ ਚਾਹੀਦਾ ਹੈ।
- ਵਧ ਰਹੇ ਆਰਥਿਕ ਸਵੈ-ਹਿਤ ਦੀ ਦੁਨੀਆ ਵਿੱਚ, ਧਿਆਨ ਭਾਰਤ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ, ਮੌਕਿਆਂ ਦਾ ਵਿਸਤਾਰ ਕਰਨ ਅਤੇ ਨਾਗਰਿਕਾਂ ਨੂੰ ਸਸ਼ਕਤ ਬਣਾਉਣ 'ਤੇ ਹੋਣਾ ਚਾਹੀਦਾ ਹੈ। ਇਹ ਸੁਧਾਰ ਸ਼ਾਸਨ ਪਰਿਵਰਤਨ ਦੇ ਇੱਕ ਤੇਜ਼ ਪੜਾਅ ਦੀ ਸ਼ੁਰੂਆਤ ਨੂੰ ਦਰਸਾਉਂਦੇ ਹਨ, ਜੋ ਇਹ ਯਕੀਨੀ ਬਣਾਉਂਦੇ ਹਨ ਕਿ ਭਾਰਤ ਵਧੇਰੇ ਲਚਕੀਲਾ, ਸੰਮਲਿਤ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਹੈ।
- ਹਰੇਕ ਭਾਰਤੀ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਭਾਵੇਂ ਉਹ ਮੇਡ ਇਨ ਇੰਡੀਆ ਉਤਪਾਦ ਖਰੀਦ ਕੇ ਹੋਵੇ ਜਾਂ ਵਿਗਿਆਨਕ, ਤਕਨੀਕੀ ਅਤੇ ਉੱਦਮੀ ਉੱਦਮਾਂ ਵਿੱਚ ਹਿੱਸਾ ਲੈ ਕੇ, ਤਾਂ ਕਿ ਦੇਸ਼ ਦੀ ਆਜ਼ਾਦੀ ਦੀ ਸ਼ਤਾਬਦੀ ਤੱਕ ਇੱਕ ਸਮ੍ਰਿੱਧ, ਸ਼ਕਤੀਸ਼ਾਲੀ ਅਤੇ ਵਿਕਸਿਤ ਭਾਰਤ ਨੂੰ ਯਕੀਨੀ ਬਣਾਇਆ ਜਾ ਸਕੇ।
- ਇੱਕ ਵਿਕਸਿਤ ਭਾਰਤ ਬਣਾਉਣ ਲਈ, ਅਸੀਂ ਨਾ ਤਾਂ ਰੁਕਾਂਗੇ ਅਤੇ ਨਾ ਹੀ ਝੁਕਾਂਗੇ, ਅਸੀਂ ਸਖ਼ਤ ਮਿਹਨਤ ਕਰਦੇ ਰਹਾਂਗੇ ਅਤੇ 2047 ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਇੱਕ ਵਿਕਸਿਤ ਭਾਰਤ ਬਣਾਵਾਂਗੇ।
- ਅਸੀਂ ਆਪਣੇ ਜੀਵਨ ਵਿੱਚ, ਆਪਣੇ ਸਿਸਟਮ ਵਿੱਚ, ਆਪਣੇ ਨਿਯਮਾਂ, ਕਾਨੂੰਨਾਂ ਅਤੇ ਪਰੰਪਰਾਵਾਂ ਵਿੱਚ ਗ਼ੁਲਾਮੀ ਦਾ ਇੱਕ ਵੀ ਕਣ ਨਹੀਂ ਰਹਿਣ ਦੇਵਾਂਗੇ। ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਅਸੀਂ ਹਰ ਤਰ੍ਹਾਂ ਦੀ ਗ਼ੁਲਾਮੀ ਤੋਂ ਮੁਕਤ ਨਹੀਂ ਹੋ ਜਾਂਦੇ।
- ਸਾਨੂੰ ਆਪਣੀ ਵਿਰਾਸਤ 'ਤੇ ਮਾਣ ਹੋਵੇਗਾ। ਸਾਡੀ ਪਹਿਚਾਣ ਦਾ ਸਭ ਤੋਂ ਵੱਡਾ ਰਤਨ, ਸਭ ਤੋਂ ਵੱਡਾ ਗਹਿਣਾ, ਸਭ ਤੋਂ ਵੱਡਾ ਤਾਜ ਦਾ ਮੋਤੀ ਸਾਡੀ ਵਿਰਾਸਤ ਹੈ, ਅਸੀਂ ਆਪਣੀ ਵਿਰਾਸਤ 'ਤੇ ਮਾਣ ਕਰਾਂਗੇ। ਸਾਨੂੰ ਆਪਣੀ ਵਿਰਾਸਤ 'ਤੇ ਮਾਣ ਹੋਵੇਗਾ।
- ਇਨ੍ਹਾਂ ਸਾਰਿਆਂ ਵਿੱਚੋਂ ਏਕਤਾ ਸਭ ਤੋਂ ਸ਼ਕਤੀਸ਼ਾਲੀ ਮੰਤਰ ਹੈ ਅਤੇ ਇਸ ਲਈ ਸਾਡਾ ਸਮੂਹਿਕ ਸੰਕਲਪ ਇਹ ਹੋਵੇਗਾ ਕਿ ਕੋਈ ਵੀ ਏਕਤਾ ਦੇ ਧਾਗੇ ਨੂੰ ਤੋੜ ਨਾ ਸਕੇ।
ਰੱਖਿਆ ਮੰਤਰਾਲਾ
- ਅਪ੍ਰੇਸ਼ਨ ਸਿੰਦੂਰ ਭਾਰਤ ਦੀ ਰੱਖਿਆ ਆਤਮਨਿਰਭਰਤਾ ਅਤੇ ਸਾਡੀ ਰਣਨੀਤਕ ਖ਼ੁਦਮੁਖਤਿਆਰੀ ਦਾ ਪ੍ਰਦਰਸ਼ਨ ਹੈ।
- ਪਿਛਲੇ ਦਸ ਵਰ੍ਹਿਆਂ ਵਿੱਚ ਰੱਖਿਆ ਦੇ ਖੇਤਰ ਵਿੱਚ ਆਤਮਨਿਰਭਰਤਾ ਵੱਲ ਸਾਡੇ ਇਕਸਾਰ ਮਿਸ਼ਨ ਦੇ ਨਤੀਜੇ ਅਪ੍ਰੇਸ਼ਨ ਸਿੰਦੂਰ ਵਿੱਚ ਦਿਖਾਏ ਦਿੱਤੇ ਸਨ।
- ਮੇਡ-ਇਨ-ਇੰਡੀਆ ਹਥਿਆਰਾਂ ਦੀ ਵਰਤੋਂ ਕਰਦੇ ਹੋਏ, ਇਸ ਅਪ੍ਰੇਸ਼ਨ ਨੇ ਆਤੰਕਵਾਦੀ ਨੈੱਟਵਰਕਾਂ ਅਤੇ ਪਾਕਿਸਤਾਨ-ਅਧਾਰਿਤ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ, ਜੋ ਇੱਕ ਨਵੇਂ ਯੁਗ ਦਾ ਸੰਕੇਤ ਦਿੱਤਾ ਜਿੱਥੇ ਭਾਰਤ ਹੁਣ ਵਿਦੇਸ਼ੀ ਸ਼ਰਤਾਂ 'ਤੇ ਪਰਮਾਣੂ ਬਲੈਕਮੇਲ ਜਾਂ ਧਮਕੀਆਂ ਨੂੰ ਸਵੀਕਾਰ ਨਹੀਂ ਕਰੇਗਾ।
- ਮੇਡ-ਇਨ-ਇੰਡੀਆ ਹਥਿਆਰਾਂ ਸਮੇਤ ਸਵਦੇਸ਼ੀ ਸਮਰੱਥਾਵਾਂ, ਭਾਰਤ ਨੂੰ ਨਿਰਣਾਇਕ ਅਤੇ ਸੁਤੰਤਰ ਤੌਰ 'ਤੇ ਕਾਰਵਾਈ ਕਰਨ ਦੇ ਯੋਗ ਬਣਾਉਂਦੀਆਂ ਹਨ, ਜੋ ਇਹ ਸਾਬਤ ਕਰਦੀਆਂ ਹਨ ਕਿ ਰਾਸ਼ਟਰੀ ਸੁਰੱਖਿਆ ਵਿਦੇਸ਼ੀ ਨਿਰਭਰਤਾ 'ਤੇ ਨਿਰਭਰ ਨਹੀਂ ਰਹਿ ਸਕਦੀ।
- ਭਾਰਤੀ ਇਨੋਵੇਸ਼ਨਕਾਰਾਂ ਅਤੇ ਨੌਜਵਾਨਾਂ ਨੂੰ ਭਾਰਤ ਵਿੱਚ ਜੈੱਟ ਇੰਜਣ ਬਣਾਉਣੇ ਚਾਹੀਦੇ ਹਨ, ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਵਿੱਖ ਦੀ ਰੱਖਿਆ ਟੈਕਨੋਲੋਜੀ ਪੂਰੀ ਤਰ੍ਹਾਂ ਸਵਦੇਸ਼ੀ ਅਤੇ ਆਤਮਨਿਰਭਰ ਹੋਵੇ।
- ਆਧੁਨਿਕ ਰੱਖਿਆ ਇਨੋਵੇਸ਼ਨਵਾਂ ਨੂੰ ਮਾਰਗਦਰਸ਼ਨ ਦੇਣ ਲਈ ਭਾਰਤ ਆਪਣੀ ਸਮ੍ਰਿੱਧ ਸੱਭਿਆਚਾਰਕ ਅਤੇ ਮਿਥਿਹਾਸਕ ਵਿਰਾਸਤ ਤੋਂ ਪ੍ਰੇਰਨਾ ਲੈਂਦਾ ਹੈ। ਭਾਰਤ ਦੀਆਂ ਹਮਲਾਵਰ ਅਤੇ ਰੋਕਥਾਮ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ, ਅਸੀਂ "ਮਿਸ਼ਨ ਸੁਦਰਸ਼ਨ ਚੱਕਰ" ਸ਼ੁਰੂ ਕਰ ਰਹੇ ਹਾਂ, ਜਿਸ ਦਾ ਉਦੇਸ਼ ਦੁਸ਼ਮਣ ਦੀ ਰੱਖਿਆ ਘੁਸਪੈਠ ਨੂੰ ਬੇਅਸਰ ਕਰਨਾ ਅਤੇ ਭਾਰਤ ਦੀਆਂ ਹਮਲਾਵਰ ਸਮਰੱਥਾਵਾਂ ਨੂੰ ਵਧਾਉਣਾ ਹੈ।
- ਮਹਾਨ ਸ਼੍ਰੀ ਕ੍ਰਿਸ਼ਨ ਦੇ ਸੁਦਰਸ਼ਨ ਚੱਕਰ ਵਾਂਗ, ਇਹ ਮਿਸ਼ਨ ਭਾਰਤ ਦੀ ਰਣਨੀਤਕ ਖ਼ੁਦਮੁਖਤਿਆਰੀ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ, ਜੋ ਕਿਸੇ ਵੀ ਖ਼ਤਰੇ ਪ੍ਰਤੀ ਤੇਜ਼, ਸਟੀਕ ਅਤੇ ਸ਼ਕਤੀਸ਼ਾਲੀ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਂਦਾ ਹੈ।
- ਇਹ ਪਹਿਲ ਭਾਰਤ ਦੀ ਰਣਨੀਤਕ ਖ਼ੁਦਮੁਖਤਿਆਰੀ ਨੂੰ ਮਜ਼ਬੂਤ ਕਰਦੇ ਹੋਏ ਤੇਜ਼, ਸਟੀਕ ਅਤੇ ਸ਼ਕਤੀਸ਼ਾਲੀ ਰੱਖਿਆ ਪ੍ਰਤੀਕਿਰਿਆਵਾਂ ਨੂੰ ਵਧਾਉਣ ਲਈ ਤਿਆਰ ਕੀਤੀ ਗਈ ਹੈ।
- 2035 ਤੱਕ ਸਾਰੇ ਜਨਤਕ ਸਥਾਨਾਂ ਨੂੰ ਇੱਕ ਵਿਸਤਾਰਤ ਰਾਸ਼ਟਰਵਿਆਪੀ ਸੁਰੱਖਿਆ ਢਾਲ ਨਾਲ ਕਵਰ ਕੀਤਾ ਜਾਵੇਗਾ, ਜੋ ਕਿ ਆਤਮਨਿਰਭਰ ਰੱਖਿਆ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਰਾਸ਼ਟਰ ਲਈ ਵਿਆਪਕ ਸੁਰੱਖਿਆ ਨੂੰ ਯਕੀਨੀ ਬਣਾਏਗਾ।
ਵਿੱਤ ਮੰਤਰਾਲਾ
- ਦੀਵਾਲੀ ਤੱਕ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ ਰੋਜ਼ਮੱਰਾ ਦੀਆਂ ਜ਼ਰੂਰੀ ਚੀਜ਼ਾਂ 'ਤੇ ਟੈਕਸ ਘਟਾ ਦੇਣਗੇ, ਜਿਸ ਨਾਲ ਐੱਮਐੱਸਐੱਮਈਜ਼ (MSMEs), ਸਥਾਨਕ ਵਿਕ੍ਰੇਤਾਵਾਂ ਅਤੇ ਖਪਤਕਾਰਾਂ ਨੂੰ ਲਾਭ ਹੋਵੇਗਾ, ਨਾਲ ਹੀ ਆਰਥਿਕ ਵਿਕਾਸ ਨੂੰ ਉਤੇਜਿਤ ਕਰਨਗੇ ਅਤੇ ਇੱਕ ਵਧੇਰੇ ਕੁਸ਼ਲ, ਨਾਗਰਿਕ-ਅਨੁਕੂਲ ਅਰਥਵਿਵਸਥਾ ਪੈਦਾ ਕਰਨਗੇ।
- ਟੈਕਸ ਪ੍ਰਣਾਲੀ ਨੂੰ ਪਾਰਦਰਸ਼ੀ ਅਤੇ ਕੁਸ਼ਲ ਬਣਾਉਣ ਲਈ ਆਮਦਨ ਕਰ ਸੁਧਾਰ ਅਤੇ ਫੇਸਲੈੱਸ ਮੁੱਲਾਂਕਣ ਪੇਸ਼ ਕੀਤੇ ਗਏ ਸਨ।
- 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਆਮਦਨ ਕਰ ਤੋਂ ਛੂਟ ਦੇਣ ਨਾਲ ਮੇਰੇ ਮੱਧ-ਵਰਗ ਦੇ ਪਰਿਵਾਰਾਂ ਨੂੰ ਬਹੁਤ ਖੁਸ਼ੀ ਹੋਈ ਹੈ, ਜੋ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਉਤਸੁਕ ਹਨ।
- ਦੁਨੀਆ ਤੋਂ ਨਿਰਮਾਣ ਵਿੱਚ ਸਾਡੀ ਤਾਕਤ ਨੂੰ ਮਾਨਤਾ ਦਿਵਾਉਣ ਲਈ, ਸਾਨੂੰ ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ ਉਤਪਾਦਾਂ ਦੀ ਪਾਲਣਾ ਕਰਕੇ ਗੁਣਵੱਤਾ ਵਿੱਚ ਲਗਾਤਾਰ ਨਵੀਆਂ ਉਚਾਈਆਂ ਨੂੰ ਛੂਹਣਾ ਪਵੇਗਾ।
- ਸਾਡੇ ਹਰ ਉਤਪਾਦ ਦਾ ਮੁੱਲ ਉੱਚਾ ਹੋਣਾ ਚਾਹੀਦਾ ਹੈ, ਪਰ ਕੀਮਤ ਘੱਟ ਹੋਣੀ ਚਾਹੀਦੀ ਹੈ। ਸਾਨੂੰ ਇਸ ਭਾਵਨਾ ਨਾਲ ਅੱਗੇ ਵਧਣਾ ਪਵੇਗਾ।
- ਆਲਮੀ ਅਸਥਿਰਤਾ ਦਰਮਿਆਨ, ਭਾਰਤ ਦਾ ਵਿੱਤੀ ਅਨੁਸ਼ਾਸਨ, ਭਾਰਤ ਦੇ ਵਿੱਤ ਦੀ ਊਰਜਾ, ਉਮੀਦ ਦੀ ਕਿਰਨ ਬਣੀ ਹੋਈ ਹੈ ਅਤੇ ਸਮੁੱਚੀ ਦੁਨੀਆ ਭਾਰਤੀ ਅਰਥਵਿਵਸਥਾ ਵਿੱਚ ਵਿਸ਼ਵਾਸ ਪ੍ਰਗਟ ਕਰ ਰਹੀ ਹੈ।
ਗ੍ਰਹਿ ਮੰਤਰਾਲਾ
- ਭਾਰਤ ਦੀ ਜਨਸੰਖਿਅਕ ਅਖੰਡਤਾ ਦੀ ਰੱਖਿਆ ਕਰਨਾ ਸਭ ਤੋਂ ਮਹੱਤਵਪੂਰਨ ਹੈ।
- ਸਰਹੱਦੀ ਖੇਤਰਾਂ ਵਿੱਚ ਘੁਸਪੈਠ ਅਤੇ ਗ਼ੈਰ-ਕਾਨੂੰਨੀ ਪ੍ਰਵਾਸ ਕਾਰਨ ਜਨਸੰਖਿਆ ਅਸੰਤੁਲਨ ਦੇ ਆਉਣ ਵਾਲੇ ਖ਼ਤਰੇ ਬਹੁਤ ਜ਼ਿਆਦਾ ਹਨ, ਜਿਸ ਨਾਲ ਨਾਗਰਿਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੁੰਦੀ ਹੈ।
- ਭਾਰਤ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ, ਰਣਨੀਤਕ ਅਤੇ ਸਮਾਜਿਕ ਚੁਣੌਤੀਆਂ ਦੋਵਾਂ ਨਾਲ ਨਜਿੱਠਣ ਲਈ ਇੱਕ ਉੱਚ-ਸ਼ਕਤੀਸ਼ਾਲੀ ਜਨਸੰਖਿਅਕ ਮਿਸ਼ਨ ਸ਼ੁਰੂ ਕੀਤਾ ਜਾਵੇਗਾ।
- ਸਾਡੇ ਕਬਾਇਲੀ ਖੇਤਰ ਅਤੇ ਨੌਜਵਾਨ ਮਾਓਵਾਦ ਦੇ ਚੁੰਗਲ ਵਿੱਚ ਫਸ ਗਏ ਸਨ। ਅੱਜ, ਅਸੀਂ ਇਹ ਗਿਣਤੀ 125 ਤੋਂ ਵੱਧ ਜ਼ਿਲ੍ਹਿਆਂ ਤੋਂ ਘਟਾ ਕੇ ਸਿਰਫ਼ 20 ਕਰ ਦਿੱਤੀ ਹੈ।
- "ਰੈੱਡ ਕੌਰੀਡੋਰ" ਵਜੋਂ ਜਾਣੇ ਜਾਂਦੇ ਖੇਤਰ ਹੁਣ ਗ੍ਰੀਨ ਵਿਕਾਸ ਦੇ ਗਲਿਆਰੇ ਬਣ ਰਹੇ ਹਨ। ਇਹ ਸਾਡੇ ਲਈ ਮਾਣ ਦੀ ਗੱਲ ਹੈ।
- ਭਾਰਤ ਦੇ ਨਕਸ਼ੇ ਦੇ ਉਨ੍ਹਾਂ ਹਿੱਸਿਆਂ ਵਿੱਚ ਜੋ ਕਦੇ ਖੂਨ ਨਾਲ ਲਾਲ ਰੰਗੇ ਹੋਏ ਸਨ, ਅਸੀਂ ਹੁਣ ਸੰਵਿਧਾਨ, ਕਾਨੂੰਨ ਦੇ ਰਾਜ ਅਤੇ ਵਿਕਾਸ ਦਾ ਤਿਰੰਗਾ ਲਹਿਰਾਇਆ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ
- ਭਾਰਤ ਦੇ ਕਿਸਾਨ ਦੇਸ਼ ਦੀ ਨਿਰਭਰਤਾ ਤੋਂ ਆਤਮਨਿਰਭਰਤਾ ਤੱਕ ਦੀ ਯਾਤਰਾ ਦੀ ਰੀੜ੍ਹ ਦੀ ਹੱਡੀ ਹਨ।
- ਬਸਤੀਵਾਦੀ ਸ਼ਾਸਨ ਨੇ ਦੇਸ਼ ਨੂੰ ਕੰਗਾਲ ਕਰ ਦਿੱਤਾ ਸੀ, ਪਰ ਇਹ ਕਿਸਾਨਾਂ ਦੇ ਅਣਥੱਕ ਯਤਨ ਸਨ ਜਿਨ੍ਹਾਂ ਨੇ ਭਾਰਤ ਦੇ ਅਨਾਜ ਭੰਡਾਰ ਭਰ ਦਿੱਤੇ ਅਤੇ ਦੇਸ਼ ਦੀ ਅਨਾਜ ਪ੍ਰਭੂਸੱਤਾ ਨੂੰ ਸੁਰੱਖਿਅਤ ਕੀਤਾ।
- ਭਾਰਤ ਆਪਣੇ ਕਿਸਾਨਾਂ ਦੇ ਹਿਤਾਂ ਨਾਲ ਸਮਝੌਤਾ ਨਹੀਂ ਕਰੇਗਾ।
- ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਕਿਸੇ ਵੀ ਨੁਕਸਾਨਦੇਹ ਨੀਤੀ ਦੇ ਵਿਰੁੱਧ ਕੰਧ ਬਣ ਕੇ ਖੜ੍ਹਾ ਹਾਂ, ਉਨ੍ਹਾਂ ਦੇ ਅਧਿਕਾਰਾਂ ਅਤੇ ਰੋਜ਼ੀ-ਰੋਟੀ ਦੀ ਰਾਖੀ ਕਰ ਰਿਹਾ ਹਾਂ।”
- ਪਿਛਲੇ ਸਾਲ, ਭਾਰਤੀ ਕਿਸਾਨਾਂ ਨੇ ਅਨਾਜ ਦੇ ਉਤਪਾਦਨ ਵਿੱਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।
