ਪ੍ਰਧਾਨ ਮੰਤਰੀ ਦਫਤਰ
ਮਨ ਕੀ ਬਾਤ ਦੇ 124ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (27.07.2025)
Posted On:
27 JUL 2025 11:39AM by PIB Chandigarh
ਮੇਰੇ ਪਿਆਰੇ ਦੇਸਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਗੱਲ ਹੋਵੇਗੀ ਦੇਸ਼ ਦੀਆਂ ਸਫਲਤਾਵਾਂ ਦੀ, ਦੇਸ਼ ਵਾਸੀਆਂ ਦੀਆਂ ਪ੍ਰਾਪਤੀਆਂ ਦੀ। ਪਿਛਲੇ ਕੁਝ ਹਫਤਿਆਂ ਵਿੱਚ, ਸਪੋਰਟਸ ਹੋਵੇ, ਸਾਇੰਸ ਹੋਵੇ ਜਾਂ ਸੰਸਕ੍ਰਿਤੀ, ਬਹੁਤ ਕੁਝ ਅਜਿਹਾ ਹੋ ਰਿਹਾ ਹੈ, ਜਿਸ ’ਤੇ ਹਰ ਭਾਰਤ ਵਾਸੀ ਨੂੰ ਮਾਣ ਹੈ। ਹੁਣੇ ਜਿਹੇ ਹੀ ਸ਼ੁਭਾਂਸ਼ੂ ਸ਼ੁਕਲਾ ਦੀ ਸਪੇਸ ਤੋਂ ਵਾਪਸੀ ਨੂੰ ਲੈ ਕੇ ਦੇਸ਼ ਵਿੱਚ ਬਹੁਤ ਚਰਚਾ ਹੋਈ। ਜਿਵੇਂ ਹੀ ਸ਼ੁਭਾਂਸ਼ੂ ਧਰਤੀ ’ਤੇ ਸੁਰੱਖਿਅਤ ਉੱਤਰੇ, ਲੋਕ ਉਛਲ ਪਏ, ਹਰ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪੂਰਾ ਦੇਸ਼ ਮਾਣ ਨਾਲ ਭਰ ਗਿਆ। ਮੈਨੂੰ ਯਾਦ ਹੈ ਜਦੋਂ ਅਗਸਤ 2023 ਵਿੱਚ ਚੰਦਰਯਾਨ-3 ਦੀ ਸਫਲ ਲੈਂਡਿੰਗ ਹੋਈ ਸੀ, ਉਦੋਂ ਦੇਸ਼ ਵਿੱਚ ਇਕ ਨਵਾਂ ਮਾਹੌਲ ਬਣਿਆ। ਸਾਇੰਸ ਨੂੰ ਲੈ ਕੇ, ਸਪੇਸ ਨੂੰ ਲੈ ਕੇ ਬੱਚਿਆਂ ਵਿੱਚ ਇਕ ਨਵੀਂ ਜਿਗਿਆਸਾ ਵੀ ਜਾਗੀ। ਹੁਣ ਛੋਟੇ-ਛੋਟੇ ਬੱਚੇ ਕਹਿੰਦੇ ਹਨ ਅਸੀਂ ਵੀ ਸਪੇਸ ਵਿੱਚ ਜਾਵਾਂਗੇ, ਅਸੀਂ ਵੀ ਚੰਨ ’ਤੇ ਉੱਤਰਾਂਗੇ - ਸਪੇਸ ਸਾਇੰਟਿਸਟ ਬਣਾਂਗੇ।
ਸਾਥੀਓ, ਤੁਸੀਂ INSPIRE-MANAK ਮੁਹਿੰਮ ਦਾ ਨਾਮ ਸੁਣਿਆ ਹੋਵੇਗਾ। ਇਹ ਬੱਚਿਆਂ ਦੇ ਇਨੋਵੇਸ਼ਨ ਨੂੰ ਵਧਾਵਾ ਦੇਣ ਦੀ ਮੁਹਿੰਮ ਹੈ। ਇਸ ਵਿੱਚ ਹਰ ਸਕੂਲ ਤੋਂ 5 ਬੱਚੇ ਚੁਣੇ ਜਾਂਦੇ ਹਨ। ਹਰ ਬੱਚਾ ਇਕ ਨਵਾਂ ਆਈਡੀਆ ਲੈ ਕੇ ਆਉਂਦਾ ਹੈ। ਇਸ ਨਾਲ ਹੁਣ ਤੱਕ ਲੱਖਾਂ ਬੱਚੇ ਜੁੜ ਚੁੱਕੇ ਹਨ ਅਤੇ ਚੰਦਰਯਾਨ-3 ਤੋਂ ਬਾਅਦ ਤਾਂ ਇਨ੍ਹਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਦੇਸ਼ ਵਿੱਚ ਸਪੇਸ ਸਟਾਰਟਅੱਪਸ ਵੀ ਤੇਜ਼ੀ ਨਾਲ ਵਧ ਰਿਹਾ ਹੈ। ਪੰਜ ਸਾਲ ਪਹਿਲਾਂ 50 ਤੋਂ ਵੀ ਘੱਟ ਸਟਾਰਟਅੱਪ ਸਨ, ਅੱਜ 200 ਤੋਂ ਜ਼ਿਆਦਾ ਹੋ ਗਏ ਹਨ, ਸਿਰਫ ਸਪੇਸ ਸੈਕਟਰ ਵਿੱਚ। ਸਾਥੀਓ, ਅਗਲੇ ਮਹੀਨੇ 23 ਅਗਸਤ ਨੂੰ ‘ਨੈਸ਼ਨਲ ਸਪੇਸ ਡੇ’ ਹੈ। ਤੁਸੀਂ ਇਸ ਨੂੰ ਕਿਵੇਂ ਮਨਾਓਗੇ, ਕੋਈ ਨਵਾਂ ਆਈਡੀਆ ਹੈ ਕੀ? ਮੈਨੂੰ ਨਮੋ ਐਪ ’ਤੇ ਜ਼ਰੂਰ ਮੈਸੇਜ ਭੇਜਣਾ।
ਸਾਥੀਓ, 21ਵੀਂ ਸਦੀ ਦੇ ਭਾਰਤ ਵਿੱਚ ਅੱਜ ਸਾਇੰਸ ਇਕ ਨਵੀਂ ਊਰਜਾ ਦੇ ਨਾਲ ਅੱਗੇ ਵਧ ਰਹੀ ਹੈ। ਕੁਝ ਦਿਨ ਪਹਿਲਾਂ ਸਾਡੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਕੈਮਿਸਟਰੀ ਓਲੰਪੀਅਡ ਵਿੱਚ ਮੈਡਲ ਜਿੱਤੇ ਹਨ। ਦੇਵੇਸ਼ ਪੰਕਜ, ਸੰਦੀਪ ਕੁਚੀ, ਦੇਵਦੱਤ ਪ੍ਰਿਯਦਰਸ਼ੀ ਅਤੇ ਉੱਜਵਲ ਕੇਸਰੀ ਇਨ੍ਹਾਂ ਚਾਰਾਂ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ। ਮੈਥ ਦੀ ਦੁਨੀਆਂ ਵਿੱਚ ਵੀ ਭਾਰਤ ਨੇ ਆਪਣੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਹੈ। ਆਸਟ੍ਰੇਲੀਆ ਵਿੱਚ ਹੋਏ ਇੰਟਰਨੈਸ਼ਨਲ ਮੈਥੇਮੈਟੀਕਲ ਓਲੰਪੀਅਡ ਵਿੱਚ ਸਾਡੇ ਵਿਦਿਆਰਥੀਆਂ ਨੇ 3 ਗੋਲਡ, 2 ਸਿਲਵਰ ਅਤੇ ਇਕ ਬਰਾਊਂਜ਼ ਮੈਡਲ ਹਾਸਲ ਕੀਤਾ।
