ਪ੍ਰਧਾਨ ਮੰਤਰੀ ਦਫਤਰ
ਪੱਛਮ ਬੰਗਾਲ ਦੇ ਦੁਰਗਾਪੁਰ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
Posted On:
18 JUL 2025 5:57PM by PIB Chandigarh
ਪੱਛਮ ਬੰਗਾਲ ਦੇ ਰਾਜਪਾਲ ਡਾਕਟਰ ਸੀਵੀ ਆਨੰਦ ਬੋਸ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਹਰਦੀਪ ਸਿੰਘ ਪੁਰੀ, ਸ਼ਾਂਤਨੁ ਠਾਕੁਰ ਜੀ, ਸੁਕਾਂਤਾ ਮਜ਼ੂਮਦਾਰ ਜੀ, ਪੱਛਮ ਬੰਗਾਲ ਵਿਧਾਨ ਸਭਾ ਵਿੱਚ ਨੇਤਾ ਵਿਰੋਧੀ ਧਿਰ ਸੁਵੇਂਦੁ ਅਧਿਕਾਰੀ ਜੀ, ਸੰਸਦ ਵਿੱਚ ਮੇਰੇ ਸਹਿਯੋਗੀ ਸ਼ੌਮਿਕ ਭੱਟਾਚਾਰਿਆ ਜੀ, ਜਯੋਤ੍ਰਿਮਯ ਸਿੰਘ ਮਹਤੋ ਜੀ, ਹੋਰ ਜਨਤਾ ਪ੍ਰਤੀਨਿਧੀ, ਮੇਰੇ ਪਿਆਰੇ ਭਰਾਵੋਂ ਅਤੇ ਭੈਣੋਂ। ਨਮਸਕਾਰ!
ਸਾਡਾ ਇਹ ਦੁਰਗਾਪੁਰ, ਸਟੀਲ ਸਿਟੀ ਹੋਣ ਦੇ ਨਾਲ ਹੀ ਭਾਰਤ ਦੀ ਸ਼੍ਰਮ ਸ਼ਕਤੀ ਦਾ ਵੀ ਵੱਡਾ ਕੇਂਦਰ ਹੈ। ਭਾਰਤ ਦੇ ਵਿਕਾਸ ਵਿੱਚ ਦੁਰਗਾਪੁਰ ਦੀ ਬਹੁਤ ਵੱਡੀ ਭੂਮਿਕਾ ਹੈ। ਅੱਜ ਇਸੇ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਦਾ ਅਵਸਰ ਸਾਨੂੰ ਮਿਲਿਆ ਹੈ। ਥੋੜ੍ਹੀ ਦੇਰ ਪਹਿਲਾਂ ਇੱਥੋਂ 5 ਹਜਾਰ ਚਾਰ ਸੌ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਉਦਘਾਟਨ ਹੋਇਆ ਹੈ। ਇਹ ਸਾਰੇ ਪ੍ਰੋਜੈਕਟ, ਇੱਥੋਂ ਦੀ ਕਨੈਕਟੀਵਿਟੀ ਨੂੰ ਸਸ਼ਕਤ ਕਰਨਗੇ। ਇੱਥੇ ਗੈਸ ਬੇਸਡ ਟ੍ਰਾਂਸਪੋਰਟ, ਗੈਸ ਬੇਸਡ ਇਕੌਨਮੀ ਨੂੰ ਬਲ ਮਿਲੇਗਾ। ਅੱਜ ਦੇ ਪ੍ਰੋਜੈਕਟਾਂ ਨਾਲ ਇਸ ਸਟੀਲ ਸਿਟੀ ਦੀ ਪਛਾਣ ਹੋਰ ਮਜ਼ਬੂਤ ਹੋਵੇਗੀ। ਯਾਨੀ ਇਹ ਪ੍ਰੋਜੈਕਟਸ, ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ, ਇਸ ਮੰਤਰ ਦੇ ਨਾਲ ਪੱਛਮ ਬੰਗਾਲ ਨੂੰ ਅੱਗੇ ਵਧਣ ਵਿੱਚ ਮਦਦ ਕਰਨਗੇ। ਇਸ ਨਾਲ ਇੱਥੋਂ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਕਈ ਅਵਸਰ ਵੀ ਪੈਦਾ ਹੋਣਗੇ। ਮੈਂ ਆਪ ਸਾਰਿਆਂ ਨੂੰ, ਇਨ੍ਹਾਂ ਪ੍ਰੋਜੈਕਟਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਪੂਰੀ ਦੁਨੀਆ ਵਿੱਚ ਵਿਕਸਿਤ ਭਾਰਤ ਦੇ ਸੰਕਲਪ ਦੀ ਚਰਚਾ ਹੈ। ਇਸ ਦੇ ਪਿੱਛੇ ਭਾਰਤ ਵਿੱਚ ਦਿਖ ਰਹੇ ਉਹ ਬਦਲਾਅ ਹਨ, ਜਿਨ੍ਹਾਂ ‘ਤੇ ਵਿਕਸਿਤ ਭਾਰਤ ਦੀ ਇਮਾਰਤ ਦਾ ਨਿਰਮਾਣ ਹੋ ਰਿਹਾ ਹੈ। ਇਨ੍ਹਾਂ ਬਦਲਾਵਾਂ ਦਾ ਇੱਕ ਵੱਡਾ ਪਹਿਲੂ, ਭਾਰਤ ਦਾ ਇਨਫ੍ਰਾਸਟ੍ਰਕਚਰ ਹੈ। ਜਦੋਂ ਮੈਂ ਇਨਫ੍ਰਾਸਟ੍ਰਕਚਰ ਦੀ ਗੱਲ ਕਰਦਾ ਹਾਂ, ਤਾਂ ਇਸ ਵਿੱਚ ਸੋਸ਼ਲ, ਫਿਜੀਕਲ ਅਤੇ ਡਿਜੀਟਲ ਹਰ ਤਰ੍ਹਾਂ ਦਾ ਇਨਫ੍ਰਾਸਟ੍ਰਕਚਰ ਹੈ। 4 ਕਰੋੜ ਤੋਂ ਵੱਧ ਗ਼ਰੀਬਾਂ ਦੇ ਪੱਕੇ ਘਰ, ਕਰੋੜਾਂ ਟੌਇਲਟਸ (ਪਖਾਨੇ) 12 ਕਰੋੜ ਤੋਂ ਵੱਧ ਟੈਪ ਕਨੈਕਸ਼ਨ, ਹਜਾਰਾਂ ਕਿਲੋਮੀਟਰ ਦੀਆਂ ਨਵੀਆਂ ਸੜਕਾਂ, ਨਵੇਂ ਹਾਈਵੇਅ, ਨਵੀਆਂ ਰੇਲ ਲਾਈਨਾਂ, ਛੋਟੇ-ਛੋਟੇ ਸ਼ਹਿਰਾਂ ਵਿੱਚ ਬਣੇ ਏਅਰਪੋਰਟ, ਪਿੰਡ-ਪਿੰਡ ਘਰ-ਘਰ ਪਹੁੰਚਾ ਇੰਟਰਨੈੱਟ, ਅਜਿਹੇ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਲਾਭ, ਪੱਛਮ ਬੰਗਲਾ ਸਹਿਤ ਦੇਸ਼ ਦੇ ਹਰ ਰਾਜ ਨੂੰ ਮਿਲ ਰਿਹਾ ਹੈ।
ਸਾਥੀਓ,
