ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਅਤੇ ਬ੍ਰਿਟਿਸ਼ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ

Posted On: 24 JUL 2025 7:38PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ, ਸਰ ਕੀਰ ਸਟਾਰਮਰ ਨੇ ਅੱਜ ਇਤਿਹਾਸਕ ਭਾਰਤ-ਬ੍ਰਿਟੇਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ [ਸੀਈਟੀਏ] 'ਤੇ ਦਸਤਖਤ ਕਰਨ ਤੋਂ ਬਾਅਦ ਭਾਰਤ ਅਤੇ ਬ੍ਰਿਟੇਨ ਦੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ। ਬੈਠਕ ਵਿੱਚ ਸਿਹਤ, ਫਾਰਮਾਸਿਊਟੀਕਲ, ਰਤਨ ਅਤੇ ਗਹਿਣੇ, ਆਟੋਮੋਬਾਈਲ, ਊਰਜਾ, ਮੈਨੁਫੈਕਚਰਿੰਗ, ਦੂਰਸੰਚਾਰ, ਟੈਕਨੋਲੋਜੀ, ਆਈਟੀ, ਲੌਜਿਸਟਿਕਸ, ਟੈਕਸਟਾਈਲ ਅਤੇ ਵਿੱਤੀ ਸੇਵਾਵਾਂ ਖੇਤਰਾਂ ਦੇ ਦੋਵੇਂ ਪਾਸਿਆਂ ਦੇ ਪ੍ਰਮੁੱਖ ਉਦਯੋਗਪਤੀ ਮੌਜੂਦ ਸਨ। ਇਹ ਖੇਤਰ ਦੋਵੇਂ ਦੇਸ਼ਾਂ ਵਿੱਚ ਰੋਜ਼ਗਾਰ ਸਿਰਜਣ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।

ਦੋਵੇਂ ਆਗੂਆਂ ਨੇ ਹਾਲ ਹੀ ਦੇ ਵਰ੍ਹਿਆਂ ਵਿੱਚ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਵਿੱਚ ਹੋਏ ਵਿਸਥਾਰ ਦਾ ਜ਼ਿਕਰ ਕੀਤਾ। ਉਦਯੋਗਪਤੀਆਂ ਦੇ ਨਾਲ ਗੱਲਬਾਤ ਕਰਦੇ ਹੋਏ, ਉਨ੍ਹਾਂ ਨੇ ਉਨ੍ਹਾਂ ਨੂੰ ਵਪਾਰ, ਨਿਵੇਸ਼ ਅਤੇ ਨਵੀਨਤਾ ਭਾਈਵਾਲੀ ਨੂੰ ਡੂੰਘਾ ਕਰਨ ਦੇ ਲਈ ਸੀਈਟੀਏ ਤੋਂ ਮਿਲਣ ਵਾਲੇ ਮੌਕਿਆਂ ਦੀ ਪੂਰੀ ਸਮਰੱਥਾ ਦਾ ਲਾਭ ਉਠਾਉਣ ਦੇ ਲਈ ਪ੍ਰੋਤਸਾਹਿਤ ਕੀਤਾ। ਦੁਵੱਲੇ ਸਹਿਯੋਗ ਨੂੰ ਵਧਾ ਕੇ ਆਰਥਿਕ ਵਿਕਾਸ ਨੂੰ ਗਤੀ ਦੇਣ ਦੀ ਆਪਣੀ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਨਵਾਂ ਸਮਝੌਤਾ ਦੋਵਾਂ ਅਰਥਵਿਵਸਥਾਵਾਂ ਅਤੇ ਵਿਸ਼ਵ ਆਰਥਿਕ ਲੈਂਡਸਕੇਪ ਵਿੱਚ ਵਪਾਰਕ ਭਾਵਨਾ ਨੂੰ ਹੁਲਾਰਾ ਦੇਵੇਗਾ। ਸੀਈਟੀਏ ਦੇ ਠੋਸ ਲਾਭਾਂ ’ਤੇ ਚਾਨਣਾ ਪਾਉਂਦੇ ਹੋਏ, ਦੋਵੇਂ ਨੇਤਾਵਾਂ ਨੇ ਦੋਵੇਂ ਦੇਸ਼ਾਂ ਦੇ ਪ੍ਰਮੁੱਖ ਉਤਪਾਦਾਂ ਅਤੇ ਨਵੀਨਤਾਵਾਂ ਦੀ ਇੱਕ ਪ੍ਰਭਾਵਸ਼ਾਲੀ ਲੜੀ ਦਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨੀਆਂ ਵਿੱਚ ਰਤਨ ਅਤੇ ਗਹਿਣੇ, ਇੰਜੀਨੀਅਰਿੰਗ ਸਮਾਨ, ਗੁਣਵੱਤਾ ਵਾਲੇ ਉਪਭੋਗਤਾ ਉਤਪਾਦ ਅਤੇ ਉੱਨਤ ਤਕਨੀਕੀ ਹੱਲ ਸ਼ਾਮਲ ਸਨ।

ਭਾਰਤ-ਬ੍ਰਿਟੇਨ ਦੇ ਉਦਯੋਗ ਪ੍ਰਮੁੱਖਾਂ ਨੇ ਇਤਿਹਾਸਕ ਵਪਾਰ ਸਮਝੌਤੇ ਦੀ ਸ਼ਲਾਘਾ ਕੀਤੀ ਅਤੇ ਉਮੀਦ ਵਿਅਕਤ ਕੀਤੀ ਕਿ ਇਹ ਵਿਆਪਕ ਰਣਨੀਤਕ ਭਾਈਵਾਲੀ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ ਅਤੇ ਨਾ ਸਿਰਫ਼ ਵਪਾਰ ਅਤੇ ਅਰਥ ਵਿਵਸਥਾ ਵਿੱਚ, ਬਲਕਿ ਉੱਭਰਦੀਆਂ ਟੈਕਨੋਲੋਜੀਆਂ, ਸਿੱਖਿਆ, ਨਵੀਨਤਾ, ਖੋਜ ਅਤੇ ਸਿਹਤ ਖੇਤਰਾਂ ਵਿੱਚ ਵੀ ਸਹਿਯੋਗ ਨੂੰ ਡੂੰਘਾ ਕਰੇਗਾ।

ਦੋਵੇਂ ਆਗੂਆਂ ਨੇ ਨਵੇਂ ਸਮਝੌਤੇ ਦੀ ਸਮਰੱਥਾ ਦਾ ਲਾਭ ਉਠਾਉਣ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਆਰਥਿਕ ਸਹਿਯੋਗ ਦੇ ਬੰਧਨਾਂ ਨੂੰ ਡੂੰਘਾ ਕਰਨ ਦੇ ਲਈ ਛੋਟੇ ਅਤੇ ਵੱਡੇ ਕਾਰੋਬਾਰਾਂ ਦਾ ਸਮਰਥਨ ਦੇਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।

****

ਐੱਮਜੇਪੀਐੱਸ/ ਵੀਜੇ


(Release ID: 2148195)