ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੋਜ਼ਗਾਰ ਮੇਲੇ (Rozgar Mela) ਨੂੰ ਸੰਬੋਧਨ ਕੀਤਾ
ਅੱਜ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਅਜਿਹੇ ਰੋਜ਼ਗਾਰ ਮੇਲਿਆਂ ਦੇ ਜ਼ਰੀਏ ਲੱਖਾਂ ਨੌਜਵਾਨਾਂ ਨੂੰ ਸਰਕਾਰ ਵਿੱਚ ਸਥਾਈ ਨੌਕਰੀ ਮਿਲੀ ਚੁੱਕੀ ਹੈ। ਹੁਣ ਇਹ ਯੁਵਾ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ: ਪ੍ਰਧਾਨ ਮੰਤਰੀ
ਦੁਨੀਆ ਅੱਜ ਮੰਨਦੀ ਹੈ ਕਿ ਭਾਰਤ ਦੇ ਪਾਸ ਦੋ ਅਸੀਮ ਸ਼ਕਤੀਆਂ ਹਨ, ਇੱਕ ਡੈਮੋਗ੍ਰਾਫੀ, ਦੂਸਰੀ ਹੈ ਲੋਕਤੰਤਰ। ਦੂਸਰੇ ਸ਼ਬਦਾਂ ਵਿੱਚ, ਸਭ ਤੋਂ ਵੱਡੀ ਯੁਵਾ ਆਬਾਦੀ ਅਤੇ ਸਭ ਤੋਂ ਵੱਡਾ ਲੋਕਤੰਤਰ: ਪ੍ਰਧਾਨ ਮੰਤਰੀ
ਅੱਜ ਦੇਸ਼ ਵਿੱਚ ਬਣ ਰਿਹਾ ਸਟਾਰਟਅਪਸ, ਇਨੋਵੇਸ਼ਨ ਅਤੇ ਰਿਸਰਚ ਦਾ ਵਾਤਾਵਰਣ ਦੇਸ਼ ਦੇ ਨੌਜਵਾਨਾਂ ਦੀਆਂ ਸਮਰੱਥਾਵਾਂ ਨੂੰ ਵਧਾ ਰਿਹਾ ਹੈ: ਪ੍ਰਧਾਨ ਮੰਤਰੀ
ਹਾਲ ਹੀ ਵਿੱਚ ਮਨਜ਼ੂਰ ਕੀਤੀ ਗਈ ਨਵੀਂ ਯੋਜਨਾ, ਰੋਜ਼ਗਾਰ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਦੇ ਨਾਲ ਸਰਕਾਰ ਦਾ ਧਿਆਨ ਪ੍ਰਾਈਵੇਟ ਸੈਕਟਰ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨ 'ਤੇ ਵੀ ਹੈ: ਪ੍ਰਧਾਨ ਮੰਤਰੀ
ਅੱਜ ਭਾਰਤ ਦੀਆਂ ਸਭ ਤੋਂ ਵੱਡੀਆਂ ਸ਼ਕਤੀਆਂ ਵਿੱਚੋਂ ਇੱਕ ਸਾਡਾ ਮੈਨੂਫੈਕਚਰਿੰਗ ਸੈਕਟਰ ਹੈ। ਮੈਨੂਫੈਕਚਰਿੰਗ ਸੈਕਟਰ ਵਿੱਚ ਵੱਡੀ ਗਿਣਤੀ ਵਿੱਚ ਨਵੇਂ ਰੋਜ਼ਗਾਰਾਂ ਦੀ ਸਿਰਜਣਾ ਹੋ ਰਹੀ ਹੈ: ਪ੍ਰਧਾਨ ਮੰਤਰੀ
ਮੈਨੂਫੈਕਚਰਿੰਗ ਸੈਕਟਰ ਨੂੰ ਹੁਲਾਰਾ ਦੇਣ ਦੇ ਲਈ ਇਸ ਸਾਲ ਦੇ ਬਜਟ ਵਿੱਚ ਮਿਸ਼ਨ ਮੈਨੂਫੈਕਚਰਿੰਗ ਸੈਕਟਰ ਦਾ ਐਲਾਨ ਕੀਤਾ ਗਿਆ ਹੈ: ਪ੍ਰਧਾਨ ਮੰਤਰੀ
ਅੰਤਰਰਾਸ਼ਟਰੀ ਕਿਰਤ ਸੰਗਠਨ – ਆਈ
Posted On:
12 JUL 2025 1:11PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ ਅਤੇ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ-ਨਿਯੁਕਤ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਮੌਜੂਦਾ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਦਾ ਦਿਨ ਇਨ੍ਹਾਂ ਨੌਜਵਾਨਾਂ ਦੇ ਲਈ ਭਾਰਤ ਸਰਕਾਰ ਦੇ ਵਿਭਿੰਨ ਵਿਭਾਗਾਂ ਵਿੱਚ ਨਵੀਆਂ ਜ਼ਿੰਮੇਦਾਰੀਆਂ ਦੀ ਸ਼ੁਰੂਆਤ ਦਾ ਦਿਨ ਹੈ। ਉਨ੍ਹਾਂ ਨੇ ਵਿਭਿੰਨ ਵਿਭਾਗਾਂ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਲੱਗ-ਅਲੱਗ ਭੂਮਿਕਾਵਾਂ ਦੇ ਬਾਵਜੂਦ, ਉਨ੍ਹਾਂ ਦਾ ਸਾਂਝਾ ਟੀਚਾ "ਨਾਗਰਿਕ ਪ੍ਰਥਮ" ਦੇ ਸਿਧਾਂਤ ’ਤੇ ਅਧਾਰਿਤ ਰਾਸ਼ਟਰ ਸੇਵਾ ਹੈ।
ਪ੍ਰਧਾਨ ਮੰਤਰੀ ਨੇ ਭਾਰਤ ਦੀ ਡੈਮੋਗ੍ਰਾਫੀ ਅਤੇ ਲੋਕਤੰਤਰੀ ਨੀਂਹ ਦੀ ਬੇਜੋੜ ਤਾਕਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੁਨੀਆ ਦੀ ਸਭ ਤੋਂ ਵੱਡੀ ਯੁਵਾ ਆਬਾਦੀ ਅਤੇ ਸਭ ਤੋਂ ਵੱਡੇ ਲੋਕਤੰਤਰ ਦੇ ਨਾਲ ਭਾਰਤ ਵਿੱਚ ਘਰੇਲੂ ਅਤੇ ਵਿਸ਼ਵ ਪੱਧਰ 'ਤੇ ਭਵਿੱਖ ਨੂੰ ਆਕਾਰ ਦੇਣ ਦੀ ਵਿਲੱਖਣ ਸਮਰੱਥਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਿਸ਼ਾਲ ਯੁਵਾ ਸ਼ਕਤੀ ਭਾਰਤ ਦੀ ਸਭ ਤੋਂ ਵੱਡੀ ਪੂੰਜੀ ਹੈ ਅਤੇ ਸਰਕਾਰ ਇਸ ਪੂੰਜੀ ਨੂੰ ਦੀਰਘਕਾਲੀ ਸਮ੍ਰਿੱਧੀ ਦੇ ਉਤਪ੍ਰੇਰਕ ਵਿੱਚ ਬਦਲਣ ਦੇ ਆਪਣੇ ਯਤਨਾਂ ਵਿੱਚ ਦ੍ਰਿੜ੍ਹ ਹੈ।
ਸ਼੍ਰੀ ਮੋਦੀ ਨੇ ਕਿਹਾ, "ਅਜੇ ਦੋ ਦਿਨ ਪਹਿਲਾਂ ਹੀ ਮੈਂ ਪੰਜ ਦੇਸ਼ਾਂ ਦੀ ਯਾਤਰਾ ਤੋਂ ਪਰਤਿਆ ਹਾਂ। ਮੈਂ ਜਿਨ੍ਹਾਂ ਵੀ ਦੇਸ਼ਾਂ ਦਾ ਦੌਰਾ ਕੀਤਾ, ਉਨ੍ਹਾਂ ਵਿੱਚ ਭਾਰਤ ਦੇ ਨੌਜਵਾਨਾਂ ਦੀ ਸ਼ਕਤੀ ਦਾ ਜ਼ੋਰਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ ਯਾਤਰਾ ਦੇ ਦੌਰਾਨ ਹੋਏ ਸਮਝੌਤਿਆਂ ਤੋਂ ਦੇਸ਼-ਵਿਦੇਸ਼ ਵਿੱਚ ਭਾਰਤੀ ਨੌਜਵਾਨਾਂ ਨੂੰ ਲਾਭ ਹੋਵੇਗਾ।" ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਯਾਤਰਾ ਦੇ ਦੌਰਾਨ ਰੱਖਿਆ, ਫਾਰਮਾਸਿਊਟੀਕਲ, ਡਿਜੀਟਲ ਟੈਕਨੋਲੋਜੀ, ਊਰਜਾ ਅਤੇ ਦੁਰਲੱਭ ਮੁਦਰਾ ਖਣਿਜਾਂ ਜਿਹੇ ਮਹੱਤਵਪੂਰਨ ਖੇਤਰਾਂ ਵਿੱਚ ਹੋਏ ਵਿਭਿੰਨ ਸਮਝੌਤਿਆਂ ਨਾਲ ਦੂਰਗਾਮੀ ਲਾਭ ਹੋਣਗੇ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਇਹ ਪਹਿਲਾਂ ਨਾ ਸਿਰਫ਼ ਭਾਰਤ ਦੀ ਆਲਮੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਗੀਆਂ ਬਲਕਿ ਮੈਨੂਫੈਕਚਰਿੰਗ ਅਤੇ ਸੇਵਾ ਖੇਤਰ ਵਿੱਚ ਯੁਵਾ ਭਾਰਤੀਆਂ ਦੇ ਲਈ ਸਾਰਥਕ ਅਵਸਰ ਵੀ ਪੈਦਾ ਕਰਨਗੀਆਂ।"
ਰੋਜ਼ਗਾਰ ਦੇ ਉੱਭਰਦੇ ਭੂਦ੍ਰਿਸ਼ਾਂ 'ਤੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ 21ਵੀਂ ਸਦੀ ਵਿੱਚ ਰੋਜ਼ਗਾਰ ਦੀ ਪ੍ਰਕਿਰਤੀ ਤੇਜ਼ੀ ਨਾਲ ਬਦਲ ਰਹੀ ਹੈ। ਇਨੋਵੇਸ਼ਨ, ਸਟਾਰਟਅਪਸ ਅਤੇ ਰਿਸਰਚ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਭਾਰਤ ਵਿੱਚ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਦੇ ਲਈ ਸਸ਼ਕਤ ਬਣਾਉਣ ਵਾਲੀ ਵਿਕਾਸਸ਼ੀਲ ਵਿਵਸਥਾ ਦੀ ਗੱਲ ਕੀਤੀ। ਉਨ੍ਹਾਂ ਨੇ ਨਵੀਂ ਪੀੜ੍ਹੀ ’ਤੇ ਆਪਣੇ ਵਿਅਕਤੀਗਤ ਗਰਵ ਅਤੇ ਵਿਸ਼ਵਾਸ ਨੂੰ ਸਾਂਝਾ ਕੀਤਾ ਅਤੇ ਨੌਜਵਾਨਾਂ ਨੂੰ ਮਹੱਤਵਾਕਾਂਖਾ, ਦੂਰਅੰਦੇਸ਼ੀ ਅਤੇ ਕੁਝ ਨਵਾਂ ਕਰਨ ਦੀ ਪ੍ਰਬਲ ਇੱਛਾ ਦੇ ਨਾਲ ਅੱਗੇ ਵਧਦੇ ਦੇਖ ਕੇ ਖੁਸ਼ੀ ਵਿਅਕਤ ਕੀਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਸਰਕਾਰ ਪ੍ਰਾਈਵੇਟ ਸੈਕਟਰ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨ 'ਤੇ ਵੀ ਧਿਆਨ ਕੇਂਦ੍ਰਿਤ ਕਰ ਰਹੀ ਹੈ। ਹਾਲ ਹੀ ਵਿੱਚ, ਸਰਕਾਰ ਨੇ ਰੋਜ਼ਗਾਰ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਨਾਮਕ ਇੱਕ ਨਵੀਂ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਯੋਜਨਾ ਦੇ ਤਹਿਤ, ਸਰਕਾਰ ਪ੍ਰਾਈਵੇਟ ਸੈਕਟਰ ਵਿੱਚ ਆਪਣੀ ਪਹਿਲੀ ਨੌਕਰੀ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ 15,000 ਰੁਪਏ ਪ੍ਰਦਾਨ ਕਰੇਗੀ। "ਦੂਸਰੇ ਸ਼ਬਦਾਂ ਵਿੱਚ, ਸਰਕਾਰ ਉਨ੍ਹਾਂ ਦੀ ਪਹਿਲੀ ਨੌਕਰੀ ਦੀ ਪਹਿਲੀ ਤਨਖ਼ਾਹ ਵਿੱਚ ਯੋਗਦਾਨ ਦੇਵੇਗੀ। ਇਸ ਦੇ ਲਈ ਸਰਕਾਰ ਨੇ ਲਗਭਗ 1 ਲੱਖ ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ। ਇਸ ਯੋਜਨਾ ਨਾਲ ਲਗਭਗ 3.5 ਕਰੋੜ ਨਵੇਂ ਰੋਜ਼ਗਾਰਾਂ ਦੀ ਸਿਰਜਣਾ ਹੋਣ ਦੀ ਉਮੀਦ ਹੈ।"
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਵਿਕਾਸ ਨੂੰ ਗਤੀ ਦੇਣ, ਰੋਜ਼ਗਾਰ ਸਿਰਜਣਾ ਕਰਨ ਅਤੇ ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਨੂੰ ਗਤੀ ਦੇਣ ਵਿੱਚ ਭਾਰਤ ਦੇ ਮੈਨੂਫੈਕਚਰਿੰਗ ਖੇਤਰ ਦੀ ਪਰਿਵਰਤਨਕਾਰੀ ਸ਼ਕਤੀ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ ਮੇਕ ਇਨ ਇੰਡੀਆ ਪਹਿਲ ਨੂੰ ਕਾਫ਼ੀ ਮਜ਼ਬੂਤੀ ਮਿਲੀ ਹੈ। ਸਿਰਫ਼ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਦੇ ਜ਼ਰੀਏ ਦੇਸ਼ ਭਰ ਵਿੱਚ 11 ਲੱਖ ਤੋਂ ਵੱਧ ਰੋਜ਼ਗਾਰ ਸਿਰਜਣਾ ਹੋਈ ਹੈ। ਮੋਬਾਈਲ ਫੋਨ ਅਤੇ ਇਲੈਕਟ੍ਰੌਨਿਕਸ ਖੇਤਰ ਵਿੱਚ ਬੇਮਿਸਾਲ ਵਿਸਤਾਰ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, "ਅੱਜ ਭਾਰਤ ਵਿੱਚ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਲਗਭਗ 11 ਲੱਖ ਕਰੋੜ ਰੁਪਏ ਦੀ ਹੈ। ਇਸ ਵਿੱਚ ਪਿਛਲੇ 11 ਵਰ੍ਹਿਆਂ ਵਿੱਚ ਪੰਜ ਗੁਣਾ ਤੋਂ ਵੀ ਵੱਧ ਦਾ ਵਾਧਾ ਹੋਇਆ ਹੈ। ਪਹਿਲਾਂ ਦੇਸ਼ ਵਿੱਚ ਮੋਬਾਈਲ ਫੋਨ ਬਣਾਉਣ ਵਾਲੀਆਂ ਸਿਰਫ਼ 2 ਤੋਂ 4 ਇਕਾਈਆਂ ਸੀ। ਅੱਜ ਭਾਰਤ ਵਿੱਚ ਮੋਬਾਈਲ ਫੋਨ ਨਿਰਮਾਣ ਵਿੱਚ ਨਾਲ ਜੁੜੀਆਂ ਲਗਭਗ 300 ਇਕਾਈਆਂ ਹਨ ਜੋ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਹੀਆਂ ਹਨ।"