ਪੱਛਮ ਬੰਗਾਲ ਦੀ ਟ੍ਰੇਨ ਕਨੈਕਟੀਵਿਟੀ ‘ਤੇ ਬੇਮਿਸਾਲ ਕੰਮ ਹੋਇਆ ਹੈ। ਬੰਗਾਲ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚ ਹੈ, ਜਿੱਥੇ ਵੱਡੀ ਸੰਖਿਆ ਵਿੱਚ ਵੰਦੇ ਭਾਰਤ ਟ੍ਰੇਨਾਂ ਚੱਲ ਰਹੀਆਂ ਹਨ। ਕੋਲਕਾਤਾ ਮੈਟਰੋ ਦਾ ਤੇਜੀ ਨਾਲ ਵਿਸਤਾਰ ਹੋ ਰਿਹਾ ਹੈ। ਇੱਥੇ ਨਵੀਆਂ ਰੇਲਵੇ ਲਾਈਨਾਂ ਵਿਛਾਉਣ ਦਾ ਕੰਮ, ਚੌੜੀਕਰਣ ਅਤੇ ਇਲੈਕਟ੍ਰੀਫਿਕੇਸ਼ਨ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ। ਕਈ ਰੇਲਵੇ ਸਟੇਸ਼ਨ ਆਧੁਨਿਕ ਹੋ ਰਹੇ ਹਨ। ਇਸ ਤੋਂ ਇਲਾਵਾ, ਬਹੁਤ ਵੱਡੀ ਸੰਖਿਆ ਵਿੱਚ ਰੇਲ ਓਵਰ ਬ੍ਰਿਜ ਵੀ ਬਣਾਏ ਜਾ ਰਹੇ ਹਨ। ਅੱਜ ਦੋ ਹੋਰ ਰੇਲਵੇ ਓਵਰ ਬ੍ਰਿਜ ਪੱਛਮ ਬੰਗਾਲ ਨੂੰ ਮਿਲੇ ਹਨ। ਇਹ ਸਾਰੇ ਕੰਮ ਬੰਗਾਲ ਦੇ ਲੋਕਾਂ ਦਾ ਜੀਵਨ ਅਸਾਨ ਬਣਾਉਣ ਵਿੱਚ ਵੱਡੀ ਮਦਦ ਕਰਨਗੇ।
ਸਾਥੀਓ,
ਅਸੀਂ ਇੱਥੋਂ ਦੇ ਏਅਰਪੋਰਟ ਨੂੰ ਵੀ ਉਡਾਣ ਯੋਜਨਾ ਨਾਲ ਜੋੜਿਆ ਹੈ। ਬੀਤੇ ਇੱਕ ਵਰ੍ਹੇ ਵਿੱਚ ਹੀ 5 ਲੱਖ ਤੋਂ ਵੱਧ ਯਾਤਰੀ, ਇਸ ਦੇ ਜ਼ਰੀਏ ਸਫ਼ਰ ਕਰ ਚੁੱਕੇ ਹਨ। ਤੁਸੀਂ ਵੀ ਜਾਣਦੇ ਹੋ, ਜਦੋਂ ਅਜਿਹਾ ਇਨਫ੍ਰਾਸਟ੍ਰਕਚਰ ਬਣਦਾ ਹੈ, ਤਾਂ ਸੁਵਿਧਾਵਾਂ ਤਾਂ ਮਿਲਦੀਆਂ ਹੀ ਹਨ, ਹਜਾਰਾਂ ਨੌਜਵਾਨਾਂ ਨੂੰ ਨੌਕਰੀ ਵੀ ਮਿਲਦੀ ਹੈ। ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਜੋ ਰੌਅ ਮਟੀਰੀਅਲ ਲੱਗ ਰਿਹਾ ਹੈ, ਉਸ ਨੂੰ ਬਣਾਉਣ ਵਿੱਚ ਵੀ ਵੱਡੀ ਸੰਖਿਆ ਵਿੱਚ ਰੋਜ਼ਗਾਰ ਦਾ ਨਿਰਮਾਣ ਹੋ ਰਿਹਾ ਹੈ।
ਸਾਥੀਓ,
