ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪ੍ਰੇਸ਼ਨ ਸਿੰਦੂਰ ‘ਤੇ ਵਿਸ਼ੇਸ਼ ਚਰਚਾ ਦੌਰਾਨ ਲੋਕ ਸਭਾ ਨੂੰ ਸੰਬੋਧਨ ਕੀਤਾ
ਵਿਜੈ ਉਤਸਵ ਭਾਰਤੀ ਹੱਥਿਆਰਬੰਦ ਬਲਾਂ ਦੀ ਵੀਰਤਾ ਅਤੇ ਸ਼ਕਤੀ ਦਾ ਪ੍ਰਮਾਣ ਹੈ: ਪ੍ਰਧਾਨ ਮੰਤਰੀ
ਮੈਂ ਇਸ ਵਿਜੈ ਉਤਸਵ ਦੀ ਭਾਵਨਾ ਦੇ ਨਾਲ ਸਦਨ ਵਿੱਚ ਭਾਰਤ ਦਾ ਦ੍ਰਿਸ਼ਟੀਕੋਣ ਪੇਸ਼ ਕਰਨ ਦੇ ਲਈ ਖੜ੍ਹਾ ਹੋਇਆ ਹਾਂ: ਪ੍ਰਧਾਨ ਮੰਤਰੀ ਮੋਦੀ
ਆਪ੍ਰੇਸ਼ਨ ਸਿੰਦੂਰ ਨੇ ਆਤਮਨਿਰਭਰ ਭਾਰਤ ਦੀ ਸ਼ਕਤੀ ਨੂੰ ਉਜਾਗਰ ਕੀਤਾ: ਪ੍ਰਧਾਨ ਮੰਤਰੀ
ਆਪ੍ਰੇਸ਼ਨ ਸਿੰਦੂਰ ਦੌਰਾਨ, ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਦੇ ਤਾਲਮੇਲ ਨੇ ਪਾਕਿਸਤਾਨ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ: ਪ੍ਰਧਾਨ ਮੰਤਰੀ
ਭਾਰਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੀਆਂ ਸ਼ਰਤਾਂ ‘ਤੇ ਅੱਤਵਾਦ ਦਾ ਜਵਾਬ ਦੇਵੇਗਾ, ਪਰਮਾਣੂ ਬਲੈਕਮੇਲ ਬਰਦਾਸ਼ਤ ਨਹੀਂ ਕਰੇਗਾ ਅਤੇ ਅੱਤਵਾਦ ਦੇ ਪ੍ਰਾਯੋਜਕਾਂ ਅਤੇ ਸਾਜਿਸ਼ਕਾਰਾਂ ਦੇ ਨਾਲ ਬਰਾਬਰ ਵਿਵਹਾਰ ਕਰੇਗਾ: ਪ੍ਰਧਾਨ ਮੰਤਰੀ
ਆਪ੍ਰੇਸ਼ਨ ਸਿੰਦੂਰ ਦੌਰਾਨ, ਭਾਰਤ ਨੂੰ ਵਿਆਪਕ ਆਲਮੀ ਸਮਰਥਨ ਮਿਲਿਆ: ਪ੍ਰਧਾਨ ਮੰਤਰੀ ਮੋਦੀ
ਆਪ੍ਰੇਸ਼ਨ ਸਿੰਦੂਰ ਜਾਰੀ ਹੈ, ਪਾਕਿਸਤਾਨ ਦੇ ਕਿਸੇ ਵੀ ਲਾਪਰਵਾਹ ਕਦਮ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ: ਪ੍ਰਧਾਨ ਮੰਤਰੀ
ਸੀਮਾਵਾਂ ‘ਤੇ ਇੱਕ ਮਜ਼ਬੂਤ ਸੈਨਾ ਇੱਕ ਜੀਵੰਤ ਅਤੇ ਸੁਰੱਖਿਅਤ ਲੋਕਤੰਤਰ ਯਕੀਨੀ ਬਣਾਉਂਦੀ ਹੈ: ਪ੍ਰਧਾਨ ਮੰਤਰੀ
ਆਪ੍ਰੇਸ਼ਨ ਸਿੰਦੂਰ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੇ ਹਥਿਆਰਬੰਦ ਬਲਾਂ ਦੀ ਵਧਦੀ ਸ਼ਕਤੀ ਦਾ ਸਪਸ਼ਟ ਪ੍ਰਮਾਣ ਹੈ: ਪ੍ਰਧਾਨ ਮੰਤਰੀ
ਭਾਰਤ ਬੁੱਧ ਦੀ ਭੂਮੀ ਹੈ, ਯੁੱਧ ਦੀ ਨਹੀਂ, ਅਸੀਂ ਸਮ੍ਰਿੱਧੀ
Posted On:
29 JUL 2025 10:37PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਜੰਮੂ-ਕਸ਼ਮੀਰ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਦੇ ਸਸ਼ਕਤ, ਸਫਲ ਅਤੇ ਨਿਰਣਾਇਕ ‘ਆਪ੍ਰੇਸ਼ਨ ਸਿੰਦੂਰ’ ‘ਤੇ ਵਿਸ਼ੇਸ਼ ਚਰਚਾ ਦੌਰਾਨ ਸਦਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਸਦਨ ਨੂੰ ਸੰਬੋਧਨ ਕਰਦੇ ਹੋਏ ਸੈਸ਼ਨ ਦੀ ਸ਼ੁਰੂਆਤ ਵਿੱਚ ਮੀਡੀਆ ਜਗਤ ਦੇ ਨਾਲ ਆਪਣੀ ਗੱਲਬਾਤ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਾਰੇ ਮਾਣਯੋਗ ਸਾਂਸਦਾਂ ਨੂੰ ਇਸ ਸੈਸ਼ਨ ਨੂੰ ਭਾਰਤ ਦੀ ਜਿੱਤ ਦਾ ਉਤਸਵ ਅਤੇ ਭਾਰਤ ਦੇ ਮਾਣ ਨੂੰ ਸ਼ਰਧਾਂਜਲੀ ਦੱਸਦੇ ਹੋਏ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ।
ਸ਼੍ਰੀ ਮੋਦੀ ਨੇ ਅੱਤਵਾਦੀ ਟਿਕਾਣਿਆਂ ਦੇ ਪੂਰਨ ਨਾਸ਼ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵਿਜੈ ਉਤਸਵ ਸਿੰਦੂਰ ਲਗਾ ਕੇ ਲਈ ਗਈ ਪਵਿੱਤਰ ਸਹੁੰ ਦੀ ਪੂਰਤੀ ਦਾ ਪ੍ਰਤੀਕ ਹੈ – ਜੋ ਰਾਸ਼ਟਰੀ ਭਗਤੀ ਅਤੇ ਬਲੀਦਾਨ ਦੇ ਪ੍ਰਤੀ ਸ਼ਰਧਾਂਜਲੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਵਿਜੈ ਉਤਸਵ ਭਾਰਤ ਦੇ ਹਥਿਆਰਬੰਦ ਬਲਾਂ ਦੀ ਬਹਾਦਰੀ ਅਤੇ ਪਰਾਕ੍ਰਮ ਦਾ ਪ੍ਰਮਾਣ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਵਿਜੈ ਉਤਸਵ 140 ਕਰੋੜ ਭਾਰਤੀਆਂ ਦੀ ਏਕਤਾ, ਦ੍ਰਿੜ੍ਹ ਇੱਛਾਸ਼ਕਤੀ ਅਤੇ ਸਮੂਹਿਕ ਜਿੱਤ ਦਾ ਉਤਸਵ ਹੈ।
ਪ੍ਰਧਾਨ ਮੰਤਰੀ ਨੇ ਸਦਨ ਵਿੱਚ ਭਾਰਤ ਦਾ ਦ੍ਰਿਸ਼ਟੀਕੋਣ ਪੇਸ਼ ਕਰਨ ਦੇ ਲਈ ਜਿੱਤ ਦੀ ਭਾਵਨਾ ਦੇ ਨਾਲ ਖੜ੍ਹੇ ਹੋਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜੋ ਲੋਕ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਵਿੱਚ ਨਾਕਾਮ ਰਹਿੰਦੇ ਹਨ, ਉਨ੍ਹਾਂ ਦੇ ਲਈ ਉਹ ਇੱਕ ਸ਼ੀਸ਼ਾ ਦਿਖਾਉਣ ਦੇ ਲਈ ਖੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਉਹ 140 ਕਰੋੜ ਨਾਗਰਿਕਾਂ ਦੀਆਂ ਭਾਵਨਾਵਾਂ ਦੇ ਨਾਲ ਆਪਣੀ ਆਵਾਜ਼ ਮਿਲਾਉਣ ਆਏ ਹਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਸਮੂਹਿਕ ਭਾਵਨਾਵਾਂ ਦੀ ਗੂੰਜ ਸਦਨ ਵਿੱਚ ਸੁਣਾਈ ਦੇ ਰਹੀ ਹੈ, ਅਤੇ ਉਹ ਉਸ ਗੂੰਜਦੀ ਭਾਵਨਾ ਵਿੱਚ ਆਪਣੀ ਆਵਾਜ਼ ਮਿਲਾਉਣ ਦੇ ਲਈ ਖੜੇ ਹੋਏ ਹਨ।
ਪ੍ਰਧਾਨ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਦੀ ਜਨਤਾ ਦੇ ਅਟੁੱਟ ਸਮਰਥਨ ਅਤੇ ਅਸ਼ੀਰਵਾਦ ਦੇ ਲਈ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਉਹ ਰਾਸ਼ਟਰ ਦੇ ਕਰਜ਼ਾਈ ਹਨ। ਉਨ੍ਹਾਂ ਨੇ ਨਾਗਰਿਕਾਂ ਦੇ ਸਮੂਹਿਕ ਸੰਕਲਪ ਨੂੰ ਸਵੀਕਾਰ ਕੀਤਾ ਅਤੇ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਨੇ 22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਹੋਈ ਉਸ ਕਾਇਰਾਨਾ ਘਟਨਾ ਦੀ ਨਿੰਦਾ ਕੀਤੀ, ਜਿੱਥੇ ਅੱਤਵਾਦੀਆਂ ਨੇ ਨਿਰਦੋਸ਼ ਲੋਕਾਂ ਦਾ ਧਰਮ ਪੁੱਛ ਕੇ ਉਨ੍ਹਾਂ ਨੂੰ ਬੇਰਹਿਮੀ ਨਾਲ ਗੋਲੀ ਮਾਰ ਦਿੱਤੀ ਸੀ। ਸ਼੍ਰੀ ਮੋਦੀ ਨੇ ਇਸ ਨੂੰ ਕਰੂਰਤਾ ਦੀ ਪਰਾਕਾਸ਼ਠਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਨੂੰ ਹਿੰਸਾ ਦੀ ਅੱਗ ਵਿੱਚ ਝੋਂਕਣ ਅਤੇ ਫਿਰਕੂ ਅਸ਼ਾਂਤੀ ਭੜਕਾਉਣ ਦੀ ਇੱਕ ਸੋਚੀ-ਸਮਝੀ ਸਾਜਿਸ਼ ਸੀ। ਉਨ੍ਹਾਂ ਨੇ ਇਕਜੁੱਟਤਾ ਅਤੇ ਦ੍ਰਿੜ੍ਹਤਾ ਨਾਲ ਇਸ ਸਾਜਿਸ ਨੂੰ ਨਾਕਾਮ ਕਰਨ ਦੇ ਲਈ ਭਾਰਤ ਦੀ ਜਨਤਾ ਦਾ ਆਭਾਰ ਵਿਅਕਤ ਕੀਤਾ।
ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ 22 ਅਪ੍ਰੈਲ ਤੋਂ ਬਾਅਦ, ਉਨ੍ਹਾਂ ਨੇ ਅੰਗਰੇਜ਼ੀ ਵਿੱਚ ਵੀ ਇੱਕ ਜਨਤਕ ਬਿਆਨ ਜਾਰੀ ਕਰਕੇ ਭਾਰਤ ਦਾ ਸਟੈਂਡ ਦੁਨੀਆ ਸਾਹਮਣੇ ਸਪਸ਼ਟ ਕੀਤਾ ਸੀ। ਉਨ੍ਹਾਂ ਨੇ ਅੱਤਵਾਦ ਨੂੰ ਕੁਚਲਣ ਲਈ ਭਾਰਤ ਦੇ ਦ੍ਰਿੜ ਇਰਾਦੇ ਦਾ ਐਲਾਨ ਕੀਤਾ ਅਤੇ ਜ਼ੋਰ ਦਿੱਤਾ ਕਿ ਦੋਸ਼ੀਆਂ ਨੂੰ ਕਲਪਨਾ ਤੋਂ ਪਰ੍ਹੇ ਸਜ਼ਾ ਮਿਲੇਗੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 22 ਅਪ੍ਰੈਲ ਨੂੰ ਉਹ ਵਿਦੇਸ਼ ਦੌਰੇ 'ਤੇ ਸਨ ਪਰ ਇੱਕ ਉੱਚ ਪੱਧਰੀ ਮੀਟਿੰਗ ਬੁਲਾਉਣ ਲਈ ਤੁਰੰਤ ਵਾਪਸ ਆ ਗਏ। ਉਨ੍ਹਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਅੱਤਵਾਦ ਨੂੰ ਫੈਸਲਾਕੁੰਨ ਜਵਾਬ ਦੇਣ ਲਈ ਸਪਸ਼ਟ ਨਿਰਦੇਸ਼ ਦਿੱਤੇ ਗਏ ਸਨ। ਸ਼੍ਰੀ ਮੋਦੀ ਨੇ ਦੁਹਰਾਇਆ ਕਿ ਇਹ ਇੱਕ ਰਾਸ਼ਟਰੀ ਵਚਨਬੱਧਤਾ ਹੈ।
ਸ਼੍ਰੀ ਮੋਦੀ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਸਮਰੱਥਾ, ਤਾਕਤ ਅਤੇ ਹਿੰਮਤ ਵਿੱਚ ਪੂਰਾ ਵਿਸ਼ਵਾਸ ਪ੍ਰਗਟ ਕਰਦੇ ਹੋਏ ਕਿਹਾ ਕਿ ਫੌਜ ਨੂੰ ਜਵਾਬੀ ਕਾਰਵਾਈ ਦਾ ਸਮਾਂ, ਸਥਾਨ ਅਤੇ ਢੰਗ ਤੈਅ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਨਿਰਦੇਸ਼ ਉੱਚ-ਪੱਧਰੀ ਮੀਟਿੰਗ ਦੌਰਾਨ ਸਪਸ਼ਟ ਤੌਰ 'ਤੇ ਦੱਸੇ ਗਏ ਸਨ ਅਤੇ ਕੁਝ ਪਹਿਲੂਆਂ ਦੀ ਮੀਡੀਆ ਵਿੱਚ ਵੀ ਰਿਪੋਰਟਿੰਗ ਹੋਈ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਅੱਤਵਾਦੀਆਂ ਨੂੰ ਦਿੱਤੀ ਗਈ ਸਜ਼ਾ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਨ੍ਹਾਂ ਦੇ ਆਕਾਵਾਂ ਨੂੰ ਅਜੇ ਵੀ ਇਸ 'ਤੇ ਨੀਂਦ ਨਹੀਂ ਆ ਰਹੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਦਨ ਰਾਹੀਂ ਭਾਰਤ ਦੀ ਪ੍ਰਤੀਕਿਰਿਆ ਅਤੇ ਉਸ ਦੇ ਹਥਿਆਰਬੰਦ ਸੈਨਾਵਾਂ ਦੀ ਸਫਲਤਾ ਨੂੰ ਰਾਸ਼ਟਰ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ, ਪਾਕਿਸਤਾਨੀ ਫੌਜ ਇੱਕ ਵੱਡੀ ਭਾਰਤੀ ਪ੍ਰਤੀਕਿਰਿਆ ਦੀ ਉਮੀਦ ਕਰ ਰਹੀ ਸੀ, ਜਿਸ ਕਾਰਨ ਉਨ੍ਹਾਂ ਨੇ ਪ੍ਰਮਾਣੂ ਧਮਕੀ ਜਾਰੀ ਕੀਤੀ। ਪਹਿਲੇ ਪਹਿਲੂ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਭਾਰਤ ਨੇ 6 ਅਤੇ 7 ਮਈ 2025 ਦੀ ਵਿਚਕਾਰਲੀ ਰਾਤ ਨੂੰ ਸਮਾਂ-ਸਾਰਣੀ ਅਨੁਸਾਰ ਆਪਣੀ ਕਾਰਵਾਈ ਕੀਤੀ, ਜਿਸ ਨਾਲ ਪਾਕਿਸਤਾਨ ਜਵਾਬ ਦੇਣ ਦੇ ਯੋਗ ਨਹੀਂ ਰਿਹਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਨੇ 22 ਅਪ੍ਰੈਲ ਦੇ ਹਮਲੇ ਦਾ ਬਦਲਾ ਸਿਰਫ਼ 22 ਮਿੰਟਾਂ ਵਿੱਚ ਆਪਣੇ ਨਿਸ਼ਾਨਾ ਬਣਾਏ ਉਦੇਸ਼ਾਂ ਨੂੰ ਪ੍ਰਾਪਤ ਕਰਕੇ ਲਿਆ।
ਸ਼੍ਰੀ ਮੋਦੀ ਨੇ ਸਦਨ ਵਿੱਚ ਭਾਰਤ ਦੀ ਰਣਨੀਤਕ ਪ੍ਰਤੀਕਿਰਿਆ ਦੇ ਦੂਜੇ ਪਹਿਲੂ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਵੇਂ ਭਾਰਤ ਨੇ ਪਹਿਲਾਂ ਪਾਕਿਸਤਾਨ ਨਾਲ ਕਈ ਜੰਗਾਂ ਲੜੀਆਂ ਹਨ, ਪਰ ਇਹ ਪਹਿਲੀ ਵਾਰ ਸੀ ਜਦੋਂ ਅਜਿਹੀ ਰਣਨੀਤੀ ਅਪਣਾਈ ਗਈ ਜੋ ਪਹਿਲਾਂ ਅਣਛੂਹੀਆਂ ਥਾਵਾਂ ਤੱਕ ਪਹੁੰਚੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਰਣਾਇਕ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਸੀ, ਜਿਨ੍ਹਾਂ ਵਿੱਚ ਉਹ ਖੇਤਰ ਵੀ ਸ਼ਾਮਲ ਸਨ ਜਿੱਥੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਭਾਰਤ ਪਹੁੰਚ ਸਕਦਾ ਹੈ। ਉਨ੍ਹਾਂ ਨੇ ਬਹਾਵਲਪੁਰ ਅਤੇ ਮੁਰੀਦਕੇ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਟਿਕਾਣਿਆਂ ਨੂੰ ਢਾਹ ਦਿੱਤਾ ਗਿਆ, ਜਿਸ ਨਾਲ ਇਹ ਪੁਸ਼ਟੀ ਹੋਈ ਕਿ ਭਾਰਤ ਦੀਆਂ ਹਥਿਆਰਬੰਦ ਫੌਜਾਂ ਨੇ ਅੱਤਵਾਦੀ ਟਿਕਾਣਿਆਂ ਨੂੰ ਸਫਲਤਾਪੂਰਵਕ ਤਬਾਹ ਕਰ ਦਿੱਤਾ ਹੈ।
ਸ਼੍ਰੀ ਮੋਦੀ ਨੇ ਤੀਜੇ ਪਹਿਲੂ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਦੀਆਂ ਪ੍ਰਮਾਣੂ ਧਮਕੀਆਂ ਖੋਖਲੀਆਂ ਸਾਬਤ ਹੋਈਆਂ ਹਨ ਅਤੇ ਭਾਰਤ ਨੇ ਦਿਖਾ ਦਿੱਤਾ ਹੈ ਕਿ ਪ੍ਰਮਾਣੂ ਬਲੈਕਮੇਲਿੰਗ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਭਾਰਤ ਕਦੇ ਉਸ ਦੇ ਅੱਗੇ ਝੁਕੇਗਾ।
ਪ੍ਰਧਾਨ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਭਾਰਤ ਦੇ ਰਣਨੀਤਕ ਜਵਾਬ ਦੇ ਚੌਥੇ ਪਹਿਲੂ ਦੀ ਰੂਪਰੇਖਾ ਦਿੰਦੇ ਹੋਏ ਕਿਹਾ ਕਿ ਭਾਰਤ ਨੇ ਪਾਕਿਸਤਾਨੀ ਖੇਤਰ ਦੇ ਅੰਦਰ ਸਟੀਕ ਹਮਲੇ ਕਰਕੇ ਆਪਣੀਆਂ ਉੱਨਤ ਤਕਨੀਕੀ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਤੀਜੇ ਵਜੋਂ ਪਾਕਿਸਤਾਨ ਦੇ ਹਵਾਈ ਅੱਡਿਆਂ ਨੂੰ ਭਾਰੀ ਨੁਕਸਾਨ ਹੋਇਆ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਗੰਭੀਰ ਹਾਲਤ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਹੁਣ ਟੈਕਨੋਲੋਜੀ-ਅਧਾਰਿਤ ਯੁੱਧ ਦੇ ਯੁੱਗ ਵਿੱਚ ਹਾਂ ਅਤੇ ਆਪ੍ਰੇਸ਼ਨ ਸਿੰਦੂਰ ਨੇ ਇਸ ਖੇਤਰ ਵਿੱਚ ਭਾਰਤ ਦੀ ਮੁਹਾਰਤ ਨੂੰ ਸਾਬਤ ਕੀਤਾ ਹੈ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਪੰਜਵਾਂ ਪਹਿਲੂ ਪੇਸ਼ ਕੀਤਾ ਕਿ ਜੇਕਰ ਭਾਰਤ ਪਿਛਲੇ ਦਸ ਸਾਲਾਂ ਤੋਂ ਤਿਆਰੀ ਨਾ ਕਰਦਾ, ਤਾਂ ਇਸ ਤਕਨੀਕੀ ਯੁੱਗ ਵਿੱਚ ਦੇਸ਼ ਨੂੰ ਭਾਰੀ ਨੁਕਸਾਨ ਹੋ ਸਕਦਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ, ਦੁਨੀਆ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਇੱਕ ਆਤਮ-ਨਿਰਭਰ ਭਾਰਤ ਦੀ ਸ਼ਕਤੀ ਦੇਖੀ ਹੈ। ਉਨ੍ਹਾਂ ਨੇ ਭਾਰਤ ਦੁਆਰਾ ਬਣਾਏ ਗਏ ਡਰੋਨ ਅਤੇ ਮਿਸਾਈਲਾਂ ਦੀ ਪ੍ਰਭਾਵਸ਼ੀਲਤਾ ‘ਤੇ ਚਾਨਣਾ ਪਾਇਆ, ਜਿਸ ਨਾਲ ਪਾਕਿਸਤਾਨ ਦੀਆਂ ਹਥਿਆਰ ਪ੍ਰਣਾਲੀਆਂ ਦੀਆਂ ਕਮਜ਼ੋਰੀਆਂ ਉਜਾਗਰ ਹੋਈਆਂ।
ਪ੍ਰਧਾਨ ਮੰਤਰੀ ਨੇ ਭਾਰਤ ਦੇ ਰੱਖਿਆ ਢਾਂਚੇ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਉਜਾਗਰ ਕਰਦੇ ਹੋਏ, ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਦੇ ਐਲਾਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਵਿੱਚ ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਦੁਆਰਾ ਸਾਂਝੀ ਕਾਰਵਾਈ ਕੀਤੀ ਗਈ ਅਤੇ ਇਨ੍ਹਾਂ ਬਲਾਂ ਵਿਚਕਾਰ ਤਾਲਮੇਲ ਨੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਪਹਿਲਾਂ ਵੀ ਅੱਤਵਾਦੀ ਘਟਨਾਵਾਂ ਹੋਈਆਂ ਹਨ, ਪਰ ਉਨ੍ਹਾਂ ਦੇ ਅਪਰਾਧੀ ਨਿਡਰ ਸਨ ਅਤੇ ਬਿਨਾਂ ਕਿਸੇ ਡਰ ਦੇ ਭਵਿੱਖ ਦੇ ਹਮਲਿਆਂ ਦੀ ਯੋਜਨਾ ਬਣਾਉਂਦੇ ਰਹੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੁਣ ਸਥਿਤੀ ਬਦਲ ਗਈ ਹੈ। ਅੱਜ, ਹਰ ਹਮਲੇ ਤੋਂ ਬਾਅਦ, ਅਪਰਾਧੀਆਂ ਦੀ ਨੀਂਦ ਉੱਡ ਜਾਂਦੀ ਹੈ - ਇਹ ਜਾਣਦੇ ਹੋਏ ਕਿ ਭਾਰਤ ਜਵਾਬੀ ਕਾਰਵਾਈ ਕਰੇਗਾ ਅਤੇ ਖਤਰਿਆਂ ਨੂੰ ਸ਼ੁੱਧਤਾ ਨਾਲ ਖਤਮ ਕਰੇਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਇੱਕ "ਨਿਊ ਨੌਰਮਲ" (new normal) ਸਥਾਪਿਤ ਕੀਤਾ ਹੈ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਵਿਸ਼ਵ ਭਾਈਚਾਰੇ ਨੇ ਹੁਣ ਭਾਰਤ ਦੇ ਰਣਨੀਤਕ ਕਾਰਜਾਂ ਦੇ ਪੈਮਾਨੇ ਅਤੇ ਪਹੁੰਚ ਨੂੰ ਦੇਖ ਲਿਆ ਹੈ, ਉਨ੍ਹਾਂ ਨੇ ਕਿਹਾ ਕਿ ਹਮਲੇ ਸਿੰਦੂਰ ਤੋਂ ਸਿੰਧੂ ਤੱਕ, ਪਾਕਿਸਤਾਨ ਵਿੱਚ ਕੀਤੇ ਗਏ। ਸ਼੍ਰੀ ਮੋਦੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਨੇ ਇੱਕ ਨਵਾਂ ਸਿਧਾਂਤ ਸਥਾਪਿਤ ਕੀਤਾ ਹੈ: ਭਾਰਤ 'ਤੇ ਕਿਸੇ ਵੀ ਅੱਤਵਾਦੀ ਹਮਲੇ ਦਾ ਉਸ ਦੇ ਦੋਸ਼ੀਆਂ ਅਤੇ ਖੁਦ ਪਾਕਿਸਤਾਨ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।
ਪ੍ਰਧਾਨ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਤੋਂ ਉੱਭਰਨ ਵਾਲੇ ਤਿੰਨ ਸਪਸ਼ਟ ਸਿਧਾਂਤਾਂ ਨੂੰ ਰੇਖਾਂਕਿਤ ਕੀਤਾ। ਪਹਿਲਾ, ਭਾਰਤ ਆਪਣੀਆਂ ਸ਼ਰਤਾਂ 'ਤੇ, ਆਪਣੇ ਤਰੀਕੇ ਨਾਲ ਅਤੇ ਆਪਣੀ ਚੁਣੇ ਹੋਏ ਸਮੇਂ 'ਤੇ ਅੱਤਵਾਦੀ ਹਮਲਿਆਂ ਦਾ ਜਵਾਬ ਦੇਵੇਗਾ। ਦੂਜਾ, ਕਿਸੇ ਵੀ ਤਰ੍ਹਾਂ ਦੇ ਪ੍ਰਮਾਣੂ ਬਲੈਕਮੇਲ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਤੀਜਾ, ਭਾਰਤ ਅੱਤਵਾਦੀਆਂ ਦੇ ਸਪਾਂਸਰਾਂ ਅਤੇ ਅਜਿਹੇ ਹਮਲਿਆਂ ਦੇ ਦੋਸ਼ੀਆਂ ਵਿਚਕਾਰ ਕੋਈ ਫਰਕ ਨਹੀਂ ਕਰੇਗਾ।
ਸ਼੍ਰੀ ਮੋਦੀ ਨੇ ਸਦਨ ਨੂੰ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਦੀ ਕਾਰਵਾਈ ਨੂੰ ਮਿਲੇ ਵਿਸ਼ਵਵਿਆਪੀ ਸਮਰਥਨ ਦੀ ਸਪਸ਼ਟ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਦੇਸ਼ ਨੇ ਭਾਰਤ ਵੱਲੋਂ ਆਪਣੀ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਕਾਰਵਾਈ ਕਰਨ 'ਤੇ ਇਤਰਾਜ਼ ਨਹੀਂ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ਾਂ ਵਿੱਚੋਂ ਸਿਰਫ਼ ਤਿੰਨ ਦੇਸ਼ਾਂ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੇ ਸਮਰਥਨ ਵਿੱਚ ਬਿਆਨ ਜਾਰੀ ਕੀਤੇ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਭਰ ਦੇ ਦੇਸ਼ਾਂ ਤੋਂ ਵਿਆਪਕ ਸਮਰਥਨ ਮਿਲਿਆ - ਜਿਸ ਵਿੱਚ ਕੁਆਡ ਅਤੇ ਬ੍ਰਿਕਸ ਜਿਹੇ ਰਣਨੀਤਕ ਸਮੂਹ, ਅਤੇ ਫਰਾਂਸ, ਰੂਸ ਅਤੇ ਜਰਮਨੀ ਜਿਹੇ ਦੇਸ਼ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਭਾਰਤ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।
ਇਸ ਗੱਲ ‘ਤੇ ਡੂੰਘੀ ਨਿਰਾਸ਼ਾ ਪ੍ਰਗਟ ਕਰਦੇ ਹੋਏ, ਕਿ ਭਾਰਤ ਨੂੰ ਵਿਸ਼ਵ ਭਾਈਚਾਰੇ ਤੋਂ ਸਮਰਥਨ ਤਾਂ ਮਿਲਿਆ, ਲੇਕਿਨ ਦੇਸ਼ ਦੇ ਸੈਨਿਕਾਂ ਦੀ ਬਹਾਦਰੀ ਨੂੰ ਵਿਰੋਧੀ ਧਿਰ ਤੋਂ ਸਮਰਥਨ ਨਹੀਂ ਮਿਲਿਆ, ਸ਼੍ਰੀ ਮੋਦੀ ਨੇ ਕਿਹਾ ਕਿ 22 ਅਪ੍ਰੈਲ ਦੇ ਅੱਤਵਾਦੀ ਹਮਲੇ ਤੋਂ ਕੁਝ ਦਿਨ ਬਾਅਦ, ਕੁਝ ਵਿਰੋਧੀ ਨੇਤਾਵਾਂ ਨੇ ਸਰਕਾਰ ਦਾ ਮਜ਼ਾਕ ਉਡਾਉਣ ਅਤੇ ਉਸ 'ਤੇ ਅਸਫਲਤਾ ਦਾ ਦੋਸ਼ ਲਗਾਉਣਾ ਸ਼ੁਰੂ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਜ਼ਾਕ ਅਤੇ ਪਹਿਲਗਾਮ ਕਤਲੇਆਮ ਤੋਂ ਬਾਅਦ ਵੀ ਰਾਜਨੀਤਿਕ ਮੌਕਾਪ੍ਰਸਤੀ ਵਿੱਚ ਸ਼ਾਮਲ ਹੋਣਾ, ਰਾਸ਼ਟਰੀ ਸੋਗ ਪ੍ਰਤੀ ਉਨ੍ਹਾਂ ਦੀ ਅਣਦੇਖੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਬਿਆਨ ਨਾ ਸਿਰਫ਼ ਮਾਮੂਲੀ ਹਨ, ਸਗੋਂ ਭਾਰਤ ਦੇ ਸੁਰੱਖਿਆ ਬਲਾਂ ਲਈ ਮਨੋਬਲ ਵੀ ਘਟਾਉਂਦੇ ਹਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਕੁਝ ਵਿਰੋਧੀ ਨੇਤਾਵਾਂ ਨੂੰ ਭਾਰਤ ਦੀ ਤਾਕਤ ਜਾਂ ਇਸ ਦੀਆਂ ਹਥਿਆਰਬੰਦ ਸੈਨਾਵਾਂ ਦੀ ਸਮਰੱਥਾ 'ਤੇ ਕੋਈ ਵਿਸ਼ਵਾਸ ਨਹੀਂ ਹੈ ਅਤੇ ਉਹ ਆਪ੍ਰੇਸ਼ਨ ਸਿੰਦੂਰ 'ਤੇ ਸ਼ੱਕ ਕਰਦੇ ਰਹਿੰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਸੁਰਖੀਆਂ ਹਾਸਲ ਕਰਨ ਵਾਲੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਕਰ ਸਕਦੇ ਹਨ, ਪਰ ਇਸ ਨਾਲ ਲੋਕਾਂ ਦਾ ਵਿਸ਼ਵਾਸ ਜਾਂ ਸਨਮਾਨ ਨਹੀਂ ਮਿਲੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ 10 ਮਈ 2025 ਨੂੰ, ਭਾਰਤ ਨੇ ਆਪ੍ਰੇਸ਼ਨ ਸਿੰਦੂਰ ਤਹਿਤ ਆਪਣੇ ਆਪ੍ਰੇਸ਼ਨਾਂ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਸ ਐਲਾਨ ਨਾਲ ਤਰ੍ਹਾਂ-ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਗਈਆਂ, ਜਿਨ੍ਹਾਂ ਨੂੰ ਉਨ੍ਹਾਂ ਨੇ ਸਰਹੱਦ ਪਾਰ ਤੋਂ ਫੈਲਾਇਆ ਜਾ ਰਿਹਾ ਦੁਸ਼ਪ੍ਰਚਾਰ ਕਰਾਰ ਦਿੱਤਾ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ ਜਿਨ੍ਹਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੁਆਰਾ ਪੇਸ਼ ਕੀਤੇ ਗਏ ਤੱਥਾਂ 'ਤੇ ਭਰੋਸਾ ਕਰਨ ਦੀ ਬਜਾਏ ਪਾਕਿਸਤਾਨ ਦੇ ਦੁਸ਼ਪ੍ਰਚਾਰ ਨੂੰ ਉਤਸ਼ਾਹਿਤ ਕਰਨਾ ਚੁਣਿਆ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਸਟੈਂਡ ਹਮੇਸ਼ਾ ਸਪਸ਼ਟ ਅਤੇ ਦ੍ਰਿੜ ਰਿਹਾ ਹੈ।
ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੇ ਨਿਸ਼ਾਨਾਬੱਧ ਫੌਜੀ ਕਾਰਵਾਈਆਂ ਨੂੰ ਯਾਦ ਕਰਦੇ ਹੋਏ, ਰਣਨੀਤਕ ਸਪਸ਼ਟਤਾ ਅਤੇ ਲਾਗੂਕਰਨ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਦੌਰਾਨ, ਭਾਰਤ ਦਾ ਦੁਸ਼ਮਣ ਦੇ ਇਲਾਕੇ ਵਿੱਚ ਡੂੰਘਾਈ ਨਾਲ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਦਾ ਇੱਕ ਸਪਸ਼ਟ ਟੀਚਾ ਸੀ, ਜੋ ਸੂਰਜ ਚੜ੍ਹਨ ਤੋਂ ਪਹਿਲਾਂ ਰਾਤੋ-ਰਾਤ ਪੂਰਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਬਾਲਾਕੋਟ ਹਵਾਈ ਹਮਲੇ ਵਿੱਚ, ਭਾਰਤ ਨੇ ਅੱਤਵਾਦੀ ਟ੍ਰੇਨਿੰਗ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੇ ਤਹਿਤ, ਭਾਰਤ ਨੇ ਇੱਕ ਵਾਰ ਫਿਰ ਇੱਕ ਸਪਸ਼ਟ ਤੌਰ 'ਤੇ ਪਰਿਭਾਸ਼ਿਤ ਉਦੇਸ਼ ਨਾਲ ਕਾਰਵਾਈ ਕੀਤੀ - ਅੱਤਵਾਦ ਦੇ ਕੇਂਦਰ ਅਤੇ ਪਹਿਲਗਾਮ ਘਟਨਾ ਦੇ ਹਮਲਾਵਰਾਂ ਦੇ ਪਿੱਛੇ ਬੁਨਿਆਦੀ ਢਾਂਚੇ 'ਤੇ ਹਮਲਾ, ਜਿਸ ਵਿੱਚ ਉਨ੍ਹਾਂ ਦੇ ਯੋਜਨਾਬੰਦੀ ਟਿਕਾਣੇ, ਟ੍ਰੇਨਿੰਗ ਕੇਂਦਰ, ਫੰਡਿੰਗ ਸਰੋਤ, ਟ੍ਰੈਕਿੰਗ ਅਤੇ ਤਕਨੀਕੀ ਸਹਾਇਤਾ ਅਤੇ ਹਥਿਆਰਾਂ ਦੀ ਸਪਲਾਈ ਚੇਨ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਨੇ ਇਨ੍ਹਾਂ ਅੱਤਵਾਦੀਆਂ ਦੇ ਕੇਂਦਰ 'ਤੇ ਸਹੀ ਢੰਗ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਦੇ ਕਾਰਜਾਂ ਦੀਆਂ ਜੜ੍ਹਾਂ ਨੂੰ ਤਬਾਹ ਕਰ ਦਿੱਤਾ।"
ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਇੱਕ ਵਾਰ ਫਿਰ ਭਾਰਤੀ ਫੌਜ ਨੇ ਆਪਣੇ ਟੀਚਿਆਂ ਨੂੰ ਸ਼ਤ-ਪ੍ਰਤੀਸ਼ਤ ਪ੍ਰਾਪਤ ਕੀਤਾ ਹੈ ਅਤੇ ਦੇਸ਼ ਦੀ ਤਾਕਤ ਦਾ ਪਰਿਚੈ ਦਿੱਤਾ ਹੈ।" ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ ਜੋ ਜਾਣਬੁੱਝ ਕੇ ਇਨ੍ਹਾਂ ਪ੍ਰਾਪਤੀਆਂ ਨੂੰ ਭੁੱਲ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਹ ਕਾਰਵਾਈ 6 ਮਈ ਦੀ ਰਾਤ ਅਤੇ 7 ਮਈ ਦੀ ਸਵੇਰ ਨੂੰ ਹੋਈ ਸੀ, ਅਤੇ 7 ਮਈ ਨੂੰ ਸੂਰਜ ਚੜ੍ਹਨ ਤੱਕ, ਭਾਰਤੀ ਫੌਜ ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਅਤੇ ਮਿਸ਼ਨ ਦੀ ਪ੍ਰਾਪਤੀ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਦੇ ਉਦੇਸ਼ ਪਹਿਲੇ ਦਿਨ ਤੋਂ ਹੀ ਸਪਸ਼ਟ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਟੀਚਾ ਅੱਤਵਾਦੀ ਨੈੱਟਵਰਕ, ਉਨ੍ਹਾਂ ਦੇ ਮਾਸਟਰਮਾਈਂਡ ਅਤੇ ਉਨ੍ਹਾਂ ਦੇ ਲੌਜਿਸਟਿਕਲ ਹਬਸ ਨੂੰ ਖਤਮ ਕਰਨਾ ਸੀ, ਅਤੇ ਮਿਸ਼ਨ ਯੋਜਨਾ ਅਨੁਸਾਰ ਪੂਰਾ ਹੋਇਆ।
ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਪੂਰੇ ਵਿਸ਼ਵਾਸ ਨਾਲ ਦੁਹਰਾਇਆ ਕਿ ਭਾਰਤ ਦੀਆਂ ਹਥਿਆਰਬੰਦ ਫੌਜਾਂ ਨੇ ਮਿੰਟਾਂ ਦੇ ਅੰਦਰ-ਅੰਦਰ ਪਾਕਿਸਤਾਨ ਨੂੰ ਆਪਣੀ ਸਫਲਤਾ ਬਾਰੇ ਦੱਸ ਦਿੱਤਾ ਸੀ, ਜਿਸ ਨਾਲ ਇਰਾਦਾ ਅਤੇ ਨਤੀਜਾ ਸਪਸ਼ਟ ਹੋ ਗਿਆ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦਾ ਅੱਤਵਾਦੀਆਂ ਨਾਲ ਖੁੱਲ੍ਹ ਕੇ ਖੜ੍ਹੇ ਹੋਣ ਦਾ ਫੈਸਲਾ ਸਮਝਦਾਰੀ ਦੀ ਘਾਟ ਨੂੰ ਦਰਸਾਉਂਦਾ ਹੈ। ਜੇ ਉਨ੍ਹਾਂ ਨੇ ਸਮਝਦਾਰੀ ਨਾਲ ਕੰਮ ਕੀਤਾ ਹੁੰਦਾ, ਤਾਂ ਉਹ ਇੰਨੀ ਵੱਡੀ ਗਲਤੀ ਨਾ ਕਰਦੇ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਭਾਰਤ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਹੀ ਸਮੇਂ ਦੀ ਉਡੀਕ ਕਰ ਰਿਹਾ ਹੈ, ਪਰ ਉਸ ਦਾ ਟੀਚਾ ਅੱਤਵਾਦ ਨੂੰ ਖਤਮ ਕਰਨਾ ਹੈ, ਨਾ ਕਿ ਕਿਸੇ ਵੀ ਦੇਸ਼ ਨਾਲ ਟਕਰਾਅ। ਹਾਲਾਂਕਿ, ਜਦੋਂ ਪਾਕਿਸਤਾਨ ਨੇ ਅੱਤਵਾਦੀਆਂ ਦੇ ਸਮਰਥਨ ਵਿੱਚ ਜੰਗ ਦੇ ਮੈਦਾਨ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ, ਤਾਂ ਭਾਰਤ ਨੇ ਇੱਕ ਸ਼ਕਤੀਸ਼ਾਲੀ ਜਵਾਬੀ ਹਮਲੇ ਨਾਲ ਜਵਾਬ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 9 ਮਈ ਦੀ ਅੱਧੀ ਰਾਤ ਤੋਂ 10 ਮਈ ਦੀ ਸਵੇਰ ਦੇ ਵਿਚਕਾਰ, ਭਾਰਤੀ ਮਿਜ਼ਾਈਲਾਂ ਨੇ ਪਾਕਿਸਤਾਨ 'ਤੇ ਇੱਕ ਭਿਆਨਕ ਹਮਲਾ ਕੀਤਾ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।
ਪ੍ਰਧਾਨ ਮੰਤਰੀ ਨੇ ਸਦਨ ਵਿੱਚ ਅੱਗੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਭਾਰਤ ਦੀ ਫੈਸਲਾਕੁੰਨ ਕਾਰਵਾਈ ਨੇ ਪਾਕਿਸਤਾਨ ਨੂੰ ਗੋਡਿਆਂ ਭਾਰ ਕਰ ਦਿੱਤਾ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਪਾਕਿਸਤਾਨੀ ਨਾਗਰਿਕਾਂ ਨੇ ਹੈਰਾਨੀ ਪ੍ਰਗਟ ਕੀਤੀ ਸੀ, ਜਿਨ੍ਹਾਂ ਦੀਆਂ ਪ੍ਰਤੀਕਿਰਿਆਵਾਂ ਟੈਲੀਵਿਜ਼ਨ 'ਤੇ ਵਿਆਪਕ ਤੌਰ 'ਤੇ ਦਿਖਾਈਆਂ ਗਈਆਂ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਪਾਕਿਸਤਾਨ ਇਸ ਪ੍ਰਤੀਕਿਰਿਆ ਤੋਂ ਇੰਨਾ ਪ੍ਰਭਾਵਿਤ ਸੀ ਕਿ ਉਸ ਦੇ ਡਾਇਰੈਕਟਰ ਜਨਰਲ ਆਫ਼ ਮਿਲੀਟਰੀ ਆਪ੍ਰੇਸ਼ਨ (ਡੀਜੀਐੱਮਓ) ਨੇ ਸਿੱਧੇ ਤੌਰ 'ਤੇ ਭਾਰਤ ਨੂੰ ਫ਼ੋਨ ਕੀਤਾ ਅਤੇ ਹਮਲਾ ਰੋਕਣ ਦੀ ਬੇਨਤੀ ਕੀਤੀ, ਇਹ ਸਵੀਕਾਰ ਕਰਦੇ ਹੋਏ ਕਿ ਉਹ ਹੋਰ ਹਮਲੇ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਨੇ ਦੁਹਰਾਇਆ ਕਿ ਭਾਰਤ ਨੇ 7 ਮਈ ਸਵੇਰੇ ਪ੍ਰੈੱਸ ਕਾਨਫਰੰਸ ਦੌਰਾਨ ਸਪਸ਼ਟ ਤੌਰ 'ਤੇ ਕਿਹਾ ਸੀ ਕਿ ਉਸ ਦੇ ਉਦੇਸ਼ ਪ੍ਰਾਪਤ ਹੋ ਗਏ ਹਨ ਅਤੇ ਕੋਈ ਵੀ ਹੋਰ ਭੜਕਾਹਟ ਮਹਿੰਗੀ ਸਾਬਤ ਹੋਵੇਗੀ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ "ਭਾਰਤ ਦੀ ਨੀਤੀ ਜਾਣਬੁੱਝ ਕੇ, ਸੋਚ-ਸਮਝ ਕੇ ਅਤੇ ਆਪਣੀਆਂ ਹਥਿਆਰਬੰਦ ਫੌਜਾਂ ਨਾਲ ਤਾਲਮੇਲ ਵਿੱਚ ਤਿਆਰ ਕੀਤੀ ਗਈ ਸੀ - ਖਾਸ ਤੌਰ 'ਤੇ ਅੱਤਵਾਦ, ਇਸ ਦੇ ਸਪਾਂਸਰਾਂ ਅਤੇ ਉਨ੍ਹਾਂ ਦੇ ਟਿਕਾਣਿਆਂ ਨੂੰ ਖਤਮ ਕਰਨ 'ਤੇ ਕੇਂਦ੍ਰਿਤ। ਭਾਰਤ ਦੀਆਂ ਕਾਰਵਾਈਆਂ ਮਾਪੀਆਂ ਗਈਆਂ ਅਤੇ ਗੈਰ-ਭੜਕਾਉ ਸਨ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਵਿਸ਼ਵ ਨੇਤਾ ਨੇ ਭਾਰਤ ਦੇ ਆਪ੍ਰੇਸ਼ਨਾਂ 'ਤੇ ਇਤਰਾਜ਼ ਨਹੀਂ ਕੀਤਾ। ਉਨ੍ਹਾਂ ਖੁਲਾਸਾ ਕੀਤਾ ਕਿ 9 ਮਈ ਦੀ ਰਾਤ ਨੂੰ, ਜਦੋਂ ਉਹ ਭਾਰਤੀ ਰੱਖਿਆ ਅਧਿਕਾਰੀਆਂ ਨਾਲ ਉੱਚ-ਪੱਧਰੀ ਮੀਟਿੰਗ ਵਿੱਚ ਸਨ, ਤਾਂ ਅਮਰੀਕੀ ਉਪ-ਰਾਸ਼ਟਰਪਤੀ ਨੇ ਉਨ੍ਹਾਂ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਧਾਨ ਮੰਤਰੀ ਨੂੰ ਫ਼ੋਨ 'ਤੇ ਜਵਾਬ ਦੇਣ 'ਤੇ, ਉਨ੍ਹਾਂ ਨੂੰ ਦੱਸਿਆ ਗਿਆ ਕਿ ਪਾਕਿਸਤਾਨ ਵੱਡਾ ਹਮਲਾ ਕਰ ਸਕਦਾ ਹੈ। ਉਨ੍ਹਾਂ ਸਪਸ਼ਟ ਤੌਰ 'ਤੇ ਜਵਾਬ ਦਿੱਤਾ: "ਜੇ ਇਹ ਪਾਕਿਸਤਾਨ ਦਾ ਇਰਾਦਾ ਹੈ, ਤਾਂ ਉਹ ਭਾਰੀ ਕੀਮਤ ਅਦਾ ਕਰਨਗੇ।" ਉਨ੍ਹਾਂ ਦ੍ਰਿੜਤਾ ਨਾਲ ਕਿਹਾ ਕਿ ਭਾਰਤ ਹੋਰ ਵੀ ਜ਼ੋਰਦਾਰ ਜਵਾਬ ਦੇਵੇਗਾ। "ਹਮ ਗੋਲੀਓਂ ਕਾ ਜਵਾਬ ਗੋਲੋਂ ਸੇ ਦੇਂਗੇ," ਸ਼੍ਰੀ ਮੋਦੀ ਨੇ ਕਿਹਾ। ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਭਾਰਤ ਨੇ 9 ਮਈ ਦੀ ਰਾਤ ਅਤੇ 10 ਮਈ ਦੀ ਸਵੇਰ ਨੂੰ ਜ਼ੋਰਦਾਰ ਜਵਾਬੀ ਕਾਰਵਾਈ ਕੀਤੀ ਅਤੇ ਪਾਕਿਸਤਾਨ ਦੇ ਫੌਜੀ ਬੁਨਿਆਦੀ ਢਾਂਚੇ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਹੁਣ ਪੂਰੀ ਤਰ੍ਹਾਂ ਸਮਝਦਾ ਹੈ ਕਿ ਭਾਰਤ ਵੱਲੋਂ ਹਰ ਜਵਾਬ ਪਿਛਲੇ ਨਾਲੋਂ ਜਿਆਦਾ ਮਜ਼ਬੂਤ ਹੋਵੇਗਾ। "ਜੇਕਰ ਪਾਕਿਸਤਾਨ ਦੁਬਾਰਾ ਕੁਝ ਕਰਨ ਦੀ ਹਿੰਮਤ ਕਰਦਾ ਹੈ, ਤਾਂ ਉਸਨੂੰ ਢੁਕਵਾਂ ਅਤੇ ਮਜ਼ਬੂਤ ਜਵਾਬ ਮਿਲੇਗਾ। ਆਪ੍ਰੇਸ਼ਨ ਸਿੰਦੂਰ ਅਜੇ ਵੀ ਸਰਗਰਮ ਅਤੇ ਦ੍ਰਿੜ ਹੈ," ਸ਼੍ਰੀ ਮੋਦੀ ਨੇ ਕਿਹਾ।
ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਦਾ ਭਾਰਤ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਸਵੈ-ਨਿਰਭਰਤਾ ਦੀ ਭਾਵਨਾ ਨਾਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।” ਉਨ੍ਹਾਂ ਕਿਹਾ ਕਿ ਦੇਸ਼ ਭਾਰਤ ਦੀ ਸਵੈ-ਨਿਰਭਰਤਾ ਵੱਲ ਅੱਗੇ ਵਧਦੀ ਯਾਤਰਾ ਦਾ ਗਵਾਹ ਬਣ ਰਿਹਾ ਹੈ ਪਰ ਇਸ ਦੇ ਨਾਲ ਹੀ, ਇਹ ਵਿਰੋਧੀ ਧਿਰ ਦੀ ਆਪਣੀਆਂ ਰਾਜਨੀਤਿਕ ਨੀਤੀਆਂ ਲਈ ਪਾਕਿਸਤਾਨ 'ਤੇ ਵੱਧਦੀ ਨਿਰਭਰਤਾ ਦਾ ਇੱਕ ਮੰਦਭਾਗਾ ਰੁਝਾਨ ਵੀ ਦੇਖ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 16 ਘੰਟੇ ਚੱਲੀ ਬਹਿਸ ਦੌਰਾਨ, ਵਿਰੋਧੀ ਧਿਰ ਪਾਕਿਸਤਾਨ ਤੋਂ ਮੁੱਦੇ ਆਯਾਤ ਕਰਦੀ ਦਿਖਾਈ ਦਿੱਤੀ, ਜੋ ਕਿ ਬਹੁਤ ਹੀ ਅਫਸੋਸਜਨਕ ਹੈ।
ਯੁੱਧ ਦੇ ਬਦਲਦੇ ਸੁਭਾਅ ਨੂੰ ਰੇਖਾਂਕਿਤ ਕਰਦੇ ਹੋਏ, ਜਿੱਥੇ ਜਾਣਕਾਰੀ ਅਤੇ ਬਿਰਤਾਂਤ-ਨਿਰਮਾਣ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਪ੍ਰਧਾਨ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੁਆਰਾ ਸੰਚਾਲਿਤ ਗਲਤ ਜਾਣਕਾਰੀ ਮੁਹਿੰਮਾਂ ਦੀ ਵਰਤੋਂ ਹਥਿਆਰਬੰਦ ਬਲਾਂ ਨੂੰ ਨਿਰਾਸ਼ ਕਰਨ ਅਤੇ ਜਨਤਾ ਵਿੱਚ ਅਵਿਸ਼ਵਾਸ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਵਿਰੋਧੀ ਧਿਰ ਅਤੇ ਇਸਦੇ ਸਹਿਯੋਗੀ ਪ੍ਰਭਾਵਸ਼ਾਲੀ ਢੰਗ ਨਾਲ ਪਾਕਿਸਤਾਨ ਦੇ ਪ੍ਰਚਾਰ ਦੇ ਬੁਲਾਰੇ ਬਣ ਗਏ ਹਨ, ਜਿਸ ਨਾਲ ਭਾਰਤ ਦੇ ਰਾਸ਼ਟਰੀ ਹਿੱਤਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।
ਭਾਰਤ ਦੀਆਂ ਫੌਜੀ ਪ੍ਰਾਪਤੀਆਂ 'ਤੇ ਸਵਾਲ ਉਠਾਉਣ ਅਤੇ ਉਨ੍ਹਾਂ ਨੂੰ ਕਮਜ਼ੋਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਸਫਲ ਸਰਜੀਕਲ ਸਟ੍ਰਾਈਕ ਤੋਂ ਬਾਅਦ, ਵਿਰੋਧੀ ਨੇਤਾਵਾਂ ਨੇ ਹਥਿਆਰਬੰਦ ਬਲਾਂ ਤੋਂ ਸਬੂਤ ਮੰਗੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਜਨਤਕ ਭਾਵਨਾਵਾਂ ਫੌਜ ਦੇ ਹੱਕ ਵਿੱਚ ਗਈਆਂ, ਵਿਰੋਧੀ ਨੇਤਾਵਾਂ ਨੇ ਆਪਣਾ ਰੁਖ਼ ਬਦਲ ਲਿਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵੀ ਅਜਿਹੇ ਹਮਲੇ ਕੀਤੇ ਸਨ ਅਤੇ ਵੱਖ-ਵੱਖ ਗਿਣਤੀ ਵਿੱਚ ਸਰਜੀਕਲ ਸਟ੍ਰਾਈਕ ਕੀਤੇ ਗਏ ਸਨ, ਜਿਨ੍ਹਾਂ ਦੀ ਗਿਣਤੀ ਤਿੰਨ ਤੋਂ ਪੰਦਰ੍ਹਾਂ ਤੱਕ ਸੀ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ, ਵਿਰੋਧੀ ਧਿਰ ਸਿੱਧੇ ਤੌਰ 'ਤੇ ਕਾਰਵਾਈ ਨੂੰ ਚੁਣੌਤੀ ਨਹੀਂ ਦੇ ਸਕਦੀ ਸੀ, ਸਗੋਂ ਫੋਟੋ ਸਬੂਤ ਦੀ ਮੰਗ ਕਰਨ ਲੱਗ ਪਈ। ਉਨ੍ਹਾਂ ਕਿਹਾ ਕਿ ਉਹ ਵਾਰ-ਵਾਰ ਪੁੱਛ ਰਹੇ ਸਨ ਕਿ ਹਮਲਾ ਕਿੱਥੇ ਹੋਇਆ, ਕੀ ਤਬਾਹ ਹੋਇਆ, ਕਿੰਨੇ ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ ਇਹ ਸਵਾਲ ਪਾਕਿਸਤਾਨ ਦੀ ਆਪਣੀ ਬਿਆਨਬਾਜ਼ੀ ਨਾਲ ਮਿਲਦੇ-ਜੁਲਦੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭਾਰਤੀ ਹਵਾਈ ਸੈਨਾ ਦੇ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਨੇ ਫੜ ਲਿਆ ਸੀ, ਤਾਂ ਉਸ ਦੇਸ਼ ਵਿੱਚ ਜਸ਼ਨ ਮਨਾਉਣ ਦੀ ਉਮੀਦ ਸੀ। ਹਾਲਾਂਕਿ, ਭਾਰਤ ਦੇ ਅੰਦਰ ਕੁਝ ਲੋਕਾਂ ਨੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਪ੍ਰਧਾਨ ਮੰਤਰੀ ਮੁਸ਼ਕਲ ਵਿੱਚ ਹਨ ਅਤੇ ਸਵਾਲ ਕਰ ਰਹੇ ਹਨ ਕਿ ਕੀ ਅਭਿਨੰਦਨ ਨੂੰ ਵਾਪਸ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਭਿਨੰਦਨ ਦੀ ਭਾਰਤ ਵਾਪਸੀ "ਦ੍ਰਿੜ ਇਰਾਦੇ" ਨਾਲ ਯਕੀਨੀ ਬਣਾਈ ਗਈ,ਅਤੇ ਉਨ੍ਹਾਂ ਦੀ ਸਵਦੇਸ਼ ਵਾਪਸੀ ਤੇ ਇਹੋ ਆਲੋਚਕ ਚੁੱਪ ਹੋ ਗਏ ।
ਸ਼੍ਰੀ ਮੋਦੀ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਜਦੋਂ ਪਾਕਿਸਤਾਨ ਨੇ ਇੱਕ ਬੀਐੱਸਐੱਫ ਜਵਾਨ ਨੂੰ ਬੰਦੀ ਬਣਾ ਲਿਆ, ਤਾਂ ਕੁਝ ਸਮੂਹਾਂ ਨੇ ਸੋਚਿਆ ਕਿ ਉਨ੍ਹਾਂ ਨੂੰ ਸਰਕਾਰ ਨੂੰ ਘੇਰਨ ਦਾ ਇੱਕ ਵਧੀਆ ਮੌਕਾ ਮਿਲ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਈਕੋਸਿਸਟਮ ਨੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਅਫਵਾਹਾਂ ਫੈਲਾਈਆਂ; ਜਿੱਥੇ ਜਵਾਨ ਦੀ ਕਿਸਮਤ, ਉਸਦੇ ਪਰਿਵਾਰ ਦੀ ਸਥਿਤੀ ਅਤੇ ਉਸਦੀ ਵਾਪਸੀ ਦੀ ਸੰਭਾਵਨਾ ਬਾਰੇ ਅਟਕਲਾਂ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ, ਭਾਰਤ ਨੇ ਸਪਸ਼ਟ ਤਾ ਅਤੇ ਮਾਣ ਨਾਲ ਜਵਾਬ ਦਿੱਤਾ, ਗਲਤ ਜਾਣਕਾਰੀ ਨੂੰ ਦੂਰ ਕੀਤਾ ਅਤੇ ਹਰੇਕ ਸੈਨਿਕ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਸ਼੍ਰੀ ਮੋਦੀ ਨੇ ਇਹ ਵੀ ਜ਼ਿਕਰ ਕੀਤਾ ਕਿ ਪਹਿਲਗਾਮ ਘਟਨਾ ਤੋਂ ਬਾਅਦ ਫੜਿਆ ਗਿਆ ਬੀਐੱਸਐੱਫ ਜਵਾਨ ਸਨਮਾਨ ਅਤੇ ਸ਼ਾਨ ਨਾਲ ਵਾਪਸ ਆਇਆ, ਇਹ ਕਹਿੰਦੇ ਹੋਏ ਕਿ ਅੱਤਵਾਦੀ ਸੋਗ ਮਨਾ ਰਹੇ ਸਨ, ਉਨ੍ਹਾਂ ਦੇ ਮਾਲਕ ਸੋਗ ਮਨਾ ਰਹੇ ਸਨ, ਅਤੇ ਉਨ੍ਹਾਂ ਨੂੰ ਦੇਖ ਕੇ, ਭਾਰਤ ਦੇ ਅੰਦਰ ਕੁਝ ਲੋਕ ਵੀ ਸੋਗ ਮਨਾ ਰਹੇ ਸਨ। ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਈਕ ਦੌਰਾਨ ਰਾਜਨੀਤਿਕ ਖੇਡ ਖੇਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਜੋ ਸਫਲ ਨਹੀਂ ਹੋਈਆਂ। ਹਵਾਈ ਹਮਲੇ ਦੌਰਾਨ ਵੀ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਪਰ ਉਹ ਵੀ ਅਸਫਲ ਰਹੀਆਂ। ਉਨ੍ਹਾਂ ਕਿਹਾ ਕਿ ਜਦੋਂ ਆਪ੍ਰੇਸ਼ਨ ਸਿੰਦੂਰ ਹੋਇਆ, ਤਾਂ ਆਲੋਚਕਾਂ ਨੇ ਫਿਰ ਆਪਣਾ ਰੁਖ਼ ਬਦਲ ਲਿਆ, ਪਹਿਲਾਂ ਆਪ੍ਰੇਸ਼ਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਫਿਰ ਇਹ ਸਵਾਲ ਉਠਾਏ ਕਿ ਇਸਨੂੰ ਕਿਉਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਜੋ ਲੋਕ ਵਿਰੋਧ ਕਰਦੇ ਹਨ ਉਨ੍ਹਾਂ ਨੂੰ ਹਮੇਸ਼ਾ ਵਿਰੋਧ ਕਰਨ ਦਾ ਕੋਈ ਨਾ ਕੋਈ ਕਾਰਨ ਭਾਲਦੇ ਹਨ।
ਹਥਿਆਰਬੰਦ ਸੈਨਾਵਾਂ ਪ੍ਰਤੀ ਵਿਰੋਧੀ ਧਿਰ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਨਕਾਰਾਤਮਕ ਰਵੱਈਏ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਕਾਰਗਿਲ ਵਿਜੇ ਦਿਵਸ ਦੇ ਜਸ਼ਨਾਂ ਦੌਰਾਨ ਵੀ, ਵਿਰੋਧੀ ਧਿਰ ਨੇ ਨਾ ਤਾਂ ਜਿੱਤ ਦਾ ਜਸ਼ਨ ਮਨਾਇਆ ਅਤੇ ਨਾ ਹੀ ਇਸਦੀ ਮਹੱਤਤਾ ਨੂੰ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਡੋਕਲਾਮ ਗਤੀਰੋਧ ਦੌਰਾਨ ਭਾਰਤੀ ਫੌਜ ਨੇ ਸਾਹਸ ਦਿਖਾਇਆ, ਜਦਕਿਵਿਰੋਧੀ ਧਿਰ ਦੇ ਨੇਤਾ ਗੁਪਤ ਰੂਪ ਵਿੱਚ ਸ਼ੱਕੀ ਸਰੋਤਾਂ ਤੋਂ ਜਾਣਕਾਰੀ ਮੰਗ ਰਹੇ ਸਨ।
ਪ੍ਰਧਾਨ ਮੰਤਰੀ ਨੇ ਇਹ ਵੀ ਹੈਰਾਨੀ ਪ੍ਰਗਟ ਕੀਤੀ ਕਿ ਵਿਰੋਧੀ ਧਿਰ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਰਹੀ ਹੈ। ਉਨ੍ਹਾਂ ਨੇ ਪਹਿਲਗਾਮ ਅੱਤਵਾਦੀਆਂ ਦੇ ਪਾਕਿਸਤਾਨੀ ਨਾਗਰਿਕ ਹੋਣ ਦੇ ਸਬੂਤ ਦੀ ਮੰਗ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਖੁਦ ਵੀ ਇਹੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕੋਲ ਵੀ ਬਾਹਰੀ ਬਿਆਨਾਂ ਨੂੰ ਦੁਹਰਾਉਣ ਦੀਆਂ ਉਹੀ ਆਦਤਾਂ ਅਤੇ ਹਿੰਮਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ, ਜਨਤਾ ਦੇ ਸਾਹਮਣੇ ਸਬੂਤਾਂ ਅਤੇ ਤੱਥਾਂ ਦੀ ਕੋਈ ਕਮੀ ਨਹੀਂ ਹੈ, ਫਿਰ ਵੀ ਕੁਝ ਲੋਕ ਸ਼ੱਕ ਪੈਦਾ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਅਜਿਹੇ ਸਪਸ਼ਟ ਸਬੂਤ ਉਪਲਬਧ ਨਾ ਹੁੰਦੇ ਤਾਂ ਇਹ ਲੋਕ ਕਿਵੇਂ ਪ੍ਰਤੀਕਿਰਿਆ ਕਰਦੇ, ਜਿਸ ਤੋਂ ਭਾਵ ਹੈ ਕਿ ਉਨ੍ਹਾਂ ਦੀਆਂ ਪ੍ਰਤੀਕਿਰਿਆਵਾਂ ਹੋਰ ਵੀ ਗੁੰਮਰਾਹਕੁੰਨ ਜਾਂ ਗੈਰ-ਜ਼ਿੰਮੇਵਾਰਾਨਾ ਹੁੰਦੀਆਂ।
ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਚਰਚਾਵਾਂ ਅਕਸਰ ਆਪ੍ਰੇਸ਼ਨ ਸਿੰਦੂਰ ਦੇ ਇੱਕ ਹਿੱਸੇ 'ਤੇ ਕੇਂਦ੍ਰਿਤ ਹੁੰਦੀਆਂ ਹਨ, ਤਾਂ ਰਾਸ਼ਟਰੀ ਮਾਣ ਅਤੇ ਤਾਕਤ ਦੇ ਪ੍ਰਦਰਸ਼ਨ ਦੇ ਪਲ ਵੀ ਹੁੰਦੇ ਹਨ ਜਿਨ੍ਹਾਂ ਨੂੰ ਉਜਾਗਰ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਵਿਆਪਕ ਤੌਰ 'ਤੇ ਮਾਨਤਾ ਪ੍ਰਾਪਤ ਹੈ ਅਤੇ ਉਨ੍ਹਾਂ ਨੇ ਪਾਕਿਸਤਾਨ ਦੀਆਂ ਮਿਜ਼ਾਈਲਾਂ ਅਤੇ ਡਰੋਨਾਂ ਨੂੰ "ਤਿਣਕਿਆਂ ਵਾਂਗ" ਤਬਾਹ ਕਰ ਦਿੱਤਾ। ਉਨ੍ਹਾਂ ਨੇ 9 ਮਈ ਨੂੰ ਪਾਕਿਸਤਾਨ ਦੁਆਰਾ ਭਾਰਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਭਗ ਇੱਕ ਹਜ਼ਾਰ ਮਿਜ਼ਾਈਲਾਂ ਅਤੇ ਹਥਿਆਰਬੰਦ ਡਰੋਨਾਂ ਨਾਲ ਕੀਤੇ ਗਏ ਵੱਡੇ ਹਮਲੇ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਇਹ ਮਿਜ਼ਾਈਲਾਂ ਡਿੱਗ ਜਾਂਦੀਆਂ ਤਾਂ ਵਿਆਪਕ ਤਬਾਹੀ ਹੁੰਦੀ। ਪਰ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਉਨ੍ਹਾਂ ਸਾਰਿਆਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਹਰ ਨਾਗਰਿਕ ਨੂੰ ਮਾਣ ਮਹਿਸੂਸ ਕਰਵਾਉਂਦੀ ਹੈ।
ਆਦਮਪੁਰ ਏਅਰਬੇਸ 'ਤੇ ਹਮਲੇ ਬਾਰੇ ਝੂਠੀਆਂ ਖ਼ਬਰਾਂ ਫੈਲਾਉਣ ਅਤੇ ਉਸ ਝੂਠ ਨੂੰ ਵਿਆਪਕ ਤੌਰ 'ਤੇ ਫੈਲਾਉਣ ਦੀ ਕੋਸ਼ਿਸ਼ ਲਈ ਪਾਕਿਸਤਾਨ ਦੀ ਆਲੋਚਨਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਅਗਲੇ ਹੀ ਦਿਨ ਨਿੱਜੀ ਤੌਰ 'ਤੇ ਆਦਮਪੁਰ ਗਏ ਅਤੇ ਜ਼ਮੀਨੀ ਪੱਧਰ 'ਤੇ ਝੂਠ ਦਾ ਪਰਦਾਫਾਸ਼ ਕੀਤਾ, ਇਹ ਸਪਸ਼ਟ ਕਰ ਦਿੱਤਾ ਕਿ ਅਜਿਹੀ ਗਲਤ ਜਾਣਕਾਰੀ ਹੁਣ ਸਫਲ ਨਹੀਂ ਹੋਵੇਗੀ।
ਵਿਰੋਧੀ ਧਿਰ ਦੀ ਆਲੋਚਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਵਿਰੋਧੀ ਧਿਰ ਨੇ ਭਾਰਤ 'ਤੇ ਲੰਬੇ ਸਮੇਂ ਤੋਂ ਰਾਜ ਕੀਤਾ ਹੈ ਅਤੇ ਪ੍ਰਸ਼ਾਸਕੀ ਪ੍ਰਣਾਲੀਆਂ ਦੇ ਕੰਮਕਾਜ ਤੋਂ ਪੂਰੀ ਤਰ੍ਹਾਂ ਜਾਣੂ ਹੈ। ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਤਜਰਬੇ ਦੇ ਬਾਵਜੂਦ, ਉਨ੍ਹਾਂ ਨੇ ਲਗਾਤਾਰ ਅਧਿਕਾਰਤ ਸਪੱਸ਼ਟੀਕਰਨਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਵੇਂ ਇਹ ਵਿਦੇਸ਼ ਮੰਤਰਾਲੇ ਦਾ ਬਿਆਨ ਹੋਵੇ, ਵਿਦੇਸ਼ ਮੰਤਰੀ ਦੇ ਵਾਰ-ਵਾਰ ਜਵਾਬ ਹੋਣ, ਜਾਂ ਗ੍ਰਹਿ ਅਤੇ ਰੱਖਿਆ ਮੰਤਰੀਆਂ ਦੇ ਸਪੱਸ਼ਟੀਕਰਨ, ਵਿਰੋਧੀ ਧਿਰ ਉਨ੍ਹਾਂ 'ਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਦਹਾਕਿਆਂ ਤੋਂ ਰਾਜ ਕਰਨ ਵਾਲੀ ਪਾਰਟੀ ਦੇਸ਼ ਦੀਆਂ ਸੰਸਥਾਵਾਂ ਵਿੱਚ ਇੰਨਾ ਅਵਿਸ਼ਵਾਸ ਕਿਵੇਂ ਦਿਖਾ ਸਕਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਵਿਰੋਧੀ ਧਿਰ ਹੁਣ ਪਾਕਿਸਤਾਨ ਦੇ ਰਿਮੋਟ ਕੰਟਰੋਲ ਹੇਠ ਕੰਮ ਕਰ ਰਹੀ ਹੈ ਅਤੇ ਉਸਦਾ ਰੁਖ਼ ਵੀ ਉਸੇ ਅਨੁਸਾਰ ਬਦਲ ਰਿਹਾ ਹੈ।
ਸ਼੍ਰੀ ਮੋਦੀ ਨੇ ਵਿਰੋਧੀ ਧਿਰ ਦੇ ਉਨ੍ਹਾਂ ਸੀਨੀਅਰ ਲੀਡਰਸ ਦੀ ਆਲੋਚਨਾ ਕੀਤੀ ਜੋ ਲਿਖਤੀ ਬਿਆਨ ਤਿਆਰ ਕਰਦੇ ਹਨ ਅਤੇ ਯੁਵਾ ਸਾਂਸਦਾਂ ਤੋਂ ਆਪਣੀ ਗੱਲ ਮਨਵਾਉਂਦੇ ਹਨ। ਉਨ੍ਹਾਂ ਨੇ ਅਜਿਹੀ ਲੀਡਰਸ਼ਿਪ ਦੀ ਨਿੰਦਾ ਕੀਤੀ ਕਿਉਂਕਿ ਉਨ੍ਹਾਂ ਵਿੱਚ ਖੁਦ ਬੋਲਣ ਦੀ ਹਿੰਮਤ ਨਹੀਂ ਹੈ ਅਤੇ ਉਨ੍ਹਾਂ ਨੇ 26 ਲੋਕਾਂ ਦੀ ਜਾਨ ਲੈਣ ਵਾਲੇ ਇੱਕ ਬੇਰਹਿਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਨੂੰ "ਇੱਕ ਤਮਾਸ਼ਾ" ਦੱਸਿਆ। ਉਨ੍ਹਾਂ ਨੇ ਇਸ ਬਿਆਨ ਨੂੰ ਇੱਕ ਭਿਆਨਕ ਘਟਨਾ ਦੀ ਯਾਦ 'ਤੇ ਤੇਜ਼ਾਬ ਪਾਉਣ ਦੇ ਸਮਾਨ ਦੱਸਿਆ ਅਤੇ ਇਸਨੂੰ ਇੱਕ ਸ਼ਰਮਨਾਕ ਕਾਰਵਾਈ ਕਿਹਾ।
ਸ਼੍ਰੀ ਮੋਦੀ ਨੇ ਕਿਹਾ ਕਿ ਪਹਿਲਗਾਮ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਪਿਛਲੇ ਦਿਨੀਂ ਆਪ੍ਰੇਸ਼ਨ ਮਹਾਦੇਵ ਦੇ ਤਹਿਤ ਮਾਰ ਦਿੱਤਾ ਸੀ। ਉਨ੍ਹਾਂ ਇਸ ਗੱਲ ‘ਤੇ ਹੈਰਾਨੀ ਪ੍ਰਗਟ ਕੀਤੀ ਕਿ ਆਪ੍ਰੇਸ਼ਨ ਦੇ ਸਮੇਂ ਬਾਰੇ ਪੁੱਛੇ ਗਏ ਸਵਾਲਾਂ 'ਤੇ ਹਾਸੇ-ਮਜਾਕ ਦਾ ਦੌਰ ਚਲਿਆ ਅਤੇ ਵਿਅੰਗਾਤਮਕ ਢੰਗ ਨਾਲ ਪੁੱਛਿਆ ਗਿਆ ਕਿ ਕੀ ਇਹ ਸਾਵਣ ਦੇ ਮਹੀਨੇ ਦੇ ਕਿਸੇ ਪਵਿੱਤਰ ਸੋਮਵਾਰ ਨੂੰ ਨਿਰਧਾਰਤ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਰਵੱਈਏ ਦੀ ਸਖ਼ਤ ਆਲੋਚਨਾ ਕਰਦੇ ਹੋਏ ਇਸਨੂੰ ਬਹੁਤ ਜ਼ਿਆਦਾ ਨਿਰਾਸ਼ਾ ਦਾ ਪ੍ਰਤੀਕ ਦੱਸਿਆ ਅਤੇ ਕਿਹਾ ਕਿ ਇਹ ਵਿਰੋਧੀ ਧਿਰ ਦੇ ਵਿਗੜਦੇ ਰਵੱਈਏ ਨੂੰ ਦਰਸਾਉਂਦਾ ਹੈ।
ਸ਼੍ਰੀ ਮੋਦੀ ਨੇ ਪ੍ਰਾਚੀਨ ਗ੍ਰੰਥਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਕੋਈ ਰਾਸ਼ਟਰ ਸ਼ਾਸਤਰਾਂ ਤੋਂ ਸੁਰੱਖਿਅਤ ਹੁੰਦਾ ਹੈ, ਤਾਂ ਗਿਆਨ ਅਤੇ ਦਾਰਸ਼ਨਿਕ ਵਟਾਂਦਰੇ ਦੀ ਖੋਜ ਵਧੀ-ਫੂਲਦੀ ਹੈ। ਸ਼੍ਰੀ ਮੋਦੀ ਨੇ ਕਿਹਾ, ‘ਸਰਹੱਦਾਂ ‘ਤੇ ਇੱਕ ਮਜ਼ਬੂਤ ਫੌਜ ਇੱਕ ਜੀਵੰਤ ਅਤੇ ਸੁਰੱਖਿਅਤ ਲੋਕਤੰਤਰ ਨੂੰ ਯਕੀਨੀ ਬਣਾਉਂਦੀ ਹੈ।”ਪ੍ਰਧਾਨ ਮੰਤਰੀ ਨੇ ਕਿਹਾ, "ਆਪ੍ਰੇਸ਼ਨ ਸਿੰਦੂਰ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੀ ਫੌਜੀ ਸ਼ਕਤੀ ਵਿੱਚ ਹੋਏ ਵਾਧੇ ਦਾ ਇੱਕ ਜਿਉਂਦਾ ਜਾਗਦਾ ਸਬੂਤ ਹੈ।" ਉਨ੍ਹਾਂ ਕਿਹਾ ਕਿ ਇਹ ਸ਼ਕਤੀ ਅਚਾਨਕ ਨਾਲ ਨਹੀਂ ਉੱਭਰੀ, ਸਗੋਂ ਕੇਂਦ੍ਰਿਤ ਯਤਨਾਂ ਦਾ ਨਤੀਜਾ ਸੀ। ਉਨ੍ਹਾਂ ਵਿਰੋਧੀ ਧਿਰ ਦੇ ਕਾਰਜਕਾਲ ਦੀ ਤੁਲਨਾ ਉਸ ਸਮੇਂ ਨਾਲ ਕੀਤੀ ਜਦੋਂ ਰੱਖਿਆ ਖੇਤਰ ਵਿੱਚ ਸਵੈ-ਨਿਰਭਰਤਾ 'ਤੇ ਵਿਚਾਰ ਵੀ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਗਾਂਧੀਵਾਦੀ ਦਰਸ਼ਨ ਵਿੱਚ ਸ਼ਾਮਲ "ਆਤਮ-ਨਿਰਭਰਤਾ" ਸ਼ਬਦ ਦਾ ਮਜ਼ਾਕ ਉਡਾਇਆ ਜਾਂਦਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਸ਼ਾਸਨ ਦੌਰਾਨ, ਹਰ ਰੱਖਿਆ ਸੌਦਾ ਨਿਜੀ ਲਾਭ ਲਈ ਇੱਕ ਮੌਕਾ ਸੀ। ਉਨ੍ਹਾਂ ਕਿਹਾ ਕਿ ਭਾਰਤ ਬੁਨਿਆਦੀ ਉਪਕਰਣਾਂ ਲਈ ਵੀ ਵਿਦੇਸ਼ੀ ਸਪਲਾਇਰਾਂ 'ਤੇ ਨਿਰਭਰ ਰਿਹਾ। ਉਨ੍ਹਾਂ ਨੇ ਬੁਲੇਟਪਰੂਫ ਜੈਕਟਾਂ ਅਤੇ ਨਾਈਟ ਵਿਜ਼ਨ ਕੈਮਰਿਆਂ ਦੀ ਘਾਟ ਵਰਗੀਆਂ ਕਮੀਆਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਜੀਪਾਂ ਤੋਂ ਲੈ ਕੇ ਬੋਫੋਰਸ ਅਤੇ ਹੈਲੀਕੌਪਟਰਾਂ ਤੱਕ, ਹਰ ਰੱਖਿਆ ਖਰੀਦ ਨਾਲ ਘੁਟਾਲੇ ਜੁੜੇ ਹੋਏ ਸਨ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਫੌਜਾਂ ਨੂੰ ਆਧੁਨਿਕ ਹਥਿਆਰਾਂ ਲਈ ਦਹਾਕਿਆਂ ਤੱਕ ਇੰਤਜ਼ਾਰ ਕਰਨਾ ਪਿਆ। ਸ਼੍ਰੀ ਮੋਦੀ ਨੇ ਸਦਨ ਨੂੰ ਯਾਦ ਦਿਵਾਇਆ ਕਿ ਇਤਿਹਾਸਕ ਤੌਰ 'ਤੇ ਭਾਰਤ ਰੱਖਿਆ ਨਿਰਮਾਣ ਵਿੱਚ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਤਲਵਾਰਬਾਜ਼ੀ ਦੇ ਯੁੱਗ ਵਿੱਚ ਵੀ, ਭਾਰਤੀ ਹਥਿਆਰਾਂ ਨੂੰ ਉੱਤਮ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ, ਭਾਰਤ ਦੇ ਮਜ਼ਬੂਤ ਰੱਖਿਆ ਨਿਰਮਾਣ ਈਕੋਸਿਸਟਮ ਨੂੰ ਜਾਣ-ਬੁੱਝ ਕੇ ਕਮਜ਼ੋਰ ਕੀਤਾ ਗਿਆ ਅਤੇ ਯੋਜਨਾਬੱਧ ਤਰੀਕੇ ਨਾਲ ਖਤਮ ਕੀਤਾ ਗਿਆ।
ਸ਼੍ਰੀ ਮੋਦੀ ਨੇ ਕਿਹਾ ਕਿ ਖੋਜ ਅਤੇ ਨਿਰਮਾਣ ਦੇ ਰਸਤੇ ਸਾਲਾਂ ਤੋਂ ਬੰਦ ਸਨ ਅਤੇ ਜੇਕਰ ਇਹੀ ਨੀਤੀਆਂ ਜਾਰੀ ਰਹਿੰਦੀਆਂ, ਤਾਂ ਭਾਰਤ 21ਵੀਂ ਸਦੀ ਵਿੱਚ ਆਪ੍ਰੇਸ਼ਨ ਸਿੰਦੂਰ ਦੀ ਕਲਪਨਾ ਵੀ ਨਹੀਂ ਕਰ ਸਕਦਾ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਹਾਲਤਾਂ ਵਿੱਚ, ਭਾਰਤ ਨੂੰ ਸਮੇਂ ਸਿਰ ਹਥਿਆਰ, ਉਪਕਰਣ ਅਤੇ ਗੋਲਾ ਬਾਰੂਦ ਲੱਭਣ ਵਿੱਚ ਮੁਸ਼ਕਲ ਆਉਂਦੀ ਅਤੇ ਫੌਜੀ ਕਾਰਵਾਈ ਦੌਰਾਨ ਰੁਕਾਵਟਾਂ ਪੈਣ ਦਾ ਡਰ ਬਣਿਆ ਰਹਿੰਦਾ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਿਛਲੇ ਦਹਾਕੇ ਵਿੱਚ, ਮੇਕ ਇਨ ਇੰਡੀਆ ਪਹਿਲਕਦਮੀ ਤਹਿਤ ਬਣੇ ਹਥਿਆਰਾਂ ਨੇ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਈ।
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਇੱਕ ਦਹਾਕਾ ਪਹਿਲਾਂ, ਭਾਰਤੀਆਂ ਨੇ ਇੱਕ ਮਜ਼ਬੂਤ, ਆਤਮਨਿਰਭਰ ਅਤੇ ਆਧੁਨਿਕ ਰਾਸ਼ਟਰ ਬਣਾਉਣ ਦਾ ਸੰਕਲਪ ਲਿਆ ਸੀ, ਜਿਸ ਦੇ ਨਤੀਜੇ ਵਜੋਂ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਈ ਸੁਰੱਖਿਆ ਸੁਧਾਰ ਲਾਗੂ ਕੀਤੇ ਗਏ। ਉਨ੍ਹਾਂ ਕਿਹਾ ਕਿ ਚੀਫ਼ ਆਫ਼ ਡਿਫੈਂਸ ਸਟਾਫ਼ ਦੀ ਨਿਯੁਕਤੀ ਇੱਕ ਵੱਡਾ ਸੁਧਾਰ ਸੀ ਜਿਸ 'ਤੇ ਦੁਨੀਆ ਭਰ ਵਿੱਚ ਲੰਬੇ ਸਮੇਂ ਤੋਂ ਬਹਿਸ ਅਤੇ ਅਭਿਆਸ ਚੱਲ ਰਿਹਾ ਸੀ, ਪਰ ਭਾਰਤ ਵਿੱਚ ਇਸ ਨੂੰ ਕਦੇ ਵੀ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਨੇ ਤਿੰਨੋਂ ਸੇਵਾਵਾਂ ਦੁਆਰਾ ਇਸ ਪ੍ਰਣਾਲੀ ਦੇ ਪੂਰੇ ਦਿਲੋਂ ਸਮਰਥਨ ਅਤੇ ਪ੍ਰਵਾਨਗੀ ਦੀ ਪ੍ਰਸ਼ੰਸਾ ਕੀਤੀ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਅੱਜ ਦੀ ਸਭ ਤੋਂ ਵੱਡੀ ਤਾਕਤ ਤਾਲਮੇਲ ਅਤੇ ਏਕੀਕਰਣ ਵਿੱਚ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਜਲ ਸੈਨਾ, ਹਵਾਈ ਸੈਨਾ ਅਤੇ ਥਲ ਸੈਨਾ ਦੇ ਏਕੀਕਰਣ ਨਾਲ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਵਿੱਚ ਕਈ ਗੁਣਾ ਵਧਾ ਹੋਇਆ ਹੈ ਅਤੇ ਆਪ੍ਰੇਸ਼ਨ ਸਿੰਦੂਰ ਇਸ ਤਬਦੀਲੀ ਦੀ ਸਫਲਤਾ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ੁਰੂਆਤੀ ਅਸ਼ਾਂਤੀ ਅਤੇ ਹੜਤਾਲਾਂ ਸਹਿਤ ਵਿਰੋਧ ਦੇ ਬਾਵਜੂਦ, ਸਰਕਾਰੀ ਮਾਲਕੀ ਵਾਲੀਆਂ ਰੱਖਿਆ ਉਤਪਾਦਨ ਕੰਪਨੀਆਂ ਵਿੱਚ ਸੁਧਾਰ ਲਾਗੂ ਕੀਤੇ ਗਏ। ਉਨ੍ਹਾਂ ਨੇ ਰਾਸ਼ਟਰੀ ਹਿਤ ਨੂੰ ਸਰਵਉੱਚ ਰੱਖਣ, ਸੁਧਾਰਾਂ ਨੂੰ ਅਪਣਾਉਣ ਅਤੇ ਬਹੁਤ ਜ਼ਿਆਦਾ ਉਤਪਾਦਕ ਹੋਣ ਲਈ ਕਰਮਚਾਰੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਨੇ ਆਪਣੇ ਰੱਖਿਆ ਖੇਤਰ ਨੂੰ ਨਿਜੀ ਕੰਪਨੀਆਂ ਲਈ ਖੋਲ੍ਹ ਦਿੱਤਾ ਹੈ ਅਤੇ ਅੱਜ, ਨਿੱਜੀ ਖੇਤਰ ਜ਼ਿਕਰਯੋਗ ਤਰੱਕੀ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਰੱਖਿਆ ਖੇਤਰ ਵਿੱਚ ਸੈਂਕੜੇ ਸਟਾਰਟਅੱਪਸ, ਜਿਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੀ ਅਗਵਾਈ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਦੇ 27-30 ਸਾਲ ਦੀ ਉਮਰ ਸਮੂਹ ਦੇ ਨੌਜਵਾਨ ਪੇਸ਼ੇਵਰਾਂ ਦੁਆਰਾ ਕੀਤੀ ਜਾਂਦੀ ਹੈ - ਜਿਨ੍ਹਾਂ ਵਿੱਚ ਨੌਜਵਾਨ ਔਰਤਾਂ ਵੀ ਸ਼ਾਮਲ ਹਨ – ਇਨੋਵੇਸ਼ਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਡ੍ਰੋਨ ਖੇਤਰ ਵਿੱਚ ਗਤੀਵਿਧੀਆਂ ਦੀ ਅਗਵਾਈ ਮੁੱਖ ਤੌਰ ‘ਤੇ 30 -35 ਸਾਲ ਦੀ ਉਮਰ ਦੇ ਵਿਅਕਤੀਆਂ ਦੁਆਰਾ ਕੀਤੀ ਜਾਂਦੀ ਹੈ ਅਤੇ ਆਪ੍ਰੇਸ਼ਨ ਸਿੰਦੂਰ ਵਿੱਚ ਉਨ੍ਹਾਂ ਦਾ ਯੋਗਦਾਨ ਮਹੱਤਵਪੂਰਨ ਸਾਬਤ ਹੋਇਆ। ਉਨ੍ਹਾਂ ਅਜਿਹੇ ਸਾਰੇ ਯੋਗਦਾਨਕਰਤਾਵਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਲਾਇਆ ਕਿ ਦੇਸ਼ ਲਗਾਤਾਰ ਅੱਗੇ ਵਧਦਾ ਰਹੇਗਾ।
ਇਹ ਨੋਟ ਕਰਦੇ ਹੋਏ ਕਿ ਰੱਖਿਆ ਖੇਤਰ ਵਿੱਚ 'ਮੇਕ ਇਨ ਇੰਡੀਆ' ਸਿਰਫ਼ ਇੱਕ ਨਾਅਰਾ ਨਹੀਂ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਬਜਟ ਵਿੱਚ ਵਾਧਾ, ਨੀਤੀਗਤ ਬਦਲਾਅ ਅਤੇ ਨਵੀਆਂ ਪਹਿਲਕਦਮੀਆਂ ਇੱਕ ਸਪਸ਼ਟ ਦ੍ਰਿਸ਼ਟੀਕੋਣ ਨਾਲ ਕੀਤੀਆਂ ਗਈਆਂ, ਜਿਸ ਨਾਲ ਸਵਦੇਸ਼ੀ ਰੱਖਿਆ ਨਿਰਮਾਣ ਵਿੱਚ ਤੇਜ਼ੀ ਨਾਲ ਤਰੱਕੀ ਹੋਈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਦਾ ਰੱਖਿਆ ਬਜਟ ਲਗਭਗ ਤਿੰਨ ਗੁਣਾ ਵਧ ਗਿਆ ਹੈ। ਪਿਛਲੇ 11 ਸਾਲਾਂ ਵਿੱਚ ਰੱਖਿਆ ਉਤਪਾਦਨ ਲਗਭਗ 250 ਪ੍ਰਤੀਸ਼ਤ ਵਧਿਆ ਹੈ ਅਤੇ ਰੱਖਿਆ ਨਿਰਯਾਤ 30 ਗੁਣਾ ਤੋਂ ਵੱਧ ਵਧਿਆ ਹੈ, ਜੋ ਹੁਣ ਲਗਭਗ 100 ਦੇਸ਼ਾਂ ਤੱਕ ਪਹੁੰਚ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਮਹੱਤਵਪੂਰਨ ਮੀਲ ਪੱਥਰਾਂ ਦਾ ਇਤਿਹਾਸ 'ਤੇ ਡੂੰਘਾ ਪ੍ਰਭਾਵ ਪਿਆ ਹੈ ਅਤੇ ਆਪ੍ਰੇਸ਼ਨ ਸਿੰਦੂਰ ਨੇ ਭਾਰਤ ਨੂੰ ਵਿਸ਼ਵ ਰੱਖਿਆ ਬਜ਼ਾਰ ਵਿੱਚ ਮਜ਼ਬੂਤੀ ਨਾਲ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਾਂ ਦੀ ਵਧਦੀ ਮੰਗ ਘਰੇਲੂ ਉਦਯੋਗਾਂ ਨੂੰ ਮਜ਼ਬੂਤ ਕਰੇਗੀ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐਮਐਸਐਮਈ) ਨੂੰ ਸਸ਼ਕਤ ਬਣਾਏਗੀ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨ ਭਾਰਤੀ ਹੁਣ ਆਪਣੇ ਇਨੋਵੇਸ਼ਨਸ ਰਾਹੀਂ ਭਾਰਤ ਦੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੇ ਹਨ।
ਸ਼੍ਰੀ ਮੋਦੀ ਨੇ ਸਪਸ਼ਟ ਕੀਤਾ ਕਿ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਨਾ ਸਿਰਫ਼ ਰਾਸ਼ਟਰੀ ਹਿਤ ਲਈ, ਸਗੋਂ ਅੱਜ ਦੇ ਮੁਕਾਬਲੇ ਵਾਲੇ ਯੁੱਗ ਵਿੱਚ ਵਿਸ਼ਵ ਸ਼ਾਂਤੀ ਲਈ ਵੀ ਜ਼ਰੂਰੀ ਹੈ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਬੁੱਧ ਦੀ ਧਰਤੀ ਹੈ, ਯੁੱਧ ਦੀ ਨਹੀਂ, ਅਤੇ ਭਾਵੇਂ ਰਾਸ਼ਟਰ ਖੁਸ਼ਹਾਲੀ ਅਤੇ ਸ਼ਾਂਤੀ ਚਾਹੁੰਦਾ ਹੈ, ਪਰ ਇਸ ਨੂੰ ਦੋਵਾਂ ਦੇ ਰਸਤੇ 'ਤੇ ਚੱਲਣ ਲਈ ਤਾਕਤ ਅਤੇ ਦ੍ਰਿੜ੍ਹ ਇਰਾਦੇ ਦੀ ਲੋੜ ਹੁੰਦੀ ਹੈ।" ਉਨ੍ਹਾਂ ਨੇ ਭਾਰਤ ਨੂੰ ਮਹਾਨ ਯੋਧਿਆਂ, ਛਤਰਪਤੀ ਸ਼ਿਵਾਜੀ ਮਹਾਰਾਜ, ਮਹਾਰਾਜਾ ਰਣਜੀਤ ਸਿੰਘ, ਰਾਜੇਂਦਰ ਚੋਲ, ਮਹਾਰਾਣਾ ਪ੍ਰਤਾਪ, ਲਚਿਤ ਬੋਰਫੁਕਨ ਅਤੇ ਮਹਾਰਾਜਾ ਸੁਹੇਲਦੇਵ ਦੀ ਧਰਤੀ ਦੱਸਿਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਕਾਸ ਅਤੇ ਸ਼ਾਂਤੀ ਲਈ ਰਣਨੀਤਕ ਤਾਕਤ ਬਹੁਤ ਮਹੱਤਵਪੂਰਨ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀਆਂ ਕੋਲ ਰਾਸ਼ਟਰੀ ਸੁਰੱਖਿਆ ਲਈ ਕਦੇ ਕੋਈ ਸਪਸ਼ਟ ਦ੍ਰਿਸ਼ਟੀਕੋਣ ਨਹੀਂ ਰਿਹਾ ਅਤੇ ਉਸ ਨੇ ਲਗਾਤਾਰ ਉਨ੍ਹਾਂ ਨਾਲ ਸਮਝੌਤੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਹੁਣ ਸਵਾਲ ਚੁੱਕ ਰਹੇ ਹਨ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵਾਪਸ ਕਿਉਂ ਨਹੀਂ ਲਿਆ ਗਿਆ, ਉਨ੍ਹਾਂ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਆਖ਼ਿਰ ਪਾਕਿਸਤਾਨ ਨੂੰ ਉਸ ‘ਤੇ ਕਬਜ਼ਾ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ
ਸੁਤੰਤਰਤਾ ਤੋਂ ਬਾਅਦ ਦੇ ਉਨ੍ਹਾਂ ਫੈਸਲਿਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ, ਜੋ ਦੇਸ਼ 'ਤੇ ਬੋਝ ਬਣੇ ਹੋਏ ਹਨ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗਲਤ ਫੈਸਲਿਆਂ ਕਾਰਨ ਅਕਸਾਈ ਚੀਨ (Aksai Chin) ਵਿੱਚ 38,000 ਵਰਗ ਕਿਲੋਮੀਟਰ ਭਾਰਤੀ ਜ਼ਮੀਨ ਦਾ ਨੁਕਸਾਨ ਹੋਇਆ, ਜਿਸ ਨੂੰ ਗਲਤੀ ਨਾਲ ਬੰਜਰ ਜ਼ਮੀਨ ਦੱਸ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ 1962 ਅਤੇ 1963 ਦੇ ਦਰਮਿਆਨ, ਤਤਕਾਲੀ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨੇ ਜੰਮੂ ਅਤੇ ਕਸ਼ਮੀਰ ਦੇ ਪੁੰਛ, ਉਰੀ, ਨੀਲਮ ਘਾਟੀ ਅਤੇ ਕਿਸ਼ਨਗੰਗਾ ਸਮੇਤ ਪ੍ਰਮੁੱਖ ਖੇਤਰਾਂ ਨੂੰ ਸੌਂਪਣ ਦਾ ਪ੍ਰਸਤਾਵ ਰੱਖਿਆ ਸੀ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਤਮ ਸਮਰਪਣ ਦਾ ਪ੍ਰਸਤਾਵ "ਸ਼ਾਂਤੀ ਰੇਖਾ" ਦੇ ਆੜ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਨੇ 1966 ਵਿੱਚ ਕੱਛ ਦੇ ਰਣ 'ਤੇ ਵਿਚੋਲਗੀ ਨੂੰ ਸਵੀਕਾਰ ਕਰਨ ਲਈ ਵਿਰੋਧੀ ਧਿਰ ਦੀ ਆਲੋਚਨਾ ਕੀਤੀਜਿਸ ਦੇ ਨਤੀਜੇ ਵਜੋਂ ਵਿਵਾਦਤ ਛੜ-ਬੇਟ ਖੇਤਰ ਸਮੇਤ ਲਗਭਗ 800 ਵਰਗ ਕਿਲੋਮੀਟਰ ਜ਼ਮੀਨ ਪਾਕਿਸਤਾਨ ਨੂੰ ਸੌਂਪ ਦਿੱਤੀ ਗਈ। ਉਨ੍ਹਾਂ ਨੇ ਯਾਦ ਦਿਲਵਾਇਆ ਕਿ ਹਾਲਾਂਕਿ 1965 ਦੀ ਜੰਗ ਵਿੱਚ ਭਾਰਤੀ ਸੈਨਾ ਨੇ ਹਾਜੀਪੀਰ ਪਾਸ ( Hajipir Pass) 'ਤੇ ਮੁੜ ਕਬਜ਼ਾ ਕਰ ਲਿਆ ਸੀ, ਲੇਕਿਨ ਤਤਕਾਲੀ ਸੱਤਾਧਾਰੀ ਪਾਰਟੀ ਨੇ ਉਸ ਨੂੰ ਵਾਪਸ ਕਰ ਦਿੱਤਾ, ਜਿਸ ਨਾਲ ਦੇਸ਼ ਦੀ ਰਣਨੀਤਕ ਜਿੱਤ ਕਮਜ਼ੋਰ ਹੋ ਗਈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ 1971 ਦੀ ਜੰਗ ਦੌਰਾਨ, ਭਾਰਤ ਨੇ ਹਜ਼ਾਰਾਂ ਵਰਗ ਕਿਲੋਮੀਟਰ ਪਾਕਿਸਤਾਨੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਸੀ ਅਤੇ 93,000 ਯੁੱਧਬੰਦੀ ਬਣਾਏ ਸਨ। ਉਨ੍ਹਾਂ ਨੇ ਕਿਹਾ ਕਿ ਅਨੁਕੂਲ ਹਾਲਾਤਾਂ ਦੇ ਬਾਵਜੂਦ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨੂੰ ਵਾਪਸ ਪ੍ਰਾਪਤ ਕਰਨ ਦਾ ਮੌਕਾ ਗੁਆ ਦਿੱਤਾ ਗਿਆ। ਇੱਥੇ ਤੱਕ ਕੀ ਸਰਹੱਦ ਦੇ ਨੇੜੇ ਸਥਿਤ ਕਰਤਾਰਪੁਰ ਸਾਹਿਬ ਵੀ ਸੁਰੱਖਿਅਤ ਨਹੀਂ ਹੋ ਸਕਿਆ। ਉਨ੍ਹਾਂ ਨੇ 1974 ਵਿੱਚ ਕੱਛਾਥੀਵੂ ਦ੍ਵੀਪ ਸਮੂਹ (Katchatheevu Island) ਨੂੰ ਸ੍ਰੀਲੰਕਾ ਨੂੰ ਗਿਫ਼ਟ ਦੇਣ ਦੇ ਫੈਸਲੇ 'ਤੇ ਅਫਸੋਸ ਵਿਅਕਤ ਕੀਤਾ ਅਤੇ ਇਸ ਟਰਾਂਸਫਰ ਕਾਰਨ ਤਮਿਲ ਨਾਡੂ ਦੇ ਮਛੇਰਿਆਂ ਨੂੰ ਹੋ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਰੋਧੀ ਧਿਰ ਦਹਾਕਿਆਂ ਤੋਂ ਸਿਆਚਿਨ ਤੋਂ ਭਾਰਤੀ ਸੈਨਾ ਨੂੰ ਹਟਾਉਣ ਦਾ ਇਰਾਦਾ ਰੱਖਦਾ ਰਿਹਾ ਹੈ, ਜਿਸ ਨਾਲ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਸਦਨ ਨੂੰ ਯਾਦ ਦਿਵਾਇਆ ਕਿ 26/11 ਦੇ ਭਿਆਨਕ ਮੁੰਬਈ ਹਮਲਿਆਂ ਤੋਂ ਬਾਅਦ, ਉਸ ਸਮੇਂ ਦੀ ਸਰਕਾਰ ਨੇ, ਕਥਿਤ ਤੌਰ 'ਤੇ ਵਿਦੇਸ਼ੀ ਦਬਾਅ ਵਿੱਚ, ਦੁਖਾਂਤ ਦੇ ਕੁੱਝ ਹੀ ਹਫਤਿਆਂ ਬਾਅਦ ਪਾਕਿਸਤਾਨ ਦੇ ਨਾਲ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ 26/11 ਦੀ ਭਿਆਨਕਤਾ ਦੇ ਬਾਵਜੂਦ, ਤਤਕਾਲੀ ਸਰਕਾਰ ਨੇ ਪਾਕਿਸਤਾਨੀ ਡਿਪਲੋਮੈਟ ਨੂੰ ਨਹੀਂ ਕੱਢਿਆ ਅਤੇ ਨਾ ਹੀ ਇੱਕ ਵੀ ਵੀਜ਼ਾ ਰੱਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਗਏ ਅੱਤਵਾਦੀ ਹਮਲੇ ਲਗਾਤਾਰ ਜਾਰੀ ਰਹੇ, ਫਿਰ ਵੀ ਤਤਕਾਲੀ ਸਰਕਾਰ ਦੇ ਕਾਰਜਕਾਲ ਵਿੱਚ ਪਾਕਿਸਤਾਨ ਨੂੰ "ਸਭ ਤੋਂ ਵੱਧ ਪਸੰਦੀਦਾ ਰਾਸ਼ਟਰ" ਦਾ ਦਰਜਾ ਮਿਲਦਾ ਰਿਹਾ, ਜਿਸ ਨੂੰ ਕਦੇ ਰੱਦ ਨਹੀਂ ਕੀਤਾ ਗਿਆ।
ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਦੇਸ਼ ਮੁੰਬਈ ਲਈ ਨਿਆਂ ਦੀ ਮੰਗ ਕਰ ਰਿਹਾ ਸੀ, ਤਤਕਾਲੀ ਸੱਤਾਧਾਰੀ ਪਾਰਟੀ ਪਾਕਿਸਤਾਨ ਨਾਲ ਕਾਰੋਬਾਰ ਕਰਨ ਵਿੱਚ ਲਗਿਆ ਹੋਇਆ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਦੋਂ ਪਾਕਿਸਤਾਨ ਤਬਾਹੀ ਮਚਾਉਣ ਲਈ ਅੱਤਵਾਦੀ ਭੇਜ ਰਿਹਾ ਸੀ, ਤਦ ਤਤਕਾਲੀ ਸਰਕਾਰ ਭਾਰਤ ਵਿੱਚ ਸ਼ਾਂਤੀ ਪਸੰਦ ਕਵੀਆਂ ਦੇ ਸੰਮੇਲਨ ਆਯੋਜਿਤ ਕਰ ਰਹੀ ਸੀ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ (ਐੱਮਐੱਫਐੱਨ) ਦਾ ਦਰਜਾ ਰੱਦ ਕਰਕੇ, ਵੀਜ਼ਾ ‘ਤੇ ਰੋਕ ਲਗਾ ਕੇ ਅਤੇ ਅਟਾਰੀ-ਵਾਹਗਾ ਸਰਹੱਦ ਬੰਦ ਕਰਕੇ ਅੱਤਵਾਦ ਅਤੇ ਗਲਤ ਆਸ਼ਾਵਾਦ ਦੇ ਇਸ ਇਕਪਾਸੜ ਕਾਰੋਬਾਰ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਨੇ ਸਿੰਧੂ ਜਲ ਸੰਧੀ ਦਾ ਉਦਾਹਰਣ ਦਿੰਦੇ ਹੋਏ, ਭਾਰਤ ਦੇ ਰਾਸ਼ਟਰੀ ਹਿੱਤਾਂ ਨੂੰ ਵਾਰ-ਵਾਰ ਗਿਰਵੀ ਰੱਖਣ ਲਈ ਵਿਰੋਧੀ ਧਿਰ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਸੰਧੀ ਤਤਕਾਲੀ ਪ੍ਰਧਾਨ ਮੰਤਰੀ ਦੁਆਰਾ ਕੀਤੀ ਗਈ ਸੀ, ਜਿਸ ਵਿੱਚ ਭਾਰਤ ਤੋਂ ਨਿਕਲਣ ਵਾਲੀਆਂ ਨਦੀਆਂ ਸ਼ਾਮਲ ਸਨ- ਇਹ ਨਦੀਆਂ ਲੰਬੇ ਸਮੇਂ ਤੋਂ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਦਾ ਹਿੱਸਾ ਰਹੀਆਂ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਸਿੰਧੂ ਅਤੇ ਜੇਹਲਮ ਜਿਹੀਆਂ ਨਦੀਆਂ, ਜੋ ਕਦੇ ਭਾਰਤ ਦੀ ਪਹਿਚਾਣ ਦਾ ਸਮਾਨਾਰਥੀ ਸੀ, ਭਾਰਤ ਦੀਆਂ ਆਪਣੀਆਂ ਨਦੀਆਂ ਅਤੇ ਜਲ ਹੋਣ ਦੇ ਬਾਵਜੂਦ, ਵਿਚੋਲਗੀ ਲਈ ਵਿਸ਼ਵ ਬੈਂਕ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਨੇ ਇਸ ਕਦਮ ਦੀ ਨਿੰਦਾ ਕਰਦਿਆਂ ਇਸ ਨੂੰ ਭਾਰਤ ਦੇ ਸਵੈ-ਮਾਣ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਵਿਸ਼ਵਾਸਘਾਤ ਦੱਸਿਆ।
ਭਾਰਤ ਦੇ ਜਲ ਅਧਿਕਾਰਾਂ ਅਤੇ ਵਿਕਾਸ, ਵਿਸ਼ੇਸ਼ ਤੌਰ ‘ਤੇ ਸਿੰਧੂ ਜਲ ਸੰਧੀ ਦੇ ਤਹਿਤ ਸਮਝੌਤਾ ਕਰਨ ਵਾਲੇ ਇਤਿਹਾਸਕ ਕੂਟਨੀਤਕ ਫੈਸਲਿਆਂ ਦੀ ਨਿੰਦਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਤਤਕਾਲੀ ਪ੍ਰਧਾਨ ਮੰਤਰੀ ਭਾਰਤ ਤੋਂ ਨਿਕਲਣ ਵਾਲੀਆਂ ਨਦੀਆਂ ਦਾ 80 ਪ੍ਰਤੀਸ਼ਤ ਪਾਣੀ ਪਾਕਿਸਤਾਨ ਨੂੰ ਅਲਾਟ ਕਰਨ ਲਈ ਸਹਿਮਤ ਹੋਏ ਸਨ, ਜਦ ਕਿ ਭਾਰਤ ਜਿਹੇ ਵਿਸ਼ਾਲ ਰਾਸ਼ਟਰ ਲਈ ਸਿਰਫ 20 ਪ੍ਰਤੀਸ਼ਤ ਹੀ ਬਚਿਆ ਸੀ। ਉਨ੍ਹਾਂ ਨੇ ਇਸ ਵਿਵਸਥਾ ਦੇ ਪਿੱਛੇ ਦੇ ਤਰਕ 'ਤੇ ਸਵਾਲ ਉਠਾਉਂਦੇ ਹੋਏ ਇਸ ਨੂੰ ਸਿਆਣਪ, ਕੂਟਨੀਤੀ ਅਤੇ ਰਾਸ਼ਟਰੀ ਹਿੱਤ ਦੀ ਅਸਫਲਤਾ ਦੱਸਿਆ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਧਰਤੀ ਤੋਂ ਨਿਕਲਣ ਵਾਲੀਆਂ ਨਦੀਆਂ ਨਾਗਰਿਕਾਂ, ਵਿਸ਼ੇਸ਼ ਤੌਰ ‘ਤੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਕਿਸਾਨਾਂ ਦੇ ਲਈ ਹਨ। ਉਨ੍ਹਾਂ ਨੇ ਕਿਹਾ ਕਿ ਤਤਕਾਲੀ ਸੱਤਾਧਾਰੀ ਸਰਕਾਰ ਦੇ ਸਮਝੌਤਿਆਂ ਨੇ ਦੇਸ਼ ਦੇ ਇੱਕ ਵੱਡੇ ਹਿੱਸੇ ਨੂੰ ਜਲ ਸੰਕਟ ਵਿੱਚ ਧਕੇਲ ਦਿੱਤਾ ਅਤੇ ਰਾਜ ਪੱਧਰੀ ਅੰਦਰੂਨੀ ਜਲ ਵਿਵਾਦਾਂ ਨੂੰ ਜਨਮ ਦਿੱਤਾ, ਜਦੋਂ ਕਿ ਪਾਕਿਸਤਾਨ ਨੇ ਇਸ ਦਾ ਭਰਪੂਰਾ ਫਾਇਦਾ ਉਠਾਇਆ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਨਦੀਆਂ ਨਾਲ ਭਾਰਤ ਦੇ ਸੱਭਿਆਚਾਰਕ ਅਤੇ ਸੱਭਿਅਤਾਵਾਦੀ ਸਬੰਧਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ, ਭਾਰਤ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਉਚਿਤ ਪਹੁੰਚ ਤੋਂ ਵੰਚਿਤ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਸਥਿਤੀ ਨਾ ਬਣਦੀ, ਤਾਂ ਪੱਛਮ ਨਦੀਆਂ 'ਤੇ ਕਈ ਵੱਡੇ ਜਲ ਪ੍ਰੋਜੈਕਟ ਵਿਕਸਿਤ ਕੀਤੇ ਜਾ ਸਕਦੇ ਸਨ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਕਿਸਾਨਾਂ ਨੂੰ ਭਰਪੂਰ ਪਾਣੀ ਮਿਲਦਾ ਅਤੇ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਾ ਹੁੰਦੀ। ਇਸ ਤੋਂ ਇਲਾਵਾ, ਭਾਰਤ ਉਦਯੋਗਿਕ ਪ੍ਰਣਾਲੀਆਂ ਰਾਹੀਂ ਬਿਜਲੀ ਪੈਦਾ ਕਰ ਸਕਦਾ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਤਤਕਾਲੀ ਸਰਕਾਰ ਨੇ ਨਹਿਰਾਂ ਬਣਾਉਣ ਲਈ ਪਾਕਿਸਤਾਨ ਨੂੰ ਕਰੋੜਾਂ ਰੁਪਏ ਵੀ ਦਿੱਤੇ, ਜਿਸ ਨਾਲ ਭਾਰਤ ਦੇ ਹਿੱਤਾਂ ਨੂੰ ਹੋਰ ਨੁਕਸਾਨ ਪਹੁੰਚਿਆ। ਸ਼੍ਰੀ ਮੋਦੀ ਨੇ ਦੱਸਿਆ ਕਿ ਸਰਕਾਰ ਨੇ ਹੁਣ ਰਾਸ਼ਟਰੀ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਨੇ ਤੈਅ ਕਰ ਲਿਆ ਹੈ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿਣਗੇ।" 2014 ਤੋਂ ਪਹਿਲਾਂ ਦੇਸ਼ ਵਿੱਚ ਅਸੁਰੱਖਿਆ ਦੇ ਲਗਾਤਾਰ ਪਰਛਾਵੇਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਯਾਦ ਦਿਲਵਾਇਆ ਕਿ ਕਿਵੇਂ ਜਨਤਕ ਥਾਵਾਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਹਵਾਈ ਅੱਡਿਆਂ, ਮੰਦਰਾਂ 'ਤੇ ਲਗਾਤਾਰ ਐਲਾਨ ਕੀਤੇ ਜਾਂਦੇ ਸਨ ਅਤੇ ਬੰਬ ਦੇ ਡਰ ਨਾਲ ਲੋਕਾਂ ਨੂੰ ਲਾਵਾਰਿਸ ਵਸਤੂਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਜਾਂਦੀ ਸੀ। ਉਨ੍ਹਾਂ ਨੇ ਇਸ ਨੂੰ ਦੇਸ਼ ਭਰ ਵਿੱਚ ਫੈਲੇ ਡਰ ਦਾ ਮਾਹੌਲ ਦੱਸਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਤਤਕਾਲੀ ਸੱਤਾਧਾਰੀ ਸਰਕਾਰ ਦੇ ਕਮਜ਼ੋਰ ਸ਼ਾਸਨ ਦੇ ਕਾਰਨ ਅਣਗਿਣਤ ਨਾਗਰਿਕਾਂ ਨੂੰ ਜਾਨੀ ਨੁਕਸਾਨ ਹੋਇਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹੀ। ਸ਼੍ਰੀ ਮੋਦੀ ਨੇ ਕਿਹਾ ਕਿ ਅੱਤਵਾਦ ਨੂੰ ਰੋਕਿਆ ਜਾ ਸਕਦਾ ਸੀ ਅਤੇ ਉਨ੍ਹਾਂ ਨੇ ਪਿਛਲੇ 11 ਵਰ੍ਹਿਆਂ ਵਿੱਚ ਹੋਈ ਪ੍ਰਗਤੀ ਨੂੰ ਸਬੂਤ ਵਜੋਂ ਪੇਸ਼ ਕੀਤਾ। ਸ਼੍ਰੀ ਮੋਦੀ ਨੇ ਵਰ੍ਹੇ 2004 ਅਤੇ 2014 ਦੇ ਦਰਮਿਆਨ ਦੇਸ਼ ਵਿੱਚ ਅੱਤਵਾਦੀ ਘਟਨਾਵਾਂ ਵਿੱਚ ਭਾਰੀ ਗਿਰਾਵਟ ਨੂੰ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਨੇ ਸਵਾਲ ਕੀਤਾ ਕਿ ਜੇਕਰ ਅੱਤਵਾਦ ‘ਤੇ ਕੰਟਰੋਲ ਕਰਨਾ ਸੰਭਵ ਸੀ, ਤਾਂ ਪਿਛਲੀਆਂ ਸਰਕਾਰਾਂ ਨੇ ਇਸ ਦੇ ਲਈ ਪ੍ਰਭਾਵਸ਼ਾਲੀ ਕਦਮ ਕਿਉਂ ਨਹੀਂ ਚੁੱਕੇ। ਉਨ੍ਹਾਂ ਨੇ ਆਰੋਪ ਲਾਇਆ ਕਿ ਉਨ੍ਹਾਂ ਸਰਕਾਰਾਂ ਨੇ ਤੁਸ਼ਟੀਕਰਣ ਅਤੇ ਵੋਟ ਬੈਂਕ ਦੀ ਰਾਜਨੀਤੀ ਦੇ ਚਲਦੇ ਅੱਤਵਾਦ ਨੂੰ ਵਧਣ-ਫੁੱਲਣ ਦਿੱਤਾ।
ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ ਜਦੋਂ 2001 ਵਿੱਚ ਦੇਸ਼ ਦੀ ਸੰਸਦ 'ਤੇ ਹਮਲਾ ਹੋਇਆ ਸੀ, ਤਾਂ ਵਿਰੋਧੀ ਧਿਰ ਦੇ ਇੱਕ ਸੀਨੀਅਰ ਨੇਤਾ ਨੇ ਅਫਜ਼ਲ ਗੁਰੂ ਨੂੰ ਸ਼ੱਕ ਦਾ ਲਾਭ ਦੇਣ ਦੀ ਗੱਲ ਆਖੀ ਸੀ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕਿਵੇਂ 26/11 ਦੇ ਮੁੰਬਈ ਹਮਲਿਆਂ ਦਾ ਇਸਤੇਮਾਲ, ਅੱਤਵਾਦੀ ਅਜਮਲ ਕਸਾਬ ਦੀ ਗ੍ਰਿਫਤਾਰੀ ਅਤੇ ਉਸ ਦੀ ਪਾਕਿਸਤਾਨੀ ਨਾਗਰਿਕਤਾ ਦੀ ਵਿਸ਼ਵਵਿਆਪੀ ਮਾਨਤਾ ਦੇ ਬਾਵਜੂਦ "ਭਗਵਾ ਅੱਤਵਾਦ" ਦੇ ਬਿਰਤਾਂਤ ਨੂੰ ਅੱਗੇ ਵਧਾਉਣ ਲਈ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਤਤਕਾਲੀ ਸੱਤਾਧਾਰੀ ਪਾਰਟੀ ਦੇ ਇੱਕ ਨੇਤਾ ਨੇ ਇੱਕ ਟੌਪ ਦੇ ਅਮਰੀਕੀ ਡਿਪਲੋਮੈਟ ਨੂੰ ਕਿਹਾ ਸੀ ਕਿ ਹਿੰਦੂ ਸਮੂਹ ਲਸ਼ਕਰ-ਏ-ਤੈਯਬਾ ਨਾਲੋਂ ਵੀ ਵੱਡਾ ਖ਼ਤਰਾ ਹਨ ਅਤੇ ਇਸ ਨੂੰ ਵਿਦੇਸ਼ ਵਿੱਚ ਉਨ੍ਹਾਂ ਦੇ ਦੁਆਰਾ ਰਚੇ ਜਾ ਰਹੇ ਬਿਰਤਾਂਤ ਦੀ ਉਦਾਹਰਣ ਦੱਸਿਆ ਸੀ।
ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਭਾਰਤੀ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਤੋਂ ਰੋਕਣ ਲਈ ਵਿਰੋਧੀ ਧਿਰ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਨਾਲ ਲਗਾਤਾਰ ਸਮਝੌਤਾ ਕਰਨ ਵਾਲੀ ਤੁਸ਼ਟੀਕਰਣ ਦੀ ਰਾਜਨੀਤੀ ਦੇ ਕਾਰਨ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਇਸ ਖੇਤਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਗਿਆ ਹੈ।
ਸ਼੍ਰੀ ਮੋਦੀ ਨੇ ਇਕਜੁੱਟਤਾ ਦੀ ਭਾਵਨਾ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਰਾਜਨੀਤਕ ਮਤਭੇਦ ਭੱਲੇ ਹੀ ਬਣੇ ਰਹਿਣ, ਲੇਕਿਨ ਰਾਸ਼ਟਰ ਹਿੱਤ ਵਿੱਚ ਉਦੇਸ਼ ਦੀ ਏਕਤਾ ਬਣੀ ਰਹਿਣੀ ਚਾਹੀਦੀ ਹੈ। ਪਹਿਲਗਾਮ ਦੁਖਾਂਤ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਣਨਾ ਪਾਇਆ ਕਿ ਕਿਵੇਂ ਇਸ ਨੇ ਰਾਸ਼ਟਰ ਨੂੰ ਗਹਿਰਾ ਸਦਮਾ ਪਹੁੰਚਾਇਆ ਅਤੇ ਆਪ੍ਰੇਸ਼ਨ ਸਿੰਦੂਰ ਰਾਹੀਂ ਭਾਰਤ ਨੂੰ ਨਿਰਣਾਇਕ ਪ੍ਰਤੀਕਿਰਿਆ ਲਈ ਪ੍ਰੇਰਿਤ ਕੀਤਾ, ਜੋ ਸਾਹਸ, ਆਤਮ-ਨਿਰਭਰਤਾ ਅਤੇ ਰਾਸ਼ਟਰੀ ਸੰਕਲਪ ਦਾ ਪ੍ਰਤੀਕ ਹੈ।
ਉਨ੍ਹਾਂ ਨੇ ਭਾਰਤੀ ਵਫ਼ਦਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਦ੍ਰਿੜ ਵਿਸ਼ਵਾਸ ਅਤੇ ਸਪਸ਼ਟ ਤਾ ਦੇ ਨਾਲ ਵਿਸ਼ਵ ਪੱਧਰ ‘ਤੇ ਰਾਸ਼ਟਰ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਵਕਾਲਤ ਉਸ "ਸਿੰਦੂਰ ਭਾਵਨਾ" ਦੀ ਗੂੰਜ ਸੀ ਜੋ ਹੁਣ ਭਾਰਤ ਦੀਆਂ ਸਰਹੱਦਾਂ ਦੇ ਅੰਦਰ ਅਤੇ ਬਾਹਰ, ਦੋਵਾਂ ਥਾਵਾਂ, ਸਥਿਤੀ ਦਾ ਮਾਰਗਦਰਸ਼ਨ ਕਰਦੀ ਹੈ।
ਭਾਰਤ ਦਾ ਵੋਕਲ ਗਲੋਬਲ ਸੰਦੇਸ਼ ਦਾ ਕਥਿਤ ਤੌਰ 'ਤੇ ਵਿਰੋਧ ਕਰਨ ਵਾਲੇ ਕੁਝ ਵਿਰੋਧੀ ਨੇਤਾਵਾਂ ਦੀ ਪ੍ਰਤੀਕਿਰਿਆ 'ਤੇ ਨਿਰਾਸ਼ਾ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਦਨ ਵਿੱਚ ਰਾਸ਼ਟਰ ਦੇ ਹੱਕ ਵਿੱਚ ਬੋਲਣ ਵਾਲਿਆਂ ਨੂੰ ਚੁੱਪ ਕਰਾਉਣ ਦੇ ਯਤਨਾਂ ‘ਤੇ ਖੇਦ ਵਿਅਕਤ ਕੀਤਾ। ਇਸ ਮਾਨਸਿਕਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਇੱਕ ਕਾਵਿਆਤਮਕ ਅਭਿਵਿਅਕਤ ਸਾਂਝਾ ਕੀਤਾ ਜਿਸ ਵਿੱਚ ਸਾਹਸੀ ਅਤੇ ਉਦੇਸ਼ਪੂਰਣ ਸੰਵਾਦ ਦਾ ਸੱਦਾ ਦਿੱਤਾ ਗਿਆ।
ਸ਼੍ਰੀ ਮੋਦੀ ਨੇ ਵਿਰੋਧੀ ਧਿਰ ਤੋਂ ਰਾਜਨੀਤਕ ਦਬਾਅ ਛੱਡਣ ਦੀ ਤਾਕੀਦ ਕੀਤੀ, ਜਿਸ ਦੇ ਕਾਰਨ ਕਥਿਤ ਤੌਰ 'ਤੇ ਪਾਕਿਸਤਾਨ ਦੇ ਪ੍ਰਤੀ ਨਰਮੀ ਵਰਤੀ ਗਈ ਅਤੇ ਰਾਸ਼ਟਰੀ ਜਿੱਤ ਦੇ ਪਲਾਂ ਨੂੰ ਰਾਜਨੀਤਕ ਮਜ਼ਾਕ ਵਿੱਚ ਬਦਲਣ ਵਿਰੁੱਧ ਚੇਤਾਵਨੀ ਦਿੱਤੀ।
ਪ੍ਰਧਾਨ ਮੰਤਰੀ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ, ਭਾਰਤ ਅੱਤਵਾਦ ਨੂੰ ਜੜ੍ਹੋਂ ਪੁੱਟ ਦੇਵੇਗਾ। ਆਪ੍ਰੇਸ਼ਨ ਸਿੰਦੂਰ ਅਜੇ ਵੀ ਜਾਰੀ ਹੈ, ਜੋ ਪਾਕਿਸਤਾਨ ਲਈ ਇੱਕ ਸਿੱਧੀ ਚੇਤਾਵਨੀ ਹੈ, ਜਦ ਤੱਕ ਸਰਹੱਦ ਪਾਰ ਅੱਤਵਾਦ ਨਹੀਂ ਰੁੱਕਦਾ, ਭਾਰਤ ਆਪਣੀ ਜਵਾਬੀ ਕਾਰਵਾਈ ਜਾਰੀ ਰੱਖੇਗਾ।
ਸ਼੍ਰੀ ਮੋਦੀ ਨੇ ਭਾਰਤ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਸਮ੍ਰਿੱਧ ਬਣਾਏ ਰੱਖਣ ਦੇ ਦ੍ਰਿੜ ਸੰਕਲਪ ਨਾਲ ਆਪਣੇ ਭਾਸ਼ਣ ਨੂੰ ਸਮਾਪਤ ਕੀਤਾ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਤੀਬਿੰਬਿਤ ਕਰਨ ਵਾਲੇ ਸਾਰਥਕ ਵਿਚਾਰ-ਵਟਾਂਦਰੇ ਲਈ ਸਦਨ ਦੇ ਪ੍ਰਤੀ ਗਹਿਰੇ ਆਭਾਰ ਵਿਅਕਤ ਕੀਤਾ।
****************
ਐੱਮਜੇਪੀਐੱਸ/ਐੱਸਆਰ
(Release ID: 2150542)
Visitor Counter : 3
Read this release in:
Malayalam
,
English
,
Urdu
,
Marathi
,
Hindi
,
Bengali
,
Assamese
,
Gujarati
,
Odia
,
Tamil
,
Telugu
,
Kannada