ਪ੍ਰਧਾਨ ਮੰਤਰੀ ਨੇ ਰੱਖਿਆ ਨਿਰਮਾਣ ਦੇ ਖੇਤਰ ਵਿੱਚ ਭਾਰਤ ਦੇ ਵਿਸ਼ਵ ਪੱਧਰ 'ਤੇ ਉੱਭਰਨ ਦਾ ਵੀ ਜ਼ਿਕਰ ਕੀਤਾ। ਭਾਰਤ ਦਾ ਰੱਖਿਆ ਨਿਰਮਾਣ ਉਤਪਾਦਨ 1.25 ਲੱਖ ਕਰੋੜ ਰੁਪਏ ਤੋਂ ਵੱਧ ਹੈ। ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਰੇਲ ਇੰਜਣ ਨਿਰਮਾਤਾ ਦੇ ਰੂਪ ਵਿੱਚ ਭਾਰਤ ਦੇ ਉੱਭਰਨ ਅਤੇ ਰੇਲ ਇੰਜਣਾਂ, ਰੇਲ ਡੱਬਿਆਂ ਅਤੇ ਮੈਟਰੋ ਡੱਬਿਆਂ ਦੇ ਨਿਰਯਾਤ ਵਿੱਚ ਦੇਸ਼ ਦੇ ਮਜ਼ਬੂਤ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਟੋਮੋਬਾਈਲ ਖੇਤਰ ਵਿੱਚ ਸਿਰਫ਼ ਪੰਜ ਸਾਲਾਂ ਵਿੱਚ 40 ਬਿਲੀਅਨ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ ਹੋਇਆ ਹੈ, ਜਿਸ ਨਾਲ ਨਵੇਂ ਕਾਰਖਾਨੇ ਲਗੇ, ਨਵੇਂ ਰੋਜ਼ਗਾਰ ਦੇ ਅਵਸਰ ਪੈਦਾ ਹੋਏ ਅਤੇ ਵਾਹਨਾਂ ਦੀ ਰਿਕਾਰਡ ਵਿਕਰੀ ਹੋਈ।
ਪ੍ਰਧਾਨ ਮੰਤਰੀ ਨੇ ਭਾਰਤ ਦੀਆਂ ਕਲਿਆਣਕਾਰੀ ਪਹਿਲਾਂ ਦੇ ਦੂਰਗਾਮੀ ਪ੍ਰਭਾਵਾਂ 'ਤੇ ਜ਼ੋਰ ਦਿੰਦੇ ਹੋਏ ਅੰਤਰਰਾਸ਼ਟਰੀ ਕਿਰਤ ਸੰਗਠਨ (ਆਈਐੱਲਓ) ਦੀ ਇੱਕ ਤਾਜ਼ਾ ਰਿਪੋਰਟ ਦਾ ਜ਼ਿਕਰ ਕੀਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ 90 ਕਰੋੜ ਤੋਂ ਵੱਧ ਭਾਰਤੀ ਨਾਗਰਿਕ ਸਰਕਾਰੀ ਕਲਿਆਣਕਾਰੀ ਯੋਜਨਾਵਾਂ ਦੇ ਦਾਅਰੇ ਵਿੱਚ ਆਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾਵਾਂ ਸਿਰਫ਼ ਕਲਿਆਣਕਾਰੀ ਲਾਭਾਂ ਤੱਕ ਹੀ ਸੀਮਤ ਨਹੀਂ ਹਨ, ਬਲਕਿ ਉਨ੍ਹਾਂ ਨੇ ਵੱਡੇ ਪੈਮਾਨੇ 'ਤੇ ਖਾਸ ਕਰਕੇ ਗ੍ਰਾਮੀਣ ਭਾਰਤ ਵਿੱਚ ਰੋਜ਼ਗਾਰ ਸਿਰਜਣਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਪ੍ਰਧਾਨ ਮੰਤਰੀ ਨੇ ਪੀਐੱਮ ਆਵਾਸ ਯੋਜਨਾ (PM Awas Yojana) ਜਿਹੇ ਪ੍ਰਮੁੱਖ ਪ੍ਰੋਗਰਾਮਾਂ ਦੇ ਬਾਰੇ ਵਿੱਚ ਵਿਸਤਾਰ ਨਾਲ ਦੱਸਿਆ ਜਿਸ ਦੇ ਤਹਿਤ 4 ਕਰੋੜ ਪੱਕੇ ਘਰ ਬਣਾਏ ਜਾ ਚੁੱਕੇ ਹਨ ਅਤੇ 3 ਕਰੋੜ ਹੋਰ ਨਿਰਮਾਣ ਅਧੀਨ ਹਨ। ਸਵੱਛ ਭਾਰਤ ਮਿਸ਼ਨ ਅਭਿਯਾਨ ਦੇ ਤਹਿਤ 12 ਕਰੋੜ ਪਖਾਨਿਆਂ ਦੇ ਨਿਰਮਾਣ ਨਾਲ ਪਲੰਬਰਾਂ ਅਤੇ ਨਿਰਮਾਣ ਕਾਮਿਆਂ ਨੂੰ ਰੋਜ਼ਗਾਰ ਮਿਲਿਆ ਹੈ, ਜਦੋਂ ਕਿ ਉੱਜਵਲਾ ਯੋਜਨਾ (Ujjwala Yojana) ਦੇ ਤਹਿਤ ਪ੍ਰਦਾਨ ਕੀਤੇ ਗਏ 10 ਕਰੋੜ ਤੋਂ ਜ਼ਿਆਦਾ ਐੱਲਪੀਜੀ ਕਨੈਕਸ਼ਨਾਂ ਨੇ ਬਾਟਲਿੰਗ ਇਨਫ੍ਰਾਸਟ੍ਰਕਚਰ ਅਤੇ ਵੰਡ ਨੈੱਟਵਰਕ ਦਾ ਵਿਸਤਾਰ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਵੰਡ ਕੇਂਦਰ ਅਤੇ ਲੱਖਾਂ ਨਵੇਂ ਰੋਜ਼ਗਾਰ ਸਿਰਜਿਤ ਹੋਏ ਹਨ।
ਸ਼੍ਰੀ ਮੋਦੀ ਨੇ ਅੱਗੇ ਕਿਹਾ, "ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ (PM Surya Ghar Muft Bijli Yojana), ਜੋ ਛੱਤਾਂ 'ਤੇ ਸੂਰਜੀ ਊਰਜਾ ਲਗਾਉਣ ਲਈ ਪ੍ਰਤੀ ਪਰਿਵਾਰ 75,000 ਰੁਪਏ ਤੋਂ ਵੱਧ ਦੀ ਰਕਮ ਪ੍ਰਦਾਨ ਕਰਦੀ ਹੈ, ਘਰੇਲੂ ਬਿਜਲੀ ਬਿਲਾਂ ਨੂੰ ਘੱਟ ਕਰ ਰਹੀ ਹੈ ਅਤੇ ਟੈਕਨੀਸ਼ੀਅਨਾਂ, ਇੰਜੀਨੀਅਰਾਂ ਅਤੇ ਸੋਲਰ ਪੈਨਲ ਨਿਰਮਾਤਾਵਾਂ ਦੇ ਲਈ ਰੋਜ਼ਗਾਰ ਦੇ ਅਵਸਰ ਪੈਦਾ ਕਰ ਰਹੀ ਹੈ। ਨਮੋ ਡ੍ਰੋਨ ਦੀਦੀ ਨੇ ਗ੍ਰਾਮੀਣ ਮਹਿਲਾਵਾਂ ਨੂੰ ਡ੍ਰੋਨ ਪਾਇਲਟ ਦੇ ਰੂਪ ਵਿੱਚ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਸਸ਼ਕਤ ਬਣਾਇਆ ਹੈ।"
ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ 3 ਕਰੋੜ ਲਖਪਤੀ ਦੀਦੀਆਂ ਬਣਾਉਣ ਦੇ ਆਪਣੇ ਮਿਸ਼ਨ 'ਤੇ ਵੀ ਅੱਗੇ ਵਧ ਰਿਹਾ ਹੈ ਅਤੇ 1.5 ਕਰੋੜ ਮਹਿਲਾਵਾਂ ਇਸ ਉਪਲਬਧੀ ਨੂੰ ਹਾਸਲ ਕਰ ਚੁੱਕੀਆਂ ਹਨ। ਬੈਂਕ ਸਖੀ, ਬੀਮਾ ਸਖੀ, ਕ੍ਰਿਸ਼ੀ ਸਖੀ ਅਤੇ ਪਸ਼ੂ ਸਖੀ (Bank Sakhi, Bima Sakhi, Krishi Sakhi, and Pashu Sakhi) ਜਿਹੀਆਂ ਵਿਭਿੰਨ ਯੋਜਨਾਵਾਂ ਨੇ ਮਹਿਲਾਵਾਂ ਨੂੰ ਸਥਾਈ ਰੋਜ਼ਗਾਰ ਪਾਉਣ ਦੇ ਸਮਰੱਥ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ (PM SVANidhi scheme) ਨੇ ਰੇਹੜੀ-ਪਟੜੀ ਵਾਲਿਆਂ ਅਤੇ ਫੇਰੀ ਵਾਲਿਆਂ ਨੂੰ ਰਸਮੀ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਨਾਲ ਲੱਖਾਂ ਲੋਕ ਮੁੱਖ ਧਾਰਾ ਦੀਆਂ ਆਰਥਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਏ ਹਨ। ਨਾਲ ਹੀ, ਪੀਐੱਮ ਵਿਸ਼ਵਕਰਮਾ ਯੋਜਨਾ (PM Vishwakarma Scheme) ਟ੍ਰੇਨਿੰਗ, ਉਪਕਰਣਾਂ ਅਤੇ ਕਰਜ਼ਿਆਂ ਤੱਕ ਪਹੁੰਚ ਦੇ ਜ਼ਰੀਏ ਰਵਾਇਤੀ ਕਾਰੀਗਰਾਂ, ਸ਼ਿਲਪਕਾਰਾਂ ਅਤੇ ਸੇਵਾ ਪ੍ਰਦਾਤਾਵਾਂ ਨੂੰ ਸਸ਼ਕਤ ਬਣਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਅਣਗਿਣਤ ਯੋਜਨਾਵਾਂ ਦਾ ਹੀ ਅਸਰ ਹੈ ਕਿ ਪਿਛਲੇ ਦਸ ਸਾਲਾਂ ਵਿੱਚ ਹੀ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆ ਗਏ ਹਨ। ਸ਼੍ਰੀ ਮੋਦੀ ਨੇ ਕਿਹਾ, "ਰੋਜ਼ਗਾਰ ਦੇ ਅਵਸਰਾਂ ਦੇ ਬਿਨਾ ਅਜਿਹਾ ਬਦਲਾਅ ਸੰਭਵ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਅੱਜ ਵਿਸ਼ਵ ਬੈਂਕ ਜਿਹੀਆਂ ਵੱਡੀਆਂ ਵਿਸ਼ਵ ਸੰਸਥਾਵਾਂ ਭਾਰਤ ਦੀ ਪ੍ਰਸ਼ੰਸਾ ਕਰ ਰਹੀਆਂ ਹਨ। ਭਾਰਤ ਹੁਣ ਵਿਸ਼ਵ ਦੇ ਉਨ੍ਹਾਂ ਚੋਟੀ ਦੇ ਦੇਸ਼ਾਂ ਵਿੱਚ ਗਿਣਿਆ ਜਾ ਰਿਹਾ ਹੈ ਜਿੱਥੇ ਸਮਾਨਤਾ ਦਾ ਪੱਧਰ ਸਭ ਤੋਂ ਜ਼ਿਆਦਾ ਹੈ।"
ਪ੍ਰਧਾਨ ਮੰਤਰੀ ਨੇ ਮੌਜੂਦਾ ਪੜਾਅ ਨੂੰ ਵਿਕਾਸ ਦਾ ਮਹਾਯੱਗ, ਗ਼ਰੀਬੀ ਹਟਾਉਣ ਅਤੇ ਰੋਜ਼ਗਾਰ ਸਿਰਜਣਾ ਦੇ ਲਈ ਸਮਰਪਿਤ ਇੱਕ ਰਾਸ਼ਟਰੀ ਮਿਸ਼ਨ ਦੱਸਿਆ ਹੈ ਅਤੇ ਦੇਸ਼ ਦੇ ਨੌਜਵਾਨਾਂ ਅਤੇ ਸਰਕਾਰ ਵਿੱਚ ਨਵ-ਨਿਯੁਕਤ ਲੋਕਾਂ ਨੂੰ ਇਸ ਮਿਸ਼ਨ ਨੂੰ ਨਵੀਂ ਊਰਜਾ ਅਤੇ ਸਮਰਪਣ ਦੇ ਨਾਲ ਅੱਗੇ ਵਧਾਉਣ ਦਾ ਸੱਦਾ ਦਿੱਤਾ।