ਪਿਛਲੇ 10-11 ਵਰ੍ਹਿਆਂ ਵਿੱਚ ਦੇਸ਼ ਵਿੱਚ ਗੈਸ ਕਨੈਕਟੀਵਿਟੀ ‘ਤੇ ਜਿੰਨਾ ਕੰਮ ਹੋਇਆ ਹੈ, ਓਨਾ ਪਹਿਲਾਂ ਕਦੇ ਨਹੀਂ ਹੋਇਆ। ਬੀਤੇ ਦਹਾਕੇ ਵਿੱਚ ਦੇਸ਼ ਵਿੱਚ ਐੱਲਪੀਜੀ ਗੈਸ ਘਰ –ਘਰ ਪਹੁੰਚੀ ਹੈ। ਅਤੇ ਇਸ ਦੀ ਦੁਨੀਆ ਭਰ ਵਿੱਚ ਵਾਹ-ਵਾਹੀ ਵੀ ਹੋ ਰਹੀ ਹੈ। ਅਸੀਂ ਵੰਨ ਨੇਸ਼ਨ ਵੰਨ ਗੈਸ ਗਰਿੱਡ ਦੇ ਵਿਜ਼ਨ ‘ਤੇ ਕੰਮ ਕੀਤਾ, ਪ੍ਰਧਾਨ ਮੰਤਰੀ ਊਰਜਾ ਗੰਗਾ ਯੋਜਨਾ ਬਣਾਈ। ਇਸ ਦੇ ਤਹਿਤ, ਪੱਛਮ ਬੰਗਾਲ ਸਮੇਤ ਪੂਰਬੀ ਭਾਰਤ ਦੇ ਛੇ ਰਾਜਾਂ ਵਿੱਚ ਗੈਸ ਪਾਈਪਲਾਈਨ ਵਿਛਾਈ ਜਾ ਰਹੀ ਹੈ। ਟੀਚਾ ਇਹ ਹੈ ਕਿ ਇਨ੍ਹਾਂ ਰਾਜਾਂ ਵਿੱਚ ਵੀ ਪਾਈਪ ਨਾਲ ਸਸਤੀ ਗੈਸ ਉਦਯੋਗਾਂ ਤੱਕ ਪਹੁੰਚੇ, ਰਸੋਈ ਤੱਕ ਪਹੁੰਚੇ। ਜਦੋਂ ਗੈਸ ਦੀ ਉਪਲਬਧਤਾ ਹੋਵੇਗੀ, ਤਦ ਹੀ ਇਨ੍ਹਾਂ ਰਾਜਾਂ ਵਿੱਚ ਸੀਐੱਨਜੀ ਨਾਲ ਗੱਡੀਆਂ ਚੱਲ ਸਕਣਗੀਆਂ, ਸਾਡੇ ਉਦਯੋਗ, ਗੈਸ ਅਧਾਰਿਤ ਟੈਕਨੋਲੋਜੀ ਦੀ ਵਰਤੋਂ ਕਰ ਸਕਣਗੇ। ਮੈਨੂੰ ਖੁਸ਼ੀ ਹੈ ਕਿ ਅੱਜ ਦੁਰਗਾਪੁਰ ਦੀ ਇਹ ਉਦਯੋਗਿਕ ਧਰਤੀ ਵੀ ਨੈਸ਼ਨਲ ਗੈਸ ਗਰਿੱਡ ਦਾ ਹਿੱਸਾ ਬਣ ਗਈ ਹੈ। ਇਸ ਦਾ ਵੱਡਾ ਲਾਭ ਇੱਥੋਂ ਦੇ ਉਦਯੋਗਾਂ ਨੂੰ ਹੋਵੇਗਾ। ਇਸ ਪ੍ਰੋਜੈਕਟ ਨਾਲ, ਪੱਛਮ ਬੰਗਾਲ ਦੇ ਕਰੀਬ 25 ਤੋਂ 30 ਲੱਖ ਘਰਾਂ ਵਿੱਚ ਪਾਈਪ ਤੋਂ ਸਸਤੀ ਗੈਸ ਪਹੁੰਚੇਗੀ। ਯਾਨੀ ਇੰਨੇ ਪਰਿਵਾਰਾਂ ਦਾ, ਮਾਤਾਵਾਂ-ਭੈਣਾਂ ਦਾ ਜੀਵਨ ਅਸਾਨ ਹੋਵੇਗਾ। ਇਸ ਨਾਲ ਹਜਾਰਾਂ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ।
ਸਾਥੀਓ,
ਅੱਜ ਦੁਰਗਾਪੁਰ ਅਤੇ ਰਘੂਨਾਥਪੁਰ ਦੇ ਵੱਡੇ ਸਟੀਲ ਅਤੇ ਬਿਜਲੀ ਦੇ ਕਾਰਖਾਨਿਆਂ ਨੂੰ ਵੀ ਨਵੀਂ ਟੈਕਨੋਲੋਜੀ ਨਾਲ ਲੈਸ ਕੀਤਾ ਗਿਆ ਹੈ। ਇਨ੍ਹਾਂ ਵਿੱਚ ਕਰੀਬ 1500 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਹੁਣ ਇਹ ਕਾਰਖਾਨੇ ਦੁਨੀਆ ਦੇ ਨਾਲ ਕੰਪੀਟ ਕਰਨ ਦੇ ਲਈ ਹੋਰ ਵੱਧ efficient ਹੋ ਗਏ ਹਨ। ਮੈਂ ਬੰਗਾਲ ਦੇ ਲੋਕਾਂ ਨੂੰ, ਇਨ੍ਹਾਂ ਪ੍ਰੋਜੈਕਟਾਂ ਦੇ ਪੂਰਾ ਹੋਣ ਦੀ ਵਿਸ਼ੇਸ਼ ਵਧਾਈ ਦਿੰਦਾ ਹਾਂ।
ਸਾਥੀਓ,
ਭਾਰਤ ਦੀਆਂ ਫੈਕਟਰੀਆਂ ਹੋਣ ਜਾਂ ਫਿਰ ਸਾਡੇ ਖੇਤ-ਖਲਿਹਾਨ, ਹਰ ਥਾਂ ਇੱਕ ਹੀ ਨਿਸ਼ਚੇ ਨਾਲ ਕੰਮ ਹੋ ਰਿਹਾ ਹੈ। ਸਾਨੂੰ 2047 ਤੱਕ ਭਾਰਤ ਨੂੰ ਵਿਕਸਿਤ ਬਣਾਉਣਾ ਹੈ। ਸਾਡਾ ਰਸਤਾ ਹੈ-ਵਿਕਾਸ ਨਾਲ ਸਸ਼ਕਤੀਕਰਣ। ਰੋਜ਼ਗਾਰ ਨਾਲ ਆਤਮਨਿਰਭਰਤਾ ਅਤੇ ਸੰਵੇਦਨਸ਼ੀਲਤਾ ਨਾਲ ਸੁਸ਼ਾਸਨ। ਇਨ੍ਹਾਂ ਹੀ ਕਦਰਾਂ-ਕੀਮਤਾਂ ‘ਤੇ ਚਲਦੇ ਹੋਏ ਅਸੀਂ ਪੱਛਮ ਬੰਗਾਲ ਨੂੰ ਭਾਰਤ ਦੀ ਵਿਕਾਸ ਯਾਤਰਾ ਦਾ ਮਜ਼ਬੂਤ ਇੰਜਣ ਬਣਾ ਕੇ ਰਹਾਂਗੇ। ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਵਿਕਾਸ ਪ੍ਰੋਜੈਕਟਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਹਾਲੇ ਦੇ ਲਈ ਇੰਨਾ ਹੀ, ਬਹੁਤ ਕੁਝ ਕਹਿਣਾ ਹੈ, ਲੇਕਿਨ ਇਸ ਮੰਚ ‘ਤੇ ਕਹਿਣ ਦੀ ਬਜਾਏ, ਚੰਗਾ ਹੈ, ਨੇੜੇ ਹੀ ਦੂਸਰਾ ਮੰਚ ਹੈ, ਉੱਥੇ ਜਾ ਕੇ ਬੋਲਾਂਗਾ, ਪੂਰਾ ਬੰਗਾਲ ਅਤੇ ਪੂਰਾ ਦੇਸ਼, ਉੱਥੇ ਹੋਣ ਵਾਲੀਆਂ ਗੱਲਾਂ ਸੁਣਨ ਦੇ ਲਈ ਜ਼ਰਾ ਜਿਆਦਾ ਬੇਚੈਨ ਹੈ, ਮੀਡੀਆ ਦੇ ਲੋਕ ਵੀ ਬਹੁਤ ਉਤਸੁਕ ਹਨ, ਤਾਂ ਸਾਥੀਓ, ਇੱਥੇ ਤਾਂ ਇਸ ਪ੍ਰੋਗਰਾਮ ਵਿੱਚ ਮੈਂ, ਮੇਰੀ ਵਾਣੀ ਨੂੰ ਇੱਥੇ ਹੀ ਵਿਰਾਮ ਦਿੰਦਾ ਹਾਂ। ਲੇਕਿਨ ਕੁਝ ਪਲ ਦੇ ਬਾਅਦ ਉੱਥੋਂ ਗਰਜਨਾ ਹੋਵੇਗੀ, ਬਹੁਤ-ਬਹੁਤ ਧੰਨਵਾਦ।
*****
ਐੱਮਜੇਪੀਐੱਸ/ਵੀਜੇ/ਐੱਸਕੇਐੱਸ/ਵੀਕੇ
(Release ID: 2145974)