- ਭਾਰਤ ਦੁੱਧ, ਦਾਲਾਂ ਅਤੇ ਪਟਸਨ ਵਿੱਚ ਪਹਿਲੇ ਅਤੇ ਚਾਵਲ, ਕਣਕ, ਕਪਾਹ, ਫਲਾਂ ਅਤੇ ਸਬਜ਼ੀਆਂ ਵਿੱਚ ਦੂਸਰੇ ਸਥਾਨ 'ਤੇ ਹੈ ਜਿਸ ਨਾਲ ਖੇਤੀ ਭਾਰਤ ਦੇ ਵਿਕਾਸ ਦਾ ਇੱਕ ਅਧਾਰ ਬਣੀ ਹੋਈ ਹੈ।
- ਖੇਤੀਬਾੜੀ ਨਿਰਯਾਤ ₹4 ਲੱਖ ਕਰੋੜ ਨੂੰ ਪਾਰ ਕਰ ਗਿਆ ਹੈ, ਜੋ ਦੇਸ਼ ਦੀ ਆਲਮੀ ਮੁਕਾਬਲੇਬਾਜ਼ੀ ਨੂੰ ਦਰਸਾਉਂਦਾ ਹੈ।
- ਕਿਸਾਨਾਂ ਨੂੰ ਹੋਰ ਸਸ਼ਕਤ ਬਣਾਉਣ ਲਈ, 100 ਪਿਛੜੇ ਖੇਤੀਬਾੜੀ ਜ਼ਿਲ੍ਹਿਆਂ ਲਈ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ (PM Dhan- Dhanya Krishi Yojana) ਸ਼ੁਰੂ ਕੀਤੀ ਗਈ ਸੀ, ਜੋ ਕਿ ਪ੍ਰਧਾਨ ਮੰਤਰੀ-ਕਿਸਾਨ, ਸਿੰਚਾਈ ਯੋਜਨਾਵਾਂ ਅਤੇ ਪਸ਼ੂ ਸੁਰੱਖਿਆ ਪ੍ਰੋਗਰਾਮਾਂ ਰਾਹੀਂ ਚੱਲ ਰਹੇ ਸਮਰਥਨ ਨੂੰ ਮੁਕੰਮਲ ਕਰਦੀ ਹੈ, ਜੋ ਇਹ ਯਕੀਨੀ ਬਣਾਉਂਦੀ ਹੈ ਕਿ ਭਾਰਤ ਦੀ ਸਮ੍ਰਿੱਧੀ ਦੀ ਰੀੜ੍ਹ ਦੀ ਹੱਡੀ ਮਜ਼ਬੂਤ ਅਤੇ ਲਚਕਦਾਰ ਬਣੀ ਰਹੇ।
- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM Kisan Samman Nidhi), ਮੀਂਹ ਦੇ ਪਾਣੀ ਦੀ ਸੰਭਾਲ਼, ਸਿੰਚਾਈ ਪ੍ਰੋਜੈਕਟ, ਗੁਣਵੱਤਾ ਵਾਲੇ ਬੀਜਾਂ ਦੀ ਵੰਡ ਅਤੇ ਸਮੇਂ ਸਿਰ ਖਾਦ ਸਪਲਾਈ ਵਰਗੀਆਂ ਸਰਕਾਰੀ ਯੋਜਨਾਵਾਂ ਨੇ ਮਿਲ ਕੇ ਦੇਸ਼ ਭਰ ਵਿੱਚ ਕਿਸਾਨਾਂ ਦੇ ਵਿਸ਼ਵਾਸ ਨੂੰ ਵਧਾਇਆ ਹੈ।
ਪਸ਼ੂ ਪਾਲਣ ਮੰਤਰਾਲਾ
- ਕੇਵਲ ਉੱਤਰੀ ਭਾਰਤ ਵਿੱਚ, ਮੂੰਹ-ਖੁਰ ਦੀ ਬਿਮਾਰੀ ਨੂੰ ਰੋਕਣ ਲਈ ਪਸ਼ੂਆਂ ਨੂੰ ਲਗਭਗ 125 ਕਰੋੜ ਮੁਫ਼ਤ ਟੀਕੇ ਲਗਾਏ ਗਏ ਹਨ।
ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
- 50-60 ਸਾਲ ਪਹਿਲਾਂ ਸੈਮੀਕੰਡਕਟਰ ਫੈਕਟਰੀਆਂ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ "ਪੈਦਾ ਹੋਣ ਸਮੇਂ ਮਾਰੀਆਂ ਗਈਆਂ" ਸਨ ਜਦਕਿ ਦੂਸਰੇ ਦੇਸ਼ ਸਮ੍ਰਿੱਧ ਸਨ, ਭਾਰਤ ਹੁਣ ਸੈਮੀਕੰਡਕਟਰ ਨਿਰਮਾਣ ਵਿੱਚ ਮਿਸ਼ਨ ਮੋਡ 'ਤੇ ਅੱਗੇ ਵਧ ਰਿਹਾ ਹੈ।
- ਭਾਰਤ 2025 ਦੇ ਅੰਤ ਤੱਕ 'ਮੇਡ ਇਨ ਇੰਡੀਆ' ਸੈਮੀਕੰਡਕਟਰ ਚਿਪਸ ਲਾਂਚ ਕਰੇਗਾ, ਜੋ ਕਿ ਮਹੱਤਵਪੂਰਨ ਟੈਕਨੋਲੋਜੀ ਖੇਤਰਾਂ ਵਿੱਚ ਦੇਸ਼ ਦੀ ਵਧਦੀ ਤਾਕਤ ਨੂੰ ਦਰਸਾਉਂਦਾ ਹੈ
- ਆਲਮੀ ਮੁਕਾਬਲੇਬਾਜ਼ੀ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏਆਈ), ਸਾਇਬਰ ਸੁਰੱਖਿਆ, ਡੀਪ-ਟੈੱਕ ਅਤੇ ਅਪ੍ਰੇਟਿੰਗ ਸਿਸਟਮ ਵਿੱਚ ਇਨੋਵੇਸ਼ਨ ਜ਼ਰੂਰੀ ਹੈ।
ਪੁਲਾੜ ਵਿਭਾਗ
- ਸਮੁੱਚਾ ਭਾਰਤ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀਆਂ ਸ਼ਾਨਦਾਰ ਪ੍ਰਾਪਤੀਆਂ 'ਤੇ ਖੁਸ਼ ਹੈ।
- ਇੰਡੀਆ ਆਤਮਨਿਰਭਰ ਭਾਰਤ ਗਗਨਯਾਨ (Aatmanirbhar Bharat Gaganyaan) ਲਈ ਤਿਆਰੀ ਕਰ ਰਿਹਾ ਹੈ, ਜੋ ਭਾਰਤ ਦੇ ਆਪਣੇ ਪੁਲਾੜ ਸਟੇਸ਼ਨ ਲਈ ਖ਼ਾਹਿਸ਼ੀ ਯੋਜਨਾਵਾਂ ਦੇ ਨਾਲ, ਸਵਦੇਸ਼ੀ ਪੁਲਾੜ ਸਮਰੱਥਾਵਾਂ ਦੇ ਇੱਕ ਨਵੇਂ ਯੁਗ ਦਾ ਸੰਕੇਤ ਦਿੰਦਾ ਹੈ।