ਸਾਥੀਓ, ਅਗਲੇ ਮਹੀਨੇ ਮੁੰਬਈ ਵਿੱਚ Astronomy ਅਤੇ Astrophysics Olympiad ਹੋਣ ਵਾਲਾ ਹੈ। ਇਸ ਵਿੱਚ 60 ਤੋਂ ਜ਼ਿਆਦਾ ਦੇਸ਼ਾਂ ਦੇ ਵਿਦਿਆਰਥੀ ਆਉਣਗੇ, ਵਿਗਿਆਨੀ ਵੀ ਆਉਣਗੇ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਓਲੰਪੀਅਡ ਹੋਵੇਗਾ। ਇਕ ਤਰ੍ਹਾਂ ਨਾਲ ਵੇਖੀਏ ਤਾਂ ਭਾਰਤ ਹੁਣ ਓਲੰਪਿਕ ਅਤੇ ਓਲੰਪੀਅਡ ਦੋਵਾਂ ਦੇ ਲਈ ਅੱਗੇ ਵਧ ਰਿਹਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਸਾਰਿਆਂ ਨੂੰ ਮਾਣ ਨਾਲ ਭਰ ਦੇਣ ਵਾਲੀ ਇਕ ਹੋਰ ਖ਼ਬਰ ਆਈ ਹੈ ਯੂਨੈਸਕੋ ਤੋਂ, ਯੂਨੈਸਕੋ ਨੇ 12 ਮਰਾਠਾ ਕਿਲਿਆਂ ਨੂੰ ਵਰਲਡ ਹੈਰੀਟੇਜ਼ ਸਾਈਟਸ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ। 11 ਕਿਲੇ ਮਹਾਰਾਸ਼ਟਰ ਵਿੱਚ, ਇੱਕ ਕਿਲਾ ਤਾਮਿਲ ਨਾਡੂ ਵਿੱਚ, ਹਰ ਕਿਲੇ ਤੋਂ ਇਤਿਹਾਸ ਦਾ ਇੱਕ-ਇੱਕ ਪੰਨਾ ਜੁੜਿਆ ਹੈ। ਹਰ ਪੱਥਰ ਇਕ ਇਤਿਹਾਸਕ ਘਟਨਾ ਦਾ ਗਵਾਹ ਹੈ। ਸਲਹੇਰ ਦਾ ਕਿਲਾ, ਜਿੱਥੇ ਮੁਗਲਾਂ ਦੀ ਹਾਰ ਹੋਈ। ਸ਼ਿਵਨੇਰੀ, ਜਿੱਥੇ ਛੱਤਰਪਤੀ ਸ਼ਿਵਾਜੀ ਮਹਾਰਾਜ ਦਾ ਜਨਮ ਹੋਇਆ। ਕਿਲਾ ਅਜਿਹਾ, ਜਿਸ ਨੂੰ ਦੁਸ਼ਮਣ ਭੇਦ ਨਾ ਸਕੇ। ਖਾਨਦੇਰੀ ਦਾ ਕਿਲਾ, ਸਮੁੰਦਰ ਦੇ ਵਿਚਕਾਰ ਬਣਿਆ ਅਨੋਖਾ ਕਿਲਾ। ਦੁਸ਼ਮਣ ਉਨ੍ਹਾਂ ਨੂੰ ਰੋਕਣਾ ਚਾਹੁੰਦੇ ਸਨ, ਲੇਕਿਨ ਸ਼ਿਵਾਜੀ ਮਹਾਰਾਜ ਨੇ ਅਸੰਭਵ ਨੂੰ ਸੰਭਵ ਕਰਕੇ ਵਿਖਾ ਦਿੱਤਾ। ਪ੍ਰਤਾਪਗੜ੍ਹ ਦਾ ਕਿਲਾ, ਜਿੱਥੇ ਅਫਜ਼ਲ ਖਾਂ ’ਤੇ ਜਿੱਤ ਹੋਈ, ਉਸ ਗਾਥਾ ਦੀ ਗੂੰਜ ਅੱਜ ਵੀ ਕਿਲੇ ਦੀਆਂ ਦੀਵਾਰਾਂ ਵਿੱਚ ਸਮਾਈ ਹੈ। ਵਿਜੇਦੁਰਗ, ਜਿਸ ਵਿੱਚ ਗੁਪਤ ਸੁਰੰਗਾਂ ਸਨ, ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਦੂਰਦਰਸ਼ਤਾ ਦਾ ਸਬੂਤ ਇਸ ਕਿਲੇ ਵਿੱਚ ਮਿਲਦਾ ਹੈ। ਮੈਂ ਕੁਝ ਸਾਲ ਪਹਿਲਾਂ ਰਾਏਗੜ੍ਹ ਦਾ ਦੌਰਾ ਕੀਤਾ ਸੀ। ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਬੁੱਤ ਦੇ ਸਾਹਮਣੇ ਨਮਨ ਕੀਤਾ ਸੀ। ਇਹ ਅਨੁਭਵ ਜੀਵਨ ਭਰ ਮੇਰੇ ਨਾਲ ਰਹੇਗਾ।
ਸਾਥੀਓ, ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਅਜਿਹੇ ਹੀ ਅਨੋਖੇ ਕਿਲੇ ਹਨ, ਜਿਨ੍ਹਾਂ ਨੇ ਹਮਲੇ ਝੱਲੇ, ਖਰਾਬ ਮੌਸਮ ਦੀ ਮਾਰ ਝੱਲੀ, ਲੇਕਿਨ ਆਤਮ-ਸਨਮਾਨ ਨੂੰ ਕਦੇ ਵੀ ਝੁਕਣ ਨਹੀਂ ਦਿੱਤਾ। ਰਾਜਸਥਾਨ ਦਾ ਚਿਤੌੜਗੜ੍ਹ ਦਾ ਕਿਲਾ, ਕੁੰਭਲਗੜ੍ਹ ਕਿਲਾ, ਰਣਥੰਭੋਰ ਕਿਲਾ, ਆਮੇਰ ਕਿਲਾ, ਜੈਸਲਮੇਰ ਦਾ ਕਿਲਾ ਤਾਂ ਵਿਸ਼ਵ ਪ੍ਰਸਿੱਧ ਹਨ। ਕਰਨਾਟਕਾ ’ਚ ਗੁਲਬਰਗਾ ਦਾ ਕਿਲਾ ਵੀ ਬਹੁਤ ਵੱਡਾ ਹੈ। ਚਿਤਰਦੁਰਗ ਦੇ ਕਿਲੇ ਦੀ ਵਿਸ਼ਾਲਤਾ ਵੀ ਤੁਹਾਨੂੰ ਹੈਰਾਨੀ ਨਾਲ ਭਰ ਦੇਵੇਗੀ ਕਿ ਉਸ ਜ਼ਮਾਨੇ ਵਿੱਚ ਇਹ ਕਿਲਾ ਬਣਿਆ ਕਿਵੇਂ ਹੋਵੇਗਾ।
ਸਾਥੀਓ, ਉੱਤਰ ਪ੍ਰਦੇਸ਼ ਦੇ ਬਾਂਦਾ ’ਚ ਹੈ, ਕਾਲਿੰਜਰ ਕਿਲਾ। ਮਹਿਮੂਦ ਗਜਨਵੀ ਨੇ ਕਈ ਵਾਰ ਇਸ ਕਿਲੇ ’ਤੇ ਹਮਲਾ ਕੀਤਾ ਅਤੇ ਹਰ ਵਾਰ ਅਸਫਲ ਰਿਹਾ। ਬੁੰਦੇਲਖੰਡ ਵਿੱਚ ਅਜਿਹੇ ਕਈ ਕਿਲੇ ਹਨ - ਗਵਾਲੀਅਰ, ਝਾਂਸੀ, ਦਤੀਆ, ਅਜੇਗੜ੍ਹ, ਗੜ੍ਹਕੁੰਡਾਰ, ਚੰਦੇਰੀ। ਇਹ ਕਿਲੇ ਸਿਰਫ ਇੱਟਾਂ-ਪੱਥਰਾਂ ਦੇ ਨਹੀਂ ਹਨ, ਇਹ ਸਾਡੀ ਸੰਸਕ੍ਰਿਤੀ ਦੇ ਪ੍ਰਤੀਕ ਹਨ। ਸੰਸਕਾਰ ਅਤੇ ਸਵੈਮਾਣ ਅੱਜ ਵੀ ਇਨ੍ਹਾਂ ਕਿਲਿਆਂ ਦੀਆਂ ਉੱਚੀਆਂ-ਉੱਚੀਆਂ ਦੀਵਾਰਾਂ ਤੋਂ ਝਾਕਦੇ ਹਨ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਨੁਰੋਧ ਕਰਦਾ ਹਾਂ ਕਿ ਇਨ੍ਹਾਂ ਕਿਲਿਆਂ ਦੀ ਯਾਤਰਾ ਕਰਨ, ਆਪਣੇ ਇਤਿਹਾਸ ਨੂੰ ਜਾਨਣ, ਮਾਣ ਮਹਿਸੂਸ ਕਰਨ।
ਮੇਰੇ ਪਿਆਰੇ ਦੇਸ਼ਵਾਸੀਓ, ਤੁਸੀਂ ਕਲਪਨਾ ਕਰੋ ਬਿਲਕੁਲ ਤੜਕੇ ਦੇ ਵੇਲਾ ਬਿਹਾਰ ਦਾ ਮੁਜ਼ੱਫਰਪੁਰ ਸ਼ਹਿਰ, ਤਰੀਕ ਹੈ 11 ਅਗਸਤ 1908, ਹਰ ਗਲੀ, ਹਰ ਚੌਰਾਹਾ, ਹਰ ਹਲਚਲ ਉਸ ਵੇਲੇ ਜਿਵੇਂ ਰੁਕੀ ਹੋਈ ਸੀ, ਲੋਕਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ, ਲੇਕਿਨ ਦਿਲਾਂ ਵਿੱਚ ਅੱਗ ਸੀ। ਲੋਕਾਂ ਨੇ ਜੇਲ੍ਹ ਨੂੰ ਘੇਰ ਰੱਖਿਆ ਸੀ। ਜਿੱਥੇ ਇਕ 18 ਸਾਲ ਦਾ ਨੌਜਵਾਨ ਅੰਗਰੇਜ਼ਾਂ ਦੇ ਖਿਲਾਫ ਆਪਣਾ ਦੇਸ਼ ਪ੍ਰੇਮ ਪ੍ਰਗਟ ਕਰਨ ਦੀ ਕੀਮਤ ਚੁਕਾ ਰਿਹਾ ਸੀ। ਜੇਲ੍ਹ ਦੇ ਅੰਦਰ ਅੰਗਰੇਜ਼ ਅਫ਼ਸਰ ਇਕ ਨੌਜਵਾਨ ਨੂੰ ਫਾਂਸੀ ਦੇਣ ਦੀ ਤਿਆਰੀ ਕਰ ਰਹੇ ਸਨ, ਉਸ ਨੌਜਵਾਨ ਦੇ ਚਿਹਰੇ ’ਤੇ ਡਰ ਨਹੀਂ ਸੀ, ਸਗੋਂ ਮਾਣ ਨਾਲ ਭਰਿਆ ਹੋਇਆ ਸੀ, ਉਹ ਮਾਣ ਜੋ ਦੇਸ਼ ਦੇ ਲਈ ਮਰ-ਮਿਟਣ ਵਾਲਿਆਂ ਨੂੰ ਹੁੰਦਾ ਹੈ। ਉਹ ਵੀਰ, ਉਹ ਸਾਹਸੀ ਨੌਜਵਾਨ ਸੀ ਖੁਦੀਰਾਮ ਬੌਸ। ਸਿਰਫ 18 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਉਹ ਹੌਂਸਲਾ ਵਿਖਾਇਆ, ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਦਿੱਤਾ, ਉਦੋਂ ਅਖ਼ਬਾਰਾਂ ਨੇ ਵੀ ਲਿਖਿਆ ਸੀ - ‘ਖੁਦੀਰਾਮ ਬੌਸ ਜਦੋਂ ਫਾਂਸੀ ਦੇ ਤਖਤੇ ਵੱਲ ਵਧੇ ਤਾਂ ਉਨ੍ਹਾਂ ਦੇ ਚਿਹਰੇ ’ਤੇ ਮੁਸਕਾਨ ਸੀ।’ ਅਜਿਹੇ ਹੀ ਅਨੇਕਾਂ ਬਲਿਦਾਨਾਂ ਤੋਂ ਬਾਅਦ, ਸਦੀਆਂ ਦੀ ਤਪੱਸਿਆ ਤੋਂ ਬਾਅਦ ਸਾਨੂੰ ਆਜ਼ਾਦੀ ਮਿਲੀ ਸੀ। ਦੇਸ਼ ਦੇ ਦੀਵਾਨਿਆਂ ਨੇ ਆਪਣੇ ਖੂਨ ਨਾਲ ਆਜ਼ਾਦੀ ਦੇ ਅੰਦੋਲਨ ਨੂੰ ਸਿੰਜਿਆ ਸੀ।
ਸਾਥੀਓ, ਅਗਸਤ ਦਾ ਮਹੀਨਾ ਇਸ ਲਈ ਤਾਂ ਕ੍ਰਾਂਤੀ ਦਾ ਮਹੀਨਾ ਹੈ। 1 ਅਗਸਤ ਨੂੰ ਲੋਕਮਾਨਯ ਬਾਲ ਗੰਗਾਧਰ ਤਿਲਕ ਦੀ ਬਰਸੀ ਹੁੰਦੀ ਹੈ। ਇਸੇ ਮਹੀਨੇ 8 ਅਗਸਤ ਨੂੰ ਗਾਂਧੀ ਜੀ ਦੀ ਅਗਵਾਈ ਵਿੱਚ ‘ਭਾਰਤ ਛੱਡੋ ਅੰਦੋਲਨ’ ਦੀ ਸ਼ੁਰੂਆਤ ਹੋਈ ਸੀ। ਫਿਰ ਆਉਂਦਾ ਹੈ 15 ਅਗਸਤ, ਸਾਡਾ ਆਜ਼ਾਦੀ ਦਿਵਸ। ਅਸੀਂ ਆਪਣੇ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰਦੇ ਹਾਂ, ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹਾਂ, ਲੇਕਿਨ ਸਾਥੀਓ ਸਾਡੀ ਆਜ਼ਾਦੀ ਦੇ ਨਾਲ ਦੇਸ਼ ਦੀ ਵੰਡ ਦੀ ਟੀਸ ਵੀ ਜੁੜੀ ਹੋਈ ਹੈ। ਇਸ ਲਈ ਅਸੀਂ 14 ਅਗਸਤ ਨੂੰ ‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ ਦੇ ਰੂਪ ਵਿੱਚ ਮਨਾਉਂਦੇ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, 7 ਅਗਸਤ 1905 ਨੂੰ ਇਕ ਹੋਰ ਕ੍ਰਾਂਤੀ ਦੀ ਸ਼ੁਰੂਆਤ ਹੋਈ ਸੀ। ਸਵਦੇਸ਼ੀ ਅੰਦੋਲਨ ਨੇ ਸਥਾਨਕ ਉਤਪਾਦਾਂ ਅਤੇ ਖਾਸ ਕਰਕੇ ਹੈਂਡਲੂਮ ਨੂੰ ਇਕ ਨਵੀਂ ਊਰਜਾ ਦਿੱਤੀ ਸੀ। ਇਸੇ ਯਾਦ ਵਿੱਚ ਦੇਸ਼ ਹਰ ਸਾਲ 7 ਅਗਸਤ ਨੂੰ ‘ਨੈਸ਼ਨਲ ਹੈਂਡਲੂਮ ਡੇਅ’ ਮਨਾਉਂਦਾ ਹੈ। ਇਸ ਸਾਲ 7 ਅਗਸਤ ਨੂੰ ‘ਨੈਸ਼ਨਲ ਹੈਂਡਲੂਮ ਡੇਅ’ ਦੇ 10 ਸਾਲ ਪੂਰੇ ਹੋ ਰਹੇ ਹਨ। ਆਜ਼ਾਦੀ ਦੀ ਲੜਾਈ ਦੇ ਸਮੇਂ ਜਿਵੇਂ ਸਾਡੀ ਖਾਦੀ ਨੇ ਆਜ਼ਾਦੀ ਦੇ ਅੰਦੋਲਨ ਨੂੰ ਨਵੀਂ ਤਾਕਤ ਦਿੱਤੀ ਸੀ, ਉਂਝ ਹੀ ਅੱਜ ਜਦੋਂ ਦੇਸ਼ ਵਿਕਸਿਤ ਭਾਰਤ ਬਣਨ ਦੇ ਲਈ ਕਦਮ ਵਧਾ ਰਿਹਾ ਹੈ ਤਾਂ ਟੈਕਸਟਾਈਲ ਸੈਕਟਰ ਦੇਸ਼ ਦੀ ਤਾਕਤ ਬਣ ਰਿਹਾ ਹੈ। ਇਨ੍ਹਾਂ 10 ਸਾਲਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਇਸ ਸੈਕਟਰ ਨਾਲ ਜੁੜੇ ਲੱਖਾਂ ਲੋਕਾਂ ਨੇ ਸਫਲਤਾਵਾਂ ਦੀਆਂ ਕਈ ਗਾਥਾਵਾਂ ਲਿਖੀਆਂ ਹਨ। ਮਹਾਰਾਸ਼ਟਰ ਦੇ ਪੈਠਨ ਪਿੰਡ ਦੀ ਕਵਿਤਾ ਧਵਲੇ ਪਹਿਲਾਂ ਇਕ ਛੋਟੇ ਜਿਹੇ ਕਮਰੇ ਵਿੱਚ ਕੰਮ ਕਰਦੀ ਸੀ - ਨਾ ਜਗ੍ਹਾ ਸੀ ਅਤੇ ਨਾ ਹੀ ਸਹੂਲਤ। ਸਰਕਾਰ ਤੋਂ ਮਦਦ ਮਿਲੀ, ਹੁਣ ਉਨ੍ਹਾਂ ਦਾ ਹੁਨਰ ਉਡਾਰੀ ਭਰ ਰਿਹਾ ਹੈ। ਉਹ ਤਿੰਨ ਗੁਣਾਂ ਜ਼ਿਆਦਾ ਕਮਾ ਰਹੇ ਹਨ। ਖੁਦ ਆਪਣੀਆਂ ਬਣਾਈਆਂ ਪੈਠਨੀ ਸਾੜ੍ਹੀਆਂ ਵੇਚ ਰਹੀ ਹੈ। ਉੜੀਸਾ ਦੇ ਮਯੂਰਭੰਜ ਵਿੱਚ ਵੀ ਸ਼ਫਲਤਾ ਦੀ ਅਜਿਹੀ ਹੀ ਕਹਾਣੀ ਹੈ। ਇੱਥੇ 650 ਤੋਂ ਜ਼ਿਆਦਾ ਆਦਿਵਾਸੀ ਮਹਿਲਾਵਾਂ ਨੇ ਸੰਥਾਲੀ ਸਾੜ੍ਹੀ ਨੂੰ ਫਿਰ ਸੁਰਜੀਤ ਕੀਤਾ ਹੈ। ਹੁਣ ਇਹ ਮਹਿਲਾਵਾਂ ਹਰ ਮਹੀਨੇ ਹਜ਼ਾਰਾਂ ਰੁਪਏ ਕਮਾ ਰਹੀਆਂ ਹਨ। ਇਹ ਸਿਰਫ ਕੱਪੜਾ ਹੀ ਨਹੀਂ ਬਣਾ ਰਹੀਆਂ, ਆਪਣੀ ਪਛਾਣ ਘੜ੍ਹ ਰਹੀਆਂ ਹਨ। ਬਿਹਾਰ ਦੇ ਨਾਲੰਦਾ ਤੋਂ ਨਵੀਨ ਕੁਮਾਰ ਦੀ ਪ੍ਰਾਪਤੀ ਵੀ ਪ੍ਰੇਰਣਾਦਾਈ ਹੈ। ਉਨ੍ਹਾਂ ਦਾ ਪਰਿਵਾਰ ਪੀੜ੍ਹੀਆਂ ਤੋਂ ਇਸ ਕੰਮ ਨਾਲ ਜੁੜਿਆ ਹੈ, ਲੇਕਿਨ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਹੁਣ ਇਸ ਖੇਤਰ ਵਿੱਚ ਆਧੁਨਿਕਤਾ ਨੂੰ ਵੀ ਸ਼ਾਮਿਲ ਕੀਤਾ ਹੈ। ਹੁਣ ਉਨ੍ਹਾਂ ਦੇ ਬੱਚੇ ਹੈਂਡਲੂਮ ਟੈਕਨੋਲੋਜੀ ਦੀ ਪੜ੍ਹਾਈ ਕਰ ਰਹੇ ਹਨ, ਵੱਡੇ ਬ੍ਰੈਂਡ ’ਚ ਕੰਮ ਕਰ ਰਹੇ ਹਨ। ਇਹ ਬਦਲਾਅ ਸਿਰਫ ਇਕ ਪਰਿਵਾਰ ਦਾ ਨਹੀਂ ਹੈ, ਇਹ ਆਲੇ-ਦੁਆਲੇ ਦੇ ਅਨੇਕਾਂ ਪਰਿਵਾਰਾਂ ਨੂੰ ਅੱਗੇ ਵਧਾ ਰਿਹਾ ਹੈ।
ਸਾਥੀਓ, ਟੈਕਸਟਾਈਲ ਭਾਰਤ ਦਾ ਸਿਰਫ ਇਕ ਸੈਕਟਰ ਨਹੀਂ ਹੈ, ਇਹ ਸਾਡੀ ਸੰਸਕ੍ਰਿਤਕ ਵਿਭਿੰਨਤਾ ਦੀ ਮਿਸਾਲ ਹੈ। ਅੱਜ ਟੈਕਸਟਾਈਲ ਅਤੇ Apparel ਮਾਰਕੀਟ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਸ ਵਿਕਾਸ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਪਿੰਡਾਂ ਦੀਆਂ ਮਹਿਲਾਵਾਂ, ਸ਼ਹਿਰਾਂ ਦੇ ਡਿਜ਼ਾਈਨਰ, ਬਜ਼ੁਰਗ ਬੁਨਕਰ ਅਤੇ ਸਟਾਰਟਅੱਪ ਸ਼ੁਰੂ ਕਰਨ ਵਾਲੇ ਸਾਡੇ ਨੌਜਵਾਨ ਸਾਰੇ ਮਿਲ ਕੇ ਇਸ ਨੂੰ ਅੱਗੇ ਵਧਾ ਰਹੇ ਹਨ। ਅੱਜ ਭਾਰਤ ਵਿੱਚ ਤਿੰਨ ਹਜ਼ਾਰ ਤੋਂ ਜ਼ਿਆਦਾ ਟੈਕਸਟਾਈਲ ਸਟਾਰਟਅੱਪ ਸਰਗਰਮ ਹਨ। ਕਈ ਸਟਾਰਟਅੱਪਸ ਨੇ ਭਾਰਤ ਦੀ ਹੈਂਡਲੂਮ ਪਛਾਣ ਨੂੰ ਵੈਸ਼ਵਿਕ ਉਚਾਈਆਂ ’ਤੇ ਪਹੁੰਚਾਇਆ ਹੈ। ਸਾਥੀਓ, 2047 ਦੇ ਵਿਕਸਿਤ ਭਾਰਤ ਦਾ ਰਸਤਾ ਆਤਮ-ਨਿਰਭਰਤਾ ਤੋਂ ਹੋ ਕੇ ਲੰਘਦਾ ਹੈ ਅਤੇ ‘ਆਤਮ-ਨਿਰਭਰ’ ਭਾਰਤ ਦਾ ਸਭ ਤੋਂ ਵੱਡਾ ਅਧਾਰ ਹੈ - ‘ਵੋਕਲ ਫਾਰ ਲੋਕਲ’। ਜੋ ਚੀਜ਼ਾਂ ਭਾਰਤ ਵਿੱਚ ਬਣੀਆਂ ਹੋਣ, ਜਿਸ ਨੂੰ ਬਣਾਉਣ ਵਿੱਚ ਕਿਸੇ ਭਾਰਤੀ ਦਾ ਪਸੀਨਾ ਵਗਿਆ ਹੋਵੇ, ਉਹੀ ਖਰੀਦੀਏ ਤੇ ਉਹੀ ਵੇਚੀਏ, ਇਹ ਸਾਡਾ ਸੰਕਲਪ ਹੋਣਾ ਚਾਹੀਦਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਦੀ ਵਿਭਿੰਨਤਾ ਦੀ ਸਭ ਤੋਂ ਖੂਬਸੂਰਤ ਝਲਕ ਸਾਡੇ ਲੋਕ ਗੀਤਾਂ ਅਤੇ ਰਵਾਇਤਾਂ ਵਿੱਚ ਮਿਲਦੀ ਹੈ, ਇਸੇ ਦਾ ਹਿੱਸਾ ਹੁੰਦਾ ਹੈ ਸਾਡੇ ਭਜਨ ਅਤੇ ਕੀਰਤਨ। ਕੀ ਤੁਸੀਂ ਕਦੇ ਸੁਣਿਆ ਹੈ ਕਿ ਕੀਰਤਨ ਦੇ ਜ਼ਰੀਏ ਫੋਰੈਸਟ ਫਾਇਰ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ? ਸ਼ਾਇਦ ਤੁਹਾਨੂੰ ਵਿਸ਼ਵਾਸ ਨਾ ਹੋਵੇ, ਲੇਕਿਨ ਓਡੀਸ਼ਾ ਦੇ ਕਯੋਂਝਰ ਜ਼ਿਲ੍ਹੇ ਵਿੱਚ ਇੱਕ ਅਨੋਖਾ ਕੰਮ ਹੋ ਰਿਹਾ ਹੈ। ਇੱਥੇ ਰਾਧਾ-ਕ੍ਰਿਸ਼ਨ ਕੀਰਤਨ ਮੰਡਲੀ ਨਾਮ ਦੀ ਇਕ ਟੋਲੀ ਹੈ, ਭਗਤੀ ਦੇ ਨਾਲ-ਨਾਲ ਇਹ ਟੋਲੀ ਅੱਜ ਵਾਤਾਵਰਣ ਸੰਭਾਲ ਦਾ ਵੀ ਮੰਤਰ ਜਪ ਰਹੀ ਹੈ। ਇਸ ਪਹਿਲ ਦੀ ਪ੍ਰੇਰਣਾ ਨੇ - ਪ੍ਰਮਿਲਾ ਪ੍ਰਧਾਨ ਜੀ। ਜੰਗਲ ਅਤੇ ਵਾਤਾਵਰਣ ਦੀ ਰੱਖਿਆ ਦੇ ਲਈ ਉਨ੍ਹਾਂ ਨੇ ਰਵਾਇਤੀ ਗੀਤਾਂ ਵਿੱਚ ਨਵੇਂ ਬੋਲ ਜੋੜੇ, ਨਵੇਂ ਸੁਨੇਹੇ ਜੋੜੇ। ਉਨ੍ਹਾਂ ਦੀ ਟੋਲੀ ਪਿੰਡ-ਪਿੰਡ ਗਈ, ਗੀਤਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਸਮਝਾਇਆ ਕਿ ਜੰਗਲ ਵਿੱਚ ਲੱਗਣ ਵਾਲੀ ਅੱਗ ਨਾਲ ਕਿੰਨਾ ਨੁਕਸਾਨ ਹੁੰਦਾ ਹੈ। ਇਹ ਉਦਾਹਰਣ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੀਆਂ ਲੋਕ-ਰਵਾਇਤਾਂ ਕੋਈ ਬੀਤੇ ਯੁਗ ਦੀ ਚੀਜ਼ ਨਹੀਂ ਹੈ। ਇਨ੍ਹਾਂ ਵਿੱਚ ਅੱਜ ਵੀ ਸਮਾਜ ਨੂੰ ਦਿਸ਼ਾ ਦੇਣ ਦੀ ਤਾਕਤ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਦੀ ਸੰਸਕ੍ਰਿਤੀ ਦਾ ਬਹੁਤ ਵੱਡਾ ਅਧਾਰ ਸਾਡੇ ਤਿਓਹਾਰ ਅਤੇ ਪਰੰਪਰਾਵਾਂ ਹਨ, ਲੇਕਿਨ ਸਾਡੀ ਸੰਸਕ੍ਰਿਤੀ ਦੀ ਜੀਵੰਤਤਾ ਦਾ ਇਕ ਹੋਰ ਪੱਖ ਹੈ - ਇਹ ਪੱਖ ਹੈ ਆਪਣੇ ਵਰਤਮਾਨ ਅਤੇ ਆਪਣੇ ਇਤਿਹਾਸ ਨੂੰ ਡਾਕੂਮੈਂਟ ਕਰਦੇ ਰਹਿਣਾ। ਸਾਡੀ ਅਸਲੀ ਤਾਕਤ ਤਾਂ ਗਿਆਨ ਹੈ, ਜਿਸ ਨੂੰ ਸਦੀਆਂ ਤੋਂ ਹੱਥ-ਲਿਖਤਾਂ ਦੇ ਰੂਪ ਵਿੱਚ ਸੰਭਾਲਿਆ ਗਿਆ ਹੈ। ਇਨ੍ਹਾਂ ਹੱਥ-ਲਿਖਤਾਂ ਵਿੱਚ ਵਿਗਿਆਨ ਹੈ, ਚਿਕਿਤਸਾ ਦੀਆਂ ਪੱਦਤੀਆਂ ਹਨ, ਸੰਗੀਤ ਹੈ, ਦਰਸ਼ਨ ਹੈ ਅਤੇ ਸਭ ਤੋਂ ਵੱਡੀ ਗੱਲ ਉਹ ਸੋਚ ਹੈ ਜੋ ਮਨੁੱਖਤਾ ਦੇ ਭਵਿੱਖ ਨੂੰ ਰੌਸ਼ਨ ਬਣਾ ਸਕਦੀ ਹੈ। ਸਾਥੀਓ, ਅਜਿਹੇ ਅਸਧਾਰਣ ਗਿਆਨ ਨੂੰ, ਇਸ ਵਿਰਾਸਤ ਨੂੰ ਸਹੇਜਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸਾਡੇ ਦੇਸ਼ ਵਿੱਚ ਹਰ ਕਾਲ ਵਿੱਚ ਕੁਝ ਅਜਿਹੇ ਲੋਕ ਹੋਏ ਹਨ, ਜਿਨ੍ਹਾਂ ਨੇ ਇਸ ਨੂੰ ਆਪਣੀ ਸਾਧਨਾ ਬਣਾ ਦਿੱਤਾ ਹੈ। ਅਜਿਹੀ ਹੀ ਇਕ ਪ੍ਰੇਰਣਾਦਾਈ ਸ਼ਖਸੀਅਤ ਹੈ - ਮਣੀ ਮਾਰਨ ਜੀ, ਜੋ ਤਾਮਿਲ ਨਾਡੂ ਦੇ ਤੰਜਾਵੁਰ ਤੋਂ ਹਨ। ਉਨ੍ਹਾਂ ਨੂੰ ਲੱਗਿਆ ਕਿ ਜੇਕਰ ਅੱਜ ਦੀ ਪੀੜ੍ਹੀ ਤਮਿਲ ਹੱਥ-ਲਿਖਤਾਂ ਪੜ੍ਹਨਾ ਨਹੀਂ ਸਿੱਖੇਗੀ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਵਡਮੁੱਲੀ ਧ੍ਰੋਹਰ ਗੁਆਚ ਜਾਵੇਗੀ, ਇਸ ਲਈ ਉਨ੍ਹਾਂ ਨੇ ਸ਼ਾਮ ਨੂੰ ਕਲਾਸਾਂ ਸ਼ੁਰੂ ਕੀਤੀਆਂ, ਜਿੱਥੇ ਵਿਦਿਆਰਥੀ, ਨੌਕਰੀਪੇਸ਼ਾ ਨੌਜਵਾਨ, ਰਿਸਰਚਰ ਸਭ ਇੱਥੇ ਆ ਕੇ ਸਿੱਖਣ ਲੱਗੇ। ਮਣੀ ਮਾਰਨ ਜੀ ਨੇ ਲੋਕਾਂ ਨੂੰ ਸਿਖਾਇਆ ਕਿ ਤਮਿਲ ਸੁਵਾਦੀਯਲ ਯਾਨੀ palm leaf manuscripts ਨੂੰ ਪੜ੍ਹਨ ਅਤੇ ਸਮਝਣ ਦਾ ਢੰਗ ਕੀ ਹੁੰਦਾ ਹੈ। ਅੱਜ ਅਨੇਕਾਂ ਯਤਨਾਂ ਨਾਲ ਕਈ ਵਿਦਿਆਰਥੀ ਇਸ ਵਿਧਾ ਵਿੱਚ ਮਾਹਿਰ ਹੋ ਚੁੱਕੇ ਹਨ। ਕੁਝ ਵਿਦਿਆਰਥੀਆਂ ਨੇ ਤਾਂ ਇਨ੍ਹਾਂ ਹੱਥ-ਲਿਖਤਾਂ ਦੇ ਅਧਾਰ ’ਤੇ ਟਰੈਡੀਸ਼ਨਲ ਮੈਡੀਸਨ ਸਿਸਟਮ ’ਤੇ ਰੀਸਰਚ ਵੀ ਸ਼ੁਰੂ ਕਰ ਦਿੱਤੀ ਹੈ। ਸਾਥੀਓ, ਸੋਚੋ ਜੇਕਰ ਅਜਿਹਾ ਯਤਨ ਦੇਸ਼ ਭਰ ਵਿੱਚ ਹੋਵੇ ਤਾਂ ਸਾਡਾ ਪੁਰਾਤਨ ਗਿਆਨ ਸਿਰਫ ਦੀਵਾਰਾਂ ਵਿੱਚ ਬੰਦ ਨਹੀਂ ਰਹੇਗਾ, ਉਹ ਨਵੀਂ ਪੀੜ੍ਹੀ ਦੀ ਚੇਤਨਾ ਦਾ ਹਿੱਸਾ ਬਣ ਜਾਵੇਗਾ। ਇਸੇ ਸੋਚ ਤੋਂ ਪ੍ਰੇਰਿਤ ਹੋ ਕੇ ਭਾਰਤ ਸਰਕਾਰ ਨੇ ਇਸ ਸਾਲ ਦੇ ਬਜਟ ਵਿੱਚ ਇਕ ਇਤਿਹਾਸਕ ਪਹਿਲ ਦੀ ਘੋਸ਼ਣਾ ਕੀਤੀ ਹੈ ‘ਗਿਆਨ ਭਾਰਤਮ ਮਿਸ਼ਨ’। ਇਸ ਮਿਸ਼ਨ ਦੇ ਤਹਿਤ ਪੁਰਾਣੀਆਂ ਹੱਥ-ਲਿਖਤਾਂ ਨੂੰ ਡਿਜੀਟਾਈਜ਼ ਕੀਤਾ ਜਾਵੇਗਾ। ਫਿਰ ਇਕ ਨੈਸ਼ਨਲ ਡਿਜੀਟਲ ਰੈਪੋਸਿਟਰੀ ਬਣਾਈ ਜਾਵੇਗੀ, ਜਿੱਥੇ ਦੁਨੀਆਂ ਭਰ ਦੇ ਵਿਦਿਆਰਥੀ, ਖੋਜਕਰਤਾ ਭਾਰਤੀ ਗਿਆਨ ਦੀ ਪ੍ਰੰਪਰਾ ਨਾਲ ਜੁੜ ਸਕਣਗੇ। ਮੇਰਾ ਵੀ ਤੁਹਾਨੂੰ ਸਾਰਿਆਂ ਨੂੰ ਅਨੁਰੋਧ ਹੈ ਕਿ ਜੇਕਰ ਤੁਸੀਂ ਕਿਸੇ ਅਜਿਹੇ ਯਤਨ ਨਾਲ ਜੁੜੇ ਹੋ ਜਾਂ ਜੁੜਨਾ ਚਾਹੁੰਦੇ ਹੋ ਤਾਂ MyGov ਜਾਂ ਸੰਸਕ੍ਰਿਤੀ ਮੰਤਰਾਲੇ ਨਾਲ ਜ਼ਰੂਰ ਸੰਪਰਕ ਕਰੋ, ਕਿਉਂਕਿ ਇਹ ਸਿਰਫ ਹੱਥ-ਲਿਖਤਾਂ ਨਹੀਂ ਹਨ, ਇਹ ਭਾਰਤ ਦੀ ਆਤਮਾ ਦੇ ਉਹ ਅਧਿਆਇ ਹਨ, ਜਿਨ੍ਹਾਂ ਨੂੰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੜ੍ਹਾਉਣਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਤੁਹਾਡੇ ਆਲੇ-ਦੁਆਲੇ ਕਿੰਨੇ ਤਰ੍ਹਾਂ ਦੇ ਪੰਛੀ ਹਨ, ਚਿੜੀਆਂ ਹਨ - ਤਾਂ ਤੁਸੀਂ ਕੀ ਕਹੋਗੇ। ਸ਼ਾਇਦ ਇਹੀ ਕਿ ਮੈਨੂੰ ਤਾਂ ਰੋਜ਼ 5-6 ਪੰਛੀ ਦਿਸ ਹੀ ਜਾਂਦੇ ਹਨ ਜਾਂ ਚਿੜੀਆਂ ਦਿਸ ਹੀ ਜਾਂਦੀਆਂ ਹਨ - ਕੁਝ ਜਾਣੀਆਂ-ਪਛਾਣੀਆਂ ਹੁੰਦੀਆਂ ਹਨ ਕੁਝ ਅਣਜਾਣੀਆਂ। ਲੇਕਿਨ ਇਹ ਜਾਨਣਾ ਬਹੁਤ ਦਿਲਚਸਪ ਹੁੰਦਾ ਹੈ ਕਿ ਸਾਡੇ ਆਲੇ-ਦੁਆਲੇ ਪੰਛੀਆਂ ਦੀਆਂ ਕਿਹੜੀਆਂ-ਕਿਹੜੀਆਂ ਪ੍ਰਜਾਤੀਆਂ ਰਹਿੰਦੀਆਂ ਹਨ। ਹੁਣੇ ਜਿਹੇ ਹੀ ਇਕ ਅਜਿਹਾ ਹੀ ਸ਼ਾਨਦਾਰ ਯਤਨ ਹੋਇਆ ਹੈ। ਜਗ੍ਹਾ ਹੈ - ਅਸਮ ਦਾ ‘ਕਾਜ਼ੀਰੰਗਾ ਨੈਸ਼ਨਲ ਪਾਰਕ’। ਵੈਸੇ ਤਾਂ ਇਹ ਇਲਾਕਾ ਆਪਣੇ ਗੈਂਡਿਆਂ ਦੇ ਲਈ ਮਸ਼ਹੂਰ ਹੈ, ਲੇਕਿਨ ਇਸ ਵਾਰ ਚਰਚਾ ਦਾ ਵਿਸ਼ਾ ਬਣਿਆ ਹੈ, ਇੱਥੋਂ ਦੇ ਘਾਹ ਦੇ ਮੈਦਾਨ ਅਤੇ ਉਨ੍ਹਾਂ ’ਚ ਰਹਿਣ ਵਾਲੀਆਂ ਚਿੜੀਆਂ। ਇੱਥੇ ਪਹਿਲੀ ਵਾਰ ਘਾਹ ਵਿੱਚ ਰਹਿਣ ਵਾਲੇ ਪੰਛੀਆਂ ਦੀ ਗਿਣਤੀ ਹੋਈ ਹੈ। ਤੁਸੀਂ ਜਾਣ ਕੇ ਖੁਸ਼ ਹੋਵੋਗੇ ਕਿ ਇਸ ਗਿਣਤੀ ਦੀ ਵਜ੍ਹਾ ਨਾਲ ਪੰਛੀਆਂ ਦੀਆਂ 40 ਤੋਂ ਜ਼ਿਆਦਾ ਪ੍ਰਜਾਤੀਆਂ ਦੀ ਪਛਾਣ ਹੋਈ ਹੈ, ਇਨ੍ਹਾਂ ’ਚ ਕਈ ਦੁਰਲੱਭ ਪੰਛੀ ਸ਼ਾਮਿਲ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੇ ਪੰਛੀ ਕਿਵੇਂ ਪਛਾਣ ਵਿੱਚ ਆਏ। ਇਸ ਵਿੱਚ ਟੈਕਨੋਲੋਜੀ ਨੇ ਕਮਾਲ ਕੀਤਾ। ਗਿਣਤੀ ਕਰਨ ਵਾਲੀ ਟੀਮ ਨੇ ਆਵਾਜ਼ ਰਿਕਾਰਡ ਕਰਨ ਵਾਲੇ ਯੰਤਰ ਲਗਾਏ, ਫਿਰ ਕੰਪਿਊਟਰ ਨਾਲ ਉਨ੍ਹਾਂ ਆਵਾਜ਼ਾਂ ਦਾ ਵਿਸ਼ਲੇਸ਼ਣ ਕੀਤਾ, 19 ਦੀ ਵਰਤੋਂ ਕੀਤੀ। ਸਿਰਫ ਆਵਾਜ਼ਾਂ ਨਾਲ ਹੀ ਪੰਛੀਆਂ ਦੀ ਪਛਾਣ ਹੋ ਗਈ, ਉਹ ਵੀ ਬਗੈਰ ਉਨ੍ਹਾਂ ਨੂੰ ਡਿਸਟਰਬ ਕੀਤੇ। ਸੋਚੋ ਟੈਕਨੋਲੋਜੀ ਅਤੇ ਸੰਵੇਦਨਸ਼ੀਲਤਾ ਜਦੋਂ ਵੀ ਇਕੱਠੇ ਆਉਂਦੇ ਹਨ ਤਾਂ ਕੁਦਰਤ ਨੂੰ ਸਮਝਣਾ ਕਿੰਨਾ ਅਸਾਨ ਅਤੇ ਡੂੰਘਾ ਹੋ ਜਾਂਦਾ ਹੈ। ਸਾਨੂੰ ਅਜਿਹੇ ਯਤਨਾਂ ਨੂੰ ਵਧਾਵਾ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਜੀਵ-ਵਿਭਿੰਨਤਾ ਨੂੰ ਪਛਾਣ ਸਕੀਏ ਅਤੇ ਅਗਲੀ ਪੀੜ੍ਹੀ ਨੂੰ ਇਸ ਨਾਲ ਜੋੜ ਸਕੀਏ।
ਮੇਰੇ ਪਿਆਰੇ ਦੇਸ਼ਵਾਸੀਓ, ਕਦੇ-ਕਦੇ ਸਭ ਤੋਂ ਵੱਡੀ ਰੋਸ਼ਨੀ ਉੱਥੋਂ ਦੀ ਪੈਦਾ ਹੁੰਦੀ ਹੈ, ਜਿੱਥੇ ਹਨ੍ਹੇਰੇ ਨੇ ਸਭ ਤੋਂ ਜ਼ਿਆਦਾ ਡੇਰਾ ਜਮਾਇਆ ਹੋਵੇ। ਅਜਿਹਾ ਹੀ ਇਕ ਉਦਾਹਰਣ ਹੈ ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦਾ। ਇਕ ਸਮਾਂ ਸੀ, ਜਦੋਂ ਇਹ ਇਲਾਕਾ ਮਾਓਵਾਦੀ ਹਿੰਸਾ ਦੇ ਲਈ ਜਾਣਿਆ ਜਾਂਦਾ ਸੀ। ਬਾਸੀਆ ਬਲਾਕ ਦੇ ਪਿੰਡ ਵੀਰਾਨ ਹੋ ਰਹੇ ਸਨ, ਲੋਕ ਡਰ ਦੇ ਸਾਏ ’ਚ ਜਿਊਂਦੇ ਸਨ, ਰੋਜ਼ਗਾਰ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਸੀ, ਜ਼ਮੀਨਾਂ ਖਾਲੀ ਪਈਆਂ ਸਨ, ਨੌਜਵਾਨ ਉੱਥੋਂ ਕੂਚ ਕਰ ਰਹੇ ਹਨ, ਲੇਕਿਨ ਫਿਰ ਬਦਲਾਅ ਦੀ ਇਕ ਬਹੁਤ ਸ਼ਾਂਤ ਅਤੇ ਧੀਰਜ ਨਾਲ ਭਰੀ ਸ਼ੁਰੂਆਤ ਹੋਈ। ਓਮ ਪ੍ਰਕਾਸ਼ ਸਾਹੂ ਜੀ ਨਾਮ ਦੇ ਇਕ ਨੌਜਵਾਨ ਨੇ ਹਿੰਸਾ ਦਾ ਰਸਤਾ ਛੱਡ ਦਿੱਤਾ। ਉਨ੍ਹਾਂ ਨੇ ਮੱਛੀ ਪਾਲਣ ਸ਼ੁਰੂ ਕੀਤਾ, ਫਿਰ ਆਪਣੇ ਵਰਗੇ ਕਈ ਸਾਥੀਆਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਇਸ ਯਤਨ ਦਾ ਅਸਰ ਵੀ ਹੋਇਆ ਜੋ ਪਹਿਲਾਂ ਬੰਦੂਕ ਫੜ੍ਹ ਕੇ ਬੈਠੇ ਸਨ, ਹੁਣ ਮੱਛੀ ਫੜ੍ਹਨ ਵਾਲਾ ਜਾਲ ਉਨ੍ਹਾਂ ਦੇ ਹੱਥ ਵਿੱਚ ਹੈ।
ਸਾਥੀਓ, ਓਮ ਪ੍ਰਕਾਸ਼ ਸਾਹੂ ਜੀ ਦੀ ਸ਼ੁਰੂਆਤ ਅਸਾਨ ਨਹੀਂ ਸੀ। ਵਿਰੋਧ ਹੋਇਆ, ਧਮਕੀਆਂ ਮਿਲੀਆਂ ਪਰ ਹੌਂਸਲਾ ਨਹੀਂ ਟੁੱਟਿਆ। ਜਦ ‘ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ ਆਈ ਤਾਂ ਉਨ੍ਹਾਂ ਨੂੰ ਨਵੀਂ ਤਾਕਤ ਮਿਲੀ। ਸਰਕਾਰ ਤੋਂ ਟ੍ਰੇਨਿੰਗ ਮਿਲੀ, ਤਲਾਬ ਬਣਾਉਣ ’ਚ ਮਦਦ ਮਿਲੀ ਅਤੇ ਵੇਖਦੇ ਹੀ ਵੇਖਦੇ ਗੁਮਲਾ ਵਿੱਚ ਮੱਛੀ ਕ੍ਰਾਂਤੀ ਦੀ ਸ਼ੁਰੂਆਤ ਹੋ ਗਈ। ਅੱਜ ਬਾਸੀਆ ਬਲਾਕ ਦੇ 150 ਤੋਂ ਜ਼ਿਆਦਾ ਪਰਿਵਾਰ ਮੱਛੀ ਪਾਲਣ ਨਾਲ ਜੁੜ ਚੁੱਕੇ ਹਨ। ਕਈ ਤਾਂ ਅਜਿਹੇ ਲੋਕ ਹਨ ਜੋ ਕਦੇ ਨਕਸਲੀ ਸੰਗਠਨ ਵਿੱਚ ਸਨ, ਹੁਣ ਉਹ ਪਿੰਡ ਵਿੱਚ ਹੀ ਸਨਮਾਨ ਨਾਲ ਜੀਵਨ ਜੀਅ ਰਹੇ ਹਨ ਅਤੇ ਦੂਸਰਿਆਂ ਨੂੰ ਰੋਜ਼ਗਾਰ ਦੇ ਰਹੇ ਹਨ। ਗੁਮਲਾ ਦੀ ਇਹ ਯਾਤਰਾ ਸਾਨੂੰ ਸਿਖਾਉਂਦੀ ਹੈ - ਜੇਕਰ ਰਸਤਾ ਸਹੀ ਹੋਵੇ ਅਤੇ ਮਨ ਵਿੱਚ ਭਰੋਸਾ ਹੋਵੇ ਤਾਂ ਸਭ ਤੋਂ ਮੁਸ਼ਕਿਲ ਹਾਲਾਤ ਵਿੱਚ ਵੀ ਵਿਕਾਸ ਦਾ ਦੀਵਾ ਜਗ ਸਕਦਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਕੀ ਤੁਸੀਂ ਜਾਣਦੇ ਹੋ ਓਲੰਪਿਕ ਤੋਂ ਬਾਅਦ ਸਭ ਤੋਂ ਵੱਡਾ ਖੇਡ ਆਯੋਜਨ ਕਿਹੜਾ ਹੁੰਦਾ ਹੈ? ਇਸ ਦਾ ਉੱਤਰ ਹੈ ‘ਵਰਲਡ ਪੁਲਿਸ ਐਂਡ ਫਾਇਰ ਗੇਮਸ’। ਦੁਨੀਆ ਭਰ ਦੇ ਪੁਲਿਸ ਕਰਮਚਾਰੀ, ਫਾਇਰ ਫਾਈਟਰ, ਸਕਿਓਰਟੀ ਨਾਲ ਜੁੜੇ ਲੋਕ ਉਨ੍ਹਾਂ ਵਿੱਚ ਹੋਣ ਵਾਲਾ ਸਪੋਰਟਸ ਟੂਰਨਾਮੈਂਟ, ਇਸ ਵਾਰ ਇਹ ਟੂਰਨਾਮੈਂਟ ਅਮਰੀਕਾ ਵਿੱਚ ਹੋਇਆ ਅਤੇ ਇਸ ਵਿੱਚ ਭਾਰਤ ਨੇ ਇਤਿਹਾਸ ਰਚ ਦਿੱਤਾ। ਭਾਰਤ ਨੇ ਲੱਗਭਗ 600 ਮੈਡਲ ਜਿੱਤੇ। 71 ਦੇਸ਼ਾਂ ਵਿੱਚੋਂ ਅਸੀਂ ਟੌਪ-3 ਵਿੱਚ ਪਹੁੰਚੇ। ਉਨ੍ਹਾਂ ਵਰਦੀਧਾਰੀਆਂ ਦੀ ਮਿਹਨਤ ਰੰਗ ਲਿਆਈ ਜੋ ਦਿਨ-ਰਾਤ ਦੇਸ਼ ਦੇ ਲਈ ਖੜ੍ਹੇ ਰਹਿੰਦੇ ਹਨ। ਸਾਡੇ ਸਾਥੀ ਹੁਣ ਖੇਡ ਦੇ ਮੈਦਾਨ ਵਿੱਚ ਵੀ ਝੰਡਾ ਬੁਲੰਦ ਕਰ ਰਹੇ ਹਨ। ਮੈਂ ਸਾਰੇ ਖਿਡਾਰੀਆਂ ਅਤੇ ਕੋਚਿੰਗ ਟੀਮ ਨੂੰ ਵਧਾਈ ਦਿੰਦਾ ਹਾਂ। ਵੈਸੇ ਤੁਹਾਡੇ ਲਈ ਇਹ ਵੀ ਜਾਨਣਾ ਦਿਲਚਸਪ ਹੋਵੇਗਾ ਕਿ 2029 ਵਿੱਚ ਇਹ ਖੇਡਾਂ ਭਾਰਤ ’ਚ ਹੋਣਗੀਆਂ। ਦੁਨੀਆਂ ਭਰ ਤੋਂ ਖਿਡਾਰੀ ਸਾਡੇ ਦੇਸ਼ ਵਿੱਚ ਆਉਣਗੇ। ਅਸੀਂ ਉਨ੍ਹਾਂ ਨੂੰ ਭਾਰਤ ਦੀ ਪ੍ਰਾਹੁਣਚਾਰੀ ਵਿਖਾਵਾਂਗੇ। ਆਪਣੀ ਖੇਡ ਸੰਸਕ੍ਰਿਤੀ ਤੋਂ ਜਾਣੂ ਕਰਾਵਾਂਗੇ।
ਸਾਥੀਓ, ਪਿਛਲੇ ਦਿਨੀਂ ਮੈਨੂੰ ਕਈ ਨੌਜਵਾਨ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸੁਨੇਹੇ ਮਿਲੇ ਹਨ। ਇਨ੍ਹਾਂ ਵਿੱਚ ‘ਖੇਲੋ ਭਾਰਤ ਨੀਤੀ 2025’ ਦੀ ਖੂਬ ਸ਼ਲਾਘਾ ਕੀਤੀ ਗਈ ਹੈ। ਇਸ ਨੀਤੀ ਦਾ ਟੀਚਾ ਸਾਫ ਹੈ - ਭਾਰਤ ਨੂੰ ਸਪੋਰਟਿੰਗ ਸੁਪਰ ਪਾਵਰ ਬਣਾਉਣਾ। ਪਿੰਡ, ਗਰੀਬ ਅਤੇ ਬੇਟੀਆਂ ਇਸ ਨੀਤੀ ਦੀ ਪਹਿਲ ਹੈ। ਸਕੂਲ ਅਤੇ ਕਾਲਜ ਹੁਣ ਖੇਡ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਗੇ। ਖੇਡਾਂ ਨਾਲ ਜੁੜੇ ਸਟਾਰਟਅੱਪ, ਭਾਵੇਂ ਉਹ ਸਪੋਰਟਸ ਮੈਨੇਜਮੈਂਟਸ ਹੋਣ ਜਾਂ ਮੈਨੂਫੈਕਚਰਿੰਗ ਨਾਲ ਜੁੜੇ ਹੋਣ - ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ। ਸੋਚੋ, ਜਦੋਂ ਦੇਸ਼ ਦਾ ਨੌਜਵਾਨ ਖੁਦ ਦੇ ਬਣਾਏ ਰੈਕੇਟ, ਬੈਟ ਅਤੇ ਬਾਲ ਨਾਲ ਖੇਡੇਗਾ ਤਾਂ ਆਤਮ-ਨਿਰਭਰਤਾ ਦੇ ਮਿਸ਼ਨ ਨੂੰ ਕਿੰਨੀ ਵੱਡੀ ਤਾਕਤ ਮਿਲੇਗੀ। ਸਾਥੀਓ, ਖੇਡ ਟੀਮ ਸਪੀਰਿਟ ਪੈਦਾ ਕਰਦੇ ਹਨ। ਇਹ ਫਿਟਨੈੱਸ, ਆਤਮ-ਵਿਸ਼ਵਾਸ ਅਤੇ ਮਜਬੂਤ ਭਾਰਤ ਦੇ ਨਿਰਮਾਣ ਦਾ ਰਸਤਾ ਹਨ, ਇਸ ਲਈ ਖੂਬ ਖੇਡੋ, ਖੂਬ ਖਿੜੋ।
ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਲੋਕਾਂ ਨੂੰ ਕਦੇ-ਕਦੇ ਕੋਈ ਕੰਮ ਨਾਮੁਮਕਿਨ ਜਿਹਾ ਲੱਗਦਾ ਹੈ। ਲੱਗਦਾ ਹੈ ਕਿ ਇਹ ਵੀ ਹੋ ਸਕੇਗਾ, ਲੇਕਿਨ ਜਦੋਂ ਦੇਸ਼ ਇਕ ਸੋਚ ’ਤੇ ਇਕੱਠਾ ਆ ਜਾਵੇ ਤਾਂ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ‘ਸਵੱਛ ਭਾਰਤ ਮਿਸ਼ਨ’ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ। ਜਲਦੀ ਹੀ ਇਸ ਮਿਸ਼ਨ ਨੂੰ 11 ਸਾਲ ਪੂਰੇ ਹੋਣਗੇ, ਲੇਕਿਨ ਇਸ ਦੀ ਤਾਕਤ ਅਤੇ ਇਸ ਦੀ ਜ਼ਰੂਰਤ ਅੱਜ ਵੀ ਉਸੇ ਤਰ੍ਹਾਂ ਦੀ ਹੈ। ਇਨ੍ਹਾਂ 11 ਸਾਲਾਂ ਵਿੱਚ ‘ਸਵੱਛ ਭਾਰਤ ਮਿਸ਼ਨ’ ਇੱਕ ਜਨ-ਅੰਦੋਲਨ ਬਣਿਆ ਹੈ। ਲੋਕ ਇਸ ਨੂੰ ਆਪਣਾ ਫਰਜ਼ ਮੰਨਦੇ ਹਨ ਅਤੇ ਇਹੀ ਤਾਂ ਅਸਲੀ ਜਨ-ਭਾਗੀਦਾਰੀ ਹੈ।
ਸਾਥੀਓ, ਹਰ ਸਾਲ ਹੋਣ ਵਾਲੇ ‘ਸਵੱਛ ਸਰਵੇਖਣ’ ਨੇ ਇਸ ਭਾਵਨਾ ਨੂੰ ਹੋਰ ਵਧਾਇਆ ਹੈ। ਇਸ ਸਾਲ ਦੇਸ਼ ਦੇ 4500 ਤੋਂ ਜ਼ਿਆਦਾ ਸ਼ਹਿਰ ਅਤੇ ਕਸਬੇ ਇਸ ਨਾਲ ਜੁੜੇ। 15 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ। ਇਹ ਕੋਈ ਆਮ ਗਿਣਤੀ ਨਹੀਂ ਹੈ। ਇਹ ਸਵੱਛ ਭਾਰਤ ਦੀ ਆਵਾਜ਼ ਹੈ।
ਸਾਥੀਓ, ਸਵੱਛਤਾ ਨੂੰ ਲੈ ਕੇ ਸਾਡੇ ਸ਼ਹਿਰ ਅਤੇ ਕਸਬੇ ਆਪਣੀਆਂ ਜ਼ਰੂਰਤਾਂ ਅਤੇ ਮਾਹੌਲ ਦੇ ਹਿਸਾਬ ਨਾਲ ਵੱਖ-ਵੱਖ ਤਰੀਕਿਆਂ ਨਾਲ ਕੰਮ ਕਰ ਰਹੇ ਹਨ। ਇਨ੍ਹਾਂ ਦਾ ਅਸਰ ਸਿਰਫ ਇਨ੍ਹਾਂ ਸ਼ਹਿਰਾਂ ਤੱਕ ਨਹੀਂ ਹੈ, ਪੂਰਾ ਦੇਸ਼ ਇਨ੍ਹਾਂ ਤਰੀਕਿਆਂ ਨੂੰ ਅਪਣਾ ਰਿਹਾ ਹੈ। ਉੱਤਰਾਖੰਡ ਵਿੱਚ ਕੀਰਤੀਨਗਰ ਦੇ ਲੋਕ ਪਹਾੜਾਂ ਵਿੱਚ ਵੇਸਟ ਮੈਨੇਜਮੈਂਟ ਦੀ ਨਵੀਂ ਮਿਸਾਲ ਕਾਇਮ ਕਰ ਰਹੇ ਹਨ। ਇੰਝ ਹੀ ਮੈਂਗਲੂਰੂ ਵਿੱਚ ਟੈਕਨੋਲੋਜੀ ਨਾਲ ਆਰਗੈਨਿਕ ਵੇਸਟ ਮੈਨੇਜਮੈਂਟ ਦਾ ਕੰਮ ਹੋ ਰਿਹਾ ਹੈ। ਅਰੁਣਾਚਲ ਵਿੱਚ ਇਕ ਛੋਟਾ ਜਿਹਾ ਸ਼ਹਿਰ ਰੋਇੰਗ ਹੈ। ਇਕ ਸਮਾਂ ਸੀ, ਜਦੋਂ ਇੱਥੇ ਲੋਕਾਂ ਦੀ ਸਿਹਤ ਦੇ ਲਈ ਵੇਸਟ ਮੈਨੇਜਮੈਂਟ ਬਹੁਤ ਵੱਡੀ ਚੁਣੌਤੀ ਸੀ। ਇੱਥੋਂ ਦੇ ਲੋਕਾਂ ਨੇ ਇਸ ਦੀ ਜ਼ਿੰਮੇਵਾਰੀ ਲਈ। ‘ਗਰੀਨ ਰੋਇੰਗ ਇਨੀਸ਼ੀਏਟਿਵ’ ਸ਼ੁਰੂ ਹੋਇਆ ਅਤੇ ਰੀ-ਸਾਈਕਲਡ ਵੇਸਟ ਨਾਲ ਪੂਰਾ ਇਕ ਪਾਰਕ ਬਣਾ ਦਿੱਤਾ ਗਿਆ। ਇੰਝ ਹੀ ਕਰਾੜ ਵਿੱਚ, ਵਿਜੇਵਾੜਾ ਵਿੱਚ ਵਾਟਰ ਮੈਨੇਜਮੈਂਟ ਦੇ ਕਈ ਨਵੇਂ ਉਦਾਹਰਣ ਬਣੇ ਹਨ। ਅਹਿਮਦਾਬਾਦ ਵਿੱਚ ਰਿਵਰ ਫਰੰਟ ਤੇ ਸਫਾਈ ਨੇ ਵੀ ਸਭ ਦਾ ਧਿਆਨ ਖਿੱਚਿਆ ਹੈ।
ਸਾਥੀਓ, ਭੋਪਾਲ ਦੀ ਇਕ ਟੀਮ ਦਾ ਨਾਮ ਹੈ ‘ਸਕਾਰਾਤਮਕ ਸੋਚ’। ਇਸ ਵਿੱਚ 200 ਮਹਿਲਾਵਾਂ ਹਨ। ਇਹ ਸਿਰਫ ਸਫਾਈ ਹੀ ਨਹੀਂ ਕਰਦੀਆਂ, ਸੋਚ ਵੀ ਬਦਲਦੀਆਂ ਹਨ, ਇਕੱਠੇ ਮਿਲ ਕੇ ਸ਼ਹਿਰ ਦੇ 17 ਪਾਰਕਾਂ ਦੀ ਸਫਾਈ ਕਰਨਾ, ਕੱਪੜੇ ਦੇ ਥੈਲੇ ਵੰਡਣਾ ਇਨ੍ਹਾਂ ਦਾ ਹਰ ਕਦਮ ’ਤੇ ਇਕ ਸੰਦੇਸ਼ ਹੈ। ਅਜਿਹੇ ਯਤਨਾਂ ਦੀ ਵਜ੍ਹਾ ਨਾਲ ਹੀ ਭੋਪਾਲ ਵੀ ਹੁਣ ਸਵੱਛ ਸਰਵੇਖਣ ਵਿੱਚ ਕਾਫੀ ਅੱਗੇ ਆ ਗਿਆ ਹੈ। ਲਖਨਊ ਦੀ ਗੋਮਤੀ ਨਦੀ ਟੀਮ ਦਾ ਜ਼ਿਕਰ ਵੀ ਜ਼ਰੂਰੀ ਹੈ। 10 ਸਾਲਾਂ ਤੋਂ ਹਰ ਐਤਵਾਰ ਬਿਨਾਂ ਥੱਕੇ, ਬਿਨਾਂ ਰੁਕੇ ਇਸ ਟੀਮ ਦੇ ਲੋਕ ਸਵੱਛਤਾ ਦੇ ਕੰਮ ਵਿੱਚ ਜੁਟੇ ਹਨ। ਛੱਤੀਸਗੜ੍ਹ ਦੇ ਬਿਲਹਾ ਦਾ ਉਦਾਹਰਣ ਵੀ ਸ਼ਾਨਦਾਰ ਹੈ। ਇੱਥੇ ਮਹਿਲਾਵਾਂ ਨੂੰ ਵੇਸਟ ਮੈਨੇਜਮੈਂਟ ਦੀ ਟਰੇਨਿੰਗ ਦਿੱਤੀ ਗਈ ਅਤੇ ਉਨ੍ਹਾਂ ਨੇ ਮਿਲ ਕੇ ਸ਼ਹਿਰ ਦੀ ਤਸਵੀਰ ਬਦਲ ਸੁੱਟੀ। ਗੋਵਾ ਦੇ ਪਣਜੀ ਸ਼ਹਿਰ ਦਾ ਉਦਾਹਰਣ ਵੀ ਪ੍ਰੇਰਕ ਹੈ। ਉੱਥੇ ਕੂੜੇ ਨੂੰ 16 ਕੈਟਾਗਰੀ ਵਿੱਚ ਵੰਡਿਆ ਜਾਂਦਾ ਹੈ ਅਤੇ ਇਸ ਦੀ ਅਗਵਾਈ ਵੀ ਮਹਿਲਾਵਾਂ ਕਰ ਰਹੀਆਂ ਹਨ। ਪਣਜੀ ਨੂੰ ਰਾਸ਼ਟਰਪਤੀ ਪੁਰਸਕਾਰ ਵੀ ਮਿਲਿਆ ਹੈ। ਸਾਥੀਓ, ਸਵੱਛਤਾ ਸਿਰਫ ਇਕ ਵਕਤ ਦਾ, ਇਕ ਦਿਨ ਦਾ ਕੰਮ ਨਹੀਂ ਹੈ। ਜਦੋਂ ਅਸੀਂ ਸਾਲ ਵਿੱਚ ਹਰ ਦਿਨ, ਹਰ ਪਲ ਸਵੱਛਤਾ ਨੂੰ ਪਹਿਲ ਦਿਆਂਗੇ ਤਾਂ ਹੀ ਦੇਸ਼ ਸਵੱਛ ਰਹਿ ਸਕੇਗਾ।
ਸਾਥੀਓ, ਸਾਵਣ ਦੀਆਂ ਫੁਹਾਰਾਂ ਦੇ ਵਿੱਚ ਦੇਸ਼ ਇਕ ਵਾਰ ਫਿਰ ਤਿਓਹਾਰਾਂ ਦੀ ਰੌਣਕ ਨਾਲ ਸਜਣ ਵਾਲਾ ਹੈ। ਅੱਜ ਹਰਿਆਲੀ ਤੀਜ ਹੈ, ਫਿਰ ਨਾਗ ਪੰਚਮੀ ਅਤੇ ਰੱਖੜੀ, ਫਿਰ ਜਨਮ ਅਸ਼ਟਮੀ ਸਾਡੇ ਨਟਖਟ ਕਾਨ੍ਹਾ ਦੇ ਜਨਮ ਦਾ ਉਤਸਵ। ਇਹ ਸਾਰੇ ਪੁਰਬ ਸਾਡੀਆਂ ਭਾਵਨਾਵਾਂ ਨਾਲ ਜੁੜੇ ਹਨ। ਇਹ ਸਾਨੂੰ ਕੁਦਰਤ ਨਾਲ ਜੁੜਾਵ ਅਤੇ ਸੰਤੁਲਨ ਦਾ ਵੀ ਸੰਦੇਸ਼ ਦਿੰਦੇ ਹਨ। ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਪਵਿੱਤਰ ਪੁਰਬਾਂ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਮੇਰੇ ਪਿਆਰੇ ਸਾਥੀਓ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕਰਦੇ ਰਹੋ। ਅਗਲੇ ਮਹੀਨੇ ਫਿਰ ਮਿਲਾਂਗੇ ਦੇਸ਼ਵਾਸੀਆਂ ਦੀਆਂ ਕੁਝ ਹੋਰ ਨਵੀਆਂ ਪ੍ਰਾਪਤੀਆਂ ਅਤੇ ਪ੍ਰੇਰਣਾਵਾਂ ਦੇ ਨਾਲ। ਆਪਣਾ ਧਿ
ਆਨ ਰੱਖਣਾ।
ਬਹੁਤ-ਬਹੁਤ ਧੰਨਵਾਦ।
*****
ਐੱਮਜੇਪੀਐੱਸ/ਐੱਸਟੀ/ਵੀਕੇ
(Release ID: 2149049)
Read this release in:
Urdu
,
Manipuri
,
English
,
Marathi
,
Hindi
,
Assamese
,
Bengali
,
Gujarati
,
Odia
,
Tamil
,
Kannada
,
Malayalam