ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਨੇ ਸੁਰੱਖਿਆ, ਯਾਤਰੀ ਸਹੂਲਤ ਅਤੇ ਏਅਰਲਾਈਨ ਪ੍ਰਦਰਸ਼ਨ 'ਤੇ ਐੱਮਓਸੀਏ (MoCA) ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ


ਏਅਰ ਇੰਡੀਆ ਦੇ ਸੀਐੱਮਡੀ ਨੇ ਮੰਤਰੀ ਨਾਲ ਮੁਲਾਕਾਤ ਕੀਤੀ; ਵਿਚਾਰ-ਵਟਾਂਦਰਾ ਸੰਚਾਲਨ ਨਿਰੰਤਰਤਾ ਬਣਾਈ ਰੱਖਣ, ਪਾਰਦਰਸ਼ੀ ਸੰਚਾਰ ਅਤੇ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਸਮਰਥਨ ਦੇਣ 'ਤੇ ਕੇਂਦ੍ਰਿਤ ਰਿਹਾ

ਸਪਾਈਸ ਜੈੱਟ, ਇੰਡੀਗੋ ਅਤੇ ਅਕਾਸਾ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ; ਮੰਤਰੀ ਨੇ ਫਲੀਟ ਪ੍ਰਦਰਸ਼ਨ, ਸੁਰੱਖਿਆ ਨਿਗਰਾਨੀ ਅਤੇ ਯਾਤਰੀਆਂ ਦੀ ਸਹੂਲਤ ਦੀ ਸਮੀਖਿਆ ਕੀਤੀ

ਏਅਰ ਇੰਡੀਆ ਜਹਾਜ਼ ਹਾਦਸੇ 'ਤੇ ਏਏਆਈਬੀ ਜਾਂਚ ਸਥਾਨਕ ਅਧਿਕਾਰੀਆਂ ਅਤੇ ਏਜੰਸੀਆਂ ਦੇ ਸਾਰੇ ਜ਼ਰੂਰੀ ਸਹਿਯੋਗ ਨਾਲ ਲਗਾਤਾਰ ਅੱਗੇ ਵਧ ਰਹੀ ਹੈ

Posted On: 19 JUN 2025 5:25PM by PIB Chandigarh

ਅਹਿਮਦਾਬਾਦ ਹਵਾਈ ਅੱਡੇ ਦੇ ਨੇੜੇ ਏਅਰ ਇੰਡੀਆ ਦੀ ਇੱਕ ਉਡਾਣ ਨਾਲ ਹਾਲ ਹੀ ਵਿੱਚ ਵਾਪਰੀ ਮੰਦਭਾਗੀ ਘਟਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸੁਰੱਖਿਆ, ਯਾਤਰੀ ਸਹੂਲਤ ਅਤੇ ਏਅਰਲਾਈਨ ਪ੍ਰਦਰਸ਼ਨ ਦੀ ਇੱਕ ਵਿਆਪਕ ਸਮੀਖਿਆ ਕੀਤੀ ਹੈ।

ਹਵਾਈ ਅੱਡੇ ਦੇ ਡਾਇਰੈਕਟਰਾਂ ਨਾਲ ਮੰਤਰੀ ਦੀ ਗੱਲਬਾਤ

ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਕਿੰਜਾਰਾਪੂ ਨੇ ਦੇਸ਼ ਭਰ ਦੇ ਸਾਰੇ ਹਵਾਈ ਅੱਡੇ ਦੇ ਡਾਇਰੈਕਟਰਾਂ ਨਾਲ ਇੱਕ ਵਿਸਤ੍ਰਿਤ ਵੀਡੀਓ ਕਾਨਫਰੰਸ ਕੀਤੀ ਜਿਸ ਵਿੱਚ ਹਾਦਸੇ ਤੋਂ ਬਾਅਦ ਦੀ ਜਾਂਚ, ਮੌਸਮ ਵਿੱਚ ਤਬਦੀਲੀ, ਭੂ-ਰਾਜਨੀਤਿਕ ਤਣਾਅ ਆਦਿ ਕਾਰਨਾਂ ਕਰਕੇ ਉਡਾਣਾਂ ਦੇ ਮੁੜ-ਨਿਰਧਾਰਨ ਦੇ ਮੱਦੇਨਜ਼ਰ ਜ਼ਮੀਨੀ ਪੱਧਰ ਦੀਆਂ ਤਿਆਰੀਆਂ ਅਤੇ ਯਾਤਰੀ ਸਹਾਇਤਾ ਵਿਧੀ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਹੇਠ ਲਿਖੇ ਮੁੱਖ ਨਿਰਦੇਸ਼ ਜਾਰੀ ਕੀਤੇ ਗਏ ਸਨ:

  • ਯਾਤਰੀਆਂ ਦੀ ਸਮੱਸਿਆਵਾਂ ਨੂੰ ਜਲਦੀ ਅਤੇ ਮੌਕੇ 'ਤੇ ਹੱਲ ਕਰਨ ਲਈ ਏਅਰਲਾਈਨਾਂ ਨਾਲ ਨਜ਼ਦੀਕੀ ਸੰਪਰਕ 'ਤੇ ਜ਼ੋਰ ਦਿੱਤਾ ਗਿਆ।

  • ਖਾਸਕਰ, ਉਡਾਣ ਵਿੱਚ ਦੇਰੀ ਜਾਂ ਭੀੜ-ਭੜੱਕੇ ਦੌਰਾਨ, ਟਰਮੀਨਲਾਂ 'ਤੇ ਭੋਜਨ, ਪੀਣ ਵਾਲੇ ਪਾਣੀ ਅਤੇ ਲੋੜੀਂਦੀਆਂ ਬੈਠਣ ਦੀਆਂ ਸਹੂਲਤਾਂ ਦੀ ਉਪਲਬਧਤਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

  • ਯਾਤਰੀਆਂ ਦੀਆਂ ਸ਼ਿਕਾਇਤਾਂ ਦਾ ਸਰਗਰਮੀ ਨਾਲ ਪ੍ਰਬੰਧਨ ਕਰਨ ਲਈ ਮੁੱਖ ਸੰਪਰਕ ਬਿੰਦੂਆਂ 'ਤੇ ਲੋੜੀਂਦੇ ਕਰਮਚਾਰੀ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ।

  • ਹਵਾਈ ਅੱਡੇ ਦੇ ਡਾਇਰੈਕਟਰਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਕਾਰਜਸ਼ੀਲ ਰੁਕਾਵਟਾਂ ਦਾ ਸਾਹਮਣਾ ਕਰ ਰਹੀਆਂ ਏਅਰਲਾਈਨਾਂ ਨੂੰ ਹਰ ਸੰਭਵ ਸਹਾਇਤਾ ਦੇਣ, ਜਿਸ ਵਿੱਚ ਗੇਟ ਦਾ ਮੁੜ-ਨਿਰਧਾਰਨ ਅਤੇ ਲੌਜਿਸਟਿਕਲ ਸਹਾਇਤਾ ਸ਼ਾਮਲ ਹੈ।

  • ਇੱਕ ਸੁਰੱਖਿਅਤ ਹਵਾਈ ਅੱਡੇ ਦੇ ਮਾਹੌਲ ਨੂੰ ਬਣਾਈ ਰੱਖਣ ਲਈ, ਹਵਾਈ ਅੱਡੇ ਦੇ ਡਾਇਰੈਕਟਰਾਂ ਨੂੰ ਪੰਛੀਆਂ ਅਤੇ ਅਵਾਰਾ ਜਾਨਵਰਾਂ ਦੀ ਰੋਕਥਾਮ ਸਮੇਤ ਜੰਗਲੀ ਜੀਵ ਜੋਖਮ ਪ੍ਰਬੰਧਨ ਨੂੰ ਮਜ਼ਬੂਤ ​​ਕਰਨ ਦੇ ਨਿਰਦੇਸ਼ ਦਿੱਤੇ ਗਏ।

ਮੰਤਰੀ ਨੇ ਸੁਰੱਖਿਆ ਅਤੇ ਹਵਾਈ ਸੇਵਾ ਸੰਚਾਲਨ ਦੀ ਸਮੀਖਿਆ ਕੀਤੀ

ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਏਅਰ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਨਾਲ ਇੱਕ ਉੱਚ-ਪੱਧਰੀ ਮੀਟਿੰਗ ਕੀਤੀ। ਇਹ ਵਿਚਾਰ-ਵਟਾਂਦਰੇ ਤਿੰਨ ਮਹੱਤਵਪੂਰਨ ਪਹਿਲੂਆਂ 'ਤੇ ਕੇਂਦ੍ਰਿਤ ਸਨ:

  • ਸੰਚਾਲਨ ਨਿਰੰਤਰਤਾ ਬਣਾਈ ਰੱਖਣਾ

  • ਜਨਤਾ ਨਾਲ ਪਾਰਦਰਸ਼ੀ ਅਤੇ ਜਵਾਬਦੇਹ ਸੰਚਾਰ ਵਿੱਚ ਸਹਿਯੋਗ ਕਰਨਾ

  • ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ।

ਮੀਟਿੰਗ ਵਿੱਚ ਨੋਟ ਕੀਤਾ ਗਿਆ ਕਿ ਮੱਧ ਪੂਰਬ ਵਿੱਚ ਵਿਕਸਿਤ ਹੋ ਰਹੀ ਸਥਿਤੀ, ਵਧੀਆਂ ਸੁਰੱਖਿਆ ਜਾਂਚਾਂ ਅਤੇ ਯੂਰਪ ਵਿੱਚ ਰਾਤ ਦੀ ਉਡਾਣ 'ਤੇ ਪਾਬੰਦੀ ਦੇ ਕਾਰਨ, ਏਅਰ ਇੰਡੀਆ ਨੂੰ ਜਹਾਜ਼ਾਂ ਦੀ ਉਪਲਬਧਤਾ ਵਿੱਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਤੀਜੇ ਵਜੋਂ, ਉਹ ਅਸਥਾਈ ਤੌਰ 'ਤੇ ਸੰਚਾਲਨ ਨੂੰ ਘਟਾ ਦੇਣਗੇ, ਉਡਾਣਾਂ ਦਾ ਪੁਨਰਗਠਨ ਕਰਨਗੇ ਅਤੇ ਮੀਡੀਆ ਰਾਹੀਂ ਤਬਦੀਲੀਆਂ ਦਾ ਐਲਾਨ ਕੀਤਾ ਜਾਵੇਗਾ। ਪ੍ਰਭਾਵਿਤ ਯਾਤਰੀਆਂ ਨੂੰ ਦੁਬਾਰਾ ਬੁਕਿੰਗ ਦਿੱਤੀ ਜਾਵੇਗੀ ਜਾਂ ਪੂਰੇ ਰਿਫੰਡ ਦੀ ਪੇਸ਼ਕਸ਼ ਕੀਤੀ ਜਾਵੇਗੀ। ਏਅਰ ਇੰਡੀਆ ਨੂੰ ਹਵਾਈ ਅੱਡਿਆਂ 'ਤੇ ਆਪਣੇ ਜ਼ਮੀਨੀ-ਪਧਰੀ ਤਾਲਮੇਲ ਨੂੰ ਮਜ਼ਬੂਤ ​​ਕਰਨ, ਰੱਦ ਕਰਨ/ਦੇਰੀ ਸਬੰਧੀ ਯਾਤਰੀਆਂ ਨਾਲ ਸੰਚਾਰ ਵਿੱਚ ਸੁਧਾਰ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਗਈ ਕਿ ਗ੍ਰਾਹਕ ਸੇਵਾ ਟੀਮਾਂ ਸੰਵੇਦਨਸ਼ੀਲ ਅਤੇ ਯਾਤਰੀਆਂ ਦੀਆਂ ਵਧ ਰਹੀਆਂ ਚਿੰਤਾਵਾਂ ਨੂੰ ਹਮਦਰਦੀ ਅਤੇ ਸਪਸ਼ਟਤਾ ਨਾਲ ਨਜਿੱਠਣ ਲਈ ਤਿਆਰ-ਬਰ-ਤਿਆਰ ਰਹਿਣ।

18 ਅਤੇ 19 ਜੂਨ ਨੂੰ ਸਪਾਈਸ ਜੈੱਟ, ਇੰਡੀਗੋ ਅਤੇ ਅਕਾਸਾ ਦੇ ਸੀਨੀਅਰ ਪ੍ਰਬੰਧਕੀ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ। ਮਾਣਯੋਗ ਮੰਤਰੀ ਨੇ ਫਲੀਟ ਪ੍ਰਦਰਸ਼ਨ, ਸੁਰੱਖਿਆ ਨਿਗਰਾਨੀ, ਯਾਤਰੀਆਂ ਦੇ ਤਜਰਬੇ ਅਤੇ ਸਹੂਲਤ ਅਤੇ ਏਅਰਲਾਈਨ ਸੰਚਾਰ ਰਣਨੀਤੀ ਦੀ ਸਮੀਖਿਆ ਕੀਤੀ।

ਇਹ ਵੀ ਫੈਸਲਾ ਕੀਤਾ ਗਿਆ ਕਿ ਬਿਹਤਰ ਨਿਗਰਾਨੀ ਅਤੇ ਤਾਲਮੇਲ ਲਈ ਏਅਰਲਾਈਨਾਂ ਨਾਲ ਸਮੇਂ-ਸਮੇਂ 'ਤੇ ਸੰਚਾਲਨ ਮਾਮਲਿਆਂ 'ਤੇ ਸਮੀਖਿਆ ਦੀ ਪ੍ਰਥਾ ਨੂੰ ਸੰਸਥਾਗਤ ਬਣਾਇਆ ਜਾਵੇਗਾ।

ਏਏਆਈਬੀ ਜਾਂਚ ਬਾਰੇ ਤਾਜ਼ਾ ਜਾਣਕਾਰੀ 

  • ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਨੇ ਅਹਿਮਦਾਬਾਦ ਨੇੜੇ ਏਅਰ ਇੰਡੀਆ ਫਲਾਈਟ ਹਾਦਸੇ ਦੀ ਰਸਮੀ ਜਾਂਚ ਸ਼ੁਰੂ ਕਰ ਦਿੱਤੀ ਹੈ।

  • ਏਏਆਈਬੀ ਦੀ ਇੱਕ ਬਹੁ-ਅਨੁਸ਼ਾਸਨੀ ਟੀਮ ਨੇ 12 ਜੂਨ 2025 ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦਾ ਆਦੇਸ਼ ਡੀਜੀ, ਏਏਆਈਬੀ ਵਲੋਂ ਦਿੱਤਾ ਗਿਆ ਹੈ। ਐੱਨਟੀਐੱਸਬੀ ਅਤੇ ਓਈਐੱਮ ਟੀਮਾਂ ਆਈਸੀਏਓ ਪ੍ਰੋਟੋਕੋਲ ਦੇ ਅਨੁਸਾਰ ਏਏਆਈਬੀ ਦੀ ਸਹਾਇਤਾ ਲਈ ਪਹੁੰਚੀਆਂ ਹਨ।

  • ਡਿਜੀਟਲ ਫਲਾਈਟ ਡੇਟਾ ਰਿਕਾਰਡਰ (ਡੀਐੱਫਡੀਆਰ) ਅਤੇ ਕਾਕਪਿਟ ਵੌਇਸ ਰਿਕਾਰਡਰ (ਸੀਵੀਆਰ) ਦਾ ਇੱਕ ਸੰਯੁਕਤ ਯੂਨਿਟ 13 ਜੂਨ 2025 ਨੂੰ ਹਾਦਸੇ ਵਾਲੇ ਸਥਾਨ ਤੋਂ ਬਰਾਮਦ ਕੀਤੀ ਗਈ ਹੈ ਅਤੇ 16 ਜੂਨ ਨੂੰ ਇੱਕ ਹੋਰ ਸੈੱਟ ਮਿਲਿਆ ਸੀ। ਜਹਾਜ਼ ਦੇ ਇਸ ਮਾਡਲ ਵਿੱਚ ਦੋ ਬਲੈਕਬਾਕਸ ਸੈੱਟ ਸਨ।

  • ਏਏਆਈਬੀ ਜਾਂਚ ਸਥਾਨਕ ਅਧਿਕਾਰੀਆਂ ਅਤੇ ਏਜੰਸੀਆਂ ਦੇ ਸਾਰੇ ਜ਼ਰੂਰੀ ਸਮਰਥਨ ਨਾਲ ਲਗਾਤਾਰ ਅੱਗੇ ਵਧ ਰਹੀ ਹੈ। ਮੁੱਖ ਰਿਕਵਰੀ ਦਾ ਕੰਮ, ਜਿਸ ਵਿੱਚ ਸਥਾਨ ਦਾ ਦਸਤਾਵੇਜੀਕਰਣ ਅਤੇ ਸਬੂਤ ਇਕੱਠੇ ਕਰਨਾ ਸ਼ਾਮਲ ਹੈ, ਉਹ ਪੂਰਾ ਹੋ ਗਿਆ ਹੈ ਅਤੇ ਹੁਣ ਹੋਰ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ

  • ਮੰਤਰਾਲਾ ਚੱਲ ਰਹੀ ਜਾਂਚ ਨਾਲ ਸਬੰਧਿਤ ਪੂਰੀ ਪਾਰਦਰਸ਼ਤਾ ਲਈ ਵਚਨਬੱਧ ਹੈ ਅਤੇ ਯਾਤਰੀ ਸੁਰੱਖਿਆ ਅਤੇ ਸਹੂਲਤ ਦੇ ਉੱਚਤਮ ਮਿਆਰਾਂ ਦੇ ਵੱਡੇ ਹਿਤ ਵਿੱਚ, ਸਾਰੇ ਲਾਜ਼ਮੀ ਪ੍ਰੋਟੋਕੋਲ ਅਤੇ ਨਿਯਮਾਂ ਦੀ ਪਾਲਣਾ ਕਰੇਗਾ।

  • ਮੰਤਰੀ ਨੇ ਯਾਤਰੀਆਂ ਦੇ ਵਿਸ਼ਵਾਸ ਨੂੰ ਬਰਕਰਾਰ ਰੱਖਣ ਅਤੇ ਸੰਚਾਲਨ ਵਿੱਚ ਸਥਿਰਤਾ ਲਿਆਉਣ ਲਈ ਇੱਕ ਇਕਜੁੱਟ ਅਤੇ ਜਵਾਬਦੇਹ ਟੀਮ ਵਜੋਂ ਇਕੱਠੇ ਕੰਮ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਜੋ ਵਰ੍ਹਿਆਂ ਤੋਂ ਭਾਰਤੀ ਹਵਾਬਾਜ਼ੀ ਦਾ ਮੂਲ ਰਿਹਾ ਹੈ।

  • ਕੁਝ ਮੀਡੀਆ ਇਕਾਈਆਂ ਵਲੋਂ ਇਹ ਰਿਪੋਰਟ ਕੀਤੀ ਗਈ ਹੈ ਕਿ ਬਦਕਿਸਮਤ ਏਆਈ 171 ਫਲਾਈਟ ਤੋਂ ਸੀਵੀਆਰ/ਡੀਐੱਫਡੀਆਰ ਨੂੰ ਪ੍ਰਾਪਤ ਕਰਨ ਅਤੇ ਵਿਸ਼ਲੇਸ਼ਣ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ। ਫਲਾਈਟ ਰਿਕਾਰਡਰਾਂ ਨੂੰ ਡੀਕੋਡ ਕਰਨ ਦੀ ਸਥਿਤੀ ਬਾਰੇ ਫੈਸਲਾ ਏਏਆਈਬੀ ਵਲੋਂ ਸਾਰੇ ਤਕਨੀਕੀ, ਸਾਵਧਾਨੀ ਵਾਲੇ ਅਤੇ ਸੁਰੱਖਿਆ ਵਿਚਾਰਾਂ ਦੇ ਉਚਿਤ ਮੁਲਾਂਕਣ ਤੋਂ ਬਾਅਦ ਲਿਆ ਜਾਵੇਗਾ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਾਰੇ ਹਿਤਧਾਰਕਾਂ ਨੂੰ ਅਜਿਹੇ ਸੰਵੇਦਨਸ਼ੀਲ ਮਾਮਲਿਆਂ 'ਤੇ ਅਟਕਲਾਂ ਤੋਂ ਬਚਣ ਅਤੇ ਜਾਂਚ ਪ੍ਰਕਿਰਿਆ ਨੂੰ ਗੰਭੀਰਤਾ ਅਤੇ ਪੇਸ਼ੇਵਰਤਾ ਨਾਲ ਅੱਗੇ ਵਧਾਉਣ ਦੀ ਅਪੀਲ ਕੀਤੀ।

ਸਰਕਾਰ ਸ਼ਹਿਰੀ ਹਵਾਬਾਜ਼ੀ ਦੇ ਸਾਰੇ ਪਹਿਲੂਆਂ ਵਿੱਚ ਸੁਰੱਖਿਆ ਦੇ ਉੱਤਮ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਸਭ ਤੋਂ ਵੱਡੀ ਤਰਜੀਹ ਹੈ।

*******

ਸੰਜੇ ਰਾਏ/ਮਨੀਸ਼ ਗੌਤਮ/ਦਿਵਯਾਂਸ਼ੂ ਕੁਮਾਰ


(Release ID: 2137906)