- 300 ਤੋਂ ਵੱਧ ਸਟਾਰਟਅਪ ਸੈਟੇਲਾਈਟ, ਖੋਜ ਅਤੇ ਅਤਿ-ਆਧੁਨਿਕ ਪੁਲਾੜ ਟੈਕਨੋਲੋਜੀਆਂ ਵਿੱਚ ਸਰਗਰਮੀ ਨਾਲ ਇਨੋਵੇਸ਼ਨ ਕਰ ਰਹੇ ਹਨ, ਜੋ ਇਹ ਯਕੀਨੀ ਬਣਾਉਂਦੇ ਹਨ ਕਿ ਭਾਰਤ ਨਾ ਸਿਰਫ਼ ਹਿੱਸਾ ਲੈ ਰਿਹਾ ਹੈ ਬਲਕਿ ਪੁਲਾੜ ਵਿਗਿਆਨ ਅਤੇ ਖੋਜ ਵਿੱਚ ਵਿਸ਼ਵ ਪੱਧਰ 'ਤੇ ਅਗਵਾਈ ਕਰ ਰਿਹਾ ਹੈ।
ਪਰਮਾਣੂ ਊਰਜਾ ਵਿਭਾਗ
- 10 ਨਵੇਂ ਪਰਮਾਣੂ ਰਿਐਕਟਰ ਵਰਤਮਾਨ ਵਿੱਚ ਕਾਰਜਸ਼ੀਲ ਹਨ ਅਤੇ ਭਾਰਤ ਦੀ ਆਜ਼ਾਦੀ ਦੇ 100ਵੇਂ ਸਾਲ ਤੱਕ, ਦੇਸ਼ ਨੇ ਆਪਣੀ ਪਰਮਾਣੂ ਊਰਜਾ ਸਮਰੱਥਾ ਨੂੰ ਦਸ ਗੁਣਾ ਵਧਾਉਣ, ਊਰਜਾ ਆਤਮਨਿਰਭਰਤਾ ਨੂੰ ਮਜ਼ਬੂਤ ਕਰਨ ਅਤੇ ਟਿਕਾਊ ਵਿਕਾਸ ਦਾ ਸਮਰਥਨ ਕਰਨ ਦਾ ਟੀਚਾ ਰੱਖਿਆ ਹੈ।
- ਭਾਰਤ ਪਰਮਾਣੂ ਖੇਤਰ ਨੂੰ ਨਿਜੀ ਖਿਡਾਰੀਆਂ ਲਈ ਖੋਲ੍ਹ ਰਿਹਾ ਹੈ, ਜਿਸ ਨਾਲ ਊਰਜਾ ਅਤੇ ਟੈਕਨੋਲੋਜੀ ਵਿੱਚ ਬੇਮਿਸਾਲ ਮੌਕੇ ਪੈਦਾ ਹੋ ਰਹੇ ਹਨ।
- ਜੇਕਰ ਭਾਰਤ ਊਰਜਾ ਆਯਾਤ 'ਤੇ ਨਿਰਭਰ ਨਾ ਹੁੰਦਾ, ਤਾਂ ਬਚੇ ਹੋਏ ਪੈਸੇ ਦੀ ਵਰਤੋਂ ਕਿਸਾਨਾਂ ਦੀ ਭਲਾਈ ਲਈ ਕੀਤੀ ਜਾ ਸਕਦੀ ਸੀ ਅਤੇ ਦੇਸ਼ ਦੀ ਸਮ੍ਰਿੱਧੀ ਦੀ ਰੀੜ੍ਹ ਦੀ ਹੱਡੀ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਸੀ।
ਕਿਰਤ ਅਤੇ ਰੋਜ਼ਗਾਰ ਮੰਤਰਾਲਾ
- ₹1 ਲੱਖ ਕਰੋੜ ਦੀ ਲਾਗਤ ਵਾਲੀ ਇੱਕ ਵੱਡੀ ਰੋਜ਼ਗਾਰ ਯੋਜਨਾ - ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (PM Viksit Bharat Rozgar Yojana) ਸ਼ੁਰੂ ਕੀਤੀ ਜਾਵੇਗੀ। ਇਸ ਯੋਜਨਾ ਦੇ ਤਹਿਤ, ਨਵੇਂ ਰੋਜ਼ਗਾਰ ਲੈਣ ਵਾਲੇ ਨੌਜਵਾਨਾਂ ਨੂੰ ₹15,000 ਮਿਲਣਗੇ। ਇਸ ਯੋਜਨਾ ਦਾ ਉਦੇਸ਼ 3 ਕਰੋੜ ਨੌਜਵਾਨ ਭਾਰਤੀਆਂ ਨੂੰ ਲਾਭ ਪਹੁੰਚਾਉਣਾ ਹੈ, ਜੋ ਕਿ ਸੁਤੰਤਰ ਭਾਰਤ ਤੋਂ ਸਮ੍ਰਿੱਧ ਭਾਰਤ ਤੱਕ ਦੇ ਪੁਲ਼ ਨੂੰ ਮਜ਼ਬੂਤ ਕਰੇਗੀ।
- ਇਹ ਪਹਿਲ ਭਾਰਤ ਦੀ ਜਨਸੰਖਿਆ ਸਮਰੱਥਾ ਨੂੰ ਅਸਲ ਆਰਥਿਕ ਅਤੇ ਸਮਾਜਿਕ ਸਮ੍ਰਿੱਧੀ ਵਿੱਚ ਬਦਲ ਦੇਵੇਗੀ, ਸੁਤੰਤਰ ਭਾਰਤ ਤੋਂ ਸਮ੍ਰਿੱਧ ਭਾਰਤ ਤੱਕ ਦੇ ਪੁਲ ਨੂੰ ਮਜ਼ਬੂਤ ਕਰੇਗੀ ਅਤੇ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਅਤੇ ਵਿਕਾਸ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਲਈ ਸ਼ਕਤੀ ਪ੍ਰਦਾਨ ਕਰੇਗੀ।
ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲਾ (ਐੱਮਐੱਸਐੱਮਈ)
- ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਦੀ ਸ਼ੁਰੂਆਤ ਦੀਵਾਲੀ 'ਤੇ ਕੀਤੀ ਜਾਵੇਗੀ, ਜ਼ਰੂਰੀ ਵਸਤੂਆਂ 'ਤੇ ਟੈਕਸ ਘਟਾਏ ਜਾਣਗੇ ਅਤੇ ਐੱਮਐੱਸਐੱਮਈਜ਼ (MSMEs), ਸਥਾਨਕ ਵਿਕ੍ਰੇਤਾਵਾਂ ਅਤੇ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ।
- ਸਰਕਾਰ ਦੇ ਸੁਧਾਰਾਂ ਦਾ ਉਦੇਸ਼ ਸਟਾਰਟਅਪ, ਐੱਮਐੱਸਐੱਮਈਜ਼ (MSMEs) ਅਤੇ ਉੱਦਮੀਆਂ ਲਈ ਪਾਲਣਾ ਲਾਗਤਾਂ ਨੂੰ ਘਟਾਉਣਾ ਹੈ, ਜਦਕਿ ਪੁਰਾਣੇ ਕਾਨੂੰਨੀ ਪ੍ਰਬੰਧਾਂ ਦੇ ਡਰ ਤੋਂ ਮੁਕਤੀ ਨੂੰ ਯਕੀਨੀ ਬਣਾਉਣਾ ਹੈ। ਇਹ ਕਾਰੋਬਾਰੀ ਵਿਕਾਸ, ਇਨੋਵੇਸ਼ਨ ਅਤੇ ਆਰਥਿਕ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਧੇਰੇ ਅਨੁਕੂਲ ਮਾਹੌਲ ਸਿਰਜਦੇ ਹਨ।
ਰਸਾਇਣ ਅਤੇ ਖਾਦ ਮੰਤਰਾਲਾ
- ਭਾਰਤ ਨੂੰ "ਦੁਨੀਆ ਦੀ ਫਾਰਮੇਸੀ" ਵਜੋਂ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
- ਖੋਜ ਅਤੇ ਵਿਕਾਸ ਵਿੱਚ ਤੁਰੰਤ ਵਧੇਰੇ ਨਿਵੇਸ਼ ਕਰਨ ਦੀ ਜ਼ਰੂਰਤ ਹੈ।
- "ਕੀ ਸਾਨੂੰ ਮਨੁੱਖਤਾ ਦੀ ਭਲਾਈ ਲਈ ਸਭ ਤੋਂ ਵਧੀਆ ਅਤੇ ਕਿਫਾਇਤੀ ਦਵਾਈਆਂ ਪ੍ਰਦਾਨ ਕਰਨ ਵਾਲੇ ਨਹੀਂ ਬਣਨਾ ਚਾਹੀਦਾ?"
- ਘਰੇਲੂ ਫਾਰਮਾਸਿਊਟੀਕਲ ਇਨੋਵੇਸ਼ਨ ਵਿੱਚ ਭਾਰਤ ਦੀ ਵਧਦੀ ਤਾਕਤ, ਭਾਰਤ ਦੇ ਅੰਦਰ ਹੀ ਨਵੀਆਂ ਦਵਾਈਆਂ, ਟੀਕੇ ਅਤੇ ਜੀਵਨ-ਰੱਖਿਅਕ ਇਲਾਜ ਵਿਕਸਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੀ ਹੈ।
- ਖੁਰਾਕ ਸੁਰੱਖਿਆ ਨੂੰ ਆਯਾਤ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ।
- ਇਹ ਯਕੀਨੀ ਬਣਾਉਣ ਲਈ ਕਿ ਭਾਰਤੀ ਕਿਸਾਨ ਸਸ਼ਕਤ ਹੋਣ ਅਤੇ ਭਾਰਤ ਦੀ ਖੇਤੀਬਾੜੀ ਸੁਤੰਤਰ ਤੌਰ 'ਤੇ ਪ੍ਰਫੁੱਲਤ ਹੋ ਸਕੇ, ਖਾਦਾਂ ਅਤੇ ਮੁੱਖ ਇਨਪੁਟਸ ਦੇ ਘਰੇਲੂ ਉਤਪਾਦਨ ਦੀ ਤੁਰੰਤ ਜ਼ਰੂਰਤ ਹੈ।
- ਸਾਨੂੰ ਦੂਸਰੇ ਦੇਸ਼ਾਂ 'ਤੇ ਨਿਰਭਰ ਹੋਏ ਬਿਨਾਂ, ਭਾਰਤ ਦੀ ਜ਼ਰੂਰਤ ਅਨੁਸਾਰ ਆਪਣੀਆਂ ਖਾਦਾਂ ਬਣਾਉਣ ਦੇ ਨਵੇਂ ਢੰਗ ਲੱਭਣੇ ਚਾਹੀਦੇ ਹਨ।
- ਇਹ ਨਾ ਸਿਰਫ਼ ਕਿਸਾਨਾਂ ਦੀ ਭਲਾਈ ਲਈ ਸਗੋਂ ਦੇਸ਼ ਦੀ ਆਰਥਿਕ ਪ੍ਰਭੂਸੱਤਾ ਨੂੰ ਮਜ਼ਬੂਤ ਕਰਨ ਲਈ ਵੀ ਮਹੱਤਵਪੂਰਨ ਹੈ।
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ
- ਮਹਿਲਾ ਸਵੈ-ਸਹਾਇਤਾ ਸਮੂਹਾਂ ਨੇ ਅਚੰਭੇ ਕੀਤੇ ਹਨ, ਉਨ੍ਹਾਂ ਦੇ ਉਤਪਾਦ ਦੁਨੀਆ ਭਰ ਦੇ ਆਲਮੀ ਬਜ਼ਾਰਾਂ ਤੱਕ ਪਹੁੰਚ ਰਹੇ ਹਨ।
- ਭਾਰਤ ਦੀਆਂ ਬੇਟੀਆਂ ਸਟਾਰਟਅਪ ਤੋਂ ਲੈ ਕੇ ਪੁਲਾੜ ਖੇਤਰ ਤੱਕ, ਖੇਡਾਂ ਤੋਂ ਲੈ ਕੇ ਹਥਿਆਰਬੰਦ ਬਲਾਂ ਤੱਕ, ਦੇਸ਼ ਦੇ ਵਿਕਾਸ ਦੀ ਯਾਤਰਾ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਹਿੱਸਾ ਲੈ ਰਹੀਆਂ ਹਨ।
- ਨਮੋ ਡ੍ਰੋਨ ਦੀਦੀ ਮਹਿਲਾਵਾਂ ਲਈ ਇੱਕ ਨਵੀਂ ਪਹਿਚਾਣ ਬਣ ਗਈ ਹੈ।
- ਅਸੀਂ ਤਿੰਨ ਕਰੋੜ ਮਹਿਲਾਵਾਂ ਨੂੰ 'ਲਖਪਤੀ ਦੀਦੀ' (‘Lakhpati Didis’) ਬਣਾਉਣ ਦਾ ਸੰਕਲਪ ਲਿਆ ਹੈ।
ਕਾਨੂੰਨ ਅਤੇ ਨਿਆਂ ਮੰਤਰਾਲਾ
- ਪਿਛਲੇ ਵਰ੍ਹਿਆਂ ਵਿੱਚ, ਸਰਕਾਰ ਨੇ ਸੁਧਾਰਾਂ ਦੀ ਇੱਕ ਇਤਿਹਾਸਿਕ ਲਹਿਰ ਚਲਾਈ ਹੈ, 40,000 ਤੋਂ ਵੱਧ ਬੇਲੋੜੀਆਂ ਪਾਲਣਾਵਾਂ ਨੂੰ ਖਤਮ ਕੀਤਾ ਅਤੇ 1,500 ਤੋਂ ਵੱਧ ਪੁਰਾਣੇ ਕਾਨੂੰਨਾਂ ਨੂੰ ਰੱਦ ਕੀਤਾ।
- ਸੰਸਦ ਵਿੱਚ ਦਰਜਨਾਂ ਹੋਰ ਕਾਨੂੰਨਾਂ ਨੂੰ ਸਰਲ ਬਣਾਇਆ ਗਿਆ ਹੈ, ਜੋ ਹਮੇਸ਼ਾ ਨਾਗਰਿਕਾਂ ਦੇ ਹਿਤਾਂ ਨੂੰ ਸਭ ਤੋਂ ਅੱਗੇ ਰੱਖਦੇ ਹਨ।
- ਕੇਵਲ ਹਾਲ ਹੀ ਦੇ ਸੈਸ਼ਨ ਵਿੱਚ, 280 ਤੋਂ ਵੱਧ ਉਪਬੰਧਾਂ ਨੂੰ ਹਟਾ ਦਿੱਤਾ ਗਿਆ ਹੈ, ਜਿਸ ਨਾਲ ਸ਼ਾਸਨ ਨੂੰ ਸਰਲ ਅਤੇ ਹਰ ਭਾਰਤੀ ਲਈ ਵਧੇਰੇ ਪਹੁੰਚਯੋਗ ਬਣਾਇਆ ਗਿਆ ਹੈ।
- ਅਸੀਂ ਦੰਡ ਸੰਹਿਤਾ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਭਾਰਤੀ ਨਿਆਏ ਸੰਹਿਤਾ ਲਿਆਂਦੀ ਹੈ, ਜੋ ਭਾਰਤ ਦੇ ਨਾਗਰਿਕਾਂ ਵਿੱਚ ਵਿਸ਼ਵਾਸ, ਆਪਣੇਪਣ ਦੀ ਭਾਵਨਾ ਅਤੇ ਸੰਵੇਦਨਸ਼ੀਲਤਾ ਨਾਲ ਭਰਪੂਰ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ
- ਮੋਟਾਪਾ ਸਾਡੇ ਦੇਸ਼ ਲਈ ਇੱਕ ਬਹੁਤ ਗੰਭੀਰ ਸੰਕਟ ਬਣਦਾ ਜਾ ਰਿਹਾ ਹੈ।
- ਮੋਟਾਪੇ ਨਾਲ ਲੜਨ ਲਈ ਹਰ ਪਰਿਵਾਰ ਨੂੰ ਖਾਣਾ ਪਕਾਉਣ ਵਾਲੇ ਤੇਲ ਦੀ 10% ਘੱਟ ਵਰਤੋਂ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ।
ਕਬਾਇਲੀ ਮਾਮਲਿਆਂ ਬਾਰੇ ਮੰਤਰਾਲਾ
- ਅੱਜ, ਮਾਓਵਾਦ ਅਤੇ ਨਕਸਲਵਾਦ ਤੋਂ ਮੁਕਤ ਹੋਣ ਤੋਂ ਬਾਅਦ, ਬਸਤਰ ਦੇ ਨੌਜਵਾਨ ਓਲੰਪਿਕ ਵਿੱਚ ਹਿੱਸਾ ਲੈ ਰਹੇ ਹਨ।
- ਇਸ ਸਾਲ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਹੈ। ਇਨ੍ਹਾਂ ਕਬਾਇਲੀ ਖੇਤਰਾਂ ਨੂੰ ਨਕਸਲਵਾਦ ਤੋਂ ਮੁਕਤ ਕਰਕੇ ਅਤੇ ਮੇਰੇ ਕਬਾਇਲੀ ਪਰਿਵਾਰਾਂ ਦੇ ਨੌਜਵਾਨਾਂ ਦੀਆਂ ਜਾਨਾਂ ਬਚਾ ਕੇ, ਅਸੀਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈ।
ਸੱਭਿਆਚਾਰ ਮੰਤਰਾਲਾ
- ਇਸ ਸਾਲ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਹੈ, ਜਿਨ੍ਹਾਂ ਨੇ ਸਾਡੀ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਦੀ ਰਾਖੀ ਲਈ ਸਭ ਕੁਝ ਕੁਰਬਾਨ ਕਰ ਦਿੱਤਾ।
- ਸਾਡੀ ਸੰਸਕ੍ਰਿਤੀ ਦੀ ਤਾਕਤ ਸਾਡੀ ਵਿਭਿੰਨਤਾ ਵਿੱਚ ਹੈ।
- 'ਮਹਾਕੁੰਭ' ਦੀ ਸਫ਼ਲਤਾ ਭਾਰਤ ਦੀ ਏਕਤਾ ਅਤੇ ਤਾਕਤ ਦਾ ਇੱਕ ਸ਼ਾਨਦਾਰ ਪ੍ਰਮਾਣ ਹੈ।
- ਅਸੀਂ ਮਰਾਠੀ, ਅਸਮੀ, ਬੰਗਲਾ, ਪਾਲੀ ਅਤੇ ਪ੍ਰਾਕ੍ਰਿਤ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤਾ ਹੈ।
- ਸਾਡੀਆਂ ਭਾਸ਼ਾਵਾਂ ਜਿੰਨੀਆਂ ਜ਼ਿਆਦਾ ਵਿਕਸਿਤ ਹੋਣਗੀਆਂ, ਉਹ ਓਨੀਆਂ ਹੀ ਸਮ੍ਰਿੱਧ ਹੋਣਗੀਆਂ, ਸਾਡੀ ਸਮੁੱਚੀ ਗਿਆਨ ਪ੍ਰਣਾਲੀ ਓਨੀ ਹੀ ਮਜ਼ਬੂਤ ਹੋਵੇਗੀ।
- ਗਿਆਨ ਭਾਰਤਮ ਮਿਸ਼ਨ ਦੇ ਤਹਿਤ, ਅਸੀਂ ਹੁਣ ਦੇਸ਼ ਭਰ ਵਿੱਚ ਹੱਥ ਲਿਖਤਾਂ, ਖਰੜਿਆਂ ਅਤੇ ਸਦੀਆਂ ਪੁਰਾਣੇ ਦਸਤਾਵੇਜ਼ਾਂ ਨੂੰ ਲੱਭਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਨ੍ਹਾਂ ਦੇ ਗਿਆਨ ਦੇ ਭੰਡਾਰ ਨੂੰ ਸੁਰੱਖਿਅਤ ਰੱਖਣ ਲਈ ਅੱਜ ਦੀ ਟੈਕਨੋਲੋਜੀ ਦੀ ਵਰਤੋਂ ਕਰਨ ਲਈ ਕੰਮ ਕਰ ਰਹੇ ਹਾਂ।
- ਮੈਂ ਉਨ੍ਹਾਂ ਸਾਰੇ ਸਵੈਯਮ ਸੇਵਕਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਰਾਸ਼ਟਰੀ ਸੇਵਾ ਦੀ ਇਸ ਸਦੀ ਲੰਬੀ ਯਾਤਰਾ ਵਿੱਚ ਯੋਗਦਾਨ ਪਾਇਆ ਹੈ, ਅਤੇ ਰਾਸ਼ਟਰ ਰਾਸ਼ਟਰੀ ਸਵੈਯਮ ਸੇਵਕ ਸੰਘ ਦੇ 100 ਵਰ੍ਹਿਆਂ ਦੀ ਇਸ ਸ਼ਾਨਦਾਰ ਅਤੇ ਸਮਰਪਿਤ ਯਾਤਰਾ 'ਤੇ ਮਾਣ ਕਰਦਾ ਹੈ, ਜੋ ਸਾਨੂੰ ਪ੍ਰੇਰਿਤ ਕਰਦਾ ਰਹੇਗਾ।
ਨਵੀਨ ਅਤੇ ਅਖੁੱਟ ਊਰਜਾ ਮੰਤਰਾਲਾ
- ਨੌਜਵਾਨਾਂ ਦੇ ਰੋਸ਼ਨ ਭਵਿੱਖ ਅਤੇ ਕਿਸਾਨਾਂ ਦੀ ਭਲਾਈ ਲਈ ਊਰਜਾ ਸੁਤੰਤਰਤਾ ਬਹੁਤ ਮਹੱਤਵਪੂਰਨ ਹੈ ਅਤੇ ਅਜਿਹਾ ਕੀਤਾ ਜਾਵੇਗਾ।
- ਪਿਛਲੇ 11 ਵਰ੍ਹਿਆਂ ਵਿੱਚ ਊਰਜਾ ਵਿੱਚ ਆਤਮਨਿਰਭਰਤਾ ਦੇ ਸਾਡੇ ਸੰਕਲਪ ਨਾਲ, ਭਾਰਤ ਵਿੱਚ ਸੌਰ ਊਰਜਾ ਵਿੱਚ ਤੀਹ ਗੁਣਾ ਵਾਧਾ ਹੋਇਆ ਹੈ।
- ਮਿਸ਼ਨ ਗ੍ਰੀਨ ਹਾਈਡ੍ਰੋਜਨ ਨਾਲ, ਭਾਰਤ ਅੱਜ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ
- ਜਦਕਿ ਦੁਨੀਆ ਜਲਵਾਯੂ ਪਰਿਵਰਤਨ 'ਤੇ ਬਹਿਸ ਕਰ ਰਹੀ ਹੈ, ਭਾਰਤ ਨੇ 2030 ਤੱਕ 50% ਸਵੱਛ ਊਰਜਾ ਪ੍ਰਾਪਤ ਕਰਨ ਦਾ ਸੰਕਲਪ ਲਿਆ ਸੀ, ਪਰ ਆਪਣੇ ਲੋਕਾਂ ਦੀ ਪ੍ਰਤੀਬੱਧਤਾ ਸਦਕਾ ਇਹ ਟੀਚਾ 2025 ਤੱਕ ਪੂਰਾ ਹੋ ਗਿਆ ਹੈ।
- ਸੌਰ, ਪਰਮਾਣੂ, ਪਣ ਅਤੇ ਹਾਈਡ੍ਰੋਜਨ ਊਰਜਾ ਨੂੰ ਅੱਗੇ ਵਧਾਇਆ ਗਿਆ ਹੈ, ਜੋ ਊਰਜਾ ਸੁਤੰਤਰਤਾ ਵੱਲ ਇੱਕ ਨਿਰਣਾਇਕ ਕਦਮ ਹੈ।
ਬਿਜਲੀ ਮੰਤਰਾਲਾ
- ਭਾਵੇਂ ਇਹ ਸੋਲਰ ਪੈਨਲ ਹੋਣ ਜਾਂ ਇਲੈਕਟ੍ਰਿਕ ਵਾਹਨਾਂ ਲਈ ਲੋੜੀਂਦੇ ਪੁਰਜ਼ੇ, ਸਾਨੂੰ ਆਪਣੇ ਪੁਰਜ਼ੇ ਖ਼ੁਦ ਬਣਾਉਣੇ ਚਾਹੀਦੇ ਹਨ।
ਖਾਣ ਮੰਤਰਾਲਾ
- ਊਰਜਾ, ਉਦਯੋਗ ਅਤੇ ਰੱਖਿਆ ਲਈ ਜ਼ਰੂਰੀ ਸਰੋਤਾਂ ਨੂੰ ਸੁਰੱਖਿਅਤ ਕਰਨ ਲਈ, ਭਾਰਤ ਨੇ ਊਰਜਾ, ਉਦਯੋਗ ਅਤੇ ਰੱਖਿਆ ਲਈ ਜ਼ਰੂਰੀ ਖਣਿਜਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ 1,200 ਥਾਵਾਂ ਦੀ ਪੜਚੋਲ ਕਰਨ ਲਈ ਰਾਸ਼ਟਰੀ ਮਹੱਤਵਪੂਰਨ ਖਣਿਜ ਮਿਸ਼ਨ ਸ਼ੁਰੂ ਕੀਤਾ ਹੈ।
- ਇਨ੍ਹਾਂ ਖਣਿਜਾਂ ਨੂੰ ਕੰਟਰੋਲ ਕਰਨ ਨਾਲ ਰਣਨੀਤਕ ਖ਼ੁਦਮੁਖਤਿਆਰੀ ਮਜ਼ਬੂਤ ਹੁੰਦੀ ਹੈ, ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਭਾਰਤ ਦੇ ਉਦਯੋਗਿਕ ਅਤੇ ਰੱਖਿਆ ਖੇਤਰ ਆਤਮਨਿਰਭਰ ਬਣੇ ਰਹਿਣ।
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ
- ਨੌਜਵਾਨਾਂ ਨੂੰ ਭਾਰਤ ਦੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਡਿਜੀਟਲ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਚਾਹੀਦਾ ਹੈ, ਸੰਚਾਰ, ਡੇਟਾ ਅਤੇ ਤਕਨੀਕੀ ਈਕੋਸਿਸਟਮਸ ਨੂੰ ਸੁਰੱਖਿਅਤ ਅਤੇ ਸੁਤੰਤਰ ਰੱਖਣਾ ਚਾਹੀਦਾ ਹੈ ਅਤੇ ਭਾਰਤ ਦੀ ਡਿਜੀਟਲ ਖ਼ੁਦਮੁਖਤਿਆਰੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
- ਖੇਡਾਂ ਨੂੰ ਉਤਸ਼ਾਹਿਤ ਕਰਨ ਲਈ, ਅਸੀਂ ਰਾਸ਼ਟਰੀ ਖੇਡ ਨੀਤੀ ਲਿਆਂਦੀ ਹੈ।
- ਅਸੀਂ ਦੇਸ਼ ਵਿੱਚ 'ਖੇਲੋ ਇੰਡੀਆ ਨੀਤੀ' ਪੇਸ਼ ਕੀਤੀ ਹੈ।
ਨੋਟ: ਕੁਝ ਚੀਜ਼ਾਂ ਵਿੱਚ ਇੱਕ ਤੋਂ ਵੱਧ ਮੰਤਰਾਲੇ ਸ਼ਾਮਲ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਦੁਹਰਾਇਆ ਜਾ ਸਕਦਾ ਹੈ।
************
ਐੱਮਜੇਪੀਐੱਸ/ਐੱਸਆਰ
(Release ID: 2157073)
|