ਆਪਣੇ ਸੰਬੋਧਨ ਦੀ ਸਮਾਪਤੀ ’ਤੇ ਪ੍ਰਧਾਨ ਮੰਤਰੀ ਨੇ ਹਰੇਕ ਨਾਗਰਿਕ ਨੂੰ ਈਸ਼ਵਰ ਮੰਨਣ ਦੇ "ਨਾਗਰਿਕ ਦੇਵੋ ਭਵ" ਦੇ ਮਾਰਗਦਰਸ਼ਕ ਸਿਧਾਂਤ ਦਾ ਜ਼ਿਕਰ ਕੀਤਾ ਅਤੇ ਨਵ-ਨਿਯੁਕਤ ਮੈਂਬਰਾਂ ਨੂੰ ਜਨਤਕ ਸੇਵਾ ਵਿੱਚ ਉੱਜਵਲ ਅਤੇ ਸਾਰਥਕ ਭਵਿੱਖ ਦੇ ਲਈ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਪਿਛੋਕੜ
ਰੋਜ਼ਗਾਰ ਸਿਰਜਣ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦੇ ਅਨੁਸਾਰ, 16ਵਾਂ ਰੋਜ਼ਗਾਰ ਮੇਲਾ ਦੇਸ਼ ਭਰ ਵਿੱਚ 47 ਸਥਾਨਾਂ 'ਤੇ ਆਯੋਜਿਤ ਕੀਤਾ ਜਾਵੇਗਾ। ਰੋਜ਼ਗਾਰ ਮੇਲਾ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੀ ਭਾਗੀਦਾਰੀ ਦੇ ਲਈ ਸਾਰਥਕ ਅਵਸਰ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਦੇਸ਼ ਭਰ ਵਿੱਚ ਆਯੋਜਿਤ ਰੋਜ਼ਗਾਰ ਮੇਲਿਆਂ ਦੇ ਜ਼ਰੀਏ ਹੁਣ ਤੱਕ 10 ਲੱਖ ਤੋਂ ਵੱਧ ਭਰਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ।
ਦੇਸ਼ ਭਰ ਤੋਂ ਚੁਣੇ ਗਏ ਨਵੇਂ ਕਰਮਚਾਰੀ ਰੇਲਵੇ ਮੰਤਰਾਲੇ, ਗ੍ਰਹਿ ਮੰਤਰਾਲੇ, ਡਾਕ ਵਿਭਾਗ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਵਿੱਤੀ ਸੇਵਾਵਾਂ ਵਿਭਾਗ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਅਤੇ ਹੋਰ ਵਿਭਾਗਾਂ ਅਤੇ ਮੰਤਰਾਲਿਆਂ ਵਿੱਚ ਕਾਰਜਭਾਰ ਸੰਭਾਲਣਗੇ।
********
ਐੱਮਜੇਪੀਐੱਸ/ਵੀਜੇ
(Release ID: 2144316)
Visitor Counter : 3
Read this release in:
English
,
Urdu
,
Marathi
,
Hindi
,
Nepali
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam